ਅਰਸ਼ ਡਾਲਾ : ਭਾਰਤ ਵਲੋਂ ਅੱਤਵਾਦੀ ਐਲਾਨੇ ਕੈਨੇਡਾ ਵੱਸਦੇ ‘ਗੈਂਗਸਟਰ’ ਦੇ ਪਿੰਡ ਵਾਲਿਆਂ ਨੇ ਉਸ ਬਾਰੇ ਕੀ ਦੱਸਿਆ

ਅਰਸ਼ ਡਾਲਾ

ਤਸਵੀਰ ਸਰੋਤ, Punjab Police

ਤਸਵੀਰ ਕੈਪਸ਼ਨ, ਕੈਨੇਡਾ ਪੁਲਿਸ ਨੇ ਅਰਸ਼ ਡਾਲਾ ਨੂੰ ਗੋਲੀਬਾਰੀ ਦੇ ਇੱਕ ਮਾਮਲੇ ਵਿੱਚ ਗ੍ਰਿਫ਼ਤਾਰ ਕੀਤਾ ਹੈ
    • ਲੇਖਕ, ਸੁਰਿੰਦਰ ਸਿੰਘ ਮਾਨ
    • ਰੋਲ, ਬੀਬੀਸੀ ਸਹਿਯੋਗੀ

ਕੈਨੇਡਾ ਪੁਲਿਸ ਵੱਲੋਂ ਓਨਟਾਰੀਓ ਸੂਬੇ ਵਿੱਚ ਭਾਰਤ ਸਰਕਾਰ ਵੱਲੋਂ ‘ਅੱਤਵਾਦੀ’ ਐਲਾਨੇ ਗਏ ਅਰਸ਼ਦੀਪ ਸਿੰਘ ਉਰਫ਼ ਅਰਸ਼ ਡਾਲਾ ਨੂੰ ਗ੍ਰਿਫਤਾਰ ਕੀਤੇ ਜਾਣ ਤੋਂ ਬਾਅਦ ਡਾਲਾ ਇੱਕ ਵਾਰ ਫਿਰ ਸੁਰਖੀਆਂ ਵਿਚ ਆ ਗਿਆ ਹੈ।

ਇੱਕ ਗੋਲੀਬਾਰੀ ਦੀ ਘਟਨਾ ਤੋਂ ਬਾਅਦ ਕੈਨੇਡਾ ਦੀ ਹਾਲਟਨ ਰੀਜਨਲ ਪੁਲਿਸ ਸਰਵਿਸ ਨੇ ਦੋ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਸੀ, ਜਿਨ੍ਹਾਂ ਵਿੱਚੋਂ ਇਕ ਦੀ ਪਛਾਣ ਅਰਸ਼ ਡਾਲਾ ਵਜੋਂ ਦੱਸੀ ਜਾ ਰਹੀ ਹੈ।

27 ਸਾਲਾਂ ਦੇ ਅਰਸ਼ ਡਾਲਾ ਜ਼ਿਲ੍ਹਾ ਮੋਗਾ ਅਧੀਨ ਪੈਂਦੇ ਪਿੰਡ ਡਾਲਾ ਦੇ ਜੰਮਪਲ ਹਨ।

ਬੀਬੀਸੀ ਪੰਜਾਬੀ
ਤਸਵੀਰ ਕੈਪਸ਼ਨ, ਬੀਬੀਸੀ ਪੰਜਾਬੀ ਦੇ ਵੱਟਸਐਪ ਚੈਨਲ ਨਾਲ ਜੁੜਨ ਲਈ ਇਸ ਲਿੰਕ ’ਤੇ ਕਲਿੱਕ ਕਰੋ

ਅਸਲ ਵਿਚ ਅਰਸ਼ ਡਾਲਾ ਦਾ ਨਾਂ ਉਸ ਵੇਲੇ ਚਰਚਾ ਵਿਚ ਆਇਆ ਸੀ, ਜਦੋਂ 2018 ਵਿਚ ਤਤਕਾਲੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਖਾਲਿਸਤਾਨ ਸਮਰਥਕਾਂ ਦੀ ਜਿਹੜੀ ਸੂਚੀ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੂੰ ਸੌਂਪੀ ਸੀ, ਉਸ ਵਿਚ ਵੀ ਡਾਲਾ ਦਾ ਨਾਂ ਦਰਜ ਕੀਤਾ ਗਿਆ ਸੀ।

ਭਾਰਤ ਸਰਕਾਰ ਦੇ ਗ੍ਰਹਿ ਮੰਤਰਾਲੇ ਨੇ ਜੁਲਾਈ 2023 ਵਿਚ ਅਰਸ਼ ਡਾਲਾ ਨੂੰ ਖਾਲਿਸਤਾਨ ਸਮਰਥਕਾਂ ਨਾਲ ਸਬੰਧ ਰੱਖਣ ਕਾਰਨ ‘ਅੱਤਵਾਦੀ’ ਐਲਾਨ ਦਿੱਤਾ ਸੀ।

ਭਾਰਤੀ ਵਿਦੇਸ਼ ਮੰਤਰਾਲੇ ਦੀ ਪ੍ਰਤੀਕਿਰਿਆ

ਭਾਰਤੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਣਧੀਰ ਜਾਇਸਵਾਲ

ਤਸਵੀਰ ਸਰੋਤ, ANI

ਤਸਵੀਰ ਕੈਪਸ਼ਨ, ਭਾਰਤੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਣਧੀਰ ਜਾਇਸਵਾਲ ਨੇ ਕਿਹਾ ਹੈ ਕਿ ਭਾਰਤ ਨੇ ਅਰਸ਼ ਡਾਲਾ ਦੀ ਹਵਾਲਗੀ ਮੰਗੀ ਹੈ

ਅਰਸ਼ ਡਾਲਾ ਦੀ ਗ੍ਰਿਫ਼ਤਾਰੀ ʼਤੇ ਭਾਰਤੀ ਵਿਦੇਸ਼ ਮੰਤਰਾਲੇ ਨੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ।

ਭਾਰਤੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਣਧੀਰ ਜਾਇਸਵਾਲ ਨੇ ਮੀਡੀਆ ਵੱਲੋਂ ਪੱਛੇ ਗਏ ਸਵਾਲਾਂ ਦੇ ਜਵਾਬ ਵਿੱਚ ਕਿਹਾ ਕਿ 10 ਨਵੰਬਰ ਦੀਆਂ ਮੀਡੀਆ ਰਿਪੋਰਟਾਂ ਤੋਂ ਪਤਾ ਲੱਗਾ ਹੈ ਕਿ ਖਾਲਿਸਤਾਨ ਟਾਈਗਰ ਫੋਰਸ ਦੇ ਡੀ-ਫੈਕਟੋ ਚੀਫ ਅਰਸ਼ ਸਿੰਘ ਗਿੱਲ ਉਰਫ਼ ਅਰਸ਼ ਡਾਲਾ ਦੀ ਗ੍ਰਿਫ਼ਤਾਰੀ ਹੋ ਗਈ ਹੈ।

ਉਨ੍ਹਾਂ ਨੇ ਕਿਹਾ, "ਅਸੀਂ ਸਮਝਦੇ ਹਾਂ ਕਿ ਓਨਟਾਰੀਓ ਕੋਰਟ ਨੇ ਕੇਸ ਨੂੰ ਸੁਣਵਾਈ ਲਈ ਸੂਚੀਬੱਧ ਕੀਤਾ ਹੈ। ਅਰਸ਼ ਡਾਲਾ 50 ਤੋਂ ਵੱਧ ਕਤਲ, ਕਤਲ ਦੀ ਕੋਸ਼ਿਸ਼, ਜਬਰੀ ਵਸੂਲੀ ਅਤੇ ਦਹਿਸ਼ਤੀ ਫੰਡਿੰਗ ਸਮੇਤ ਅੱਤਵਾਦੀ ਕਾਰਵਾਈਆਂ ਦੇ ਕੇਸਾਂ ਵਿੱਚ ਭਗੌੜਾ ਹੈ।"

"ਮਈ 2022 ਵਿੱਚ, ਉਸਦੇ ਖ਼ਿਲਾਫ਼ ਰੈੱਡ ਕਾਰਨਰ ਨੋਟਿਸ ਜਾਰੀ ਕੀਤਾ ਗਿਆ ਸੀ। ਉਸ ਨੂੰ 2023 ਵਿੱਚ ਭਾਰਤ ਵਿੱਚ ਇੱਕ ਵਿਅਕਤੀਗਤ ਅੱਤਵਾਦੀ ਵਜੋਂ ਨਾਮਜ਼ਦ ਕੀਤਾ ਗਿਆ ਸੀ। ਜੁਲਾਈ 2023 ਵਿੱਚ, ਭਾਰਤ ਸਰਕਾਰ ਨੇ ਉਸ ਦੀ ਆਰਜ਼ੀ ਗ੍ਰਿਫ਼ਤਾਰੀ ਲਈ ਕੈਨੇਡੀਅਨ ਸਰਕਾਰ ਨੂੰ ਬੇਨਤੀ ਕੀਤੀ ਸੀ। ਇਸ ਨੂੰ ਅਸਵੀਕਾਰ ਕੀਤਾ ਗਿਆ ਸੀ। ਇਸ ਮਾਮਲੇ 'ਚ ਹੋਰ ਜਾਣਕਾਰੀ ਵੀ ਮੁਹੱਈਆ ਕਰਵਾਈ ਗਈ ਸੀ।"

ਵਿਦੇਸ਼ ਮੰਤਰਾਲੇ ਵੱਲੋਂ ਜਾਰੀ ਬਿਆਨ ਵਿੱਚ ਕਿਹਾ ਗਿਆ ਹੈ ਕਿ ਮਿਊਚਲ ਲੀਗਲ ਅਸਿਸਟੈਂਸ ਟ੍ਰਿਟੀ (ਐੱਮਐੱਲਏਟੀ) ਦੇ ਤਹਿਤ ਕੈਨੇਡਾ ਨੂੰ ਇੱਕ ਵੱਖਰੀ ਬੇਨਤੀ ਵੀ ਭੇਜੀ ਗਈ ਸੀ ਜਿਸ ਵਿੱਚ ਅਰਸ਼ ਡਾਲਾ ਦਾ ਸ਼ੱਕੀ ਪਤਾ, ਭਾਰਤ ਵਿੱਚ ਉਸ ਦੇ ਵਿੱਤੀ ਲੈਣ-ਦੇਣ, ਚੱਲ ਅਤੇ ਅਚੱਲ ਜਾਇਦਾਦ, ਮੋਬਾਈਲ ਨੰਬਰ ਆਦਿ ਨਾਲ ਸਬੰਧਤ ਜਾਣਕਾਰੀ ਦੀ ਪੁਸ਼ਟੀ ਕਰਨ ਲਈ ਕਿਹਾ ਗਿਆ ਸੀ।

ਇਸ ਦੀ ਸਾਰੀ ਜਾਣਕਾਰੀ ਕੈਨੇਡਾ ਨੂੰ ਜਨਵਰੀ 2023 ਵਿੱਚ ਹੀ ਮੁਹੱਈਆ ਕਰਵਾਈ ਗਈ ਸੀ। ਦਸੰਬਰ 2023 ਵਿੱਚ, ਕੈਨੇਡੀਅਨ ਨਿਆਂ ਮੰਤਰਾਲੇ ਨੇ ਇਸ ਕੇਸ ਵਿੱਚ ਵਾਧੂ ਜਾਣਕਾਰੀ ਮੰਗੀ ਸੀ। ਇਸ ਦਾ ਜਵਾਬ ਇਸ ਸਾਲ ਮਾਰਚ ਵਿੱਚ ਭੇਜਿਆ ਗਿਆ ਸੀ।

ਉਨ੍ਹਾਂ ਨੇ ਅੱਗੇ ਕਿਹਾ, "ਹਾਲੀਆ ਗ੍ਰਿਫ਼ਤਾਰੀ ਦੇ ਮੱਦੇਨਜ਼ਰ, ਸਾਡੀਆਂ ਏਜੰਸੀਆਂ ਹਵਾਲਗੀ ਦੀ ਬੇਨਤੀ 'ਤੇ ਪੈਰਵੀ ਕਰਨਗੀਆਂ। ਅਰਸ਼ ਡਾਲਾ ਦੇ ਭਾਰਤ ਵਿੱਚ ਅਪਰਾਧਿਕ ਰਿਕਾਰਡ ਅਤੇ ਕੈਨੇਡਾ ਵਿੱਚ ਇਸੇ ਤਰ੍ਹਾਂ ਦੀਆਂ ਗ਼ੈਰ-ਕਾਨੂੰਨੀ ਗਤੀਵਿਧੀਆਂ ਵਿੱਚ ਉਸਦੀ ਸ਼ਮੂਲੀਅਤ ਦੇ ਮੱਦੇਨਜ਼ਰ, ਇਹ ਉਮੀਦ ਕੀਤੀ ਜਾਂਦੀ ਹੈ ਕਿ ਉਸ ਨੂੰ ਭਾਰਤ ਵਿੱਚ ਨਿਆਂ ਦਾ ਸਾਹਮਣਾ ਕਰਨ ਲਈ ਹਵਾਲਗੀ ਜਾਂ ਦੇਸ਼ ਨਿਕਾਲਾ ਦਿੱਤਾ ਜਾਵੇਗਾ।"

ਕੌਣ ਹੈ ਅਰਸ਼ ਡਾਲਾ

ਅਰਸ਼ ਡਾਲਾ

ਤਸਵੀਰ ਸਰੋਤ, ਸੁਰਿੰਦਰ ਸਿੰਘ ਮਾਨ

ਤਸਵੀਰ ਕੈਪਸ਼ਨ, ਅਰਸ਼ ਡਾਲਾ ਦੇ ਜੱਦੀ ਪਿੰਡ ਡਾਲਾ ਵਿੱਚ ਉਸ ਦੇ ਘਰ ਨੂੰ ਤਾਲਾ ਲੱਗਿਆ ਹੋਇਆ ਹੈ।

ਕਰੀਬ ਪੰਜ ਮਹੀਨੇ ਪਹਿਲਾਂ ਸੀਬੀਆਈ-ਕਮ-ਐੱਨਆਈਏ ਦੀ ਮੁਹਾਲੀ ਸਥਿਤ ਅਦਾਲਤ ਦੇ ਹੁਕਮਾਂ ਤੋਂ ਬਾਅਦ ਅਰਸ਼ ਡਾਲਾ ਦੇ ਘਰ ਬਾਹਰ ਐੱਨਆਈਏ ਦੀ ਟੀਮ ਵੱਲੋਂ ਉਸ ਦੇ ਵੱਖ-ਵੱਖ ਕੇਸਾਂ ਵਿਚ ਲਗਾਤਾਰ ਫਰਾਰ ਚੱਲਣ ਦੇ ਨੋਟਿਸ ਵੀ ਚਿਪਕਾਏ ਗਏ ਸਨ।

ਇਸ ਵੇਲੇ ਅਰਸ਼ ਡਾਲਾ ਦੇ ਜੱਦੀ ਪਿੰਡ ਡਾਲਾ ਵਿੱਚ ਉਸ ਦੇ ਘਰ ਨੂੰ ਤਾਲਾ ਲੱਗਿਆ ਹੋਇਆ ਹੈ।

ਪਿੰਡ ਦੇ ਲੋਕਾਂ ਮੁਤਾਬਕ ਅਰਸ਼ ਡਾਲਾ ਇਕ ਸਾਧਾਰਨ ਪਰਿਵਾਰ ਦਾ ਮੁੰਡਾ ਹੈ। ਲੋਕਾਂ ਨੇ ਦੱਸਿਆ ਕਿ ਪਿਛਲੇ 6-7 ਸਾਲਾਂ ਤੋਂ ਅਰਸ਼ ਡਾਲਾ ਦੇ ਘਰ ਕੋਈ ਨਹੀਂ ਆਇਆ ਹੈ।

ਪਿੰਡ ਦੇ ਲੋਕਾਂ ਅਨੁਸਾਰ ਅਰਸ਼ ਡਾਲਾ ਦੇ ਘਰ ਦੇ ਮੁੱਖ ਦਰਵਾਜ਼ੇ ਨੂੰ ਲੱਗੇ ਜਿੰਦਰੇ ਨੂੰ ਚੈੱਕ ਕਰਨ ਕਦੇ-ਕਦੇ ਪੁਲਿਸ ਮੁਲਾਜ਼ਮ ਆਉਂਦੇ ਰਹਿੰਦੇ ਹਨ ਜਾਂ ਫਿਰ ਐੱਨਆਈਏ ਵਾਲੇ ਇਥੇ ਛਾਪਾ ਮਾਰਦੇ ਹਨ।

ਅਰਸ਼ ਡਾਲਾ ਵਿਰੁੱਧ ਪਹਿਲਾ ਕੇਸ 2016 ਵਿੱਚ ਦਰਜ ਹੋਇਆ ਸੀ।

ਪੁਲਿਸ ਰਿਕਾਰਡ ਮੁਤਾਬਕ ਅਰਸ਼ ਡਾਲਾ ਖਿਲਾਫ਼ ਸਾਲ 2016 ਵਿਚ ਪਹਿਲਾ ਕੇਸ ਇਕ ਬੈਂਕ ਦੇ ਗਾਰਡ ਤੋਂ ਅਸਲਾ ਖੋਹਣ ਦੇ ਇਲਜ਼ਾਮਾਂ ਹੇਠ ਦਰਜ ਕੀਤਾ ਗਿਆ ਸੀ।

ਐੱਨਆਈਏ ਦੇ ਅਧਿਕਾਰੀ ਆਪਣੇ ਛਾਪਿਆਂ ਵੇਲੇ ਗੈਂਗਸਟਰਾਂ ਜਾਂ ਅੱਤਵਾਦੀਆਂ ਦੇ ਸਬੰਧ ਵਿਚ ਕਿਸੇ ਤਰ੍ਹਾਂ ਦੀ ਜਾਣਕਾਰੀ ਮੁਹੱਈਆ ਨਹੀਂ ਕਰਵਾਉਂਦੇ।

ਉਧਰ, ਪੰਜਾਬ ਪੁਲਿਸ ਦੇ ਰਿਕਾਰਡ ਮੁਤਾਬਕ ਅਰਸ਼ ਡਾਲਾ ਸਾਲ 2018 ਤੋਂ ਕੈਨੇਡਾ ਵਿੱਚ ਹੀ ਕਿਧਰੇ ਰਹਿ ਕੇ ਕਥਿਤ ਤੌਰ ’ਤੇ ਖਾਲਿਸਤਾਨੀਆਂ ਨਾਲ ਮਿਲ ਕੇ ਭਾਰਤ ਵਿਰੋਧੀ ਗਤੀਵਿਧੀਆਂ ਚਲਾ ਰਿਹਾ ਹੈ।

ਅਰਸ਼ ਡਾਲਾ ਦਾ ਹਰਦੀਪ ਨਿੱਝਰ ਨਾਲ ਕੁਨੈਕਸ਼ਨ

ਹਰਦੀਪ ਸਿੰਘ ਨਿੱਝਰ

ਤਸਵੀਰ ਸਰੋਤ, FB/Virsa Singh Valtoha

ਤਸਵੀਰ ਕੈਪਸ਼ਨ, ਐੱਨਆਈਏ ਮੁਤਾਬਕ ਹਰਦੀਪ ਸਿੰਘ ਨਿੱਝਰ ‘ਖਾਲਿਸਤਾਨ ਟਾਈਗਰ ਫੋਰਸ’ ਦੇ ਮੁਖੀ ਸਨ ਅਤੇ ਅਰਸ਼ ਡਾਲਾ ਉਨ੍ਹਾਂ ਨਾਲ ਰਲ ਕੇ ਪੰਜਾਬ ਵਿਚ ‘ਮਿਥ ਕੇ ਕਤਲ’ ਕਰਨ ਦੀਆਂ ਘਟਨਾਵਾਂ ਨੂੰ ਅੰਜਾਮ ਦਿੰਦਾ ਸੀ।

ਭਾਰਤ ਦੀ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ (ਐੱਨਆਈਏ) ਮੁਤਾਬਕ ਅਰਸ਼ ਡਾਲਾ ਦੇ ਸਬੰਧ ਕੈਨੇਡਾ ਰਹਿੰਦੇ ਖਾਲਿਸਤਾਨੀ ਪੱਖੀ ਆਗੂ ਹਰਦੀਪ ਸਿੰਘ ਨਿੱਝਰ ਨਾਲ ਸਨ। ਐੱਨਆਈਏ ਨੇ ਡਾਲਾ ਖ਼ਿਲਾਫ਼ ‘ਰੈੱਡ ਕਾਰਨਰ ਨੋਟਿਸ’ ਜਾਰੀ ਕੀਤਾ ਸੀ।

ਐੱਨਆਈਏ ਮੁਤਾਬਕ ਹਰਦੀਪ ਸਿੰਘ ਨਿੱਝਰ ‘ਖਾਲਿਸਤਾਨ ਟਾਈਗਰ ਫੋਰਸ’ ਦੇ ਮੁਖੀ ਸਨ ਅਤੇ ਅਰਸ਼ ਡਾਲਾ ਉਨ੍ਹਾਂ ਨਾਲ ਰਲ ਕੇ ਪੰਜਾਬ ਵਿਚ ‘ਮਿਥ ਕੇ ਕਤਲ’ ਕਰਨ ਦੀਆਂ ਘਟਨਾਵਾਂ ਨੂੰ ਅੰਜਾਮ ਦਿੰਦਾ ਸੀ।

ਹਰਦੀਪ ਸਿੰਘ ਨਿੱਝਰ ਨੂੰ ਜੂਨ 2023 ਵਿਚ ਕੈਨੇਡਾ ਦੇ ਸਰੀ ਵਿਚ ਗੁਰਦੁਆਰਾ ਸਾਹਿਬ ਦੀ ਪਾਰਕਿੰਗ ਵਿਚ ਕੁਝ ਅਣਪਛਾਤੇ ਲੋਕਾਂ ਵੱਲੋਂ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ।

ਭਾਰਤ ਦੇ ਗ੍ਰਹਿ ਮੰਤਰਾਲੇ ਨੇ ਅਰਸ਼ ਡਾਲਾ ਨੂੰ ਅੱਤਵਾਦੀ ਐਲਾਨਣ ਦੇ ਨਾਲ ਹੀ ਇਹ ਵੀ ਖੁਲਾਸਾ ਕੀਤਾ ਸੀ ਕਿ ਹਰਦੀਪ ਸਿੰਘ ਨਿੱਝਰ ਦੇ ‘ਹੁਕਮ’ ਤੋਂ ਬਾਅਦ ਅਰਸ਼ ਡਾਲਾ ਆਪਣੇ ਸਾਥੀਆਂ ਨੂੰ ਭਾਰਤ ਵਿਚ ਉੱਘੇ ਵਪਾਰੀਆਂ ਤੇ ਆਗੂਆਂ ਨੂੰ ‘ਕਤਲ’ ਕਰਨ ਲਈ ਕਹਿੰਦਾ ਸੀ।

ਇਸ ਦੇ ਨਾਲ ਹੀ ਭਾਰਤ ਦੇ ਗ੍ਰਹਿ ਮੰਤਰਾਲੇ ਨੇ ਅਰਸ਼ ਡਾਲਾ ਦੀਆਂ ਕਥਿਤ ਭਾਰਤ ਵਿਰੋਧੀ ਗਤੀਵਿਧੀਆਂ ਦਾ ਹਵਾਲਾ ਦੇ ਕੇ ਕੈਨੇਡੀਅਨ ਸਰਕਾਰ ਤੋਂ ਉਨ੍ਹਾਂ ਦੀ ਸਪੁਰਦਗੀ ਵੀ ਮੰਗੀ ਸੀ।

ਅਰਸ਼ ਡਾਲਾ ਖ਼ਿਲਾਫ਼ ਕਿਹੜੇ-ਕਿਹੜੇ ਮਾਮਲੇ ਦਰਜ

ਅਰਸ਼ ਡਾਲਾ

ਤਸਵੀਰ ਸਰੋਤ, ਸੁਰਿੰਦਰ ਸਿੰਘ ਮਾਨ

ਪੰਜਾਬ ਪੁਲਿਸ ਨੇ ਅਰਸ਼ ਡਾਲਾ ਖਿਲਾਫ਼ ਫਿਰੌਤੀਆਂ ਮੰਗਣ ਅਤੇ ਕਤਲ ਦੇ ਕਰੀਬ 67 ਮਾਮਲੇ ਦਰਜ ਕੀਤੇ ਹੋਏ ਹਨ।

ਪੰਜਾਬ ਪੁਲਿਸ ਨੇ ਅਰਸ਼ ਡਾਲਾ ਦੀ ਗ੍ਰਿਫਤਾਰੀ ਲਈ ‘ਲੁੱਕ ਆਊਟ ਸਰਕੂਲਰ’ ਵੀ ਜਾਰੀ ਕੀਤਾ ਹੋਇਆ ਹੈ।

ਦੂਜੇ ਪਾਸੇ ਭਾਰਤ ਦੀ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ (ਐੱਨਆਈਏ) ਵੱਲੋਂ ਅਰਸ਼ ਡਾਲਾ ਵਿਰੁੱਧ ਇਕ ਫਿਰਕੇ ਦੇ ਪ੍ਰਮੁੱਖ ਆਗੂਆਂ ਦਾ ਕਥਿਤ ਤੌਰ ’ਤੇ ਮਿੱਥ ਕੇ ਕਤਲ ਕਰਨ ਦੇ ਕੇਸ ਦਰਜ ਕੀਤੇ ਗਏ ਹਨ।

ਪੁਲਿਸ ਨੇ ਜਨਵਰੀ 2023 ਵਿਚ ਲੁਧਿਆਣਾ ਦੇ ਇਕ ਇਲੈਕਟਰੀਸ਼ਨ ਦੇ ਕਤਲ, ਹਾਲ ਹੀ ਵਿਚ ਮਾਨਸਾ ਦੇ ਇਕ ਪੈਟਰੋਲ ਪੰਪ ’ਤੇ ਹੋਏ ਗ੍ਰਨੇਡ ਹਮਲੇ ਅਤੇ ‘ਵਾਰਿਸ ਪੰਜਾਬ ਦੇ’ ਜਥੇਬੰਦੀ ਦੇ ਆਗੂ ਰਹੇ ਗੁਰਪ੍ਰੀਤ ਸਿੰਘ ਹਰੀ ਨੌਂ ਦੇ ਕਤਲ ਵਿਚ ਵੀ ਅਰਸ਼ ਡਾਲਾ ਦੇ ਸਾਥੀਆਂ ਦਾ ‘ਹੱਥ’ ਹੋਣ ਦੀ ਗੱਲ ਕਹੀ ਹੈ।

ਇਨ੍ਹਾਂ ਘਟਨਾਵਾਂ ਦੇ ਮੁਲਜ਼ਾਮਾਂ ਨੂੰ ਪੰਜਾਬ ਪੁਲਿਸ ਦੇ ਕਾਊਂਟਰ ਇੰਟੈਲੀਜੈਂਸ ਵਿੰਗ ਨੇ ਕਾਬੂ ਕਰਕੇ ਦਾਅਵਾ ਕੀਤਾ ਸੀ ਕਿ ਗ੍ਰਿਫ਼ਤਾਰ ਵਿਅਕਤੀਆਂ ਨੇ ਅਰਸ਼ ਡਾਲਾ ਦੇ ਕਹਿਣ ਉਪਰ ਇਨ੍ਹਾਂ ਕਾਰਵਾਈਆਂ ਨੂੰ ਅੰਜਾਮ ਦਿੱਤਾ ਸੀ।

ਪੁਲਿਸ ਮੁਤਾਬਿਕ ਅਰਸ਼ ਡਾਲਾ ਖ਼ਿਲਾਫ਼ ਮੋਗਾ, ਫਰੀਦਕੋਟ, ਮਾਨਸਾ, ਸੰਗਰੂਰ, ਮੁਕਤਸਰ, ਬਰਨਾਲਾ, ਤਰਨ ਤਾਰਨ, ਬਠਿੰਡਾ, ਮੁਹਾਲੀ ਵਿਚ ਫਿਰੌਤੀਆਂ ਮੰਗਣ, ਕਤਲ ਕਰਵਾਉਣ ਅਤੇ ਪ੍ਰਮੁੱਖ ਆਗੂਆਂ ਦੇ ‘ਮਿਥ ਕੇ ਕਤਲ’ ਕਰਨ ਦੇ ਪਰਚੇ ਦਰਜ ਹਨ।

ਅਰਸ਼ ਡਾਲਾ ਦੇ ਨਾਂ ਦੀ ਚਰਚਾ ਉਸ ਵੇਲੇ ਵੀ ਮੀਡੀਆ ਵਿਚ ਹੋਈ ਸੀ, ਜਦੋਂ ਅਰਸ਼ ਡਾਲਾ ਦੇ ਜੱਦੀ ਪਿੰਡ ਵਿਚ ਸੀਨੀਅਰ ਕਾਂਗਰਸੀ ਆਗੂ ਬਲਜਿੰਦਰ ਸਿੰਘ ਬੱਲੀ ਨੂੰ ਅਣਪਛਾਤੇ ਹਥਿਆਰਬੰਦ ਵਿਅਕਤੀਆਂ ਵੱਲੋਂ ਉਨ੍ਹਾਂ ਦੇ ਘਰ ਵਿਚ ਹੀ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ।

ਬਲਜਿੰਦਰ ਸਿੰਘ ਬੱਲੀ ਪਿੰਡ ਡਾਲਾ ਦੇ ਨੰਬਰਦਾਰ ਸਨ।

ਇਸ ਆਗੂ ਦੇ ਕਤਲ ਤੋਂ ਬਾਅਦ ਅਰਸ਼ ਡਾਲਾ ਨੇ ਸੋਸ਼ਲ ਮੀਡੀਆ ’ਤੇ ਇਕ ਕਥਿਤ ਪੋਸਟ ਸ਼ੇਅਰ ਕਰਕੇ ਆਪਣੇ ਪਿੰਡ ਦੇ ਨੰਬਰਦਾਰ ਦੇ ਕਤਲ ਦੀ ਜ਼ਿੰਮੇਵਾਰੀ ਲਈ ਸੀ।

ਹੁਣ ਅਰਸ਼ ਡਾਲਾ ਦੀ ਕੈਨੇਡਾ ਦੀ ਧਰਤੀ ਉਪਰ ਹੋਈ ਗ੍ਰਿਫਤਾਰੀ ਤੋਂ ਬਾਅਦ ਪੁਲਿਸ ਨੇ ਉਸ ਦੇ ਘਰ ਦੀ ਮੁੜ ਨਿਗਰਾਨੀ ਕੀਤੀ ਹੈ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)