ਹਰਵਿੰਦਰ ਸਿੰਘ: ਪੈਰਾਲੰਪਿਕ ’ਚ ਗੋਲਡ ਜਿੱਤਣ ਵਾਲੇ ਤੀਰਅੰਦਾਜ਼ ਨੇ ਜਦੋਂ ਤੀਰ-ਕਮਾਨ ਛੱਡਣ ਦਾ ਫੈਸਲਾ ਕਰ ਲਿਆ ਸੀ

ਹਰਵਿੰਦਰ ਸਿੰਘ ਧੰਜੂ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਹਰਵਿੰਦਰ ਸਿੰਘ ਦੇ ਖੱਬੀ ਲੱਤ ਕਮਜ਼ੋਰ ਹੋਣ ਕਾਰਨ ਉਹ ਪੈਰਾਲੰਪਿਕ ਖੇਡਦੇ ਹਨ
    • ਲੇਖਕ, ਨਵਜੋਤ ਕੌਰ ਅਤੇ ਹਰਪਿੰਦਰ ਸਿੰਘ
    • ਰੋਲ, ਬੀਬੀਸੀ ਪੱਤਰਕਾਰ

"ਭਾਰਤ ਲਈ ਇਤਿਹਾਸਕ ਪਲ਼!

ਭਾਰਤ ਲਈ ਪੈਰਾ ਤੀਰ ਅੰਦਾਜ਼ੀ ਵਿੱਚ ਪਹਿਲਾਂ ਗੋਲਡ ਮੈਡਲ!

ਪੈਰਿਸ ਵਿੱਚ ਸੋਨਾ ਜਿੱਤਣ ਲਈ ਹਰਵਿੰਦਰ ਸਿੰਘ ਦਾ ਬੇਹੱਦ ਸ਼ਾਨਦਾਰ ਪ੍ਰਦਰਸ਼ਨ"

ਇਹ ਸ਼ਬਦ ਪੈਰਿਸ ਪੈਰਾਲੰਪਿਕ ਵਿੱਚ ਉਸ ਵੇਲੇ ਸੁਣਾਈ ਦਿੱਤੇ ਜਦੋਂ ਭਾਰਤੀ ਤੀਰ ਅੰਦਾਜ਼ ਹਰਵਿੰਦਰ ਸਿੰਘ ਧੰਜੂ ਨੇ ਆਪਣਾ ਬੇਹੱਦ ਸ਼ਾਨਦਾਰ ਪ੍ਰਦਰਸ਼ਨ ਦਿਖਾਉਂਦੇ ਹੋਏ ਭਾਰਤ ਲਈ ਸੋਨੇ ਦਾ ਤਗਮਾ ਜਿੱਤਿਆ।

ਪੈਰਿਸ ਤੋਂ ਗੋਲਡ ਮੈਡਲ ਜਿੱਤਣ ਤੋਂ ਬਾਅਦ ਹਰਵਿੰਦਰ ਧੰਜੂ ਨੇ ਬੀਬੀਸੀ ਨਾਲ ਫੋਨ 'ਤੇ ਗੱਲਬਾਤ ਕਰਦਿਆਂ ਕਿਹਾ, "ਇਸ ਜਿੱਤ ਦਾ ਸਾਰਾ ਕਰੈਡਿਟ ਮੇਰੇ ਦੋਵੇਂ ਕੋਚਾਂ ਨੂੰ ਦੇਣਾ ਚਾਹੁੰਦਾ ਹਾਂ, ਗੌਰਵ ਸ਼ਰਮਾ ਅਤੇ ਜੀਵਨਜੋਤ ਸਿੰਘ ਤੇਜਾ ਜਿਨ੍ਹਾਂ ਨੇ ਮੈਨੂੰ ਸ਼ੁਰੂ ਤੋਂ ਟਰੇਨਿੰਗ ਕਰਵਾਈ।"

"ਦੂਸਰਾ ਕਰੈਡਿਟ ਮੇਰੇ ਪਰਿਵਾਰ ਨੂੰ ਜਾਂਦਾ, ਜਿਹੜੇ ਹਮੇਸ਼ਾ ਮੇਰਾ ਸਹਾਰਾ ਬਣੇ, ਕਿਉਂਕਿ ਘਰ ਤੋਂ ਬਾਹਰ ਰਹਿਣਾ, ਵੱਖ-ਵੱਖ ਥਾਵਾਂ ਉੱਤੇ ਜਾਣਾ, ਇਹ ਸਭ ਤਾਂ ਹੀ ਸੰਭਵ ਹੁੰਦਾ ਜਦੋਂ ਪਰਿਵਾਰ ਨਾਲ ਹੁੰਦਾ। ਮੇਰੀ ਜਿੱਤ ਮੇਰੇ ਕੋਚ ਅਤੇ ਪਰਿਵਾਰ ਦੀ ਬਦੌਲਤ ਹੈ।"

ਹਰਵਿੰਦਰ ਸਿੰਘ ਧੰਜੂ ਹਰਿਆਣਾ ਦੇ ਕੈਥਲ ਜ਼ਿਲ੍ਹੇ ਦੇ ਪਿੰਡ ਅਜੀਤਗੜ੍ਹ ਦੇ ਰਹਿਣ ਵਾਲੇ ਹਨ।

ਉਹ ਕਿਸਾਨੀ ਪਰਿਵਾਰ ਨਾਲ ਸੰਬੰਧ ਰੱਖਦੇ ਹਨ। ਹਰਵਿੰਦਰ ਪੰਜਾਬੀ ਯੂਨੀਵਰਿਸਟੀ ਪਟਿਆਲਾ ਤੋਂ ਅਰਥ-ਸ਼ਾਸਤਰ ਵਿੱਚ ਪੀਐੱਚਡੀ ਕਰ ਚੁੱਕੇ ਹਨ ਤੇ ਹੁਣ ਉਹ ਡਾਕਟਰ ਹਰਵਿੰਦਰ ਸਿੰਘ ਧੰਜੂ ਹਨ। ਪਰਿਵਾਰ ਵਿੱਚ ਉਨ੍ਹਾਂ ਦੇ ਪਿਤਾ, ਭੈਣ-ਭਰਾ, ਪਤਨੀ ਅਤੇ ਇੱਕ ਪੁੱਤਰ ਹੈ।

ਹਰਵਿੰਦਰ ਸਿੰਘ ਦੇ ਖੱਬੀ ਲੱਤ ਕਮਜ਼ੋਰ ਹੋਣ ਕਾਰਨ ਉਹ ਪੈਰਾਲੰਪਿਕ ਖੇਡਦੇ ਹਨ।

ਬੀਬੀਸੀ ਪੰਜਾਬੀ
ਤਸਵੀਰ ਕੈਪਸ਼ਨ, ਬੀਬੀਸੀ ਪੰਜਾਬੀ ਦੇ ਵੱਟਸਐਪ ਚੈਨਲ ਨਾਲ ਜੁੜਨ ਲਈ ਇਸ ਲਿੰਕ ’ਤੇ ਕਲਿੱਕ ਕਰੋ

ਡਾਕਟਰ ਦੀ ਗ਼ਲਤੀ ਕਾਰਨ ਲੱਤ ਹੋਈ ਖ਼ਰਾਬ

ਹਰਵਿੰਦਰ ਦਾ ਜਨਮ ਇੱਕ ਆਮ ਬੱਚੇ ਵਾਂਗ ਹੀ ਹੋਇਆ ਸੀ ਪਰ ਜਨਮ ਤੋਂ ਸਵਾ ਸਾਲ ਬਾਅਦ ਉਨ੍ਹਾਂ ਦੇ ਨਾਲ ਇੱਕ ਅਣਹੋਣੀ ਵਾਪਰ ਗਈ।

1992 ਵਿੱਚ ਉਹ ਕਿਸੇ ਬਿਮਾਰੀ ਤੋਂ ਪੀੜਤ ਸਨ ਤਾਂ ਉਨ੍ਹਾਂ ਦੇ ਪਿਤਾ ਉਨ੍ਹਾਂ ਨੂੰ ਪਿੰਡ ਦੇ ਹੀ ਇੱਕ ਸਥਾਨਕ ਡਾਕਟਰ ਕੋਲ ਲੈ ਕੇ ਗਏ।

ਡਾਕਟਰ ਨੇ ਬਿਮਾਰੀ ਤੋਂ ਬਚਾਅ ਲਈ ਹਰਵਿੰਦਰ ਨੂੰ ਗ਼ਲਤ ਟੀਕਾ ਲਗਾ ਦਿੱਤਾ, ਜਿਸ ਕਾਰਨ ਉਨ੍ਹਾਂ ਦੀ ਖੱਬੀ ਲੱਤ ਖ਼ਰਾਬ ਹੋ ਗਈ।

ਉਦੋਂ ਤੋਂ ਹੀ ਹਰਵਿੰਦਰ ਦੀ ਖੱਬੀ ਲੱਤ ਕਮਜ਼ੋਰ ਹੈ। ਪਰ ਇਹ ਕਮਜ਼ੋਰੀ ਕਦੇ ਹਰਵਿੰਦਰ ਦੀ ਸਫ਼ਲਤਾ ਦੇ ਰਸਤੇ ਵਿੱਚ ਅੜਿੱਕਾ ਨਹੀਂ ਬਣੀ।

ਬਚਪਨ ਵਿੱਚ ਜ਼ਰੂਰ ਹਰਵਿੰਦਰ ਬਾਹਰ ਜਾਣ ਦੀ ਥਾਂ ਘਰ ਵਿੱਚ ਰਹਿੰਦੇ ਸਨ। ਪਰ ਘਰ ਵਿੱਚ ਰਹਿਣ ਨੂੰ ਉਨ੍ਹਾਂ ਨੇ ਆਪਣੀ ਤਾਕਤ ਬਣਾਇਆ ਕਿਉਂਕਿ ਉਹ ਘਰ ਵਿੱਚ ਕਿਤਾਬਾਂ ਨਾਲ ਜੁੜੇ ਰਹਿੰਦੇ ਸਨ।

ਹਰਵਿੰਦਰ ਸਿੰਘ ਧੰਜੂ

ਤਸਵੀਰ ਸਰੋਤ, Harvinder S. Dhanju/fb

ਤਸਵੀਰ ਕੈਪਸ਼ਨ, ਹਰਵਿੰਦਰ ਸਿੰਘ ਧੰਜੂ ਹਰਿਆਣਾ ਦੇ ਕੈਥਲ ਜ਼ਿਲ੍ਹੇ ਦੇ ਪਿੰਡ ਅਜੀਤਗੜ੍ਹ ਦੇ ਰਹਿਣ ਵਾਲੇ ਹਨ

ਤੀਰ-ਅੰਦਾਜ਼ੀ ਵਿੱਚ ਕਿਵੇਂ ਆਏ

ਦੁਨੀਆਂ ਭਰ ਵਿੱਚ ਆਪਣੇ ਹੁਨਰ ਅਤੇ ਲਗਨ ਦਾ ਡੰਕਾ ਵਜਾਉਣ ਵਾਲੇ ਹਰਵਿੰਦਰ ਸਿੰਘ ਧੰਜੂ ਤੀਰ ਅੰਦਾਜ਼ੀ ਨਾਲ ਬਚਪਨ ਤੋਂ ਨਹੀਂ ਜੁੜੇ ਸਨ।

ਹਰਵਿੰਦਰ ਸਿੰਘ ਧੰਜੂ ਦੇ ਕੋਚ ਜੀਵਨਜੋਤ ਸਿੰਘ ਤੇਜਾ (ਦਰੋਣਾਚਾਰੀ ਐਵਾਰਡੀ) ਨੇ ਦੱਸਿਆ, " ਉਹ ਮੇਰੇ ਕੋਲ 2012 ਵਿੱਚ ਆਇਆ ਸੀ।"

ਦਰਅਸਲ 2012 ਵਿਚ ਹਰਵਿੰਦਰ ਸਿੰਘ ਯੂਨੀਵਰਸਿਟੀ ਦੀ ਕੰਟੀਨ ਵਿੱਚ ਲੰਡਨ ਵਿਖੇ ਹੋ ਰਹੀਆਂ ਓਲੰਪਿਕ ਖੇਡਾਂ ਨੂੰ ਦੇਖ ਰਹੇ ਸੀ। ਉਦੋਂ ਹਰਵਿੰਦਰ ਦੇ ਮਨ ਵਿੱਚ ਆਇਆ ਕਿ ʻਮੈਂ ਵੀ ਆਰਚਰੀ ਕਰਾਂ।ʼ

ਉਸ ਸਮੇਂ ਹਰਵਿੰਦਰ ਮੇਰੇ ਕੋਲ ਗਰਾਉਂਡ ਵਿੱਚ ਆਇਆ ਤੇ ਖੇਡ ਬਾਰੇ ਪੁੱਛਣ ਲੱਗਿਆ।

ਹਰਵਿੰਦਰ ਸਿੰਘ ਧੰਜੂ

ਤਸਵੀਰ ਸਰੋਤ, Harvinder S. Dhanju/fb

ਤਸਵੀਰ ਕੈਪਸ਼ਨ, ਹਰਵਿੰਦਰ ਸਿੰਘ ਧੰਜੂ ਦਾ ਇੱਕ ਬੇਟਾ ਵੀ ਹੈ

ਜੀਵਨਜੋਤ ਸਿੰਘ ਨੇ ਦੱਸਿਆ, "ਮੈਂ ਉਨ੍ਹਾਂ ਨੂੰ ਪ੍ਰੇਰਿਤ ਕੀਤਾ ਕਿ ਹਾਂ, ਇਹ ਖੇਡ ਕੀਤੀ ਜਾ ਸਕਦੀ ਹੈ। ਹਰਵਿੰਦਰ ਦੇ ਮਨ ਵਿੱਚ ਉਸ ਸਮੇਂ ਇਹ ਵੀ ਖਦਸ਼ਾ ਸੀ ਕਿ ਉਮਰ ਜ਼ਿਆਦਾ ਹੋਣ ਕਾਰਨ ਖੇਡ ਦੀ ਸ਼ੁਰੂਆਤ ਨਹੀਂ ਹੋ ਸਕਦੀ।"

ਪਰ ਜੀਵਨਜੋਤ ਸਿੰਘ ਦੱਸਦੇ ਹਨ. "ਮੈਂ ਇਸ ਸੋਚ ਦੇ ਖ਼ਿਲਾਫ਼ ਹਾਂ ਕਿ ਛੋਟੀ ਉਮਰ ਵਿੱਚ ਹੀ ਕਿਸੇ ਖੇਡ ਦੀ ਸ਼ੁਰੂਆਤ ਕਰਨਾ ਸਹੀ ਹੁੰਦਾ ਹੈ।"

ਜੇਕਰ ਕਿਸੇ ਚੀਜ਼ ਨੂੰ ਕਰਨ ਦੀ ਲਗਨ ਹੋਵੇ ਤਾਂ ਹਰ ਕੰਮ ਕੀਤਾ ਜਾ ਸਕਦਾ ਹੈ ਭਾਵੇਂ ਕੋਈ ਵੀ ਉਮਰ ਹੋਵੇ।

ਇਸ ਤੋਂ ਬਾਅਦ ਹਰਵਿੰਦਰ ਨੇ ਆਪਣੇ ਸਫ਼ਰ ਦੀ ਸ਼ੁਰੂਆਤ ਕੀਤੀ ਤੇ ਮਿਹਨਤ ਕਰਦਿਆਂ ਅੱਗੇ ਵੱਧਦੇ ਗਏ। ਪੰਜਾਬੀ ਯੂਨੀਵਰਸਿਟੀ ਵਿੱਚ ਹਰਵਿੰਦਰ ਸਿੰਘ ਨੇ ਪੜ੍ਹਾਈ ਦੇ ਨਾਲ-ਨਾਲ ਤੀਰ ਅੰਦਾਜ਼ੀ ਦੇ ਗੁਰ ਲਏ।

ਹਰਵਿੰਦਰ ਦੀਆਂ ਕਾਮਯਾਬੀਆਂ

ਉਤਾਰ ਚੜ੍ਹਾਅ ਭਰਿਆ ਰਿਹਾ ਹਰਵਿੰਦਰ ਦਾ ਸਫ਼ਰ

ਜੀਵਨਜੋਤ ਤੇਜਾ ਦੱਸਦੇ ਹਨ ਕਿ ਹਰਵਿੰਦਰ ਦੇ ਜੀਵਨ ਵਿੱਚ ਕਈ ਉਤਾਰ ਚੜ੍ਹਾਅ ਆਏ।

2014 ਵਿੱਚ ਇੱਕ ਵਾਰ ਹਰਵਿੰਦਰ ਨੇ ਤੀਰ ਅੰਦਾਜ਼ੀ ਛੱਡ ਦਿੱਤੀ ਸੀ। ਜੀਵਨਜੋਤ ਕਹਿੰਦੇ ਹਨ, "ਮੈਂ ਥੋੜ੍ਹਾ ਹਰਵਿੰਦਰ ਵੱਲ ਧਿਆਨ ਨਹੀਂ ਸੀ ਦੇ ਸਕਿਆ ਤਾਂ ਅਸਿਸਟੈਂਟ ਕੋਚ ਨੇ ਹਰਵਿੰਦਰ ਨੂੰ ਇਹ ਕਹਿ ਦਿੱਤਾ ਸੀ ਤੇਰਾ ਪ੍ਰਦਰਸ਼ਨ ਚੰਗਾ ਨਹੀਂ ਤੇ ਤੂੰ ਖੇਡ ਛੱਡ ਕੇ ਆਪਣੀ ਪੜ੍ਹਾਈ ਵੱਲ ਧਿਆਨ ਦੇ।"

"ਇਸ ਤੋਂ ਬਾਅਦ ਹਰਵਿੰਦਰ ਨੇ ਮੇਰੇ ਕੋਲ ਆ ਕੇ ਕਿਹਾ ਮੇਰਾ ਹੌਂਸਲਾ ਕਾਫ਼ੀ ਡਿੱਗ ਗਿਆ ਹੈ ਮੇਰੇ ਤੋਂ ਹੁਣ ਆਪਣੀ ਖੇਡ ਜਾਰੀ ਨਹੀਂ ਹੋਣੀ।"

ਪਰ ਕੋਚ ਜੀਵਨਜੋਤ ਤੇਜਾ ਦੇ ਦਿੱਤੇ ਹੌਸਲੇ ਕਾਰਨ ਹਰਵਿੰਦਰ ਨੇ ਆਪਣੇ ਕਰੀਅਰ ਦੀ ਫਿਰ ਤੋਂ ਸ਼ੁਰੂਆਤ ਕੀਤੀ।

ਕੋਚ ਜੀਵਨਜੋਤ ਦੱਸਦੇ ਹਨ ਕਿ ਪਹਿਲਾਂ ਹਰਵਿੰਦਰ ਕਮਪਾਉਂਡ ਈਵੈਂਟ ਵਿੱਚ ਹਿੱਸਾ ਲੈਂਦਾ ਸੀ ਪਰ ਉਨ੍ਹਾਂ ਨੇ ਉਸ ਦੇ ਈਵੈਂਟ ਵਿੱਚ ਬਦਲਾਅ ਕੀਤਾ ਤੇ ਧੰਜੂ ਨੂੰ ਰੀਕਰਵ ਈਵੈਂਟ ਵਿੱਚ ਪਾਇਆ।

ਹਰਵਿੰਦਰ ਸਿੰਘ ਧੰਜੂ

ਤਸਵੀਰ ਸਰੋਤ, Harvinder S. Dhanju/fb

ਤਸਵੀਰ ਕੈਪਸ਼ਨ, ਹਰਵਿੰਦਰ ਸਿੰਘ ਨੂੰ ਸਾਲ 2021 ਵਿੱਚ ਅਰਜੁਨ ਐਵਾਰਡ ਵੀ ਮਿਲ ਚੁੱਕਿਆ ਹੈ

ਜੀਵਨਜੋਤ ਤੇਜਾ ਦੱਸਦੇ ਹਨ, "ਮੇਰੀ ਇਹ ਕੋਸ਼ਿਸ਼ ਕਾਮਯਾਬ ਰਹੀ ਤੇ ਹਰਵਿੰਦਰ ਨੇ ਲਗਾਤਾਰ ਮਿਹਨਤ ਕੀਤੀ ਤੇ 3 ਸਾਲ ਬਾਅਦ ਏਸ਼ੀਅਨ ਚੈਂਪੀਅਨਸ਼ਿਪ ਦੇ ਟੀਮ ਈਵੈਂਟ ਵਿੱਚ ਕਾਂਸੇ ਦਾ ਮੈਡਲ ਹਾਸਿਲ ਕੀਤਾ।"

ਉਹ ਅੱਗੇ ਦੱਸਦੇ ਹਨ ਕਿ ਕਈ ਵਾਰ ਇਨਸਾਨ ਦਾ ਮਾੜਾ ਸਮਾਂ ਪਿੱਛਾ ਨਹੀਂ ਛੱਡਦਾ। ਜਦੋਂ ਹਰਵਿੰਦਰ ਇੰਡੀਆ ਕੈਂਪ ਵਿੱਚ ਸੀ ਉਸ ਸਮੇਂ ਹਰਵਿੰਦਰ ਦੀ ਮਾਤਾ ਦਾ ਦੇਹਾਂਤ ਹੋ ਗਿਆ।

ਇੱਕ ਹਫ਼ਤੇ ਬਾਅਦ ਹਰਵਿੰਦਰ ਨੇ ਜਕਾਰਤਾ ਪੈਰਾ ਏਸ਼ੀਅਨ ਖੇਡਾਂ ਲਈ ਜਾਣਾ ਸੀ।

ਜੀਵਨਜੋਤ ਦੱਸਦੇ ਹਨ, "ਇੱਕ ਖਿਡਾਰੀ ਲਈ ਇਹ ਸਮਾਂ ਬਹੁਤ ਔਖਾ ਹੁੰਦਾ। ਪਰ ਹਰਵਿੰਦਰ ਨੂੰ ਸਾਰੇ ਕੋਚਿੰਗ ਸਟਾਫ ਨੇ ਹੌਸਲਾ ਦਿੱਤਾ ਤੇ ਹਰਵਿੰਦਰ ਜਕਾਰਤਾ ਪੈਰਾ ਏਸ਼ੀਅਨ ਖੇਡਾਂ ਵਿਚ ਹਿੱਸਾ ਲੈਣ ਗਿਆ।"

"ਦੁੱਖਾਂ ਦਾ ਪਹਾੜ ਡਿੱਗਣ ਦੇ ਬਾਵਜੂਦ ਹਰਵਿੰਦਰ ਸਿੰਘ ਨੇ 2018 ਦੀਆਂ ਜਕਾਰਤਾ ਪੈਰਾ ਏਸ਼ੀਅਨ ਖੇਡਾਂ ਵਿੱਚ ਗੋਲਡ ਮੈਡਲ ਜਿੱਤ ਕੇ ਇਤਿਹਾਸ ਰਚਿਆ।"

ਪਹਿਲਾਂ ਕਿੰਨੇ ਮੈਡਲ ਜਿੱਤੇ

2012 ਵਿੱਚ ਤੀਰ-ਅੰਦਾਜ਼ੀ ਸ਼ੁਰੂ ਕਰਨ ਤੋਂ ਬਾਅਦ ਹਰਵਿੰਦਰ ਨੇ ਫੇਰ ਕਦੇ ਮੁੜ ਕੇ ਨਹੀਂ ਦੇਖਿਆ।

  • ਸਾਲ 2016 ਵਿੱਚ ਹਰਵਿੰਦਰ ਨੇ ਨੈਸ਼ਨਲ ਚੈਂਪੀਅਨਸ਼ਿਪ ਵਿੱਚ ਦੋ ਕਾਂਸੀ ਦੇ ਤਗਮੇ ਜਿੱਤੇ।
  • ਫੇਰ ਉਨ੍ਹਾਂ 2017 ਵਿੱਚ ਵਿਸ਼ਵ ਚੈਂਪੀਅਨਸ਼ਿਪ ਪੈਰਾ ਤੀਰਅੰਦਾਜ਼ੀ ਵਿੱਚ ਭਾਗ ਲਿਆ ਅਤੇ 7ਵਾਂ ਰੈਂਕ ਹਾਸਲ ਕੀਤਾ।
  • 2018 ਵਿੱਚ ਉਨ੍ਹਾਂ ਨੇ ਚੈੱਕ ਗਣਰਾਜ ਵਿੱਚ ਹੋਈ ਚੈਂਪੀਅਨਸ਼ਿਪ ਵਿੱਚ ਭਾਗ ਲਿਆ ਅਤੇ 9ਵਾਂ ਰੈਂਕ ਹਾਸਲ ਕੀਤਾ।
  • 2018 ਵਿੱਚ ਪੈਰਾ ਏਸ਼ੀਅਨ ਖੇਡਾਂ ਵਿੱਚ ਵਿਅਕਤੀਗਤ ਈਵੈਂਟ ਵਿੱਚ ਸੋਨ ਤਮਗਾ ਜਿੱਤਿਆ।
  • ਅਕਤੂਬਰ 2018 ਵਿੱਚ ਹੋਈਆਂ ਪੈਰਾ ਏਸ਼ੀਅਨ ਖੇਡਾਂ ਵਿੱਚ ਪੁਰਸ਼ਾਂ ਦੇ ਵਿਅਕਤੀਗਤ ਰਿਕਵਰੀ ਈਵੈਂਟ ਵਿੱਚ ਹਰਵਿੰਦਰ ਨੇ ਸੋਨ ਤਗਮਾ ਆਪਣੇ ਨਾਮ ਕੀਤਾ।
  • 2019 ਵਿੱਚ ਪੈਰਾ ਤੀਰਅੰਦਾਜ਼ੀ ਨੈਸ਼ਨਲ ਚੈਂਪੀਅਨਸ਼ਿਪ ਵਿੱਚ ਹਰਵਿੰਦਰ ਸਿੰਘ ਨੇ ਦੋ ਚਾਂਦੀ ਦੇ ਤਗਮੇ ਜਿੱਤੇ।
  • 2021 ਵਿੱਚ ਹੋਈਆਂ ਟੋਕੀਓ ਪੈਰਾ ਉਲੰਪਿਕ ਵਿੱਚ ਵੀ ਹਰਵਿੰਦਰ ਸਿੰਘ ਨੇ ਤੀਰ ਅੰਦਾਜ਼ੀ ਵੀ ਕਾਂਸੀ ਦਾ ਤਗਮਾ ਜਿੱਤ ਕੇ ਭਾਰਤ ਦਾ ਮਾਣ ਵਧਾਇਆ।

ਇਹ ਪਹਿਲਾ ਮੌਕਾ ਸੀ ਜਦੋਂ ਭਾਰਤ ਨੂੰ ਪੈਰਾ ਤੀਰ ਅੰਦਾਜ਼ੀ ਵਿੱਚ ਓਲੰਪਿਕ ਵਿੱਚ ਕੋਈ ਤਗਮਾ ਆਇਆ ਹੋਵੇ।

ਹਰਵਿੰਦਰ ਸਿੰਘ ਧੰਜੂ

ਤਸਵੀਰ ਸਰੋਤ, Harvinder S. Dhanju/fb

ਤਸਵੀਰ ਕੈਪਸ਼ਨ, ਹਰਵਿੰਦਰ ਜੇਕਰ ਸਵੇਰੇ ਸ਼ਾਮ ਆਪਣੀ ਖੇਡ ਦੀ ਪ੍ਰੈਕਟਿਸ ਕਰਦੇ ਸਨ ਤਾਂ ਦਿਨ ਵੇਲੇ ਉਹ ਯੂਨੀਵਰਸਿਟੀ ਦੀ ਲਾਇਬ੍ਰੇਰੀ ਵਿੱਚ ਪੜ੍ਹਦੇ ਮਿਲਦੇ ਸਨ

ਲਾਇਬ੍ਰੇਰੀ ਅਤੇ ਮੈਦਾਨ ਇਕੱਠੇ ਸਾਂਭੇ

ਪੀਐੱਚਡੀ ਕਰਦਿਆਂ ਹੋਇਆਂ ਤੀਰ ਅੰਦਾਜ਼ੀ ਕਰਨਾ ਹਰਵਿੰਦਰ ਲਈ ਬਹੁਤ ਮੁਸ਼ਕਲ ਸੀ।

ਪਰ ਓਲੰਪਿਕ ਵਿੱਚ ਗੋਲਡ ਮੈਡਲ ਲੈ ਕੇ ਆਉਣ ਦਾ ਸੁਪਨਾ ਉਨ੍ਹਾਂ ਨੂੰ ਮੈਦਾਨ ਤੋਂ ਦੂਰ ਨਹੀਂ ਸੀ ਜਾਣ ਦਿੰਦਾ।

ਹਰਵਿੰਦਰ ਜੇਕਰ ਸਵੇਰੇ ਸ਼ਾਮ ਆਪਣੀ ਖੇਡ ਦੀ ਪ੍ਰੈਕਟਿਸ ਕਰਦੇ ਸਨ ਤਾਂ ਦਿਨ ਵੇਲੇ ਉਹ ਯੂਨੀਵਰਸਿਟੀ ਦੀ ਲਾਇਬ੍ਰੇਰੀ ਵਿੱਚ ਪੜ੍ਹਦੇ ਮਿਲਦੇ ਸਨ।

ਰਾਤ ਨੂੰ ਜਦੋਂ ਪ੍ਰੈਕਟਿਸ ਤੋਂ ਆ ਕੇ ਵੇਹਲੇ ਹੋਣਾ ਤਾਂ ਉਹ ਹਰਵਿੰਦਰ ਮੁੜ ਆਪਣੀਆਂ ਕਿਤਾਬਾਂ ਚੁੱਕ ਲੈਂਦੇ।

ਤੀਰ-ਅੰਦਾਜ਼ੀ ਦੀ ਪ੍ਰੈਕਟਿਸ ਕਰਦਿਆਂ ਹੋਇਆਂ ਹੀ ਹਰਵਿੰਦਰ ਨੇ ਆਪਣਾ ਪੀਐੱਚਡੀ ਦਾ ਥੀਸਸ ਲਿਖਿਆ।

ਇਹ ਜਨੂੰਨ ਉਨ੍ਹਾਂ ਦੇ ਅੰਦਰ ਹੀ ਸੀ ਕਿ ਮੈਡਲ ਲੈ ਕੇ ਹੀ ਆਉਣਾ।

ਹਰਵਿੰਦਰ ਆਪਣੇ ਕੋਚ ਜੀਵਨਜੋਤ ਸਿੰਘ ਤੇਜਾ (ਖੱਬਿਓਂ ਦੂਜੇ) ਦੇ ਨਾਲ

ਤਸਵੀਰ ਸਰੋਤ, Jiwanjot Singh Teja

ਤਸਵੀਰ ਕੈਪਸ਼ਨ, ਹਰਵਿੰਦਰ ਆਪਣੇ ਕੋਚ ਜੀਵਨਜੋਤ ਸਿੰਘ ਤੇਜਾ (ਖੱਬਿਓਂ ਦੂਜੇ) ਦੇ ਨਾਲ

ਪ੍ਰਧਾਨ ਮੰਤਰੀ ਅਤੇ ਰਾਸ਼ਟਰਪਤੀ ਨੇ ਦਿੱਤੀਆਂ ਵਧਾਈਆਂ

ਹਰਵਿੰਦਰ ਸਿੰਘ ਧੰਜੂ ਦੀ ਇਸ ਉਪਲਬਧੀ ਉੱਤੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਰਾਸ਼ਟਰਪਤੀ ਦੌਪਦੀ ਮੁਰਮੂ ਨੇ ਵੀ ਟਵੀਟ ਕਰ ਕੇ ਹਰਵਿੰਦਰ ਧੰਜੂ ਨੂੰ ਵਧਾਈਆਂ ਦਿੱਤੀਆਂ।

ਪ੍ਰਧਾਨ ਮੰਤਰੀ ਮੋਦੀ ਨੇ ਲਿਖਿਆ, "ਪੈਰਾ ਤੀਰਅੰਦਾਜ਼ੀ ਵਿੱਚ ਇੱਕ ਬਹੁਤ ਹੀ ਖਾਸ ਗੋਲਡ! ਪੈਰਿਸ ਪੈਰਾਲੰਪਿਕ ਵਿੱਚ ਪੁਰਸ਼ਾਂ ਦੇ ਵਿਅਕਤੀਗਤ ਰਿਕਰਵ ਓਪਨ ਵਿੱਚ ਗੋਲਡ ਮੈਡਲ ਜਿੱਤਣ ਲਈ ਹਰਵਿੰਦਰ ਸਿੰਘ ਨੂੰ ਵਧਾਈਆਂ!"

ਮੋਦੀ ਦਾ ਐਕਸ

ਤਸਵੀਰ ਸਰੋਤ, @narendramodi/X

ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਲਿਖਿਆ, "ਸੋਨ ਤਮਗਾ ਜਿੱਤਣ ਲਈ ਹਰਵਿੰਦਰ ਸਿੰਘ ਨੂੰ ਮੇਰੀਆਂ ਦਿਲੋਂ ਵਧਾਈਆਂ। ਹਰਵਿੰਦਰ ਦਾ ਇਹ ਲਗਾਤਾਰ ਪੈਰਾਲੰਪਿਕ ਵਿੱਚ ਦੂਜਾ ਤਗਮਾ ਹੈ ਅਤੇ ਭਾਰਤ ਲਈ ਪੈਰਾ ਤੀਰਅੰਦਾਜ਼ੀ ਵਿੱਚ ਪਹਿਲਾ ਸੋਨ ਤਗਮਾ ਹੈ। ਜ਼ਬਰਦਸਤ ਦਬਾਅ ਹੇਠ ਉਨ੍ਹਾਂ ਦਾ ਬੇਮਿਸਾਲ ਪ੍ਰਦਰਸ਼ਨ ਪ੍ਰੇਰਣਾਦਾਇਕ ਹੈ।"

ਭਾਰਤ ਸਰਕਾਰ ਦੇ ਕੈਬਨਿਟ ਮੰਤਰੀਆਂ ਨੇ ਵੀ ਹਰਵਿੰਦਰ ਸਿੰਘ ਨੂੰ ਵਧਾਈਆਂ ਦਿੱਤੀਆਂ ਹਨ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)