You’re viewing a text-only version of this website that uses less data. View the main version of the website including all images and videos.
ਇਲੋਨ ਮਸਕ ਨੇ ਟੈਸਲਾ ਦੀ ਬਗ਼ੈਰ ਡਰਾਇਵਰ ਤੇ ਸਟੀਅਰਿੰਗ ਵ੍ਹੀਲ ਵਾਲੀ ਸਾਈਬਰ ਕੈਬ ਪੇਸ਼ ਕੀਤੀ, ਗੱਡੀ ਵਿੱਚ ਕੀ ਖ਼ਾਸ ਹੈ
- ਲੇਖਕ, ਲੀਲੀ ਜਮਾਲੀ
- ਰੋਲ, ਤਕਨੀਕੀ ਪੱਤਰਕਾਰ
ਟੈਸਲਾ ਦੇ ਮਾਲਕ ਇਲੋਨ ਮਸਕ ਨੇ ਲੰਬੇ ਸਮੇਂ ਤੋਂ ਉਡੀਕੀ ਜਾ ਰਹੀ ਸਾਈਬਰਕੈਬ ਰੋਬੋਟੈਕਸੀ ਨੂੰ ਲੋਕਾਂ ਸਾਹਮਣੇ ਲਿਆਂਦਾ। ਉਨ੍ਹਾਂ ਨੇ ਕੈਲੀਫ਼ੋਰਨੀਆ ਦੇ ਬਰਬੈਂਕ ਸ਼ਹਿਰ ਦੇ ਵਾਰਨਰ ਬਰੌਸ ਸਟੂਡੀਓ ਵਿੱਚ ਕਾਰ ਦੀ ਘੁੰਡ ਚੁਕਾਈ ਦਾ ਸਮਾਗਮ ਰੱਖਿਆ ਸੀ।
ਮਸਕ ਨੇ ਦੋ ਖੰਬਾਂ ਵਰਗੇ ਦਰਵਾਜ਼ੇ ਵਾਲੀ ਅਤੇ ਬਿਨਾਂ ਪੈਡਲ ਅਤੇ ਸਟੀਅਰਿੰਗ ਵੀਲ ਤੋਂ ਭਵਿੱਖੀ-ਦਿੱਖ ਵਾਲੇ ਇਸ ਵਾਹਨ ਨੂੰ ਉਤਸੁਕਤਾ ਨਾਲ ਭਰੇ ਲੋਕਾਂ ਸਾਹਮਣੇ ਪੇਸ਼ ਕੀਤਾ। ਆਟੋ ਜਗਤ ਦੇ ਲੋਕ ਇਸ ਕਾਰ ਨੂੰ ਟੈਸਲਾ ਦੇ ਅਗਲੇ ਅਧਿਆਇ ਦਾ ਮੀਲ ਪੱਥਰ ਸਮਝਦੇ ਹਨ ।
ਇਵੈਂਟ ‘ਵੀ ਰੋਬੋਟ’ ਤੇ ਮਸਕ ਨੇ ਆਪਣੀ ਗੱਲ ਨੂੰ ਮੁੜ ਦੁਹਰਾਇਆ ਕਿ ਪੂਰੀ ਤਰਾਂ ਨਾਲ ਸਵੈ-ਡਰਾਈਵਿੰਗ ਵਾਹਨ ਮਨੁੱਖਾਂ ਵਲੋਂ ਚਲਾਏ ਜਾਣ ਵਾਲੇ ਵਾਹਨਾਂ ਦੇ ਮੁਕਾਬਲੇ ਵਧੇਰੇ ਸੁਰੱਖਿਅਤ ਹੋਣਗੇ ਅਤੇ ਇਨ੍ਹਾਂ ਦੇ ਮਾਲਕ ਵਾਹਨ ਨੂੰ ਕਿਰਾਏ ’ਤੇ ਦੇ ਕੇ ਪੈਸੇ ਵੀ ਕਮਾ ਸਕਣਗੇ।
ਸਮਾਗਮ ਦੌਰਾਨ ਮਸਕ ਦੇ ਇਹ ਕਹਿਣ ਨੇ ਕਿ ਉਤਪਾਦਨ 2027 ਤੋਂ ਪਹਿਲਾਂ ਸ਼ੁਰੂ ਹੋ ਜਾਵੇਗਾ ਨੇ ਸਵਾਲ ਖੜੇ ਕੀਤੇ ਕਿ ਕੀ ਉਹ ਇੱਕ ਵਾਰ ਫ਼ਿਰ ਤੋਂ ਆਪਣੀ ਹੀ ਦਿੱਤੀ ਸਮਾਂ ਸੀਮਾ ’ਤੇ ਕੰਮ ਨੂੰ ਪੂਰਿਆਂ ਕਰਨ ਵਿੱਚ ਸਫ਼ਲ ਨਹੀਂ ਰਹਿਣਗੇ।
ਹਾਲਾਂਕਿ ਉਨ੍ਹਾਂ ਨੇ ਇਵੈਂਟ ਦੌਰਾਨ ਦਾਅਵਾ ਕੀਤਾ ਕਿ,“ਮੈਂ ਸਮੇਂ ਸੀਮਾ ਨੂੰ ਲੈ ਕੇ ਆਸ਼ਾਵਾਦੀ ਰਹਿੰਦਾ ਹਾਂ।”
ਉਨਾਂ ਕਿਹਾ ਕਿ ਸਾਈਬਰਕੈਬ ਅਲਫਾਬੈਟ ਦੀ ਵੇਮੋਅ ਸਣੇ ਮੁਕਾਬਲੇ ਲਈ ਬਾਜ਼ਾਰ ਵਿੱਚ ਮੌਜੂਦ ਹੋਰ ਵਾਹਨਾਂ ਨਾਲੋਂ ਘੱਟੋ-ਘੱਟ 30000 ਡਾਲਰ ਸਸਤੀ ਹੋਵੇਗੀ।
ਹਾਲਾਕਿ ਮਾਹਰ ਇਸ ਗੱਲ ਨਾਲ ਬਹੁਤੇ ਸਹਿਮਤ ਨਹੀਂ ਹਨ।
ਰਿਸਰਚ ਫੋਰੈਸਟਰ ਦੇ ਪਾਲ ਮਿਲਰ ਕਹਿੰਦੇ ਹਨ ਕਿ ਟੈਸਲਾ ਲਈ ਇੰਨੇ ਸੀਮਤ ਸਮੇਂ ਵਿੱਚ, ਘੱਟ ਕੀਮਤ ਉੱਤੇ ਕੋਈ ਨਵਾਂ ਵਾਹਨ ਤਿਆਰ ਕਰਨ ਇੱਕ ਔਖਾ ਕੰਮ ਹੈ।
“ਬਿਨਾਂ ਸਬਸਿਡੀ ਜਾਂ ਫਿਰ ਹਰੇਕ ਵਾਹਨ ਦੀ ਵਿਕਰੀ ਉੱਤੇ ਘਾਟਾ ਖਾਦੇ ਬਗ਼ੈਰ ਇਸ ਦਹਾਕੇ ਵਿੱਚ ਇੰਨੀ ਕੀਮਤ ਉੱਤੇ ਨਵਾਂ ਵਾਹਨ ਬਾਜ਼ਾਰ ਵਿੱਚ ਲਿਆਉਣਾ ਮੁਨਾਸਿਬ ਨਹੀ ਜਾਪਦਾ।”
ਸੁਰੱਖਿਆ ਬਾਰੇ ਚਿੰਤਾਵਾਂ
ਮਸਕ ਨੇ ਇਹ ਵੀ ਕਿਹਾ ਕਿ ਉਹ ਅਗਲੇ ਸਾਲ ਟੈਸਲਾ ਦੇ ਮਾਡਲ 3 ਅਤੇ ਮਾਡਲ ਵਾਈ ਵਿੱਚ ਪੂਰੀ ਤਰਾਂ ਖ਼ੁਦਮੁਖਤਿਆਰ ਤਕਨੀਕ ਜਿਸ ਦੀ ਵਰਤੋਂ ਟੈਕਸਾਸ ਅਤੇ ਕੈਲੀਫੋਰਨੀਆ ਵਿੱਚ ਕੀਤੀ ਜਾਂਦੀ ਹੈ ਨੂੰ ਹੋਰ ਥਾਵਾਂ, ਜਿੱਥੇ-ਜਿੱਥੇ ਵੀ ਇਸ ਲਈ ਮੰਨਜ਼ੂਰੀ ਮਿਲਦੀ ਹੈ ਉੱਤੇ ਵੀ ਇਸਤੇਮਾਲ ਕਰਨਗੇ।
ਪਰ ਮੌਜੂਦਾ ਸਮੇਂ ਵਿੱਚ ਇਹ ਪ੍ਰਵਾਨਗੀ ਗਾਰੰਟੀ ਤੋਂ ਕੋਹਾਂ ਦੂਰ ਹੈ।
ਕੌਰਨੇਲ ਯੂਨੀਵਰਸਿਟੀ ਵਿੱਚ ਇੰਜਨੀਅਰਿੰਗ ਵਿਭਾਗ ਦੇ ਐਸੋਸੀਏਟ ਪ੍ਰੋਫ਼ੈਸਰ ਸਮਿਥਾ ਸਮਰਾਨਾਇਕ ਕਹਿੰਦੇ ਹਨ, "ਸੜਕਾਂ 'ਤੇ ਤੇਜ਼ ਰਫ਼ਤਾਰ ਨਾਲ ਬਗ਼ੈਰ ਡਰਾਈਵਰ ਦੇ ਚਲਦੀਆਂ ਗੱਡੀਆਂ, ਸੁਰੱਖਿਆ ਪੱਖੋਂ ਵੱਡੀ ਚਿੰਤਾ ਦਾ ਵਿਸ਼ਾ ਹਨ।"
“ਟੈਸਲਾ ਦੀਆਂ ਸਵੈ-ਡਰਾਈਵਿੰਗ ਗੱਡੀਆਂ ਦਾ ਸੁਫ਼ਨਾ ਉਨ੍ਹਾਂ ਕੈਮਰਿਆਂ 'ਤੇ ਨਿਰਭਰ ਕਰਦਾ ਹੈ ਜੋ ਰਾਡਾਰ ਅਤੇ ਲਿਡਾਰ (ਲਾਈਟ ਡਿਟੈਕਸ਼ਨ ਅਤੇ ਰੇਂਜਿੰਗ) ਵਰਗੇ ਸੈਂਸਰਾਂ ਨਾਲੋਂ ਸਸਤੇ ਹਨ, ਜੋ ਬਹੁਤ ਸਾਰੇ ਪ੍ਰਤੀਯੋਗੀ ਵਾਹਨਾਂ ਦੀ ਤਕਨੀਕ ਲਈ ਰੀੜ੍ਹ ਦੀ ਹੱਡੀ ਹਨ।”
ਉਹ ਕਹਿੰਦੇ ਹਨ ਕਿ ਆਪਣੀਆਂ ਕਾਰਾਂ ਨੂੰ ਟੈਸਲਾ ਨੇ ਮਨਸੂਈ ਬੁੱਧੀ ਜ਼ਰੀਏ ਲੱਖਾਂ ਵਾਹਨਾਂ ਦੇ ਇਕੱਤਰ ਕੀਤੇ ਡਾਟਾ ਦੇ ਆਧਾਰ ਉੱਤੇ ਚਲਾਉਣ ਦੀ ਯੋਜਨਾ ਬਣਾਈ ਹੈ।
ਸਮਰਾਨਾਇਕ ਨੇ ਕਿਹਾ, “ਪਰ ਖੋਜਕਾਰ ਇਸ ਗੱਲ 'ਤੇ ਇਕਮੱਤ ਨਹੀਂ ਹਨ ਕਿ ਟੈਸਲਾ ਦੀ ਕੰਮ ਕਰਨ ਦੀ ਸ਼ੈਲੀ ਸੁਰੱਖਿਆ ਗਾਰੰਟੀ ਦੇ ਸਕਦੀ ਹੈ, ਪਰ ਅਸੀਂ ਅਜਿਹੀ ਤਕਨੀਕ ਦੀ ਤਵੱਕੋ ਕਰਦੇ ਹਾਂ।”
ਕੰਮ ਵਿੱਚ ਲਗਾਤਾਰ ਦੇਰੀ
ਸਾਈਬਰਕੈਬ ਪ੍ਰੋਜੈਕਟ ਵਿੱਚ ਲਗਾਤਾਰ ਦੇਰੀ ਹੁੰਦੀ ਰਹੀ ਹੈ, ਅਸਲ ਵਿੱਚ ਇਸ ਨੂੰ ਅਗਸਤ ਵਿੱਚ ਰਿਲੀਜ਼ ਕੀਤਾ ਜਾਣਾ ਸੀ।
ਇਸ ਗਰਮੀਆਂ ਵਿੱਚ, ਐਕਸ 'ਤੇ ਇੱਕ ਪੋਸਟ ਸਾਂਝੀ ਕਰਕੇ ਮਸਕ ਨੇ ਕਿਹਾ ਕਿ ਦੇਰੀ ਡਿਜ਼ਾਇਨ ਵਿੱਚ ਤਬਦੀਲੀਆਂ ਦੇ ਕਾਰਨ ਹੋ ਰਹੀ ਹੈ। ਇਹ ਉਹ ਡਿਜ਼ਾਈਨ ਹਨ ਜਿਨ੍ਹਾਂ ਨੂੰ ਉਹ ਅਹਿਮ ਸਮਝਦੇ ਹਨ।
ਇਸ ਦੌਰਾਨ, ਕੁਝ ਪ੍ਰਤੀਯੋਗੀ ਰੋਬੋਟੈਕਸੀਆਂ ਪਹਿਲਾਂ ਹੀ ਅਮਰੀਕਾ ਦੀਆਂ ਸੜਕਾਂ 'ਤੇ ਚੱਲ ਰਹੀਆਂ ਹਨ।
ਟੈਸਲਾ ਨੇ ਵੀ ਆਪਣੇ ਵਾਹਨਾਂ ਦੀ ਸਾਲਾਨਾ ਵਿਕਰੀ ਵਿੱਚ ਪਹਿਲੀ ਗਿਰਾਵਟ ਦੇਖੀ ਹੈ, ਕਿਉਂਕਿ ਪ੍ਰਤੀਯੋਗੀ ਇਲੈਕਟ੍ਰਿਕ ਵਾਹਨ ਮਾਰਕੀਟ ਵਿੱਚ ਆ ਰਹੇ ਹਨ।
ਇਨ੍ਹਾਂ ਸਭ ਅਟਕਲਾਂ ਦੇ ਬਾਵਜੂਦ ਮੰਗਲਵਾਰ ਦਾ ਸਮਾਗਮ ਕਾਫ਼ੀ ਅਚੰਭਿਆਂ ਭਰਿਆ ਸੀ, ਕਿਉਂਜੋ ਸਮਾਗਮ ਵਿੱਚ ਵੇਟਰ ਦਾ ਕੰਮ ਕਰਨ ਲਈ ਰੋਬੋਟ ਸਨ ਅਤੇ ਰੋਬੋਟ ਨੱਚ ਕੇ ਵੀ ਜਸ਼ਨ ਦਾ ਹਿੱਸਾ ਬਣਦੇ ਦੇਖੇ ਗਏ।
ਮਸਕ ਨੇ ਇੱਕ ਹੋਰ ਪ੍ਰੋਟੋਟਾਈਪ ‘ਰੋਬੋਵਨ’ ਨੂੰ ਵੀ ਲੋਕਾਂ ਸਾਹਮਣੇ ਪ੍ਰਦਰਸ਼ਿਤ ਕੀਤੇ ਜੋ ਇੱਕੋ ਸਮੇਂ ਵਿੱਚ 20 ਯਾਤਰੀਆਂ ਨੂੰ ਲੈ ਕੇ ਜਾ ਸਕਦਾ ਹੈ।
ਵੇਡਬੁਸ਼ ਸਕਿਓਰਿਟੀਜ਼ ਦੇ ਮੈਨੇਜਿੰਗ ਡਾਇਰੈਕਟਰ ਡੈਨ ਇਵਜ਼ ਵਿਅਕਤੀਗਤ ਤੌਰ 'ਤੇ ਸਮਾਗਮ ਦਾ ਹਿੱਸਾ ਸਨ।
ਉਨ੍ਹਾਂ ਕਿਹਾ,“ਸਲੀਕ ਸ਼ਟਲ ਆਉਣ ਵਾਲੇ ਸਾਲਾਂ ਵਿੱਚ ਆਵਾਜਾਈ ਦਾ ਇੱਕ ਸਾਧਨ ਹੋ ਸਕਦਾ ਹੈ ਜਿਸਦਾ ਟੈਸਲਾ ਲਾਭ ਚੁੱਕ ਸਕਦਾ ਹੈ।"
ਇੱਕ ਹੋਰ ਮਾਹਰ ਨੇ ਕਿਹਾ ਕਿ ਇਹ ਸਮਾਗਮ ਰੋਬੋਕੈਬ ਦੇ ਖਿਆਲ ਨੂੰ ਮੁੜ ਸੁਰਜੀਤ ਕਰਵਾਉਣ ਲਈ ਪੁੱਟਿਆ ਗਿਆ ਅਜਿਹਾ ਕਦਮ ਲੱਗਦੀ ਹੈ ਜੋ ਭਵਿੱਖੀ ਮਾਰਗ ਵੱਲ ਵੀ ਸੰਕੇਤ ਦੇਵੇ।
ਐਡਮੰਡਜ਼ ਦੀ ਇਨਸਾਈਟਸ ਦੇ ਮੁਖੀ ਜੈਸਿਕਾ ਕਾਲਡਵੈਲ ਨੇ ਕਿਹਾ,"ਮਸਕ ਨੇ ਆਵਾਜਾਈ ਲਈ ਇੱਕ ਆਦਰਸ਼ ਭਵਿੱਖ ਨੂੰ ਪੇਸ਼ ਕਰਨ ਦਾ ਇੱਕ ਸ਼ਾਨਦਾਰ ਕੰਮ ਕੀਤਾ ਹੈ। ਅਜਿਹੀ ਪ੍ਰੀਕਿਰਿਆ ਦੱਸੀ ਹੈ ਜੋ ਸਾਡੇ ਸਮੇਂ ਨੂੰ ਬਚਾਉਣ ਦੇ ਨਾਲ-ਨਾਲ ਸੁਰੱਖਿਆ ਨੂੰ ਵਧਾਉਣ ਦਾ ਵਾਅਦਾ ਕਰਦੀ ਹੈ।"
ਪਰ ਤਾਕਤ ਦੇ ਪ੍ਰਦਰਸ਼ਨ ਦੇ ਬਾਵਜੂਦ, ਇਸ ਬਾਰੇ ਸ਼ੰਕੇ ਹਨ ਕਿ ਕੀ ਉਹ ਇਸ ਦ੍ਰਿਸ਼ਟੀਕੋਣ ਨਾਲ ਅਸਲ ਵਿੱਚ ਕੰਮ ਕੁਝ ਵੀ ਕਰ ਵੀ ਸਕਣਗੇ।
ਕਾਲਡਵੈਲ ਨੇ ਅੱਗੇ ਕਿਹਾ,"ਬਹੁਤ ਸਾਰੇ ਸਵਾਲਾਂ ਦੇ ਜਵਾਬ ਹਾਲੇ ਬਾਕੀ ਹਨ। ਜਿਵੇਂ ਇਹ ਵਿਹਾਰਕ ਦ੍ਰਿਸ਼ਟੀਕੋਣ ਤੋਂ ਕਿਵੇਂ ਕੰਮ ਕਰੇਗਾ।"
ਰੋਬੋਟੈਕਸੀ ਬਾਜ਼ਾਰ ਦੀ ਸਥਿਤੀ
ਜਨਰਲ ਮੋਟਰਜ਼ ਦੀ ਸਹਾਇਕ ਕੰਪਨੀ ਕਰੂਜ਼ ਵਲੋਂ ਸੰਚਾਲਿਤ ਡਰਾਈਵਰ ਰਹਿਤ ਕਾਰਾਂ ’ਤੇ ਸੈਨ ਫਰਾਂਸਿਸਕੋ ਵਿੱਚ ਇੱਕ ਪੈਦਲ ਯਾਤਰੀ ਦੇ ਹੇਠਾਂ ਦੱਬਣ ਤੋਂ ਬਾਅਦ ਰੋਕ ਲਾ ਦਿੱਤੀ ਗਈ ਸੀ। ਇਸ ਤੋਂ ਬਾਅਦ ਰੋਬੋਟੈਕਸਿਜ਼ ਨੂੰ ਕਿੱਥੇ ਚਲਾਉਣ ਦੀ ਇਜਾਜ਼ਤ ਦੇਣੀ ਹੈ ਇਹ ਸਵਾਲ ਚੁਣੌਤੀਆਂ ਦਾ ਸਾਹਮਣਾ ਕਰਦਾ ਰਿਹਾ ਹੈ।
ਪਰ ਇਹ ਖੇਤਰ ਲਗਾਤਾਰ ਵੱਧ ਰਿਹਾ ਹੈ।
ਵੇਅਮੋ ਨੇ ਅਕਤੂਬਰ ਦੇ ਸ਼ੁਰੂ ਵਿੱਚ ਕਿਹਾ ਸੀ ਕਿ ਉਹ ਕੰਪਨੀ ਦੀ ਤਕਨੀਕ ਨਾਲ ਵਾਹਨਾਂ ਦੀ ਆਨ-ਰੋਡ ਟੈਸਟਿੰਗ ਤੋਂ ਬਾਅਦ ਹੁੰਡਈ ਆਇਓਨਿਕ 5 ਨੂੰ ਆਪਣੇ ਰੋਬੋਟੈਕਸੀ ਫਲੀਟ ਵਿੱਚ ਸ਼ਾਮਲ ਕਰਨਗੇ।
ਰਾਈਡ-ਹੇਲਿੰਗ ਦਿੱਗਜ ਉਬਰ ਵੀ ਗਾਹਕਾਂ ਲਈ ਆਪਣੀ ਡਿਲੀਵਰੀ ਅਤੇ ਰਾਈਡਸ਼ੇਅਰਿੰਗ ਵਿਕਲਪਾਂ ਨੂੰ ਵਧਾਉਣ ਲਈ ਹੋਰ ਸਵੈ-ਚਾਲਕ ਵਾਹਨ ਸ਼ਾਮਲ ਕਰਨਾ ਚਾਹੁੰਦਾ ਹੈ।
ਇਸ ਨੇ ਅਗਸਤ ਵਿੱਚ ਡਰਾਈਵਰ ਰਹਿਤ ਕਾਰ ਡਿਵੈਲਪਰ ਕਰੂਜ਼ ਦੇ ਨਾਲ ਇੱਕ ਬਹੁ-ਸਾਲਾ ਸਮਝੌਤੇ ਦਾ ਐਲਾਨ ਕੀਤਾ ਸੀ।
ਅਪੋਲੋ ਗੋ, ਚੀਨ ਤੋਂ ਬਾਹਰ, ਜਿੱਥੇ ਕਈ ਸ਼ਹਿਰਾਂ ਵਿੱਚ ਵਾਹਨ ਮੌਜੂਦ ਹਨ ਵਿੱਚ ਚੀਨੀ ਤਕਨੀਕੀ ਕੰਪਨੀ ਬਾਇਡੂ ਵੀ ਕਥਿਤ ਤੌਰ 'ਤੇ ਆਪਣੇ ਰੋਬੋਟੈਕਸੀ ਡਿਵੀਜ਼ਨ ਨੂੰ ਵਧਾਉਣ ਦੀ ਕੋਸ਼ਿਸ਼ ਕਰ ਰਹੀ ਹੈ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ