ਪ੍ਰੀਤ ਚੰਦੀ: ਮਾਇਨਸ 50 ਡਿਗਰੀ ਤਾਪਮਾਨ ਦੌਰਾਨ ਦੱਖਣੀ ਧਰੁਵ ਉੱਤੇ ਇਕੱਲੀ ਹੀ ਕਿਵੇਂ ਪਹੁੰਚੀ ਇਹ ਪੰਜਾਬਣ

ਤਸਵੀਰ ਸਰੋਤ, Preet Chandi
- ਲੇਖਕ, ਹੌਰੀਏਟ ਔਰੈਲ
- ਰੋਲ, ਬੀਬੀਸੀ
''ਲੋਕ ਮੈਨੂੰ ਪੁੱਛਦੇ ਹਨ ਕਿ ਕੀ ਮੈਂ ਦੱਖਣੀ ਧਰੁਵ ਉੱਪਰ ਜਾਣ ਦੇ ਆਪਣੇ ਸੁਪਨੇ ਦਾ ਪਿੱਛਾ ਕਰ ਰਹੀ ਹਾਂ। ਮੈਂ ਕਹਿੰਦੀ ਹਾਂ, ਨਹੀਂ। ਇਹ ਕੰਮ ਤਾਂ ਮੈਂ ਕੁਝ ਸਾਲ ਪਹਿਲਾਂ ਹੀ ਸ਼ੁਰੂ ਕੀਤਾ ਸੀ।''
ਪ੍ਰੀਤ ਚੰਦੀ ਉਸ ਤਰ੍ਹਾਂ ਦੇ ਤਾਂ ਬਿਲਕੁਲ ਵੀ ਨਹੀਂ ਹਨ ਜਿਸ ਤਰ੍ਹਾਂ ਤੁਸੀਂ ਉਨਾਂ ਬਾਰੇ ਸੋਚਿਆ ਹੋਵੇਗਾ।
ਉਹ ਧਰਤੀ ਦੇ ਧਰੁਵ ਗਾਹੁਣ ਵਾਲੇ ਰਵਾਇਤੀ ਲੋਕਾਂ ਵਰਗੇ ਤਾਂ ਕਤਈ ਨਹੀਂ ਹਨ। ਫਿਰ ਵੀ ਉਹ ਅੰਟਰਾਕਟਿਕਾ ਜਾਣ ਕਾਰਨ ਇਤਿਹਾਸ ਦਾ ਹਿੱਸਾ ਤਾਂ ਬਣ ਹੀ ਚੁੱਕੇ ਹਨ।
ਉਹ ਬਿਨਾਂ ਕਿਸੇ ਮਦਦ ਦੇ ਦੱਖਣੀ ਧਰੁਵ 'ਤੇ ਜਾਣ ਵਾਲੀ ਪਹਿਲੀ ਬਰਾਊਨ ਔਰਤ ਬਣ ਗਏ ਹਨ। ਉਹ ਅਜਿਹਾ ਸਭ ਕਰਨ ਵਾਲੀ ਦੁਨੀਆਂ ਦੀ ਤੀਜੀ ਸਭ ਤੋਂ ਤੇਜ਼ ਸਕੀਅਰ ਵੀ ਹਨ। ਹਾਲਾਂਕਿ ਇਹ ਉਨ੍ਹਾਂ ਦੀ ਮਨਸ਼ਾ ਜਾਂ ਸੁਪਨਾ ਨਹੀਂ ਸੀ।
ਪ੍ਰੀਤ ਚੰਦੀ ਬ੍ਰਿਟੇਨ ਦੀ ਫ਼ੌਜ ਵਿੱਚ ਅਫ਼ਸਰ ਹਨ। ਉਨ੍ਹਾਂ ਨੇ ਬੀਬੀਸੀ ਨੂੰ ਦੱਸਿਆ,''ਅਸਲ ਵਿੱਚ ਸ਼ੁਰੂ 'ਚ ਮੈਂ ਅੰਟਰਾਕਟਿਕਾ ਨੂੰ ਪਾਰ ਕਰਨਾ ਚਾਹੁੰਦੀ ਸੀ, ਪਰ ਮੇਰੀ ਅਰਜੀ ਰੱਦ ਕਰ ਦਿੱਤੀ ਗਈ ਕਿਉਂਕਿ ਮੇਰੇ ਕੋਲ ਲੋੜੀਂਦਾ ਤਜ਼ਰਬਾ ਨਹੀਂ ਸੀ।''
ਫਿਰ ਉਨ੍ਹਾਂ ਨੇ 40 ਦਿਨ, ਸੱਤ ਘੰਟੇ ਅਤੇ ਤਿੰਨ ਮਿੰਟ ਵਿੱਚ ਹਰਕਿਉਲੀਸ ਇਨਲੈਟ ਤੋਂ ਮਹਾਦੀਪ ਦੇ ਕੇਂਦਰ ਤੱਕ 1,160 ਕਿੱਲੋਮੀਟਰ ਟਰੈਕਿੰਗ ਕੀਤੀ। ਲਗਭਗ ਇਸ ਸਾਰੇ ਵਕਫ਼ੇ ਦੌਰਾਨ, ਸੂਰਜ ਲਗਾਤਾਰ ਉਨ੍ਹਾਂ ਦੇ ਸਿਰ 'ਤੇ ਚਮਕਦਾ ਰਿਹਾ।
"ਮੈਂ ਚਿਲੀਅਨ ਟਾਈਮ 'ਤੇ ਰਹੀ, ਮਤਲਬ ਕਿ ਜਦੋਂ ਮੈਂ ਤੁਰ ਰਹੀ ਸੀ ਤਾਂ ਸੂਰਜ ਹਮੇਸ਼ਾ ਮੇਰੀ ਪਿੱਠ 'ਤੇ ਸੀ ਪਰ ਇਹ ਕਦੇ ਛਿਪਿਆ ਨਹੀਂ।"
"ਹਾਲਾਂਕਿ ਇੱਕ ਦਿਨ ਜਦੋਂ ਮੈਂ ਆਪਣੇ ਟੈਂਟ ਵਿੱਚੋਂ ਨਿੱਕਲੀ ਤਾਂ ਘੁੱਪ ਹਨੇਰਾ ਸੀ- ਸੂਰਜ ਗ੍ਰਹਿਣ ਲੱਗਾ ਸੀ ਅਤੇ ਦਸ ਮਿੰਟਾਂ ਤੱਕ ਜਿਵੇਂ ਰਾਤ ਹੋ ਗਈ ਸੀ- ਇਹ ਅਦਭੁਤ ਸੀ।"
ਇਹ ਵੀ ਪੜ੍ਹੋ:
ਵਾਰ-ਵਾਰ ਡਿੱਗੀ ਪਰ ਰੁਕੀ ਨਹੀਂ
ਅੰਟਰਾਕਟਿਕਾ ਨੂੰ ਧਰਤੀ ਦੇ ਸਭ ਤੋਂ ਉੱਚੇ, ਖੁਸ਼ਕ ਅਤੇ ਅਜਿਹੇ ਮਹਾਂਦੀਪ ਵਜੋਂ ਜਾਣਿਆਂ ਜਾਂਦਾ ਹੈ ਜਿੱਥੇ ਹਵਾਵਾਂ ਲਗਤਾਰ ਗਸ਼ਤ ਕਰਦੀਆਂ ਰਹਿੰਦੀਆਂ ਹਨ। ਆਪਣੀ ਮੁਹਿੰਮ ਦੌਰਾਨ ਪ੍ਰੀਤ ਨੇ ਮਨਫ਼ੀ 50 ਡਿਗਰੀ ਸੈਲਸੀਅਸ ਉੱਪਰ 97 ਕਿੱਲੋਮੀਟਰ ਦੀ ਰਫ਼ਤਾਰ ਨਾਲ ਸ਼ੂਕਦੀਆਂ ਹਵਾਵਾਂ ਦਾ ਸਾਹਮਣਾ ਕੀਤਾ ਹੈ।
"ਮੈਂ ਬਹੁਤ ਵਾਰ ਡਿੱਗੀ, ਇੰਨੀ ਵਾਰ ਜਿੰਨਾ ਮੈਂ ਸੋਚਿਆ ਵੀ ਨਹੀਂ ਸੀ, ਹਾਲਾਂਕਿ ਖ਼ੁਸ਼ਕਿਤਮੀ ਨਾਲ ਮੇਰੇ ਕੋਈ ਸੱਟ ਨਹੀਂ ਲੱਗੀ।"
''ਇੱਕ ਅਜਿਹੀ ਥਾਂ ਵੀ ਆਈ ਜਿੱਥੇ ਮੈਂ ਇੱਕ ਘੰਟੇ ਵਿੱਚ ਪੰਜ ਵਾਰ ਡਿੱਗੀ ਅਤੇ ਮੈਂ ਬੱਸ ਚੀਕ ਪਈ।''
''ਫਿਰ ਮੈਂ ਉੱਠੀ ਅਤੇ ਤੁਰ ਪਈ, ਇੱਕ ਤੋਂ ਬਾਅਦ ਦੂਜੀ ਛੜੀ ਅੱਗੇ ਰੱਖੀ।''
ਭਾਵੇਂ ਇਹ ਪ੍ਰੀਤ ਦੀ ਸਭ ਤੋਂ ਮੁਸ਼ਕਿਲ ਮੁਹਿੰਮ ਸੀ ਪਰ ਉਹ ਪਹਿਲੀ ਵਾਰ ਆਪਣੀਆਂ ਸਰਹੱਦਾਂ ਨੂੰ ਚੁਣੌਤੀ ਨਹੀਂ ਦੇ ਰਹੇ ਸਨ।

ਤਸਵੀਰ ਸਰੋਤ, Preet Chandi
ਨਹੀਂ ਮੰਨੀ ਹਾਰ
ਉਹ ਇੱਕ ਦੌੜਾਕ ਹਨ ਅਤੇ ਚੁਣੌਤੀਪੂਰਨ ਖੇਡਾਂ ਵਿੱਚ ਹਿੱਸਾ ਲੈਂਦੇ ਹਨ। ਉਨ੍ਹਾਂ ਨੇ ਕਈ ਲੰਬੀਆਂ ਮੈਰਥਨ ਦੌੜਾਂ ਦੌੜੀਆਂ ਹਨ।
ਉਨ੍ਹਾਂ ਨੇ 'ਮੈਰਾਥਨ ਦਿ ਸੈਬਲਜ਼' ਵਿੱਚ ਭਾਗ ਲਿਆ ਜੋ ਕਿ ਦੁਨੀਆਂ ਦੀਆਂ ਸਭ ਤੋਂ ਮੁਸ਼ਕਿਲ ਮੈਰਾਥਨਾਂ ਵਿੱਚੋਂ ਇੱਕ ਹੈ। ਰੇਗਿਸਤਾਨਾਂ ਦੀ ਮੈਰਾਥਨ ਵਜੋਂ ਜਾਣੀ ਜਾਂਦੀ ਇਹ ਮੈਰਾਥਨ ਮੋਰੌਕੋ ਦੇ ਰੇਗਿਸਤਾਨਾਂ ਵਿੱਚ ਦੌੜੀ ਜਾਂਦੀ ਹੈ ਤੇ 250 ਕਿੱਲੋਮੀਟਰ ਤੋਂ ਲੰਬੀ ਹੈ।
''ਆਪਣੇ ਮਨ ਵਿੱਚ ਮੈਂ ਸੋਚਿਆ ਜੇ ਸਭ ਕੁਝ ਠੀਕ ਗਿਆ ਤਾਂ ਫਿਰ ਮੈਂ ਕੀ ਕਰਾਂਗੀ। ਮੈਂ ਅੰਟਰਾਕਟਿਕਾ ਜਾਣ ਦੀ ਕੋਸ਼ਿਸ਼ ਕਰਾਂਗੀ।''
''ਦੋਵਾਂ ਵਿੱਚ ਤੁਹਾਨੂੰ ਸਹਿਣ ਕਰਨਾ ਪੈਂਦਾ ਹੈ ਪਰ ਦੋਵੇਂ ਕਾਫ਼ੀ ਜੁਦਾ ਹਨ। ਮੈਨੂੰ ਇਸ ਬਾਰੇ ਕੁਝ ਪਤਾ ਨਹੀਂ ਸੀ ਤੇ ਮੈਂ ਇੰਟਰਨੈਟ 'ਤੇ ਭਾਲਣਾ ਸ਼ੁਰੂ ਕਰ ਦਿੱਤਾ।''
''ਮੈਨੂੰ ਇੱਕ ਕੰਪਨੀ ਮਿਲੀ ਜੋ ਕਿ ਉੱਥੇ ਕੰਮ ਕਰਦੀ ਹੈ ਪਰ ਉਨ੍ਹਾਂ ਨੇ ਆਪਣੀਆਂ ਅਰਜ਼ੀਆਂ ਵਿੱਚ ਬਰਫ਼ 'ਤੇ ਚੜ੍ਹਨ ਜਾਂ ਗਲੇਸ਼ੀਅਰ ਉੱਤੇ ਤੁਰਨ ਦਾ ਅਨੁਭਵ ਮੰਗਿਆ ਸੀ। ਜਦਕਿ ਮੈਂ ਪਹਿਲਾਂ ਕਦੇ ਅਜਿਹਾ ਕੁਝ ਨਹੀਂ ਕੀਤਾ ਸੀ।''
ਫ਼ਿਰ ਵੀ ਪ੍ਰੀਤ ਚੰਦੀ ਨੇ ਹਾਰ ਨਹੀਂ ਮੰਨੀ ਅਤੇ ਆਈਸਲੈਂਡ ਲਈ ਉਡਾਣ ਦੀਆਂ ਟਿਕਟਾਂ ਬੁੱਕ ਕਰਵਾਈਆਂ ਤਾਂ ਜੋ ਫਾਰਮ ਦੀਆਂ ਸ਼ਰਤਾਂ ਪੂਰੀਆਂ ਕਰ ਸਕਣ।
''ਇਹ ਸੌਖਾ ਕੰਮ ਨਹੀਂ ਸੀ। ਇਸ ਲਈ ਮੈਂ ਇੱਕ ਕਾਰ ਕਿਰਾਏ 'ਤੇ ਲਈ ਅਤੇ ਹੋਟਲ ਬੁੱਕ ਕਰਨ ਦੀ ਥਾਂ ਕਾਰ ਵਿੱਚ ਹੀ ਸੁੱਤੀ।''
''ਮੈਂ ਬਰਫ਼ 'ਤੇ ਚੜ੍ਹੀ ਤੇ ਗਲੇਸ਼ੀਅਰ 'ਤੇ ਤੁਰੀ। ਫਿਰ ਮੈਂ ਘਰ ਵਾਪਸ ਆਈ ਅਤੇ ਫਾਰਮ ਭਰਿਆ।''
ਉਦੋਂ ਤੋਂ ਪ੍ਰੀਤ ਚੰਦੀ ਨੇ ਆਪਣੇ ਆਪ ਨੂੰ ਪੋਲਰ ਚੰਦੀ ਕਹਿਣਾ ਸ਼ੁਰੂ ਕੀਤਾ ਅਤੇ ਅੰਟਰਾਕਟਿਕਾ ਨੂੰ ਪਾਰ ਕਰਨ ਵਾਲੇ ਪਹਿਲੇ ਬ੍ਰਿਟਿਸ਼ ਲੂਈਸ ਰੌਡ ਨੂੰ ਸੰਪਰਕ ਕੀਤਾ।
ਇੰਝ ਕੀਤਾ ਕਾਰਨਾਮਾ
ਅਗਲੇ ਦੋ ਸਾਲ ਉਨ੍ਹਾਂ ਨੇ ਕਰੜੀ ਟਰੇਨਿੰਗ ਕੀਤੀ। ਉਹ ਲੱਕ ਨਾਲ ਟਾਇਰ ਬੰਨ੍ਹ ਕੇ ਦਿਨ ਵਿੱਚ ਪੰਜ ਘੰਟੇ ਸਿਖਲਾਈ ਕਰਦੇ। ਇਸ ਸਿਖਲਾਈ ਵਿੱਚ ਉਨ੍ਹਾਂ ਦੀ ਕਮਾਈ ਅਤੇ ਉਮਰ ਭਰ ਦੀ ਬਚਤ ਖ਼ਰਚ ਹੋ ਗਈ।

ਤਸਵੀਰ ਸਰੋਤ, Preet Chandi
ਚੰਦੀ ਦੱਸਦੇ ਹਨ, ਕਿ ਉਨ੍ਹਾਂ ਨੇ ਇਹ ਸਿਖਲਾਈ ਉਦੋਂ ਤੱਕ ਕੀਤੀ ਜਦੋਂ ਤੱਕ ਕਿ ਭਰੋਸਾ ਨਹੀਂ ਹੋ ਗਿਆ ਕਿ ਉਹ ਕਰ ਲੈਣਗੇ।
ਉਨ੍ਹਾਂ ਨੇ ਮਹਿਲਾ ਏਕਲ ਸਕੀ ਲਈ, ਦੱਖਣੀ ਧਰੁਵ ਉੱਪਰ ਇਕੱਲਿਆਂ ਸਕੀਂਗ ਕਰਕੇ ਲਗਭਗ ਰਿਕਾਰਡ ਤੋੜ ਗਤਿ ਨਿਰਧਾਰਿਤ ਕੀਤੀ ਅਤੇ ਮਿੱਥੇ ਸਮੇਂ ਤੋਂ ਪੰਜ ਦਿਨ ਪਹਿਲਾਂ ਪੈਂਡਾ ਪੂਰਾ ਕਰ ਲਿਆ।
ਇਹ ਕਾਰਨਾਮਾ ਸਭ ਤੋਂ ਤੇਜ਼ੀ ਨਾਲ ਸਾਲ 2016 ਵਿੱਚ ਜੌਹਨਾ ਡੇਵਿਡਸਨ ਨੇ ਕੀਤਾ ਸੀ। ਜਿਨ੍ਹਾਂ ਨੇ ਚੰਦੀ ਤੋਂ ਇੱਕ ਦਿਨ, ਸੱਤ ਘੰਟੇ ਅਤੇ ਅੱਠ ਮਿੰਟ ਤੇਜ਼ ਗਤੀ ਨਾਲ ਇਹ ਕਾਰਨਾਮਾ ਕੀਤਾ ਸੀ।
ਹਾਲਾਂਕਿ ਇਹ ਇੱਕ ਤੱਥ ਹੈ ਕਿ ਚੰਦੀ ਅਜਿਹਾ ਕਰਨ ਵਾਲੀ ਪਹਿਲੀ ਰੰਗ ਵਾਲੀ ਮਹਿਲਾ ਹਨ ਅਤੇ ਇਸੇ ਕਾਰਨ ਉਹ ਦੁਨੀਆ ਭਰ ਦੇ ਮੀਡੀਆ ਦੀਆਂ ਸੁਰਖੀਆਂ ਵਿੱਚ ਹਨ।
''ਅਤੀਤ ਵਿੱਚ ਮੈਂ ਕਦੇ ਨਹੀਂ ਸੋਚਿਆ ਕਿ ਨੁਮਾਇੰਦਗੀ ਇੰਨੀ ਅਹਿਮ ਹੈ।''
ਨਸਲੀ ਪਛਾਣ ਦਾ ਵੀ ਕੀਤਾ ਮੁਕਾਬਲਾ
''ਮੈਂ ਤਾਂ ਸਾਰਾ ਸਮਾਂ ਟੈਨਿਸ ਖੇਡ ਰਹੀ ਸੀ ਜਾਂ ਵੱਖ-ਵੱਖ ਚੁਣੌਤੀਆਂ ਕਰ ਰਹੀ ਸੀ, ਮੈਂ ਕਦੇ ਨਹੀਂ ਸੋਚਿਆ ਕਿ ਮੇਰੀ ਚਮੜੀ ਦਾ ਰੰਗ ਮਹੱਤਵਪੂਰਨ ਸੀ।''
ਇੰਗਲੈਂਡ ਦੇ ਡਰਬੀ ਵਿੱਚ ਪਲੇ-ਵੱਡੇ ਹੋਏ ਪ੍ਰੀਤ ਚੰਦੀ ਦਾ ਬਚਪਨ ਪੀਕ ਜ਼ਿਲ੍ਹੇ ਵਿੱਚ ਬੀਤਿਆ। ਪੀਕ ਜ਼ਿਲ੍ਹੇ ਵਿੱਚ ਦੇਸ਼ ਦਾ ਸਭ ਤੋਂ ਜ਼ਿਆਦਾ ਸੈਲਾਨੀਆਂ ਨੂੰ ਆਕਰਸ਼ਿਤ ਵਾਲਾ ਨੈਸ਼ਨਲ ਪਾਰਕ ਹੈ। ਉੱਥੇ ਉਹ 19 ਸਾਲਾਂ ਦੀ ਉਮਰ ਵਿੱਚ ਆਰਮੀ ਰਿਜ਼ਰਵ ਵਿੱਚ ਭਰਤੀ ਹੋਣ ਤੋਂ ਬਾਅਦ ਕੈਂਪਿੰਗ ਲਈ ਗਏ।
ਸ਼ੁਰੂ ਵਿੱਚ ਡਰਦਿਆਂ ਆਪਣੇ ਘਰ ਦੇ ਮੈਂਬਰਾਂ ਤੋਂ ਕਾਫ਼ੀ ਦੇਰ ਓਹਲਾ ਰੱਖਿਆ।
ਬ੍ਰਿਟੇਨ ਵਿੱਚ ਜਨਮੀ ਇੱਕ ਸਿੱਖ ਵਜੋਂ ਚੰਦੀ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਆਪਣੀ ਨਸਲੀ ਪਛਾਣ ਲਈ ਮੁਕਾਬਲਾ ਕੀਤਾ।
ਆਪਣੀ ਪੰਜਾਬੀ ਬਾਰੇ ਉਨ੍ਹਾਂ ਦਾ ਕਹਿਣਾ ਹੈ ਕਿ ''ਇਹ ਬਹੁਤ ਬੁਰੀ'' ਹੈ। ਉਹ ਧਾਰਮਿਕ ਤੌਰ 'ਤੇ ਕਟੱੜ ਨਹੀਂ ਹਨ ਅਤੇ ਉਨ੍ਹਾਂ ਕੋਲ ਸਿਰਫ਼ ਉਹੀ ਪੰਜਾਬੀ ਕੱਪੜੇ ਹਨ ਜੋ ਉਨ੍ਹਾਂ ਦੇ ਮਾਤਾ ਜੀ ਨੇ ਉਨ੍ਹਾਂ ਲਈ ਖ਼ਰੀਦੇ ਸਨ।

ਤਸਵੀਰ ਸਰੋਤ, Preet Chandi
''ਲੋਕਾਂ ਨੇ ਮੈਨੂੰ ਵਾਕਈ ਕਿਹਾ ਹੈ ਕਿ ਮੈਂ ਧਰੁਵਾਂ 'ਤੇ ਜਾਣ ਵਾਲਿਆਂ ਵਾਂਗ ਨਹੀਂ ਲੱਗਦੀ ਅਤੇ ਜਦੋਂ ਗ੍ਰੀਨਲੈਂਡ 'ਚ ਸਿਖਲਾਈ ਤੋਂ ਬਾਅਦ ਪਹਿਲੀ ਵਾਰ ਮੇਰੀ ਨੱਕ 'ਤੇ ਫਰੋਸਬਾਈਟ (ਬਹੁਤ ਜਿਆਦਾ ਠੰਢ ਕਾਰਨ ਚਮੜੀ 'ਤੇ ਹੋਣ ਵਾਲੀ ਸਮੱਸਿਆ) ਹੋ ਗਈ ਤਾਂ ਮੈਨੂੰ ਦੱਸਿਆ ਗਿਆ ਕਿ ਉਨ੍ਹਾਂ ਨੇ ਪਿਹਲਾਂ ਕਦੇ ਰੰਗ ਵਾਲੇ ਲੋਕਾਂ ਦੇ ਫਰੋਸਟਬਾਈਟ ਨਹੀਂ ਦੇਖੀ ਹੈ।''
ਆਪਣੀ ਸਮੁੱਚੀ ਟਰੇਨਿੰਗ ਦੌਰਾਨ ਉਨ੍ਹਾਂ ਨੇ ਮਹਿਸੂਸ ਕੀਤਾ ਕਿ ਦੱਖਣ ਏਸ਼ੀਆਈ ਮੂਲ ਦੇ ਹੋਣਾ ਉਨ੍ਹਾਂ ਲਈ ਹਮੇਸ਼ਾ ਪ੍ਰਰੇਨਾ ਸਰੋਤ ਰਿਹਾ।
'ਸਾਨੂੰ ਹਰ ਕਿਸਮ ਦੀ ਉਪਲੱਭਦੀਆਂ ਦਾ ਜਸ਼ਨ ਮਨਾਉਣਾ ਚਾਹੀਦਾ ਹੈ'
''ਮੈਂ ਅੰਟਰਾਕਟਿਕਾ ਲਈ ਰਵਾਨਾ ਹੋਣ ਤੋਂ ਪਹਿਲਾਂ ਵੱਖ-ਵੱਖ ਪਿਛੋਕੜਾਂ ਵਾਲੇ ਨੌਜਵਾਨ ਆਗੂਆਂ ਨਾਲ ਮੁਲਾਕਾਤ ਕੀਤੀ। ਉਨ੍ਹਾਂ ਤੋਂ ਮੈਂ ਸੁਣਿਆਂ ਕਿ ਇੱਕ ਭੂਰੀ ਕੁੜੀ ਵੱਲੋਂ ਅਜਿਹਾ ਕਰਨਾ ਕਿੰਨਾ ਮਹੱਤਵਪੂਰਨ ਸੀ।''
''ਜਦੋਂ ਤੁਸੀਂ ਦੇਖਦੇ ਹੋ ਕਿ ਕੋਈ ਤੁਹਾਡੇ ਵਰਗਾ ਨਹੀਂ ਦਿਸਦਾ ਹੈ ਜਾਂ ਤੁਸੀਂ ਉਸ ਭਾਈਚਾਰੇ ਵਿੱਚੋਂ ਨਹੀਂ ਆਉਂਦੇ ਜੋ ਅਜਿਹੀਆਂ ਗਤੀਵਿਧੀਆਂ ਕਰਦੇ ਹੋਣ ਤਾਂ ਇਹ ਬਹੁਤ ਮੁਸ਼ਕਿਲ ਹੋ ਜਾਂਦਾ ਹੈ।''
''ਮੈਂ ਸਿਰਫ਼ ਲੋਕਾਂ ਨੂੰ ਉਤਸ਼ਾਹਿਤ ਕਰਨਾ ਚਾਹੁੰਦੀ ਹਾਂ ਕਿ ਕੁਝ ਅਜਿਹਾ ਕਰੋ ਜੋ ਤੁਹਾਡੀਆਂ ਸਰਹੱਦਾਂ ਨੂੰ ਅਗਾਂਹ ਧੱਕ ਦੇਵੇ। ਜ਼ਰੂਰੀ ਨਹੀਂ ਇਹ ਕੁਝ ਅਜਿਹਾ ਹੀ ਹੋਵੇ ਜਿਸ ਦੀ ਤੁਹਾਡੇ ਭਾਈਚਾਰੇ ਨੂੰ ਉਮੀਦ ਹੈ। ਜੋ ਵੀ ਤੁਸੀਂ ਕਰਨਾ ਚਾਹੁੰਦੇ ਹੋ ਉਹ ਠੀਕ ਹੈ।''
ਉਹ ਕਹਿੰਦੇ ਹਨ ਕਿ ਲੋਕ ਤੁਹਾਨੂੰ ਪਿੱਛੇ ਖਿੱਚ ਕੇ ਰੱਖਣ ਦੀ ਕੋਸ਼ਿਸ਼ ਕਰਨਗੇ।
''ਹੁਣ ਉਹ ਮਾਣ ਮਹਿਸੂਸ ਕਰਦੇ ਹਨ ਪਰ ਫਿਰ ਵੀ ਜਦੋਂ ਅਜੇ ਮੈਂ ਅੰਟਰਾਕਟਿਕਾ ਨਹੀਂ ਗਈ ਸੀ ਤਾਂ ਮੇਰੇ ਭਾਈਚਾਰੇ ਦੇ ਲੋਕ ਮੈਨੂੰ ਪੁੱਛਦੇ ਸਨ ਕਿ ਮੈਂ ਕਦੋਂ ਵਿਆਹ ਕਰਵਾ ਰਹੀ ਹਾਂ, ਕਦੋਂ ਘਰ ਵਸਾ ਰਹੀ ਹਾਂ, ਉਨ੍ਹਾਂ ਲਈ ਇਹੀ ਸਫ਼ਲਤਾ ਹੈ।''
''ਮੈਨੂੰ ਲੱਗਦਾ ਹੈ ਸਾਨੂੰ ਹਰ ਕਿਸਮ ਦੀ ਉਪਲੱਭਦੀਆਂ ਦਾ ਜਸ਼ਨ ਮਨਾਉਣਾ ਚਾਹੀਦਾ ਹੈ। ਮੇਰੇ ਮੁਤਾਬਕ ਬਰਾਬਰੀ, ਵਖਰੇਵਿਆਂ ਨੂੰ ਨਜ਼ਰਅੰਦਾਜ਼ ਕਰਨਾ ਨਹੀਂ ਸਗੋਂ ਉਨ੍ਹਾਂ ਨੂੰ ਅਪਨਾਉਣਾ ਹੈ।''

ਤਸਵੀਰ ਸਰੋਤ, Preet Chandi
ਚੰਦੀ ਦੀਆਂ ਨਜ਼ਰਾਂ ਆਪਣੇ ਅਸਲੀ ਉਦੇਸ਼ 'ਤੇ ਟਿਕੀਆਂ ਹੋਈਆਂ ਹਨ। ਬਿਨਾਂ ਕਿਸੇ ਮਦਦ ਦੇ ਇਕੱਲਿਆਂ ਅੰਟਰਾਕਟਿਕਾ ਪਾਰ ਕਰਨਾ, ਜਿਸ ਵਿੱਚ 60 ਤੋਂ 90 ਦਿਨ ਲੱਗਣਗੇ।
ਜੇ ਉਹ ਅਜਿਹਾ ਕਰਨ ਵਿੱਚ ਸਫ਼ਲ ਹੋ ਜਾਂਦੇ ਹਨ ਤਾਂ ਉਹ ਅਜਿਹਾ ਕਰਨ ਵਾਲੀ ਦੁਨੀਆਂ ਦੀ ਕਿਸੇ ਵੀ ਨਸਲ ਦੀ ਪਹਿਲੀ ਮਹਿਲਾ ਹੋਣਗੇ।
ਉਦੋਂ ਤੱਕ ਉਹ ਲੋਕਾਂ ਨੂੰ ਆਪਣੀਆਂ ਸਰਹੱਦਾਂ ਨੂੰ ਚੁਣੋਤੀਆਂ ਦੇਣ ਲਈ ਪ੍ਰੇਰਿਤ ਕਰਨਾ ਚਾਹੁੰਦੇ ਹਨ।
''ਮੈਂ ਬਹੁਤ ਖ਼ੁਸ਼ ਹਾਂ ਕਿ ਹੁਣ ਮੇਰੇ ਵਿੱਚ ਇੱਕ ਭੂਰੀ ਮਹਿਲਾ ਹੋਣ ਵਜੋਂ ਇੱਕ ਆਤਮ ਵਿਸ਼ਵਾਸ ਹੈ, ਜੋ ਪਹਿਲਾਂ ਨਹੀਂ ਸੀ।''
''ਮੈਂ ਇਹ ਵਿਸ਼ਵਾਸ ਨਾਲ ਕਹਿੰਦੀ ਹਾਂ ਕਿ ਮੈਂ ਇੱਕ ਪੰਜਾਬਣ ਹਾਂ ਅਤੇ ਸਿਰਫ਼ ਉਸੇ ਭਾਈਚਾਰੇ ਦੀ ਨੁਮਾਇੰਦਗੀ ਨਹੀਂ ਕਰਦੀ ਸਗੋਂ ਹਰ ਉਸ ਸ਼ਖਸ ਦੀ ਨੁਮਾਇੰਦਗੀ ਕਰਦੀ ਹਾਂ ਜੋ ਕੁਝ ਕਰਨ ਵਿੱਚ ਆਪਣੇ ਆਪ ਨੂੰ ਅਸਰਮੱਥ ਮਹਿਸੂਸ ਕਰਦਾ ਹੈ। (ਜਾਂ) ਜਿਨ੍ਹਾਂ ਨੂੰ ਕਿਹਾ ਗਿਆ ਹੈ ਕਿ ਉਹ ਨਹੀਂ ਕਰ ਸਕਦੇ ਜਾਂ ਇਹ ਬਹੁਤ ਵੱਖਰਾ ਹੈ। ਇਹ ਠੀਕ ਹੈ, ਕਿਤੋਂ ਵੀ ਸ਼ੁਰੂਆਤ ਕਰੋ ਇਹ ਠੀਕ ਹੈ।''
''ਮੈਨੂੰ ਪਤਾ ਹੈ ਕਿ ਦੱਖਣੀ ਧਰੁਵ ਤੇ ਟਰੈਕਿੰਗ ਕਰਨਾ ਬਹੁਤ ਵੱਡੀ ਮੁਹਿੰਮ ਹੈ ਪਰ ਇੱਥੇ ਪਹੁੰਚਣ ਵਿੱਚ ਮੈਨੂੰ ਵੀ ਦੋ ਸਾਲ ਲੱਗੇ ਹਨ। ਮੈਂ ਗੂਗਲ ਤੋਂ ਸ਼ੁਰੂ ਕੀਤਾ ਅਤੇ ਅਜਿਹਾ ਕੋਈ ਵੀ ਕਰ ਸਕਦਾ ਹੈ।"
ਇਹ ਵੀ ਪੜ੍ਹੋ:
ਇਹ ਵੀ ਦੇਖੋ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post












