ਪੰਜਾਬ ਦਾ ਪਿੰਡ ਜੋ ਸ਼ਹਿਰਾਂ ਦਾ ਭੁਲੇਖਾ ਪਾਉਂਦਾ ਹੈ, ਐੱਨਆਰਆਈ ਨੇ ਬਦਲੀ ਪਿੰਡ ਦੀ ਨੁਹਾਰ

ਬੂਲੇਵਾਲ

ਤਸਵੀਰ ਸਰੋਤ, Gurpreet Chawla/bbc

ਅਸੀਂ ਗੱਲ ਕਰ ਰਹੇ ਹਾਂ ਪੰਜਾਬ ਦੀ ਇੱਕ ਅਜਿਹੇ ਪਿੰਡ ਦੀ ਜੋ ਦੇਖਣ ਵਾਲੇ ਨੂੰ ਆਪਣੀ ਖੂਬਸੂਰਤੀ ਨਾਲ ਮੋਹ ਲੈਂਦਾ ਹੈ।

ਪੂਰੇ ਪਿੰਡ ਵਿੱਚ ਹਰਿਆਲੀ ਅਤੇ ਸਟਰੀਟ ਲਾਈਟਾਂ ਵਰਗੀਆਂ ਆਧੁਨਿਕ ਸਹੂਲਤਾਂ ਪੰਜਾਬ ਦੇ ਪਿੰਡਾਂ ਵਿੱਚ ਆਮ ਨਹੀਂ ਹੈ। 

ਜੀ ਹਾਂ, ਅਸੀਂ ਗੱਲ ਕਰ ਰਹੇ ਹਾਂ ਪੰਜਾਬ ਦੇ ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਬੂਲੋਵਾਲ ਦੀ।

ਇਸ ਪਿੰਡ ਦੀ ਨੁਹਾਰ ਬਦਲਣ ਵਿੱਚ ਇੱਥੋਂ ਦੇ ਇੱਕ ਐੱਨਆਰਆਈ, ਗੁਰਜੀਤ ਸਿੰਘ ਦਾ ਖਾਸ ਯੋਗਦਾਨ ਹੈ, ਜਿਨ੍ਹਾਂ ਨੇ ਪਿੰਡ ਨੂੰ ਸੋਹਣਾ ਬਣਾਉਣ ਲਈ ਹੁਣ ਤੱਕ ਕਰੀਬ 70 ਲੱਖ ਰੁਪਏ ਖਰਚਣ ਦਾ ਦਾਅਵਾ ਕੀਤਾ ਹੈ।

ਪਿੰਡ ਦੀਆਂ ਪੱਕੀਆਂ ਗਲੀਆਂ ਦੇ ਆਲੇ-ਦੁਆਲੇ ਲੱਗੇ ਪੌਦੇ ਤੇ ਦਰਖ਼ਤ ਸ਼ਹਿਰਾਂ ਦਾ ਭੁਲੇਖਾ ਪਾਉਂਦੇ ਹਨ।

ਗਲੀਆਂ ਦੇ ਅਤੇ ਘਰਾਂ ਦੇ ਨੰਬਰ ਲਿਖੇ ਜਾਣ ਵਾਲੀਆਂ ਪਲੇਟਾਂ ਲਗਾਈਆਂ ਹੋਈਆਂ ਹਨ, ਜੋ ਹਰੇਕ ਪਿੰਡ ਵਿੱਚ ਆਮ ਤੌਰ ’ਤੇ ਦੇਖਣ ਨੂੰ ਨਹੀਂ ਮਿਲਦਾ।

ਪਿੰਡ ਦਾ ਛੱਪੜ ਸਿਰਫ਼ ਸਾਫ਼ ਹੀ ਨਹੀਂ, ਬਲਕਿ ਇਸ ਦੇ ਆਲੇ-ਦੁਆਲੇ ‘ਪਾਮ’ ਦੇ ਲੱਗੇ ਦਰਖ਼ਤ ਇਸ ਨੂੰ ਹੋਰ ਵੀ ਖ਼ੂਬਸੂਰਤ ਬਣਾਉਂਦੇ ਹਨ।

ਪਿੰਡ ਦੀਆਂ ਗਲੀਆਂ ਵਿੱਚ ਲੱਗੀਆਂ ਲਾਈਟਾਂ, ਪਿੰਡ ਨੂੰ ਆਧੁਨਿਕ ਪਿੰਡ ਵਜੋਂ ਪੇਸ਼ ਕਰਦੀਆਂ ਹਨ।

18 ਸਾਲ ਪਹਿਲਾਂ ਨੌਰਵੇ ਗਏ ਗੁਰਜੀਤ ਸਿੰਘ ਦਾ ਧਿਆਨ ਹਰ ਵੇਲੇ ਪਿੰਡ ਵੱਲ ਰਹਿੰਦਾ ਹੈ। ਉਨ੍ਹਾਂ ਦੇ ਮੋਹ ਦੀਆਂ ਤੰਦਾਂ ਪਿੰਡ ਨਾਲ ਜੁੜੀਆਂ ਰਹਿੰਦੀਆਂ ਹਨ।

ਲਾਈਨ
ਪਿੰਡ
ਤਸਵੀਰ ਕੈਪਸ਼ਨ, ਤੁਸੀਂ VIDEO ਦੇਖਣ ਲਈ ਇੱਥੇ ਕਲਿੱਕ ਕਰ ਸਕਦੇ ਹੋ

ਮੁੱਖ ਬਿੰਦੂ

  • ਪੰਜਾਬ ਦੇ ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਬੂਲੋਵਾਲ ਦੀ ਨੁਹਾਰ ਇੱਕ ਐੱਨਆਈਆਰ ਗੁਰਜੀਤ ਸਿੰਘ ਨੇ ਬਦਲੀ।
  • 18 ਸਾਲ ਪਹਿਲਾਂ ਨੌਰਵੇਅ ਗਏ ਗੁਰਜੀਤ ਸਿੰਘ ਦਾ ਧਿਆਨ ਹਰ ਵੇਲੇ ਪਿੰਡ ਵੱਲ ਰਹਿੰਦਾ ਹੈ।
  • ਗੁਰਜੀਤ ਸਿੰਘ ਦੱਸਦੇ ਹਨ ਕਿ ਹੁਣ ਤੱਕ ਪਿੰਡ ’ਤੇ ਕਰੀਬ 70 ਲੱਖ ਰੁਪਏ ਲੱਗਾ ਚੁੱਕੇ ਹਨ।
  • ਪੂਰੇ ਪਿੰਡ ਵਿੱਚ ਹਰਿਆਲੀ ਅਤੇ ਸਟੀਰਟ ਲਾਈਟਾਂ ਵਰਗੀਆਂ ਆਧੁਨਿਕ ਸਹੂਲਤਾਂ ਪੰਜਾਬ ਦੇ ਪਿੰਡਾਂ ਵਿੱਚ ਆਮ ਨਹੀਂ ਹੈ। 
  • ਪਿੰਡ ਦੀਆਂ ਪੱਕੀਆਂ ਗਲੀਆਂ ਦੇ ਆਲੇ-ਦੁਆਲੇ ਲੱਗੇ ਪੌਦੇ ਤੇ ਦਰਖ਼ਤ ਸ਼ਹਿਰਾਂ ਦਾ ਭੁਲੇਖਾ ਪਾਉਂਦੇ ਹਨ।
  • ਬੱਚਿਆਂ ਦੇ ਖੇਡਣ ਲਈ ਪਾਰਕ, ਵੱਡਿਆਂ ਦੇ ਬੈਠਣ ਲਈ ਸੋਹਣੇ ਬੈਂਚ, ਪਸ਼ੂਆਂ ਦੇ ਨਹਾਉਣ ਵਾਲਾ ਸਾਫ਼ ਸੁਥਰਾ ਝੀਲ ਨੁਮਾ ਛੱਪੜ ਹੈ।
  • ਗੁਰਜੀਤ ਸਿੰਘ ਦੇ ਪੁੱਤਰ ਗੁਰਸਾਜਨ ਸਿੰਘ ਵੀ ਪਿੰਡ ਵਿੱਚ ਹੀ ਰਹਿੰਦੇ ਹਨ।

ਲਾਈਨ

'ਪਿੰਡ ਮੇਰਾ ਪਰਿਵਾਰ ਹੈ'

ਉਹ ਕਹਿੰਦੇ ਹਨ, “ਸੁਣਦੇ ਸੀ ਕਿ ਲੋਕ ਆਪਣੇ ਲਈ ਬਾਹਰ ਜਾਂਦੇ ਹਨ। ਪਰ ਮੈਂ ਆਪਣੇ ਲਈ ਨਹੀਂ, ਆਪਣੇ ਪਿੰਡ ਲਈ ਆਇਆ ਹਾਂ। ਪਿੰਡ ਮੇਰਾ ਪਰਿਵਾਰ ਹੈ।"

"ਹਰ ਕੋਈ ਸੋਹਣੀ ਕੋਠੀ ਪਾਉਂਦਾ, ਪਰ ਮੈਨੂੰ ਇਹ ਸ਼ੌਕ ਨਹੀਂ, ਮੇਰਾ ਇਹ ਸ਼ੌਕ ਸੀ ਕਿ ਮੈਂ ਪਿੰਡ ਬਣਾਉਣਾ, ਆਪਣਾ ਘਰ ਬਾਅਦ ਵਿੱਚ ਦੇਖੂੰਗਾ, ਪਹਿਲਾਂ ਪਿੰਡ ’ਤੇ ਮੇਰਾ ਫੋਕਸ ਸੀ।”

ਪੰਜਾਬ ਵਿੱਚੋਂ ਬਾਹਰਲੇ ਦੇਸ਼ਾਂ ਵੱਲ ਪਰਵਾਸ ਦੀ ਕਹਾਣੀ ਕੋਈ ਨਵੀਂ ਨਹੀਂ। ਕਈ ਲੋਕ ਆਪਣੇ ਪਰਿਵਾਰ ਨੂੰ ਬਿਹਤਰ ਜ਼ਿੰਦਗੀ ਦੇਣ ਲਈ ਵਿਦੇਸ਼ਾਂ ਦਾ ਰੁਖ਼ ਕਰਦੇ ਹਨ।

ਪਰ ਬੂਲੇਵਾਲ ਪਿੰਡ ਦੇ ਗੁਰਜੀਤ ਸਿੰਘ ਉਰਫ ਸਾਬ੍ਹ ਬੂਲੋਵਾਲੀਆ ਵਿਦੇਸ਼ ਰਹਿੰਦਿਆਂ ਵੀ ਪਿੰਡ ਦੀ ਨੁਹਾਰ ਬਦਲਣ ਬਾਰੇ ਸੋਚਿਆ ਅਤੇ ਆਪਣੀ ਸੋਚ ਨੂੰ ਅੰਜਾਮ ਦਿੱਤਾ।

ਬੂਲੇਵਾਲ

ਤਸਵੀਰ ਸਰੋਤ, Gurpreet Chawla/BBC

ਪਿੰਡ ਵਿੱਚ ਥਾਂ-ਥਾਂ ਹਰਿਆਲੀ ਦਿੰਦੇ ਫਲਾਂ ਅਤੇ ਫੁੱਲਾਂ ਦੇ ਬੂਟੇ ਹਨ। ਬੱਚਿਆਂ ਦੇ ਖੇਡਣ ਲਈ ਪਾਰਕ, ਵੱਡਿਆਂ ਦੇ ਬੈਠਣ ਲਈ ਸੋਹਣੇ ਬੈਂਚ, ਪਸ਼ੂਆਂ ਦੇ ਨਹਾਉਣ ਵਾਲਾ ਸਾਫ਼ ਸੁਥਰਾ ਝੀਲ ਨੁਮਾ ਛੱਪੜ, ਗਲੀਆਂ ਵਿੱਚ ਲਾਈਟਾਂ ਅਤੇ ਹੋਰ ਕਈ ਕੰਮ ਨੌਰਵੇਅ ਰਹਿੰਦੇ ਗੁਰਜੀਤ ਸਿੰਘ ਨੇ ਪਿੰਡ ਵਾਸੀਆਂ ਨਾਲ ਮਿਲ ਕੇ ਕੀਤੇ ਹਨ। 

ਗੁਰਜੀਤ ਸਿੰਘ ਅਠਾਰਾਂ ਸਾਲ ਪਹਿਲਾਂ ਇੱਥੋਂ ਨੌਰਵੇ ਗਏ ਸੀ। ਹੁਣ ਕਰੀਬ 7-8 ਸਾਲ ਤੋਂ ਪਿੰਡ ਦੇ ਕੰਮ ਕਰਵਾ ਰਹੇ ਹਨ।

ਉਹ ਕਹਿੰਦੇ ਹਨ ਕਿ ਨੌਰਵੇ ਰਹਿੰਦਿਆਂ ਵੀ ਉਨ੍ਹਾਂ ਦਾ ਧਿਆਨ ਪਿੰਡ ਵਿੱਚ ਹੀ ਰਹਿੰਦਾ ਹੈ।

ਗੁਰਜੀਤ ਸਿੰਘ ਨੌਰਵੇਅ ਦੀ ਖੂਬਸੂਰਤੀ ਵੇਖ ਕੇ ਪ੍ਰੇਰਿਤ ਹੋਏ ਅਤੇ ਆਪਣੇ ਪਿੰਡ ਨੂੰ ਖ਼ੂਬਸੂਰਤ ਬਣਾਉਣ ਦੀ ਕੋਸ਼ਿਸ਼ ਵਿੱਚ ਲੱਗ ਗਏ ਅਤੇ ਅੱਗੇ ਵੀ ਇਹ ਕੰਮ ਜਾਰੀ ਰੱਖਣ ਦੀ ਇੱਛਾ ਹੈ। ਉਹ ਦੱਸਦੇ ਹਨ ਕਿ ਬਚਪਨ ਤੋਂ ਹੀ ਉਨ੍ਹਾਂ ਨੂੰ ਪੌਦੇ ਉਘਾਉਣ ਦਾ ਸ਼ੌਕ ਹੈ।

ਉਨ੍ਹਾਂ ਦੱਸਿਆ, “ਮੈਂ 22-23 ਸਾਲ ਦੀ ਉਮਰ ਵਿੱਚ ਨੌਰਵੇ ਪਹੁੰਚ ਗਿਆ ਸੀ। ਮੈਂ ਇੱਥੋਂ ਦੀ ਖੂਬਸੂਰਤੀ ਅਤੇ ਗਰੀਨਰੀ ਦੇਖੀ ਤਾਂ ਸੋਚਿਆ ਕਿ ਮੈਂ ਆਪਣੇ ਪਿੰਡ ਨੂੰ ਕਿਉਂ ਨਹੀਂ ਸੋਹਣਾ ਬਣਾ ਸਕਦਾ।”

ਲਾਈਨ

ਇਹ ਵੀ ਪੜ੍ਹੋ:

ਲਾਈਨ

'ਕੱਲੀ-ਕੱਲੀ ਫੋਟੋ ਨੂੰ ਜੂਮ ਕਰਕੇ ਦੇਖਣਾ'

ਪਿੰਡ ਵਿੱਚ ਰਹਿੰਦੇ ਸਾਬ੍ਹ ਬੂਲੋਵਾਲੀਆ ਦੇ ਮਾਤਾ ਮਨਜੀਤ ਕੌਰ ਨੇ ਮਾਣ ਮਹਿਸੂਸ ਕਰਦਿਆਂ ਦੱਸਿਆ ਕਿ ਉਸ ਨੇ ਵਿਦੇਸ਼ ਤੋਂ ਘਰ ਲਈ ਘੱਟ ਅਤੇ ਪਿੰਡ ਲਈ ਵੱਧ ਪੈਸਾ ਭੇਜਿਆ ਹੈ।

ਉਨ੍ਹਾਂ ਕਿਹਾ, “ਅਸੀਂ ਬੜਾ ਉਸ ਨੂੰ ਕਹਿੰਦੇ ਰਹੇ ਕਿ ਸਾਰੇ ਲੋਕੀਂ ਆਪਣੇ ਘਰਾਂ ਦਾ ਕਰਦੇ ਆ, ਉਸ ਨੇ ਸਿਰਫ਼ ਘਰ ਦਾ ਖ਼ਰਚਾ ਘੱਲਿਆ (ਭੇਜਿਆ) ਸਾਨੂੰ , ਬਾਕੀ ਉਹਨੇ ਪਿੰਡ ’ਚ ਹੀ ਲਾਇਆ ਸਾਰਾ।”

ਗੁਰਜੀਤ ਸਿੰਘ ਦੇ ਪੁੱਤਰ ਗੁਰਸਾਜਨ ਸਿੰਘ ਵੀ ਪਿੰਡ ਵਿੱਚ ਹੀ ਰਹਿੰਦੇ ਹਨ।

ਉਨ੍ਹਾਂ ਦੱਸਿਆ ਕਿ ਨੌਰਵੇਅ ਰਹਿੰਦਿਆਂ ਵੀ ਪਿਤਾ ਦਾ ਬਾਰੀਕੀ ਨਾਲ ਧਿਆਨ ਪਿੰਡ ’ਤੇ ਹੀ ਰਹਿੰਦਾ ਹੈ।

ਗੁਰਸਾਜਨ ਸਿੰਘ ਨੇ ਕਿਹਾ, “ਜੇ ਮੈਂ 300 ਫੋਟੋਆਂ ਪਾਉਣੀਆਂ, ਤਾਂ ਕੱਲੀ-ਕੱਲੀ ਫੋਟੋ ਨੂੰ ਜੂਮ ਕਰਕੇ ਦੇਖਣਾ। ਸਾਨੂੰ ਨਹੀਂ ਪਤਾ ਹੁੰਦਾ ਸੀ ਕਿ ਕਿਸੇ ਪਲਾਂਟ ਦੇ ਨੇੜੇ ਕੋਈ ਪੱਥਰ ਪਿਆ, ਉਨ੍ਹਾਂ ਨੂੰ ਪਤਾ ਹੁੰਦਾ ਸੀ।”

ਬੂਲੇਵਾਲ

ਤਸਵੀਰ ਸਰੋਤ, Gurpreet Chawla/BBC

ਉਨ੍ਹਾਂ ਦੱਸਿਆ ਕਿ ਦੋ ਹਜ਼ਾਰ ਦੇ ਕਰੀਬ ਪੌਦੇ ਪਿੰਡ ਵਿੱਚ ਲਗਾਏ ਗਏ ਹਨ। ਕਰੀਬ ਛੇ ਸੌ ਪੌਦੇ ਫਲਾਂ ਦੇ ਅਤੇ ਬਾਕੀ ਸਜਾਵਟੀ ਪੌਦੇ ਹਨ।

ਪਿੰਡ ਵਾਸੀ ਬਲਵਿੰਦਰ ਸਿੰਘ ਨੇ ਦੱਸਿਆ ਕਿ ਪਿੰਡ ਤੋਂ ਬਾਹਰਲਾ ਕੋਈ ਪਿੰਡ ਦੀ ਨੁਹਾਰ ਦੇਖ ਕੇ ਪੁੱਛਦਾ ਹੈ ਕਿ ਕਿ ਇਹ ਦਿੱਖ ਕਿਸ ਨੇ ਬਦਲੀ ਤਾਂ ਲੋਕ ਸਾਬ੍ਹ ਬੂਲੋਵਾਲੀਆ ਦਾ ਨਾਮ ਲੈਂਦੇ ਹਨ।

ਇਸ ਪਿੰਡ ਦੀ ਵਸਨੀਕ ਹਰਜੀਤ ਕੌਰ ਨੇ ਕਿਹਾ, “ਲਾਈਟਸ ਲਗਾਈਆਂ , ਦਰਖ਼ਤ ਲਗਾਏ, ਘਰਾਂ ਦੇ ਨੰਬਰ ਪਲੇਟ. ਗਲੀ ਨੰਬਰ ਲਗਾਏ , ਸਾਨੂੰ ਬਹੁਤ ਵਧੀਆ ਲਗਦਾ ਹੈ।"

"ਕਿਸੇ ਨੂੰ ਔਖ ਨਹੀਂ ਹੈ। ਪਤਾ ਲੱਗ ਜਾਂਦਾ ਹੈ ਕਿ ਗਲੀ ਦਾ ਨੰਬਰ ਇਹ ਹੈ। ਛੋਟੇ-ਛੋਟੇ ਬੱਚੇ ਨੂੰ ਵੀ ਪਤਾ ਲੱਗ ਜਾਂਦਾ ਹੈ ਕਿ ਅਸੀਂ ਇਸ ਗਲੀ ਵਿਚ ਜਾਣਾ ਹੈ।”

ਇਸੇ ਤਰ੍ਹਾਂ ਪਿੰਡ ਦੇ ਇੱਕ ਹੋਰ ਵਸਨੀਕ ਰਛਪਾਲ ਸਿੰਘ ਨੇ ਕਿਹਾ, “ਉਸ ਨੇ ਹਰ ਇੱਕ ਚੀਜ਼ ਨੂੰ ਬਰੀਕੀ ਨਾਲ ਸਮਝਿਆ ਪਿੰਡ ਦੀ ਨੂੰ ਕਿਉਂਕਿ ਰਾਤ ਨੂੰ ਹਨੇਰੇ ਵਿੱਚ ਬਹੁਤ ਮੁਸ਼ਕਿਲ ਆਉਂਦੀ ਸੀ, ਉਸ ਨੇ ਹਰ ਗਲੀ ਵਿੱਚ ਲਾਈਟਾਂ ਲਗਵਾਈਆਂ ਹਨ।”

ਲਾਈਨ

ਤਸਵੀਰ ਸਰੋਤ, Gurpreet Chawla/BBC

70 ਲੱਖ ਰੁਪਏ ਦਾ ਖਰਚਣ ਦਾ ਦਾਅਵਾ

ਸਾਬ੍ਹ ਬੂਲੋਵਾਲੀ ਦੇ ਸਹਿ ਜਮਾਤੀ ਰਹੀ ਉਨ੍ਹਾਂ ਦੇ ਹੀ ਪਿੰਡ ਦੀ ਪਰਵੀਨ ਭੱਟੀ ਕਹਿੰਦੇ ਹਨ, “ਜਦੋਂ ਕਿਸੇ ਬਾਹਰਲੇ ਕੋਲ਼ੋਂ ਪਿੰਡ ਦੀ ਤਾਰੀਫ਼ ਸੁਣਦੇ ਹਾਂ ਤਾਂ ਮਾਣ ਮਹਿਸੂਸ ਹੁੰਦਾ ਹੈ।”

ਗੁਰਜੀਤ ਸਿੰਘ ਉਰਫ ਸਾਬ੍ਹ ਦੱਸਦੇ ਹਨ ਕਿ ਹੁਣ ਤੱਕ ਪਿੰਡ ’ਤੇ ਕਰੀਬ 70 ਲੱਖ ਰੁਪਏ ਲੱਗਾ ਚੁੱਕੇ ਹਨ।

ਉਨ੍ਹਾਂ ਨੇ ਦੱਸਿਆ, “2015 ਵਿੱਚ ਮੈਂ ਸ਼ੁਰੂਆਤ ਕੀਤੀ ਸੀ ਅਤੇ ਸ਼ੁਰੂਆਤ ਵਿੱਚ ਬਹੁਤ ਰੁਕਾਵਟਾਂ ਵੀ ਆਈਆਂ। ਰੁਕਾਵਟਾਂ ਹੁਣ ਵੀ ਆਉਂਦੀਆਂ ਹਨ ਅਤੇ ਇਨ੍ਹਾਂ ਦਾ ਸਾਹਮਣਾ ਕਰਨਾ ਹੀ ਪੈਂਦਾ ਹੈ।”

“ਪਹਿਲਾਂ ਮੁਸ਼ਕਲਾਂ ਜ਼ਿਆਦਾ ਆਈਆਂ, ਪਰ ਹੁਣ ਪਿੰਡ ਵਾਲੇ ਸਾਥ ਵੀ ਦਿੰਦੇ ਹਨ। ਮੈਨੂੰ ਪੈਸੇ ਦੀ ਜ਼ਰੂਰਤ ਨਹੀਂ, ਹਰ ਇੱਕ ਨੂੰ ਇਹੀ ਕਹਿੰਦਾ ਹਾਂ, ਮੈਨੂੰ ਸਾਥ ਦੀ ਲੋੜ ਹੈ।"

"ਸਾਥ ਇਹੀ ਹੈ ਕਿ ਕਿਸੇ ਚੀਜ਼ ਨੂੰ ਨੁਕਸਾਨ ਨਾ ਪਹੁੰਚਾਓ। ਜੇ ਮੈਨੂੰ ਸਾਰੇ ਲੋਕ ਸ਼ੁਰੂਆਤ ਤੋਂ ਹੀ ਸਹਿਯੋਗ ਕਰਦੇ ਤਾਂ ਪਿੰਡ ਹੋਰ ਬੁਲੰਦੀਆਂ ਛੋਂਹਦਾ।”

ਬੂਲੇਵਾਲ

ਤਸਵੀਰ ਸਰੋਤ, Gurpreet Chawla/BBC

ਗੁਰਜੀਤ ਸਿੰਘ ਹੋਰ ਸਹੂਲਤਾਂ ਦੇ ਨਾਲ-ਨਾਲ ਪਿੰਡ ਨੂੰ ਹਰਿਆ ਭਰਿਆ ਬਣਾਉਣ ਦੇ ਬਹੁਤ ਇਛੁੱਕ ਹਨ।

ਉਹ ਕਹਿੰਦੇ ਹਨ, “ਫਲਾਂ ਵਾਲੇ ਬੂਟੇ 500 ਤੋਂ ਵੱਧ ਹਨ ਜੋ ਨਾਨਕ ਦਾ ਲੰਗਰ ਹੀ ਇੱਕ ਤਰ੍ਹਾਂ। ਮੇਰਾ ਜ਼ਿਆਦਾ ਫੋਕਸ ਫਲਾਂ ਵਾਲੇ ਪੌਦੇ ਲਗਾਉਣ ਵੱਲ ਹੈ ਕਿਉਂਕਿ ਇੱਕ ਤਾਂ ਜਾਨਵਰਾਂ ਦੀ ਵੀ ਲੋੜ ਪੂਰੀ ਹੋ ਜਾਂਦੀ ਹੈ।"

"ਪੰਛੀ ਬਹੁਤ ਘੱਟ ਹੋ ਗਏ ਹਨ, ਉਨ੍ਹਾਂ ਨੂੰ ਘਰ ਬਣਾਉਣ ਲਈ ਦਰਖ਼ਤਾਂ ਦੀ ਬਹੁਤ ਲੋੜ ਹੈ। ਦਰਖ਼ਤ ਹੋਣਗੇ ਤਾਂ ਪੰਛੀ ਹੋਣਗੇ। ਮੇਰੇ ਪਿੰਡ ਹੁਣ ਛੋਟੀਆਂ-ਛੋਟੀਆਂ ਰੰਗ ਬਿਰੰਗੀਆਂ ਚਿੜੀਆਂ ਸਵੇਰ ਵੇਲੇ ਚਹਿਚਹਾਉਂਦੀਆਂ ਹਨ। ਉਨ੍ਹਾਂ ਦੀ ਅਵਾਜ਼ਾਂ ਸੁਣਨੀ ਮੈਨੂੰ ਵਧੀਆ ਲਗਦੀ ਹੈ।”

ਇਲਾਕੇ ਦੇ ਬੀਡੀਪੀਓ ਕੁਲਵੰਤ ਸਿੰਘ ਤਸਦੀਕ ਕਰਦੇ ਹਨ ਕਿ ਪਿੰਡ ਦੀ ਨੁਹਾਰ ਬਦਲਣ ਵਿੱਚ ਬਹੁਤਾ ਪੈਸਾ ਗੁਰਜੀਤ ਵੱਲੋਂ ਹੀ ਲਾਇਆ ਗਿਆ ਹੈ, ਹਾਲਾਂਕਿ ਪੰਚਾਇਤ ਵੱਲੋਂ ਵੀ ਮਦਦ ਕੀਤੀ ਗਈ ਹੈ।

ਪਿੰਡ ਵਾਸੀ ਆਪਣੇ ਪਿੰਡ ਦੀ ਖੂਬਸੂਰਤੀ ‘ਤੇ ਮਾਣ ਮਹਿਸੂਸ ਕਰਦੇ ਹਨ।

ਪਿੰਡ ਦੀ ਵਸਨੀਕ ਪਰਵੀਨ ਭੱਟੀ ਕਹਿੰਦੇ ਹਨ “ਹਰ ਪਿੰਡ ਅਜਿਹਾ ਬਣ ਜਾਵੇ, ਤਾਂ ਕਿਸੇ ਨੂੰ ਆਪਣੇ ਮਾਪੇ ਤੇ ਪਿਛੋਕੜ ਛੱਡ ਕੇ ਸ਼ਹਿਰਾਂ ਵੱਲ ਜਾਣ ਦੀ ਲੋੜ ਨਹੀਂ।”

(ਬੀਬੀਸੀ ਪੰਜਾਬੀ ਨਾਲ FACEBOOKINSTAGRAMTWITTERਅਤੇ YouTube 'ਤੇ ਜੁੜੋ।)