ਗੋਲਡੀ ਬਰਾੜ ਨੂੰ ਭਾਰਤ ਸਰਕਾਰ ਨੇ ਦਹਿਸ਼ਤਗਰਦ ਐਲਾਨਿਆ, ਕੀ ਹਨ ਇਲਜ਼ਾਮ

ਗੋਲਡੀ ਬਰਾੜ

ਸਿੱਧੂ ਮੂਸੇਵਾਲ ਦੇ ਕਤਲ ਦੇ 'ਮੁੱਖ ਸਾਜ਼ਿਸ਼ ਕਰਤਾ' ਅਤੇ ਪੰਜਾਬ ਪੁਲਿਸ ਨੂੰ ਕਈ ਮਾਮਲਿਆਂ ਵਿੱਚ ਲੋੜੀਂਦੇ ਗੋਲਡੀ ਬਰਾੜ ਨੂੰ ਭਾਰਤ ਸਰਕਾਰ ਨੇ ਦਹਿਸ਼ਤਗਰਦ ਐਲਾਨ ਦਿੱਤਾ ਹੈ।

ਭਾਰਤ ਦੇ ਕੇਂਦਰੀ ਗ੍ਰਹਿ ਮੰਤਰਾਲੇ ਦੇ ਨੋਟੀਫਿਕੇਸ਼ਨ ਮੁਤਾਬਕ ਸਤਵਿੰਦਰ ਸਿੰਘ ਉਰਫ਼ ਸਤਿੰਦਰਜੀਤ ਸਿੰਘ ਉਰਫ਼ ਗੋਲਡੀ ਬਰਾੜ ਨੂੰ ਗ਼ੈਕ-ਕਾਨੂੰਨੀ ਗਤੀਵਿਧੀਆਂ ਰੋਕੂ ਐਕਟ ਯਾਨਿ ਯੂਏਪੀਏ ਤਹਿਤ ਦਹਿਸ਼ਤਗਰਦ ਐਲਾਨਿਆ ਗਿਆ ਹੈ।

ਗੋਲਡੀ ਬਰਾੜ ਖ਼ਾਲਿਸਤਾਨੀ ਸੰਗਠਨ ਬੱਬਰ ਖਾਲਸਾ ਇੰਟਰਨੈਸ਼ਨਲ ਨਾਲ ਜੁੜਿਆ ਹੋਇਆ ਹੈ।

ਵੀਡੀਓ ਕੈਪਸ਼ਨ, ਸਿੱਧੂ ਮੂਸੇਵਾਲਾ ਕਤਲ ਕੇਸ ਵਿੱਚ ਚਰਚਾ 'ਚ ਆਏ ਗੋਲਡੀ ਬਰਾੜ ਤੇ ਲਾਰੈਂਸ ਬਿਸ਼ਨੋਈ ਬਾਰੇ ਜਾਣੋ

ਗੋਲਡੀ ਬਰਾੜ ਬਾਰੇ ਭਾਰਤ ਸਰਕਾਰ ਨੇ ਨੋਟੀਫਿਕੇਸ਼ਨ ਵਿੱਚ ਕੀ ਕਿਹਾ

  • ਨੋਟੀਫਿਕੇਸ਼ਨ ਮੁਤਾਬਕ ਗੋਲਡੀ ਬਰਾੜ ਦਾ ਜਨਮ 11 ਅਪ੍ਰੈਲ 1994 ਨੂੰ ਪੰਜਾਬ ਦੇ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਵਿੱਚ ਹੋਇਆ ਅਤੇ ਮੌਜੂਦਾ ਸਮੇਂ ਵਿੱਚ ਕੈਨੇਡਾ ਦੇ ਬਰੈਂਪਟਨ ਵਿੱਚ ਰਹਿ ਰਿਹਾ ਹੈ।
  • ਕੇਂਦਰ ਸਰਕਾਰ ਦਾ ਮੰਨਣਾ ਹੈ ਕਿ ਗੋਲਡੀ ਬਰਾੜ ਅੱਤਵਾਦ ਵਿੱਚ ਸ਼ਾਮਲ ਹੈ ਅਤੇ ਉਸ ਨੂੰ ਉਕਤ ਐਕਟ ਦੀ ਚੌਥੇ ਸ਼ਡਿਊਲ ਵਿੱਚ ਦਹਿਸ਼ਤਗਰਦ ਵਜੋਂ ਸ਼ਾਮਲ ਕੀਤਾ ਗਿਆ ਹੈ।
  • ਸਰਹੱਦ ਪਾਰ ਸਥਿਤ ਏਜੰਸੀ ਵੱਲੋਂ ਸਮਰਥਨ ਹਾਸਿਲ ਗੋਲਡੀ ਬਰਾੜ ਕਈ ਕਤਲਾਂ ਵਿੱਚ ਸ਼ਾਮਲ ਹੈ ਅਤੇ ਕੱਟੜਪੰਥੀ ਵਿਚਾਰਧਾਰਾ ਦਾ ਦਾਅਵਾ ਕਰਦਾ ਸੀ।
  • ਇਸ ਤੋਂ ਇਲਾਵਾ ਉਹ ਰਾਸ਼ਟਰਵਾਦੀ ਆਗੂਆਂ ਨੂੰ ਧਮਕੀ ਵਾਲੀਆਂ ਕਾਲਾਂ ਕਰਨ, ਫਿਰੌਤੀ ਮੰਗਣ ਅਤੇ ਵੱਖ-ਵੱਖ ਸੋਸ਼ਲ ਮੀਡੀਆ ਪਲੇਟਫਾਰਮਾਂ 'ਤੇ ਕਤਲਾਂ ਦੇ ਦਾਅਵਿਆਂ ਨੂੰ ਪੋਸਟ ਕਰਨ ਵਿੱਚ ਸ਼ਾਮਲ ਹੈ।
  • ਗੋਲਡੀ ਬਰਾੜ ਸਰਹੱਦ ਪਾਰੋਂ ਡਰੋਨਾਂ ਰਾਹੀਂ ਉੱਚ ਦਰਜੇ ਦੇ ਹਥਿਆਰਾਂ, ਗੋਲਾ ਬਾਰੂਦ ਅਤੇ ਵਿਸਫੋਟਕ ਸਮੱਗਰੀ ਦੀ ਤਸਕਰੀ ਕਰਨ ਅਤੇ ਕਤਲਾਂ ਨੂੰ ਅੰਜਾਮ ਦੇਣ ਲਈ ਸਪਲਾਈ ਅਤੇ ਸ਼ਾਰਪ ਸ਼ੂਟਰ ਮੁਹੱਈਆ ਕਰਵਾਉਣ ਵਿੱਚ ਸ਼ਾਮਲ ਰਿਹਾ ਹੈ।
  • ਗੋਲਡੀ ਬਰਾੜ ਅਤੇ ਉਸ ਦੇ ਸਾਥੀ ਪੰਜਾਬ ਵਿੱਚ ਭੰਨਤੋੜ, ਦਹਿਸ਼ਤਗਰਦੀ ਮਾਹੌਲ ਸਿਰਜਨ ਅਤੇ ਟਾਰਗੈਟ ਕਿਲਿੰਗ ਨੂੰ ਅੰਜਾਮ ਦੇਣ ਤੇ ਹੋਰ ਕਈ ਦੇਸ਼ ਵਿਰੋਧੀ ਗਤੀਵਿਧੀਆਂ ਸਣੇ ਅਮਨ ਸ਼ਾਂਤੀ ਨੂੰ ਭੰਗ ਕਰਨ ਦੀ ਸਾਜ਼ਿਸ਼ ਰਚ ਰਹੇ ਹਨ।
  • ਮਈ 2022 ਵਿੱਚ ਗੋਲਡੀ ਬਰਾੜ ਖ਼ਿਲਾਫ਼ ਕੌਮਾਂਤਰੀ ਏਜੰਸੀ ਇੰਟਰਪੌਲ ਨੇ ਰੈੱਡ ਕਾਰਨਰ ਨੋਟਿਸ ਜਾਰੀ ਕੀਤਾ ਸੀ।
  • ਦਸਬੰਰ 2022 ਵਿੱਚ ਗੋਲਡੀ ਖ਼ਿਲਾਫ਼ ਗ਼ੈਰ-ਜ਼ਮਾਨਤੀ ਵਾਰੰਟ ਜਾਰੀ ਕੀਤਾ ਗਿਆ ਅਤੇ ਮਈ 2022 ਵਿੱਚ ਲੁਕ-ਆਊਟ ਸਰਕੂਲਰ ਜਾਰੀ ਕੀਤਾ ਗਿਆ ਸੀ।
ਵੀਡੀਓ ਕੈਪਸ਼ਨ, ਗੋਲਡੀ ਬਰਾੜ: ਰੈੱਡ ਕਾਰਨਰ ਨੋਟਿਸ ਤੇ ਹਵਾਲਗੀ ਕੀ ਹੁੰਦੀ ਹੈ

ਕੌਣ ਹੈ ਗੋਲਡੀ ਬਰਾੜ

30 ਸਾਲਾ ਗੋਲਡੀ ਬਰਾੜ ਦਾ ਜਨਮ 11 ਮਾਰਚ, 1994 ਨੂੰ ਮੁਕਤਸਰ ਸਾਹਿਬ ਵਿੱਚ ਹੋਇਆ। ਉਹ ਅੰਗਰੇਜ਼ੀ, ਹਿੰਦੀ ਤੇ ਪੰਜਾਬੀ ਪੜ੍ਹ ਲੈਂਦਾ ਹੈ।

ਅਧਿਕਾਰਿਤ ਸੂਤਰਾਂ ਮੁਤਾਬਕ ਗੋਲਡੀ ਬਰਾੜ ਅਗਸਤ 2017 ਵਿੱਚ ਸਟੱਡੀ ਵਿਜ਼ਾ ’ਤੇ ਕੈਨੇਡਾ ਚਲਾ ਗਿਆ।

ਪੰਜਾਬ ਪੁਲਿਸ ਦੇ ਰਿਕਾਰਡ ਦੇ ਮੁਤਾਬਕ ਗੋਲਡੀ ਬਰਾੜ ਪਿਛਲੇ 10 ਸਾਲਾ ਤੋਂ ਅਪਰਾਧ ਦੀ ਦੁਨੀਆ ਵਿੱਚ ਸਰਗਰਮ ਹੈ।

ਲਾਰੈਂਸ ਬਿਸ਼ਨੋਈ ਗੈਂਗ ਨਾਲ ਸਬੰਧਿਤ ਗੋਲਡੀ ਬਰਾੜ 29 ਮਈ, 2022 ਨੂੰ ਸਿੱਧੂ ਮੂਸੇਵਾਲ ਦੇ ਕਤਲ ਤੋਂ ਬਾਅਦ ਇੱਕ ਦਮ ਸੁਰਖ਼ੀਆਂ ਵਿੱਚ ਆ ਗਿਆ ਸੀ।

ਗੋਲਡੀ ਬਰਾੜ ਨੇ ਸੋਸ਼ਲ ਮੀਡੀਆ ਉੱਤੇ ਪੋਸਟ ਪਾ ਕੇ ਦਾਅਵਾ ਕੀਤਾ ਸੀ ਉਸ ਨੇ ਹੀ ਮੂਸੇਵਾਲਾ ਦਾ ਕਤਲ ਕਰਵਾਇਆ ਹੈ।

ਪੰਜਾਬ ਪੁਲਿਸ ਦੇ ਰਿਕਾਰਡ ਦੇ ਮੁਤਾਬਕ ਗੋਲਡੀ ਬਰਾੜ 2017 ਵਿੱਚ ਕੈਨੇਡਾ ਚਲਾ ਗਿਆ ਸੀ ਅਤੇ ਉੱਥੇ ਬੈਠ ਕੇ ਹੀ ਉਹ ਆਪਣੇ ਸਾਥੀਆਂ ਦੀ ਮਦਦ ਨਾਲ ਪੰਜਾਬ ਵਿੱਚ ਵਾਰਦਾਤਾਂ ਨੂੰ ਅੰਜਾਮ ਦੇ ਰਿਹਾ ਹੈ।

ਸਿੱਧੂ ਮੂਸੇਵਾਲਾ ਅਤੇ ਗੋਲਡੀ ਬਰਾੜ

ਤਸਵੀਰ ਸਰੋਤ, SIHDUMOOSWALA/FB

ਤਸਵੀਰ ਕੈਪਸ਼ਨ, ਸਿੱਧੂ ਮੂਸੇਵਾਲਾ ਦੇ ਕਤਲ ਕੇਸ ਦਾ ਮਾਸਟਰ ਮਾਈਂਡ ਦੱਸਿਆ ਜਾਂਦਾ ਹੈ ਗੋਲਡੀ ਬਰਾੜ

ਪੁਲਿਸ ਰਿਕਾਰਡ 'ਚ ਗੋਲਡੀ ਬਰਾੜ ਬਾਰੇ ਕੀ ਜਾਣਕਾਰੀ ਹੈ

ਪੰਜਾਬ ਅਤੇ ਚੰਡੀਗੜ੍ਹ ਪੁਲਿਸ ਦੀਆਂ ਨਜ਼ਰਾਂ ਵਿੱਚ ਗੋਲਡੀ ਖ਼ਾਸ ਤੌਰ ’ਤੇ ਅਕਤੂਬਰ 2020 ਵਿੱਚ ਆਇਆ।

ਗੋਲਡੀ ਬਰਾੜ ਦੇ ਰਿਸ਼ਤੇਦਾਰ ਗੁਰਲਾਲ ਬਰਾੜ ਦਾ ਚੰਡੀਗੜ੍ਹ ਵਿੱਚ ਕਥਿਤ ਤੌਰ 'ਤੇ ਬੰਬੀਹਾ ਗੈਂਗ ਵੱਲੋਂ ਕਤਲ ਕਰ ਦਿੱਤਾ ਗਿਆ ਸੀ।

ਗੁਰਲਾਲ ਪੰਜਾਬ ਯੂਨੀਵਰਸਿਟੀ ਦੇ ਵਿਦਿਆਰਥੀ ਸੰਗਠਨ ਸੋਪੂ ਦਾ ਸਾਬਕਾ ਸੂਬਾ ਪ੍ਰਧਾਨ ਸੀ।

ਸੋਪੂ ਪੰਜਾਬ ਯੂਨੀਵਰਸਿਟੀ ਦਾ ਵਿਦਿਆਰਥੀ ਸੰਗਠਨ ਹੈ ਜਿਸ ਦੇ ਨਾਲ ਸਿੱਧੂ ਮੂਸੇਵਾਲਾ ਕਤਲ ਦੇ ਇੱਕ ਹੋਰ ਮੁਲਜ਼ਮ ਲਾਰੈਂਸ ਬਿਸ਼ਨੋਈ ਵੀ ਜੁੜਿਆ ਸੀ।

ਪੁਲਿਸ ਮੁਤਾਬਕ ਗੋਲਡੀ ਬਰਾੜ ਨੇ ਰਿਸ਼ਤੇਦਾਰੀ ਵਿੱਚ ਲੱਗਦੇ ਭਰਾ ਗੁਰਲਾਲ ਬਰਾੜ ਦੇ ਕਤਲ ਦਾ ਬਦਲਾ ਲੈਣ ਦਾ ਫ਼ੈਸਲਾ ਕੀਤਾ।

ਪੁਲਿਸ ਮੁਤਾਬਕ ਗੁਰਲਾਲ ਬਰਾੜ ਦੇ ਕਤਲ ਮਾਮਲੇ ਵਿੱਚ ਗੋਲਡੀ ਬਰਾੜ ਨੂੰ ਗੁਰਲਾਲ ਸਿੰਘ ਭਲਵਾਨ ਉੱਤੇ ਸ਼ੱਕ ਸੀ।

ਕਥਿਤ ਤੌਰ ’ਤੇ ਗੋਲਡੀ ਨੇ ਫ਼ਰੀਦਕੋਟ ਯੂਥ ਕਾਂਗਰਸ ਦੇ ਪ੍ਰਧਾਨ ਗੁਰਲਾਲ ਸਿੰਘ ਭਲਵਾਨ ਨੂੰ ਮਾਰਨ ਲਈ ਲਾਰੈਂਸ ਬਿਸ਼ਨੋਈ ਨਾਲ ਮਿਲ ਕੇ ਸਾਜ਼ਿਸ਼ ਰਚੀ।

18 ਫਰਵਰੀ, 2021 ਨੂੰ ਗੁਰਲਾਲ ਸਿੰਘ ਭਲਵਾਨ ਨੂੰ ਦੋ ਲੋਕਾਂ ਨੇ ਗੋਲੀਆਂ ਮਾਰ ਕੇ ਦਿਨ ਦਿਹਾੜੇ ਕਤਲ ਕਰ ਦਿੱਤਾ।

ਪੁਲਿਸ ਦਾ ਦਾਅਵਾ ਹੈ ਕਿ ਇਸ ਮਾਮਲੇ ਵਿੱਚ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਨੇ ਆਪਣੇ ਬਿਆਨ ਦੌਰਾਨ ਖ਼ੁਲਾਸਾ ਕੀਤਾ ਕਿ ਗੋਲਡੀ ਇਸ ਕੇਸ ਦਾ ਮਾਸਟਰਮਾਈਂਡ ਹੈ ਜਿਸ ਨੇ ਗੁਰਲਾਲ ਸਿੰਘ ਭਲਵਾਨ ਦੀ ਹੱਤਿਆ ਕਰਨ ਲਈ ਵਾਹਨਾਂ, ਹਥਿਆਰਾਂ, ਸ਼ੂਟਰਾਂ ਅਤੇ ਰਿਹਾਇਸ਼ ਦਾ ਪ੍ਰਬੰਧ ਕੀਤਾ ਸੀ।

ਪੁਲਿਸ ਰਿਕਾਰਡਾਂ ਮੁਤਾਬਕ ਪੰਜਾਬ ਵਿੱਚ ਗੋਲਡੀ ਬਰਾੜ ਦਾ ਇਹ ਕੋਈ ਪਹਿਲਾ ਮਾਮਲਾ ਨਹੀਂ ਸੀ ਜਿਸ ਵਿੱਚ ਉਸਦਾ ਨਾਂ ਆਇਆ।

ਪੁਲਿਸ ਸੂਤਰਾਂ ਦਾ ਕਹਿਣਾ ਹੈ ਕਿ ਗੁਰਲਾਲ ਪਹਿਲਵਾਨ ਦੇ ਕਤਲ ਤੋਂ ਬਾਅਦ ਗੋਲਡੀ ਬਰਾੜ ਨੇ ਫ਼ਰੀਦਕੋਟ ਅਤੇ ਮੁਕਤਸਰ ਸਾਹਿਬ ਖੇਤਰਾਂ ਦੇ ਵੱਖ-ਵੱਖ ਵਿਅਕਤੀਆਂ ਨੂੰ ਕਥਿਤ ਤੌਰ 'ਤੇ ਫਿਰੌਤੀ ਲਈ ਕਾਲਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਸਨ।

ਸਿੱਧੂ ਮੂਸੇਵਾਲਾ

ਤਸਵੀਰ ਸਰੋਤ, Getty Images

ਗੋਲਡੀ ਬਰਾੜ ਖ਼ਿਲਾਫ਼ ਸਾਲ 2012 'ਚ ਪਹਿਲਾ ਮੁਕੱਦਮਾ

ਗੋਲਡੀ ਬਰਾੜ ਵਿਰੁੱਧ ਪੁਲਿਸ ਦੇ ਰਿਕਾਰਡ ਵਿੱਚ ਸਭ ਤੋਂ ਪੁਰਾਣਾ ਮਾਮਲਾ 2012 ਦਾ ਹੈ।

ਇੱਕ ਸ਼ਾਮ ਮੋਗਾ ਦੇ ਇੱਕ ਵਾਸੀ ਨੇ ਇਲਜ਼ਾਮ ਲਾਇਆ ਕਿ ਉਹ ਆਪਣੀ ਕਾਰ ਵਿੱਚ ਜਿੰਮ ਜਾ ਰਿਹਾ ਸੀ। ਐੱਫਆਈਆਰ ਮੁਤਾਬਕ “ਰੇਲਵੇ ਕਰਾਸਿੰਗ ਦੇ ਕੋਲ ਕੁੱਝ ਵਿਅਕਤੀ ਹਥਿਆਰਾਂ ਨਾਲ ਸੜਕ ਦੇ ਕੰਢੇ ਖੜੇ ਸਨ। ਉਨ੍ਹਾਂ ਨੇ ਮੋਗਾ ਦੇ ਇਸ ਵਿਅਕਤੀ ’ਤੇ ਗੋਲੀਆਂ ਚਲਾ ਦਿੱਤੀਆਂ ਅਤੇ ਭੱਜਣ ਵਿਚ ਕਾਮਯਾਬ ਹੋ ਗਏ।”

ਇਸ ਮਾਮਲੇ ਵਿੱਚ ਗੋਲਡੀ ਬਰਾੜ ਨਾਮਜ਼ਦ ਹੋਇਆ, ਹਾਲਾਂਕਿ 2015 ਵਿੱਚ ਅਦਾਲਤ ਵੱਲੋਂ ਕੇਸ ਰੱਦ ਕਰਨ ਤੋਂ ਬਾਅਦ ਗੋਲਡੀ ਬਰਾੜ ਨੂੰ ਇਸ ਮਾਮਲੇ ਵਿੱਚ ਬਰੀ ਕਰ ਦਿੱਤਾ ਗਿਆ ਸੀ।

2013 ਵਿੱਚ ਅਬੋਹਰ ਵਾਸੀ ਰਾਕੇਸ਼ ਰਿਨ੍ਹਵਾ ਨੇ ਇਲਜ਼ਾਮ ਲਾਇਆ ਕਿ ਗੋਲਡੀ ਬਰਾੜ ਅਤੇ ਦੋ ਹੋਰ ਲੋਕਾਂ ਨੇ ਕਥਿਤ ਤੌਰ ’ਤੇ ਉਸ 'ਤੇ ਬੰਦੂਕ ਤਾਣ ਕੇ ਉਸ ਨੂੰ ਆਪਣੀ ਕਾਰ ਵਿੱਚ ਬਿਠਾ ਲਿਆ ਜਿੱਥੇ ਤੇਜ਼ਧਾਰ ਹਥਿਆਰਾਂ ਨਾਲ ਉਸ ਦੀ ਕੁੱਟਮਾਰ ਕੀਤੀ ਗਈ।

ਇਸ ਮਾਮਲੇ ਵਿੱਚ ਵੀ ਗੋਲਡੀ ਬਰਾੜ ਨੂੰ ਨਾਮਜ਼ਦ ਕੀਤਾ ਗਿਆ, ਪਰ ਪੁਲਿਸ ਦੋਸ਼ ਸਾਬਤ ਨਹੀਂ ਕਰ ਸਕੀ ਅਤੇ ਅਦਾਲਤ ਵੱਲੋਂ ਬਰੀ ਕਰ ਦਿੱਤਾ ਗਿਆ ਸੀ।

ਸੰਗੀਨ ਮਾਮਲਿਆਂ ਵਿੱਚ ਇੱਕ ਮਾਮਲਾ ਸਾਲ 2020 ਦਾ ਹੈ ਜਦੋਂ ਗੋਲਡੀ ਬਰਾੜ ਦੇ ਖ਼ਿਲਾਫ਼ ਪੰਜਾਬ ਦੇ ਮਲੋਟ ਵਿੱਚ ਰਣਜੀਤ ਸਿੰਘ ਨਾਮ ਦੇ ਵਿਅਕਤੀ ਦੇ ਕਤਲ ਦਾ ਮਾਮਲਾ ਦਰਜ ਕੀਤਾ ਗਿਆ।

ਇਸ ਮਾਮਲੇ ਦੇ ਇੱਕ ਦੋਸ਼ੀ ਪਵਨ ਨਹਿਰਾ ਨੇ ਪੁੱਛਗਿੱਛ ਦੌਰਾਨ ਖ਼ੁਲਾਸਾ ਕੀਤਾ ਕਿ ਉਸ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਇੱਕ ਰਣਜੀਤ ਸਿੰਘ ਉਰਫ਼ ਰਾਣਾ ਦਾ ਕਤਲ ਲਾਰੈਂਸ ਬਿਸ਼ਨੋਈ ਅਤੇ ਕੈਨੇਡਾ ਸਥਿਤ ਗੋਲਡੀ ਬਰਾੜ ਦੇ ਨਿਰਦੇਸ਼ਾਂ ’ਤੇ ਕੀਤਾ ਸੀ। ਇਹ ਮਾਮਲਾ ਅਦਾਲਤ ਵਿਚ ਵਿਚਾਰਧੀਨ ਹੈ।

ਪੁਲਿਸ ਸੂਤਰਾਂ ਦਾ ਕਹਿਣਾ ਹੈ ਕਿ 2020 ਤੋਂ ਬਾਅਦ ਅਪਰਾਧ ਜਗਤ ਵਿੱਚ ਉਸ ਦੀ ਕਥਿਤ ਸ਼ਮੂਲੀਅਤ ਵਧੀ ਹੈ। ਜਿਨ੍ਹਾਂ ਅਪਰਾਧਾਂ ਵਿੱਚ ਉਹ ਕਥਿਤ ਤੌਰ 'ਤੇ ਸ਼ਾਮਲ ਹੈ, ਉਨ੍ਹਾਂ ਵਿੱਚ ਫਿਰੌਤੀ ਅਤੇ ਕਤਲ ਦੇ ਮਾਮਲੇ ਸ਼ਾਮਲ ਹਨ।

ਪੰਜਾਬ ਪੁਲਿਸ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਸੰਕੇਤਕ ਤਸਵੀਰ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)