You’re viewing a text-only version of this website that uses less data. View the main version of the website including all images and videos.
ਅਮ੍ਰਿਤਪਾਲ ਸਿੰਘ ਦੇ ਜਿਨ੍ਹਾਂ ਸਾਥੀਆਂ ਨੂੰ ਪੰਜਾਬ ਲਿਆਂਦਾ ਗਿਆ ਹੈ, ਉਹ ਕੌਣ ਹਨ, ਕਿਹੜੇ ਕੇਸ ਉਨ੍ਹਾਂ 'ਤੇ ਦਰਜ ਹਨ
ਪੰਜਾਬ ਪੁਲਿਸ ਵੱਲੋਂ ਅਮ੍ਰਿਤਪਾਲ ਸਿੰਘ ਦੇ ਸਾਥੀਆਂ ਨੂੰ ਅਸਮ ਦੀ ਡਿਬਰੂਗੜ੍ਹ ਜੇਲ੍ਹ ਤੋਂ ਪੰਜਾਬ ਲਿਆਂਦਾ ਗਿਆ ਹੈ।
ਬੀਬੀਸੀ ਸਹਿਯੋਗੀ ਰਵਿੰਦਰ ਸਿੰਘ ਰੌਬਿਨ ਦੀ ਜਾਣਕਾਰੀ ਮੁਤਾਬਕ 7 ਮੁਲਜ਼ਮ ਪੰਜਾਬ ਲਿਆਂਦੇ ਗਏ ਹਨ ਉਨ੍ਹਾਂ ਨੂੰ 2023 ਦੇ ਅਜਨਾਲਾ ਪੁਲਿਸ ਸਟੇਸ਼ਨ ਹਮਲੇ ਦੇ ਮਾਮਲੇ ਵਿੱਚ ਅਜਨਾਲਾ ਕੋਰਟ ਵਿੱਚ ਪੇਸ਼ ਕੀਤਾ ਗਿਆ ਹੈ।
ਅੰਮ੍ਰਿਤਸਰ ਦੀ ਅਜਨਾਲਾ ਅਦਾਲਤ ਨੇ ਇਨ੍ਹਾਂ ਸਾਰਿਆਂ ਨੂੰ 4 ਦਿਨਾਂ ਦੀ ਪੁਲਿਸ ਹਿਰਾਸਤ ਵਿੱਚ ਭੇਜ ਦਿੱਤਾ ਹੈ।
ਇੱਕ ਮੁਲਜ਼ਮ ਦੇ ਵਕੀਲ ਰੀਤੂ ਰਾਜ ਨੇ ਏਐੱਨਆਈ ਨੂੰ ਦਿੱਤੇ ਬਿਆਨ ਵਿੱਚ ਕਿਹਾ, "7 ਮੁਲਜ਼ਮਾਂ ਨੂੰ ਲਿਆਂਦਾ ਗਿਆ ਹੈ, ਐੱਫਆਈਆਰ ਨੰਬਰ 39 ਵਿੱਚ ਮੁਲਜ਼ਮਾਂ ਨੂੰ ਪੇਸ਼ ਕੀਤਾ ਗਿਆ ਹੈ।"
ਖ਼ਬਰ ਏਜੰਸੀ ਏਐਨਆਈ ਨੂੰ ਜਾਣਕਾਰੀ ਦਿੰਦਿਆਂ ਅਜਨਾਲਾ ਦੇ ਡੀਐਸਪੀ ਇੰਦਰਜੀਤ ਸਿੰਘ ਨੇ ਕਿਹਾ, "ਅਸੀਂ ਮੁਲਜ਼ਮਾਂ ਦਾ 4 ਦਿਨਾਂ ਦਾ ਰਿਮਾਂਡ ਪ੍ਰਾਪਤ ਕਰ ਲਿਆ ਹੈ। ਉਨ੍ਹਾਂ ਨੂੰ ਅੰਮ੍ਰਿਤਸਰ ਜੇਲ੍ਹ ਵਿੱਚ ਬੰਦ ਕੀਤਾ ਜਾਵੇਗਾ।"
ਖ਼ਬਰ ਏਜੰਸੀ ਪੀਟੀਆਈ ਮੁਤਾਬਕ, ਪੰਜਾਬ ਪੁਲਿਸ ਦੀ 25 ਮੈਂਬਰੀ ਟੀਮ ਪਿਛਲੇ ਕਈ ਦਿਨਾਂ ਤੋਂ ਅਸਾਮ ਦੇ ਡਿਬਰੂਗੜ੍ਹ ਵਿੱਚ ਮੌਜੂਦ ਸੀ, ਜੋ ਮੁਲਜ਼ਮਾਂ ਨੂੰ ਪੰਜਾਬ ਲੈ ਕੇ ਆਈ।
ਗੌਰਤਲਬ ਹੈ ਕਿ ਸੱਤਾਂ ਮੁਲਜ਼ਮਾਂ ਨੂੰ ਬੁੱਧਵਾਰ ਨੂੰ ਅਸਾਮ ਦੀ ਡਿਬਰੂਗੜ੍ਹ ਕੇਂਦਰੀ ਜੇਲ੍ਹ ਤੋਂ ਰਿਹਾਅ ਕਰ ਦਿੱਤਾ ਗਿਆ ਸੀ ਅਤੇ ਪੰਜਾਬ ਪੁਲਿਸ ਵੱਲੋਂ ਇੱਕ ਵੱਖਰੇ ਮਾਮਲੇ ਵਿੱਚ ਸੱਤਾਂ ਨੂੰ ਦੁਬਾਰਾ ਗ੍ਰਿਫ਼ਤਾਰ ਕਰ ਲਿਆ ਗਿਆ ਸੀ।
ਖਾਲਿਸਤਾਨ ਹਮਾਇਤੀ ਅਮ੍ਰਿਤਪਾਲ ਸਿੰਘ, ਪਪਲਪ੍ਰੀਤ ਸਿੰਘ ਅਤੇ ਵਰਿੰਦਰ ਸਿੰਘ ਜੌਹਲ ਨੂੰ ਅਜੇ ਐੱਨਐੱਸਏ ਅਧੀਨ ਡਿਬਰੂਗੜ੍ਹ ਜੇਲ੍ਹ ਵਿੱਚ ਰੱਖਿਆ ਗਿਆ ਹੈ, ਉਨ੍ਹਾਂ ਦਾ ਐੱਨਐੱਸਏ ਜੂਨ 2025 ਵਿੱਚ ਖਤਮ ਹੋਵੇਗਾ।
ਖ਼ਬਰ ਏਜੰਸੀ ਪੀਟੀਆਈ ਦੀ ਰਿਪੋਰਟ ਮੁਤਾਬਕ, ਇੱਕ ਸੀਨੀਅਰ ਅਧਿਕਾਰੀ ਨੇ ਦੱਸਿਆ ਸੀ ਕਿ, "ਨਜ਼ਰਬੰਦਾਂ ਨੂੰ ਦੋ ਕਮਰਸ਼ੀਅਲ ਜਹਾਜ਼ਾਂ ਰਾਹੀਂ ਪੰਜਾਬ ਭੇਜਿਆ ਗਿਆ।''
ਅਮ੍ਰਿਤਪਾਲ ਦੇ 7 ਸਾਥੀਆਂ ਬਾਰੇ ਪੰਜਾਬ ਪੁਲਿਸ ਨੇ ਕੀ ਦੱਸਿਆ ਸੀ
ਅਮ੍ਰਿਤਪਾਲ ਸਿੰਘ ਦੇ ਜਿਨ੍ਹਾਂ ਸਾਥੀਆਂ ਨੂੰ ਪੰਜਾਬ ਪੁਲਿਸ ਅਸਮ ਦੇ ਡਿਬਰੂਗੜ੍ਹ ਤੋਂ ਪੰਜਾਬ ਲੈ ਕੇ ਆਈ ਹੈ, ਉਨ੍ਹਾਂ ਸਾਰੀਆਂ 'ਤੇ ਕੌਮੀ ਸੁਰੱਖਿਆ ਐਕਟ (ਐੱਨਐੱਸਏ) ਲਗਾਇਆ ਗਿਆ ਸੀ ਅਤੇ ਉਹ ਪਿਛਲੇ ਦੋ ਸਾਲਾਂ ਤੋਂ ਅਸਮ ਦੀ ਜੇਲ੍ਹ ਵਿੱਚ ਬੰਦ ਸਨ।
ਹਾਲ ਹੀ ਵਿੱਚ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੇ ਇਨ੍ਹਾਂ ਸਾਰਿਆਂ ਬਾਰੇ ਜਾਣਕਾਰੀ ਸਾਂਝਾ ਕਰਦਿਆਂ ਕਿਹਾ ਸੀ ਅਜਨਾਲਾ ਪੁਲਿਸ ਸਟੇਸ਼ਨ ਹਮਲੇ ਦੇ ਮਾਮਲੇ ਵਿੱਚ ਉਨ੍ਹਾਂ ਨੂੰ ਰਸਮੀ ਤੌਰ 'ਤੇ ਗ੍ਰਿਫ਼ਤਾਰ ਕੀਤਾ ਜਾਵੇਗਾ ਅਤੇ ਮੁਲਜ਼ਮਾਂ ਖ਼ਿਲਾਫ਼ ਬਣਦੀ ਕਾਨੂੰਨੀ ਕਾਰਵਾਈ ਆਰੰਭੀ ਜਾਵੇਗੀ।
ਇਸ ਜਾਣਕਾਰੀ ਅਨੁਸਾਰ ਬਸੰਤ ਸਿੰਘ, ਭਗਵੰਤ ਸਿੰਘ ਉਰਫ਼ ਪ੍ਰਧਾਨ ਮੰਤਰੀ ਬਾਜੇਕੇ, ਗੁਰਮੀਤ ਸਿੰਘ ਗਿੱਲ ਉਰਫ਼ ਗੁਰਮੀਤ ਬੁੱਕਣਵਾਲਾ, ਸਰਬਜੀਤ ਸਿੰਘ ਕਲਸੀ ਉਰਫ਼ ਦਲਜੀਤ ਸਿੰਘ ਕਲਸੀ, ਗੁਰਿੰਦਰਪਾਲ ਸਿੰਘ ਔਜਲਾ ਉਰਫ਼ ਗੁਰੀ ਔਜਲਾ, ਅਮ੍ਰਿਤਪਾਲ ਦੇ ਚਾਚਾ ਹਰਜੀਤ ਸਿੰਘ ਅਤੇ ਕੁਲਵੰਤ ਸਿੰਘ ਧਾਲੀਵਾਲ ਨੂੰ ਪੰਜਾਬ ਗਿਆ ਹੈ।
ਅਮ੍ਰਿਤਪਾਲ ਤੇ ਉਨ੍ਹਾਂ ਦੇ ਸਾਥੀਆਂ ’ਤੇ ਕਿਹੜੇ ਮਾਮਲੇ ਦਰਜ
ਫਰਵਰੀ 2023:
ਅਮ੍ਰਿਤਪਾਲ ਦੇ ਸਾਥੀਆਂ 'ਤੇ ਪੰਜਾਬ ਵਿੱਚ ਹੋਰ ਵੀ ਮਾਮਲੇ ਦਰਜ ਹਨ। ਇਸੇ ਕਾਰਨ ਪੰਜਾਬ ਪੁਲਿਸ ਹੁਣ ਉਨ੍ਹਾਂ ਨੂੰ ਪੰਜਾਬ ਲਿਆਈ ਹੈ।
ਜਾਣਕਾਰੀ ਮੁਤਾਬਕ, ਉਨ੍ਹਾਂ 'ਤੇ ਅਜਨਾਲਾ ਥਾਣੇ 'ਤੇ ਹਮਲਾ ਕਰਨ ਦੇ ਮਾਮਲੇ ਵਿੱਚ ਕੇਸ ਦਰਜ ਹਨ। ਇਹ ਘਟਨਾ 23 ਫਰਵਰੀ 2023 ਦੀ ਹੈ।
ਇਸ ਵਿੱਚ ਉਨ੍ਹਾਂ ਖ਼ਿਲਾਫ਼ ਲੱਗੇ ਇਲਜ਼ਾਮਾਂ 'ਚ ਦੰਗਾ, ਹਥਿਆਰਬੰਦ ਹਮਲਾ, ਗੈਰ-ਕਾਨੂੰਨੀ ਢੰਗ ਨਾਲ ਸਭਾ ਕਰਨਾ ਅਤੇ ਸਰਕਾਰੀ ਕੰਮਕਾਜ 'ਚ ਰੁਕਾਵਟ ਪਾਉਣ ਸਬੰਧੀ ਧਾਰਾਵਾਂ ਲੱਗੀਆਂ ਹਨ।
ਅਮ੍ਰਿਤਪਾਲ ਅਤੇ ਉਨ੍ਹਾਂ ਦੇ ਸਾਥੀ ਲਵਪ੍ਰੀਤ ਸਿੰਘ ਖਿਲਾਫ਼ 16 ਫਰਵਰੀ 2023 ਅਜਨਾਲਾ ਵਿੱਚ ਅਗਵਾ ਕਰਨ ਦਾ ਕੇਸ ਦਰਜ ਕੀਤਾ ਗਿਆ। ਇਹ ਕੇਸ ਰੋਪੜ ਚਮਕੌਰ ਸਾਹਿਬ ਦੇ ਰਹਿਣ ਵਾਲੇ ਵਰਿੰਦਰ ਸਿੰਘ ਦੀ ਸ਼ਿਕਾਇਤ 'ਤੇ ਦਰਜ ਕੀਤਾ ਗਿਆ ਸੀ।
ਅਮ੍ਰਿਤਪਾਲ ਅਤੇ ਉਨ੍ਹਾਂ ਦੇ ਸਾਥੀਆਂ ਖਿਲਾਫ਼ ਅਜਨਾਲਾ ਅਤੇ ਬਾਘਾਪੁਰਾਣਾ ਵਿੱਚ ਭੜਕਾਊ ਬਿਆਨਬਾਜ਼ੀ ਕਰਨ ਦੇ ਇਲਜਾਮ ਵਿੱਚ ਆਈਪੀਸੀ ਦੀ ਧਾਰਾ 153-ਏ ਤਹਿਤ ਕੇਸ ਦਰਜ ਹੋਇਆ ਸੀ। ਦੀਪ ਸਿੱਧੂ ਤੇ ਗੁਰਜੰਟ ਸਿੰਘ ਬੁੱਧ ਸਿੰਘ ਵਾਲਾ ਦੀ ਯਾਦ ਵਿੱਚ ਬਰਸੀ ਸਮਾਗਮ ਕਰਵਾਇਆ ਗਿਆ ਸੀ।
ਅਮ੍ਰਿਤਪਾਲ ਨੇ ਕਥਿਤ ਤੌਰ 'ਤੇ ਕਿਹਾ ਸੀ, "ਦੁਨੀਆ ਦੀ ਕੋਈ ਤਾਕਤ ਸਿੱਖਾਂ ਨੂੰ ਖ਼ਾਲਿਸਤਾਨ ਦੀ ਪ੍ਰਾਪਤੀ, ਆਜ਼ਾਦ ਰਾਜ ਦੀ ਪ੍ਰਾਪਤੀ ਤੋਂ ਨਹੀਂ ਰੋਕ ਸਕਦੀ...ਅਸੀਂ ਲੜਦੇ ਰਹਾਂਗੇ..."
ਅਜਨਾਲਾ ਥਾਣੇ ਦੇ ਘਿਰਾਓ ਸਮੇਂ ਹੋਈ ਹਿੰਸਾ ਤੋਂ ਬਾਅਦ ਪੁਲਿਸ ਨੇ 24 ਫਰਵਰੀ 2023 ਨੂੰ ਮੁਕੱਦਮਾ ਦਰਜ ਕੀਤਾ ਸੀ। ਇਨ੍ਹਾਂ ਉਪਰ ਸਮਾਜ ਵਿੱਚ ਅਸਥਿਰਤਾ ਫੈਲਾਉਣ, ਇਰਾਦਾ ਕਤਲ, ਪੁਲਿਸ ਮੁਲਾਜ਼ਮਾਂ 'ਤੇ ਹਮਲਾ ਕਰਨ ਅਤੇ ਸਰਕਾਰੀ ਕਰਮਚਾਰੀਆਂ ਦੀਆਂ ਡਿਊਟੀਆਂ ਨੂੰ ਕਾਨੂੰਨੀ ਤਰੀਕੇ ਨਾਲ ਨਿਭਾਉਣ ਵਿੱਚ ਵਿਘਨ ਪਾਉਣਾ ਦੇ ਇਲਜ਼ਾਮ ਸ਼ਾਮਿਲ ਹਨ।
ਮਾਰਚ 2023 :
ਮਹਿਤਪੁਰ ਵਿੱਚ ਰੈਸ਼ ਡਰਾਇਵਿੰਗ, ਸਰਕਾਰੀ ਅਧਿਕਾਰੀਆਂ ਦੇ ਆਦੇਸ਼ ਨਾਲ ਮੰਨਣ ਅਤੇ ਆਰਮਜ਼ ਐਕਟ ਤਹਿਤ ਮਾਮਲਾ ਦਰਜ ਕੀਤਾ ਗਿਆ ਸੀ। ਪੁਲਿਸ ਮੁਤਾਬਕ 18 ਮਾਰਚ 2023 ਨੂੰ ਨਾਕੇ ਤੋੜ ਕੇ ਅਮ੍ਰਿਤਪਾਲ ਫਰਾਰ ਹੋ ਗਿਆ, ਜਿਸ ਨੂੰ ਪੁਲਿਸ ਗ੍ਰਿਫ਼ਤਾਰ ਨਹੀਂ ਕਰ ਸਕੀ।
19 ਮਾਰਚ, 2023 ਨੂੰ ਅਮ੍ਰਿਤਪਾਲ ਅਤੇ ਉਨ੍ਹਾਂ ਦੇ ਸਾਥੀਆਂ ਖਿਲਾਫ਼ ਖਿਲਚੀਆਂ ਥਾਣੇ ਵਿੱਚ ਰੈਸ਼ ਡਰਾਇਵਿੰਗ ਅਤੇ ਅਪਰਾਧਿਕ ਭਾਵਨਾ ਰੱਖਣ ਦਾ ਕੇਸ ਦਰਜ ਹੋਇਆ ਸੀ
20 ਮਾਰਚ, 2023 ਨੂੰ ਅਮ੍ਰਿਤਪਾਲ, ਉਨ੍ਹਾਂ ਦੇ ਚਾਚਾ ਹਰਜੀਤ ਸਿੰਘ ਅਤੇ ਡਰਾਇਵਰ ਹਰਪ੍ਰੀਤ ਸਿੰਘ ਖਿਲਾਫ਼ ਕੁਝ ਲੋਕਾਂ ਨੂੰ ਉਨ੍ਹਾਂ ਦੇ ਘਰ ਵਿੱਚ ਹੀ ਬੰਦੀ ਬਣਾ ਕੇ ਰੱਖਣ ਅਤੇ ਆਰਮਜ਼ ਐਕਟ ਦਾ ਕੇਸ ਦਰਜ ਕੀਤਾ ਗਿਆ ਸੀ।
21 ਮਾਰਚ, 2023 ਨੂੰ ਸ਼ਾਹਕੋਟ ਵਿੱਚ ਅਮ੍ਰਿਤਪਾਲ ਅਤੇ ਉਨ੍ਹਾਂ ਦੇ ਚਾਰ ਸਾਥੀਆਂ ਖਿਲਾਫ਼ ਫਿਰੌਤੀ, ਦੰਗੇ, ਆਰਮਜ਼ ਐਕਟ ਅਤੇ ਗੈਰ-ਕਾਨੂੰਨੀ ਇਕੱਠ ਕਰਨ ਦਾ ਮਾਮਲਾ ਦਰਜ ਕੀਤਾ ਗਿਆ। ਇਹ ਵੀ ਉਨ੍ਹਾਂ ਦਿਨਾਂ ਦਾ ਹੀ ਕੇਸ ਹੈ, ਜਦੋਂ ਪੁਲਿਸ ਉਨ੍ਹਾਂ ਨੂੰ ਗ੍ਰਿਫ਼ਤਾਰ ਕਰਨ ਦੀ ਕੋਸ਼ਿਸ਼ ਕਰ ਰਹੀ ਸੀ।
ਜਦੋਂ ਪੰਜਾਬ ਪੁਲਿਸ ਅਮ੍ਰਿਤਪਾਲ ਅਤੇ ਉਨ੍ਹਾਂ ਦੇ ਸਾਥੀ ਪਪਲਪ੍ਰੀਤ ਸਿੰਘ ਨੂੰ ਗ੍ਰਿਫ਼ਤਾਰ ਕਰਨ ਲਈ ਪਿੱਛਾ ਕਰ ਰਹੀ ਸੀ ਅਤੇ ਉਹ ਝਕਾਨੀ ਦੇ ਕੇ ਬਚ ਨਿਕਲਦੇ ਸਨ, ਤਾਂ 23 ਮਾਰਚ ਨੂੰ ਜਲੰਧਰ ਦੇ ਬਿਲਗਾ ਥਾਣੇ ਵਿੱਚ ਫਿਰੌਤੀ, ਬੰਦੀ ਬਣਾ ਕੇ ਰੱਖਣ ਅਤੇ ਆਮਰਜ਼ ਐਕਟ ਤਹਿਤ ਕੇਸ ਦਰਜ ਕੀਤਾ ਗਿਆ ਸੀ। ਇੱਕ ਪਿੰਡ ਵਿੱਚ ਗੁਰਦੁਆਰੇ ਦੇ 'ਗ੍ਰੰਥੀ' ਦੀ ਸ਼ਿਕਾਇਤ ਤੋਂ ਬਾਅਦ ਅਮ੍ਰਿਤਪਾਲ ਸਿੰਘ ਵਿਰੁੱਧ ਫਿਰੌਤੀ ਅਤੇ ਦੰਗੇ ਕਰਨ ਦੇ ਇਲਜਾਮ ਵਿੱਚ ਇੱਕ ਹੋਰ ਐਫਆਈਆਰ ਦਰਜ ਕੀਤੀ ਗਈ ਸੀ।
30 ਮਾਰਚ ਨੂੰ ਹੁਸ਼ਿਆਰਪੁਰ ਦੇ ਮਹਿਤਆਣਾ ਥਾਣੇ ਵਿੱਚ ਵੀ ਅਮ੍ਰਿਤਪਾਲ ਤੇ ਸਾਥੀ ਖਿਲਾਫ਼ ਪੁਲਿਸ ਬੈਰੀਕੇਡ ਤੋੜਨ ਦਾ ਕੇਸ ਦਰਜ ਕੀਤਾ ਗਿਆ ਸੀ
ਅਸਾਮ ਵਿੱਚ ਵੀ ਦਰਜ ਹੋਏ ਕੇਸ
ਫਰਬਰੀ 2024 :
ਅਸਾਮ ਦੀ ਡਿਬਰੂਗੜ੍ਹ ਜੇਲ੍ਹ ਵਿੱਚ ਸਰਕਾਰੀ ਮੁਲਾਜ਼ਮਾਂ ਨੂੰ ਉਨ੍ਹਾਂ ਦੀ ਡਿਊਟੀ ਕਰਨ ਤੋਂ ਰੋਕਣ, ਹਮਲਾਵਰ ਹੋਣ ਅਤੇ ਗੈਰ ਕਾਨੂੰਨੀ ਇਲੈਕਟ੍ਰੋਨਿਕ ਚੀਜਾਂ ਦੀ ਬਾਰਮਦੀ ਦਾ ਮਾਮਲਾ ਦਰਜ ਕੀਤਾ ਗਿਆ
ਮਾਰਚ 2024 : 7 ਫਰਬਰੀ ਨੂੰ ਅਸਾਮ ਦੀ ਡਿਬਰੂਗੜ੍ਹ ਜੇਲ੍ਹ ਵਿੱਚ ਅਮ੍ਰਿਤਪਾਲ ਦੇ ਸੈੱਲ ਵਿੱਚੋਂ ਇਲੈਟ੍ਰੋਨਿਕ ਯੰਤਰ ਅਤੇ ਟੈਲੀਫੋਨ ਬਰਾਮਦੀ ਦਾ ਮਾਮਲਾ ਦਰਜ ਹੋਇਆ
ਅਕਤੂਬਰ 2024 : 9 ਅਕਤੂਬਰ ਨੂੰ ਕੁਝ ਮੋਟਰਸਾਈਕਲ ਸਵਾਰਾਂ ਨੇ ਹਰੀ ਨੌਂ ਪਿੰਡ ਵਿੱਚ ਹੀ ਗੋਲੀਆਂ ਮਾਰ ਕੇ ਗੁਰਪ੍ਰੀਤ ਸਿੰਘ ਹਰੀਨੌਂ ਦਾ ਕਤਲ ਕਰ ਦਿੱਤਾ । ਅਗਲੇ ਦਿਨ ਕੋਟਕਪੂਰਾ ਪੁਲਿਸ ਸਟੇਸ਼ਨ ਵਿੱਚ ਬੀਐਨਐਸ ਅਤੇ ਆਰਮਜ਼ ਐਕਟ ਦੀਆਂ ਸਬੰਧਤ ਧਾਰਾਵਾਂ ਤਹਿਤ ਐਫਆਈਆਰ ਦਰਜ ਕੀਤੀ ਗਈ।10 ਅਕਤੂਬਰ ਨੂੰ ਦਰਜ ਕੀਤੀ ਗਈ ਐੱਫਆਈਰ ਵਿੱਚ ਪੁਲਿਸ ਨੇ ਖਡੂਰ ਸਾਹਿਬ ਤੋਂ ਸੰਸਦ ਮੈਂਬਰ ਅਮ੍ਰਿਤਪਾਲ ਸਿੰਘ ਨੂੰ ਵੀ ਨਾਮਜ਼ਦ ਕੀਤਾ ਗਿਆ
ਜਿਸ ਵੇਲੇ ਇਨ੍ਹਾਂ ਸਾਰਿਆਂ ਨੂੰ ਗਿਰਫ਼ਤਾਰ ਕੀਤਾ ਗਿਆ ਸੀ, ਉਸ ਵੇਲੇ ਬੀਬੀਸੀ ਪੰਜਾਬੀ ਨੇ ਇਨ੍ਹਾਂ ਦੇ ਪਿੰਡ, ਪਰਿਵਾਰ ਅਤੇ ਜਾਣਕਾਰਾਂ ਨਾਲ ਮੁਲਾਕਾਤ ਕੀਤੀ ਸੀ। ਉਸ ਦੌਰਾਨ ਇਨ੍ਹਾਂ ਬਾਰੇ ਜੋ ਜਾਣਕਾਰੀ ਸਾਹਮਣੇ ਆਈ ਸੀ, ਉਹ ਇਸ ਪ੍ਰਕਾਰ ਹੈ:
ਕੁਲਵੰਤ ਸਿੰਘ ਰਾਊਕੇ
- ਬੀਬੀਸੀ ਸਹਿਯੋਗੀ ਸੁਰਿੰਦਰ ਮਾਨ ਅਨੁਸਾਰ, ਕੁਲਵੰਤ ਸਿੰਘ ਰਾਊਕੇ ਜ਼ਿਲ੍ਹਾ ਮੋਗਾ ਦੇ ਪਿੰਡ ਰਾਊਕੇ ਦੇ ਵਸਨੀਕ ਹਨ।
- ਉਹ ਪਹਿਲਾਂ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮੀਟਡ (ਪੀਐੱਸਪੀਸੀਐੱਲ) ਵਿੱਚ ਬਤੌਰ ਕਲਰਕ ਤੈਨਾਤ ਸਨ।
- ਪਿਤਾ ਜਥੇਦਾਰ ਚੜਤ ਸਿੰਘ ਵੀ ਖਾੜਕੂ ਦੌਰ ਸਮੇਂ ਪੰਥਕ ਸਫਾਂ ਵਿੱਚ ਕਾਫੀ ਸਰਗਰਮ ਸਨ।
- ਪਰਿਵਾਰ ਮੁਤਾਬਕ, ਜਥੇਦਾਰ ਚੜਤ ਸਿੰਘ ਰਾਊਕੇ ਨੂੰ 1993 'ਚ ਉਨ੍ਹਾਂ ਦੇ ਘਰ ਤੋਂ ਪੁਲਿਸ ਨੇ ਕਥਿਤ ਤੌਰ 'ਤੇ ਚੁੱਕ ਲਿਆ ਸੀ।
- ਇਸ ਮਗਰੋਂ ਉਨ੍ਹਾਂ ਦੇ ਪਿਤਾ ਕਦੇ ਘਰ ਵਾਪਸ ਨਹੀਂ ਪਰਤੇ।
- ਰਾਊਕੇ, ਕਿਸਾਨ ਸੰਘਰਸ਼ ਵੇਲੇ ਅਦਾਕਾਰ ਦੀਪ ਸਿੱਧੂ ਨਾਲ ਜੁੜੇ ਤੇ ਫਿਰ ਅਮ੍ਰਿਤਪਾਲ ਸਿੰਘ ਨਾਲ ਸਰਗਰਮੀਆਂ ਸ਼ੁਰੂ ਕੀਤੀਆਂ।
ਬਸੰਤ ਸਿੰਘ – ਦੌਲਤਪੁਰਾ
- ਬਸੰਤ ਸਿੰਘ, ਦਲਿਤ ਸਿੱਖ ਪਰਿਵਾਰ ਨਾਲ ਸਬੰਧਤ ਹਨ ਤੇ ਪੰਜਾਬ ਦੇ ਮੋਗਾ ਜ਼ਿਲ੍ਹੇ ਦੇ ਦੌਲਤਪੁਰਾ ਉੱਚਾ ਦੇ ਵਸਨੀਕ ਹਨ।
- ਉਨ੍ਹਾਂ ਨੇ ਇੱਕ ਪ੍ਰਾਈਵੇਟ ਬੈਂਕ ਲਈ ਅਤੇ ਇੱਕ ਕੀਟਨਾਸ਼ਕ ਫਰਮ ਲਈ ਵੀ ਕੰਮ ਕੀਤਾ ਹੈ।
- ਗ੍ਰਿਫਤਾਰੀ ਸਮੇਂ ਪਿੰਡ ਦੇ ਸਾਬਕਾ ਸਰਪੰਚ ਮੁਤਾਬਕ, ਉਹ ਗ੍ਰਿਫਤਾਰੀ ਤੋਂ ਦੋ-ਤਿੰਨ ਮਹੀਨਿਆਂ ਪਹਿਲਾਂ ਤੋਂ ਘਰ ਘੱਟ ਹੀ ਆਉਂਦਾ ਸੀ।
- ਉਹ ਜ਼ਿਆਦਾਤਰ ਅਮ੍ਰਿਤਪਾਲ ਦੇ ਪਿੰਡ ਜੱਲੂਖੇੜਾ ਵੱਲੋਂ ਚਲਾਏ ਜਾ ਰਹੇ ਨਸ਼ਾ ਮੁਕਤੀ ਕੇਂਦਰ ਵਿੱਚ ਰਹਿੰਦਾ ਸੀ।
- ਬਾਅਦ ਵਿੱਚ ਉਹ ਬਰਨਾਲਾ ਦੇ ਪਿੰਡ ਚੀਮਾ ਵਿੱਚ ਇੱਕ ਹੋਰ ਨਸ਼ਾ ਮੁਕਤੀ ਕੇਂਦਰ ਚਲਾਉਣ ਗਿਆ ਸੀ।
- ਕਿਸਾਨ ਅੰਦੋਲਨ ਦੌਰਾਨ ਅਦਾਕਾਰ ਦੀਪ ਸਿੱਧੂ ਤੋਂ ਪ੍ਰੇਰਿਤ ਹੋ ਕੇ ਉਸ ਨਾਲ ਜੁੜਨ ਮਗਰੋਂ ਉਹ ਅਮ੍ਰਿਤਪਾਲ ਸਿੰਘ ਨਾਲ ਚਲਾ ਗਿਆ ਸੀ।
- ਪਹਿਲਾਂ ਬਸੰਤ ਦੇ ਵਾਲ ਕੱਟੇ ਹੋਏ ਸਨ, ਫਿਰ ਉਸ ਨੇ ਕਰੀਬ 5 ਸਾਲ ਪਹਿਲਾਂ ਅੰਮ੍ਰਿਤ ਛਕ ਲਿਆ ਸੀ।
ਗੁਰਮੀਤ ਸਿੰਘ - ਬੁੱਕਣ ਵਾਲਾ
- ਗੁਰਮੀਤ ਸਿੰਘ ਮੋਗਾ ਜ਼ਿਲ੍ਹੇ ਦੇ ਪਿੰਡ ਬੁੱਕਣ ਵਾਲਾ ਦੇ ਰਹਿਣ ਵਾਲੇ ਹਨ ਅਤੇ ਜੱਟ ਸਿੱਖ ਪਰਿਵਾਰ ਨਾਲ ਸਬੰਧਿਤ ਹਨ।
- ਉਹ ਪਿਛਲੇ ਕੁਝ ਸਾਲਾਂ ਤੋਂ ਆਪਣੇ ਜੀਜੇ ਤਰਨਦੀਪ ਸਿੰਘ ਨਾਲ ਫਰਨੀਚਰ ਦੀ ਦੁਕਾਨ ਚਲਾ ਰਹੇ ਸਨ।
- ਉਨ੍ਹਾਂ ਦੇ ਪਿੰਡ ਦੇ ਬਜ਼ੁਰਗਾਂ ਮੁਤਾਬਕ, ਗੁਰਮੀਤ ਸਿੰਘ ਨੇ ਹਮੇਸ਼ਾ ਨੌਜਵਾਨਾਂ ਨੂੰ ਨਸ਼ਿਆਂ ਤੋਂ ਰੋਕਿਆ।
- ਉਨ੍ਹਾਂ ਦੇ ਪਿਤਾ ਮਾਲ ਵਿਭਾਗ ਤੋਂ ਪਟਵਾਰੀ ਵਜੋਂ ਸੇਵਾਮੁਕਤ ਹਨ ਅਤੇ ਗੁਰਮੀਤ ਸਿੰਘ ਦੀਆਂ ਦੋ ਨਾਬਾਲਗ ਧੀਆਂ ਹਨ।
- ਗੁਰਮੀਤ ਵੀ ਕਿਸਾਨ ਅੰਦੋਲਨ ਦੌਰਾਨ ਅਦਾਕਾਰ ਦੀਪ ਸਿੱਧੂ ਦੇ ਸੰਪਰਕ ਵਿੱਚ ਆਏ ਸਨ।
- ਪਰਿਵਾਰ ਮੁਤਾਬਕ, ਉਹ (ਪਰਿਵਾਰ) 'ਵਾਰਿਸ ਪੰਜਾਬ ਦੇ' ਜਥੇਬੰਦੀ ਦੀਆਂ ਗਤੀਵਿਧੀਆਂ ਤੋਂ ਅਣਜਾਣ ਹਨ।
- ਜਦਕਿ ਪੁਲਿਸ ਸੂਤਰਾਂ ਅਨੁਸਾਰ, ਗੁਰਮੀਤ ਇਸ ਸੰਗਠਨ ਦਾ ਅਹਿਮ ਮੈਂਬਰ ਹੈ।
ਦਲਜੀਤ ਸਿੰਘ ਕਲਸੀ
- ਫ਼ਿਲਮ ਅਦਾਕਾਰ ਦਲਜੀਤ ਸਿੰਘ ਕਲਸੀ ਨੇ ਵੱਖ-ਵੱਖ ਪੰਜਾਬੀ ਫ਼ਿਲਮਾਂ 'ਚ ਕੰਮ ਕੀਤਾ ਹੈ ਤੇ ਦੀਪ ਸਿੱਧੂ ਦੇ ਸਭ ਤੋਂ ਨਜ਼ਦੀਕੀ ਸਾਥੀ ਰਹੇ ਹਨ।
- ਉਨ੍ਹਾਂ ਨੇ ਅਮ੍ਰਿਤਪਾਲ ਸਿੰਘ ਦੀ 'ਵਾਰਿਸ ਪੰਜਾਬ ਦੇ' ਜਥੇਬੰਦੀ ਦੇ ਮੁਖੀ ਵਜੋਂ ਨਿਯੁਕਤੀ ਦਾ ਸਮਰਥਨ ਕੀਤਾ ਸੀ।
- ਪੁਲਿਸ ਸੂਤਰਾਂ ਮੁਤਾਬਕ, ਉਹ 'ਵਾਰਿਸ ਪੰਜਾਬ ਦੇ' ਸੰਸਥਾ ਨੂੰ ਵਿੱਤੀ ਸਹਾਇਤਾ ਮੁਹੱਈਆ ਕਰਵਾਉਣ ਤਹਿਤ ਜਾਂਚ ਅਧੀਨ ਹਨ।
- ਕਲਸੀ ਦੇ ਫੇਸਬੁੱਕ ਪ੍ਰੋਫਾਈਲ ਮੁਤਾਬਕ ਉਹ ਆਲ ਟਾਈਮ ਮੂਵੀਜ਼ ਪ੍ਰਾਈਵੇਟ ਲਿਮੀਟਡ ਨਾਮ ਦੀ ਕੰਪਨੀ ਦੇ ਡਾਇਰੈਕਟਰ ਹਨ।
- ਪ੍ਰੋਫਾਈਲ ਮੁਤਾਬਕ ਉਹ ਅੰਮ੍ਰਿਤਸਰ ਦੇ ਰਹਿਣ ਵਾਲੇ ਹਨ ਤੇਬ ਦਿੱਲੀ ਯੂਨੀਵਰਸਿਟੀ ਤੋਂ ਪੜ੍ਹੇ ਹਨ।
ਭਗਵੰਤ ਸਿੰਘ ਉਰਫ਼ ਪ੍ਰਧਾਨ ਮੰਤਰੀ ਬਾਜੇਕੇ
- ਕਿਸਾਨ ਪਰਿਵਾਰ ਨਾਲ ਸਬੰਧਤ, ਭਗਵੰਤ ਸਿੰਘ ਸੋਸ਼ਲ ਮੀਡੀਆ 'ਤੇ ਵੀਡਿਓ ਪਾਉਣ ਕਾਰਨ ਚਰਚਾ ਵਿੱਚ ਆਏ ਸਨ।
- ਉਹ 'ਪ੍ਰਧਾਨ ਮੰਤਰੀ ਬਾਜੇਕੇ' ਨਾਮ ਹੇਠ ਸੋਸ਼ਲ ਮੀਡੀਆ ਪੇਜ ਵੀ ਚਲਾਉਂਦੇ ਸਨ।
- ਉਹ ਅਕਸਰ ਸਮਾਜਿਕ-ਸਿਆਸੀ ਮੁੱਦਿਆਂ 'ਤੇ ਵਿਅੰਗਾਤਮਕ ਵੀਡੀਓ ਅਪਲੋਡ ਕਰਦੇ ਸਨ।
- ਉਨ੍ਹਾਂ ਨੇ ਪਹਿਲਾਂ ਵਾਲ ਕੱਟੇ ਹੋਏ ਸਨ ਅਤੇ ਪਰ ਫਿਰ ਅਮ੍ਰਿਤਪਾਲ ਸਿੰਘ ਦੇ ਸੰਪਰਕ ਵਿੱਚ ਆਉਣ ਨਾਲ ਅੰਮ੍ਰਿਤ ਛਕ ਲਿਆ ਸੀ।
- ਭਗਵੰਤ ਸਿੰਘ 'ਤੇ ਕਈ ਅਪਰਾਧਿਕ ਮਾਮਲੇ ਵੀ ਦਰਜ ਹਨ ਜਿਨ੍ਹਾਂ ਵਿੱਚੋਂ ਜ਼ਿਆਦਾਤਰ ਥਾਣਾ ਧਰਮਕੋਟ 'ਚ ਦਰਜ ਹਨ।
- ਮੋਗਾ ਪੁਲਿਸ ਨੇ ਭਗਵੰਤ ਸਿੰਘ ਨੂੰ ਉਨ੍ਹਾਂ ਦੇ ਖੇਤ 'ਚੋਂ ਗ੍ਰਿਫ਼ਤਾਰ ਕੀਤਾ ਸੀ ਅਤੇ ਉਹ ਪੁਲਿਸ ਨੂੰ ਦੇਖ ਕੇ ਭੱਜ ਗਏ ਸਨ।
- ਭੱਜਣ ਕਾਰਨ ਉਨ੍ਹਾਂ ਦੀ ਟ੍ਰੋਲਿੰਗ ਵੀ ਹੋਈ ਸੀ, ਕਿਉਂਕਿ ਪਹਿਲਾਂ ਉਹ ਸੋਸ਼ਲ ਮੀਡੀਆ 'ਤੇ ਵੱਖ-ਵੱਖ ਉੱਚ-ਪ੍ਰੋਫਾਈਲ ਲੋਕਾਂ ਨੂੰ ਚੁਣੌਤੀ ਦੇ ਰਹੇ ਸਨ।
ਹਰਜੀਤ ਸਿੰਘ
- ਮੰਨਿਆ ਜਾਂਦਾ ਹੈ ਕਿ ਅਮ੍ਰਿਤਪਾਲ ਦੇ ਪਰਿਵਾਰ ਵਿੱਚੋਂ ਸਭ ਤੋਂ ਨੇੜੇ ਉਨ੍ਹਾਂ ਦੇ ਚਾਚਾ ਹਰਜੀਤ ਸਿੰਘ ਹੀ ਸਨ।
- ਬੀਬੀਸੀ ਨਾਲ ਗੱਲਬਾਤ ਦੌਰਾਨ ਹਰਜੀਤ ਸਿੰਘ ਨੇ ਦੱਸਿਆ ਸੀ ਕਿ ਉਨ੍ਹਾਂ ਦਾ ਦੁਬਈ ਵਿੱਚ ਟਰਾਂਸਪੋਰਟ ਦਾ ਕਾਰੋਬਾਰ ਸੀ।
- ਇਸ ਕਾਰੋਬਾਰ ਵਿੱਚ ਅਮ੍ਰਿਤਪਾਲ ਤੇ ਉਨ੍ਹਾਂ ਦੇ ਪਿਤਾ ਤਰਸੇਮ ਸਿੰਘ ਵੀ ਉਨ੍ਹਾਂ ਦੇ ਨਾਲ ਹੀ ਜੁੜੇ ਹੋਏ ਹਨ।
- ਅਮ੍ਰਿਤਪਾਲ ਸਿੰਘ ਮੰਨਦੇ ਸਨ ਕਿ ਪਰਿਵਾਰ ਦੇ ਆਰਥਿਕ ਹਾਲਾਤ ਠੀਕ ਹੋਣ ਵਿੱਚ ਹਰਜੀਤ ਸਿੰਘ ਦਾ ਵੱਡਾ ਯੋਗਦਾਨ ਸੀ।
- ਗ੍ਰਿਫ਼ਤਾਰੀ ਤੋਂ ਪਹਿਲਾਂ, ਕਈ ਮਹੀਨਿਆਂ ਤੋਂ ਹਰਜੀਤ ਸਿੰਘ ਤੇ ਉਨ੍ਹਾਂ ਦੇ ਵੱਡੇ ਭਰਾ ਤਰਸੇਮ ਸਿੰਘ ਪੰਜਾਬ ਵਿੱਚ ਹੀ ਸਨ।
ਗੁਰਿੰਦਰਪਾਲ ਸਿੰਘ ਔਜਲਾ
- ਬੀਬੀਸੀ ਪੱਤਰਕਾਰ ਹਰਮਨਦੀਪ ਸਿੰਘ ਮੁਤਾਬਕ, ਗੁਰਿੰਦਰਪਾਲ ਸਿੰਘ ਔਜਲਾ ਐੱਨਆਰਆਈ ਹਨ ਅਤੇ ਯੂਕੇ ਦੇ ਵਸਨੀਕ ਹਨ।
- ਫਗਵਾੜਾ ਵਿਖੇ ਉਨ੍ਹਾਂ ਦਾ ਜੱਦੀ ਘਰ ਹੈ ਪਰ ਉੱਥੇ ਕੋਈ ਨਹੀਂ ਰਹਿੰਦਾ।
- ਉਨ੍ਹਾਂ ਨੂੰ ਗੁਰੀ ਔਜਲਾ ਵਜੋਂ ਵੀ ਜਾਣਿਆ ਜਾਂਦਾ ਹੈ।
- ਉਨ੍ਹਾਂ ਨੂੰ 9 ਮਾਰਚ, 2023 ਨੂੰ ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਕੌਮਾਂਤਰੀ ਹਵਾਈ ਅੱਡੇ ਤੋਂ ਗ੍ਰਿਫ਼ਤਾਰ ਕੀਤਾ ਗਿਆ ਸੀ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ