ਬਾਲ-ਲਾੜੀ ਨੇ ਤਲਾਕ ਦਾ ਹੱਕ ਤਾਂ ਜਿੱਤਿਆ ਪਰ ਹੁਣ ਤਾਲਿਬਾਨ ਇਸ ਨੂੰ ਮਾਨਤਾ ਕਿਉਂ ਨਹੀਂ ਦੇ ਰਿਹਾ

    • ਲੇਖਕ, ਮਾਮੂਨ ਦੁਰਾਨੀ, ਕਉਨ ਖਾਮੋਸ਼
    • ਰੋਲ, ਬੀਬੀਸੀ ਪੱਤਰਕਾਰ

ਦੋ ਮਸਰੂਫ਼ ਸੜਕਾਂ ਦੇ ਵਿਚਕਾਰ ਇੱਕ ਦਰੱਖਤ ਦੇ ਹੇਠਾਂ ਇੱਕ ਨੌਜਵਾਨ ਔਰਤ ਆਪਣੀ ਛਾਤੀ ਨਾਲ ਦਸਤਾਵੇਜ਼ਾਂ ਦੇ ਢੇਰ ਨੂੰ ਲਗਾਏ ਬੈਠੀ ਹੈ।

ਕਾਗਜ਼ ਦੇ ਇਹ ਟੁਕੜੇ ਬੀਬੀ ਨਾਜ਼ਦਾਨਾ ਲਈ ਦੁਨੀਆਂ ਦੀ ਕਿਸੇ ਵੀ ਚੀਜ਼ ਨਾਲੋਂ ਵੱਧ ਮਹੱਤਵਪੂਰਨ ਹਨ। ਇਹ ਉਹ ਤਲਾਕਨਾਮਾ ਹੈ ਜੋ ਉਸ ਨੂੰ ਦੋ ਸਾਲਾਂ ਦੀ ਅਦਾਲਤੀ ਲੜਾਈ ਤੋਂ ਬਾਅਦ ਇੱਕ ਬਾਲ ਲਾੜੀ ਵਜੋਂ ਆਜ਼ਾਦ ਕਰਵਾਉਂਦਾ ਹੈ।

ਇਹ ਉਹੀ ਕਾਗਜ਼ ਹਨ ਜੋ ਤਾਲਿਬਾਨ ਦੀ ਅਦਾਲਤ ਨੇ ਰੱਦ ਕਰ ਦਿੱਤੇ ਹਨ, ਸ਼ਰੀਆ (ਧਾਰਮਿਕ ਕਾਨੂੰਨ) ਤੇ ਸਮੂਹ ਦੀ ਕੱਟੜਪੰਥੀ ਵਿਆਖਿਆ, ਜਿਸ ਨੇ ਅਫ਼ਗਾਨਿਸਤਾਨ ਦੀ ਕਾਨੂੰਨੀ ਪ੍ਰਣਾਲੀ ਵਿੱਚ ਔਰਤਾਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਚੁੱਪ ਕਰਵਾਇਆ ਹੋਇਆ ਹੈ।

ਨਾਜ਼ਦਾਨਾ ਦਾ ਤਲਾਕ ਉਨ੍ਹਾਂ ਹਜ਼ਾਰਾਂ ਅਦਾਲਤੀ ਫ਼ੈਸਲਿਆਂ ਵਿੱਚੋਂ ਇੱਕ ਹੈ ਜਿਨ੍ਹਾਂ ਨੂੰ ਇਸ ਮਹੀਨੇ ਤਿੰਨ ਸਾਲ ਪਹਿਲਾਂ ਦੇਸ਼ ʼਤੇ ਕਬਜ਼ਾ ਕਰਨ ਵਾਲੇ ਤਾਲਿਬਾਨ ਨੇ ਰੱਦ ਕਰ ਦਿੱਤਾ ਸੀ।

ਰਾਜਧਾਨੀ ਕਾਬੁਲ ਪਹੁੰਚਣ ਦੇ ਮਾਤਰ 10 ਦਿਨ ਬਾਅਦ ਹੀ, ਜਿਸ ਵਿਅਕਤੀ ਨਾਲ ਉਸ ਦਾ 7 ਸਾਲ ਦੀ ਉਮਰ ਵਿੱਚ ਵਿਆਹ ਦਾ ਵਾਅਦਾ ਹੋਇਆ ਸੀ, ਉਸ ਨੇ ਅਦਾਲਤ ਨੂੰ ਉਸ ਫ਼ੈਸਲੇ ਨੂੰ ਪਲਟਣ ਲਈ ਕਿਹਾ ਜਿਸ ਲਈ ਉਸ ਨੇ ਸਖ਼ਤ ਲੜਾਈ ਲੜੀ ਸੀ।

ਜਦੋਂ ਨਾਜ਼ਦਾਨਾ 15 ਸਾਲ ਦੀ ਸੀ ਤਾਂ ਹੇਕਮਤੁੱਲ੍ਹਾ ਨੇ ਪਹਿਲੀ ਵਾਰ ਆਪਣੀ ਪਤਨੀ ਦੀ ਮੰਗ ਕੀਤੀ ਸੀ। 8 ਸਾਲ ਹੋ ਗਏ ਸਨ ਜਦੋਂ ਉਸ ਦੇ ਪਿਤਾ ਨੇ ਉਸ ਵਿਆਹ ਲਈ ਸਹਿਮਤੀ ਦਿੱਤੀ ਸੀ, ਜਿਸ ਨੂੰ ʻਮਾੜਾ ਵਿਆਹʼ ਕਿਹਾ ਜਾਂਦਾ ਹੈ, ਜਿਸ ਵਿੱਚ ਪਰਿਵਾਰ ਦੇ ʻਦੁਸ਼ਮਣʼ ਨੂੰ ʻਮਿੱਤਰʼ ਵਿੱਚ ਬਦਲਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ।

ʻਇਹ ਸ਼ਰੀਆ ਦੇ ਵਿਰੁੱਧ ਹੈʼ

ਨਾਜ਼ਦਾਨਾ ਨੇ ਤਤਕਾਲੀ ਅਮਰੀਕੀ ਹਮਾਇਤ ਹਾਸਿਲ ਅਫ਼ਗਾਨ ਸਰਕਾਰ ਦੇ ਅਧੀਨ ਇੱਕ ਅਦਾਲਤ ਦਾ ਤੁਰੰਤ ਦਰਵਾਜ਼ਾ ਖੜਕਾਇਆ ਅਤੇ ਉਸਨੂੰ ਵਾਰ-ਵਾਰ ਕਹਿੰਦੀ ਰਹੀ ਕਿ ਉਹ ਕਿਸਾਨ ਨਾਲ ਵਿਆਹ ਨਹੀਂ ਕਰ ਸਕਦੀ, ਜੋ ਹੁਣ 20 ਸਾਲ ਦਾ ਹੈ।

ਇਸ ਨੂੰ ਦੋ ਸਾਲ ਲੱਗ ਗਏ, ਪਰ ਅੰਤ ਵਿੱਚ ਫ਼ੈਸਲਾ ਉਸ ਦੇ ਹੱਕ ਵਿੱਚ ਆਇਆ।

ਨਾਜ਼ਦਾਨਾ ਦੱਸਦੇ ਹਨ, "ਅਦਾਲਤ ਨੇ ਮੈਨੂੰ ਵਧਾਈ ਦਿੱਤੀ ਅਤੇ ਕਿਹਾ, ʻਹੁਣ ਤੁਸੀਂ ਵੱਖ ਹੋ ਗਏ ਹੋ ਅਤੇ ਤੁਸੀਂ ਜਿਸ ਨਾਲ ਚਾਹੋ ਵਿਆਹ ਕਰ ਸਕਦੇ ਹੋʼ।"

ਪਰ ਜਦੋਂ ਹੇਕਮਤੁੱਲ੍ਹਾ ਨੇ 2021 ਵਿੱਚ ਫ਼ੈਸਲੇ ਦੇ ਖ਼ਿਲਾਫ਼ ਅਪੀਲ ਕੀਤੀ ਤਾਂ ਨਾਜ਼ਦਾਨਾ ਨੂੰ ਕਿਹਾ ਗਿਆ ਕਿ ਉਸਨੂੰ ਵਿਅਕਤੀਗਤ ਤੌਰ 'ਤੇ ਆਪਣਾ ਕੇਸ ਪੇਸ਼ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ।

ਨਾਜ਼ਦਾਨਾ ਕਹਿੰਦੀ ਹੈ, "ਅਦਾਲਤ ਵਿੱਚ, ਤਾਲਿਬਾਨ ਨੇ ਮੈਨੂੰ ਕਿਹਾ ਕਿ ਮੈਨੂੰ ਅਦਾਲਤ ਵਿੱਚ ਵਾਪਸ ਨਹੀਂ ਆਉਣਾ ਚਾਹੀਦਾ ਕਿਉਂਕਿ ਇਹ ਸ਼ਰੀਆ ਦੇ ਵਿਰੁੱਧ ਹੈ। ਉਨ੍ਹਾਂ ਨੇ ਕਿਹਾ ਕਿ ਮੇਰੇ ਭਰਾ ਨੂੰ ਮੇਰੀ ਪੈਰਵੀ ਕਰਨੀ ਚਾਹੀਦੀ ਹੈ।"

28 ਸਾਲਾ ਨਾਜ਼ਦਾਨਾ ਦੇ ਭਰਾ ਸ਼ਮਸ ਨੇ ਕਿਹਾ, "ਉਨ੍ਹਾਂ ਨੇ ਸਾਨੂੰ ਦੱਸਿਆ ਕਿ ਜੇਕਰ ਅਸੀਂ ਉਨ੍ਹਾਂ ਦੀ ਗੱਲ ਨਹੀਂ ਮੰਨੀ, ਤਾਂ ਉਹ ਜ਼ਬਰਦਸਤੀ ਮੇਰੀ ਭੈਣ ਨੂੰ ਉਸ (ਹੇਕਮਤੁੱਲ੍ਹਾ) ਦੇ ਹਵਾਲੇ ਕਰ ਦੇਣਗੇ।"

ਉਸ ਦੇ ਸਾਬਕਾ ਪਤੀ ਅਤੇ ਹੁਣ ਤਾਲਿਬਾਨ ਦੇ ਨਵੇਂ ਮੈਂਬਰ ਨੇ ਕੇਸ ਜਿੱਤ ਲਿਆ ਹੈ। ਸ਼ਮਸ ਨੇ ਆਪਣੇ ਗ੍ਰਹਿ ਸੂਬੇ ਉਰੂਜ਼ਗਾਨ ਦੀ ਅਦਾਲਤ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਕਿ ਉਸ ਦੀ ਜਾਨ ਨੂੰ ਖ਼ਤਰਾ ਹੋ ਸਕਦਾ ਹੈ, ਪਰ ਉਸ ਦੀਆਂ ਬੇਨਤੀਆਂ ਅਣਸੁਣਿਆ ਕਰ ਦਿੱਤਾ ਗਿਆ।

ਭੈਣ-ਭਰਾ ਨੇ ਫ਼ੈਸਲਾ ਕੀਤਾ ਕਿ ਹੁਣ ਉਨ੍ਹਾਂ ਕੋਲ ਭੱਜਣ ਤੋਂ ਇਲਾਵਾ ਕੋਈ ਚਾਰਾ ਨਹੀਂ ਹੈ।

ਜਦੋਂ ਤਾਲਿਬਾਨ ਤਿੰਨ ਸਾਲ ਪਹਿਲਾਂ ਸੱਤਾ ਵਿੱਚ ਵਾਪਸ ਆਇਆ ਸੀ, ਉਨ੍ਹਾਂ ਨੇ ਅਤੀਤ ਦੇ ਭ੍ਰਿਸ਼ਟਾਚਾਰ ਨੂੰ ਖ਼ਤਮ ਕਰਨ ਅਤੇ ਇਸਲਾਮੀ ਕਾਨੂੰਨ ਦੇ ਇੱਕ ਸੰਸਕਰਣ, ਸ਼ਰੀਆ ਦੇ ਤਹਿਤ ʻਨਿਆਂʼ ਦੇਣ ਦਾ ਵਾਅਦਾ ਕੀਤਾ ਸੀ।

ਉਦੋਂ ਤੋਂ, ਤਾਲਿਬਾਨ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਲਗਭਗ 3,55,000 ਮਾਮਲਿਆਂ 'ਤੇ ਵਿਚਾਰ ਕੀਤਾ ਹੈ।

ਜ਼ਿਆਦਾਤਰ ਕੇਸ ਅਪਰਾਧਿਕ ਸਨ, ਅੰਦਾਜ਼ਾ ਹੈ ਕਿ 40% ਜ਼ਮੀਨੀ ਝਗੜੇ ਹਨ ਅਤੇ 30% ਤਲਾਕ ਸਣੇ ਪਰਿਵਾਰਕ ਮੁੱਦੇ ਹਨ, ਜਿਵੇਂ ਕਿ ਨਾਜ਼ਦਾਨਾ ਦਾ ਕੇਸ।

ਨਿਆਂ ਪ੍ਰਣਾਲੀ ਵਿੱਚ ਬਦਲਾਅ

ਨਾਜ਼ਦਾਨਾ ਦੇ ਤਲਾਕ ਦੇ ਫ਼ੈਸਲੇ ਨੂੰ ਉਸ ਵੇਲੇ ਲੱਭਿਆ ਗਿਆ ਜਦੋਂ ਬੀਬੀਸੀ ਨੂੰ ਰਾਜਧਾਨੀ ਕਾਬੁਲ ਵਿੱਚ ਸੁਪਰੀਮ ਕੋਰਟ ਦੇ ਪਿਛਲੇ ਦਫ਼ਤਰਾਂ ਤੱਕ ਵਿਸ਼ੇਸ਼ ਪਹੁੰਚ ਮਿਲੀ।

ਅਫ਼ਗਾਨਿਸਤਾਨ ਦੀ ਸੁਪਰੀਮ ਕੋਰਟ ਦੇ ਮੀਡੀਆ ਅਫ਼ਸਰ ਅਬਦੁਲਵਹੀਦ ਹੱਕਾਨੀ ਨੇ ਹੇਕਮਤੁੱਲ੍ਹਾ ਦੇ ਹੱਕ ਵਿੱਚ ਫ਼ੈਸਲੇ ਦੀ ਪੁਸ਼ਟੀ ਕਰਦੇ ਹੋਏ ਕਿਹਾ ਕਿ ਇਹ ਜਾਇਜ਼ ਨਹੀਂ ਹੈ ਕਿਉਂਕਿ ਉਹ "ਮੌਜੂਦ ਨਹੀਂ ਸੀ"।

ਉਨ੍ਹਾਂ ਨੇ ਕਿਹਾ, "ਪਿਛਲੇ ਭ੍ਰਿਸ਼ਟ ਪ੍ਰਸ਼ਾਸਨ ਦਾ ਹੇਕਮਤੁੱਲ ਅਤੇ ਨਾਜ਼ਦਾਨਾ ਦੇ ਵਿਆਹ ਨੂੰ ਰੱਦ ਕਰਨ ਦਾ ਫ਼ੈਸਲਾ ਸ਼ਰੀਆ ਅਤੇ ਵਿਆਹ ਦੇ ਨਿਯਮਾਂ ਦੇ ਵਿਰੁੱਧ ਸੀ।"

"ਪਰ ਨਿਆਂ ਪ੍ਰਣਾਲੀ ਵਿੱਚ ਸੁਧਾਰ ਕਰਨ ਦੇ ਵਾਅਦੇ ਸਿਰਫ਼ ਹੱਲ ਕੀਤੇ ਕੇਸਾਂ ਨੂੰ ਮੁੜ ਖੋਲ੍ਹਣ ਤੋਂ ਕਿਤੇ ਅੱਗੇ ਵਧ ਗਏ ਹਨ।"

ਤਾਲਿਬਾਨ ਨੇ ਯੋਜਨਾਬੱਧ ਢੰਗ ਨਾਲ ਸਾਰੇ ਜੱਜਾਂ, ਮਰਦ ਅਤੇ ਔਰਤ ਦੋਵੇਂ ਨੂੰ ਹਟਾ ਦਿੱਤਾ ਹੈ ਅਤੇ ਉਨ੍ਹਾਂ ਦੀ ਥਾਂ ਉਨ੍ਹਾਂ ਲੋਕਾਂ ਨੂੰ ਨਿਯੁਕਤ ਕੀਤਾ ਹੈ ਜੋ ਉਨ੍ਹਾਂ ਦੇ ਕੱਟੜਪੰਥੀ ਵਿਚਾਰਾਂ ਦਾ ਸਮਰਥਨ ਕਰਦੇ ਹਨ।

ਔਰਤਾਂ ਨੂੰ ਨਿਆਂ ਪ੍ਰਣਾਲੀ ਵਿਚ ਹਿੱਸਾ ਲੈਣ ਲਈ ਵੀ ਅਯੋਗ ਕਰਾਰ ਦਿੱਤਾ ਗਿਆ ਸੀ।

ਤਾਲਿਬਾਨ ਦੀ ਸੁਪਰੀਮ ਕੋਰਟ ਦੇ ਵਿਦੇਸ਼ੀ ਸਬੰਧਾਂ ਅਤੇ ਸੰਚਾਰ ਦੇ ਨਿਰਦੇਸ਼ਕ ਅਬਦੁੱਲਰਹੀਮ ਰਸ਼ੀਦ ਨੇ ਕਿਹਾ, "ਔਰਤਾਂ ਨਿਆਂ ਕਰਨ ਲਈ ਯੋਗ ਜਾਂ ਕਾਬਲ ਨਹੀਂ ਹਨ ਕਿਉਂਕਿ ਨਿਆਂਪਾਲਿਕਾ ਦੇ ਕੰਮ ਲਈ ਸਾਡੇ ਸ਼ਰੀਆ ਸਿਧਾਂਤਾਂ ਦੇ ਅਨੁਸਾਰ ਉੱਚ ਬੁੱਧੀ ਵਾਲੇ ਲੋਕਾਂ ਦੀ ਲੋੜ ਹੁੰਦੀ ਹੈ।"

ਸਿਸਟਮ ਵਿੱਚ ਕੰਮ ਕਰਨ ਵਾਲੀਆਂ ਔਰਤਾਂ ਨੂੰ ਇਸ ਦਾ ਬਹੁਤ ਜ਼ਿਆਦਾ ਨੁਕਸਾਨ ਹੋਇਆ ਹੈ, ਸਿਰਫ਼ ਉਨ੍ਹਾਂ ਨੂੰ ਹੀ ਨਹੀਂ।

ਤਾਲਿਬਾਨ ਦੇ ਵਾਪਸ ਆਉਣ ਤੋਂ ਬਾਅਦ ਦੇਸ਼ ਛੱਡ ਕੇ ਭੱਜੀ, ਸੁਪਰੀਮ ਕੋਰਟ ਦੀ ਸਾਬਕਾ ਜੱਜ ਫੌਜੀਆ ਅਮੀਨੀ ਦਾ ਕਹਿਣਾ ਹੈ ਕਿ ਜੇਕਰ ਅਦਾਲਤਾਂ ਵਿੱਚ ਔਰਤਾਂ ਨਹੀਂ ਹੋਣਗੀਆਂ ਤਾਂ ਕਾਨੂੰਨ ਦੇ ਤਹਿਤ ਔਰਤਾਂ ਦੀ ਸੁਰੱਖਿਆ ਵਿੱਚ ਸੁਧਾਰ ਦੀ ਉਮੀਦ ਘੱਟ ਹੈ।

ਉਹ ਆਖਦੇ ਹਨ, “ਅਸੀਂ ਇੱਕ ਮਹੱਤਵਪੂਰਨ ਭੂਮਿਕਾ ਨਿਭਾਈ। ਉਦਾਹਰਣ ਵਜੋਂ, 2009 ਵਿੱਚ ਔਰਤਾਂ ਵਿਰੁੱਧ ਹਿੰਸਾ ਦੇ ਖ਼ਾਤਮੇ ਬਾਰੇ ਕਾਨੂੰਨ, ਸਾਡੀਆਂ ਪ੍ਰਾਪਤੀਆਂ ਵਿੱਚੋਂ ਇੱਕ ਸੀ, ਅਸੀਂ ਔਰਤਾਂ ਲਈ ਆਸਰਾ, ਅਨਾਥਾਂ ਦੀ ਦੇਖਭਾਲ ਅਤੇ ਮਨੁੱਖੀ ਤਸਕਰੀ ਵਿਰੋਧੀ ਕਾਨੂੰਨ 'ਤੇ ਵੀ ਕੰਮ ਕੀਤਾ ਹੈ।"

ਉਹ ਤਾਲਿਬਾਨ ਦੇ ਨਾਜ਼ਦਾਨਾ ਵਰਗੇ ਪਿਛਲੇ ਫੈਸਲਿਆਂ ਨੂੰ ਉਲਟਾ ਵਾਲੇ ਫ਼ੈਸਲਿਆਂ ਨੂੰ ਵੀ ਬਕਵਾਸ ਮੰਨਦੀ ਹੈ।

ਅਮੀਨੀ ਕਹਿੰਦੀ ਹੈ, "ਜੇਕਰ ਕੋਈ ਔਰਤ ਆਪਣੇ ਪਤੀ ਨੂੰ ਤਲਾਕ ਦਿੰਦੀ ਹੈ ਅਤੇ ਅਦਾਲਤੀ ਦਸਤਾਵੇਜ਼ ਸਬੂਤ ਵਜੋਂ ਉਪਲਬਧ ਹਨ, ਤਾਂ ਇਹ ਅੰਤਿਮ ਹੈ। ਸ਼ਾਸਨ ਬਦਲਦੇ ਕਾਨੂੰਨੀ ਫ਼ੈਸਲੇ ਨਹੀਂ ਬਦਲ ਸਕਦੇ।"

ਉਹ ਅੱਗੇ ਕਹਿੰਦੀ ਹੈ, "ਸਾਡਾ ਸਿਵਲ ਕੋਡ ਅੱਧੀ ਸਦੀ ਤੋਂ ਵੱਧ ਪੁਰਾਣਾ ਹੈ।ਇਹ ਤਾਲਿਬਾਨ ਦੀ ਸਥਾਪਨਾ ਤੋਂ ਪਹਿਲਾਂ ਤੋਂ ਲਾਗੂ ਹੈ।"

"ਤਲਾਕ ਲਈ ਵੀ ਸਾਰੇ ਸਿਵਲ ਅਤੇ ਦੰਡ ਵਿਧਾਨ, ਕੁਰਾਨ ਤੋਂ ਲਏ ਗਏ ਹਨ।"

ਪਰ ਤਾਲਿਬਾਨ ਦਾ ਕਹਿਣਾ ਹੈ ਕਿ ਅਫ਼ਗਾਨਿਸਤਾਨ ਦੇ ਸਾਬਕਾ ਸ਼ਾਸਕ ਲੋੜੀਂਦੇ ਇਸਲਾਮੀ ਨਹੀਂ ਸਨ।

ਇਸ ਦੀ ਬਜਾਏ, ਉਹ ਵੱਡੇ ਪੈਮਾਨੇ ʼਤੇ ਹਨਫ਼ੀ ਫਿਕਹ (ਨਿਆਂ-ਸ਼ਾਸਤਰ) ਧਾਰਮਿਕ ਕਾਨੂੰਨ 'ਤੇ ਨਿਰਭਰ ਕਰਦੇ ਹਨ, ਜੋ ਕਿ 8ਵੀਂ ਸਦੀ ਤੋਂ ਤੁਰਿਆ ਆ ਰਿਹਾ ਹੈ, ਹਾਲਾਂਕਿ ਅਬਦੁਲਰਹੀਮ ਰਸ਼ੀਦ ਦੇ ਅਨੁਸਾਰ, "ਮੌਜੂਦਾ ਲੋੜਾਂ ਨੂੰ ਪੂਰਾ ਕਰਨ ਲਈ ਇਸਨੂੰ ਅਪਡੇਟ ਕੀਤਾ ਗਿਆ ਹੈ।"

ਉਹ ਕਹਿੰਦੇ ਹਨ, "ਸਾਬਕਾ ਅਦਾਲਤਾਂ ਦੰਡ ਅਤੇ ਸਿਵਲ ਕੋਡ ਦੇ ਆਧਾਰ 'ਤੇ ਫ਼ੈਸਲੇ ਦਿੰਦੀਆਂ ਸਨ। ਪਰ ਹੁਣ ਸਾਰੇ ਫ਼ੈਸਲੇ ਸ਼ਰੀਆ (ਇਸਲਾਮਿਕ ਕਾਨੂੰਨ) 'ਤੇ ਆਧਾਰਿਤ ਹਨ।"

ਉਹ ਮਾਣ ਨਾਲ ਉਨ੍ਹਾਂ ਕੇਸਾਂ ਵੱਲ ਇਸ਼ਾਰਾ ਕਰਦਾ ਹੈ ਜੋ ਉਹ ਪਹਿਲਾਂ ਹੀ ਹੱਲ ਕਰ ਲਏ ਗਏ ਹਨ।

ਅਮੀਨੀ ਅਫ਼ਗਾਨਿਸਤਾਨ ਦੀ ਕਾਨੂੰਨੀ ਪ੍ਰਣਾਲੀ ਲਈ ਹੋਰ ਯੋਜਨਾਵਾਂ ਤੋਂ ਘੱਟ ਪ੍ਰਭਾਵਿਤ ਹੈ।

ਉਨ੍ਹਾਂ ਮੁਤਾਬਕ, "ਮੇਰਾ ਤਾਲਿਬਾਨ ਲਈ ਇੱਕ ਸਵਾਲ ਹੈ। ਕੀ ਉਨ੍ਹਾਂ ਦੇ ਮਾਤਾ-ਪਿਤਾ ਨੇ ਇਨ੍ਹਾਂ ਕਾਨੂੰਨਾਂ ਦੇ ਆਧਾਰ 'ਤੇ ਵਿਆਹ ਕਰਵਾਇਆ ਸੀ ਜਾਂ ਉਨ੍ਹਾਂ ਕਾਨੂੰਨਾਂ ਦੇ ਆਧਾਰ 'ਤੇ ਜੋ ਉਨ੍ਹਾਂ ਦੇ ਪੁੱਤਰ ਲਿਖਣ ਜਾ ਰਹੇ ਹਨ?"

ਇੱਕ ਗੁਆਂਢੀ ਦੇਸ਼ ਵਿੱਚ ਦੋ ਸੜਕਾਂ ਦੇ ਵਿਚਕਾਰ ਇੱਕ ਰੁੱਖ ਦੇ ਹੇਠਾਂ, ਨਾਜ਼ਦਾਨਾ ਨੂੰ ਇਹ ਸਭ ਕੁਝ ਕੋਈ ਸਕੂਨ ਨਹੀਂ ਦਿੰਦਾ।

ਹੁਣ ਸਿਰਫ਼ 20 ਸਾਲਾਂ ਦੀ ਉਮਰ ਵਿੱਚ ਪਿਛਲੇ ਇੱਕ ਸਾਲ ਤੋਂ ਇੱਥੇ ਹੈ, ਆਪਣੇ ਤਲਾਕ ਦੇ ਕਾਗਜ਼ਾਂ ਨੂੰ ਫੜੀ ਹੋਈ ਹੈ ਅਤੇ ਉਮੀਦ ਕਰਦੀ ਹੈ ਕਿ ਕੋਈ ਉਸ ਦੀ ਮਦਦ ਕਰੇਗਾ।

ਉਹ ਕਹਿੰਦੀ ਹੈ, "ਮੈਂ ਮਦਦ ਲਈ ਸੰਯੁਕਤ ਰਾਸ਼ਟਰ ਸਮੇਤ ਕਈ ਦਰਵਾਜ਼ੇ ਖੜਕਾਏ ਹਨ, ਪਰ ਕਿਸੇ ਨੇ ਮੇਰੀ ਆਵਾਜ਼ ਨਹੀਂ ਸੁਣੀ। ਹਮਾਇਤ ਕਿੱਥੇ ਹੈ। ਇੱਕ ਔਰਤ ਹੋਣ ਦੇ ਨਾਤੇ ਕੀ ਆਜ਼ਾਦੀ ਦੀ ਹੱਕਦਾਰ ਨਹੀਂ ਹਾਂ।"

ਬੀਬੀਸੀ ਟੀਮ ਟਿੱਪਣੀ ਲਈ ਹੇਕਮਤੁੱਲ੍ਹਾ ਨਾਲ ਸੰਪਰਕ ਕਰਨ ਵਿੱਚ ਅਸਮਰਥ ਰਹੀ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)