You’re viewing a text-only version of this website that uses less data. View the main version of the website including all images and videos.
ਏਆਰ ਰਹਿਮਾਨ ਵਿਆਹ ਦੇ 29 ਸਾਲ ਬਾਅਦ ਪਤਨੀ ਤੋਂ ਹੋਏ ਵੱਖ, ਭਾਵੁਕ ਹੋ ਕੇ ਕੀ ਕਿਹਾ
ਆਸਕਰ ਜੇਤੂ ਸੰਗੀਤਕਾਰ ਏਆਰ ਰਹਿਮਾਨ ਅਤੇ ਉਨ੍ਹਾਂ ਦੀ ਪਤਨੀ ਸਾਇਰਾ ਬਾਨੋ ਨੇ ਵਿਆਹ ਤੋਂ 29 ਸਾਲ ਬਾਅਦ ਵੱਖ ਹੋਣ ਦਾ ਫ਼ੈਸਲਾ ਕੀਤਾ ਹੈ।
ਦੋਵਾਂ ਦੀ ਵਕੀਲ ਨੇ ਮੰਗਲਵਾਰ, 19 ਨਵੰਬਰ ਨੂੰ ਬਿਆਨ ਜਾਰੀ ਕਰਕੇ ਇਹ ਜਾਣਕਾਰੀ ਦਿੱਤੀ ਹੈ।
ਤਲਾਕ ਦੇ ਮਾਮਲਿਆਂ ਨਾਲ ਜੁੜੇ ਹੋਏ ਮਸ਼ਹੂਰ ਵਕੀਲ ਵੰਦਨਾ ਸ਼ਾਹ ਨੇ ਦੋਹਾਂ ਵੱਲੋਂ ਜਾਰੀ ਸਾਂਝੇ ਬਿਆਨ 'ਚ ਕਿਹਾ ਕਿ ਉਨ੍ਹਾਂ ਦੇ ਰਿਸ਼ਤੇ 'ਚ 'ਭਾਵਨਾਤਮਕ ਤਣਾਅ' ਕਾਰਨ ਦੋਵਾਂ ਨੇ ਇਹ ਔਖਾ ਫ਼ੈਸਲਾ ਲਿਆ ਹੈ।
ਬਿਆਨ 'ਚ ਕਿਹਾ ਗਿਆ ਹੈ, ''ਵਿਆਹ ਦੇ ਕਈ ਸਾਲਾਂ ਬਾਅਦ ਸਾਇਰਾ ਅਤੇ ਉਨ੍ਹਾਂ ਦੇ ਪਤੀ ਏਆਰ ਰਹਿਮਾਨ ਨੇ ਇੱਕ-ਦੂਜੇ ਤੋਂ ਅਲੱਗ ਹੋਣ ਦਾ ਮੁਸ਼ਕਲ ਫ਼ੈਸਲਾ ਲਿਆ ਹੈ। ਦੋਵਾਂ ਨੇ ਆਪਣੇ ਰਿਸ਼ਤੇ 'ਚ ਭਾਵਨਾਤਮਕ ਤਣਾਅ ਕਾਰਨ ਇਸ ਦਿਸ਼ਾ ਵਿੱਚ ਸੋਚਿਆ ਹੈ।”
ਵੰਦਨਾ ਸ਼ਾਹ ਨੇ ਕਿਹਾ, ''ਇੱਕ-ਦੂਜੇ ਲਈ ਡੂੰਘੇ ਪਿਆਰ ਦੇ ਬਾਵਜੂਦ ਉਨ੍ਹਾਂ ਦੇ ਰਿਸ਼ਤੇ 'ਚ ਤਣਾਅ ਸੀ। ਮੁਸ਼ਕਿਲਾਂ ਇਸ ਹੱਦ ਤੱਕ ਵਧ ਗਈਆਂ ਸਨ ਕਿ ਦੂਰੀ ਨੂੰ ਪਾਰ ਕਰਨਾ ਅਸੰਭਵ ਹੋ ਗਿਆ ਸੀ। ਹੁਣ ਦੋਵਾਂ ਵਿੱਚੋਂ ਕੋਈ ਵੀ ਦੂਰੀ ਨੂੰ ਘੱਟ ਕਰਨ ਦੀ ਸਮਰੱਥਾ ਨਹੀਂ ਰੱਖਦਾ ਸੀ।”
‘ਲੱਗਿਆ ਸੀ 30 ਸਾਲ ਇਕੱਠੇ ਰਹਾਂਗੇ’ - ਏਆਰ ਰਹਿਮਾਨ
ਏਆਰ ਰਹਿਮਾਨ ਨੇ ਵੀ ਮੰਗਲਵਾਰ ਅੱਧੀ ਰਾਤ ਨੂੰ ਆਪਣੇ ਐਕਸ ਅਕਾਊਂਟ 'ਤੇ ਇਸ ਬਾਰੇ ਜਾਣਕਾਰੀ ਦਿੱਤੀ ਹੈ।
ਰਹਿਮਾਨ ਨੇ ਲਿਖਿਆ, “ਸਾਨੂੰ ਉਮੀਦ ਸੀ ਵਿਆਹ ਦੇ 30 ਸ਼ਾਨਦਾਰ ਸਾਲ ਇਕੱਠੇ ਰਹਾਂਗੇ ਪਰ ਅਜਿਹਾ ਲੱਗਦਾ ਹੈ ਕਿ ਸਾਰੀਆਂ ਚੀਜ਼ਾਂ ਦਾ ਇੱਕ ਅਦਿੱਖ ਅੰਤ ਹੁੰਦਾ ਹੈ।”
“ਟੁੱਟੇ ਦਿਲਾਂ ਦੇ ਭਾਰ ਹੇਠ ਰੱਬ ਦਾ ਸਿੰਘਾਸਣ ਵੀ ਹਿੱਲ ਜਾਂਦਾ ਹੈ। ਫਿਰ ਵੀ ਇਨ੍ਹਾਂ ਟੁਕੜਿਆਂ ਵਿੱਚ ਅਸੀਂ ਆਪਣੇ ਅਰਥਾਂ ਦੀ ਭਾਲ ਕਰਦੇ ਹਾਂ, ਭਾਵੇਂ ਟੁਕੜੇ ਕਦੇ ਵੀ ਦੁਬਾਰਾ ਆਪਣੀ ਥਾਂ ਨਹੀਂ ਮਿਲਦੇ।”
ਉਨ੍ਹਾਂ ਆਪਣੇ ਨੇੜਲਿਆਂ ਲਈ ਲਿਖਿਆ, “ਅਸੀਂ ਆਪਣੇ ਦੋਸਤਾਂ ਦੇ ਸ਼ੁਕਰਗੁਜ਼ਾਰ ਹਾਂ, ਜਿਨ੍ਹਾਂ ਦੀ ਹਮਦਰਦੀ ਇਸ ਔਖੇ ਦੌਰ ਵਿੱਚੋਂ ਗੁਜ਼ਰਦਿਆਂ ਸਾਡੇ ਨਾਲ ਰਹੀ ਤੇ ਉਨ੍ਹਾਂ ਨੇ ਸਾਡੀ ਨਿੱਜਤਾ ਦਾ ਵੀ ਸਤਿਕਾਰ ਕੀਤਾ।”
ਖ਼ਬਰ ਏਜੰਸੀ ਪੀਟੀਆਈ ਮੁਤਾਬਕ ਸਾਇਰਾ ਬਾਨੋ ਨੇ ਪਹਿਲਾਂ ਆਪਣੇ ਵੱਖ ਹੋਣ ਦਾ ਐਲਾਨ ਕੀਤਾ ਅਤੇ ਬਾਅਦ ਵਿੱਚ ਦੋਵਾਂ ਦਾ ਸਾਂਝਾ ਬਿਆਨ ਆਇਆ।
ਬਿਆਨ 'ਚ ਸਾਇਰਾ ਅਤੇ ਰਹਿਮਾਨ ਨੇ ਕਿਹਾ ਹੈ ਕਿ ਵੱਖ ਹੋਣ ਦਾ ਫ਼ੈਸਲਾ ਦਰਦ ਅਤੇ ਤਕਲੀਫ਼ ਨਾਲ ਭਰਿਆ ਸੀ।
ਸਾਇਰਾ ਬਾਨੋ ਅਤੇ ਏਆਰ ਰਹਿਮਾਨ ਦਾ ਵਿਆਹ 1995 ਵਿੱਚ ਹੋਇਆ ਸੀ। ਦੋਵਾਂ ਦੇ ਤਿੰਨ ਬੱਚੇ ਹਨ- ਦੋ ਧੀਆਂ ਖਤੀਜਾ ਅਤੇ ਰਹੀਮਾ ਤੇ ਇੱਕ ਬੇਟਾ ਅਮੀਨ।
ਪੁੱਤ ਨੇ ਕੀਤੀ ਨਿੱਜਤਾ ਦਾ ਸਨਮਾਨ ਕਰਨ ਦੀ ਅਪੀਲ
ਏਆਰ ਰਹਿਮਾਨ ਤੇ ਸਾਇਰਾ ਬਾਨੋ ਦੇ ਬੇਟੇ ਅਮੀਨ ਨੇ ਆਪਣੇ ਮਾਪਿਆਂ ਦੇ ਵੱਖ ਹੋਣ ਸਬੰਧੀ ਇੱਕ ਇੰਸਟਾਗ੍ਰਾਮ ਸਟੋਰੀ ਪਾਈ ਹੈ।
ਉਨ੍ਹਾਂ ਲਿਖਿਆ, ''ਅਸੀਂ ਤੁਹਾਨੂੰ ਸਾਰਿਆਂ ਨੂੰ ਬੇਨਤੀ ਕਰਦੇ ਹਾਂ ਕਿ ਇਸ ਮੁਸ਼ਕਲ ਸਮੇਂ 'ਚ ਸਾਡੀ ਨਿੱਜਤਾ ਦਾ ਸਨਮਾਨ ਕਰੋ। ਇਸ ਨੂੰ ਸਮਝਣ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ।”
ਏਆਰ ਰਹਿਮਾਨ ਤੇ ਸਾਇਰਾ ਬਾਨੋ ਨੇ ਵੀ ਲੋਕਾਂ ਨੂੰ ਬੇਨਤੀ ਕੀਤੀ ਹੈ ਕਿ ਉਹ ਉਨ੍ਹਾਂ ਦੀ ਨਿੱਜਤਾ ਦਾ ਸਨਮਾਨ ਕਰਨ ਤਾਂ ਜੋ ਉਹ ਆਪਣੀ ਜ਼ਿੰਦਗੀ ਦੇ ਇਸ ਮੁਸ਼ਕਲ ਦੌਰ ਤੋਂ ਬਾਹਰ ਨਿਕਲ ਸਕਣ।
ਕਈ ਵੱਕਾਰੀ ਪੁਰਸਕਾਰਾਂ ਨਾਲ ਸਨਮਾਨਿਤ ਸੰਗੀਤਕਾਰ
ਆਸਕਰ ਅਤੇ ਗ੍ਰੈਮੀ ਵਰਗੇ ਵੱਕਾਰੀ ਪੁਰਸਕਾਰਾਂ ਨਾਲ ਸਨਮਾਨਿਤ ਮਸ਼ਹੂਰ ਸੰਗੀਤਕਾਰ ਏਆਰ ਰਹਿਮਾਨ ਨੇ ਸੰਗੀਤ ਦੀ ਦੁਨੀਆ 'ਚ ਤਕਰੀਬਨ 32 ਸਾਲ ਪੂਰੇ ਕਰ ਲਏ ਹਨ।
ਦੋਵਾਂ ਦੇ ਵਿਆਹ ਦਾ ਸਮਾਂ ਵੀ ਤਕਰੀਬਨ ਇੰਨਾ ਹੀ ਹੈ। ਏਆਰ ਰਹਿਮਾਨ ਨੇ 1989 ਵਿੱਚ 23 ਸਾਲ ਦੀ ਉਮਰ ਵਿੱਚ ਇਸਲਾਮ ਕਬੂਲ ਕਰ ਲਿਆ ਸੀ।
ਰਹਿਮਾਨ ਨੇ ਕਿਹਾ ਸੀ ਕਿ ਉਨ੍ਹਾਂ ਲਈ ਇਸਲਾਮ ਦਾ ਮਤਲਬ ਸਾਦਾ ਜੀਵਨ ਜਿਊਣਾ ਹੈ ਅਤੇ ਮਨੁੱਖਤਾ ਨੂੰ ਸਭ ਤੋਂ ਵੱਧ ਅਹਿਮੀਅਤ ਦੇਣਾ ਹੈ।
ਉਨ੍ਹਾਂ ਨੇ ਖ਼ਬਰ ਏਜੰਸੀ ਰਾਇਟਰਜ਼ ਨੂੰ ਦਿੱਤੇ ਇੰਟਰਵਿਊ 'ਚ ਕਿਹਾ ਸੀ, ''ਇਸਲਾਮ ਇੱਕ ਗ਼ਹਿਰਾ ਸਮੁੰਦਰ ਹੈ। ਇਸ ਵਿੱਚ 70 ਤੋਂ ਵੱਧ ਸੰਪਰਦਾਵਾਂ ਹਨ।”
“ਮੈਂ ਸੂਫ਼ੀ ਫ਼ਲਸਫ਼ੇ ਦਾ ਪਾਲਣ ਕਰਦਾ ਹਾਂ, ਜੋ ਕਿ ਪਿਆਰ ਬਾਰੇ ਹੈ।”
“ਮੈਂ ਜੋ ਵੀ ਹਾਂ, ਮੈਂ ਉਸ ਫ਼ਲਸਫ਼ੇ ਕਾਰਨ ਹਾਂ ਜਿਸ ਦੀ ਮੈਂ ਅਤੇ ਮੇਰਾ ਪਰਿਵਾਰ ਪਾਲਣਾ ਕਰਦਾ ਹਾਂ। ਸਪੱਸ਼ਟ ਤੌਰ 'ਤੇ ਬਹੁਤ ਸਾਰੀਆਂ ਚੀਜ਼ਾਂ ਹੋ ਰਹੀਆਂ ਹਨ ਅਤੇ ਮੈਨੂੰ ਲੱਗਦਾ ਹੈ ਕਿ ਉਨ੍ਹਾਂ ਵਿੱਚੋਂ ਜ਼ਿਆਦਾਤਰ ਸਿਆਸੀ ਹਨ।”
57 ਸਾਲਾ ਸੰਗੀਤਕਾਰ ਨੂੰ ਦੋ ਆਸਕਰ, ਦੋ ਗ੍ਰੈਮੀ ਅਤੇ ਗੋਲਡਨ ਗਲੋਬ ਐਵਾਰਡ ਨਾਲ ਸਨਮਾਨਿਤ ਕੀਤਾ ਜਾ ਚੁੱਕਾ ਹੈ।
ਏਆਰ ਰਹਿਮਾਨ ਨੇ ਸੈਂਕੜੇ ਫਿਲਮਾਂ ਵਿੱਚ ਸੰਗੀਤ ਦਿੱਤਾ ਹੈ। ਇਨ੍ਹਾਂ ਵਿੱਚ ਆਸਕਰ ਜੇਤੂ ਫਿਲਮ ਸਲੱਮਡੌਗ ਮਿਲੀਅਨੀਅਰ ਦੇ ਨਾਲ-ਨਾਲ ਲਗਾਨ ਅਤੇ ਤਾਲ ਵਰਗੀਆਂ ਫ਼ਿਲਮਾਂ ਨੂੰ ਸੰਗੀਤ ਦੇਣਾ ਸ਼ਾਮਲ ਹਨ।
ਰਹਿਮਾਨ ਨੇ ਦੁਨੀਆ ਭਰ ਦੇ ਵੱਡੇ ਕਲਾਕਾਰਾਂ ਨਾਲ ਕੰਮ ਕੀਤਾ ਹੈ।
ਘੱਟ ਬੋਲਣ ਵਾਲੇ ਕਲਾਕਾਰ ਏਆਰ ਰਹਿਮਾਨ ਨੇ ਕਿਹਾ ਸੀ ਕਿ ਉਨ੍ਹਾਂ ਨੂੰ ਆਸ ਹੈ ਕਿ ਸੰਗੀਤ ਲੋਕਾਂ ਨੂੰ ਇਕੱਠੇ ਲਿਆਉਣ ਵਿੱਚ ਮਦਦ ਕਰੇਗਾ।
ਰਹਿਮਾਨ ਨੇ ਕਿਹਾ, “ਜੇਕਰ ਤੁਸੀਂ ਇੱਕ ਆਰਕੈਸਟਰਾ ਵਿੱਚ ਹੋ, ਤਾਂ ਤੁਹਾਡੇ ਕੋਲ ਇੱਕ ਕਿਸਮ ਦਾ ਵਿਸ਼ੇਸ਼ ਅਧਿਕਾਰ ਵੀ ਹੁੰਦਾ ਹੈ ਅਤੇ ਨਹੀਂ ਵੀ ਹੁੰਦਾ ਹੈ ਕਿਉਂਕਿ ਤੁਸੀਂ ਇਕੱਠੇ ਪਰਫ਼ਰਾਮ ਕਰ ਰਹੇ ਹੁੰਦੇ ਹੋ।”
“ਇਕੱਠੇ ਪ੍ਰਦਰਸ਼ਨ ਕਰਨ ਦਾ ਮਤਲਬ ਹੈ ਵੱਖ-ਵੱਖ ਧਰਮ-ਨਸਲ ਨਾਲ ਮਿਲਕੇ ਦੌੜਨਾ। ਅਸੀਂ ਵੱਖ-ਵੱਖ ਧਰਮਾਂ ਨਾਲ ਸਬੰਧ ਰੱਖਦੇ ਹਾਂ ਅਤੇ ਇਕੱਠੇ ਪਰਫ਼ਾਰਮ ਕਰਦੇ ਹਾਂ।”
“ਸਾਡੇ ਅੰਦਰੋਂ ਇੱਕ ਹੀ ਆਵਾਜ਼ ਆਉਂਦੀ ਹੈ। ਤੁਸੀਂ ਇੱਕ ਤਾਲ ਨਾਲ ਕੰਮ ਕਰਦੇ ਹੋ।”
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ