ਕੀ ਕੰਗਨਾ ਰਣੌਤ ਦੇ ਕਿਸਾਨਾਂ ਬਾਰੇ ਦਿੱਤੇ ਬਿਆਨ ਤੋਂ ਭਾਜਪਾ ਦਾ ਕਿਨਾਰਾ ਕਰਨਾ ਕਾਫੀ ਹੈ, ਕੀ ਹਨ ਇਸ ਬਿਆਨ ਦੇ ਮਾਅਨੇ

ਕੰਗਨਾ ਰਣੌਤ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਕੰਗਨਾ ਰਣੌਤ ਹਿਮਾਚਲ ਪ੍ਰਦੇਸ਼ ਦੇ ਮੰਡੀ ਲੋਕ ਸਭਾ ਹਲਕੇ ਤੋਂ ਭਾਰਤੀ ਜਨਤਾ ਪਾਰਟੀ ਦੇ ਸੰਸਦ ਮੈਂਬਰ ਹਨ
    • ਲੇਖਕ, ਨਵਜੋਤ ਕੌਰ
    • ਰੋਲ, ਬੀਬੀਸੀ ਪੱਤਰਕਾਰ

ਹਿਮਾਚਲ ਪ੍ਰਦੇਸ਼ ਦੇ ਮੰਡੀ ਤੋਂ ਸੰਸਦ ਮੈਂਬਰ ਕੰਗਨਾ ਰਣੌਤ ਇਸ ਵੇਲੇ ਮੁੜ ਸੁਰਖੀਆਂ ਵਿੱਚ ਹਨ । ਸੁਰਖੀਆਂ ਵਿੱਚ ਹੋਣ ਦਾ ਕਾਰਨ ਹੈ ਕਿ ਕੰਗਨਾ ਰਣੌਤ ਉੱਤੇ ਪੰਜਾਬ, ਕਿਸਾਨ ਅਤੇ ਸਿੱਖਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਇਲਜ਼ਾਮ ਲੱਗ ਰਹੇ ਹਨ।

ਪਹਿਲਾ ਕਾਰਨ ਹੈ ਕੰਗਨਾ ਰਣੌਤ ਦੀ ਨਵੀਂ ਫਿਲਮ 'ਐਮਰਜੈਂਸੀ' ਜੋ 6 ਸਤੰਬਰ ਨੂੰ ਭਾਰਤ ਵਿੱਚ ਰਿਲੀਜ਼ ਹੋਣੀ ਹੈ ।

ਫ਼ਿਲਮ ਭਾਰਤ ਦੀ ਤਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਜੀਵਨ ਅਤੇ ਭਾਰਤ ਵਿੱਚ ਸੰਨ 1975 ਵਿੱਚ ਲੱਗੀ ਐਮਰਜੈਂਸੀ ਉੱਤੇ ਬਣੀ ਹੋਈ ਹੈ। ਫਿਲਮ ਵਿੱਚ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੇ ਕਿਰਦਾਰ ਨੂੰ ਵੀ ਦਿਖਾਇਆ ਗਿਆ ਹੈ ਜਿਸ ਉੱਤੇ ਸਿੱਖ ਜਥੇਬੰਦੀਆਂ ਵੱਲੋਂ ਇਤਰਾਜ਼ ਪ੍ਰਗਟ ਕੀਤਾ ਗਿਆ ਹੈ।

ਸਿੱਖ ਭਾਈਚਾਰੇ ਵੱਲੋਂ ਫ਼ਿਲਮ ਦਾ ਲਗਾਤਾਰ ਵਿਰੋਧ ਕੀਤਾ ਜਾ ਰਿਹਾ ਹੈ। ਐੱਸਜੀਪੀਸੀ, ਜਥੇਦਾਰ ਅਕਾਲ ਤਖ਼ਤ ਸਾਹਿਬ, ਸਿੱਖ ਜਥੇਬੰਦੀਆਂ ਫ਼ਿਲਮ ਉੱਤੇ ਪਾਬੰਦੀ ਦੀ ਮੰਗ ਵੀ ਕਰ ਰਹੇ ਹਨ।

ਫਿਲਮ ਨੂੰ ਲੈ ਕੇ ਵਿਵਾਦ ਤਾਂ ਚੱਲ ਹੀ ਰਿਹਾ ਸੀ ਕਿ ਇਸ ਦੇ ਨਾਲ ਹੀ ਕੰਗਨਾ ਨੇ ਇੱਕ ਹੋਰ ਵਿਵਾਦਿਤ ਬਿਆਨ ਕਿਸਾਨਾਂ ਉੱਤੇ ਦੇ ਕੇ ਇੱਕ ਹੋਰ ਵਿਵਾਦ ਛੇੜ ਦਿੱਤਾ।

ਕੰਗਨਾ ਨੇ ਆਪਣੀ ਇੱਕ ਇੰਟਰਵਿਊ 'ਚ ਕਿਹਾ, "ਕਿਸਾਨ ਅੰਦੋਲਨ ਵੇਲੇ ਜੇਕਰ ਦੇਸ਼ ਦੀ ਸਰਕਾਰ ਵਿੱਚ ਮਜ਼ਬੂਤ ਉੱਚ ਲੀਡਰਸ਼ਿਪ ਨਾ ਹੁੰਦੀ ਤਾਂ ਭਾਰਤ ਵਿੱਚ ਵੀ ਬੰਗਲਾਦੇਸ਼ ਵਰਗੇ ਹਾਲਾਤ ਬਣੇ ਸਕਦੇ ਸਨ।”

ਕੰਗਨਾ ਨੇ ਅੱਗੇ ਕਿਹਾ, “ਕਿਸਾਨਾਂ ਦੇ ਅੰਦੋਲਨ ਦੌਰਾਨ ‘ਲਾਸ਼ਾਂ' ਟੰਗੀਆਂ ਗਈਆਂ ਤੇ ਬਲਾਤਕਾਰ ਹੋਏ। ਜਦੋਂ ਕਿਸਾਨ ਪੱਖੀ ਬਿੱਲ ਵਾਪਸ ਲੈ ਲਏ ਗਏ ਤਾਂ ਸਾਰਾ ਦੇਸ਼ ਹੈਰਾਨ ਹੋ ਗਿਆ। ਕਿਸਾਨਾਂ ਦੀ ਇੱਕ ਲੰਬੀ ਯੋਜਨਾ ਸੀ, ਅਜਿਹੀਆਂ ਸਾਜ਼ਿਸ਼ਾਂ ਪਿੱਛੇ ਵਿਦੇਸ਼ੀ ਤਾਕਤਾਂ ਕੰਮ ਕਰ ਰਹੀਆਂ ਹਨ।"

ਆਪਣੇ ਇਸ ਬਿਆਨ ਤੋਂ ਬਾਅਦ ਕੰਗਨਾ ਰਣੌਤ ਲਗਾਤਾਰ ਸੁਰਖੀਆਂ ਵਿੱਚ ਹਨ ਤੇ ਭਾਰੀ ਵਿਰੋਧ ਦਾ ਸਾਹਮਣਾ ਵੀ ਕਰ ਰਹੇ ਹਨ । ਕਿਸਾਨਾਂ ਤੋਂ ਲੈ ਕੇ ਰਾਹੁਲ ਗਾਂਧੀ ਤੱਕ ਨੇ ਕੰਗਨਾ ਦੇ ਇਸ ਬਿਆਨ ਦਾ ਵਿਰੋਧ ਕੀਤਾ ਹੈ।

ਬੀਬੀਸੀ ਪੰਜਾਬੀ
ਤਸਵੀਰ ਕੈਪਸ਼ਨ, ਬੀਬੀਸੀ ਪੰਜਾਬੀ ਦੇ ਵੱਟਸਐਪ ਚੈਨਲ ਨਾਲ ਜੁੜਨ ਲਈ ਇਸ ਲਿੰਕ ’ਤੇ ਕਲਿੱਕ ਕਰੋ

ਹੋਰ ਤਾਂ ਹੋਰ ਕੰਗਨਾ ਦੀ ਆਪਣੀ ਪਾਰਟੀ ਭਾਜਪਾ ਨੇ ਵੀ ਇਸ ਬਿਆਨ ਨੂੰ ਲੈ ਕੇ ਕੰਗਨਾ ਤੋਂ ਕਿਨਾਰਾ ਕਰ ਲਿਆ ਹੈ। ਹਾਲਾਂਕਿ ਉਹਨਾਂ ਨੇ ਕੋਈ ਐਕਸ਼ਨ ਤਾਂ ਨਹੀਂ ਲਿਆ ਪਰ ਇਹ ਜ਼ਰੂਰ ਕਿਹਾ ਕਿ ਇਹ ਬਿਆਨ ਕੰਗਨਾ ਰਣੌਤ ਦਾ ਆਪਣਾ ਹੈ, ਪਾਰਟੀ ਦਾ ਇਸ ਬਿਆਨ ਨਾਲ ਕੋਈ ਲੈਣ ਦੇਣ ਨਹੀਂ । ਪਾਰਟੀ ਵੱਲੋਂ ਜਾਰੀ ਕੀਤੀ ਗਈ ਚਿੱਠੀ ਵਿੱਚ ਕੰਗਨਾ ਰਣੌਤ ਨੂੰ ਭਵਿੱਖ ਵਿੱਚ ਅਜਿਹੇ ਬਿਆਨ ਦੇਣ ਤੋਂ ਵਰਜਿਆ ਵੀ ਗਿਆ ਹੈ ।

ਕਿਸਾਨਾਂ ਖਿਲਾਫ ਕੰਗਨਾ ਰਣੌਤ ਦਾ ਇਹ ਸਿਲਸਿਲੇਵਾਰ ਵਿਵਾਦਿਤ ਬਿਆਨ ਹੈ । ਇਸ ਤੋਂ ਪਹਿਲਾ ਵੀ ਕੰਗਨਾ ਰਣੌਤ ਨੇ ਕਿਸਾਨਾਂ ਅਤੇ ਪੰਜਾਬੀਆਂ ਖਿਲਾਫ਼ ਅਨੇਕਾਂ ਵਿਵਾਦਿਤ ਬਿਆਨ ਦਿੱਤੇ ਹਨ ।

ਪਿਛਲੇ ਦੋ-ਤਿੰਨ ਸਾਲਾਂ ਵਿੱਚ ਕੰਗਨਾ ਰਣੌਤ ਜ਼ਿਆਦਾਤਰ ਐਕਸ (ਟਵਿੱਟਰ) ਰਾਹੀਂ ਕਿਸਾਨਾਂ ਜਾਂ ਪੰਜਾਬ ਨਾਲ ਜੁੜੇ ਮੁੱਦਿਆਂ ਉੱਤੇ ਵਿਵਾਦਿਤ ਬਿਆਨ ਦਿੰਦੇ ਰਹੇ ਹਨ।

ਪੰਜਾਬ-ਹਰਿਆਣਾ ਦੇ ਕਿਸਾਨ, ਪੰਜਾਬ ਦੀ ਕਿਸਾਨ ਬੀਬੀ ਮਹਿੰਦਰ ਕੌਰ, ਪੰਜਾਬੀ ਗਾਇਕ ਅਤੇ ਅਦਾਕਾਰ ਦਿਲਜੀਤ ਦੁਸਾਂਝ, ਪੰਜਾਬੀ ਗਾਇਕ ਸ਼ੁਭ, ਪੰਜਾਬੀ ਗਾਇਕ ਰਣਜੀਤ ਬਾਵਾ, ਸ਼ਾਹੀਨ ਬਾਗ ਵਿੱਚ ਪ੍ਰਦਰਸ਼ਨ ਕਰਦੀਆਂ ਔਰਤਾਂ ਨਾਲ ਕੰਗਨਾ ਰਣੌਤ ਦੀ ਸ਼ਬਦੀ ਜੰਗ ਸਭ ਨੇ ਦੇਖੀ ਹੈ।

ਭਾਜਪਾ ਦਾ ਬਿਆਨ

ਤਸਵੀਰ ਸਰੋਤ, @ANI/X

ਤਸਵੀਰ ਕੈਪਸ਼ਨ, ਭਾਜਪਾ ਦਾ ਬਿਆਨ

ਕਿਸਾਨਾਂ ਖਿਲਾਫ਼ ਕੰਗਨਾ ਰਣੌਤ ਦਾ ਪਹਿਲਾ ਵਿਵਾਦਿਤ ਬਿਆਨ

2021 ਵਿੱਚ ਜਦੋਂ ਪੰਜਾਬ-ਹਰਿਆਣਾ ਦੇ ਕਿਸਾਨ ਤਿੰਨ ਖੇਤੀ ਕਾਨੂੰਨ ਵਾਪਸ ਕਰਵਾਉਣ ਦੀ ਮੰਗ ਨੂੰ ਲੈ ਕੇ ਦਿੱਲੀ ਹਰਿਆਣਾ ਬਾਰਡਰ ਉੱਤੇ ਅੰਦੋਲਨ ਕਰ ਰਹੇ ਸਨ ਉਦੋਂ ਕੰਗਨਾ ਰਣੌਤ ਨੇ ਪੰਜਾਬ ਦੀ ਕਿਸਾਨ ਬੀਬੀ ਮਹਿੰਦਰ ਕੌਰ ਦੀ ਫੋਟੋ ਐਕਸ ਉੱਤੇ ਪਾ ਕੇ ਵਿਵਾਦਿਤ ਬਿਆਨ ਦਿੱਤਾ ਸੀ।

ਕੰਗਨਾ ਨੇ ਮਹਿੰਦਰ ਕੌਰ ਦੀ ਫੋਟੋ ਪਾ ਕੇ ਮਾਖੌਲ ਉਡਾਇਆ ਅਤੇ ਕਿਹਾ, "ਇਹ ਉਹੀ ਦਾਦੀ ਹੈ ਜੋ ਪ੍ਰਦਰਸ਼ਨਾਂ ਲਈ 100 ਰੁਪਏ ਵਿੱਚ ਉਪਲਬਧ ਹੈ।"

ਕੰਗਣਾ ਦੇ ਇਸ ਬਿਆਨ ਨੇ ਪੰਜਾਬੀਆਂ ਅਤੇ ਕਿਸਾਨਾਂ ਵਿੱਚ ਰੋਸ ਭਰ ਦਿੱਤਾ ਸੀ। ਬੇਬੇ ਮਹਿੰਦਰ ਕੌਰ ਵਲੋਂ ਕੰਗਨਾ ਰਣੌਤ ਖਿਲਾਫ਼ ਮਾਣਹਾਨੀ ਦਾ ਕੇਸ ਵੀ ਦਰਜ ਕਰਵਾਇਆ ਗਿਆ। ਪੰਜਾਬ-ਹਰਿਆਣਾ ਦੇ ਕਿਸਾਨ ਆਗੂਆਂ ਨੇ ਕੰਗਨਾ ਰਣੌਤ ਦੇ ਬਿਆਨ ਦਾ ਵਿਰੋਧ ਕੀਤਾ ਸੀ।

ਐਮਰਜੈਂਸੀ ਫ਼ਿਲਮ ਦਾ ਪੋਸਟਰ

ਤਸਵੀਰ ਸਰੋਤ, KANGANARANAUT, INSTA

ਤਸਵੀਰ ਕੈਪਸ਼ਨ, ਐਮਰਜੈਂਸੀ ਫ਼ਿਲਮ ਦਾ ਪੋਸਟਰ

ਪੰਜਾਬ ਦੇ ਨੌਜਵਾਨ ਵਰਗ ਵਿੱਚ ਵੀ ਕੰਗਨਾ ਰਣੌਤ ਖਿਲਾਫ ਗੁੱਸਾ ਫੁੱਟਿਆ। ਪੰਜਾਬੀ ਗਾਇਕ ਦਿਲਜੀਤ ਦੁਸਾਂਝ, ਰਣਜੀਤ ਬਾਵਾ ਸਮੇਤ ਕਈ ਨੌਜਵਾਨ ਆਗੂਆਂ ਨੇ ਕੰਗਨਾ ਦੇ ਐਕਸ ਹੈਂਡਲ ਉੱਤੇ ਉਸ ਨੂੰ ਟੈਗ ਕਰਕੇ ਵਿਰੋਧ ਜ਼ਾਹਰ ਕੀਤਾ।

ਦਿਲਜੀਤ ਦੁਸਾਂਝ ਅਤੇ ਰਣਜੀਤ ਬਾਵਾ ਨਾਲ ਤਾਂ ਕੰਗਨਾ ਰਣੌਤ ਦੀ ਟਵਿੱਟਰ ਉੱਤੇ ਸ਼ਬਦੀ ਤਕਰਾਰ ਵੀ ਚੱਲੀ। ਰਣਜੀਤ ਬਾਵਾ ਦੇ ਮੁਤਾਬਕ ਕੰਗਨਾ ਰਣੌਤ ਦੀ ਟੀਮ ਨੇ ਉਹਨਾਂ ਨੂੰ ਐਕਸ ਉੱਤੇ ਬਲਾਕ ਵੀ ਕਰ ਦਿੱਤਾ ਸੀ।

ਰੋਪੜ ਵਿੱਚ ਕੰਗਨਾ ਦੀ ਕਾਰ ਨੂੰ ਪਿਆ ਘੇਰਾ

ਬੇਬੇ ਮਹਿੰਦਰ ਕੌਰ
ਤਸਵੀਰ ਕੈਪਸ਼ਨ, ਜ਼ਿਲ੍ਹਾ ਬਠਿੰਡਾ ਅਧੀਨ ਪੈਂਦੇ ਪਿੰਡ ਬਹਾਦਰਗੜ੍ਹ ਜੰਡੀਆਂ ਦੀ ਵਸਨੀਕ ਬੇਬੇ ਮਹਿੰਦਰ ਕੌਰ ਕਿਸਾਨ ਸੰਘਰਸ਼ ਦਾ ਚਰਚਿਤ ਚਿਹਰਾ ਰਹੇ ਹਨ

ਕੰਗਨਾ ਰਣੌਤ ਖਿਲਾਫ ਗੁੱਸੇ ਦਾ ਨਤੀਜਾ ਇਹ ਹੋਇਆ ਕਿ ਸਾਲ 2021 ਦੇ ਦਸੰਬਰ ਮਹੀਨੇ ਜਦੋਂ ਕੰਗਨਾ ਰਣੌਤ ਹਿਮਾਚਲ ਪ੍ਰਦੇਸ਼ ਜਾਂਦਿਆ ਹੋਇਆਂ ਪੰਜਾਬ ਦੇ ਰੋਪੜ ਸ਼ਹਿਰ ਵਿੱਚੋਂ ਦੀ ਲੰਘੇ ਤਾਂ ਸਥਾਨਕ ਲੋਕਾਂ ਅਤੇ ਮੁਜ਼ਾਹਰਾਕਾਰੀ ਕਿਸਾਨਾਂ ਨੇ ਕੰਗਨਾ ਦੀ ਕਾਰ ਨੂੰ ਘੇਰਾ ਪਾ ਕੇ ਰੋਕ ਲਿਆ।

ਉੱਥੇ ਕੰਗਨਾ ਨੂੰ ਕੈਮਰੇ ਦੀਆਂ ਅੱਖਾਂ ਸਾਹਮਣੇ ਕਿਸਾਨਾਂ ਅਤੇ ਔਰਤਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪਿਆ । ਕੰਗਨਾ ਤੋਂ ਲੋਕ ਹੀ ਸਵਾਲ ਕਰ ਰਹੇ ਸਨ ਕਿ ਉਹਨਾਂ ਨੇ ਮਹਿੰਦਰ ਕੌਰ ਖਿਲਾਫ ਵਿਵਾਦਿਤ ਟਿੱਪਣੀ ਕਿਉਂ ਕੀਤੀ, ਕਈ ਲੋਕ ਕੰਗਨਾ ਰਣੌਤ ਨੂੰ ਮੁਆਫੀ ਮੰਗਣ ਲਈ ਵੀ ਕਹਿ ਰਹੇ ਸਨ।

ਕੰਗਨਾ ਰਣੌਤ

ਤਸਵੀਰ ਸਰੋਤ, GURMINDER GREWAL/BBC

ਤਸਵੀਰ ਕੈਪਸ਼ਨ, ਮੰਡੀ ਜਾਂਦੇ ਹੋਏ ਕੰਗਨਾ ਨੂੰ ਜਦੋਂ ਕਿਸਾਨਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪਿਆ

ਇਸ ਦੌਰਾਨ ਕੰਗਨਾ ਰਣੌਤ ਨੇ ਵੀ ਕਿਸਾਨ ਬੀਬੀਆਂ ਨਾਲ ਕਾਰ ਦਾ ਸ਼ੀਸ਼ਾ ਥੱਲੇ ਕਰਕੇ ਗੱਲ ਕੀਤੀ । ਇੱਕ ਬੀਬੀ ਨੇ ਕੰਗਨਾ ਨੂੰ ਕਿਹਾ,"ਸਾਡੇ ਨਾਲ ਵੀ ਫੋਟੋ ਕਰਵਾ ਲੈ" । ਕੰਗਨਾ ਵੀ ਅੱਗੋਂ ਜਵਾਬ ਦਿੰਦੀ ਹੈ ਕਿ "ਤੁਸੀਂ ਮੇਰੀ ਮਾਂ ਵਰਗੀਆਂ ਹੋ"।

ਇਸ ਪ੍ਰਦਰਸ਼ਨ ਵਿੱਚੋਂ ਕੰਗਨਾ ਰਣੌਤ ਦੀ ਗੱਡੀ ਨੂੰ ਤਕਰੀਬਨ ਢਾਈ ਘੰਟੇ ਬਾਅਦ ਜਾਣ ਦਿੱਤਾ ਗਿਆ ਸੀ । ਪਰ ਜਿਵੇਂ ਹੀ ਉਹ ਇਥੋਂ ਨਿਕਲਦੇ ਹਨ ਤਾਂ ਉਹਨਾਂ ਵਲੋਂ ਮੁੜ ਇੱਕ ਵੀਡੀਓ ਆਪਣੇ ਸੋਸ਼ਲ ਮੀਡੀਆ ਉੱਤੇ ਅਪਲੋਡ ਕੀਤੀ ਜਾਂਦੀ ਹੈ ਜਿਸ ਵਿੱਚ ਉਹ ਕਹਿੰਦੇ ਹਨ, "ਜੇਕਰ ਇੱਥੇ ਅੱਜ ਪੁਲਿਸ ਨਾ ਹੁੰਦੀ ਤਾਂ ਮੌਬ ਲੀਚਿੰਗ ਵੀ ਹੋ ਸਕਦੀ ਸੀ"

ਇਹ ਵੀ ਪੜ੍ਹੋ-

ਕੰਗਨਾ ਰਣੌਤ ਦਾ ‘ਥੱਪੜ ਕਾਂਡ’

ਇਹਨਾਂ ਸਭ ਵਿਵਾਦਾਂ ਵਿੱਚ ਸਭ ਤੋਂ ਜ਼ਿਆਦਾ ਚਰਚਿਤ ਰਿਹਾ ਕੰਗਨਾ ਰਣੌਤ ਦਾ ਕਥਿਤ ਥੱਪੜ ਕਾਂਡ। ਜਦੋਂ ਇਸ ਸਾਲ ਮੁਹਾਲੀ ਏਅਰਪੋਰਟ ਉੱਤੇ ਸੀਆਈਐੱਸਐੱਫ ਦੀ ਇੱਕ ਮਹਿਲਾ ਕਾਂਸਟੇਬਲ ਕੁਲਵਿੰਦਰ ਕੌਰ ਨੇ ਕਥਿਤ ਤੌਰ 'ਤੇ ਕੰਗਨਾ ਰਣੌਤ ਨੂੰ ਥੱਪੜ ਮਾਰ ਦਿੱਤਾ।

ਕੰਗਨਾ ਹਿਮਾਚਲ ਦੇ ਮੰਡੀ ਤੋਂ ਲੋਕ ਸਭਾ ਚੋਣਾਂ ਜਿੱਤਣ ਮਗਰੋਂ ਦਿੱਲੀ ਵਿੱਚ ਹੋ ਰਹੇ ਸਹੁੰ ਚੁੱਕ ਸਮਾਗਮ ਵਿੱਚ ਹਿੱਸਾ ਲੈਣ ਜਾ ਰਹੇ ਸਨ।

ਸਾਰੇ ਵਾਕਿਆ ਤੋਂ ਬਾਅਦ ਗੁੱਸੇ ਨਾਲ ਭਰੀ ਹੋਈ ਕੰਗਨਾ ਰਣੌਤ ਦੀ ਇੱਕ ਵੀਡੀਓ ਵੀ ਸਾਹਮਣੇ ਆਈ ।

ਦੂਜੇ ਪਾਸੇ ਕਥਿਤ ਥੱਪੜ ਮਾਰਨ ਵਾਲੀ ਕੁਲਵਿੰਦਰ ਕੌਰ ਦੀ ਇੱਕ ਵੀਡੀਓ ਵੀ ਆਈ ਜਿਸਦੇ ਵਿੱਚ ਉਹ ਇਹ ਕਹਿੰਦੇ ਨਜ਼ਰ ਆਏ ਕਿ ਉਹ ਕੰਗਨਾ ਰਣੌਤ ਵਲੋਂ ਕਿਸਾਨ ਬੀਬੀਆਂ ਖਿਲਾਫ਼ ਦਿੱਤੇ ਬਿਆਨ ਤੋਂ ਨਾਰਾਜ਼ ਸਨ, ਕਿਉਂਕਿ ਉਸ ਕਿਸਾਨ ਅੰਦੋਲਨ ਵਿੱਚ ਉਹਨਾਂ ਦੀ ਮਾਂ ਵੀ ਬੈਠੀ ਹੋਈ ਸੀ।

ਕੁਲਵਿੰਦਰ ਕੌਰ

ਤਸਵੀਰ ਸਰੋਤ, SM

ਤਸਵੀਰ ਕੈਪਸ਼ਨ, ਵਾਇਰਲ ਹੋ ਰਹੇ ਵੀਡੀਓ ਵਿੱਚ ਸੀਆਈਐੱਸਐੱਫ਼ ਜਵਾਨ ਕੁਲਵਿੰਦਰ ਕੌਰ ਦਾ ਸਕਰੀਨ ਸ਼ਾਟ

ਸ਼੍ਰੋਮਣੀ ਕਮੇਟੀ ਨੇ ਭੇਜਿਆ ਕਾਨੂੰਨੀ ਨੋਟਿਸ

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕੰਗਨਾ ਰਣੌਤ ਦੀ ਫ਼ਿਲਮ ਐਮਰਜੈਂਸੀ ਵਿੱਚ ਸਿੱਖਾਂ ਦੇ ਕਿਰਦਾਰ ਅਤੇ ਇਤਿਹਾਸਕ ਪੱਖਾਂ ਨੂੰ ਗਲਤ ਤਰੀਕੇ ਨਾਲ ਪੇਸ਼ ਕਰਨ ਦੇ ਇਲਜ਼ਾਮ ਲਾਏ ਹਨ।

ਸ਼੍ਰੋਮਣੀ ਕਮੇਟੀ ਨੇ ਫ਼ਿਲਮ ਦੇ ਨਿਰਮਾਤਾਵਾਂ ਨੂੰ ਕਾਨੂੰਨੀ ਨੋਟਿਸ ਵੀ ਭੇਜਿਆ ਹੈ। ਐੱਸਜੀਪੀਸੀ ਦੀ ਮੰਗ ਹੈ ਕਿ ਫ਼ਿਲਮ ਵਿੱਚੋਂ ਸਿੱਖਾਂ ਦੀ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਵਾਲੇ ਦ੍ਰਿਸ਼ ਕੱਟੇ ਜਾਣ ।

ਸ਼੍ਰੋਮਣੀ ਕਮੇਟੀ ਦੇ ਕਾਨੂੰਨੀ ਸਲਾਹਕਾਰ ਅਮਨਬੀਰ ਸਿੰਘ ਸਿਆਲੀ ਵੱਲੋਂ ਭੇਜੇ ਗਏ ਨੋਟਿਸ ਵਿੱਚ ਕੰਗਨਾ ਰਣੌਤ ਸਮੇਤ ਫ਼ਿਲਮ ਦੇ ਨਿਮਰਾਤਾਵਾਂ ਨੂੰ ਮੌਜੂਦਾ ਟਰੇਲਰ ਨੂੰ ਸੋਸ਼ਲ ਮੀਡੀਆ ਮੰਚਾਂ ਤੋਂ ਹਟਾ ਕੇ ਸਿੱਖ ਕੌਮ ਕੋਲੋਂ ਲਿਖਤੀ ਮੁਆਫ਼ੀ ਮੰਗਣ ਲਈ ਕਿਹਾ ਗਿਆ ਹੈ।

ਦਲ ਖਾਲਸਾ ਦੇ ਆਗੂ ਕੰਵਰਪਾਲ ਸਿੰਘ ਬਿੱਟੂ ਨੇ ਵੀ ਵੀਡੀਓ ਜਾਰੀ ਕਰਕੇ ਕੰਗਨਾ ਦੀ ਫਿਲਮ ਐਮਰਜੈਂਸੀ ਦਾ ਵਿਰੋਧ ਕੀਤਾ ਹੈ ।

ਉਨ੍ਹਾਂ ਨੇ ਕਿਹਾ,"ਵਾਰ-ਵਾਰ ਜਾਣਬੁਝ ਕੇ ਸਿੱਖਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਈ ਜਾਂਦੀ ਹੈ, ਜਿਸਦਾ ਇੱਕ ਹਿੱਸਾ ਇਹ ਫਿਲਮ ਹੈ। ਅਕਾਲ ਤਖ਼ਤ ਸਾਹਿਬ ਤੋਂ ਵੀ ਆਦੇਸ਼ ਆ ਚੁੱਕਿਆ ਹੈ ਕਿ ਜਦੋਂ ਤੱਕ ਫਿਲਮ ਵਿੱਚੋਂ ਇਤਰਾਜ਼ਯੋਗ ਸੀਨ ਨਹੀਂ ਹਟਾਏ ਜਾਂਦੇ ਉਦੋਂ ਤੱਕ ਫਿਲਮ ਰਿਲੀਜ਼ ਨਹੀਂ ਹੋਣ ਦੇਵਾਂਗੇ, ਤੇ ਸਾਡਾ ਵੀ ਇਹੀ ਮੰਨਣਾ ਹੈ"

ਕਿਸਾਨਾਂ ਨੇ ਕੀ ਕਿਹਾ?

ਕਿਸਾਨਾਂ ਬਾਰੇ ਦਿੱਤੇ ਬਿਆਨ ਤੋਂ ਬਾਅਦ ਪੰਜਾਬ-ਹਰਿਆਣਾ ਦੇ ਕਿਸਾਨਾਂ ਨੇ ਕੰਗਨਾ ਰਣੌਤ ਦੇ ਬਿਆਨ ਦੀ ਆਲੋਚਨਾ ਕੀਤੀ।

ਕਿਸਾਨਾਂ ਨੇ ਕਿਹਾ ਕਿ ਇਹ ਕੰਗਨਾ ਰਣੌਤ ਨੂੰ ਕਿਸਾਨਾਂ ਤੋਂ ਜਨਤਕ ਤੌਰ 'ਤੇ ਮਾਫ਼ੀ ਮੰਗਣੀ ਚਾਹੀਦੀ ਹੈ।

ਮੁੱਖ ਮੰਤਰੀ ਭਗਵੰਤ ਮਾਨ ਨੇ ਕੰਗਨਾ ਰਣੌਤ ਦੇ ਬਿਆਨ ਦੀ ਨਿਖੇਧੀ ਕੀਤੀ ਹੈ ਤੇ ਮੰਗ ਕੀਤੀ ਹੈ ਕਿ ਭਾਜਪਾ ਸਿਰਫ ਕਿਨਾਰਾ ਨਾ ਕਰੇ ਸਗੋਂ ਉਨ੍ਹਾਂ ਨੂੰ ਕੰਟਰੋਲ ਕਰੇ।

ਇਸ ਦੇ ਨਾਲ ਹੀ ਆਮ ਆਦਮੀ ਪਾਰਟੀ ਦੇ ਕਿਸਾਨ ਵਿੰਗ ਵੱਲੋਂ ਚੰਡੀਗੜ੍ਹ ਵਿੱਚ ਭਾਜਪਾ ਦਫਤਰ ਦੇ ਬਾਹਰ ਕੰਗਨਾ ਦੇ ਬਿਆਨ ਲਈ ਪ੍ਰਦਰਸ਼ਨ ਕੀਤਾ ਹੈ।

ਬਿਆਨਾਂ ਪਿੱਛੇ ਕੰਗਨਾ ਦਾ ਮਕਸਦ ਕੀ?

ਕੰਗਨਾ ਰਣੌਤ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਕੰਗਨਾ ਇੱਕ ਤੋਂ ਬਾਅਦ ਇੱਕ ਤੋਂ ਬਾਅਦ ਇੱਕ ਵਿਵਾਦਾਂ ਕਾਰਨ ਸੁਰਖੀਆਂ ਵਿੱਚ ਆ ਗਏ ਹਨ

ਪੰਜਾਬ ਯੂਨੀਵਰਿਸਟੀ ਦੇ ਪ੍ਰੋਫੈਸਰ ਅਤੇ ਸਿਆਸੀ ਟਿੱਪਣੀਕਾਰ ਗੁਰਮੀਤ ਸਿੰਘ ਕਹਿੰਦੇ ਹਨ, "ਚੋਣਾਂ ਤੋਂ ਪਹਿਲਾਂ ਅਜਿਹੇ ਵਿਵਾਦਿਤ ਬਿਆਨ ਦੇਣ ਪਿੱਛੇ ਕੰਗਨਾ ਦੀ ਕੀ ਮਨਸ਼ਾ ਸੀ, ਇਹ ਉਹੀ ਦੱਸ ਸਕਦੇ ਹਨ। ਪਰ ਇਸ ਬਿਆਨ ਦੇ ਪਿੱਛੇ ਇੱਕ ਜ਼ਿੱਦ ਅਤੇ ਕੜਵਾਹਟ ਹੋ ਸਕਦੀ ਹੈ । ਉਹ ਕੜਵਾਹਟ ਜਾਂ ਗੁੱਸਾ ਜੋ ਮੁਹਾਲੀ ਏਅਰਪੋਰਟ ਉੱਤੇ ਵਾਪਰੇ ਥੱਪੜ ਕਾਂਡ ਤੋਂ ਬਾਅਦ ਕੰਗਨਾ ਰਣੌਤ ਦੇ ਅੰਦਰ ਹੈ।”

ਉਹ ਅੱਗੇ ਕਹਿੰਦੇ ਹਨ, “ਹਾਂ ਇਹ ਨਾਸਮਝੀ ਜ਼ਰੂਰ ਹੈ। ਇੱਕ ਸੰਵਿਧਾਨਿਕ ਅਹੁਦੇ 'ਤੇ ਹੁੰਦਿਆਂ ਹੋਇਆਂ ਤੁਸੀਂ ਆਪਣੀ ਭਾਸ਼ਾ ਦੀ ਮਰਿਆਦਾ ਦਾ ਧਿਆਨ ਨਹੀਂ ਰੱਖਦੇ ਤਾਂ ਇਹ ਬੇਵਕੂਫ਼ੀ ਹੈ। ਕੰਗਨਾ ਬਾਰੇ ਇੱਕ ਗੱਲ ਸਪੱਸ਼ਟ ਹੈ ਕਿ ਉਹ ਬਿਆਨ ਸਫ਼ਾਈ ਨਾਲ ਦੇਣ ਵਿੱਚ ਨਾਕਾਮਯਾਬ ਹੁੰਦੇ ਹਨ । ਇਹ ਵੀ ਹੋ ਸਕਦਾ ਕਿ ਉਹ ਕਹਿਣਾ ਕੁਝ ਹੋਰ ਚਾਹੁੰਦੇ ਸਨ, ਪਰ ਕਹਿ ਕੁਝ ਹੋਰ ਦਿੱਤਾ।”

“ਕੰਗਨਾ ਮੌਕਾ ਸੰਭਾਲਣ ਤੋਂ ਉੱਕ ਜਾਂਦੇ ਹਨ। ਬਿਆਨ ਤਾਂ ਪ੍ਰਧਾਨ ਮੰਤਰੀ ਮੋਦੀ ਅਤੇ ਰਾਹੁਲ ਗਾਂਧੀ ਵੱਲੋਂ ਵੀ ਕਈ ਵਾਰ ਵਿਵਾਦਿਤ ਦੇ ਦਿੱਤੇ ਜਾਂਦੇ ਹਨ, ਪਰ ਉਹਨਾਂ ਨੂੰ ਪਤਾ ਹੁੰਦਾ ਕਿ ਇਸ ਗੱਲ ਨੂੰ ਸਾਂਭਣਾ ਕਿਵੇਂ ਹੈ।”

“ਜਦਕਿ ਕੰਗਨਾ ਵਿੱਚ ਅਜੇ ਉਸ ਪੱਧਰ ਦੀ ਸਮਝ ਨਹੀਂ ਹੈ। ਇਹ ਬਿਆਨ ਉਹਨਾਂ ਨੇ ਫਿਲਮ ਦੀ ਪ੍ਰਮੋਸ਼ਨ ਲਈ ਦਿੱਤਾ ਜਾਂ ਉਨ੍ਹਾਂ ਨੂੰ ਕਿਸੇ ਨੇ ਦੇਣ ਲਈ ਕਿਹਾ ਇਹ ਸਭ ਗੱਲਾਂ ਦੇ ਜਵਾਬ ਕੰਗਨਾ ਕੋਲ ਹੀ ਹਨ।"

ਕੀ ਇਹ ਫ਼ਿਲਮ ਲਈ ਪਬਲੀਸਿਟੀ ਸਟੰਟ ਹੈ?

ਰਾਜਨੀਤੀ ਦੇ ਪ੍ਰੋਫੈਸਰ ਗੁਰਮੀਤ ਆਖਦੇ ਹਨ,"ਕੰਗਨਾ ਰਣੌਤ ਫਿਲਮੀ ਜਗਤ ਨਾਲ ਜੁੜੀ ਹੋਈ ਹੈ ਤਾਂ ਉਹਨਾਂ ਨੂੰ ਇਹ ਵੀ ਪਤਾ ਹੈ ਕਿ ਚਰਚਾ ਵਿੱਚ ਕਿਵੇਂ ਰਹਿਣਾ ਹੈ । ਫ਼ਿਲਮੀ ਦੁਨੀਆਂ ਵਿੱਚ ਨੈਗੇਟਿਵ ਪਬਲੀਸਿਟੀ ਵੀ ਚੰਗੀ ਮੰਨੀ ਜਾਂਦੀ ਹੈ, ਖਾਸ ਤੌਰ ਉੱਤੇ ਜਦੋਂ ਤੁਹਾਡੀ ਕੋਈ ਫ਼ਿਲਮ ਆ ਰਹੀ ਹੋਵੇ।”

“ਅਸੀਂ ਇਹ ਵੀ ਕਹਿ ਸਕਦੇ ਹਾਂ ਕਿ ਕੰਗਨਾ ਰਣੌਤ ਨੂੰ ਇਹ ਅੰਦਾਜ਼ਾ ਵੀ ਨਹੀਂ ਸੀ ਕਿ ਇਸ ਬਿਆਨ ਦੇ ਨਤੀਜੇ ਕੀ ਹੋਣਗੇ, ਇਸ ਲਈ ਉਨ੍ਹਾਂ ਨੇ ਬਿਨ੍ਹਾਂ ਸੋਚੇ ਸਮਝੇ ਇਹ ਬਿਆਨ ਦੇ ਦਿੱਤਾ ਜਿਸ ਦੇ ਉੱਤੇ ਹੁਣ ਵਿਵਾਦ ਖੜ੍ਹਾ ਹੋ ਗਿਆ ਹੈ। ਵਿਵਾਦਾਂ ਕਾਰਨ ਫਿਲਮ ਨੂੰ ਪਬਲੀਸਿਟੀ ਤਾਂ ਮਿਲਦੀ ਹੀ ਹੈ, ਤੇ ਫ਼ਾਇਦਾ ਵੀ ਹੁੰਦਾ।"

ਭਾਜਪਾ ਦਾ ਪ੍ਰਤੀਕਰਮ ਕਿੰਨਾ ਸੰਤੋਖਜਨਕ?

ਅਭਿਮਨਿਊ ਕੋਹਾੜ

ਹਰਿਆਣਾ ਦੇ ਕਿਸਾਨ ਆਗੂ ਅਭਿਮਨਿਊ ਕੋਹਾੜ ਕਹਿੰਦੇ ਹਨ,"ਕਿਸਾਨਾਂ ਖਿਲਾਫ਼ ਕੰਗਨਾ ਰਣੌਤ ਦਾ ਇਹ ਕੋਈ ਪਹਿਲਾ ਬਿਆਨ ਨਹੀਂ ਹੈ, ਇਸਤੋਂ ਪਹਿਲਾਂ ਵੀ ਕੰਗਨਾ ਨੇ ਕਿਸਾਨਾਂ ਖਿਲਾਫ ਵਿਵਾਦਿਤ ਬਿਆਨ ਦਿੱਤੇ ਹਨ। ਜੇਕਰ ਪਹਿਲੀ ਵਾਰ ਹੋਵੇ ਤਾਂ ਅਸੀਂ ਮੰਨ ਸਕਦੇ ਹਾਂ ਕਿ ਗ਼ਲਤੀ ਹੋਈ ਹੈ, ਪਰ ਜਾਣ-ਬੁਝ ਕੇ ਵਾਰ ਵਾਰ ਅਜਿਹੇ ਬਿਆਨ ਦੇਣਾ ਇੱਕ ਸਾਜਿਸ਼ ਹੈ।”

ਉਹ ਕਹਿੰਦੇ ਹਨ,“ਹੁਣ ਪ੍ਰਧਾਨ ਮੰਤਰੀ ਜੀ ਨੂੰ ਸਪੱਸ਼ਟ ਕਰਨਾ ਚਾਹੀਦਾ ਹੈ ਕਿ ਕੀ ਉਹ ਆਪਣੀ ਪਾਰਟੀ ਦੀ ਸੰਸਦ ਮੈਂਬਰ ਕੰਗਨਾ ਰਣੌਤ ਦੇ ਬਿਆਨਾਂ ਨਾਲ ਸਹਿਮਤ ਹਨ ਜਾਂ ਨਹੀਂ? ਜੇਕਰ ਸਹਿਮਤ ਨਹੀਂ ਹਨ ਤੇ ਕੰਗਨਾ ਪਾਰਟੀ ਦੇ ਅਨੁਸ਼ਾਸ਼ਨ ਨੂੰ ਭੰਗ ਕਰ ਰਹੇ ਹਨ ਤਾਂ ਪ੍ਰਧਾਨ ਮੰਤਰੀ ਜੀ ਨੂੰ ਕੰਗਨਾ ਰਣੌਤ ਖਿਲਾਫ ਕਾਰਵਾਈ ਕਰਨੀ ਚਾਹੀਦੀ ਹੈ।"

ਪ੍ਰੋਫੈਸਰ ਖਾਲਿਦ ਕਹਿੰਦੇ ਹਨ,"ਜੇਕਰ ਹਰਿਆਣਾ ਦੀਆਂ ਵਿਧਾਨ ਸਭਾ ਚੋਣਾਂ ਨਾ ਹੁੰਦੀਆਂ ਤਾਂ ਭਾਜਪਾ ਵੱਲੋਂ ਜਾਰੀ ਕੀਤਾ ਇਹ ਬਿਆਨ ਵੀ ਨਹੀਂ ਆਉਣਾ ਸੀ। ਭਾਜਪਾ ਹੁਣ ਵੀ ਕੰਗਨਾ ਉੱਤੇ ਕੋਈ ਕਾਰਵਾਈ ਨਹੀਂ ਕਰੇਗੀ, ਕਿਉਂਕਿ ਅਜਿਹਾ ਪਹਿਲਾਂ ਵੀ ਬਹੁਤ ਵਾਰ ਹੋਇਆ।"

ਕੰਗਨਾ ਦੇ ਬਿਆਨ ਦਾ ਹਰਿਆਣਾ ਚੋਣਾਂ ਉੱਤੇ ਕੀ ਅਸਰ ਰਹੇਗਾ?

ਪ੍ਰੋਫੈਸਰ ਖਾਲਿਦ ਕਹਿੰਦੇ ਹਨ,"ਲੋਕ ਸਭਾ ਦੀਆਂ ਚੋਣਾਂ ਦੌਰਾਨ ਲੋਕਾਂ ਨੇ ਭਾਜਪਾ ਆਗੂਆਂ ਨੂੰ ਘਰਾਂ ਵਿੱਚ ਵੜ੍ਹਨ ਵੀ ਨਹੀਂ ਦਿੱਤਾ। ਪੰਜਾਬ, ਹਰਿਆਣਾ, ਰਾਜਸਥਾਨ, ਯੂਪੀ ਵਿੱਚ ਉਨ੍ਹਾਂ ਦੀਆਂ ਸੀਟਾਂ ਘਟੀਆਂ ਹਨ, ਹੁਣ ਉਹ ਕਿਸਾਨਾਂ ਨੂੰ ਨਾਰਾਜ਼ ਕਰ ਕੇ ਹਰਿਆਣਾ ਦੀਆਂ ਚੋਣਾਂ ਵਿੱਚ ਘਾਟਾ ਨਹੀਂ ਖਾ ਸਕਦੇ।”

“ਭਾਵੇਂ ਭਾਜਪਾ ਨੇ ਇਸ ਬਿਆਨ ਨੂੰ ਖਾਰਜ ਕਰ ਦਿੱਤਾ ਹੈ ਪਰ ਵਿਰੋਧੀ ਪਾਰਟੀਆਂ ਇਸ ਬਿਆਨ ਨੂੰ ਵਧਾ-ਚੜ੍ਹਾ ਕੇ ਚੋਣਾਂ ਵਿੱਚ ਵਰਤਣਗੀਆਂ ਅਤੇ ਇਸਦਾ ਅਸਰ ਵੀ ਚੋਣਾਂ ਵਿੱਚ ਦਿਖਾਈ ਦਵੇਗਾ। ਭਾਜਪਾ ਨੂੰ ਇਸਦਾ ਨੁਕਸਾਨ ਹੋਣਾ ਤੈਅ ਹੈ।"

ਪ੍ਰੋਫੈਸਰ ਖਾਲਿਦ ਨੂੰ ਲਗਦਾ ਹੈ ਕਿ ਕੰਗਨਾ ਨੂੰ ਅਜਿਹੇ ਬਿਆਨਾਂ ਦਾ ਸਿਆਸੀ ਲਾਹਾ ਵੀ ਮਿਲ ਸਕਦਾ ਹੈ, "ਸੰਸਦ ਮੈਂਬਰ ਬਣਨ ਤੋਂ ਪਹਿਲਾਂ ਤੋਂ ਹੀ ਕੰਗਨਾ ਰਣੌਤ ਦੇ ਵਿਵਾਦਿਤ ਬਿਆਨ ਆਉਂਦੇ ਰਹੇ ਹਨ। ਉਹਨਾਂ ਨੂੰ ਲੱਗਦਾ ਹੈ ਕਿ ਅਜਿਹਾ ਕਰਨ ਨਾਲ ਉਹ ਆਪਣੀ ਪਾਰਟੀ ਦੀ ਵੱਡੀ ਲੀਡਰਸ਼ਿਪ ਦੇ ਨੇੜੇ ਹੋ ਜਾਣਗੇ ਅਤੇ ਉਨ੍ਹਾਂ ਨੂੰ ਆਉਣ ਵਾਲੇ ਸਮੇਂ ਵਿੱਚ ਉਹਨਾਂ ਨੂੰ ਕੋਈ ਵੱਡਾ ਅਹੁਦਾ ਵੀ ਦਿੱਤਾ ਜਾ ਸਕਦਾ ਹੈ।"

ਇਹ ਵੀ ਪੜ੍ਹੋ-

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)