'ਮਾਪਿਆਂ ਨੇ ਕਿਹਾ, ਤੂੰ ਨੀਵੀਂ ਜਾਤ ਦੇ ਮੁੰਡੇ ਨਾਲ ਪਿਆਰ ਕੀਤਾ', ਨਾਂਦੇੜ 'ਚ ਸਕਸ਼ਮ ਕਤਲ ਮਾਮਲੇ 'ਚ ਹੁਣ ਤੱਕ ਕੀ ਕੁਝ ਹੋਇਆ, ਗ੍ਰਾਉਂਡ ਰਿਪੋਰਟ

ਤਸਵੀਰ ਸਰੋਤ, kiran sakale
- ਲੇਖਕ, ਸ਼੍ਰੀਕਾਂਤ ਬਾਂਗਲੇ
- ਰੋਲ, ਬੀਬੀਸੀ ਪੱਤਰਕਾਰ
(ਇਸ ਘਟਨਾ ਦੇ ਕੁਝ ਵੇਰਵੇ ਤੁਹਾਨੂੰ ਪਰੇਸ਼ਾਨ ਕਰ ਸਕਦੇ ਹਨ।)
"ਉਨ੍ਹਾਂ ਨੇ 3-4 ਗੋਲੀਆਂ ਚਲਾਈਆਂ। ਉਸ ਤੋਂ ਬਾਅਦ ਵੀ ਉਸ ਨੂੰ ਕੁਝ ਨਹੀਂ ਹੋਇਆ। ਜਦੋਂ ਉਨ੍ਹਾਂ ਨੂੰ ਪਤਾ ਲੱਗਾ ਕਿ ਉਹ ਅਜੇ ਵੀ ਜ਼ਿੰਦਾ ਹੈ ਤਾਂ ਉਨ੍ਹਾਂ ਨੇ ਉਸ ਨੂੰ ਫਰਸ਼ 'ਤੇ ਲਿਟਾ ਕੇ ਕੁਚਲ ਕੇ ਮਾਰ ਦਿੱਤਾ।"
ਇਹ 19 ਸਾਲਾ ਆਚਲ ਮਾਮੀਦਵਾਰ ਬੋਲ ਰਹੇ ਸਨ। ਆਚਲ ਦੱਸਦੇ ਹਨ ਕਿ ਉਨ੍ਹਾਂ ਦੇ ਪ੍ਰੇਮੀ ਸਕਸ਼ਮ ਤਾਟੇ ਦੀ ਕਿੰਨੀ ਬੇਰਹਿਮੀ ਨਾਲ ਹੱਤਿਆ ਕਰ ਦਿੱਤੀ ਗਈ ਸੀ।
ਸਕਸ਼ਮ ਤਾਟੇ ਨਾਂਦੇੜ ਸ਼ਹਿਰ ਦੇ ਸੰਘਸੇਨ ਇਲਾਕੇ ਵਿੱਚ ਰਹਿੰਦੇ ਸਨ। ਜਦੋਂ ਬੀਬੀਸੀ ਦੀ ਟੀਮ ਸਕਸ਼ਮ ਦੇ ਘਰ ਪਹੁੰਚੀ ਤਾਂ ਉਨ੍ਹਾਂ ਨੇ ਦੀਵਾਰ 'ਤੇ ਲੱਗੀਆਂ ਗੌਤਮ ਬੁੱਧ ਅਤੇ ਬਾਬਾ ਸਾਹਿਬ ਡਾ. ਬੀਆਰ ਅੰਬੇਡਕਰ ਦੀਆਂ ਤਸਵੀਰਾਂ ਦੇਖੀਆਂ। ਕੋਲ ਹੀ ਸਕਸ਼ਮ ਦੀ ਤਸਵੀਰ ਲੱਗੀ ਹੋਈ ਸੀ ਅਤੇ ਫੋਟੋ 'ਤੇ ਮਾਲਾ ਚੜ੍ਹਾਈ ਗਈ ਸੀ।
ਸਕਸ਼ਮ ਦਾ ਜਨਮਦਿਨ 1 ਦਸੰਬਰ ਨੂੰ ਸੀ। ਉਸ ਦਾ ਕਤਲ ਇਸ ਤੋਂ ਦੋ-ਤਿੰਨ ਦਿਨ ਪਹਿਲਾਂ, ਯਾਨੀ 27 ਨਵੰਬਰ ਨੂੰ ਕਰ ਦਿੱਤਾ ਗਿਆ ਸੀ।
'ਉਹ ਸਾਡੇ ਨਾਲੋਂ ਨੀਵੀਂ ਜਾਤ ਦਾ ਹੈ'
ਸਕਸ਼ਮ ਤੇ ਆਚਲ ਮਾਮੀਦਵਾਰ ਇੱਕ-ਦੂਜੇ ਨੂੰ ਬਹੁਤ ਪਿਆਰ ਕਰਦੇ ਸਨ। ਸਕਸ਼ਮ ਤਾਟੇ ਦਲਿਤ ਸੀ, ਜਦੋਂ ਕਿ ਆਚਲ ਪਦਮਸ਼ਾਲੀ ਭਾਈਚਾਰੇ ਨਾਲ ਸਬੰਧ ਰੱਖਦੀ ਹੈ।
ਆਚਲ ਦਾ ਕਹਿਣਾ ਹੈ ਕਿ ਵੱਖ-ਵੱਖ ਜਾਤੀਆਂ ਨਾਲ ਸਬੰਧਤ ਹੋਣ ਕਾਰਨ ਮੇਰੇ ਘਰ ਵਾਲਿਆਂ ਨੇ ਸਾਡੇ ਪਿਆਰ ਦਾ ਵਿਰੋਧ ਕੀਤਾ ਅਤੇ ਇਸ ਕਰਕੇ ਉਨ੍ਹਾਂ ਨੇ ਸਕਸ਼ਮ ਦੀ ਹੱਤਿਆ ਕਰ ਦਿੱਤੀ।

ਤਸਵੀਰ ਸਰੋਤ, kiran sakale
ਬੀਬੀਸੀ ਨਾਲ ਗੱਲਬਾਤ ਕਰਦਿਆਂ ਆਚਲ ਨੇ ਦੱਸਿਆ, "ਅਸੀਂ ਤਿੰਨ ਸਾਲਾਂ ਤੋਂ ਇੱਕ-ਦੂਜੇ ਨੂੰ ਪਿਆਰ ਕਰਦੇ ਸੀ। ਸਕਸ਼ਮ ਸਾਡੀ ਗਲੀ ਵਿੱਚ ਆਏ ਤੇ ਉਨ੍ਹਾਂ ਨੇ ਮੈਨੂੰ ਦੇਖਿਆ। ਇਸ ਤੋਂ ਬਾਅਦ ਉਨ੍ਹਾਂ ਨੇ ਮੈਨੂੰ ਇੰਸਟਾਗ੍ਰਾਮ 'ਤੇ ਮੈਸੇਜ ਕੀਤਾ। ਮੈਂ ਵੀ ਸਕਸ਼ਮ ਨਾਲ ਗੱਲਬਾਤ ਸ਼ੁਰੂ ਕੀਤੀ। ਹੌਲੀ-ਹੌਲੀ ਸਾਡੀ ਦੋਸਤੀ ਪਿਆਰ ਵਿੱਚ ਬਦਲ ਗਈ। ਅਸੀਂ ਮਿਲਦੇ ਸੀ, ਗੱਲਾਂ ਕਰਦੇ ਸੀ। ਫਿਰ ਮੇਰੇ ਘਰ ਵਾਲਿਆਂ ਨੂੰ ਇਸ ਸਭ ਬਾਰੇ ਪਤਾ ਲੱਗਾ।"
"ਮੇਰੇ ਘਰ ਵਾਲਿਆਂ ਨੇ ਕਿਹਾ, ਤੂੰ ਨੀਵੀਂ ਜਾਤ ਦੇ ਲੜਕੇ ਨਾਲ ਪਿਆਰ ਕਰਕੇ ਬਹੁਤ ਵੱਡੀ ਬੇਵਕੂਫ਼ੀ ਕੀਤੀ ਹੈ। ਮੈਂ ਬਹੁਤ ਰੋਂਦੀ ਸੀ। ਇੱਕ ਦਿਨ ਮੇਰੇ ਪਿਤਾ ਜੀ ਨੇ ਸਕਸ਼ਮ ਨੂੰ ਕਿਹਾ, 'ਜੇ ਤੂੰ ਮੇਰੀ ਧੀ ਨਾਲ ਵਿਆਹ ਕਰਵਾਉਣਾ ਹੈ ਤਾਂ ਤੈਨੂੰ ਸਾਡਾ ਧਰਮ ਸਵੀਕਾਰ ਕਰਨਾ ਪਵੇਗਾ, ਭਾਵ ਕਿ ਹਿੰਦੂ ਧਰਮ।' ਸਕਸ਼ਮ ਧਰਮ ਸਵੀਕਾਰ ਕਰਨ ਲਈ ਵੀ ਮੰਨ ਗਿਆ ਸੀ, ਕਿਉਂਕਿ ਉਹ ਮੇਰੇ ਪਿਆਰ ਲਈ ਕੁਝ ਵੀ ਕਰਨ ਨੂੰ ਤਿਆਰ ਸੀ।"
'ਅਸੀਂ ਆਚਲ ਨੂੰ ਆਪਣੇ ਪੁੱਤਰ ਵਾਂਗ ਰੱਖਾਂਗੇ'
ਨਾਂਦੇੜ ਦੇ ਇਤਵਾਰਾ ਪੁਲਿਸ ਸਟੇਸ਼ਨ ਦੀ ਹੱਦ ਅੰਦਰ ਸਕਸ਼ਮ ਦੀ ਹੱਤਿਆ ਕਰ ਦਿੱਤੀ ਗਈ। ਕਤਲ ਤੋਂ ਬਾਅਦ ਆਚਲ ਨੇ ਸਕਸ਼ਮ ਦੀ ਲਾਸ਼ ਨਾਲ ਵਿਆਹ ਕਰਵਾ ਲਿਆ। ਆਚਲ ਨੇ ਸਕਸ਼ਮ ਦੀ ਲਾਸ਼ 'ਤੇ ਹਲਦੀ ਅਤੇ ਕੇਸਰ ਲਗਾਇਆ ਅਤੇ ਖੁਦ 'ਤੇ ਵੀ ਹਲਦੀ ਅਤੇ ਕੇਸਰ ਲਗਾਇਆ।
ਆਚਲ ਕਹਿੰਦੇ ਹਨ, "ਅਸੀਂ 3 ਸਾਲ ਇਕੱਠੇ ਰਹੇ। ਸਾਡੇ ਬਹੁਤ ਸਾਰੇ ਸੁਪਨੇ ਸਨ। ਅਸੀਂ ਵਿਆਹ ਕਰਵਾਉਣ ਵਾਲੇ ਸੀ। ਇੰਨੇ ਸਾਰੇ ਸੁਪਨੇ ਸਨ ਜਿਨ੍ਹਾਂ ਨੂੰ ਸ਼ਬਦਾਂ ਵਿੱਚ ਬਿਆਨ ਨਹੀਂ ਕੀਤਾ ਜਾ ਸਕਦਾ। ਸਕਸ਼ਮ ਵੀ ਵਿਆਹ ਕਰਵਾਉਣਾ ਚਾਹੁੰਦੇ ਸਨ। ਇਸ ਲਈ ਮੈਂ ਉਨ੍ਹਾਂ ਨਾਲ ਵਿਆਹ ਕਰ ਲਿਆ। ਹੁਣ ਮੈਂ ਹਮੇਸ਼ਾ ਇੱਥੇ ਹੀ ਰਹਾਂਗੀ, ਅੰਤ ਤੱਕ ਉਨ੍ਹਾਂ ਦੀ ਹੀ ਰਹਾਂਗੀ।"

ਤਸਵੀਰ ਸਰੋਤ, mustan mirza
ਆਚਲ ਫਿਲਹਾਲ ਸਕਸ਼ਮ ਦੇ ਹੀ ਘਰ ਰਹਿੰਦੇ ਹਨ।
ਸਕਸ਼ਮ ਦੀ ਮਾਂ ਸੰਗੀਤਾ ਤਾਟੇ ਨੇ ਕਿਹਾ, "ਜੇ ਆਚਲ ਸਾਡੇ ਨਾਲ ਰਹਿਣ ਲਈ ਤਿਆਰ ਹੈ ਤਾਂ ਅਸੀਂ ਉਸ ਨੂੰ ਆਪਣੇ ਪੁੱਤਰ ਵਾਂਗ ਰੱਖਾਂਗੇ।
ਆਚਲ ਕਹਿੰਦੇ ਹਨ, "ਮੇਰੇ ਮਾਪਿਆਂ ਨੂੰ ਘੱਟੋ-ਘੱਟ ਇੱਕ ਵਾਰ ਤਾਂ ਸਕਸ਼ਮ ਨੂੰ ਛੱਡ ਦੇਣਾ ਚਾਹੀਦਾ ਸੀ। ਉਹ ਸਮਝ ਸਕਦਾ ਸੀ, ਨਾ ਤਾਂ ਉਹ ਅਤੇ ਨਾ ਹੀ ਮੈਂ ਇੱਕ ਦੂਜੇ ਨਾਲ ਗੱਲ ਕਰਦੇ। ਉਨ੍ਹਾਂ ਨੂੰ ਇਸ ਤਰ੍ਹਾਂ ਮਾਰਨਾ ਗਲਤ ਸੀ। ਜਿਸ ਤਰ੍ਹਾਂ ਉਸ ਨੂੰ ਤੜਫ਼ਾ-ਤੜਫ਼ਾ ਕੇ ਮਾਰਿਆ ਗਿਆ, ਉਹੀ ਮੌਤ ਮੁਲਜ਼ਮਾਂ ਨੂੰ ਵੀ ਮਿਲਣੀ ਚਾਹੀਦੀ ਹੈ।"
ਪੁਲਿਸ ਨੇ ਕੀ ਕਿਹਾ?
ਕਤਲ ਵਾਲੀ ਥਾਂ 'ਤੇ ਖੂਨ ਦੇ ਧੱਬੇ ਅਜੇ ਵੀ ਦਿਖਾਈ ਦੇ ਰਹੇ ਸਨ। ਹਮਲੇ ਵਿੱਚ ਵਰਤੀਆਂ ਗਈਆਂ ਟਾਈਲਾਂ ਨੇੜੇ ਹੀ ਪਈਆਂ ਸਨ। ਜ਼ਖ਼ਮ ਇੰਨੇ ਗੰਭੀਰ ਸਨ ਕਿ ਸਕਸ਼ਮ ਦੀ ਮੌਕੇ 'ਤੇ ਹੀ ਮੌਤ ਹੋ ਗਈ।
ਆਚਲ ਦਾ ਇਲਜ਼ਾਮ ਹੈ ਕਿ ਪੁਲਿਸ ਦੁਆਰਾ ਉਕਸਾਏ ਜਾਣ ਤੋਂ ਬਾਅਦ ਉਸ ਦੇ ਭਰਾ ਨੇ ਸਕਸ਼ਮ ਦੀ ਹੱਤਿਆ ਕੀਤੀ।
ਆਚਲ ਨੇ ਦੱਸਿਆ, ''ਪੁਲਿਸ ਥਾਣੇ ਦੇ ਮੁਲਾਜ਼ਮਾਂ ਨੇ ਮੇਰੇ ਭਰਾ ਨੂੰ ਕਿਹਾ ਕਿ ਤੂੰ ਐਵੇਂ ਹੋਰ ਕਿਸੇ ਨੂੰ ਮਾਰ ਕੇ ਇੱਥੇ ਆਵੇ, ਇਸ ਨਾਲੋਂ ਬਿਹਤਰ ਹੈ ਕਿ ਉਸ ਵਿਅਕਤੀ ਨੂੰ ਹੀ ਮਾਰ ਦੇ ਜਿਸ ਨਾਲ ਤੇਰੀ ਭੈਣ ਦਾ ਪਿਆਰ ਚੱਲ ਰਿਹਾ ਹੈ। ਉਸ ਨੂੰ ਮਾਰ ਕੇ ਆ ਅਤੇ ਫਿਰ ਸਾਨੂੰ ਆਪਣਾ ਮੂੰਹ ਦਿਖਾਈਂ।' "

ਤਸਵੀਰ ਸਰੋਤ, kiran sakale
ਹਾਲਾਂਕਿ, ਪੁਲਿਸ ਨੇ ਇਨ੍ਹਾਂ ਇਲਜ਼ਾਮਾਂ ਤੋਂ ਇਨਕਾਰ ਕੀਤਾ ਹੈ।
ਨਾਂਦੇੜ ਦੇ ਪੁਲਿਸ ਉਪ ਕਪਤਾਨ ਪ੍ਰਸ਼ਾਂਤ ਸ਼ਿੰਦੇ ਨੇ ਬੀਬੀਸੀ ਨੂੰ ਦੱਸਿਆ, "ਸਕਸ਼ਮ ਤਾਟੇ ਕਤਲ ਕੇਸ ਦੇ ਮੁਲਜ਼ਮਾਂ 'ਤੇ ਅੱਤਿਆਚਾਰ, ਕਤਲ ਅਤੇ ਅਪਰਾਧਿਕ ਸਾਜ਼ਿਸ਼ ਨਾਲ ਸਬੰਧਤ ਧਾਰਾਵਾਂ ਲਗਾਈਆਂ ਗਈਆਂ ਹਨ। ਮ੍ਰਿਤਕ ਅਤੇ ਮੁਲਜ਼ਮਾਂ ਦੋਵਾਂ ਦਾ ਅਪਰਾਧਿਕ ਰਿਕਾਰਡ ਹੈ। ਪੁਲਿਸ ਵੱਲੋਂ ਉਕਸਾਉਣ ਦੇ ਇਲਜ਼ਾਮ ਝੂਠੇ ਹਨ। ਇਵੇਂ ਲੱਗ ਰਿਹਾ ਹੈ ਕਿ ਇਹ ਘਟਨਾ ਆਨਰ ਕਿਲਿੰਗ ਦੀ ਬਜਾਏ ਅਪਰਾਧਿਕ ਪਿਛੋਕੜ ਕਰਕੇ ਹੋਈ ਹੈ।
ਇਤਵਾਰਾ ਪੁਲਿਸ ਸਟੇਸ਼ਨ ਵਿੱਚ ਆਈਪੀਸੀ ਦੀ ਧਾਰਾ 103, 61(2), 189, 190, 191(2), (3) ਅਤੇ ਅਨੁਸੂਚਿਤ ਜਾਤੀ ਅਤੇ ਅਨੁਸੂਚਿਤ ਜਨਜਾਤੀ (ਅੱਤਿਆਚਾਰ ਰੋਕੂ) ਐਕਟ ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।

'ਜੇ ਜਾਤੀਵਾਦ ਨਹੀਂ, ਤਾਂ ਮੌਤ ਦੀ ਸਜ਼ਾ ਹੋਣੀ ਚਾਹੀਦੀ'
ਸਕਸ਼ਮ ਤਾਟੇ ਹੱਤਿਆ ਕਾਂਡ ਦੇ ਸਾਰੇ 6 ਮੁਲਜ਼ਮਾਂ ਨੂੰ ਘਟਨਾ ਵਾਲੀ ਰਾਤ ਨੂੰ ਹੀ ਹਿਰਾਸਤ ਵਿੱਚ ਲੈ ਲਿਆ ਗਿਆ ਸੀ, ਇਹ ਜਾਣਕਾਰੀ ਪੁਲਿਸ ਨੇ ਦਿੱਤੀ ਹੈ। ਇਨ੍ਹਾਂ 6 ਮੁਲਜ਼ਮਾਂ ਵਿੱਚੋਂ 1 ਔਰਤ ਹੈ, ਜਿਸ ਨੂੰ ਨਿਆਂਇਕ ਹਿਰਾਸਤ ਭੇਜ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਇੱਕ ਮੁਲਜ਼ਮ ਨਾਬਾਲਗ ਹੈ, ਜਿਸ ਨੂੰ ਬਾਲ ਸੁਧਾਰ ਘਰ ਭੇਜਿਆ ਗਿਆ ਹੈ। ਬਾਕੀ 4 ਮਲੁਜ਼ਮਾਂ ਨੂੰ 3 ਦਸੰਬਰ ਤੱਕ ਪੁਲਿਸ ਹਿਰਾਸਤ ਵਿੱਚ ਭੇਜਿਆ ਗਿਆ।
ਇਸ ਮਾਮਲੇ ਵਿੱਚ ਮੁਲਜ਼ਮਾਂ ਦਾ ਪੱਖ ਜਾਣਨ ਲਈ ਅਸੀਂ ਉਨ੍ਹਾਂ ਨਾਲ ਫੋਨ 'ਤੇ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ, ਪਰ ਉਨ੍ਹਾਂ ਦਾ ਫੋਨ ਬੰਦ ਆਉਣ ਕਾਰਨ ਸੰਪਰਕ ਨਹੀਂ ਹੋ ਸਕਿਆ।

ਤਸਵੀਰ ਸਰੋਤ, kiran sakale
ਸਕਸ਼ਮ ਦੇ ਪਰਿਵਾਰ ਦੀ ਮੰਗ ਹੈ ਕਿ ਮੁਲਜ਼ਮਾਂ ਨੂੰ ਸਖ਼ਤ ਸਜ਼ਾ ਦਿੱਤੀ ਜਾਵੇ।
ਸਕਸ਼ਮ ਦੀ ਮਾਂ ਸੰਗੀਤਾ ਤਾਟੇ ਕਹਿੰਦੇ ਹਨ, "ਜਾਤੀ ਕਰਕੇ ਉਨ੍ਹਾਂ ਨੇ ਮੇਰੇ ਪੁੱਤਰ ਨੂੰ ਮਾਰਿਆ ਹੈ, ਜੇ ਸੱਚਮੁੱਚ ਜਾਤੀਵਾਦ (ਜਾਤ-ਪਾਤ) ਨਹੀਂ ਹੈ ਤਾਂ ਮੇਰੇ ਪੁੱਤਰ ਨੂੰ ਜਲਦੀ ਤੋਂ ਜਲਦੀ ਇਨਸਾਫ਼ ਮਿਲਣਾ ਚਾਹੀਦਾ ਹੈ। ਮੁਲਜ਼ਮਾਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਮਿਲਣੀ ਚਾਹੀਦੀ ਹੈ ਮਤਲਬ ਕਿ ਫਾਂਸੀ ਦੀ ਸਜ਼ਾ, ਉਮਰ ਕੈਦ ਹੋਣੀ ਚਾਹੀਦੀ ਹੈ। ਉਨ੍ਹਾਂ ਵਿੱਚੋਂ ਇੱਕ ਵੀ ਮੁਲਜ਼ਮ ਬਾਹਰ ਨਹੀਂ ਆਉਣਾ ਚਾਹੀਦਾ। ਸਰਕਾਰ ਅੱਗੇ ਸਾਡੀ ਸਿਰਫ਼ ਇਹੀ ਮੰਗ ਹੈ।"
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ












