ਹਾਲੀਵੁੱਡ ਫ਼ਿਲਮ ਦੇ ਸਟਾਈਲ ਨਾਲ ਚੋਰਾਂ ਨੇ ਬੈਂਕ ’ਚ 300 ਕਰੋੜ ਰੁਪਏ ਤੋਂ ਵੱਧ ਦਾ ਡਾਕਾ ਮਾਰਿਆ, ਜਾਣੋ ਕਿਵੇਂ ਵਾਰਦਾਤ ਨੂੰ ਅੰਜਾਮ ਦਿੱਤਾ

ਤਸਵੀਰ ਸਰੋਤ, Gelsenkirchen Police
- ਲੇਖਕ, ਐਮੀ ਵਾਕਰ
- ਰੋਲ, ਬੀਬੀਸੀ ਪੱਤਰਕਾਰ
ਪੱਛਮੀ ਜਰਮਨੀ ਦੇ ਸ਼ਹਿਰ ਗੇਲਸੇਨਕਿਰਚੇਨ ਵਿੱਚ ਚੋਰਾਂ ਨੇ ਇੱਕ ਹਾਈ ਸਟਰੀਟ ਬੈਂਕ ਦੀ ਤਿਜੋਰੀ 'ਚ ਡ੍ਰਿਲ ਨਾਲ ਛੇਕ ਕਰਕੇ ਲਗਭਗ €30 ਮਿਲੀਅਨ ਦਾ (£26 ਮਿਲੀਅਨ ਯੂਰੋ; 35 ਮਿਲੀਅਨ ਡਾਲਰ) ਨਕਦ ਅਤੇ ਕੀਮਤੀ ਸਮਾਨ ਚੋਰੀ ਕਰ ਲਿਆ।
ਭਾਰਤੀ ਰੁਪਏ ਵਿੱਚ ਜੇ ਗੱਲ ਕੀਤੀ ਜਾਵੇ ਤਾਂ ਇਹ ਰਕਮ 300 ਕਰੋੜ ਰੁਪਏ ਤੋਂ ਉੱਤੇ ਦੀ ਬਣਦੀ ਹੈ।
ਪੁਲਿਸ ਦੇ ਮੁਤਾਬਕ, ਸਪਾਰਕਾਸੇ ਸੇਵਿੰਗਜ਼ ਬੈਂਕ ਦੀ ਇਸ ਸ਼ਾਖਾ 'ਚ ਚੋਰਾਂ ਨੇ ਪੈਸੇ, ਸੋਨਾ ਅਤੇ ਗਹਿਣਿਆਂ ਵਾਲੇ 3,000 ਤੋਂ ਵੱਧ ਸੇਫ ਡਿਪਾਜ਼ਿਟ ਬਾਕਸ ਤੋੜ ਦਿੱਤੇ।
ਇੱਕ ਪੁਲਿਸ ਬੁਲਾਰੇ ਨੇ ਇਸ ਚੋਰੀ ਦੀ ਤੁਲਨਾ ਹਾਲੀਵੁੱਡ ਫ਼ਿਲਮ ਓਸ਼ਨਜ਼ ਇਲੈਵਨ ਨਾਲ ਕੀਤੀ ਅਤੇ ਏਐੱਫਪੀ ਨਿਊਜ਼ ਏਜੰਸੀ ਨੂੰ ਦੱਸਿਆ ਕਿ ਇਹ ਚੋਰੀ "ਬਹੁਤ ਹੀ ਪ੍ਰੋਫੈਸ਼ਨਲ ਢੰਗ ਨਾਲ ਕੀਤੀ ਗਈ" ਸੀ।
ਗੇਲਸੇਨਕਿਰਚੇਨ ਸ਼ਹਿਰ ਵਿੱਚ ਸਪਾਰਕਾਸੇ ਸੇਵਿੰਗਜ਼ ਬੈਂਕ ਵਿੱਚ ਡਕੈਤੀ ਦੌਰਾਨ ਚੋਰਾਂ ਨੇ ਪੈਸੇ, ਸੋਨਾ ਅਤੇ ਗਹਿਣਿਆਂ ਵਾਲੇ 3,000 ਤੋਂ ਵੱਧ ਸੇਫ਼ ਡਿਪਾਜ਼ਿਟ ਬਾਕਸ ਤੋੜ ਦਿੱਤੇ।
ਗੇਲਸੇਨਕਿਰਚੇਨ ਪੁਲਿਸ ਨੇ ਦੱਸਿਆ ਕਿ ਸੋਮਵਾਰ ਸਵੇਰੇ ਤੜਕੇ ਫਾਇਰ ਅਲਾਰਮ ਵੱਜਣ ਤੋਂ ਬਾਅਦ ਉਨ੍ਹਾਂ ਨੂੰ ਅਪਰਾਧ ਬਾਰੇ ਪਤਾ ਲੱਗਾ।
ਮੌਜੂਦਾ ਸਮੇਂ ਤੱਕ ਕੋਈ ਗ੍ਰਿਫ਼ਤਾਰੀ ਨਹੀਂ ਹੋਈ ਹੈ ਅਤੇ ਦੋਸ਼ੀ ਫ਼ਰਾਰ ਹਨ।

ਤਸਵੀਰ ਸਰੋਤ, Getty Images
ਪੁਲਿਸ ਦਾ ਕਹਿਣਾ ਹੈ ਕਿ ਚੋਰਾਂ ਨੇ ਬੁਏਰ ਇਲਾਕੇ ਦੀ ਨੀਨਹੋਫ਼ਸਟ੍ਰਾਸ਼ 'ਤੇ ਸਥਿਤ ਇਮਾਰਤ ਨੂੰ ਲੁੱਟਣ ਲਈ "ਕ੍ਰਿਸਮਸ ਦੀਆਂ ਸ਼ਾਂਤ ਮਾਹੌਲ ਵਾਲੀਆਂ ਛੁੱਟੀਆਂ" ਦਾ ਫ਼ਾਇਦਾ ਚੁੱਕਿਆ।
ਮੁੱਢਲੀ ਜਾਂਚ ਮੁਤਾਬਕ ਚੋਰ ਬੈਂਕ ਦੇ ਨਾਲ ਲੱਗਦੇ ਪਾਰਕਿੰਗ ਗੈਰਾਜ ਰਾਹੀਂ ਬੈਂਕ 'ਚ ਦਾਖਲ ਹੋਏ ਅਤੇ ਚੋਰੀ ਨੂੰ ਅੰਜਾਮ ਦੇਣ ਮਗਰੋਂ ਉਸ ਹੀ ਰਸਤੇ ਤੋਂ ਫ਼ਰਾਰ ਹੋ ਗਏ।
ਚਸ਼ਮਦੀਦਾਂ ਨੇ ਸ਼ਨੀਵਾਰ ਰਾਤ ਤੋਂ ਐਤਵਾਰ ਸਵੇਰੇ ਤੱਕ ਕਈ ਆਦਮੀਆਂ ਨੂੰ ਗੈਰਾਜ ਦੇ ਪੌੜੀਆਂ ਵਾਲੇ ਰਸਤੇ ਵਿੱਚ ਵੱਡੇ ਬੈਗ ਲੈਕੇ ਜਾਂਦੇ ਹੋਏ ਦੇਖਿਆ।
ਪੁਲਿਸ ਦੇ ਮੁਤਾਬਕ ਇੱਕ ਵੀਡੀਓ ਫੁਟੇਜ ਵਿੱਚ ਸੋਮਵਾਰ ਸਵੇਰੇ ਡੀ-ਲਾ-ਸ਼ੇਵਲੇਰੀ-ਸਟ੍ਰਾਸ਼ ਤੋਂ ਇੱਕ ਕਾਲੀ ਔਡੀ ਆਰ ਐੱਸ 6 ਗੈਰਾਜ 'ਚੋਂ ਨਿਕਲਦੀ ਦਿਖਾਈ ਦਿੱਤੀ ਹੈ।
ਤਿਜੋਰੀ ਦੇ ਭੂਮੀਗਤ ਕਮਰੇ ਵਿੱਚ ਕੀਤਾ ਗਿਆ ਛੇਕ ਉਸ ਸਮੇਂ ਮਿਲਿਆ, ਜਦੋਂ ਸੋਮਵਾਰ ਸਵੇਰੇ ਅੱਗ ਦਾ ਅਲਾਰਮ ਵੱਜਿਆ ਅਤੇ ਪੁਲਿਸ ਤੇ ਫਾਇਰ ਬ੍ਰਿਗੇਡ ਨੇ ਇਮਾਰਤ ਦੀ ਤਲਾਸ਼ੀ ਲਈ।
ਪ੍ਰਭਾਵਿਤ ਗਾਹਕਾਂ ਨੂੰ ਸਪਾਰਕਾਸੇ ਬੈਂਕ ਨਾਲ ਸੰਪਰਕ ਕਰਨ ਲਈ ਕਿਹਾ ਗਿਆ ਹੈ। ਬੈਂਕ ਨੇ ਇੱਕ ਹਾਟਲਾਈਨ ਨੰਬਰ ਜਾਰੀ ਕੀਤਾ ਹੈ।

ਤਸਵੀਰ ਸਰੋਤ, Getty Images
ਪੁਲਿਸ ਨੂੰ ਮੰਗਲਵਾਰ ਸਵੇਰੇ ਸ਼ਾਖਾ ਦੇ ਪ੍ਰਵੇਸ਼ ਦੁਆਰ 'ਤੇ ਸੁਰੱਖਿਆ ਨੂੰ ਉਸ ਵੇਲੇ ਵਧਾਉਣਾ ਪਿਆ ਜਦੋਂ ਜਾਣਕਾਰੀ ਲੈਣ ਲਈ ਕਈ ਗਾਹਕ ਬਾਹਰ ਇਕੱਠੇ ਹੋ ਗਏ।
ਉਨ੍ਹਾਂ ਗਾਹਕਾਂ 'ਚੋ ਇੱਕ ਨੇ ਵੈਲਟ ਬਰੋਡਕਾਸਟ ਨਾਲ ਗੱਲ ਕਰਦਿਆਂ ਕਿਹਾ,"ਮੈਂ ਕੱਲ੍ਹ ਰਾਤ ਸੌਂ ਨਹੀਂ ਸਕਿਆ। ਸਾਨੂੰ ਕੋਈ ਜਾਣਕਾਰੀ ਨਹੀਂ ਮਿਲ ਰਹੀ। ਮੈਂ ਆਪਣੇ ਬੁਢਾਪੇ ਲਈ ਕੀਤੀ ਸਾਰੀ ਬਚਤ ਇੱਥੇ ਹੀ ਰੱਖੀ ਸੀ।
ਸਪਾਰਕਾਸੇ ਨੇ ਕਿਹਾ ਕਿ 95 ਫ਼ੀਸਦ ਗਾਹਕਾਂ ਦੇ ਸੁਰੱਖਿਅਤ ਡਿਪਾਜ਼ਿਟ ਬਾਕਸ ਚੋਰਾਂ ਦੁਆਰਾ ਤੋੜੇ ਗਏ ਹਨ, ਇਸ ਲਈ ਉਨ੍ਹਾਂ ਦੇ ਪ੍ਰਭਾਵਿਤ ਹੋਣ ਦੀ ਸੰਭਾਵਨਾ "ਬਹੁਤ ਜ਼ਿਆਦਾ" ਹੈ।
ਬੈਂਕ ਦੇ ਬਿਆਨ ਵਿੱਚ ਕਿਹਾ ਗਿਆ ਹੈ ਕਿ ਹਰ ਡਿਪਾਜ਼ਿਟ ਬਾਕਸ ਦੀ ਸਮੱਗਰੀ ਦਾ ਬੀਮਾ €10,300 ( ਲੱਗਭਗ 11 ਲੱਖ ਰੁਪਏ) ਤੱਕ ਹੈ ਅਤੇ ਗਾਹਕਾਂ ਨੂੰ ਸਲਾਹ ਦਿੱਤੀ ਗਈ ਹੈ ਕਿ ਉਹ ਆਪਣੇ ਘਰੇਲੂ ਬੀਮੇ ਦੀ ਜਾਂਚ ਕਰਨ ਕਿ ਉਨ੍ਹਾਂ ਕੋਲ ਕੋਈ ਵਾਧੂ ਕਵਰੇਜ ਹੈ ਜਾਂ ਨਹੀਂ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ












