ਹਰਿਆਣਾ ਚੋਣਾਂ: ਪੰਜਾਬੀ ਭਾਈਚਾਰਾ ਕਿਉਂ ਕਰ ਰਿਹਾ ਹੈ ਰਿਫ਼ਿਊਜੀ ਤੇ ਸ਼ਰਨਾਰਥੀ ਸ਼ਬਦਾਂ 'ਤੇ ਪਾਬੰਦੀ ਦੀ ਮੰਗ, ਸਿਆਸਤ 'ਚ ਕਿੰਨਾ ਦਬਦਬਾ

ਹਰਿਆਣਾ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਸਾਲ 1991 ਵਿੱਚ ਬਣੀ ਬੰਸੀ ਲਾਲ ਸਰਕਾਰ ਵਿੱਚ 17 ਮੰਤਰੀ ਪੰਜਾਬੀ ਸਨ।
    • ਲੇਖਕ, ਖੁਸ਼ਹਾਲ ਲਾਲੀ
    • ਰੋਲ, ਬੀਬੀਸੀ ਪੱਤਰਕਾਰ

"ਰਿਫ਼ਿਊਜੀ ਅਤੇ ਸ਼ਰਨਾਰਥੀ ਸ਼ਬਦ ਸਾਡੇ ਮੱਥੇ ਉੱਤੇ ਇੰਝ ਚਿਪਕਾਏ ਜਾ ਰਹੇ ਹਨ ਜਿਵੇਂ ਇਹ ਸਾਡਾ ਕੋਈ ਬਹੁਤ ਵੱਡਾ ਅਪਰਾਧ ਹੋਵੇ। ਇਹ ਸਾਡੀ ਪਛਾਣ ਨਾਲ ਅਜ਼ਾਦੀ ਤੋਂ 78 ਸਾਲ ਬਾਅਦ ਵੀ ਜੋੜੇ ਜਾਂਦੇ ਹਨ। "

ਭਾਰਤ-ਪਾਕਿਸਤਾਨ ਦੀ ਵੰਡ ਵੇਲ਼ੇ ਇੱਕ ਪਾਸੇ ਤੋਂ ਦੂਜੇ ਪਾਸੇ ਜਾ ਕੇ ਵਸੇ ਲੋਕਾਂ ਲਈ ਆਮ ਕਰਕੇ ʻਸ਼ਰਨਾਰਥੀ ਅਤੇ ਰਿਫ਼ਿਊਜੀ' ਸ਼ਬਦ ਵਰਤੇ ਜਾਂਦੇ ਹਨ।

ਹਰਿਆਣਾ ਦੇ ਪੰਜਾਬੀ ਭਾਵੇਂ ਸਿਆਸੀ ਅਤੇ ਸਮਾਜਿਕ ਤੌਰ ਉੱਤੇ ਅਹਿਮ ਭਾਈਚਾਰਾ ਹਨ, ਪਰ 1947 ਵਿੱਚ ਭਾਰਤ-ਪਾਕਿਸਤਾਨ ਦੀ ਵੰਡ ਦੌਰਾਨ ਉੱਜੜ ਕੇ ਆਏ ਇਨ੍ਹਾਂ ਲੋਕਾਂ ਨੂੰ ਆਪਣੇ ਲਈ ਵਰਤੇ ਜਾਂਦੇ ਉਕਤ ਸ਼ਬਦ 'ਨੀਵਾਂ' ਦਿਖਾਉਣ ਵਾਲੇ ਲੱਗਦੇ ਹਨ।

ਪੰਚਕੂਲਾ ਦੇ ਰਹਿਣ ਵਾਲੇ ਅੰਕੁਰ ਕਪੂਰ 1947 ਤੋਂ ਬਾਅਦ ਹਰਿਆਣਾ ਆ ਵੱਸੇ। ਉਨ੍ਹਾਂ ਦੇ ਪੰਜਾਬੀ ਪਰਿਵਾਰਾਂ ਦੀ ਤੀਜੀ ਪੀੜ੍ਹੀ ਹੈ, ਜੋ ਅਜੇ ਵੀ ਪੰਜਾਬੀ ਹਿੱਤਾਂ ਲਈ ਜ਼ੱਦੋਜ਼ਹਿਦ ਕਰ ਰਹੇ ਹਨ।

 ਹਰਿਆਣਾ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਹਰਿਆਣਾ ਦੀਆਂ ਆਗਮੀ ਚੋਣਾਂ ਵਿਚਾਲੇ ਪੰਜਾਬੀਆਂ ਦੇ ਆਪਣੇ ਮਸਲੇ ਹਨ (ਸੰਕੇਤਕ ਤਸਵੀਰ)

ਅੰਕੁਰ ਕਪੂਰ ਦੇ ਪਿਤਾ ਸੁਭਾਸ਼ ਕਪੂਰ ਉਨ੍ਹਾਂ ਪੰਜਾਬੀ ਆਗੂਆ ਵਿੱਚ ਸ਼ਾਮਲ ਸਨ, ਜਿਨ੍ਹਾਂ ਹਰਿਆਣਾ ਵਿੱਚ ‘ਪੰਜਾਬੀ ਏਕਤਾ ਮੰਚ’ ਦਾ ਗਠਨ ਕੀਤਾ, ਉਨ੍ਹਾਂ ਦੀ ਮੌਤ ਤੋਂ ਬਾਅਦ ਹੁਣ ਅੰਕੁਰ ਤੇ ਉਨ੍ਹਾਂ ਦੀ ਮਾਤਾ ਇਸ ਕਾਰਜ ਵਿੱਚ ਲੱਗੇ ਹੋਏ।

ਬੀਬੀਸੀ ਪੰਜਾਬੀ ਨਾਲ ਗੱਲ ਕਰਦੇ ਹੋਏ ਅੰਕੁਰ ਕਹਿੰਦੇ ਹਨ, "ਪੰਜਾਬੀਆਂ ਨੂੰ ਉਨ੍ਹਾਂ ਦਾ ਬਣਦਾ ਹਿੱਸਾ ਨਹੀਂ ਦਿੱਤਾ ਗਿਆ, ਭਾਈਚਾਰੇ ਨੂੰ ਸਮੇਂ-ਸਮੇਂ ਦੀਆਂ ਸਰਕਾਰਾਂ ਨੇ ਅਣਗੌਲ਼ਿਆ ਕੀਤਾ, ਮਨੋਹਰ ਲਾਲ ਖੱਟਰ ਦੇ ਮੁੱਖ ਮੰਤਰੀ ਬਣਨ ਨਾਲ ਭਾਈਚਾਰੇ ਨੂੰ ਇੱਕ ਆਸ ਬਣੀ ਸੀ, ਉਹ ਵੀ ਟੁੱਟ ਗਈ।"

ਬੀਬੀਸੀ ਪੰਜਾਬੀ
ਤਸਵੀਰ ਕੈਪਸ਼ਨ, ਬੀਬੀਸੀ ਪੰਜਾਬੀ ਦੇ ਵੱਟਸਐਪ ਚੈਨਲ ਨਾਲ ਜੁੜਨ ਲਈ ਇਸ ਲਿੰਕ ’ਤੇ ਕਲਿੱਕ ਕਰੋ

ਰਿਫਿਊਜੀ ਸ਼ਬਦ ਉੱਤੇ ਪਾਬੰਦੀ ਦੀ ਮੰਗ

ਪੰਜਾਬੀ ਏਕਤਾ ਮੰਚ, ਪੰਜਾਬੀ ਮਹਾਸਭਾ, ਪੰਜਾਬੀ ਸੈਵਮਾਨ ਸੰਘ, ਪੰਜਾਬੀ ਭਾਈਚਾਰੇ ਦੀਆਂ ਅਜਿਹੀਆਂ ਸਵੈ-ਸੇਵੀ ਜਥੇਬੰਦੀਆਂ ਹਨ, ਜੋ ਪੰਜਾਬੀਆਂ ਲਈ ʻਸ਼ਰਨਾਰਥੀ ਅਤੇ ਰਿਫਿਊਜੀʼ ਸ਼ਬਦ ਵਰਤਣ ਉੱਤੇ ਪਾਬੰਦੀ ਦੀ ਲੰਬੇ ਸਮੇਂ ਤੋਂ ਮੰਗ ਕਰਦੀਆਂ ਰਹੀਆਂ ਹਨ।

2018 ਵਿੱਚ ਪੰਜਾਬੀ ਸਵੈਮਾਨ ਸੰਘ ਦੇ ਆਗੂ ਹੇਮੰਤ ਬਖ਼ਸ਼ੀ ਨੇ ਹਰਿਆਣਾ ਦੇ ਤਤਕਾਲੀ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਤੋਂ ਇਸ ਲਈ ਬਕਾਇਦਾ ਕਾਨੂੰਨ ਬਣਾਉਣ ਦੀ ਮੰਗ ਕੀਤੀ ਸੀ।

ਉਨ੍ਹਾਂ ਦੀ ਮੰਗ ਸੀ ਕਿ ਪੱਛੜੀਆਂ ਸ਼੍ਰੇਣੀ ਲਈ ਬਣੇ ‘ਜਾਤੀ ਸੂਚਕ’ ਸ਼ਬਦ ਦੀ ਵਰਤੋਂ ਰੋਕੂ ਕਾਨੂੰਨ ਦੀ ਤਰਜ਼ ਉੱਤੇ ਕਾਨੂੰਨ ਬਣਾ ਕੇ ਹਰਿਆਣਾ ਦੇ ਪੰਜਾਬੀਆਂ ਲਈ ਰਿਫਿਊਜੀ ਤੇ ਸ਼ਰਨਾਰਥੀ ਸ਼ਬਦਾਂ ਦੀ ਵਰਤੋਂ ਉੱਤੇ ਪਾਬੰਦੀ ਲਾਈ ਜਾਵੇ।

ਬਖ਼ਸੀ ਨੇ ਉਦੋਂ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਸੀ, "ਅਸੀਂ ਰਿਫਿਊਜੀ ਨਹੀਂ ਹਾਂ, ਮਦਨ ਲਾਲ ਢੀਂਗਰਾ ਅਤੇ ਲਾਲਾ ਲਾਜਪਤ ਰਾਏ ਵਰਗੇ ਦੇਸ਼ ਭਗਤ ਦੇਣ ਦੇ ਬਾਵਜੂਦ ਸਾਨੂੰ ਬਾਹਰੀ ਸਮਝਿਆ ਜਾਂਦਾ ਹੈ, ਅਸੀਂ ਪਾਕਿਸਤਾਨੀ ਨਾਗਰਿਕ ਨਹੀਂ ਹਾਂ।"

"ਅਸੀਂ ਆਪਣੇ ਆਪ ਨੂੰ ਹਰਿਆਣਾ ਵਿੱਚ ਸਥਾਪਿਤ ਕੀਤਾ ਹੈ। ਅਸੀਂ ਸ਼ੁਰੂਆਤੀ ਸਾਲਾਂ ਤੋਂ ਜਿਊਣ ਲਈ ਤਰਸ ਦੇ ਪਾਤਰ ਨਹੀਂ ਬਣੇ ਬਲਕਿ ਸੰਘਰਸ਼ ਕੀਤਾ, ਅਸੀਂ ਆਪਣੇ ਭਾਈਚਾਰੇ ਲਈ ਆਦਰ-ਮਾਣ ਦੀ ਮੰਗ ਕਰਦੇ ਹਾਂ। ਜੋ ਲੋਕ ਅਜਿਹੇ ਸ਼ਬਦ ਵਰਤਦੇ ਹਨ, ਉਨ੍ਹਾਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ।"

ਮਨੋਹਰ ਲਾਲ ਖੱਟਰ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਅੰਕੜਿਆਂ ਮੁਤਾਬਕ ਹਰਿਆਣਾ ਵਿੱਚ 9.5 ਫੀਸਦ ਅਬਾਦੀ ਪੰਜਾਬੀ ਬੋਲਣ ਵਾਲੀ ਹੈ।

ਹਰਿਆਣਾ ਵਿੱਚ ਪੰਜਾਬੀ

ਹਰਿਆਣਾ ਸਰਕਾਰ ਦੀ ਅਧਿਕਾਰਤ ਵੈੱਬਸਾਇਟ ਉੱਤੇ 2011 ਦੀ ਜਨਗਣਨਾ ਦੇ ਅੰਕੜਿਆਂ ਮੁਤਾਬਕ ਸੂਬੇ ਦੀ 9.5 ਫੀਸਦ ਅਬਾਦੀ ਪੰਜਾਬੀ ਬੋਲਣ ਵਾਲੀ ਹੈ।

ਹਰਿਆਣਵੀਂ ਬੋਲੀ ਦੇ ਪ੍ਰਭਾਵ ਵਾਲੀ ਹਿੰਦੀ ਤੋਂ ਬਾਅਦ ਇਹ ਸੂਬੇ ਦੀ ਸਭ ਤੋਂ ਵੱਡੀ ਭਾਸ਼ਾ ਹੈ।

2011 ਦੀ ਮਰਦਮਸ਼ੁਮਾਰੀ ਮੁਤਾਬਕ ਸੂਬੇ ਵਿੱਚ ਪੰਜਾਬੀਆਂ ਦੀ ਵਸੋਂ ਦੀ ਕੁਲ ਗਿਣਤੀ 24,00,883 ਸੀ। ਇਸ ਵਿੱਚੋਂ ਅੱਧੀ ਤੋਂ ਵੱਧ ਸਿੱਖ ਭਾਈਚਾਰੇ ਨਾਲ ਸਬੰਧਤ ਹੈ।

ਇਨ੍ਹਾਂ ਦੀ ਵਸੋਂ ਵਾਲੇ ਇਲਾਕਿਆਂ ਵਿੱਚ ਸਿਰਸਾ, ਜੀਂਦ, ਫਤਿਹਾਬਾਦ, ਕੈਥਲ, ਕੁਰੂਕਸ਼ੇਤਰ, ਅੰਬਾਲਾ, ਰੋਹਤਕ, ਪਾਣੀਪਤ, ਹਾਂਸੀ ਅਤੇ ਪੰਚਕੂਲਾ ਸ਼ਾਮਲ ਹੈ।

ਸੰਘਣੀ ਪੰਜਾਬੀ ਵਸੋਂ ਵਾਲੇ ਇਲਾਕੇ ਜਾਂ ਤਾਂ ਪੰਜਾਬ ਨਾਲ ਲੱਗਦੇ ਹਨ ਜਾਂ ਦਿੱਲੀ ਚੰਡੀਗੜ੍ਹ ਜੀਟੀ ਰੋਡ (ਗਰੈਂਡ ਟਰੰਕ ਰੋਡ) ਦੇ ਆਲੇ ਦੁਆਲੇ ਪੈਂਦੇ ਹਨ।

ਹਰਿਆਣਾ ਵਿੱਚ ਪੰਜਾਬੀਆਂ ਨੂੰ ਜੀਟੀ ਰੋਡ ਬੈਲਟ ਵਾਲੇ ਵੀ ਕਿਹਾ ਜਾਂਦਾ ਹੈ ਜਾਂ ਇਨ੍ਹਾਂ ਦੀ ਪਛਾਣ ਲਈ ‘ਸ਼ਰਨਾਰਥੀ’, ‘ਰਿਫਿਊਜੀ’ ਵਜੋਂ ਕੀਤੀ ਜਾਂਦੀ।

ਇਨ੍ਹਾਂ ਦਾ ਪਿਛੋਕੜ ਪਾਕਿਸਤਾਨ ਦੇ ਝੰਗ, ਬਹਾਵਲਪੁਰ ਅਤੇ ਮੁਲਤਾਨ ਖੇਤਰਾਂ ਨਾਲ ਦੱਸਿਆ ਜਾਂਦਾ ਹੈ।

ਹਰਿਆਣਾ

ਪੰਜਾਬੀਆਂ ਦੀਆਂ ਮੰਗਾਂ

ਸੀਨੀਅਰ ਪੱਤਰਕਾਰ ਬਲਵੰਤ ਤਕਸ਼ਕ ਕਹਿੰਦੇ ਹਨ ਕਿ ਪੰਜਾਬੀ ਭਾਈਚਾਰਾ ਆਪਣੀ ਭਾਸ਼ਾ ਅਤੇ ਪਛਾਣ ਨੂੰ ਲੈ ਕੇ ਕਾਫੀ ਗੰਭੀਰ ਹੈ। ਇਸ ਲਈ ਉਹ ਸਮੇਂ-ਸਮੇਂ ਉੱਤੇ ਆਪਣੀ ਬਣਦੀ ਨੁਮਾਇੰਦਗੀ ਦੀ ਮੰਗ ਕਰਦਾ ਰਿਹਾ ਹੈ।

ਹਰਿਆਣਾ ਦੇ ਸਾਬਕਾ ਗ੍ਰਹਿ ਮੰਤਰੀ ਸੁਭਾਸ਼ ਬੱਤਰਾ ਕਹਿੰਦੇ ਹਨ, "ਪੰਜਾਬੀ ਕੋਈ ਇੱਕ ਜਾਤ ਜਾਂ ਧਰਮ ਨਹੀਂ ਹੈ, ਇਹ ਇੱਕ ਸੱਭਿਆਚਾਰ ਹੈ।"

ਸੁਭਾਸ਼ ਬੱਤਰਾ ਕਿਸੇ ਸਮੇਂ ਹਰਿਆਣਾ ਦੀ ਸਿਆਸਤ ਦਾ ਚਿਹਰਾ ਮੋਹਰਾ ਰਹੇ ਹਨ। ਉਹ ਹੁਣ ਸਿਆਸਤ ਤੋਂ ਸੰਨਿਆਸ ਲੈ ਚੁੱਕੇ ਹਨ ਪਰ ਪੰਜਾਬੀ ਮਹਾਸਭਾ ਰਾਹੀਂ ਭਾਈਚਾਰੇ ਦੀ ਵਿਕਾਸ ਲਈ ਅਜੇ ਵੀ ਸਰਗਰਮ ਹਨ।

ਹਰਿਆਣਾ ਵਿੱਚ ਪੰਜਾਬੀ ਭਾਈਚਾਰੇ ਦੀਆਂ ਕੀ ਮੰਗਾਂ ਹਨ, ਇਸ ਸਵਾਲ ਦੇ ਜਵਾਬ ਵਿੱਚ ਉਨ੍ਹਾਂ ਕੁਝ ਮੰਗਾਂ ਦੀ ਨਿਸ਼ਾਨਦੇਹੀ ਕੀਤੀ।

  • ਹਰਿਆਣਾ ਦੇ ਪੰਜਾਬੀ ਜ਼ਿਆਦਾਤਰ ਪਾਕਿਸਤਾਨ ਤੋਂ 1947 ਵਿੱਚ ਉੱਜੜ ਕੇ ਆਏ ਸਨ। ਕੁਝ ਲੋਕ ਤਾਂ ਚੰਗੀ ਤਰ੍ਹਾਂ ਸੈਟਲ ਹੋ ਗਏ, ਪਰ ਬਹੁਤ ਸਾਰੇ ਅਜਿਹੇ ਹਨ, ਜੋ ਅਲ਼ਾਟ ਹੋਈਆਂ ਜ਼ਮੀਨਾਂ, ਪਲਾਟਾਂ ਦੀਆਂ ਰਜਿਸਟਰੀਆਂ ਵਰਗੇ ਮਸਲਿਆਂ ਨਾਲ ਅਜੇ ਵੀ ਜੂਝ ਰਹੇ ਹਨ। ਇਸ ਲਈ ਭਾਈਚਾਰਾ ਇਹ ਮੰਗ ਕਰਦਾ ਹੈ ਕਿ ਸੂਬੇ ਵਿੱਚ ਪੰਜਾਬੀਆਂ ਦੇ ਮਸਲਿਆਂ ਦੇ ਹੱਲ ਲਈ ਪੰਜਾਬੀ ਭਲਾਈ ਬੋਰਡ ਦਾ ਗਠਨ ਕੀਤਾ ਜਾਵੇ।
  • ਹਰਿਆਣਾ ਵਿੱਚ ਪੰਜਾਬੀਆਂ ਲਈ ਰਿਫਿਊਜੀ ਤੇ ਸ਼ਰਨਾਰਥੀ ਸ਼ਬਦ ਦੀ ਵਰਤੋਂ ਰੋਕਣ ਲਈ ਕਾਨੂੰਨ ਬਣਾਇਆ ਜਾਵੇ।
  • ਪੰਜਾਬੀ ਭਾਸ਼ਾ ਨੂੰ ਹਰਿਆਣਾ ਵਿੱਚ ਦੂਜੀ ਸਰਕਾਰੀ ਭਾਸ਼ਾ ਵਜੋਂ ਦਰਜਾ ਦਿੱਤਾ ਗਿਆ ਸੀ, ਪਰ ਇਸ ਉੱਤੇ ਅਮਲ ਨਹੀਂ ਹੋਇਆ। ਪੰਜਾਬੀ ਭਾਈਚਾਰਾ ਮੰਗ ਕਰਦਾ ਹੈ ਕਿ ਪੰਜਾਬੀ ਭਾਸ਼ਾ (ਗੁਰਮੁਖੀ) ਨੂੰ ਸੂਬੇ ਦੇ ਸਕੂਲਾਂ, ਕਾਲਜਾਂ ਦੀ ਪੜ੍ਹਾਈ ਵਿੱਚ ਲਾਜ਼ਮੀ ਵਿਸ਼ਾ ਬਣਾਇਆ ਜਾਵੇ ਅਤੇ ਸਰਕਾਰੀ ਕੰਮਾਕਾਜ ਵਿੱਚ ਇਸ ਦੀ ਹਿੰਦੀ ਨਾਲ ਵਰਤੋਂ ਦਾ ਬਦਲ ਦਿੱਤਾ ਜਾਵੇ।
  • ਸਾਰੀਆਂ ਹੀ ਸਿਆਸੀ ਪਾਰਟੀਆਂ ਨਾਲ ਜੁੜੇ ਪੰਜਾਬੀ ਆਗੂ ਤੇ ਭਾਈਚਾਰੇ ਨਾਲ ਸਬੰਧਤ ਜਥੇਬੰਦੀਆਂ ਦੀ ਇਹ ਮੰਗ ਹੈ ਕਿ ਪੰਜਾਬੀਆਂ ਦੀ ਅਬਾਦੀ ਦੇ ਹਿਸਾਬ ਨਾਲ ਉਨ੍ਹਾਂ ਨੂੰ ਸਿਆਸੀ ਨੁਮਾਇੰਦਗੀ ਮਿਲੇ। ਉਨ੍ਹਾਂ ਨੂੰ ਨੌਕਰੀਆਂ ਆਦਿ ਵਿੱਚ ਵੀ ਬਣਦਾ ਹਿੱਸਾ ਮਿਲੇ।
  • ਪੰਜਾਬੀ ਭਾਈਚਾਰੇ ਦੀ ਇਹ ਮੰਗ ਰਹੀ ਹੈ ਕਿ ਜਿਸ ਵਿਧਾਨ ਸਭਾ ਹਲਕੇ ਵਿੱਚ ਉਨ੍ਹਾਂ ਦੀ ਅਬਾਦੀ 40 ਫੀਸਦ ਹੈ, ਉੱਥੇ ਸਿਆਸੀ ਪਾਰਟੀਆਂ ਪੰਜਾਬੀ ਆਗੂਆਂ ਨੂੰ ਟਿਕਟਾਂ ਦੇਣ। ਕਰਨਾਲ ਪੰਜਾਬੀ ਸੰਮੇਲਨ ਦੌਰਾਨ ਕਾਂਗਰਸ ਤੋਂ ਪੰਜਾਬੀ ਆਗੂਆਂ ਲਈ 20-25 ਟਿਕਟਾਂ ਦੀ ਮੰਗ ਕੀਤੀ ਗਈ।
  • ਹਰਿਆਣਾ ਦਾ ਸਿੱਖ ਭਾਈਚਾਰਾ ਸੂਬੇ ਦੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਆਮ ਚੋਣਾਂ ਕਰਵਾਉਣ ਦੀ ਮੰਗ ਕਰ ਰਿਹਾ ਹੈ, ਪਰ ਸਰਕਾਰ ਆਪਣੇ ਨਾਮਜ਼ਦ ਨੁਮਾਇੰਦਿਆ ਦੀ ਕਮੇਟੀ ਬਣਾ ਕੇ ਹੀ ਅਹੁਦੇਦਾਰੀਆਂ ਦੇ ਰਹੀ ਹੈ।

ਸੁਭਾਸ਼ ਬੱਤਰਾ ਇਹ ਦਾਅਵਾ ਕਰਦੇ ਹਨ ਕਿ ਪੰਜਾਬੀ ਸੂਬੇ ਦੀਆਂ 90 ਸੀਟਾਂ ਵਿੱਚੋਂ 25 ਵਿੱਚ ਫੈਸਲਾਕੁੰਨ ਭੂਮਿਕਾ ਅਦਾ ਕਰਦੇ ਹਨ। ਇਸ ਤਰ੍ਹਾਂ ਲੋਕ ਸਭਾ ਦੇ ਫਰੀਦਾਬਾਦ, ਕਰਨਾਲ ਅਤੇ ਕੁਰੂਕਸ਼ੇਤਰ 3 ਹਲਕਿਆਂ ਵਿੱਚ ਪੰਜਾਬੀਆਂ ਦੀ ਅਹਿਮ ਭੂਮਿਕਾ ਰਹਿੰਦੀ ਹੈ।

ਕਰਨਾਲ ਪੰਜਾਬੀ ਸੰਮੇਲਨ ਦੇ ਪ੍ਰਬੰਧਕ ਅਸ਼ੋਕ ਕੁਮਾਰ ਮਹਿਤਾ ਨੇ ਮੰਚ ਤੋਂ ਪੰਜਾਬੀਆਂ ਲਈ ਟਿਕਟਾਂ ਦੀ ਮੰਗ ਕਰਦਿਆਂ ਬੰਸੀ ਲਾਲ ਸਰਕਾਰ ਦੀ ਮਿਸਾਲ ਦਿੱਤੀ ਸੀ।

ਉਨ੍ਹਾਂ ਕਿਹਾ ਸੀ, "1991 ਵਿੱਚ ਬਣੀ ਬੰਸੀ ਲਾਲ ਸਰਕਾਰ ਵਿੱਚ 17 ਮੰਤਰੀ ਪੰਜਾਬੀ ਸਨ, ਇਸ ਤੋਂ ਪਤਾ ਲੱਗਦਾ ਹੈ ਕਿ ਪੰਜਾਬੀ ਆਗੂਆਂ ਵਿੱਚ ਸਮਰੱਥਾ ਦੀ ਕਮੀ ਨਹੀਂ ਹੈ, ਪਰ ਲੋੜ ਸਿਰਫ਼ ਮੌਕਾ ਮਿਲਣ ਦੀ ਹੈ।"

ਔਰਤਾਂ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਹਰਿਆਣਾ ਦੇ ਕੁਝ ਇਲਾਕਿਆਂ ਵਿੱਚ ਪੰਜਾਬੀਆਂ ਦੀ ਸੰਘਣੀ ਵਸੋਂ ਹੈ

ਪੰਜਾਬੀਆਂ ਦੇ ਸਮਰਥਨ ਲਈ ਚਾਰਾਜੋਈ

ਹਰਿਆਣਾ ਦੀਆਂ ਆਮ ਵਿਧਾਨ ਸਭਾ ਚੋਣਾਂ ਦੇ ਭਖੇ ਸਿਆਸੀ ਅਖਾੜੇ ਵਿੱਚ ਪੰਜਾਬੀ ਭਾਈਚਾਰੇ ਦਾ ਸਮਰਥਨ ਆਪਣੇ ਪੱਖ ਵਿੱਚ ਜੁਟਾਉਣ ਲਈ ਸਿਆਸੀ ਪਾਰਟੀਆਂ ਵਿੱਚ ਜ਼ੱਦੋਜ਼ਹਿਦ ਜ਼ੋਰਾਂ ਉੱਤੇ ਹੈ।

18 ਅਗਸਤ ਨੂੰ ਜਦੋਂ ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਨੇ ਪਾਰਟੀ ਦੀ ਸਮੁੱਚੀ ਲੀਡਰਸ਼ਿਪ ਨਾਲ ਮਿਲ ਕੇ ਕਰਨਾਲ ਵਿੱਚ ਪੰਜਾਬੀ ਸੰਮੇਲਨ ਕੀਤਾ ਤਾਂ ਇਸ ਨੇ ਸੂਬੇ ਦੇ ਸਿਆਸੀ ਹਲਕਿਆਂ ਵਿੱਚ ਨਵੀਂ ਚਰਚਾ ਛੇੜੀ।

ਹੁੱਡਾ ਨੇ ਇਸ ਸੰਮੇਲਨ ਦੌਰਾਨ ਐਲਾਨ ਕੀਤਾ ਕਿ ਸੂਬੇ ਵਿੱਚ ਕਾਂਗਰਸ ਪਾਰਟੀ ਦੀ ਸਰਕਾਰ ਬਣਨ ਉੱਤੇ ਪੰਜਾਬੀ ਭਲਾਈ ਬੋਰਡ ਦਾ ਗਠਨ ਕੀਤਾ ਜਾਵੇਗਾ।

ਬਲਵੰਤ ਤਕਸ਼ਕ ਕਹਿੰਦੇ ਹਨ, "ਕਾਂਗਰਸ ਪਾਰਟੀ ਪੰਜਾਬ ਸੰਮੇਲਨਾਂ ਰਾਹੀ ਪੰਜਾਬੀ ਭਾਈਚਾਰੇ ਨੂੰ ਆਪਣੇ ਪੱਖ ਵਿੱਚ ਤੋਰਨ ਲਈ ਸਿਆਸੀ ਮਸ਼ਕਾਂ ਕਰ ਰਹੀ ਹੈ। ਉਹ ਪੰਜਾਬੀਆਂ ਨੂੰ ਸਿਆਸੀ, ਸਮਾਜਿਕ ਤੇ ਸਰਕਾਰੀ ਤੌਰ ਉੱਤੇ ਬਣਦੀ ਨੁਮਾਇੰਦਗੀ ਦੇਣ ਦਾ ਵੀ ਵਾਅਦਾ ਕਰਦੇ ਹਨ।"

ਬਲਵੰਤ ਤਕਸ਼ਕ ਅੱਗੇ ਕਹਿੰਦੇ ਹਨ, "ਹਰਿਆਣਾ ਦੀ ਜੀਟੀ ਰੋਡ ਬੈਲਟ, ਜਿਸ ਨੂੰ ਆਮ ਕਰਕੇ ਪੰਜਾਬੀ ਪੱਟੀ ਕਿਹਾ ਜਾਂਦਾ ਹੈ, ਇਸ ਵਿੱਚ ਭਾਰਤੀ ਜਨਤਾ ਪਾਰਟੀ ਦਾ ਦਬਦਬਾ ਰਿਹਾ ਹੈ। ਮਨੋਹਰ ਲਾਲ ਖੱਟਰ ਜਦੋਂ 2014 ਵਿੱਚ ਮੁੱਖ ਮੰਤਰੀ ਬਣਾਏ ਗਏ ਤਾਂ ਪੰਜਾਬੀ ਭਾਈਚਾਰੇ ਨੇ ਇਸ ਨੂੰ ਆਪਣੇ ਸਨਮਾਨ ਵਜੋਂ ਲਿਆ।"

"ਪਰ ਜਿਵੇਂ ਹੁਣ ਉਨ੍ਹਾਂ ਨੂੰ ਸੱਤਾ ਤੋਂ ਉਤਾਰਿਆ ਗਿਆ ਹੈ, ਉਸ ਨਾਲ ਪੰਜਾਬੀ ਭਾਈਚਾਰੇ ਵਿੱਚ ਨਿਰਾਸ਼ਾ ਦਿਖਦੀ ਹੈ। ਭਾਵੇਂ ਕਿ ਮਨੋਹਰ ਲਾਲ ਖੱਟਰ ਨੂੰ ਕੇਂਦਰ ਵਿੱਚ ਵਜ਼ੀਰ ਬਣਾਇਆ ਗਿਆ ਹੈ।"

ਤਕਸ਼ਕ ਕਹਿੰਦੇ ਹਨ, "ਪਰ ਪੰਜਾਬੀ ਭਾਈਚਾਰੇ ਨੂੰ ਇਹ ਗੱਲ ਹਜ਼ਮ ਨਹੀਂ ਹੋ ਰਹੀ ਹੈ, ਕਿ ਗੁੜਗਾਉਂ ਵਿੱਚ ਸਮਾਗ਼ਮ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਖੱਟਰ ਦੀ ਪ੍ਰਸ਼ੰਸ਼ਾ ਕਰਦੇ ਹਨ, ਦੂਜੇ ਹੀ ਦਿਨ ਉਨ੍ਹਾਂ ਦੀ ਮੁੱਖ ਮੰਤਰੀ ਵਜੋਂ ਛੁੱਟੀ ਕਰ ਦਿੱਤੀ ਜਾਂਦੀ ਹੈ।"

ਬਲਵੰਤ ਤਕਸ਼ਕ

ਬਲਵੰਤ ਤਕਸ਼ਕ ਕਹਿੰਦੇ ਹਨ ਕਿ ਖੱਟਰ ਨੇ ਮੁੱਖ ਮੰਤਰੀ ਬਣਨ ਤੋਂ ਬਾਅਦ ਪੰਜਾਬੀ ਭਾਈਚਾਰੇ ਦੇ ਕਈ ਆਗੂਆਂ ਨੂੰ ਸਿਆਸੀ ਤੌਰ ਉੱਤੇ ਚੰਗੇ ਮੌਕੇ ਦਿੱਤੇ ਸਨ।

ਪਰ ਖੱਟਰ ਦੇ ਮੁੱਖ ਮੰਤਰੀ ਵਜੋਂ ਹਟਣ ਤੋਂ ਬਾਅਦ ਉਨ੍ਹਾਂ ਦਾ ਸਿਆਸੀ ਭਵਿੱਖ ਵੀ ਵਿਚਾਲੇ ਲਟਕਦਾ ਨਜ਼ਰ ਆ ਰਿਹਾ ਹੈ। ਇਹੀ ਕਾਰਨ ਹੈ ਕਿ ਪੰਜਾਬੀ ਭਾਈਚਾਰੇ ਦੇ ਭਾਜਪਾ ਸਮਰਥਕ ਕੁਝ ਨਿਰਾਸ਼ ਲੱਗ ਰਹੇ ਹਨ, ਜਿਸ ਦਾ ਖ਼ਮਿਆਜ਼ਾ ਪਾਰਟੀ ਨੂੰ ਚੋਣਾਂ ਵਿੱਚ ਭੁਗਤਣਾ ਪੈ ਸਕਦਾ ਹੈ।

ਖੱਟਰ ਦੇ ਨਾਲ-ਨਾਲ ਪਾਰਟੀ ਦੇ ਦੂਜੇ ਵੱਡੇ ਪੰਜਾਬੀ ਚਿਹਰੇ ਅਨਿਲ ਵਿੱਜ ਨੂੰ ਵੀ ਇੱਕ ਤਰ੍ਹਾਂ ਨਾਲ ਸਾਇਡ ਲਾਇਨ ਕਰ ਦਿੱਤਾ ਗਿਆ ਹੈ। ਜੋ ਭਾਜਪਾ ਅਤੇ ਪੰਜਾਬੀ ਭਾਈਚਾਰੇ ਵਿੱਚ ਇੱਕ ਪਾੜਾ ਪੈਦਾ ਕਰਦਾ ਹੈ।

ਤਕਸ਼ਕ ਕਹਿੰਦੇ ਹਨ, "ਭਾਰਤੀ ਜਨਤਾ ਪਾਰਟੀ ਤੇ ਪੰਜਾਬੀ ਭਾਈਚਾਰੇ ਵਿਚਾਲੇ ਪੈਦਾ ਹੋਏ ਇਸ ਪਾੜੇ ਨੂੰ ਭਰਨ ਅਤੇ ਕਾਂਗਰਸ ਦੇ ਪੱਖ਼ ਵਿੱਚ ਤੋਰਨ ਲਈ ਕਾਂਗਰਸ ਪਾਰਟੀ ਪੰਜਾਬੀ ਸੰਮੇਲਨ ਕਰ ਰਹੀ ਹੈ ਅਤੇ ਭਾਈਚਾਰੇ ਦੀ ਅਹਿਮ ਮੰਗ ਪੰਜਾਬੀ ਭਲਾਈ ਬੋਰਡ ਦੇ ਗਠਨ ਦਾ ਐਲਾਨ ਕਰ ਰਹੀ ਹੈ।"

ਦੂਜੇ ਪਾਸੇ ਸੂਬੇ ਦੀ ਖੇਤਰੀ ਪਾਰਟੀ ਇੰਡੀਅਨ ਨੈਸ਼ਨਲ ਲੋਕ ਦਲ ਦੇ ਸਭ ਤੋਂ ਵੱਡੇ ਪੰਜਾਬੀ ਚਿਹਰੇ ਅਸ਼ੋਕ ਅਰੋੜਾ ਪਹਿਲਾਂ ਹੀ ਕਾਂਗਰਸ ਵਿੱਚ ਸ਼ਾਮਲ ਹੋ ਚੁੱਕੇ ਹਨ। ਉਹ ਵੀ ਪੰਜਾਬੀ ਭਾਈਚਾਰੇ ਵਿੱਚ ਚੰਗਾ ਅਸਰ ਰਸੂਖ਼ ਰੱਖਦੇ ਹਨ, ਜਿਸ ਦਾ ਕਾਂਗਰਸ ਨੂੰ ਸਿਆਸੀ ਫਾਇਦਾ ਮਿਲ ਸਕਦਾ ਹੈ।

ਇਨੈਲੋ ਤੋਂ ਟੁੱਟ ਕੇ ਬਣੀ ਜਨਨਾਇਕ ਜਨਤਾ ਪਾਰਟੀ ਇਨੈਲੋ ਦੇ ਗੜ੍ਹ ਸਿਰਸਾ-ਡੱਬਵਾਲੀ ਇਲਾਕੇ ਉੱਤੇ ਕਬਜ਼ਾ ਕਰਨ ਲਈ ਕੋਸ਼ਿਸ਼ਾਂ ਕਰ ਰਹੀ ਹੈ।

ਪਾਰਟੀ ਦੇ ਸਕੱਤਰ ਜਨਰਲ ਦਿਗਵਿਜੈ ਚੌਟਾਲਾ ਨੇ ਪੰਜਾਬੀ ਭਾਈਚਾਰੇ ਦਾ ਧਿਆਨ ਖਿੱਚਣ ਲਈ ਐਲਾਨ ਕੀਤਾ ਸੀ ਕਿ ਉਹ ਡੱਬਵਾਲੀ ਵਿੱਚ ਮਰਹੂਮ ਪੌਪ ਗਾਇਕ ਸਿੱਧੂ ਮੂਸੇਵਾਲਾ ਦਾ ਬੁੱਤ ਲਾਉਣਗੇ।

ਇਨੈਲੋ ਨੇ ਕਿਸਾਨ ਆਗੂ ਗੁਰਨਾਮ ਸਿੰਘ ਚਡੂਨੀ ਦੀ ਸੰਯੁਕਤ ਸੰਘਰਸ਼ ਪਾਰਟੀ ਨਾਲ ਪਿਛਲੇ ਲੋਕ ਸਭਾ ਚੋਣਾਂ ਵਿੱਚ ਸ਼ੁਰੂ ਹੋਈ ਇਕਸੁਰਤਾ ਇਨ੍ਹਾਂ ਚੋਣਾਂ ਵਿੱਚ ਵੀ ਜਾਰੀ ਰਹੀ ਤਾਂ ਪਾਰਟੀ ਨੂੰ ਇਸ ਦਾ ਫਾਇਦਾ ਹੋ ਸਕਦਾ ਹੈ।

ਚਡੂਨੀ ਨੇ ਆਪ ਪਿਹੋਵਾ ਤੋਂ ਵਿਧਾਨ ਸਭਾ ਚੋਣ ਲੜਨ ਦਾ ਐਲਾਨ ਕੀਤਾ ਹੋਇਆ ਹੈ। ਇਨ੍ਹਾਂ ਲੋਕ ਸਭਾ ਚੋਣਾਂ ਦੌਰਾਨ ਕੁਰੂਕਸ਼ੇਤਰ ਹਲਕੇ ਤੋਂ ਇਨੈਲੋ ਨੂੰ ਸਮਰਥਨ ਕੀਤਾ ਸੀ।

ਇਲੈਨੋ ਦਾ ਬਹੁਜਨ ਸਮਾਜ ਪਾਰਟੀ ਅਤੇ ਜੇਜੇਪੀ ਦਾ ਚੰਦਰ ਸ਼ੇਖਰ ਦੀ ਅਜਾਦ ਸਮਾਜ ਪਾਰਟੀ (ਕਾਂਸ਼ੀ ਰਾਮ) ਨਾਲ ਚੋਣ ਗਠਜੋੜ ਹੈ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)