ਤੇਗਬੀਰ ਸਿੰਘ: ਮਾਊਂਟ ਕਿਲੀਮੰਜਾਰੋ ਸਰ ਕਰਨ ਵਾਲਾ ਏਸ਼ੀਆ ਦਾ ਸਭ ਤੋਂ ਛੋਟੀ ਉਮਰ ਦਾ ਪਰਬਤਰੋਹੀ, ਕਿਵੇਂ ਹੋਇਆ ਸੰਭਵ

ਤੇਗਬੀਰ

ਤਸਵੀਰ ਸਰੋਤ, Sukhinder Deep Singh

ਤਸਵੀਰ ਕੈਪਸ਼ਨ, ਤੇਗਬੀਰ ਸਿੰਘ ਕਿਲੀਮੰਜਾਰੋ ਨੂੰ ਸਰ ਕਰਨ ਵਾਲਾ ਦੁਨੀਆਂ ਦਾ ਦੂਜਾ ਸਭ ਤੋਂ ਛੋਟਾ ਪਰਬਤਰੋਹੀ ਬਣਿਆ ਹੈ।
    • ਲੇਖਕ, ਨਵਜੋਤ ਕੌਰ
    • ਰੋਲ, ਬੀਬੀਸੀ ਪੱਤਰਕਾਰ

ਪੰਜਾਬ ਦੇ ਰੋਪੜ ਸ਼ਹਿਰ ਦੇ ਰਹਿਣ ਵਾਲੇ 5 ਸਾਲਾ ਤੇਗਬੀਰ ਸਿੰਘ ਨੇ ਅਫ਼ਰੀਕਾ ਮਹਾਂਦੀਪ ਦੀ ਸਭ ਤੋਂ ਉੱਚੀ ਚੋਟੀ ਮਾਊਂਟ ਕਿਲੀਮੰਜਾਰੋ ਨੂੰ ਸਰ ਕਰਕੇ ਏਸ਼ੀਆ ਦਾ ਸਭ ਤੋਂ ਛੋਟੀ ਉਮਰ ਦਾ ਪਰਬਤਰੋਹੀ ਬਣਨ ਦਾ ਰਿਕਾਰਡ ਆਪਣੇ ਨਾਮ ਕਰ ਲਿਆ ਹੈ।

ਇਸ ਦੇ ਨਾਲ ਹੀ ਉਹ ਕਿਲੀਮੰਜਾਰੋ ਨੂੰ ਸਰ ਕਰਨ ਵਾਲਾ ਦੁਨੀਆਂ ਦਾ ਦੂਜਾ ਸਭ ਤੋਂ ਛੋਟਾ ਪਰਬਤਰੋਹੀ ਬਣਿਆ ਹੈ।

ਤੇਗਬੀਰ ਸਿੰਘ ਤੋਂ ਪਹਿਲਾਂ ਇਹ ਰਿਕਾਰਡ ਸਰਬੀਆ ਦੇ ਰਹਿਣ ਵਾਲੇ ਓਗਜ਼ੇਨ ਜ਼ਿਵਕੋਵਿਕ (ਉਮਰ 5 ਸਾਲ) ਦੇ ਨਾਮ ਹੈ। ਤੇਗਬੀਰ ਰੋਪੜ ਦੇ ਸ਼ਿਵਾਕਿਲ ਪਬਲਿਕ ਸਕੂਲ ਦਾ ਵਿਦਿਆਰਥੀ ਹੈ।

ਅਫ਼ਰੀਕਾ ਦੇ ਤਨਜ਼ਾਨੀਆ 'ਚ ਸਥਿਤ ਮਾਊਂਟ ਕਿਲੀਮੰਜਾਰੋ ਦੀ ਸਮੁੰਦਰ ਤਲ ਤੋਂ ਉਚਾਈ 19,341 ਫੁੱਟ ਯਾਨੀ 5,895 ਮੀਟਰ ਹੈ।

ਸੁਖਿੰਦਰ ਦੀਪ ਸਿੰਘ
ਤਸਵੀਰ ਕੈਪਸ਼ਨ, ਤੇਗਬੀਰ ਰੋਪੜ ਦੇ ਸ਼ਿਵਾਕਿਲ ਪਬਲਿਕ ਸਕੂਲ ਦਾ ਵਿਦਿਆਰਥੀ ਹੈ

ਇਸ ਚੋਟੀ ਦੇ ਬਿਲਕੁਲ ਸਿਖ਼ਰ 'ਤੇ ਚੜ੍ਹ ਕੇ ਰਿਕਾਰਡ ਬਣਾਉਣ ਵੇਲੇ ਤੇਗਬੀਰ ਸਿੰਘ ਦੇ ਪਿਤਾ ਸੁਖਿੰਦਰ ਦੀਪ ਸਿੰਘ ਵੀ ਟ੍ਰੈਕਿੰਗ ਮੌਕੇ ਉਸ ਦੇ ਨਾਲ ਸਨ।

ਪਿਓ-ਪੁੱਤ ਦੋਵਾਂ ਨੇ 18 ਅਸਗਤ 2024 ਨੂੰ ਇਹ ਟਰੈਕਿੰਗ ਸ਼ੁਰੂ ਕੀਤੀ ਸੀ ਅਤੇ 24 ਅਗਸਤ 2024 ਨੂੰ ਮਾਊਂਟ ਕਿਲੀਮੰਜਾਰੋ ਨੂੰ ਸਰ ਕਰ ਕੀਤਾ। ਉਹਨਾਂ ਨੇ ਸੱਤਵੇਂ ਦਿਨ 25 ਅਗਸਤ ਨੂੰ ਟ੍ਰੈਕ ਤੋਂ ਵਾਪਸੀ ਕੀਤੀ।

ਤੇਗਬੀਰ ਸਿੰਘ ਦੇ ਪਿਤਾ ਦੱਸਦੇ ਹਨ, "ਮਾਊਂਟ ਕਿਲੀਮੰਜਾਰੋ ਉੱਤੇ ਜਾਣ ਲਈ ਬੇਸ ਕੈਂਪ ਬਰਾਫੂ ਹੈ। ਬਰਾਫੂ ਤੋਂ ਅੱਗੇ ਅਸੀਂ ਕਰੰਗਾ ਕੈਂਪ, ਬਰਾਂਕੋ, ਸ਼ਿਰਾ ਕੇਵ, ਮਕੈਮੇ ਕੈਂਪ ਤੋਂ ਹੁੰਦੇ ਹੋਏ ਕਿਲੀਮੰਜਾਰੋ ਉੱਤੇ ਪਹੁੰਚੇ। ਕੁੱਲ 7 ਦਿਨ ਲੱਗੇ ਸਾਨੂੰ ਇਹ ਟਰੈਕ ਪੂਰਾ ਕਰਨ ਲਈ।"

ਬੀਬੀਸੀ ਪੰਜਾਬੀ

ਤਸਵੀਰ ਸਰੋਤ, Sukhinder Deep Singh/BBC

ਤਸਵੀਰ ਕੈਪਸ਼ਨ, ਬੀਬੀਸੀ ਪੰਜਾਬੀ ਦੇ ਵੱਟਸਐਪ ਚੈਨਲ ਨਾਲ ਜੁੜਨ ਲਈ ਇਸ ਲਿੰਕ ’ਤੇ ਕਲਿੱਕ ਕਰੋ

5 ਸਾਲ ਦੇ ਬੱਚੇ ਦੀ ਜਾਨ ਜ਼ੋਖਮ ਵਿੱਚ ਪਾਉਣਾ ਕਿੰਨਾ ਸਹੀ

ਤੇਗਬੀਰ ਸਿੰਘ ਦੇ ਪਿਤਾ ਕਹਿੰਦੇ ਹਨ, "ਮੈਨੂੰ ਪਤਾ ਸੀ ਇਹ ਸਵਾਲ ਮੇਰੇ ਤੋਂ ਬਹੁਤ ਵਾਰ ਪੁੱਛਿਆ ਜਾਵੇਗਾ ਕਿ ਤੁਸੀਂ ਆਖ਼ਰ ਕਿਉਂ ਆਪਣੇ ਬੱਚੇ ਨਾਲ ਧੱਕਾ ਕਰ ਰਹੇ ਹੋ। ਪਰ ਮੈਂ ਦੁਨੀਆਂ ਨੂੰ ਦੇਖਦਾ ਹਾਂ।"

ਉਹ ਕਹਿੰਦੇ ਹਨ, "ਦੁਨੀਆਂ ਵਿੱਚ ਬਹੁਤ ਸਾਰੀਆਂ ਉਦਾਹਰਨਾਂ ਹਨ ਜਿੱਥੇ ਤਿੰਨ ਸਾਲ ਦੇ ਬੱਚੇ ਵੀ ਪਰਬਤਰੋਹੀ ਬਣੇ ਹਨ ਫੇਰ ਸਾਡੇ ਬੱਚੇ ਅਜਿਹਾ ਕਿਉਂ ਨਹੀਂ ਕਰ ਸਕਦੇ। ਅਸੀਂ ਮਾਪੇ ਹੋਣ ਦੇ ਨਾਤੇ ਹਮੇਸ਼ਾ ਡਰਦੇ ਹਾਂ ਕਿ ਕਿਤੇ ਸਾਡੇ ਬੱਚੇ ਨਾਲ ਕੋਈ ਉੱਨੀ-ਇੱਕੀ ਨਾ ਹੋ ਜਾਵੇ, ਪਰ ਅਸੀਂ ਉਨ੍ਹਾਂ ਨੂੰ ਟਰੇਨ ਨਹੀਂ ਕਰਦੇ।"

"ਮੈਂ ਅਜਿਹਾ ਨਹੀਂ ਕਰਨਾ ਚਾਹੁੰਦਾ ਸੀ। ਮੈਂ ਚਾਹੁੰਦਾ ਸੀ ਕਿ ਸਾਡੇ ਬੱਚੇ ਵੀ ਖੇਡਾਂ ਵਿੱਚ ਅੱਗੇ ਜਾਣ, ਉਹ ਅਜਿਹਾ ਕੰਮ ਕਰਨ ਜੋ ਬਾਹਰਲੇ ਮੁਲਕਾਂ ਦੇ ਬੱਚੇ ਕਰਦੇ ਹਨ। ਇਸ ਲਈ ਮੈਂ ਤੇਗਬੀਰ ਸਿੰਘ ਨੂੰ ਟਰੈਕਿੰਗ ਕਰਨ ਤੋਂ ਨਹੀਂ ਰੋਕਿਆ ਸਗੋਂ ਉਸਦਾ ਹੌਂਸਲਾ ਵਧਾਇਆ। ਉਸ ਨੂੰ ਆਪਣਾ ਨਾਮ ਬਣਾਉਣ ਲਈ ਪ੍ਰੇਰਿਆ।"

ਤੇਗਬੀਰ ਸਿੰਘ

ਤਸਵੀਰ ਸਰੋਤ, Sukhinder Deep Singh/BBC

ਤਸਵੀਰ ਕੈਪਸ਼ਨ, ਪਿਓ-ਪੁੱਤ ਦੋਵਾਂ ਨੇ 18 ਅਸਗਤ 2024 ਨੂੰ ਇਹ ਟਰੈਕਿੰਗ ਸ਼ੁਰੂ ਕੀਤੀ ਸੀ ਤੇ 24 ਅਗਸਤ 2024 ਨੂੰ ਮਾਊਂਟ ਕਿਲੀਮੰਜਾਰੋ ਨੂੰ ਸਰ ਕਰ ਕੀਤਾ

ਮਾਂ ਦਾ ਹੌਂਸਲਾ

ਤੇਗਬੀਰ ਸਿੰਘ ਦੇ ਮਾਤਾ ਡਾ. ਮਨਪ੍ਰੀਤ ਕੌਰ ਔਰਤ ਰੋਗਾਂ ਦੇ ਮਾਹਰ ਡਾਕਟਰ ਹਨ।

ਉਹ ਕਹਿੰਦੇ ਹਨ, "ਤੇਗਬੀਰ ਜਨਮ ਤੋਂ ਹੀ ਬਹੁਤ ਚੁਸਤ ਅਤੇ ਫੁਰਤੀਲਾ ਹੈ। ਉਹ ਕਦੇ ਵੀ ਚੁੱਪ ਅਤੇ ਸ਼ਾਂਤ ਹੋ ਟਿੱਕ ਕੇ ਨਹੀਂ ਬੈਠ ਸਕਦਾ। ਉਹ ਹਮੇਸ਼ਾ ਕੁਝ ਨਾ ਕੁਝ ਕਰਦਾ ਰਹਿੰਦਾ ਹੈ।"

ਡਾ. ਮਨਪ੍ਰੀਤ ਕੌਰ ਦੱਸਦੇ ਹਨ, "ਸਵੇਰੇ ਜਦੋਂ ਉਸਨੂੰ ਦੌੜਨ ਲਈ ਉਠਾਇਆ ਜਾਂਦਾ ਹੈ ਤਾਂ ਉਹ ਕਦੇ ਇਹ ਨਹੀਂ ਕਹਿੰਦਾ ਕਿ ਮੈਂ ਨਹੀਂ ਜਾਣਾ। ਉਹ ਹਮੇਸ਼ਾ ਤਿਆਰ ਰਹਿੰਦਾ ਹੈ, ਕੁਝ ਨਵਾਂ ਕਰਨ ਲਈ, ਕੁਝ ਨਵਾਂ ਸਿੱਖਣ ਲਈ।"

"ਇਸ ਲਈ ਜਦੋਂ ਤੇਗਬੀਰ ਦੇ ਪਾਪਾ ਨੇ ਕਿਹਾ ਕਿ ਉਸਨੂੰ ਟਰੈਕਿੰਗ ਲਈ ਤਿਆਰ ਕਰਨਾ ਹੈ ਤਾਂ ਮੈਂ ਵੀ ਮਨ ਬਣਾ ਲਿਆ ਕਿ ਉਹ ਕਰ ਸਕਦਾ ਹੈ ਜੇਕਰ ਉਸ ਨੂੰ ਚੰਗੀ ਟਰੇਨਿੰਗ ਮਿਲੇ। ਬਸ ਉਸ ਤੋਂ ਬਾਅਦ ਫੇਰ ਮੈਂ ਕਦੇ ਵੀ ਉਨ੍ਹਾਂ ਨੂੰ ਰੋਕਿਆ ਨਹੀਂ ਸਗੋਂ ਹਿੰਮਤ ਅਤੇ ਹੌਂਸਲਾ ਹੀ ਦਿੱਤਾ ਹੈ।"

ਤੇਗਬੀਰ

ਤਸਵੀਰ ਸਰੋਤ, Sukhinder Deep Singh/BBC

ਤਸਵੀਰ ਕੈਪਸ਼ਨ, ਟ੍ਰੈਕਿੰਗ ਦੌਰਾਨ ਤੇਗਬੀਰ ਦੇ ਪਿਤਾ ਵੀ ਉਨ੍ਹਾਂ ਨਾਲ ਹਏ ਸਨ

ਛੋਟੀ ਉਮਰ 'ਚ ਪਰਬਤਰੋਹੀ ਕਿਵੇਂ ਬਣਿਆ ਤੇਗਬੀਰ

ਸੁਖਿੰਦਰ ਦੀਪ ਸਿੰਘ ਦੱਸਦੇ ਹਨ, "ਮੈਂ ਆਪਣੇ ਆਪ ਨੂੰ ਸਿਹਤਮੰਦ ਰੱਖਣ ਲਈ ਕੁਝ ਨਾ ਕੁਝ ਕਰਦਾ ਰਹਿੰਦਾ ਹਾਂ। ਰੋਜ਼ ਸਵੇਰੇ 4-5 ਕਿਲੋਮੀਟਰ ਦੌੜਨਾ ਮੇਰੀ ਜ਼ਿੰਦਗੀ ਦਾ ਇੱਕ ਹਿੱਸਾ ਹੈ। ਮੈਂ ਜਦੋਂ ਵੀ ਸਵੇਰੇ ਦੌੜਨ ਜਾਂਦਾ ਹਾਂ ਤਾਂ ਤੇਗਬੀਰ ਸਿੰਘ ਮੇਰੇ ਨਾਲ ਹੀ ਹੁੰਦਾ ਹੈ।"

"ਉੱਤੋਂ ਅਸੀਂ ਖੁਸ਼ਕਿਸਮਤ ਹਾਂ ਕਿ ਰੋਪੜ ਵਿੱਚ ਹੈਂਡਬਾਲ ਦੇ ਸੇਵਾਮੁਕਤ ਕੋਚ ਵਿਕਰਮਜੀਤ ਸਿੰਘ ਘੁੰਮਣ ਹਨ ਜੋ ਹਰ ਐਤਵਾਰ ਸ਼ਹਿਰ ਵਾਸੀਆਂ ਨੂੰ ਟਰੈਕਿੰਗ (ਪਹਾੜ ਚੜ੍ਹਣ) ਦੀ ਟਰੇਨਿੰਗ ਕਰਵਾਉਂਦੇ ਰਹਿੰਦੇ ਹਨ।"

ਉਹ ਅੱਗੇ ਦੱਸਦੇ ਹਨ, "ਇੱਕ ਦਿਨ ਮੇਰੀ ਵੀ ਉਨ੍ਹਾਂ ਨਾਲ ਗੱਲ ਹੋਈ। ਅਸੀਂ ਵੀ ਉਨ੍ਹਾਂ ਕੋਲੋਂ ਟਰੇਨਿੰਗ ਲੈਣੀ ਸ਼ੁਰੂ ਕਰ ਦਿੱਤੀ। ਹਰ ਐਤਵਾਰ ਅਸੀਂ ਦੋਵੇਂ ਪਿਓ ਪੁੱਤ ਉਨ੍ਹਾਂ ਕੋਲ ਟਰੇਨਿੰਗ ਲਈ ਜਾਂਦੇ ਸੀ।"

"ਫੇਰ ਇੱਕ ਦਿਨ ਉਨ੍ਹਾਂ ਨੇ ਤੇਗਬੀਰ ਸਿੰਘ ਦੀ ਟਰੇਨਿੰਗ ਦੇਖ ਕੇ ਅਤੇ ਉਸ ਦੀ ਸਰੀਰਿਕ ਸਮਰੱਥਾ ਦੇਖ ਕੇ ਮੈਨੂੰ ਸਲਾਹ ਦਿੱਤੀ ਕਿ ਆਪਾਂ ਤੇਗਬੀਰ ਨੂੰ ਪ੍ਰੋਫੈਸ਼ਨਲ ਟਰੈਕਿੰਗ ਦੀ ਸਿਖਲਾਈ ਸ਼ੁਰੂ ਕਰ ਸਕਦੇ ਹਾਂ।"

ਸੁਖਿੰਦਰ ਮੁਤਾਬਕ, "ਸਾਡੇ ਹੀ ਸ਼ਹਿਰ ਦੀ 8 ਸਾਲਾ ਸਾਨਵੀ ਸੂਦ ਪਹਿਲਾਂ ਹੀ ਪਰਬਤਰੋਹੀ ਹੋਣ ਦਾ ਮਾਣ ਹਾਸਲ ਕਰ ਚੁੱਕੀ ਹੈ। ਇਸ ਤੋਂ ਸਾਨੂੰ ਵੀ ਹੌਂਸਲਾ ਹੋ ਗਿਆ ਕਿ ਤੇਗਬੀਰ ਸਿੰਘ ਵੀ ਇਹ ਕਰ ਸਕਦਾ।"

ਤੇਗਬੀਰ ਸਿੰਘ

ਤਸਵੀਰ ਸਰੋਤ, Sukhinder Deep Singh/BBC

ਤਸਵੀਰ ਕੈਪਸ਼ਨ, ਤੇਗਬੀਰ ਸਿੰਘ ਦੀ ਸਿਖਲਾਈ ਦੀ ਤੈਅ ਰੂਟੀਨ ਹੈ

ਮਾਊਂਟ ਕਿਲੀਮੰਜਾਰੋ ਉੱਤੇ ਜਾਣ ਲਈ ਤਿਆਰੀ ਕਿਵੇਂ ਕਰਵਾਈ

ਤੇਗਬੀਰ ਦੇ ਪਿਤਾ ਦੱਸਦੇ ਹਨ, "ਤੇਗਬੀਰ ਸਿੰਘ ਨੂੰ ਮਾਊਂਟ ਕਿਲੀਮੰਜਾਰੋ ਉੱਤੇ ਲੈ ਕੇ ਜਾਣ ਲਈ ਟਰੇਨਿੰਗ ਪਿੱਛਲੇ ਡੇਢ ਸਾਲ ਤੋਂ ਚੱਲ ਰਹੀ ਸੀ।"

ਉਹਨਾਂ ਦੱਸਿਆ, "ਤੇਗਬੀਰ ਸਿੰਘ ਨੇ ਇਸ ਸਾਲ ਅਪ੍ਰੈਲ ਮਹੀਨੇ ਵਿੱਚ ਮਾਊਂਟ ਐਵਰੈਸਟ ਦਾ ਬੇਸ ਕੈਂਪ ਵੀ ਸਰ ਕੀਤਾ ਸੀ ਤਾਂ ਉਸ ਤੋਂ ਸਾਨੂੰ ਅੰਦਾਜ਼ਾ ਹੋ ਗਿਆ ਸੀ ਕਿ ਇਹ ਅੱਗੇ ਵੀ ਜਾ ਸਕਦਾ ਹੈ। ਡੇਢ ਸਾਲ ਤੋਂ ਤੇਗਬੀਰ ਸਿੰਘ ਦੀ ਰੁਟੀਨ ਪੱਕੀ ਸੀ। ਉਹ ਸਵੇਰੇ ਰੋਜ਼ ਪੰਜ ਵਜੇ ਉੱਠਦਾ ਸੀ, ਮੇਰੇ ਨਾਲ ਜਿਮ ਜਾਂਦਾ ਸੀ ਅਤੇ ਦੌੜਦਾ ਸੀ।"

ਤੇਗਬੀਰ ਸਿੰਘ ਦੇ ਮਾਤਾ ਡਾ. ਮਨਪ੍ਰੀਤ ਕੌਰ ਕਹਿੰਦੇ ਹਨ, "ਮੇਰਾ ਕੰਮ ਇਨ੍ਹਾਂ ਦੋਵਾਂ ਦੀ ਡਾਈਟ ਦਾ ਧਿਆਨ ਰੱਖਣਾ ਹੀ ਹੁੰਦਾ। ਅਸੀਂ ਸ਼ੁੱਧ ਸ਼ਾਕਾਹਾਰੀ ਪਰਿਵਾਰ ਹਾਂ ਤਾਂ ਜਿਮ ਤੋਂ ਵਾਪਸ ਆਉਂਦਿਆਂ ਹੀ ਉਨ੍ਹਾਂ ਨੂੰ ਪ੍ਰੋਟੀਨ ਭਰਪੂਰ ਖਾਣਾ ਦੇਣਾ ਬਹੁਤ ਲਾਜ਼ਮੀ ਹੁੰਦਾ ਹੈ।"

"ਤੇਗਬੀਰ ਦੁੱਧ ਅਤੇ ਪਨੀਰ ਦਾ ਸ਼ੌਕੀਨ ਹੈ, ਹਰ ਰੋਜ਼ ਦੀ ਡਾਈਟ ਵਿੱਚ ਉਸ ਨੂੰ ਦੁੱਧ ਅਤੇ ਪਨੀਰ ਚਾਹੀਦਾ ਹੀ ਹੁੰਦਾ ਹੈ। ਸਕੂਲ ਵਿੱਚ ਉਸ ਨੂੰ ਫ਼ਲ ਅਤੇ ਚਾਵਲ ਹੀ ਦਿੱਤੇ ਜਾਂਦੇ ਸੀ।"

ਟ੍ਰੈਕਿੰਗ

ਤਸਵੀਰ ਸਰੋਤ, Sukhinder Deep Singh/BBC

ਤਸਵੀਰ ਕੈਪਸ਼ਨ, ਟ੍ਰੈਕਿੰਗ ਦੌਰਾਨ ਉਨ੍ਹਾਂ ਨੂੰ ਬਰਫੀਲੇ ਤੂਫਾਨ ਦਾ ਵੀ ਸਾਹਮਣਾ ਕਰਨਾ ਪਿਆ

ਬੱਚੇ ਨੂੰ ਹਜ਼ਾਰਾਂ ਫੁੱਟ ਉੱਚੀ ਚੋਟੀ 'ਤੇ ਚੜ੍ਹਨ ਦੀ ਇਜਾਜ਼ਤ ਕਿਵੇਂ ਮਿਲੀ

ਸੁਖਿੰਦਰ ਦੀਪ ਸਿੰਘ ਦੱਸਦੇ ਹਨ, "ਬੱਚਿਆਂ ਨੂੰ ਚੋਟੀ ਉੱਤੇ ਲੈ ਕੇ ਜਾਣ ਲਈ ਤੁਹਾਨੂੰ ਇੱਕ ਪ੍ਰੀਕਿਰਿਆ ਵਿੱਚੋ ਨਿਕਲਣਾ ਪੈਂਦਾ ਹੈ। ਜਦੋਂ ਅਸੀਂ ਮਾਊਂਟ ਕਿਲੀਮੰਜਾਰੋ ਉੱਤੇ ਜਾਣ ਦਾ ਸੋਚਿਆ ਤੇ ਆਨਲਾਈਨ ਅਪਲਾਈ ਕੀਤਾ ਤਾਂ ਸਾਨੂੰ ਤੇਗਬੀਰ ਸਿੰਘ ਦੀ ਸਰੀਰਿਕ ਫਿੱਟਨੈੱਸ ਤੋਂ ਲੈ ਕੇ ਉਸਦੀ ਮਾਨਸਿਕ ਸਥਿਤੀ ਹਰ ਚੀਜ਼ ਦਾ ਵੇਰਵਾ ਕਿਲੀਮੰਜ਼ਾਰੋ ਟਰੈਕਿੰਗ ਅਧਿਕਾਰੀਆਂ ਨੂੰ ਦੇਣਾ ਪਿਆ।"

"ਅਸੀਂ ਉਸਦੇ ਟਰੇਨਿੰਗ ਕਰਨ ਦੀਆਂ ਵੀਡੀਓਜ਼, ਮਾਊਂਟ ਐਵਰੈਸਟ ਬੇਸ ਕੈਂਪ ਸਰ ਕਰਨ ਦੀਆਂ ਵੀਡੀਓਜ਼ ਸਭ ਕੁਝ ਉਨ੍ਹਾਂ ਨੂੰ ਭੇਜਿਆ। ਮੈਡੀਕਲ ਜਾਂਚ ਕਰਵਾ ਕੇ ਸਾਰੀਆਂ ਰਿਪੋਰਟਾਂ ਉਨ੍ਹਾਂ ਨੂੰ ਭੇਜੀਆਂ, ਉਸ ਤੋਂ ਬਾਅਦ ਹੀ ਸਾਨੂੰ ਅਧਿਕਾਰੀਆਂ ਨੇ ਮਾਊਂਟ ਕਿਲੀਮੰਜਾਰੋ ਟਰੈਕ ਕਰਨ ਦੀ ਪ੍ਰਵਾਨਗੀ ਦਿੱਤੀ।"

ਤੇਗਬੀਰ ਅਤੇ ਸੁਖਿੰਦਰ ਸਿੰਘ ਦੇ ਨਾਲ ਹੋਰ ਕੌਣ ਸੀ

ਸੁਖਿੰਦਰ ਦੀਪ ਸਿੰਘ ਦੱਸਦੇ ਹਨ, "ਜਦੋਂ ਵੀ ਕੋਈ ਪਰਬਤਰੋਹੀ ਚੋਟੀ ਉੱਤੇ ਚੜਦਾ ਹੈ ਤਾਂ ਉਹ ਇਕੱਲਾ ਨਹੀਂ ਹੁੰਦਾ। ਉਸਦੇ ਨਾਲ ਇੱਕ ਪੂਰੀ ਟੀਮ ਹੁੰਦੀ ਹੈ। ਸਾਡੇ ਨਾਲ ਵੀ ਇੱਕ ਸੁਪੋਰਟ ਟੀਮ ਸੀ ਜਿਸਦੇ ਵਿੱਚ 9 ਜਣੇ ਸੀ।"

"ਮੇਰੇ ਅਤੇ ਤੇਗਬੀਰ ਸਿੰਘ ਤੋਂ ਇਲਾਵਾ ਸਾਡੇ ਕੋਲ ਦੋ ਗਾਈਡ ਸਨ। ਇੱਕ ਮੁੱਖ ਗਾਈਡ ਅਤੇ ਇੱਕ ਜੂਨੀਅਰ ਗਾਈਡ।"

ਉਹ ਕਹਿੰਦੇ ਹਨ, "ਮਿਸਟਰ ਜੋਇਕੇਨ ਗਬੂਸਾ ਸਨ ਅਤੇ ਜੂਨੀਅਰ ਗਾਈਡ ਮਿਸਟਰ ਫਜ਼ਿਲੀ ਸਾਡੇ ਨਾਲ ਸਨ। ਇਸਤੋਂ ਇਲਾਵਾ ਇੱਕ ਕੁੱਕ , ਇੱਕ ਵੇਟਰ (ਖਾਣਾ ਪਰੋਸਣ ਵਾਲਾ) ਅਤੇ 5 ਪੋਰਟਰ (ਸਮਾਨ ਚੁੱਕਣ ਵਾਲੇ) ਸਾਡੇ ਨਾਲ ਹੁੰਦੇ ਸਨ। ਇਹ ਪੋਰਟਰ ਸਾਡਾ ਸਾਰਾ ਸਮਾਨ ਖਾਣ-ਪੀਣ ਦਾ ਸਮਾਨ, ਸਿਲੰਡਰ-ਗੈਸ, ਕੱਪੜੇ , ਸੇਫਟੀ ਕਿੱਟਾਂ ਸਾਡੇ ਨਾਲ ਚੁੱਕਦੇ ਸਨ।"

ਸੁਖਿੰਦਰ ਦੀਪ ਸਿੰਘ

ਟਰੈਕਿੰਗ ਗਾਈਡ ਕੀ ਕਰਦੇ ਹਨ

ਸੁਖਿੰਦਰ ਦੀਪ ਸਿੰਘ ਦੱਸਦੇ ਹਨ, "ਸਾਡੇ ਸੀਨੀਅਰ ਗਾਈਡ ਮਿਸਟਰ ਜੋਇਕੇਨ ਗਬੂਸਾ ਬੱਚਿਆਂ ਨੂੰ ਟਰੈਕਿੰਗ ਕਰਵਾਉਣ ਦੇ ਮਾਹਰ ਹਨ। ਉਨ੍ਹਾਂ ਨੂੰ ਖਾਸ ਤੌਰ ਉੱਤੇ ਬੱਚਿਆਂ ਦੇ ਨਾਲ ਹੀ ਟਰੈਕਿੰਗ ਉੱਤੇ ਭੇਜਿਆ ਜਾਂਦਾ ਹੈ।"

ਉਹ ਕਹਿੰਦੇ ਹਨ, "ਉਹ ਬੱਚਿਆਂ ਨੂੰ ਉਨ੍ਹਾਂ ਦੀ ਉਮਰ ਦੇ ਹਿਸਾਬ ਨਾਲ ਟਰੇਨ ਕਰਦੇ ਹਨ, ਉਨ੍ਹਾਂ ਦੀ ਮਦਦ ਕਰਦੇ ਹਨ। ਟਰੈਕ ਦੌਰਾਨ ਜਦੋਂ ਕਿਤੇ ਵੀ ਮੁਸ਼ਕਲ ਆਉਂਦੀ ਹੈ ਤਾਂ ਗਾਇਡ ਹੀ ਹੈ ਜੋ ਉਸ ਮੁਸੀਬਤ ਨੂੰ ਸੰਭਾਲ ਸਕਦੇ ਹਨ। ਇਸ ਲਈ ਗਾਈਡ ਦਾ ਤੁਹਾਡੇ ਨਾਲ ਹੋਣਾ, ਤੁਹਾਡੇ ਅਤੇ ਗਾਈਡ ਵਿਚਕਾਰ ਚੰਗੇ ਸੰਬੰਧ ਬਣਾਉਣਾ ਬਹੁਤ ਜ਼ਰੂਰੀ ਹੈ।"

"ਗਾਈਡ ਟਰੈਕਿੰਗ ਦੌਰਾਨ ਤੁਹਾਡੀ ਜਾਨ ਬਚਾਉਣ ਦੀ ਜ਼ਿੰਮੇਵਾਰੀ ਚੁੱਕਦੇ ਹਨ। ਉਨ੍ਹਾਂ ਨੂੰ ਜਿੱਥੇ ਕਿਤੇ ਵੀ ਲੱਗਦਾ ਹੈ ਕਿ ਹੁਣ ਹਾਲਤ ਵਿਗੜ ਗਏ ਹਨ, ਟ੍ਰੈਕਰ ਦੀ ਸਿਹਤ ਸਹੀ ਨਹੀਂ ਹੈ, ਟ੍ਰੈਕਰ ਬਿਮਾਰ ਹੈ, ਉਨ੍ਹਾਂ ਨੂੰ ਡਾਕਟਰ ਦੀ ਲੋੜ ਹੈ, ਅਰਾਮ ਦੀ ਲੋੜ ਹੈ ਤਾਂ ਉਹ ਤੁਰੰਤ ਮਨਾ ਕਰ ਦਿੰਦੇ ਹਨ ਕਿ ਅਸੀਂ ਤੁਹਾਨੂੰ ਇਸ ਤੋਂ ਅੱਗੇ ਨਹੀਂ ਲੈ ਕੇ ਜਾ ਸਕਦੇ।"

ਤੇਗਬੀਰ ਸਿੰਘ

ਤਸਵੀਰ ਸਰੋਤ, Sukhinder Deep Singh/BBC

ਸਫ਼ਰ ਦੌਰਾਨ ਮੁਸ਼ਕਲ ਕੀ ਆਈ

ਇਸ ਪੂਰੇ ਸਫ਼ਰ ਵਿੱਚ ਤੇਗਬੀਰ ਸਿੰਘ ਅਤੇ ਉਸ ਦੇ ਪਿਤਾ ਸੁਖਿੰਦਰ ਸਿੰਘ ਨੇ ਇੱਕ ਖੌਫ਼ਨਾਕ ਮੰਜ਼ਰ ਵੀ ਅੱਖੀਂ ਦੇਖਿਆ।

ਜਦੋਂ ਦੋਵੇਂ ਜਣੇ ਮਾਊਂਟ ਕਿਲੀਮੰਜਾਰੋ ਦੇ ਬਿਲਕੁਲ ਨੇੜੇ ਪਹੁੰਚ ਗਏ ਸਨ ਤਾਂ ਅਚਾਨਕ ਉੱਤੇ ਬਰਫ਼ੀਲਾ ਤੂਫ਼ਾਨ ਆ ਗਿਆ।

ਸੁਖਿੰਦਰ ਸਿੰਘ ਉਸ ਵੇਲੇ ਨੂੰ ਯਾਦ ਕਰਦੇ ਕਹਿੰਦੇ ਹਨ, "ਅਸੀਂ ਆਪਣੇ ਟੀਚੇ ਦੇ ਬਿਲਕੁਲ ਨੇੜੇ ਪਹੁੰਚ ਕੇ ਵੀ ਅਸਫ਼ਲ ਨਹੀਂ ਹੋ ਸਕਦੇ ਹਨ। ਤੂਫ਼ਾਨ ਬਹੁਤ ਭਿਆਨਕ ਸੀ ਪਰ ਸਾਡੀ ਕੋਸ਼ਿਸ ਸੀ ਕਿ ਅਸੀਂ ਆਪਣਾ ਮਕਸਦ ਪੂਰਾ ਕਰਕੇ ਹੀ ਵਾਪਸ ਜਾਈਏ।"

"ਅਸੀਂ ਆਪਣੇ ਗਾਈਡ ਨਾਲ ਗੱਲ ਕੀਤੀ, ਆਪਸ ਵਿੱਚ ਸਲਾਹ ਕੀਤੀ ਤਾਂ ਫ਼ੈਸਲਾ ਕੀਤਾ ਕਿ ਭੱਜ ਕੇ ਗਾਈਡ ਤੇਗਬੀਰ ਨੂੰ ਸੰਭਾਲਣਗੇ ਅਤੇ ਮੈਂ ਭੱਜ ਕੇ ਮਾਊਂਟ ਕਿਲਿਮੰਜਾਰੋ ਉੱਤੇ ਪਹੁੰਚਾਂਗਾ। ਫੇਰ ਅਸੀਂ ਐਵੇਂ ਹੀ ਕੀਤਾ।"

"ਮੈਂ ਅਤੇ ਗਾਈਡ ਜਲਦੀ-ਜਲਦੀ ਤੇਗਬੀਰ ਨੂੰ ਤੋਰ ਕੇ ਚੋਟੀ ਦੇ ਸਿਖ਼ਰ ਉੱਤੇ ਪਹੁੰਚ ਗਏ । ਅਸੀਂ ਇੱਕ ਯਾਦਗਾਰੀ ਫੋਟੋ ਕਰਵਾਈ। ਗਾਈਡ 20 ਸਕਿੰਟ ਦੇ ਅੰਦਰ ਹੀ ਤੇਗਬੀਰ ਨੂੰ ਚੁੱਕ ਕੇ ਚੋਟੀ ਤੋਂ ਥੱਲੇ ਉੱਤਰ ਆਏ। ਮੈਂ ਬਾਅਦ ਵਿੱਚ ਆਇਆ। ਇੰਝ ਮਾਊਂਟ ਕਿਲੀਮੰਜਾਰੋ ਨੂੰ ਸਰ ਕਰਨ ਦਾ ਸਾਡਾ ਸੁਪਨਾ ਪੂਰਾ ਹੋ ਸਕਿਆ।"

ਤੇਗਬੀਰ ਸਿੰਘ

ਤਸਵੀਰ ਸਰੋਤ, Sukhinder Deep Singh/BBC

ਤਸਵੀਰ ਕੈਪਸ਼ਨ, ਤੇਗਬੀਰ ਆਪਣੇ ਪਿਤਾ ਨਾਲ ਰੋਜ਼ ਸਵੇਰੇ ਦੌੜ ਲਗਾਉਣ ਵੀ ਜਾਂਦੇ ਹਨ

ਕਿੰਨਾ ਖਰਚ ਆਇਆ?

ਸੁਖਿੰਦਰ ਦੀਪ ਸਿੰਘ ਕਹਿੰਦੇ ਹਨ, "ਅਫਰੀਕਾ ਦੀ ਸਭ ਤੋਂ ਉੱਚੀ ਚੋਟੀ ਕਿਲੀਮੰਜਾਰੋ ਨੂੰ ਸਰ ਕਰਨ ਵਿੱਚ ਲਗਭਗ 8 ਲੱਖ ਰੁਪਏ ਦਾ ਖਰਚਾ ਆਇਆ ਹੈ। ਹਵਾਈ ਸਫ਼ਰ, ਗਾਈਡ ਦਾ ਖਰਚਾ, ਪਹਾੜੀਆਂ ਉੱਤੇ ਰਹਿਣ ਦਾ ਖਰਚਾ, ਸੇਫਟੀ ਕਿੱਟਾਂ ਦਾ ਖਰਚਾ, ਇਸ ਤੋਂ ਸਭ ਤੋਂ ਇਲਾਵਾ ਜੋ ਟਰੇਨਿੰਗ ਸਮੇਂ ਖਰਚਾ ਹੁੰਦਾ ਉਹ ਵੱਖਰਾ ਹੈ।"

ਅਪ੍ਰੈਲ ਮਹੀਨੇ ਸਰ ਕੀਤਾ ਸੀ ਮਾਊਂਟ ਐਵਰੈਸਟ ਦਾ ਬੇਸ ਕੈਂਪ

ਇਹ ਕੋਈ ਪਹਿਲਾ ਮੌਕਾ ਨਹੀਂ ਹੈ ਜਦੋਂ ਤੇਗਬੀਰ ਸਿੰਘ ਨੇ ਕਿਸੇ ਉੱਚੀ ਚੋਟੀ ਨੂੰ ਸਰ ਕੀਤਾ ਹੋਵੇ ।

ਇਸ ਤੋਂ ਪਹਿਲਾਂ ਅਪ੍ਰੈਲ ਮਹੀਨੇ ਵਿੱਚ ਵੀ ਤੇਗਬੀਰ ਸਿੰਘ ਨੇ ਮਾਊਂਟ ਐਵਰੈਸਟ ਬੇਸ ਕੈਂਪ ਸਰ ਕੀਤਾ ਸੀ। ਮਾਊਂਟ ਐਵਰੈਸਟ ਦਾ ਬੇਸ ਕੈਂਪ ਨੇਪਾਲ ਵਿੱਚ ਹੈ, ਇਸਦੀ ਉੱਚਾਈ ਸਮੁੰਦਰ ਤਲ ਤੋਂ 17,500 ਫੁੱਟ (5364 ਮੀਟਰ) ਹੈ।

ਉਦੋਂ ਵੀ ਤੇਗਬੀਰ ਮਾਊਂਟ ਐਵਰੈਸਟ ਬੇਸ ਕੈਂਪ ਨੂੰ ਸਰ ਕਰਨ ਵਾਲਾ ਪੰਜਾਬ ਦਾ ਸਭ ਤੋਂ ਘੱਟ ਉਮਰ ਦਾ ਪਰਬਤਰੋਹੀ ਬਣਿਆ ਸੀ ।

ਟਰੈਕਿੰਗ ਦੌਰਾਨ ਕੀ-ਕੀ ਮਿਸ ਕੀਤਾ

ਤੇਗਬੀਰ ਸਿੰਘ ਆਪਣੇ ਪਿਆਰੇ ਜਿਹੇ ਅੰਦਾਜ਼ ਵਿੱਚ ਕਹਿੰਦੇ ਹਨ, "ਮੈਂ ਟਰੈਕ ਦੌਰਾਨ ਦਾਦੀ ਦੀਆਂ ਝਿੜਕਾਂ, ਟੀਵੀ, ਮਾਂ ਦੇ ਹੱਥਾਂ ਦੀ ਬਣੀ ਮੈਗੀ, ਚਾਚਾ ਜੀ ਦੀ ਚਾਕਲੇਟ, ਭੈਣ ਦੇ ਬੂਟ, ਇਹ ਸਾਰੀਆਂ ਚੀਜ਼ਾਂ ਮਿਸ ਕੀਤੀਆਂ।"

ਉਹ ਕਹਿੰਦੇ ਹਨ, "ਟ੍ਰੈਕ ਉੱਤੇ ਠੰਡ ਬਹੁਤ ਸੀ, ਇਸ ਲਈ ਮੈਂ ਵਾਰਮਰ ਅਤੇ ਗਰਮ ਕੱਪੜੇ ਹਰ ਵੇਲੇ ਪਾ ਕੇ ਰੱਖਦਾ ਸੀ ਤਾਂ ਜੋ ਠੰਢ ਨਾ ਲੱਗ ਜਾਵੇ। ਮੈਂ ਦਲੀਆ, ਚੌਲ, ਉਬਲੀਆਂ ਸਬਜ਼ੀਆਂ ਅਤੇ ਸੂਪ ਹੀ ਟਰੈਕ ਦੌਰਾਨ ਖਾਧਾ-ਪੀਤਾ।"

ਟਰੈਕ ਦੌਰਾਨ ਪਾਪਾ ਨੇ ਤੁਹਾਡਾ ਧਿਆਨ ਕਿਵੇਂ ਰੱਖਿਆ ਇਸਦਾ ਜਵਾਬ ਦਿੰਦੇ ਅਤੇ ਆਪਣੇ ਪਿਤਾ ਵੱਲ ਇਸ਼ਾਰਾ ਕਰਦੇ ਹੋਏ ਤੇਗਬੀਰ ਸਿੰਘ ਕਹਿੰਦੇ ਹਨ, "ਮੈਂ ਆਪਣੇ ਪਿਤਾ ਦਾ ਪੂਰਾ ਧਿਆਨ ਰੱਖਿਆ। ਇਹ ਸਰਦਾਰ ਸਾਬ੍ਹ ਮੇਰਾ ਪੂਰਾ ਧਿਆਨ ਰੱਖਦੇ ਸਨ।"

"ਇੱਕ ਦਿਨ ਮੈਂ ਡਿੱਗ ਵੀ ਗਿਆ ਸੀ, ਗੋਡੇ ਤੋਂ ਖੂਨ ਵੀ ਨਿਕਲਿਆ ਸੀ ਪਰ ਫੇਰ ਮੈਂ ਠੀਕ ਹੋ ਗਿਆ ਸੀ।"

ਤੇਗਬੀਰ ਸਿੰਘ

ਤਸਵੀਰ ਸਰੋਤ, AAP/X

ਤਸਵੀਰ ਕੈਪਸ਼ਨ, ਆਮ ਆਦਮੀ ਪਾਰਟੀ ਨੇ ਵੀ ਆਪਣੇ ਐਕਸ ਹੈਂਡਲ ਉੱਤੇ ਤੇਗਬੀਰ ਸਿੰਘ ਦੀ ਇਸ ਉਪਲਬਧੀ ਉੱਤੇ ਵਧਾਈ ਦਿੱਤੀ ਸੀ।

ਸ਼੍ਰੋਮਣੀ ਕਮੇਟੀ ਅਤੇ ਮੰਤਰੀਆਂ ਨੇ ਦਿੱਤੀ ਵਧਾਈ

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਤੇਗਬੀਰ ਸਿੰਘ ਦੀ ਪ੍ਰਸੰਸਾ ਕਰਦਿਆਂ ਕਿਹਾ, "ਦੇਸ਼ ਦੁਨੀਆ ਅੰਦਰ ਸਿੱਖਾਂ ਨੇ ਹਰ ਖੇਤਰ ਵਿੱਚ ਵੱਡੀਆਂ ਪ੍ਰਾਪਤੀਆਂ ਹਾਸਲ ਕੀਤੀਆਂ ਹਨ।"

"ਕਾਕਾ ਤੇਗਬੀਰ ਸਿੰਘ ਵੱਲੋਂ ਚੋਟੀ ’ਤੇ ਨਿਸ਼ਾਨ ਸਾਹਿਬ ਝੁਲਾ ਕੇ ਗੁਰੂ ਸਾਹਿਬਾਨ ਦੀ ਵਿਚਾਰਧਾਰਾ ਨੂੰ ਸਤਿਕਾਰ ਦਿੱਤਾ ਗਿਆ ਹੈ। ਮੈਂ ਕਾਕਾ ਤੇਗਬੀਰ ਸਿੰਘ ਦੇ ਪਰਿਵਾਰ ਅਤੇ ਉਸ ਦੇ ਕੋਚ ਨੂੰ ਵਧਾਈ ਦਿੰਦਿਆਂ ਬੱਚੇ ਲਈ ਭਵਿੱਖ ਵਿੱਚ ਹੋਰ ਵੱਡੀਆਂ ਪ੍ਰਾਪਤੀਆਂ ਹਾਸਲ ਕਰਨ ਦੀ ਅਰਦਾਸ ਕਰਦਾ ਹਾਂ।"

ਆਮ ਆਦਮੀ ਪਾਰਟੀ ਨੇ ਵੀ ਆਪਣੇ ਐਕਸ ਹੈਂਡਲ ਉੱਤੇ ਤੇਗਬੀਰ ਸਿੰਘ ਦੀ ਇਸ ਉਪਲਬਧੀ ਉੱਤੇ ਵਧਾਈ ਦਿੱਤੀ ਸੀ।

ਉੇਨ੍ਹਾਂ ਲਿਖਿਆ, "ਇਤਿਹਾਸਕ!!!! ਰੋਪੜ ਦਾ ਰਹਿਣ ਵਾਲਾ 5 ਸਾਲਾ ਤੇਗਬੀਰ ਸਿੰਘ ਮਾਊਂਟ ਕਿਲੀਮੰਜਾਰੋ ਸਰ ਕਰਨ ਵਾਲਾ ਸਭ ਤੋਂ ਘੱਟ ਉਮਰ ਦਾ ਏਸ਼ੀਆਈ ਬਣਿਆ। ਉਸ ਦੀ ਸ਼ਾਨਦਾਰ ਯਾਤਰਾ ਇੰਨੀ ਛੋਟੀ ਉਮਰ ਵਿੱਚ ਹਿੰਮਤ ਅਤੇ ਲਗਨ ਦਾ ਪ੍ਰਮਾਣ ਹੈ।"

"ਪੰਜਾਬ ਲਈ ਮਾਣ ਦਾ ਪਲ਼"

'ਲੋੜੀਂਦੀ ਸਿਖਲਾਈ ਜ਼ਰੂਰੀ'

ਬੱਚਿਆਂ ਦੇ ਮਾਹਰ ਡਾਕਟਰ ਮਨੂ ਸ਼ਰਮਾ
ਤਸਵੀਰ ਕੈਪਸ਼ਨ, ਡਾਕਟਰ ਮਨੂ ਸ਼ਰਮਾ

ਮੋਹਾਲੀ ਦੇ ਬੱਚਿਆਂ ਦੇ ਮਾਹਰ ਡਾਕਟਰ ਮਨੂ ਸ਼ਰਮਾ ਦੱਸਦੇ ਹਨ ਕਿ ਪਹਾੜ ਉੱਤੇ ਚੜ੍ਹਨ ਤੋਂ ਪਹਿਲਾਂ ਬੱਚੇ ਦੀ ਲੋੜੀਂਦੀ ਟ੍ਰੇਨਿੰਗ(ਸਿਖਲਾਈ) ਹੋਣੀ ਬੇਹੱਦ ਜ਼ਰੂਰੀ ਹੈ।

ਉਹ ਦੱਸਦੇ ਹਨ ਕਿ ਇਸ ਵਿੱਚ ਕਾਰਡੀਓ ਤੇ ਲੰਗ ਟ੍ਰੇਨਿੰਗ ਵੀ ਸ਼ਾਮਲ ਹੈ ਤਾਂ ਜੋ ਬੱਚੇ ਨੂੰ ਉਚਾਈ ਉੱਤੇ ਜਾ ਕੇ ਆਕਸੀਜਨ ਦੀ ਘਾਟ ਦੀ ਦਿੱਕਤ ਨਾ ਆਵੇ।

ਬੱਚਿਆਂ ਦੇ ਟ੍ਰੈਕਿੰਗ ਉੱਤੇ ਜਾਣ ਬਾਰੇ ਉਹ ਕਹਿੰਦੇ ਹਨ ਕਿ ਜੇਕਰ ਬੱਚੇ ਪਹਾੜ ਚੜ੍ਹਨ ਲਈ ਜਾਣਾ ਚਾਹੁੰਦੇ ਹਨ ਤਾਂ ਉਨ੍ਹਾਂ ਨੂੰ ਜ਼ਰੂਰ ਲੈ ਕੇ ਜਾਣਾ ਚਾਹੀਦਾ ਹੈ, ਪਰ ਲੋੜੀਂਦੀ ਸਿਖਲਾਈ ਦੇ ਨਾਲ।

ਉਹ ਦੱਸਦੇ ਹਨ ਕਿ ਰਿਸਕ ਟੇਕਿੰਗ ਤੇ ਇੰਟੈਲੀਜੈਂਟ ਟ੍ਰੇਨਿੰਗ ਵਿੱਚ ਫ਼ਰਕ ਹੈ, ਉਹ ਕਹਿੰਦੇ ਹਨ ਕਿ ਕਿਸੇ ਵੀ ਤਰੀਕੇ ਦੇ ਖ਼ਤਰੇ ਤੋਂ ਗੁਰੇਜ਼ ਕਰਨਾ ਚਾਹੀਦਾ ਹੈ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)