ਸਲਮਾਨ ਖ਼ਾਨ ਜਿਸ ਦਿਮਾਗ਼ੀ ਬਿਮਾਰੀ ਤੋਂ ਪੀੜਤ ਹਨ, ਉਹ ਕਿੰਨੀ ਖ਼ਤਰਨਾਕ ਹੈ

ਕਾਮੇਡੀਅਨ ਕਪਿਲ ਸ਼ਰਮਾ ਦੇ ਸ਼ੋਅ 'ਦਿ ਗ੍ਰੇਟ ਇੰਡੀਅਨ ਕਪਿਲ ਸ਼ੋਅ' ਦਾ ਤੀਜਾ ਸੀਜ਼ਨ ਸ਼ੁਰੂ ਹੋ ਗਿਆ ਹੈ। ਅਦਾਕਾਰ ਸਲਮਾਨ ਖ਼ਾਨ ਇਸ ਸ਼ੋਅ ਦੇ ਪਹਿਲੇ ਮਹਿਮਾਨ ਸਨ।

ਇਸ ਦੌਰਾਨ, ਕਪਿਲ ਅਤੇ ਬਾਕੀ ਟੀਮ ਨੇ ਉਨ੍ਹਾਂ ਤੋਂ ਫਿਲਮਾਂ ਅਤੇ ਨਿੱਜੀ ਜ਼ਿੰਦਗੀ ਨਾਲ ਸਬੰਧਤ ਸਵਾਲ ਪੁੱਛੇ।

ਇੱਕ ਸਵਾਲ ਦੌਰਾਨ, ਸਲਮਾਨ ਖ਼ਾਨ ਨੇ ਦੱਸਿਆ ਕਿ ਉਹ 'ਬ੍ਰੇਨ ਐਨਿਉਰਿਜ਼ਮ' ਨਾਮ ਦੀ ਬਿਮਾਰੀ ਨਾਲ ਪੀੜਤ ਹਨ ।

ਆਪਣੀ ਸਿਹਤ ਸਮੱਸਿਆਵਾਂ ਬਾਰੇ ਗੱਲ ਕਰਦੇ ਹੋਏ, ਸਲਮਾਨ ਨੇ ਦੱਸਿਆ ਕਿ ਸਿਕੰਦਰ ਦੀ ਸ਼ੂਟਿੰਗ ਦੌਰਾਨ ਉਨ੍ਹਾਂ ਦੀ ਪਸਲੀ ਵਿੱਚ ਸੱਟ ਲੱਗ ਗਈ ਸੀ।

ਉਨ੍ਹਾਂ ਕਿਹਾ, "ਅਸੀਂ ਰੋਜ਼ ਹੱਡੀਆਂ ਤੁੜਵਾ ਰਹੇ ਹਾਂ, ਪਸਲੀਆਂ ਟੁੱਟ ਗਈਆਂ ਹਨ, ਅਸੀਂ ਟ੍ਰਾਈਜੇਮਿਨਲ ਨਿਊਰਾਲਜੀਆ ਨਾਲ ਕੰਮ ਕਰ ਰਹੇ ਹਾਂ। ਦਿਮਾਗ਼ ਵਿੱਚ ਐਨਿਉਰਿਜ਼ਮ ਹੈ, ਫਿਰ ਵੀ ਅਸੀਂ ਕੰਮ ਕਰ ਰਹੇ ਹਾਂ।"

"ਏਵੀ ਮਾਲਫਾਰਮੇਸ਼ਨ ਹੈ, ਇਸ ਦੇ ਬਾਵਜੂਦ ਅਸੀਂ ਤੁਰ ਰਹੇ ਹਾਂ। ਮੈਂ ਐਕਸ਼ਨ ਕਰਦਾ ਹਾਂ। ਮੈਂ ਤੁਰ ਨਹੀਂ ਸਕਦਾ, ਫਿਰ ਵੀ ਮੈਂ ਨੱਚ ਰਿਹਾ ਹਾਂ। ਇਹ ਸਭ ਕੁਝ ਮੇਰੀ ਜ਼ਿੰਦਗੀ ਵਿੱਚ ਚੱਲ ਰਿਹਾ ਹੈ।"

ਸਲਮਾਨ ਦੇ ਬਿਆਨ ਤੋਂ ਬਾਅਦ, ਲੋਕ ਇੰਟਰਨੈੱਟ 'ਤੇ ਬ੍ਰੇਨ ਐਨਿਉਰਿਜ਼ਮ ਨਾਲ ਸਬੰਧਤ ਜਾਣਕਾਰੀ ਦੀ ਭਾਲ ਕਰ ਰਹੇ ਹਨ। ਬ੍ਰੇਨ ਐਨਿਉਰਿਜ਼ਮ ਅਸਲ ਵਿੱਚ ਕੀ ਹੈ ਅਤੇ ਇਹ ਬਿਮਾਰੀ ਕਿੰਨੀ ਖ਼ਤਰਨਾਕ ਹੈ?

ਬ੍ਰੇਨ ਐਨਿਉਰਿਜ਼ਮ ਕੀ ਹੈ?

ਖੂਨ ਦੀਆਂ ਨਾੜੀਆਂ (ਬਲੱਡ ਵੇਸਲ) ਵਿੱਚ ਉਭਰਨ ਨੂੰ ਐਨਿਉਰਿਜ਼ਮ ਕਿਹਾ ਜਾਂਦਾ ਹੈ। ਇਹ ਉੱਭਰਨਾ ਨਾੜੀ ਦੇ ਕਮਜ਼ੋਰ ਹੋਣ ਕਾਰਨ ਬਣਦਾ ਹੈ, ਖ਼ਾਸ ਕਰਕੇ ਜਿੱਥੇ ਨਾੜੀ ਦੋ ਹਿੱਸਿਆਂ ਵਿੱਚ ਵੰਡੀ ਜਾਂਦੀ ਹੈ।

ਜਦੋਂ ਖੂਨ ਇਸ ਕਮਜ਼ੋਰ ਹਿੱਸੇ ਵਿੱਚੋਂ ਲੰਘਦਾ ਹੈ, ਤਾਂ ਇਸਦਾ ਦਬਾਅ ਉਸ ਜਗ੍ਹਾ ਨੂੰ ਬਾਹਰ ਵੱਲ ਫੁਲਾ ਦਿੰਦਾ ਹੈ, ਜਿਵੇਂ ਗੁਬਾਰਾ ਫੁੱਲਦਾ ਹੈ।

ਐਨਿਉਰਿਜ਼ਮ ਸਰੀਰ ਦੀ ਕਿਸੇ ਵੀ ਨਾੜੀ ਵਿੱਚ ਹੋ ਸਕਦਾ ਹੈ, ਪਰ ਇਹ ਅਕਸਰ ਦੋ ਥਾਵਾਂ 'ਤੇ ਜ਼ਿਆਦਾ ਹੁੰਦਾ ਹੈ:

  • ਉਹ ਧਮਣੀ (ਆਰਟਰੀ) ਜੋ ਦਿਲ ਤੋਂ ਸਰੀਰ ਤੱਕ ਖੂਨ ਲੈ ਜਾਂਦੀ ਹੈ
  • ਦਿਮਾਗ਼

ਜੇਕਰ ਐਨਿਉਰਿਜ਼ਮ ਦਿਮਾਗ਼ ਵਿੱਚ ਹੈ, ਤਾਂ ਇਸ ਨੂੰ ਬ੍ਰੇਨ ਐਨਿਉਰਿਜ਼ਮ ਕਿਹਾ ਜਾਂਦਾ ਹੈ।

ਬ੍ਰੇਨ ਐਨਿਉਰਿਜ਼ਮ ਦੀਆਂ ਕਿਸਮਾਂ

ਬ੍ਰੇਨ ਐਨਿਉਰਿਜ਼ਮ ਨੂੰ ਮੁੱਖ ਤੌਰ 'ਤੇ ਤਿੰਨ ਸ਼੍ਰੇਣੀਆਂ ਵਿੱਚ ਵੰਡਿਆ ਜਾਂਦਾ ਹੈ:

ਸੈਕੂਲਰ ਐਨਿਉਰਿਜ਼ਮ

ਇਸ ਨੂੰ ਬੇਰੀ ਐਨਿਉਰਿਜ਼ਮ ਵੀ ਕਿਹਾ ਜਾਂਦਾ ਹੈ। ਇਹ ਐਨਿਉਰਿਜ਼ਮ ਇੱਕ ਵੇਲ ਤੋਂ ਲਟਕਦੇ ਅੰਗੂਰ ਵਰਗਾ ਦਿਖਾਈ ਦਿੰਦਾ ਹੈ। ਇਹ ਇੱਕ ਗੋਲ ਥੈਲੀ ਹੁੰਦੀ ਹੈ ਜੋ ਖੂਨ ਨਾਲ ਭਰੀ ਹੁੰਦੀ ਹੈ ਜੋ ਮੁੱਖ ਧਮਣੀ ਜਾਂ ਉਸ ਦੀ ਕਿਸੇ ਸ਼ਾਖਾ ਵਿੱਚੋਂ ਬਾਹਰ ਨਿਕਲਦੀ ਹੈ।

ਇਹ ਜ਼ਿਆਦਾਤਰ ਦਿਮਾਗ਼ ਦੇ ਬੇਸ (ਹੇਠਲੇ ਪਾਸੇ) ਦੀਆਂ ਧਮਣੀਆਂ 'ਤੇ ਬਣਦੀ ਹੈ। ਬੇਰੀ ਐਨਿਉਰਿਜ਼ਮ ਐਨਿਉਰਿਜ਼ਮ ਦੀ ਸਭ ਤੋਂ ਆਮ ਕਿਸਮ ਹੈ।

ਫਿਊਸੀਫਾਰਮ ਐਨਿਉਰਿਜ਼ਮ

ਇਸ ਕਿਸਮ ਦਾ ਐਨਿਉਰਿਜ਼ਮ ਧਮਣੀ ਦੇ ਆਲੇ-ਦੁਆਲੇ ਫੁਲ ਜਾਂਦਾ ਹੈ, ਯਾਨਿ ਕਿ ਧਮਣੀ ਦੇ ਸਾਰੇ ਹਿੱਸਿਆਂ ਵਿੱਚ ਸੋਜਿਸ਼ ਆ ਜਾਂਦੀ ਹੈ।

ਮਾਈਕੋਟਿਕ ਐਨਿਉਰਿਜ਼ਮ

ਇਹ ਐਨਿਉਰਿਜ਼ਮ ਇੱਕ ਲਾਗ (ਇਨਫੈਕਸ਼ਨ) ਕਾਰਨ ਹੁੰਦਾ ਹੈ। ਜਦੋਂ ਕੋਈ ਲਾਗ ਦਿਮਾਗ਼ ਦੀਆਂ ਧਮਣੀਆਂ ਨੂੰ ਪ੍ਰਭਾਵਿਤ ਕਰਦੀ ਹੈ, ਤਾਂ ਇਹ ਉਨ੍ਹਾਂ ਦੀ ਕੰਧ ਨੂੰ ਕਮਜ਼ੋਰ ਕਰ ਦਿੰਦੀ ਹੈ। ਇਸ ਨਾਲ ਐਨਿਉਰਿਜ਼ਮ ਬਣ ਸਕਦਾ ਹੈ।

ਬ੍ਰੇਨ ਐਨਿਉਰਿਜ਼ਮ ਦੇ ਲੱਛਣ

ਬ੍ਰੇਨ ਐਨਿਉਰਿਜ਼ਮ ਉਦੋਂ ਤੱਕ ਕੋਈ ਖ਼ਤਰਾ ਨਹੀਂ ਪੈਦਾ ਕਰਦਾ ਜਦੋਂ ਤੱਕ ਇਹ ਫਟ ਨਹੀਂ ਜਾਂਦਾ।

ਜੇਕਰ ਇਹ ਫਟ ਜਾਂਦਾ ਹੈ, ਤਾਂ ਇਹ ਇੱਕ ਬਹੁਤ ਹੀ ਖ਼ਤਰਨਾਕ ਸਥਿਤੀ ਦਾ ਕਾਰਨ ਬਣ ਸਕਦਾ ਹੈ ਜਿਸ ਨੂੰ ਸਬਰੇਕਨੋਇਡ ਹੈਮਰੇਜ ਕਿਹਾ ਜਾਂਦਾ ਹੈ। ਇਸ ਨਾਲ ਦਿਮਾਗ਼ ਵਿੱਚ ਖੂਨ ਫੈਲ ਜਾਂਦਾ ਹੈ ਅਤੇ ਦਿਮਾਗ਼ ਨੂੰ ਵੱਡਾ ਨੁਕਸਾਨ ਹੋ ਸਕਦਾ ਹੈ।

  • ਅਚਾਨਕ, ਗੰਭੀਰ ਅਤੇ ਅਸਹਿ ਸਿਰ ਦਰਦ (ਜਿਵੇਂ ਕਿ ਕਿਸੇ ਨੇ ਤੁਹਾਡੇ ਸਿਰ 'ਤੇ ਜ਼ੋਰ ਨਾਲ ਮਾਰਿਆ ਹੋਵੇ)
  • ਗਰਦਨ ਵਿੱਚ ਅਕੜਾਅ
  • ਜੀ ਘਬਰਾਉਣਾ ਅਤੇ ਉਲਟੀਆਂ
  • ਰੌਸ਼ਨੀ ਵੱਲ ਦੇਖਣ ਵੇਲੇ ਦਰਦ

ਇੱਕ ਅਣ-ਫਟਿਆ ਬ੍ਰੇਨ ਐਨਿਉਰਿਜ਼ਮ ਆਮ ਤੌਰ 'ਤੇ ਕੋਈ ਲੱਛਣ ਨਹੀਂ ਨਜ਼ਰ ਆਉਂਦਾ, ਖਾਸ ਕਰਕੇ ਜੇ ਇਹ ਛੋਟਾ ਹੋਵੇ।

ਜੇਕਰ ਇਹ ਵੱਡਾ ਹੈ, ਤਾਂ ਇਹ ਨੇੜਲੀਆਂ ਨਾੜੀਆਂ 'ਤੇ ਦਬਾਅ ਪਾ ਸਕਦਾ ਹੈ, ਜਿਸ ਨਾਲ ਸਿਰ ਦਰਦ, ਨਜ਼ਰ ਵਿੱਚ ਬਦਲਾਅ, ਜਾਂ ਚਿਹਰੇ ਦਾ ਸੁੰਨ ਹੋਣ ਵਰਗੇ ਲੱਛਣ ਪੈਦਾ ਹੋ ਸਕਦੇ ਹਨ।

ਬ੍ਰੇਨ ਐਨਿਉਰਿਜ਼ਮ ਕਿਉਂ ਹੁੰਦਾ ਹੈ?

ਖੋਜਕਾਰਾਂ ਨੇ ਪੂਰੀ ਤਰ੍ਹਾਂ ਇਹ ਨਹੀਂ ਪਤਾ ਲਗਾਇਆ ਹੈ ਕਿ ਖੂਨ ਦੀਆਂ ਨਾੜੀਆਂ ਕਿਉਂ ਕਮਜ਼ੋਰ ਦੋ ਜਾਂਦੀਆਂ ਹਨ, ਪਰ ਕੁਝ ਮੁੱਖ ਕਾਰਨ ਦੱਸੇ ਜਾਂਦੇ ਹਨ।

  • ਸਿਗਰਟਨੋਸ਼ੀ
  • ਹਾਈ ਬਲੱਡ ਪ੍ਰੈਸ਼ਰ
  • ਦਿਮਾਗੀ ਐਨਿਉਰਿਜ਼ਮ ਦਾ ਪਰਿਵਾਰਕ ਇਤਿਹਾਸ (ਜੈਨੇਟਿਕ ਕਾਰਨ)
  • ਕਈ ਵਾਰ ਖੂਨ ਦੀਆਂ ਨਾੜੀਆਂ ਜਨਮ ਤੋਂ ਹੀ ਕਮਜ਼ੋਰ ਹੁੰਦੀਆਂ ਹਨ
  • ਸਿਰ ਦੀ ਸੱਟ
  • ਸ਼ਰਾਬ ਅਤੇ ਨਸ਼ੀਲੇ ਪਦਾਰਥਾਂ ਦੀ ਦੁਰਵਰਤੋਂ

ਬ੍ਰੇਨ ਐਨਿਉਰਿਜ਼ਮ ਕਿਸੇ ਵੀ ਉਮਰ ਵਿੱਚ ਹੋ ਸਕਦਾ ਹੈ ਪਰ 40 ਸਾਲ ਤੋਂ ਵੱਧ ਉਮਰ ਦੇ ਲੋਕਾਂ ਵਿੱਚ ਵਧੇਰੇ ਆਮ ਹੁੰਦੇ ਹਨ। ਔਰਤਾਂ ਵਿੱਚ ਮਰਦਾਂ ਨਾਲੋਂ ਇਹ ਜ਼ਿਆਦਾ ਪਾਇਆ ਜਾਂਦਾ ਹੈ।

ਬ੍ਰਿਟੇਨ ਦੀ ਯੂਕੇ ਨੈਸ਼ਨਲ ਹੈਲਥ ਸਰਵਿਸ ਅਨੁਸਾਰ, ਇੰਗਲੈਂਡ ਵਿੱਚ ਹਰ ਸਾਲ ਪੰਦਰਾਂ ਹਜ਼ਾਰ ਲੋਕਾਂ ਵਿੱਚੋਂ ਇੱਕ ਨੂੰ ਬ੍ਰੇਨ ਐਨਿਉਰਿਜ਼ਮ ਫਟ ਜਾਂਦਾ ਹੈ।

ਅਮਰੀਕਾ ਸਥਿਤ ਬ੍ਰੇਨ ਐਨਿਉਰਿਜ਼ਮ ਫਾਊਂਡੇਸ਼ਨ ਅਨੁਸਾਰ, ਅਮਰੀਕਾ ਵਿੱਚ ਹਰ ਸਾਲ ਇੱਕ ਲੱਖ ਲੋਕਾਂ ਵਿੱਚ ਇਸ ਦੇ ਅੱਠ ਤੋਂ ਦਸ ਮਾਮਲੇ ਸਾਹਮਣੇ ਆਉਂਦੇ ਹਨ।

ਇਲਾਜ ਕੀ ਹੈ?

ਮਾਓ ਕਲੀਨਿਕ ਅਮਰੀਕਾ ਵਿੱਚ ਇੱਕ ਨਿੱਜੀ ਸੰਸਥਾ ਹੈ ਜੋ ਸਿਹਤ ਨਾਲ ਸਬੰਧਤ ਖੋਜ ਕਰਦੀ ਹੈ। ਸੰਸਥਾ ਨੇ ਬ੍ਰੇਨ ਐਨਿਉਰਿਜ਼ਮ ਬਾਰੇ ਵਿਸਤ੍ਰਿਤ ਜਾਣਕਾਰੀ ਦਿੱਤੀ ਹੈ।

ਫਟੇ ਹੋਏ ਬ੍ਰੇਨ ਐਨਿਉਰਿਜ਼ਮ ਨੂੰ ਠੀਕ ਕਰਨ ਲਈ ਦੋ ਆਮ ਇਲਾਜ ਹਨ, ਸਰਜੀਕਲ ਕਲਿਪਿੰਗ ਅਤੇ ਐਂਡੋਵੈਸਕੁਲਰ ਇਲਾਜ।

ਕੁਝ ਮਾਮਲਿਆਂ ਵਿੱਚ, ਇਹ ਇਲਾਜ ਬਿਨਾਂ ਫਟੇ ਐਨਿਉਰਿਜ਼ਮ ਲਈ ਵੀ ਕੀਤੇ ਜਾ ਸਕਦੇ ਹਨ, ਪਰ ਜੋਖ਼ਮ ਇਲਾਜ ਦੇ ਲਾਭ ਤੋਂ ਵੱਧ ਹੋ ਸਕਦਾ ਹੈ।

ਸਰਜੀਕਲ ਕਲਿਪਿੰਗ

ਇਸ ਪ੍ਰਕਿਰਿਆ ਵਿੱਚ, ਐਨਿਉਰਿਜ਼ਮ ਬੰਦ ਕੀਤਾ ਜਾਂਦਾ ਹੈ। ਨਿਊਰੋਸਰਜਨ ਸਿਰ ਦੀ ਇੱਕ ਹੱਡੀ ਨੂੰ ਹਟਾ ਕੇ ਐਨਿਉਰਿਜ਼ਮ ਤੱਕ ਪਹੁੰਚਦਾ ਹੈ। ਫਿਰ ਉਹ ਐਨਿਉਰਿਜ਼ਮ ਨੂੰ ਖੂਨ ਸਪਲਾਈ ਕਰਨ ਵਾਲੀ ਖੂਨ ਦੀ ਨਾੜੀ ਦੀ ਖੋਜ ਕਰਦਾ ਹੈ।

ਉੱਥੇ ਇੱਕ ਛੋਟੀ ਜਿਹੀ ਧਾਤ ਦੀ ਕਲਿੱਪ ਰੱਖੀ ਜਾਂਦੀ ਹੈ ਤਾਂ ਜੋ ਖੂਨ ਦਾ ਪ੍ਰਵਾਹ ਐਨਿਉਰਿਜ਼ਮ ਵਿੱਚ ਨਾ ਜਾ ਸਕੇ।

ਸਰਜੀਕਲ ਕਲਿਪਿੰਗ ਨੂੰ ਕਾਫ਼ੀ ਪ੍ਰਭਾਵਸ਼ਾਲੀ ਮੰਨਿਆ ਜਾਂਦਾ ਹੈ। ਕਲਿਪਿੰਗ ਕੀਤੇ ਗਏ ਐਨਿਉਰਿਜ਼ਮ ਦੁਬਾਰਾ ਨਹੀਂ ਬਣਦੇ। ਜੋਖਮਾਂ ਵਿੱਚ ਦਿਮਾਗ ਵਿੱਚ ਖੂਨ ਵਗਣਾ ਜਾਂ ਖੂਨ ਦਾ ਥੱਕਾ ਬਣਨਾ ਸ਼ਾਮਲ ਹੈ।

ਸਰਜੀਕਲ ਕਲਿਪਿੰਗ ਤੋਂ ਠੀਕ ਹੋਣ ਵਿੱਚ ਲਗਭਗ 4 ਤੋਂ 6 ਹਫ਼ਤੇ ਲੱਗਦੇ ਹਨ। ਜੇਕਰ ਐਨਿਉਰਿਜ਼ਮ ਫਟਿਆ ਨਹੀਂ ਹੈ, ਤਾਂ ਲੋਕ ਇੱਕ ਜਾਂ ਦੋ ਦਿਨਾਂ ਵਿੱਚ ਹਸਪਤਾਲ ਤੋਂ ਘਰ ਜਾ ਸਕਦੇ ਹਨ। ਫਟੇ ਐਨਿਉਰਿਜ਼ਮ ਲਈ ਹਸਪਤਾਲ ਵਿੱਚ ਲੰਬੇ ਸਮੇਂ ਤੱਕ ਰਹਿਣ ਦੀ ਲੋੜ ਹੋ ਸਕਦੀ ਹੈ।

ਐਂਡੋਵੈਸਕੁਲਰ ਇਲਾਜ

ਇਹ ਸਰਜੀਕਲ ਕਲਿਪਿੰਗ ਨਾਲੋਂ ਘੱਟ ਚੀਰ-ਫਾੜ ਵਾਲਾ ਤਰੀਕਾ ਹੈ ਅਤੇ ਕਈ ਵਾਰ ਇਹ ਜ਼ਿਆਦਾ ਸੁਰੱਖਿਅਤ ਹੋ ਸਕਦਾ ਹੈ। ਇਸ ਵਿੱਚ ਇੱਕ ਪਤਲੀ ਟਿਊਬ (ਕੈਥੀਟਰ) ਨੂੰ ਖੂਨ ਦੀਆਂ ਨਾੜੀਆਂ ਵਿੱਚੋਂ ਐਨਿਉਰਿਜ਼ਮ ਤੱਕ ਪਹੁੰਚਾਇਆ ਜਾਂਦਾ ਹੈ ਅਤੇ ਫਿਰ ਉਸ ਵਿੱਚ ਖ਼ਾਸ ਮੈਟਲ ਦੇ ਕੋਇਲ ਪਾਏ ਜਾਂਦੇ ਹਨ।

ਸਰਜੀਕਲ ਕਲਿਪਿੰਗ ਵਾਂਗ, ਇਸ ਪ੍ਰਕਿਰਿਆ ਵਿੱਚ ਦਿਮਾਗ਼ ਵਿੱਚ ਬਲੀਡਿੰਗ ਹੋਣ ਜਾਂ ਖੂਨ ਦਾ ਪ੍ਰਵਾਹ ਰੁਕਣ ਦਾ ਥੋੜ੍ਹਾ ਜਿਹਾ ਜੋਖ਼ਮ ਵੀ ਹੁੰਦਾ ਹੈ। ਨਾਲ ਹੀ, ਐਨਿਉਰਿਜ਼ਮ ਦੁਬਾਰਾ ਉਭਰ ਸਕਦਾ ਹੈ। ਇਸ ਲਈ, ਸਮੇਂ-ਸਮੇਂ 'ਤੇ ਇਮੇਜਿੰਗ ਟੈਸਟ ਕਰਵਾਉਣਾ ਮਹੱਤਵਪੂਰਨ ਹੈ।

ਫਲੋ ਡਾਇਵਰਸ਼ਨ

ਇਹ ਵੀ ਇੱਕ ਐਂਡੋਵੈਸਕੁਲਰ ਇਲਾਜ ਹੈ। ਇਸ ਵਿੱਚ, ਨਾੜੀ ਵਿੱਚ ਇੱਕ ਸਟੈਂਟ ਪਾਇਆ ਜਾਂਦਾ ਹੈ ਤਾਂ ਜੋ ਖੂਨ ਦਾ ਪ੍ਰਵਾਹ ਐਨਿਉਰਿਜ਼ਮ ਤੋਂ ਹਟਾ ਕੇ ਦੂਜੀ ਦਿਸ਼ਾ ਵਿੱਚ ਹੋ ਜਾਵੇ। ਇਸ ਨਾਲ ਐਨਿਉਰਿਜ਼ਮ ਦੇ ਫਟਣ ਦਾ ਜੋਖ਼ਮ ਨੂੰ ਘੱਟ ਹੋ ਜਾਂਦਾ ਹੈ ਅਤੇ ਸਰੀਰ ਨੂੰ ਇਸ ਨੂੰ ਭਰਨ ਵਿੱਚ ਮਦਦ ਮਿਲਦੀ ਹੈ।

ਇਹ ਤਰੀਕਾ ਵੱਡੇ ਐਨਿਉਰਿਜ਼ਮ ਜਾਂ ਅਜਿਹੇ ਐਨਿਉਰਿਜ਼ਮ ਲਈ ਲਾਭਦਾਇਕ ਹੁੰਦਾ ਹੈ ਜਿਨ੍ਹਾਂ ਨੂੰ ਸਰਜਰੀ ਜਾਂ ਕੋਇਲਿੰਗ ਨਾਲ ਠੀਕ ਕਰਨਾ ਮੁਸ਼ਕਲ ਹੁੰਦਾ ਹੈ।

ਬ੍ਰੇਨ ਐਨਿਉਰਿਜ਼ਮ ਨੂੰ ਕਿਵੇਂ ਰੋਕਿਆ ਜਾਵੇ?

ਐਨਿਉਰਿਜ਼ਮ ਹੋਣ ਤੋਂ ਰੋਕਣ ਜਾਂ ਐਨਿਉਰਿਜ਼ਮ ਦੇ ਵੱਡੇ ਹੋਣ ਅਤੇ ਫਟਣ ਦਾ ਖ਼ਤਰਾ ਘੱਟ ਕਰਨ ਦਾ ਸਭ ਤੋਂ ਚੰਗਾ ਤਰੀਕਾ ਇਹ ਹੈ ਕਿ ਅਜਿਹੀਆਂ ਆਦਤਾਂ ਤੋਂ ਦੂਰ ਰਹੋ ਜੋ ਤੁਹਾਡੀਆਂ ਖੂਨ ਦੀਆਂ ਨਾੜੀਆਂ ਨੂੰ ਨੁਕਸਾਨ ਪਹੁੰਚਾ ਸਕਦੀਆਂ ਹਨ।

ਇਨ੍ਹਾਂ ਚੀਜ਼ਾਂ ਤੋਂ ਬਚੋ:

  • ਸਿਗਰਟਨੋਸ਼ੀ
  • ਬਹੁਤ ਜ਼ਿਆਦਾ ਤਲੇ ਹੋਏ ਭੋਜਨ ਖਾਣਾ
  • ਹਾਈ ਬਲੱਡ ਪ੍ਰੈਸ਼ਰ ਨੂੰ ਕੰਟ੍ਰੋਲ ਨਾ ਕਰਨਾ
  • ਜ਼ਿਆਦਾ ਭਾਰ ਜਾਂ ਮੋਟਾਪਾ ਹੋਣਾ

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)