ਅਫ਼ਗਾਨਿਸਤਾਨ: 'ਕਾਰ 'ਚ ਇੱਕ ਸੀਟ ਉੱਤੇ ਇਕੱਠੇ ਨਹੀਂ ਬੈਠਣਗੇ ਔਰਤ-ਮਰਦ, ਤਾਲਿਬਾਨ ਨੇ ਲੋਕਾਂ ਉੱਤੇ ਹੋਰ ਕੀ ਲਾਈਆਂ ਪਾਬੰਦੀਆਂ

22 ਅਗਸਤ 2024 ਨੂੰ ਕੰਧਾਰ ਦੀ ਕਿਸੇ ਸੜਕ ਉੱਤੇ ਤੁਰੀਆਂ ਜਾ ਰਹੀਆਂ ਬੁਰਕਾ ਪੋਸ਼ ਦੋ ਅਫ਼ਗਾਨ ਔਰਤਾਂ

ਤਸਵੀਰ ਸਰੋਤ, QUDRATULLAH RAZWAN/EPA-EFE/REX/Shutterstock

ਤਸਵੀਰ ਕੈਪਸ਼ਨ, ਨਵੇਂ ਨਿਯਮਾਂ ਦੀ ਆਲੋਚਨਾ ਹੋ ਰਹੀ ਹੈ, ਲੇਕਿਨ ਦੇਸ ਵਿੱਚ ਧਰਮਤੰਤਰ ਸਥਾਪਿਤ ਕਰਨ ਵਾਲਾ ਤਾਲਿਬਾਨ ਸ਼ਾਇਦ ਇਨ੍ਹਾਂ ਨੂੰ ਲਾਗੂ ਕਰਨ ਤੋਂ ਪਿੱਛੇ ਨਹੀਂ ਹਟੇਗਾ
    • ਲੇਖਕ, ਅਲੀ ਹੁਸੈਨੀ
    • ਰੋਲ, ਬੀਬੀਸੀ ਫਾਰਸੀ

ਅਫ਼ਗਾਨਿਸਤਾਨ ਵਿੱਚ ਤਾਲਿਬਾਨ ਸ਼ਾਸਨ ਨੇ ਪਿਛਲੇ ਹਫ਼ਤੇ “ ਨੈਤਿਕ ਗੁਣਾਂ ਨੂੰ ਉਤਸ਼ਾਹਿਤ ਕਰਨ ਅਤੇ ਵਿਕਾਰਾਂ ਨੂੰ ਖਤਮ ਕਰਨ” ਦੇ ਮਕਸਦ ਨਾਲ ਨਵੇਂ ਕਨੂੰਨ ਅਪਣਾ ਲਏ ਹਨ।

ਕਨੂੰਨ ਵਿੱਚ ਔਰਤਾਂ ਉੱਤੇ ਆਪਣੇ ਘਰਾਂ ਤੋਂ ਬਾਹਰ ਆਪਣੇ ਆਪ ਨੂੰ ਢੱਕ ਕੇ ਰੱਖਣ ਤੋਂ ਇਲਾਵਾ ਜਨਤਕ ਥਾਵਾਂ ਉੱਤੇ ਉੱਚੀ ਬੋਲਣ ਦੀ ਪਾਬੰਦੀ ਵੀ ਸ਼ਾਮਲ ਹੈ।

ਸੰਯਕੁਤ ਰਾਸ਼ਟਰ ਨੇ ਕਥਿਤ “ਗੁਣ ਅਤੇ ਵਿਕਾਰ ਪਾਬੰਦੀਆਂ” ਦੀ ਨਿੰਦਾ ਕੀਤੀ ਹੈ ਅਤੇ ਚਿੰਤਾ ਦਾ ਪ੍ਰਗਟਾਵਾ ਕੀਤਾ ਹੈ।

ਸੰਗਠਨ ਦੇ ਇੱਕ ਸਿਖਰਲੇ ਅਧਿਕਾਰੀ ਨੇ ਐਤਵਾਰ ਨੂੰ ਕਿਹਾ ਕਿ ਨਵੇਂ ਕਨੂੰਨ “ਅਫ਼ਗਾਨਿਸਤਾਨ ਦੇ ਭਵਿੱਖ ਲਈ ਚਿੰਤਾਜਨਕ ਨਜ਼ਰੀਆ” ਪੇਸ਼ ਕਰਦੇ ਹਨ।

ਕਨੂੰਨ ਨੂੰ ਤਾਲਿਬਾਨ ਦੇ ਸੁਪਰੀਮ ਆਗੂ ਹਿਬਤੁੱਲ੍ਹਾ ਅਖੁੰਦਜ਼ਾਦਾ ਦੀ ਮਨਜ਼ੂਰੀ ਮਿਲ ਚੁੱਕੀ ਹੈ।

ਨੈਤਿਕਤਾ ਮੰਤਰਾਲੇ (ਨੇਕੀ ਪ੍ਰਸਾਰ ਅਤੇ ਬੁਰਾਈ ਰੋਕੂ ਮੰਤਰਾਲਾ) ਨੇ ਜ਼ੋਰ ਦੇ ਕੇ ਕਿਹਾ ਹੈ ਕਿ ਦੇਸ ਵਿੱਚ ਕਿਸੇ ਨੂੰ ਵੀ ਇਸ ਕਨੂੰਨ ਤੋਂ ਛੋਟ ਨਹੀਂ ਹੈ।

ਇਹ ਕਨੂੰਨ ਤਾਲਿਬਾਨ ਦੀ ਨੈਤਿਕਤਾ ਪੁਲਿਸ (ਮੁਹੱਤਸਬੀਨ) ਦਾ ਆਮ ਲੋਕਾਂ ਦੇ ਜੀਵਨ ਵਿੱਚ ਦਖ਼ਲ ਵਧਾ ਦੇਵੇਗਾ— ਜਿਵੇਂ ਲੋਕ ਕੀ ਪਾਉਣਗੇ, ਜਨਤਕ ਥਾਵਾਂ ਉੱਤੇ ਕਿਵੇਂ ਦਿਸਣਗੇ, ਕੀ ਖਾਣ ਜਾਂ ਕੀ ਪੀਣਗੇ।

ਨਵੇਂ ਕਨੂੰਨ ਤਹਿਤ ਔਰਤਾਂ ਦੀ ਅਵਾਜ਼ ਜਨਤਕ ਥਾਵਾਂ ਉੱਤੇ ਇੱਕ “ਵਿਕਾਰ” ਹੈ। ਨਵੀਂ ਪਾਬੰਦੀ ਮੁਤਾਬਕ, “ਜੇ ਕਿਸੇ ਬਾਲਗ ਔਰਤ ਨੂੰ ਘਰੋਂ ਬਾਹਰ ਨਿਕਲਣਾ ਪਵੇ, ਉਸ ਨੂੰ ਆਪਣੀ ਅਵਾਜ਼, ਚਿਹਰਾ ਅਤੇ ਜਿਸਮ ਢੱਕ ਕੇ ਰੱਖਣਾ ਚਾਹੀਦਾ ਹੈ।”

ਅਜਿਹੇ ਨੈਤਿਕਤਾ ਨਿਯਮ ਮੰਤਰਾਲੇ ਵੱਲੋਂ ਪਹਿਲਾਂ ਹੀ ਲਾਗੂ ਕੀਤੇ ਜਾਂਦੇ ਹਨ।

ਮੰਤਰਾਲੇ ਦਾ ਦਾਅਵਾ ਹੈ ਕਿ ਨਿਯਮਾਂ ਦੀ ਪਾਲਣਾ ਨਾ ਕਰਨ ਦੇ ਇਲਜ਼ਾਮ ਵਿੱਚ ਹਜ਼ਾਰਾਂ ਲੋਕਾਂ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ।

ਤਾਲਿਬਾਨ ਮੁਤਾਬਕ ਇਹ ਨਿਯਮ ਸ਼ਰੀਆ ਕਨੂੰਨ ਦੀ ਉਨ੍ਹਾਂ ਦੀ ਸਮਝ ਉੱਤੇ ਅਧਾਰਿਤ ਹਨ, ਅਤੇ ਸੁਪਰੀਮ ਆਗੂ ਦੇ 2022 ਫਰਮਾਣ ਉੱਤੇ ਅਧਾਰਿਤ ਹਨ। ਇਨ੍ਹਾਂ ਨਿਯਮਾਂ ਨੂੰ ਹੀ ਹੁਣ ਕਨੂੰਨ ਦਾ ਰਸਮੀ ਰੂਪ ਦਿੱਤਾ ਗਿਆ ਹੈ।

ਕਨੂੰਨ ਔਰਤਾਂ ਬਾਰੇ ਕੀ ਕਹਿੰਦਾ ਹੈ?

ਕਨੂੰਨ ਵਿੱਚ ਤਫ਼ਸੀਲ ਨਾਲ ਦੱਸਿਆ ਗਿਆ ਹੈ ਕਿ “ਮਰਦਾਂ ਨੂੰ ਲੁਭਾਏ ਜਾਣ ਅਤੇ ਨਰਕ ਵਿੱਚ ਜਾਣ ਤੋਂ ਬਚਾਉਣ ਲਈ” ਔਰਤਾਂ ਨੂੰ ਆਪਣਾ ਜਿਸਮ, ਚਿਹਰੇ ਸਮੇਤ ਜ਼ਰੂਰ ਢੱਕਣਾ ਚਾਹੀਦਾ ਹੈ।

ਬੀਬੀਸੀ ਪੰਜਾਬੀ ਦੇ ਵੱਟਸਐਪ ਚੈਨਲ ਦਾ ਇਵਾਈਟ ਪੋਸਟਰ
ਤਸਵੀਰ ਕੈਪਸ਼ਨ, ਬੀਬੀਸੀ ਪੰਜਾਬੀ ਦੇ ਵੱਟਸਐਪ ਚੈਨਲ ਨਾਲ ਜੁੜਨ ਲਈ ਇਸ ਲਿੰਕ ’ਤੇ ਕਲਿੱਕ ਕਰੋ
  • ਔਰਤ ਨੂੰ ਆਪਣਾ ਜਿਸਮ ਪੂਰੀ ਤਰ੍ਹਾਂ ਢੱਕ ਕੇ ਰੱਖਣਾ ਚਾਹੀਦਾ ਹੈ।
  • ਔਰਤ ਨੂੰ ਆਪਣਾ ਮੂੰਹ ਢੱਕ ਕੇ ਰੱਖਣਾ ਚਾਹੀਦਾ ਹੈ ਤਾਂ ਜੋ “ਲੁਭਾਵਨੇਪਨ ਤੋਂ” ਬਚਿਆ ਜਾ ਸਕੇ।
  • ਔਰਤ ਦੀ ਅਵਾਜ਼ ਨੂੰ “ਅਵਰ੍ਹਾ” ਸਮਝਿਆ ਗਿਆ ਹੈ, ਜੋ ਜਨਤਕ ਥਾਂਵਾਂ ਉੱਤੇ ਸੁਣਾਈ ਨਹੀਂ ਦੇਣੀ ਚਾਹੀ, ਅਰਬੀ ਵਿੱਚ ਅਵਰ੍ਹਾ ਦਾ ਮਤਲਬ ਹੁੰਦਾ ਹੈ ਮਰਦ ਜਾਂ ਔਰਤ ਦੇ ਸਰੀਰ ਦਾ ਉਹ ਹਿੱਸਾ ਜੋ ਢੱਕ ਕੇ ਰੱਖਣਾ ਚਾਹੀਦਾ ਹੈ। ਅਤੇ ਜਨਤਕ ਥਾਂਵਾਂ ਉੱਤੇ ਨਜ਼ਰ ਨਹੀਂ ਆਉਣਾ ਚਾਹੀਦਾ
  • ਔਰਤਾਂ ਨੂੰ ਆਪਣੇ ਘਰਾਂ ਦੇ ਅੰਦਰੋਂ ਵੀ ਉੱਚੀ ਗਾਉਂਦਿਆਂ ਜਾਂ ਪੜ੍ਹਦਿਆਂ ਨਹੀਂ ਸੁਣਿਆ ਜਾਣਾ ਚਾਹੀਦਾ। (ਉਨ੍ਹਾਂ ਦੀ ਅਵਾਜ਼ ਬਾਹਰ ਨਹੀਂ ਆਉਣੀ ਚਾਹੀਦੀ)
  • ਉਨ੍ਹਾਂ ਦੇ ਕੱਪੜੇ ਪਤਲੇ, ਛੋਟੇ ਅਤੇ ਤੰਗ ਨਹੀਂ ਹੋਣੇ ਚਾਹੀਦੇ।
  • ਔਰਤਾਂ ਨੂੰ ਜਿਹੜੇ ਮਰਦਾਂ ਨਾਲ ਖੂਨ ਜਾਂ ਵਿਆਹ ਦੇ ਰਿਸ਼ਤੇ ਵਿੱਚ ਨਹੀਂ ਹਨ, ਉਨ੍ਹਾਂ ਤੋਂ ਆਪਣਾ ਮੂੰਹ ਢੱਕ ਕੇ ਰੱਖਣਾ ਚਾਹੀਦਾ ਹੈ।

ਮਰਦਾਂ ਉੱਤੇ ਵੀ ਪਰਾਈਆਂ ਔਰਤਾਂ ਦੇ ਜਿਸਮ ਅਤੇ ਮੂੰਹ ਨੂੰ ਦੇਖਣ ਤੋਂ ਰੋਕ ਲਾਈ ਗਈ ਹੈ। ਇਹੀ ਸ਼ਰਤ ਬਾਲਗ ਔਰਤਾਂ ਉੱਤੇ ਵੀ ਲਾਗੂ ਹੁੰਦੀ ਹੈ ਅਤੇ ਉਨ੍ਹਾਂ ਨੂੰ ਪਰਾਏ ਮਰਦਾਂ ਨੂੰ ਦੇਖਣ ਤੋਂ ਰੋਕਿਆ ਗਿਆ ਹੈ।

ਨਵੇਂ ਨੈਤਿਕਤਾ ਕਨੂੰਨ ਵਿੱਚ ਮਰਦਾਂ ਉੱਤੇ ਵੀ ਕੁਝ ਬੰਦਿਸ਼ਾਂ ਲਾਈਆਂ ਗਈਆਂ ਹਨ।

ਹੁਣ ਉਨ੍ਹਾਂ ਨੂੰ ਆਪਣੇ ਘਰਾਂ ਤੋਂ ਬਾਹਰ ਆਪਣਾ ਸਰੀਰ ਧੁੰਨੀ ਤੋਂ ਗੋਡਿਆਂ ਤੱਕ ਢੱਕ ਕੇ ਰੱਖਣਾ ਹੋਵੇਗਾ ਕਿਉਂਕਿ ਸਰੀਰ ਦੇ ਇਸ ਹਿੱਸੇ ਨੂੰ “ਅਵਰ੍ਹਾ” ਸਮਝਿਆ ਜਾਂਦਾ ਹੈ।

ਉਹ ਸ਼ਰੀਆ ਤੋਂ ਉਲਟ ਜਾ ਕੇ ਆਪਣੇ ਵਾਲ ਨਹੀਂ ਕਟਵਾ ਜਾਂ ਵਾਹ ਸਕਦੇ। ਤਾਲਿਬਾਨ ਨੇ ਸ਼ਰੀਆ ਦਾ ਹਵਾਲਾ ਦਿੰਦਿਆਂ ਕਈ ਸੂਬਿਆਂ ਵਿੱਚ ਵਾਲ ਕੱਟਣ ਵਾਲਿਆਂ ਉੱਤੇ ਦਾੜ੍ਹੀਆਂ ਦੀ ਹਜਾਮਤ ਕਰਨ ਤੋਂ ਰੋਕ ਦਿੱਤਾ ਹੈ।

ਨਵੇਂ ਨਿਯਮਾਂ ਵਿੱਚ ਦਾੜ੍ਹੀ ਮੁੱਠੀ ਭਰ ਹੋਣੀ ਚਾਹੀਦੀ ਹੈ। ਨੈਤਿਕਤਾ ਨਿਯਮ ਮਰਦਾਂ ਨੂੰ ਟਾਈ ਲਾਉਣ ਤੋਂ ਵੀ ਵਰਜਦਾ ਹੈ।

ਮੁਹੱਤਸਬੀਨ ਕੌਣ ਹਨ?

24 ਅਗਸਤ 2024 ਨੂੰ ਕੰਧਾਰ ਵਿੱਚ ਇੱਕ ਅਫ਼ਗਾਨ ਪੁਰਸ਼ ਦੇ ਪਿੱਛੇ ਬਾਈਕ ਉੱਤੇ ਬੈਠੀ ਬੁਰਕਾ ਪੋਸ਼ ਅਫ਼ਗਾਨ ਔਰਤ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਬਿਨਾਂ ਰਿਸ਼ਤੇ ਤੋਂ ਔਰਤਾਂ ਅਤੇ ਮਰਦ ਨਾਲੋ-ਨਾਲ ਨਹੀਂ ਬੈਠ ਸਕਣਗੇ

ਇਹ ਦੇਸ ਭਰ ਵਿੱਚ ਨੈਤਿਕਤਾ ਕਨੂੰਨ ਲਾਗੂ ਕਰਨ, ਪਾਲਣਾ ਉੱਤੇ ਨਜ਼ਰ ਰੱਖਣ ਅਤੇ ਉਲੰਘਣਾ ਕਰਨ ਵਾਲਿਆਂ ਨੂੰ ਅਦਾਲਤ ਤੱਕ ਪਹੁੰਚਾਉਣ ਦੀ ਜ਼ਿੰਮੇਵਾਰੀ ਮੁਹੱਤਸਬੀਨ ਨੂੰ ਦਿੱਤੀ ਗਈ ਹੈ।

ਨਵਾਂ ਕਨੂੰਨ ਲਾਗੂ ਹੋ ਜਾਣ ਨਾਲ ਮੁਹੱਤਸਬੀਨ ਦੀਆਂ ਕਾਰਜਕਾਰੀ ਸ਼ਕਤੀਆਂ ਪਹਿਲਾਂ ਨਾਲੋਂ ਕਾਫ਼ੀ ਮਜ਼ਬੂਤ ਹੋ ਗਈਆਂ ਹਨ। ਖਾਸ ਕਰਕੇ ਜਦੋਂ ਉਨ੍ਹਾਂ ਨੂੰ ਤਾਲਿਬਾਨ ਦੇ ਸੁਪਰੀਮ ਆਗੂ ਦੀ ਹਮਾਇਤ ਹਾਸਲ ਹੈ।

ਉਹ ਘਰਾਂ ਤੋਂ ਬਾਹਰ ਆ ਰਹੀਆਂ ਜ਼ਨਾਨਾ ਅਵਾਜ਼ਾਂ ਜਾਂ ਸੰਗੀਤ ਨੂੰ ਬੰਦ ਕਰਵਾ ਸਕਦੇ ਹਨ। ਜੇ ਮਰਦਾਂ ਦੇ ਵਾਲ ਨਿਯਮਾਂ ਮੁਤਾਬਕ ਨਾ ਹੋਣ ਤਾਂ ਉਨ੍ਹਾਂ ਨੂੰ ਟੋਕ ਸਕਦੇ ਹਨ।

ਕਨੂੰਨ ਮੁਤਾਬਕ ਨੈਤਿਕਤਾ ਪੁਲਿਸ ਟੈਕਸੀ ਡਰਾਈਵਰਾਂ ਨੂੰ ਬਿਨਾਂ ਕਿਸੇ ਕਰੀਬੀ ਮਰਦ ਰਿਸ਼ਤੇਦਾਰ ਜਿਵੇਂ — ਪਿਤਾ, ਬਾਲਗ ਭਰਾ ਤੋਂ ਬਿਨਾਂ ਜਾਂ ਸ਼ਰੀਆ ਮੁਤਾਬਕ ਹਿਜਾਬ ਨਾ ਪਾਇਆ ਹੋਣ ਦੀ ਸੂਰਤ ਵਿੱਚ, ਸਫਰ ਕਰਵਾਉਣ ਤੋਂ ਰੋਕ ਸਕਦੇ ਹਨ।

ਔਰਤਾਂ ਅਤੇ ਮਰਦ ਕਾਰ ਵਿੱਚ ਅਗਲ-ਬਗਲ ਦੀਆਂ ਸੀਟਾਂ ਉੱਤੇ ਨਹੀਂ ਬੈਠਣ ਦੀ ਆਗਿਆ ਨਹੀਂ ਹੈ।

ਤਸਵੀਰਾਂ ਉੱਤੇ ਰੋਕ

ਕੰਧਾਰ ਵਿੱਚ 28 ਜੁਲਾਈ 2024 ਨੂੰ ਸੜਕ ਉੱਤੇ ਤੁਰ ਰਹ ਬੁਰਕਾ ਪੋਸ਼ ਅਫ਼ਗਾਨ ਔਰਤ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਨਵੇਂ ਨਿਯਮ ਮੁਤਾਬਕ ਔਰਤਾਂ ਲਈ ਆਪਣੇ ਸਰੀਰ ਨੂੰ ਮੁਕੰਮਲ ਰੂਪ ਵਿੱਚ ਢਕਣਾ ਜ਼ਰੂਰੀ ਕੀਤਾ ਗਿਆ ਹੈ

ਨਵੇਂ ਕਨੂੰਨ ਵਿੱਚ ਸਜੀਵਾਂ ਦੀਆਂ ਤਸਵੀਰਾਂ ਬਣਾਉਣ, ਰੱਖਣ ਅਤੇ ਛਾਪਣ, ਜਿਨ੍ਹਾਂ ਵਿੱਚ ਕਿਸੇ ਪੰਛੀ, ਜਾਨਵਰ ਜਾਂ ਪਰਿਵਾਰਕ ਮੈਂਬਰ ਦੀ ਤਸਵੀਰ ਵੀ ਸ਼ਾਮਿਲ ਹੈ, ਦੀ ਮਨਾਹੀ ਕੀਤੀ ਗਈ ਹੈ।

ਨਵੇਂ ਕਨੂੰਨ ਵਿੱਚ ਸਜੀਵਾਂ ਦੇ ਬੁੱਤਾਂ ਦੀ ਵੇਚ- ਖ਼ਰੀਦ ਉੱਤੇ ਵੀ ਰੋਕ ਲਾਈ ਗਈ ਹੈ। ਸਜੀਵਾਂ ਦੀ ਫਿਲਮ ਲਾਹੁਣ, ਨਿਰਮਾਣ ਕਰਨ ਅਤੇ ਦੇਖਣ ਉੱਤੇ ਵੀ ਪਾਬੰਦੀ ਲਾਈ ਗਈ ਹੈ।

ਸ਼ਰੀਆ ਕਨੂੰਨ ਵਿੱਚ ਸੰਗੀਤ ਨੂੰ “ਹਰਾਮ” ਮੰਨਿਆ ਗਿਆ ਹੈ। ਨਵੇਂ ਕਨੂੰਨ ਤਹਿਤ ਨੈਤਿਕਤਾ ਪੁਲਿਸ ਟੇਪ-ਰਿਕਾਰਡਰ, ਰੇਡੀਓ ਉੱਤੇ ਸੰਗੀਤ ਵਜਾਉਣ ਤੋਂ ਰੋਕੇਗੀ।

ਲੇਕਿਨ ਨਵੇਂ ਕਨੂੰਨਾਂ ਦੇ ਉਲਟ ਤਾਲਿਬਾਨ ਸਰਕਾਰ ਦੇ ਲਗਭਗ ਸਾਰੇ ਅਧਿਕਾਰੀ ਜਿਨ੍ਹਾਂ ਵਿੱਚ- ਨੇਕੀ ਪ੍ਰਸਾਰ ਅਤੇ ਬੁਰਾਈ ਰੋਕੂ ਮੰਤਰਾਲਾ ਦੇ ਮੰਤਰੀ ਮੁਹੰਮਦ ਖਾਲਿਦਨ ਹਨਾਫੀ ਸਮੇਤ ਕੈਮਰੇ ਦੇ ਸਾਹਮਣੇ ਆਏ ਹਨ।

ਕੀ ਹਨ ਬੰਦਿਸ਼ਾਂ?

ਬੁਰਕਾ ਪੋਸ਼ ਅਫ਼ਗਾਨ ਔਰਤ ਕੰਧਾਰ ਦੀ ਇੱਕ ਬੰਦ ਦੁਕਾਨ ਦੇ ਗੇਟ ਅੱਗੋਂ ਗੁਜ਼ਰਦੇ ਹੋੇਏ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਨਵੇਂ ਕਨੂੰਨ ਤਹਿਤ ਜਨਤਕ ਥਾਂਵਾਂ ਉੱਤੇ ਔਰਤਾਂ ਦੀ ਅਵਾਜ਼ ਨੂੰ "ਵਿਕਾਰ" ਕਰਾਰ ਦਿੱਤਾ ਗਿਆ ਹੈ

ਕਨੂੰਨ ਮੁਤਾਬਕ ਉਲੰਘਣਾ ਕਰਨ ਵਾਲੇ ਨੂੰ ਰੱਬੀ ਸਜ਼ਾ ਦੇ ਡਰਾਵਾ ਦਿੱਤੇ ਜਾਣ ਤੋਂ ਲੈ ਕੇ ਜੁਰਮਾਨਾ ਅਤੇ ਤਿੰਨ ਦਿਨ੍ਹਾਂ ਦੀ ਕੈਦ ਤੱਕ ਦੀ ਸਜ਼ਾ ਸੁਣਾਈ ਜਾ ਸਕਦੀ ਹੈ।

ਹਾਲਾਂਕਿ ਕਨੂੰਨ ਦੀ ਆਲੋਚਨਾ ਵੀ ਕੀਤੀ ਜਾ ਰਹੀ ਹੈ।

ਸੰਯੁਕਤ ਰਾਸ਼ਟਰ ਦੇ ਸਹਾਇਤਾ ਮਿਸ਼ਨ ਦੇ ਮੁਖੀ, ਰੋਜ਼ਾ ਓਟੁਨਬੇਵਾ ਨੇ ਕਿਹਾ, “ਦਹਾਕਿਆਂ ਦੀ ਜੰਗ ਅਤੇ ਭਿਆਨਕ ਮਨੁੱਖੀ ਸੰਕਟ ਦੇ ਵਿੱਚ- ਅਫ਼ਗਾਨ ਲੋਕ ਨਮਾਜ਼ ਲਈ ਦੇਰੀ, ਵਿਰੋਧੀ ਲਿੰਗ ਦੇ ਵਿਅਕਤੀ ਨੂੰ ਦੇਖ ਲੈਣ ਜੋ ਉਨ੍ਹਾਂ ਦਾ ਪਰਿਵਾਰਿਕ ਜੀਅ ਨਹੀਂ ਹੈ ਅਤੇ ਆਪਣੇ ਕਿਸੇ ਅਜ਼ੀਜ਼ ਦੀ ਤਸਵੀਰ ਰੱਖਣ ਲਈ ਦੰਡਿਤ ਕੀਤੇ ਜਾਣ ਤੋਂ ਕਿਤੇ ਜ਼ਿਆਦਾ ਬਿਹਤਰ ਦੇ ਹੱਕਦਾਰ ਹਨ।”

ਨਵੇਂ ਨਿਯਮ ਅਜੇ ਪੂਰੀ ਤਰ੍ਹਾਂ ਲਾਗੂ ਨਹੀਂ ਹੋਏ

ਤਾਲਿਬਾਨ ਸਰਕਾ ਧਰਮਤੰਤਰ ਸਥਾਪਿਤ ਕਰਨ ਦਾ ਦਾਅਵਾ ਕਰਦੀ ਹੈ ਅਤੇ ਨਵਾਂ ਨੈਤਿਕਤਾ ਕਨੂੰਨ ਲਾਗੂ ਕਰਨ ਤੋਂ ਪਿੱਛੇ ਨਹੀਂ ਹਟੇਗਾ। ਲੇਕਿਨ ਇਹ ਕਨੂੰਨ ਰਾਜਧਾਨੀ ਕਾਬੁਲ ਸਮੇਤ ਦੇਸ ਦੇ ਕਈ ਹਿੱਸਿਆਂ ਵਿੱਚ ਸਿਲਸਿਲੇਵਾਰ ਤਰੀਕੇ ਨਾਲ ਲਾਗੂ ਨਹੀਂ ਕੀਤਾ ਜਾ ਰਿਹਾ ਹੈ।

ਨੈਤਿਕਤਾ ਪੁਲਿਸ ਵਿੱਚ ਬੀਬੀਸੀ ਪਸ਼ਤੋ ਦੇ ਇੱਕ ਸੂਤਰ ਮੁਤਾਬਕ ਉਹ ਨਵੀਆਂ ਧਾਰਾਵਾਂ ਨੂੰ ਲਾਗੂ ਕਰਨ ਲਈ ਫਰੇਮ-ਵਰਕ ਤਿਆਰ ਕਰ ਰਹੇ ਹਨ।

ਸੂਤਰ ਮੁਤਾਬਕ ਇੱਕ ਵਾਰ ਫਰੇਮ-ਵਰਕ ਬਣ ਜਾਣ ਤੋਂ ਬਾਅਦ ਨਵੀਂਆਂ ਧਾਰਾਵਾਂ ਲਾਗੂ ਕੀਤੇ ਜਾਣ ਬਾਰੇ ਜ਼ਿਆਦਾ ਸਪਸ਼ਟਤਾ ਆਵੇਗੀ।

ਹਾਲਾਂਕਿ ਕਨੂੰਨ ਦੀਆਂ ਜ਼ਿਆਦਾਤਰ ਧਾਰਾਵਾਂ ਤਾਂ ਪਹਿਲਾਂ ਹੀ ਬਾਕੀ ਦੇਸ ਵਿੱਚ ਲਾਗੂ ਹਨ।

ਨੇਕੀ ਪ੍ਰਸਾਰ ਅਤੇ ਬਦੀ ਰੋਕੂ ਮੰਤਰਾਲਾ ਅਫ਼ਗਾਨਿਸਤਾਨ ਦੇ ਸਭ ਤੋਂ ਸਰਗਰਮ ਮਹਿਕਮਿਆਂ ਵਿੱਚੋਂ ਇੱਕ ਹੈ।

ਮੰਤਰਾਲੇ ਦਾ ਕਹਿਣਾ ਹੈ ਕਿ ਪਿਛਲੇ ਸਾਲ, ਨੈਤਿਕਤਾ ਪੁਲਿਸ ਨੇ ਸ਼ਰੀਆ ਕਨੂੰਨ ਦੀ ਉਲੰਘਣਾ ਵਿੱਚ 13 ਹਜ਼ਾਰ ਤੋਂ ਜ਼ਿਆਦਾ ਲੋਕਾਂ ਨੂੰ ਆਰਜ਼ੀ ਹਿਰਾਸਤ ਵਿੱਚ ਲਿਆ ਸੀ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਪ੍ਰਕਾਸ਼ਨ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)