10ਵੀਂ ਸਦੀ ਦੀ ਦਾਨਿਸ਼ਮੰਦ ਸ਼ਹਿਜ਼ਾਦੀ ਜਿਸ ਦੀ ਇਸ਼ਕ ਦੀ ਦਾਸਤਾਂ ਤਾਲਿਬਾਨ ਵੀ ਲੁਕਾਉਣਾ ਚਾਹੁੰਦਾ

ਰਾਬਿਆ ਖਲਜੀ

ਤਸਵੀਰ ਸਰੋਤ, HAMED NAWEED/LEMAR AFTAAB

ਤਸਵੀਰ ਕੈਪਸ਼ਨ, ਰਾਬਿਆ ਖਲਜੀ ਦੀ ਹਮਾਮ ਵਿੱਚ ਇੱਕ ਤਸਵੀਰ, ਹਮਾਮ ਦੀਆਂ ਕੰਧਾਂ ਉੱਪਰ ਰਾਬੀਆ ਦੇ ਖੂਨ ਵਿੱਚ ਲਿਖੀਆਂ ਤੁਕਾਂ ਹਨ (ਹਾਮਿਦ ਨਾਵੀਦ ਦੀ ਕਲਪਨਾ)
    • ਲੇਖਕ, ਡਾਲੀਆ ਵੈਂਤੂਰਾ
    • ਰੋਲ, ਬੀਬੀਸੀ ਨਿਊਜ਼ ਵਰਲਡ

ਅਬਦੁੱਲਾ ਸ਼ਾਦਾਨ ਨੇ ਬੀਬੀਸੀ ਨੂੰ ਦੱਸਿਆ, ‘‘ਸਭ ਤੋਂ ਮਹੱਤਵਪੂਰਨ ਗੱਲ ਇਹ ਹੈ ਕਿ ਇਹ ਇੱਕ ਪ੍ਰੇਮ ਕਹਾਣੀ ਹੈ।’’

ਉਹ ਹੁਣ ਬੀਬੀਸੀ ਲਈ ਕੰਮ ਕਰਦੇ ਹਨ ਪਰ ਕਿਸੇ ਸਮੇਂ ਅਦਾਕਾਰ ਵੀ ਸਨ। ਉਸ ਸਮੇਂ ਉਨ੍ਹਾਂ ਨੇ ਅਫ਼ਗਾਨਿਸਤਾਨ ਦੀ ਮੱਧ ਕਾਲੀਨ ਰਾਜਕੁਮਾਰੀ ਰਾਬੀਆ- ਜੋ ਆਪਣੇ ਸਮਿਆਂ ਵਿੱਚ ਵੀ ਪਸੰਦ ਕੀਤੀ ਜਾਂਦੀ ਸੀ ਅਤੇ ਅੱਜ ਵੀ ਕੀਤੀ ਜਾਂਦੀ ਹੈ- ਬਾਰੇ ਇੱਕ ਫਿਲਮ ਵਿੱਚ ਕੰਮ ਕੀਤਾ ਸੀ।

ਅਬਦੁੱਲਾ ਸ਼ਾਦਾਨ ਉਸ ਫਿਲਮ ਦੇ ਮੁੱਖ ਪਾਤਰ ਸਨ। ਫਿਲਮ ਰਾਜਕੁਮਾਰੀ ਰਾਬੀਆ ਦੀ ਪ੍ਰੇਮ ਕਹਾਣੀ ਉੱਪਰ ਅਧਾਰਿਤ ਸੀ। ਰਾਬੀਆ ਨੂੰ ਕਿਸੇ ਅਜਿਹੇ ਵਿਅਕਤੀ ਨਾਲ ਪਿਆਰ ਹੋ ਜਾਂਦਾ ਹੈ ਜੋ ਉਸ ਲਈ ਢੁਕਵਾਂ ਨਹੀਂ ਸਮਝਿਆ ਗਿਆ। ਰਾਬੀਆ ਦੀ ਆਪਣੇ ਭਰਾ ਦੇ ਹੱਥੋਂ ਮੌਤ ਹੋ ਗਈ ਸੀ।

ਫਿਲਮ ਵਿੱਚ ਸ਼ਾਦਾਨ ਨੇ ਉਸ ਬੇਜੋੜ ਪ੍ਰੇਮੀ ਦੀ ਹੀ ਭੂਮਿਕਾ ਨਿਭਾਈ ਸੀ। ਉਹ ਕਹਿੰਦੇ ਹਨ, ‘‘ਰਾਬੀਆ ਪਿਆਰ ਦੀ ਪ੍ਰਤੀਕ ਹੈ, ਅਤੇ ਇੱਕ ਅਜਿਹੀ ਸ਼ਖ਼ਸੀਅਤ ਹੈ ਜੋ ਪਿਆਰ ਲਈ ਆਪਣਾ ਸਭ ਕੁਝ ਕੁਰਬਾਨ ਕਰ ਦਿੰਦੀ ਹੈ... ਇਹ ਉਹ ਹੈ ਜੋ ਹਰ ਸਮੇਂ ਦੇ ਸਾਰੇ ਲੋਕਾਂ ਨੂੰ ਖਿੱਚ ਪਾਉਂਦੀ ਹੈ।’’

ਆਸਟ੍ਰੇਲੀਅਨ ਨੈਸ਼ਨਲ ਯੂਨੀਵਰਸਿਟੀ ਵਿਖੇ ਮਾਨਵ ਵਿਗਿਆਨ ਵਿੱਚ ਪੀਐੱਚਡੀ ਕਰ ਰਹੇ ਸ਼ਮੀਮ ਹੋਮਾਯੂੰ ਕਹਿੰਦੇ ਹਨ ਕਿ, "ਦਿਲਚਸਪ ਗੱਲ ਇਹ ਹੈ ਕਿ ਤੁਸੀਂ ਪਿਆਰ ਨੂੰ ਕਿਸ ਤਰ੍ਹਾਂ ਸਮਝਦੇ ਹੋ। ਰਾਬੀਆ ਨੂੰ ਇੱਕ ਮੁਸਲਮਾਨ ਸੰਤ ਦੇ ਰੂਪ ਵਿੱਚ ਮੰਨਿਆ ਜਾ ਸਕਦਾ ਹੈ ਜਿਸ ਦਾ ਇਸ਼ਕ ਪਵਿੱਤਰ ਅਤੇ ਹਕੀਕੀ ਸੀ, ਜਾਂ ਨਾਰੀਵਾਦੀ ਦੇ ਰੂਪ ਵਿੱਚ ਜਿਸ ਦਾ ਪਿਆਰ ਮਿਜ਼ਾਜੀ, ਵਿਦਰੋਹੀ ਸੁਰ ਵਾਲਾ ਅਤੇ ਦੁਨਿਆਵੀ ਸੀ।"

ਆਕਸਫੋਰਡ ਯੂਨੀਵਰਸਿਟੀ ਵਿੱਚ ਡਾਕਟਰੇਟ ਕਰ ਰਹੇ ਮੁਨਾਜ਼ਾ ਇਬਤਿਕਾਰ ਕਹਿੰਦੇ ਹਨ ਕਿ ਕਿਸੇ ਵੀ ਸੂਰਤ ਵਿੱਚ ਉਹ ਇਸਲਾਮ ਦੇ ਸੁਨਹਿਰੀ ਯੁੱਗ ਦੇ ਮਹਾਨ ਕਵੀਆਂ ਵਿੱਚੋਂ ਇੱਕ ਹਨ, ਅਤੇ ਅਫ਼ਗਾਨ ਲੋਕ ਮਨ ਵਿੱਚ ਸਭ ਤੋਂ ਸਤਿਕਾਰਤ ਸ਼ਖਸੀਅਤਾਂ ਵਿੱਚੋਂ ਹਨ।

ਰਾਬੀਆ ਪ੍ਰਾਚੀਨ ਬਲਖ ਦੀ ਵਸਨੀਕ ਸੀ ਜੋ ਅਜੋਕੇ ਉੱਤਰ-ਪੂਰਬੀ ਅਫ਼ਗਾਨਿਸਤਾਨ ਵਿੱਚ ਹੈ। ਉਹ ਸ਼ਹਿਰ ਜਿੱਥੇ 9ਵੀਂ ਸਦੀ ਵਿੱਚ ਬੁੱਧੀਮਾਨ ਅਲਬਮਸਰ ਦੇ ਹੱਥੋਂ ਗਣਿਤ ਅਤੇ ਖਗੋਲ ਵਿਗਿਆਨ ਦਾ ਵਿਕਾਸ ਹੋਇਆ ਸੀ ਅਤੇ 10ਵੀਂ ਸਦੀ ਵਿੱਚ ਪ੍ਰਸਿੱਧ ਮੁਸਲਿਮ ਦਾਰਸ਼ਨਿਕ ਅਤੇ ਵਿਗਿਆਨੀ ਅਵੀਸੇਨਾ ਦਾ ਜਨਮ ਹੋਇਆ ਸੀ।

ਰਾਬੀਆ ਦੇ ਜਨਮ ਦੀ ਸਹੀ-ਸਹੀ ਜਨਮ ਤਰੀਕ ਤਾਂ ਪਤਾ ਨਹੀਂ ਪਰ ਮੰਨਿਆ ਜਾਂਦਾ ਹੈ ਕਿ ਉਨ੍ਹਾਂ ਦਾ ਜਨਮ 940 ਈਸਵੀ ਦੇ ਆਸਪਾਸ ਹੋਇਆ। ਇਸਦੀ ਵਜ੍ਹਾ ਹੈ ਕਿ ਉਨ੍ਹਾਂ ਦੇ ਜੀਵਨ ਦੇ ਸ਼ੁਰੂਆਤੀ ਸਾਲਾਂ ਦੇ ਜੀਵਨ ਸਬੰਧੀ ਵੇਰਵੇ ਬਹੁਤ ਘੱਟ ਮਿਲਦੇ ਹਨ।

ਫਿਰ ਵੀ ਰਾਬੀਆ ਦੇ ਜੀਵਨ ਤੇ ਵੇਰਵਿਆਂ ਦੀ ਥੁੜ ਉਨ੍ਹਾਂ ਦੀ ਕਹਾਣੀ ਨੂੰ ਅਫਗਾਨ ਸੀਨਿਆਂ ਵਿੱਚੋਂ ਹੁੰਦੇ ਪੀੜ੍ਹੀ ਦਰ ਪੀੜ੍ਹੀ ਸਾਡੇ ਤੱਕ ਪਹੁੰਚਣ ਤੋਂ ਨਹੀਂ ਰੋਕ ਨਹੀਂ ਸਕੀ।

ਹਰੇਕ ਕਿੱਸਾਕਾਰ ਆਪਣੀ-ਆਪਣੀ ਵਿਆਖਿਆ ਦੇ ਅਨੁਸਾਰ ਵੱਖ-ਵੱਖ ਪਹਿਲੂਆਂ 'ਤੇ ਜ਼ੋਰ ਦਿੰਦਾ ਹੈ, ਤਾਂ ਕਿ ਉਹ ਜੋ ਮਹੱਤਵਪੂਰਨ ਸਮਝਦੇ ਹਨ, ਉਸ ਨੂੰ ਉਜਾਗਰ ਕਰ ਸਕਣ।

ਇਸ ਲਈ ਰਾਬੀਆ ਦੀਆਂ ਕਈ ਕਹਾਣੀਆਂ ਹਨ; ਇਬਤਿਕਾਰ ਜੋ ਦੱਸਦੇ ਹਨ ਉਹ ਇੱਕ ਆਮ ਕਿੱਸਾ ਹੈ, ਅਤੇ ਇਸ ਤਰ੍ਹਾਂ ਸ਼ੁਰੂ ਕਰਦੇ ਹਨ ...

"ਬਲਖ਼ ਦੀ ਪਵਿੱਤਰ ਧਰਤੀ ਵਿੱਚ...

ਰਾਬੀਆ ਬਲਖ਼ੀ ਬਾਰੇ ਪੋਸਟਰ

ਤਸਵੀਰ ਸਰੋਤ, MUNAZZA EBTIKAR

ਤਸਵੀਰ ਕੈਪਸ਼ਨ, ਪੰਜਸ਼ੀਰ ਵਿੱਚ ਅਮੀਨਾ ਹਾਈ ਸਕੂਲ, ਬਜ਼ਾਰਕ ਦੀਆਂ ਸਕੂਲੀ ਵਿਦਿਆਰਥਣਾਂ ਵੱਲੋਂ ਬਣਾਇਆ ਗਿਆ ਰਾਬੀਆ ਦੀ ਜੀਵਨੀ ਬਾਰੇ ਇੱਕ ਪੋਸਟਰ। ਕੁੜੀਆਂ ਦਾ ਇਹ ਸਕੂਲ ਹੁਣ ਤਾਲਿਬਾਨ ਵੱਲੋਂ ਬੰਦ ਕਰਕੇ ਇੱਕ ਫੌਜੀ ਚੌਂਕੀ ਵਿੱਚ ਤਬਦੀਲ ਕਰ ਦਿੱਤਾ ਗਿਆ ਹੈ

‘‘...ਹਜ਼ਾਰਾਂ ਮਸਜਿਦਾਂ ਦੀ ਧਰਤੀ ਉੱਤੇ ਬਲਖ਼ ਦੇ ਅਮੀਰ ਦੀ ਧੀ ਰਾਬੀਆ ਦਾ ਜਨਮ ਹੋਇਆ। ਉਸ ਨੂੰ ਗੁਲਾਬ ਜਲ ਨਾਲ ਇਸਨਾਨ ਕਰਵਾ ਕੇ ਰੇਸ਼ਮ ਨਾਲ ਸਜਾਇਆ ਗਿਆ ਅਤੇ ਇੱਕ ਸੁਨਹਿਰੀ ਰੱਥ ਵਿੱਚ ਰੱਖਿਆ ਗਿਆ। ਉਸ ਦੇ ਜਨਮ ਦਾ ਦਿਨ ਬਲਖ਼ ਦੇ ਲੋਕਾਂ ਨੇ ਮਨਾਇਆ (...)।

"ਰਾਬੀਆ ਦਾ ਪਾਲਣ-ਪੋਸ਼ਣ ਉਸ ਮਹਿਲ ਵਿੱਚ ਹੋਇਆ ਸੀ। ਉੱਥੇ ਉਸ ਨੂੰ ਸੋਝੀ ਸੰਭਲਣ ਤੱਕ ਕਲਾ ਅਤੇ ਸਾਹਿਤ, ਸ਼ਿਕਾਰ ਅਤੇ ਤੀਰਅੰਦਾਜ਼ੀ ਦੀ ਸਿੱਖਿਆ ਦਿੱਤੀ ਗਈ।’’

ਲੰਡਨ ਯੂਨੀਵਰਸਿਟੀ ਦੇ ਸਕੂਲ ਆਫ ਓਰੀਐਂਟਲ ਐਂਡ ਅਫ਼ਰੀਕਨ ਸਟੱਡੀਜ਼ ਦੀ ਨਰਗੁਏਸ ਫਰਜ਼ਾਦ ਨੇ ਬੀਬੀਸੀ ਨੂੰ ਦੱਸਿਆ ਕਿ ਉਸ ਇਲਾਕੇ ਵਿੱਚ ਉਸ ਸਮੇਂ ਕੁੜੀਆਂ ਨੂੰ ਪੜ੍ਹਾਉਣਾ ਆਮ ਸੀ

‘‘ਪੂਰਵ-ਇਸਲਾਮਿਕ ਪਰੰਪਰਾਵਾਂ ਅਤੇ ਸੱਭਿਆਚਾਰ ਇਸਲਾਮੀ ਯੁੱਗ ਵਿੱਚ ਵੀ ਵਧੀਆਂ-ਫੁੱਲੀਆਂ, ਜਾਰੀ ਰਹੀਆਂ, ਇਸ ਲਈ ਅਮੀਰ ਅਤੇ ਕੁਲੀਨ ਵਰਗ ਦੀਆਂ ਧੀਆਂ ਨੇ ਪੁੱਤਰਾਂ ਦੇ ਬਰਾਬਰ ਸਿੱਖਿਆ ਪ੍ਰਾਪਤ ਕਰਦੀਆਂ ਸਨ।’’

ਉਨ੍ਹਾਂ ਦਾ ਕਹਿਣਾ ਹੈ, ਉੱਪਰੋਂ ‘‘ਰਾਬੀਆ ਤਾਂ ਇੱਕ ਖੁਸ਼ਹਾਲ ਅਤੇ ਅਮੀਰ ਪਿਤਾ ਦੀ ਲਾਡਲੀ ਧੀ ਸੀ।’’

ਉਨ੍ਹਾਂ ਨੇ ਅੱਗੇ ਕਿਹਾ, ‘‘ਇਹ ਪਤਾ ਹੈ ਕਿ ਸਮਨਿਦ ਸਲਤਨਤ ਦੀ ਸਰਪ੍ਰਸਤੀ ਹਾਸਲ ਕਵੀ ਰੁਦਾਕੀ, ਰਾਬੀਆ ਦੀ ਬੋਲਬਾਣੀ, ਭਾਸ਼ਾ ’ਤੇ ਪਕੜ ਅਤੇ ਕਾਵਿ ਰਚਨਾ ਤੋਂ ਪ੍ਰਭਾਵਿਤ ਸਨ।’’

ਦੱਸ ਦੇਈਏ ਕਿ ਸਮਨਿਦ ਰਾਜਵੰਸ਼ ਦਾ ਰਾਜਕਾਲ 819-999 (ਕਾਮਨ ਇਰਾ) ਸੀ ਅਤੇ ਇਨ੍ਹਾਂ ਦੀ ਸਰਪ੍ਰਸਤੀ ਵਿੱਚ ਹੀ ਫਿਰਦੌਸੀ ਵਰਗੇ ਮਹਾਨ ਕਵੀਆਂ ਨੇ ਆਪਣੀਆਂ ਰਚਨਾਵਾਂ ਕੀਤੀਆਂ। ਧਿਆਨ ਰੱਖਣਯੋਗ ਇਹ ਵੀ ਹੈ ਕਿ ਤਤਕਾਲੀ ਸਾਹਿਤ ਮਰਦ ਪ੍ਰਧਾਨ ਸੀ ਅਤੇ ਉਸ ਕਾਲ ਵਿੱਚੋਂ ਰਾਬੀਆ ਦਾ ਨਾਮ ਸਾਡੇ ਤੱਕ ਪਹੁੰਚਣਾ, ਉਨ੍ਹਾਂ ਦੀ ਕਲਾ ਦਾ ਸਬੂਤ ਹੈ। ਇਹ ਕੋਈ ਛੋਟੀ ਗੱਲ ਨਹੀਂ ਹੈ।

ਕੁਝ ਸਮੇਂ ਲਈ, ਇਹ ਸਭ ਕੁਝ ਖੁਸ਼ੀ ਦੇਣ ਵਾਲਾ ਸੀ।

"ਉਹ ਸੂਰਤ ਅਤੇ ਸੀਰਤ ਦੀ ਧਨੀ ਸੀ। ਉਹ ਮਟਕ ਨਾਲ ਤੁਰਦੀ ਸੀ ਅਤੇ ਖੁੱਲ੍ਹ ਕੇ ਬੇਬਾਕੀ ਨਾਲ ਗੱਲ ਕਰਦੀ ਕਿ ਬਹੁਤ ਸਾਰੇ ਲੋਕ ਉਸ ਦੇ ਪ੍ਰਸ਼ੰਸਕ ਬਣ ਜਾਂਦੇ।

"ਜਦੋਂ ਰਾਬੀਆ ਆਪਣੀਆਂ ਕਵਿਤਾਵਾਂ ਸੁਣਾਉਂਦੀ, ਤਾਂ ਆਪਣੇ ਸਮੇਂ ਦੇ ਕਵੀਆਂ ਅਤੇ ਲੇਖਕਾਂ ਨੂੰ ਹੈਰਾਨ ਕਰ ਦਿੰਦੀ। ਉਨ੍ਹਾਂ ਨੇ ਨਾ ਸਿਰਫ਼ ਆਪਣੇ ਮਾਪਿਆਂ ਦੇ ਹੀ ਨਹੀਂ ਸਗੋਂ ਸਮੁੱਚੇ ਬਲਖ ਵਾਸੀਆਂ ਦੇ ਦਿਲ ਵੀ ਮੋਹ ਲਏ ਸਨ।’’

ਹਾਲਾਂਕਿ ਹਾਰਿਸ, ਰਾਬੀਆ ਦਾ ਭਰਾ, ਰਾਬੀਆ ਦੀ ਚੜ੍ਹਤ ਤੋਂ ਖੁਸ਼ ਨਹੀਂ ਸੀ। ਸਗੋਂ ਬਹੁਤ ਜ਼ਿਆਦਾ ਈਰਖਾ ਕਰਦਾ ਸੀ।

ਇਸ ਲਈ, ਹਾਲਾਂਕਿ ਉਨ੍ਹਾਂ ਦੇ ਪਿਤਾ ਨੇ ਮਰਨ ਤੋਂ ਪਹਿਲਾਂ ਹਾਰਿਸ ਨੂੰ ਆਪਣੀ ਗੱਦੀ ਉੱਤੇ ਬਿਠਾਉਣ ਤੋਂ ਪਹਿਲਾਂ ਆਪਣੇ ਗੁੱਸੇ ਨੂੰ ਕਾਬੂ ਵਿੱਚ ਰੱਖਣ ਦੀ ਤਾਕੀਦ ਕੀਤੀ ਸੀ। ਪਰ ਉਹ ਆਪਣੇ ਪਿਤਾ ਦੀ ਨਸੀਹਤ ਉੱਤੇ ਅਮਲ ਨਾ ਕਰ ਸਕਿਆ ਅਤੇ ਰਾਬੀਆ ਦੇ ਅੰਤ ਦੀ ਵਜ੍ਹਾ ਬਣਿਆ।

ਲਹੂ ਨਾਲ ਲਿਖੇ ਖ਼ਤ

ਰਾਬੀਆ ਦਾ ਪੋਸਟਰ

ਤਸਵੀਰ ਸਰੋਤ, FARHAT CHIRA

ਤਸਵੀਰ ਕੈਪਸ਼ਨ, ਅਫਗਾਨਿਸਤਾਨ ਦੀ ਸੁਪਰੀਮ ਕੋਰਟ ਦੀ ਚਾਰ ਦੀਵਾਰੀ ਉੱਪਰ, ਤਾਲਿਬਾਨ ਦੇ ਕਬਜ਼ੇ ਤੋਂ ਪਹਿਲਾਂ ਲੱਗਿਆ ਰਾਬੀਆ ਦਾ ਇੱਕ ਪੋਸਟਰ

‘‘ਇੱਕ ਦਿਨ, ਜਦੋਂ ਰਾਬੀਆ ਆਪਣੀ ਛੱਜੇ ਵਿੱਚੋਂ ਬਾਗੀਚੇ ਨਿਹਾਰ ਰਹੀ ਸੀ, ਤਾਂ ਉਸ ਨੇ ਇੱਕ ਸੋਹਣੇ ਗੁਲਾਮ ਨੂੰ ਹਾਰਿਸ ਨੂੰ ਸ਼ਰਾਬ ਪਰੋਸਦਿਆਂ ਦੇਖਿਆ।

‘‘ਹਾਰਿਸ ਦੇ ਤੁਰਕ ਗੁਲਾਮ ਅਤੇ ਖ਼ਜ਼ਾਨੇ ਦੇ ਪਹਿਰੇਦਾਰ ਬਕਤਸ਼ ਨੇ ਰਾਬੀਆ ਦੇ ਦਿਲ ਮੋਹ ਲਿਆ।

‘‘ਉਸ ਪਲ ਨੇ ਰਾਬੀਆ ਦੀ ਪ੍ਰੇਮ ਕਹਾਣੀ ਅਤੇ ਕਵਿਤਾ, ਅਤੇ ਉਸ ਦੇ ਦੁਖਦਾਈ ਅੰਤ ਦਾ ਮੁੱਢ ਬੰਨ੍ਹਿਆ।’’

ਰਾਬੀਆ ਨੇ ਆਪਣੀ ਵਫ਼ਾਦਾਰ ਗੋਲੀ ਰਾਣਾ ਰਾਹੀਂ ਬਕਤਸ਼ ਨੂੰ ਪਿਆਰ ਭਰੇ ਪੱਤਰ ਭੇਜਣੇ ਸ਼ੁਰੂ ਕਰ ਦਿੱਤੇ।

‘‘ਉਹ ਹਾਜ਼ਰ ਵੀ ਤੇ ਨਦਾਰਦ ਵੀ! ਤੁਸੀਂ ਕਿੱਥੇ ਹੋ? ਆਓ ਅਤੇ ਮੇਰੀਆਂ ਅੱਖਾਂ ਅਤੇ ਮੇਰੇ ਦਿਲ ਨੂੰ ਸਕੂਨ ਲੈਣ ਦਿਓ, ਨਹੀਂ ਤਾਂ ਤਲਵਾਰ ਚੁੱਕੋ ਅਤੇ ਮੇਰੀ ਜ਼ਿੰਦਗੀ ਖਤਮ ਕਰ ਦਿਓ।’’

ਉਧਰੋਂ ਵੀ ਰਾਬੀਆ ਨੂੰ ਵੀ ਓਨਾ ਹੀ ਪਿਆਰ ਅਤੇ ਕਾਵਿਮਈ ਹੁੰਗਾਰਾ ਮਿਲਿਆ।

ਇਸੇ ਦੌਰਾਨ ਕੰਧਾਰ ਦੇ ਸ਼ਾਸਕ ਨੇ ਬਲਖ 'ਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ। ਹਾਰਿਸ ਨੂੰ ਆਪਣੇ ਸਲਾਹਕਾਰਾਂ ਨਾਲ ਸਲਾਹ-ਮਸ਼ਵਰੇ ਤੋਂ ਬਾਅਦ ਇਹ ਪਤਾ ਚੱਲ ਗਿਆ ਕਿ ਬਕਤਸ਼ ਦੀ ਮਦਦ ਤੋਂ ਬਿਨਾਂ ਉਹ ਆਪਣੇ ਦੁਸ਼ਮਣ ਨੂੰ ਨਹੀਂ ਹਰਾ ਸਕੇਗਾ।

ਹਾਰਿਸ ਨੇ ਉਸ ਨੂੰ ਕਿਹਾ ਕਿ ਜੇ ਉਹ ਆਪਣੇ ਦੁਸ਼ਮਣ ਨੂੰ ਮਾਰ ਸੁੱਟੇਗਾ, ਤਾਂ ਉਹ ਉਸ ਨੂੰ ਮੂੰਹ ਮੰਗਿਆ ਇਨਾਮ ਦੇਵੇਗਾ। ਬਕਤਸ਼ ਇਸ ਵਿੱਚ ਸਫਲ ਹੋ ਗਿਆ, ਪਰ ਕੋਸ਼ਿਸ਼ ਕਰਦੇ-ਕਰਦੇ ਉਹ ਲਗਭਗ ਮਰਿਆ ਹੀ ਗਿਆ।

"ਜਦੋਂ ਉਹ ਆਪਣੇ ਆਖਰੀ ਸਾਹਾਂ ’ਤੇ ਸੀ ਤਾਂ ਉਸ ਨੂੰ ਬਚਾਉਣ ਅਤੇ ਜੰਗ ਜਿੱਤਣ ਲਈ ਨਕਾਬਪੋਸ਼ ਚਿਹਰੇ ਨਾਲ ਇੱਕ ਫੌਜੀ ਜੰਗ ਦੇ ਮੈਦਾਨ ਵਿੱਚ ਦੌੜਦਾ ਹੋਇਆ ਉਸ ਵੱਲ ਆਇਆ। ਇਹ ਹੋਰ ਕੋਈ ਨਹੀਂ ਬਲਕਿ ਰਾਬੀਆ ਸੀ।’’

ਹਾਲਾਂਕਿ, ਜਦੋਂ ਹਾਰਿਸ ਨੂੰ ਪਤਾ ਲੱਗਿਆ ਕਿ ਉਹ ਇੱਕ-ਦੂਜੇ ਨੂੰ ਪਿਆਰ ਕਰਦੇ ਸਨ, ਤਾਂ ਉਸ ਨੇ ਬਕਤਸ਼ ਨੂੰ ਖੂਹ ਵਿੱਚ ਸੁੱਟਣ ਅਤੇ ਰਾਬੀਆ ਨੂੰ ਹਮਾਮ (ਤੁਰਕੀ ਦਾ ਇਸ਼ਨਾਨ ਘਰ) ਵਿੱਚ ਨਜ਼ਰਬੰਦ ਕਰਨ ਦਾ ਹੁਕਮ ਦਿੱਤਾ।

ਕਈਆਂ ਦਾ ਕਹਿਣਾ ਹੈ ਕਿ ਉਸ ਨੇ ਰਾਬੀਆ ਦੇ ਸ਼ਾਹ ਰਗ ਕੱਟਣ ਦੇ ਹੁਕਮ ਦਿੱਤੇ ਤਾਂ ਕਈਆਂ ਮੁਤਾਬਕ ਉਸਦੀ ਨਬਜ਼ ਕੱਟਣ ਦੇ ਹੁਕਮ ਸਨ। ਕੁਝ ਇਹ ਵੀ ਕਹਿੰਦੇ ਹਨ ਕਿ ਰਾਬੀਆ ਨੇ ਖ਼ੁਦ ਹੀ ਆਪਣੀ ਨਬਜ਼ ਨੂੰ ਕੱਟਿਆ ਸੀ।

ਹਾਲਾਂਕਿ ਉਹ ਸਾਰੇ ਇਸ ਗੱਲ ਨਾਲ ਸਹਿਮਤ ਹਨ ਕਿ ਰਾਬੀਆ ਨੇ ਸ਼ਾਹੀ ਗੁਸਲਖਾਨੇ ਦੀਆਂ ਕੰਧਾਂ ਉੱਤੇ ਆਪਣੇ ਖੂਨ ਨਾਲ ਆਪਣੀਆਂ ਆਖਰੀ ਆਇਤਾਂ ਲਿਖੀਆਂ ਸਨ।

‘‘ਮੈਂ ਤੁਹਾਡੇ ਪਿਆਰ ਦੀ ਗ਼ੁਲਾਮ ਹਾਂ; ਬਚਣ ਦੀ ਕੋਸ਼ਿਸ਼ ਕਰਨਾ ਸੰਭਵ ਨਹੀਂ ਹੈ।’’

‘‘ਪਿਆਰ ਬਿਨਾਂ ਸਰਹੱਦਾਂ ਵਾਲਾ ਮਹਾਸਾਗਰ ਹੈ ਜਿਸ ਵਿੱਚ ਕੋਈ ਸਿਆਣਾ ਤੈਰਨਾ ਨਹੀਂ ਚਾਹੇਗਾ।

‘‘ਜੇ ਤੁਸੀਂ ਅੰਤ ਵਿੱਚ ਪਿਆਰ ਚਾਹੁੰਦੇ ਹੋ ਤਾਂ ਤੁਹਾਨੂੰ ਉਹ ਸਵੀਕਾਰ ਕਰਨਾ ਹੋਵੇਗਾ ਜੋ ਸਵੀਕਾਰ ਨਹੀਂ ਕੀਤਾ ਜਾਂਦਾ, ਮੁਸ਼ਕਲਾਂ ਦਾ ਖੁਸ਼ੀ ਨਾਲ ਖੁਸ਼ਾਮਦੀਦ ਕਹੋ, ਜ਼ਹਿਰ ਪੀਓ ਪਰ ਇਸ ਨੂੰ ਸ਼ਹਿਦ ਕਹੋ।’’

ਕੁਝ ਦਿਨਾਂ ਬਾਅਦ ਰਾਣਾ ਦੀ ਮਦਦ ਨਾਲ ਬਕਤਸ਼ ਖੂਹ ਤੋਂ ਬਾਹਰ ਨਿਕਲਣ ਵਿੱਚ ਕਾਮਯਾਬ ਹੋ ਗਿਆ।

ਉਸ ਨੇ ਹਾਰਿਸ ਦਾ ਸਿਰ ਵੱਢ ਦਿੱਤਾ ਅਤੇ ਹਮਾਮ ਵਿੱਚ ਦੇਖਿਆ ਕਿ ‘‘ਰਾਬੀਆ ਦਾ ਖ਼ੂਬਸੂਰਤ ਪਰ ਬੇਜਾਨ ਸਰੀਰ ਉਸ ਦੇ ਲਹੂ ਨਾਲ ਲੱਥਪੱਥ ਫਰਸ਼ ਉੱਤੇ ਪਿਆ ਸੀ ਅਤੇ ਕੰਧਾਂ ਉਸ ਦੀਆਂ ਆਖਰੀ ਪਿਆਰ ਕਵਿਤਾਵਾਂ ਨਾਲ ਸਜੀਆਂ ਸਨ।’’

‘‘ਉਹ ਜ਼ਮੀਨ ’ਤੇ ਡਿੱਗ ਪਿਆ ਅਤੇ ਆਪਣੇ ਪ੍ਰੇਮਿਕਾ ਨਾਲ ਆਪਣੀ ਜਾਨ ਦੇ ਦਿੱਤੀ।’’

ਇੱਕ ਔਰਤ, ਦੋ ਚਿਹਰੇ

ਬਲਖ ਵਿੱਚ ਰਾਬੀਆ ਦੀ ਕਬਰ

ਤਸਵੀਰ ਸਰੋਤ, SHAMIM HOMAYUN

ਤਸਵੀਰ ਕੈਪਸ਼ਨ, ਬਲਖ ਵਿੱਚ ਰਾਬੀਆ ਦੀ ਕਬਰ। ਇੱਥੇ ਕੁਝ ਸ਼ਰਧਾਲੂ ਉਸ ਨੂੰ ਮੁਸਲਿਮ ਸੰਤ ਅਤੇ ਕਈ ਇਸਤਰੀ ਹੱਕਾਂ ਦੀ ਪ੍ਰਤੀਕ ਮੰਨ ਕੇ ਸਿਜਦਾ ਕਰਨ ਆਉਂਦੇ ਹਨ

ਫਰਜ਼ਾਦ ਮੁਤਾਬਕ,‘‘ਉਨ੍ਹਾਂ ਦੀ ਮੌਤ ਤੋਂ ਬਾਅਦ ਸਦੀਆਂ ਤੱਕ ਹੋਰ ਕਵੀਆਂ ਨੇ ਰਾਬੀਆ ਦੇ ਗੁਣਾਂ ਅਤੇ ਉਨ੍ਹਾਂ ਦੀ ਖ਼ੂਬਸੂਰਤੀ ਦਾ ਜ਼ਿਕਰ ਕੀਤਾ।’’

ਉਨ੍ਹਾਂ ਵਿੱਚੋਂ ਇੱਕ, ਅਬੂ ਸਈਦ ਅਬੂ ਅਲ-ਖੈਰ (ਮੌਤ 1049), ਪਹਿਲੇ ਸੂਫ਼ੀ ਕਵੀ। ਸਾਡੀ ਇਹ ਸਮਝਣ ਵਿੱਚ ਮਦਦ ਕਰਦੇ ਹਨ ਕਿ ਉਸ ਪ੍ਰੇਮ ਕਹਾਣੀ ਦੀ ਨਾਇਕਾ ਨੂੰ ਫ਼ਕੀਰ ਕਿਉਂ ਮੰਨਿਆ ਗਿਆ ਹੈ, ਭਾਵੇਂ ਕਿ ਰਵਾਇਤੀ ਅਰਥਾਂ ਵਿੱਚ ਉਨ੍ਹਾਂ ਦੀਆਂ ਕਵਿਤਾਵਾਂ ਘੱਟੋ-ਘੱਟ ਈਸ਼ਵਰ ਦੀ ਮਹਿਮਾ ਕਰਨ ਤੋਂ ਬਹੁਤ ਦੂਰ ਹਨ।

ਹੋਮਾਯੂੰ ਦਾ ਮੰਨਣਾ ਹੈ ਕਿ ਅਲ-ਖੈਰ ਨੇ ਰਾਬੀਆ ਵੱਲੋਂ ਮਹਿਸੂਸ ਕੀਤੇ ਗਏ ਪਿਆਰ ਦੀ ਪ੍ਰਕਿਰਤੀ ਬਾਰੇ ਸੋਚਿਆ ਅਤੇ ‘‘ਇਹ ਸਿੱਟਾ ਕੱਢਿਆ ਕਿ ਇਹ ਇੰਨਾ ਤੀਬਰ ਸੀ ਕਿ ਇਸ ਦਾ ਮੂਲ ਸਿਰਫ ਹਕੀਕੀ ਹੀ ਹੋ ਸਕਦਾ ਹੈ।’’

ਹਾਲਾਂਕਿ ਅਬੂ ਸਈਦ ਦੀ ਲਿਖਤ ਹੁਣ ਮੌਜੂਦ ਨਹੀਂ ਹੈ ਪਰ ਹੋਮਾਯੂੰ ਦੱਸਦੇ ਹਨ ਕਿ ਉਹ 13ਵੀਂ ਸਦੀ ਵਿੱਚ ਫ਼ਾਰਸੀ ਕਵੀ ਫ਼ਰੀਦ ਅਲ-ਦੀਨ ‘ਅਤਾਰ ਦੁਆਰਾ ਰਾਬੀਆ ਦੀ ਕਹਾਣੀ ਨੂੰ ਦੁਬਾਰਾ ਸਾਹਮਣੇ ਲਿਆਉਣ ਕਾਰਨ ਜਾਣੇ ਜਾਂਦੇ ਹਨ।

ਮਾਹਰ ਦੱਸਦੇ ਹਨ ਕਿ ਦੋਵਾਂ ਕਵੀਆਂ ਦੀ ਪ੍ਰੇਰਣਾ ਇਹ ਦਰਸਾਉਣਾ ਸੀ ਕਿ ਰਾਬੀਆ ਇੱਕ ਸੱਚੀ ਸੂਫ਼ੀ ਸੀ।

ਉਸ ਵਿਆਖਿਆ ਦੇ ਅਨੁਸਾਰ, ਬਕਤਸ਼ ਪ੍ਰਤੀ ਉਸ ਦਾ ਪਿਆਰ ਦੁਨਿਆਵੀ ਵਾਸਨਾ ਤੋਂ ਪ੍ਰੇਰਿਤ ਨਹੀਂ ਸੀ, ਸਗੋਂ ਉਸ ਦਾ ਪਿਆਰਾ ਇੱਕ ਸਾਧਨ ਸੀ ਜਿਸ ਜ਼ਰੀਏ ਉਸ ਨੇ ਰੱਬੀ ਪ੍ਰੇਮ ਦਾ ਪ੍ਰਗਟਾਵਾ ਕੀਤਾ ਸੀ।

ਹਾਲਾਂਕਿ, ਖ਼ਾਸ ਕਰਕੇ ਦੂਜਿਆਂ ਲਈ ਰਾਬੀਆ ਨਾਰੀ ਸਾਹਸ ਦੀ ਸਮਾਨਾਰਥੀ ਹੈ, ਅਤੇ ਉਹ ਵਿਰੋਧ ਦੇ ਪ੍ਰਤੀਕ ਵਜੋਂ ਇਸ ਦੀ ਵਿਰਾਸਤ ਦਾ ਦਾਅਵਾ ਕਰਦੇ ਹਨ।

ਇਬਤਿਕਾਰ ਕਹਿੰਦੇ ਹਨ ਕਿ ਅਫ਼ਗਾਨਿਸਤਾਨ (ਕਾਬੁਲ, 2018) ਵਿੱਚ ਮਹਾਨ ਔਰਤਾਂ ਦੀ ਇੱਕ ਪ੍ਰਦਰਸ਼ਨੀ ਵਿੱਚ ਅਫ਼ਗਾਨ ਕਲਾਕਾਰ ਅਤੇ ਫੋਟੋਗ੍ਰਾਫਰ ਰਾਦਾ ਅਕਬਰ ਨੇ ਰਾਬੀਆ ਨੂੰ "ਪਿਤਰਸੱਤਾ ਦੇ ਬਾਗੀ ਦੇ ਪ੍ਰਤੀਕ ਅਤੇ ਸਾਨੂੰ [ਅਫ਼ਗਾਨ ਔਰਤਾਂ] ਪ੍ਰਗਟਾਵੇ ਅਤੇ ਪਿਆਰ ਦੀ ਆਜ਼ਾਦੀ ਦੀ ਜੋ ਕੀਮਤ ਸਾਨੂੰ (ਅਫ਼ਗਾਨ ਔਰਤਾਂ) ਤਾਰਨ ਲਈ ਮਜਬੂਰ ਕੀਤਾ ਗਿਆ ਹੈ, ਇਹ ਉਸ ਦੀ ਕਠੋਰ ਤੇ ਨਿਰੰਤਰ ਯਾਦ ਦਿਵਾਉਂਦਾ ਹੈ।’’

ਕਈ ਦਹਾਕੇ ਪਹਿਲਾਂ, ਜਦੋਂ ਅਫ਼ਗਾਨਿਸਤਾਨ ਦੀ ਪਹਿਲੀ ਸੁਤੰਤਰ ਫਿਲਮ ‘‘ਰਾਬੀਆ ਖ਼ਲਜੀ’’ ਜਾਰੀ ਹੋਈ ਸੀ, ਤਾਂ ਪ੍ਰਸਿੱਧ ਮੈਗਜ਼ੀਨ ‘ਜ਼ਵਦੁਨ’ ਵਿੱਚ ਇੱਕ ਲੇਖ ਪ੍ਰਕਾਸ਼ਿਤ ਹੋਇਆ ਜਿਸ ਦੀ ਸ਼ੁਰੂਆਤ ਇਸ ਤਰ੍ਹਾਂ ਹੋਈ ਸੀ: ‘‘ਰਾਬੀਆ ਦੀ ਕਹਾਣੀ ਸਾਡੇ ਸਮਾਜ ਦੀਆਂ ਔਰਤਾਂ ਦੇ ਘੁੱਟੇ ਹੋਏ ਗਲਿਆਂ ਦੀਆਂ ਚੀਕਾਂ ਦੀ ਕਹਾਣੀ ਹੈ।’’

ਰਾਬੀਆ

ਤਸਵੀਰ ਸਰੋਤ, WORLD DIGITAL LIBRARY, LIBRARY OF CONGRESS

‘‘ਇਹ ਹੁਣ ਨਹੀਂ ਕੀਤਾ ਜਾ ਸਕਦਾ’’

ਇਹ ਉਸ ਫਿਲਮ ਵਿੱਚ ਸੀ ਜਿਸ ਵਿੱਚ ਅਬਦੁੱਲਾ ਸ਼ਾਦਾਨ ਨੇ ਬਕਤਸ਼ ਦੀ ਭੂਮਿਕਾ ਨਿਭਾਈ ਸੀ, ਅਤੇ ਉਨ੍ਹਾਂ ਨੂੰ ਸਹਿਜ਼ਾਦੀ ਨਾਲ ਪਿਆਰ ਹੋ ਗਿਆ ਸੀ, ਜਾਂ ਕਹੀਏ ਕਿ ਸੀਮਾ ਨਾਲ, ਉਸ ਅਭਿਨੇਤਰੀ ਜਿਸ ਨੇ ਰਾਬੀਆ ਦਾ ਕਿਰਦਾਰ ਨਿਭਾਇਆ ਸੀ, ਜਿਸ ਨਾਲ ਉਨ੍ਹਾਂ ਨੇ ਵਿਆਹ ਕੀਤਾ ਸੀ, ਇੱਕ ਅਜਿਹਾ ਵਿਆਹ ਜਿਸ ਨੇ ਸਨਸਨੀ ਫੈਲਾ ਦਿੱਤੀ ਸੀ।

ਸ਼ਾਦਾਨ ਨੇ ਬੀਬੀਸੀ ਮੁੰਡੋ ਨੂੰ ਦੱਸਿਆ, ‘‘ਇਹ ਬੇਹੱਦ ਪ੍ਰਸਿੱਧ ਫਿਲਮਾਂ ਵਿੱਚੋਂ ਇੱਕ ਹੈ, ਪਰ ਅਜਿਹਾ ਕੁਝ ਹੁਣ ਤਾਲਿਬਾਨ ਦੇ ਅਧੀਨ ਨਹੀਂ ਕੀਤਾ ਜਾ ਸਕਦਾ: ਲਗਭਗ 40 ਔਰਤਾਂ ਨੇ ਇਸ ’ਤੇ ਕੰਮ ਕੀਤਾ ਸੀ!’’

ਸਿਰਫ਼ ਇਹ ਹੀ ਨਹੀਂ: ਫਿਲਮ ਦੀ ਰਾਬੀਆ ਇੱਕ ਭਾਵੁਕ, ਆਜ਼ਾਦ ਅਤੇ ਮਜ਼ਬੂਤ ਰਾਣੀ ਹੈ। ਇਹੀ ਨਹੀਂ ਉਹ ਉਹ ਅਤੇ ਹੋਰ ਔਰਤਾਂ ਕਾਬੁਲ ਵਿੱਚ 1970 ਦੇ ਦਹਾਕੇ ਦੇ ਫੈਸ਼ਨੇਬਲ ਸਟਾਈਲ ਵਿੱਚ ਆਲੀਸ਼ਾਨ, ਤੰਗ-ਫਿਟਿੰਗ ਵਾਲੇ ਕੱਪੜਿਆਂ ਨਾਲ ਸਜੀਆਂ ਹੋਈਆਂ ਅਤੇ ਵਾਲਾਂ ਦੇ ਸਟਾਈਲ ਬਣਾਉਂਦੀਆਂ ਹੋਈਆਂ ਦਿਖਾਈ ਦਿੰਦੀਆਂ ਹਨ।

ਅਸਲ ਵਿੱਚ, ਇਹ ਫਿਲਮ 1996 ਵਿੱਚ ਤਾਲਿਬਾਨ ਦੇ ਸੈਂਸਰਸ਼ਿਪ ਤੋਂ ਬਚਾਈਆਂ ਗਈਆਂ ਫਿਲਮਾਂ ਵਿੱਚੋਂ ਇੱਕ ਸੀ। ਕਾਬੁਲ ਵਿੱਚ ਨੈਸ਼ਨਲ ਫਿਲਮ ਆਰਕਾਈਵ ਦੇ ਕਰਮਚਾਰੀਆਂ ਨੇ ਫੁਰਤੀ ਨਾਲ ਬਣਾਈ ਗਈ ਨਕਲੀ ਕੰਧ ਦੇ ਪਿੱਛੇ ਲਗਭਗ 6,000 ਬਹੁਮੁੱਲੀਆਂ ਅਫ਼ਗਾਨ ਫਿਲਮਾਂ ਨੂੰ ਲੁਕਾ ਦਿੱਤਾ ਸੀ।

ਹਾਲਾਂਕਿ, ਬਲਖ ਵਿੱਚ ਰਾਬੀਆ ਦੇ ਯਾਦਗਾਰੀ ਸਥਾਨ ਨੂੰ ਬੰਦ ਕਰ ਦਿੱਤਾ ਗਿਆ ਸੀ, ਕਿਉਂਕਿ ਇਸ ਨੂੰ ਸਮਾਜਿਕ ਭ੍ਰਿਸ਼ਟਾਚਾਰ ਦਾ ਅੱਡਾ ਮੰਨਿਆ ਜਾਂਦਾ ਸੀ।

ਇਸ ਤੋਂ ਪਹਿਲਾਂ ਅਤੇ ਬਾਅਦ ਵਿੱਚ ਸਕੂਲਾਂ ਤੋਂ ਲੈ ਕੇ ਹਸਪਤਾਲਾਂ ਤੱਕ ਕਈ ਮਹਿਲਾ ਸੰਸਥਾਵਾਂ ਦੇ ਨਾਮ ਉਨ੍ਹਾਂ ਦੇ ਨਾਮ ਉੱਤੇ ਰੱਖੇ ਗਏ, ਜਿੱਥੇ ਅੱਜ ਅਫ਼ਗਾਨ ਔਰਤਾਂ ਲਈ ਪੜ੍ਹਨਾ ਜਾਂ ਕੰਮ ਕਰਨਾ ਫਿਰ ਤੋਂ ਮੁਸ਼ਕਲ ਹੋ ਗਿਆ ਹੈ।

ਹਾਲਾਂਕਿ, ਇਬਤਿਕਾਰ ਕਹਿੰਦੇ ਹਨ, ‘‘ਰਾਬੀਆ ਦੀ ਵਿਰਾਸਤ ਨੌਜਵਾਨ ਔਰਤਾਂ ਨੂੰ ਉਨ੍ਹਾਂ ਦੇ ਸਮਾਜ ਅੰਦਰ ਮੜ੍ਹੀਆਂ ਗਈਆਂ ਅਣਉਚਿਤ ਬੰਦਿਸ਼ਾਂ (ਅਤੇ ਵਿਸ਼ਵ ਦ੍ਰਿਸ਼ਟੀਕੋਣਾਂ) ਨੂੰ ਚੁਣੌਤੀ ਦੇਣ ਅਤੇ ਉਨ੍ਹਾਂ ਤੋਂ ਉੱਪਰ ਉੱਠਣ ਲਈ ਪ੍ਰੇਰਿਤ ਕਰਦੀ ਹੈ।’’

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)