You’re viewing a text-only version of this website that uses less data. View the main version of the website including all images and videos.
ਦੇਸ ਜਿੱਥੇ ਫੋਨ ਕਰਨ ਉੱਤੇ 68 ਹਜ਼ਾਰ ਵਿੱਚ ਏਕੇ-47 ਦੀ ਹੋ ਜਾਂਦੀ ਹੈ ਹੋਮ ਡਿਲਿਵਰੀ
- ਲੇਖਕ, ਜ਼ੈਨਬ ਮੁਹੰਮਦ ਸਾਲੇਹ
- ਰੋਲ, ਬੀਬੀਸੀ ਲਈ ਖ਼ਾਰਤੂਮ ਤੋਂ
ਸੂਡਾਨ ਦੀ ਰਾਜਧਾਨੀ ਖ਼ਾਰਤੂਮ ਦੀ ਬਲੈਕ ਮਾਰਕੀਟ ਵਿੱਚ ਦੁਨੀਆਂ ਦੀ ਸਭ ਤੋਂ ਵੱਡੀ ਚਰਚਿਤ ਅਸਾਲਟ ਰਾਈਫਲ ਏਕੇ-47 ਦੇ ਭਾਅ ਪਿਛਲੇ ਕੁਝ ਮਹੀਨਿਆਂ ਵਿੱਚ 50 ਫੀਸਦ ਤੱਕ ਘੱਟ ਹੋ ਗਏ ਹਨ।
ਹੁਣ ਇਸ ਦੀ ਕੀਮਤ 68 ਹਜ਼ਾਰ ਰੁਪਏ ਰਹਿ ਗਈ ਹੈ।
ਹਥਿਆਰਾਂ ਦੀ ਖਰੀਦੋ-ਫਰੋਖ਼ਤ ਵਿਚ ਲੱਗੇ ਇਕ ਵਿਅਕਤੀ ਮੁਤਾਬਕ ਇਸ ਦਾ ਕਾਰਨ ਕਾਲੇ ਬਾਜ਼ਾਰ ਵਿਚ ਰੂਸੀ ਰਾਈਫਲ ਕਲਾਸ਼ਿਨਕੋਵ (ਏਕੇ-47) ਦਾ ਜ਼ਿਆਦਾ ਮਾਤਰਾ ਵਿੱਚ ਉਪਲੱਬਧ ਹੋਣਾ ਹੈ।
ਸੂਡਾਨ ਵਿਚ ਇਸ ਸਾਲ ਅਪ੍ਰੈਲ ਵਿਚ ਗ੍ਰਹਿ ਯੁੱਧ ਸ਼ੁਰੂ ਹੋਇਆ ਸੀ, ਜਿਸ ਤੋਂ ਬਾਅਦ ਇਨ੍ਹਾਂ ਰੂਸੀ ਰਾਈਫਲਾਂ ਦੀ ਗਿਣਤੀ ਵਿਚ ਤੇਜ਼ੀ ਨਾਲ ਵਾਧਾ ਹੋਇਆ ਹੈ।
ਸੂਡਾਨ ਦੀ ਰਾਜਧਾਨੀ ਖ਼ਾਰਤੂਮ ਅਤੇ ਦੇਸ਼ ਦੇ ਹੋਰ ਵੱਡੇ ਸ਼ਹਿਰਾਂ ਜਿਵੇਂ ਕਿ ਬਹਰੀ ਅਤੇ ਓਮਦੁਰਮੈਨ ਦੀਆਂ ਸੜਕਾਂ 'ਤੇ ਰੋਜ਼ਾਨਾ ਹੀ ਲੜਾਈ ਜਾਰੀ ਹੈ।
ਨਾਮ ਨਾ ਛਾਪਣ ਦੀ ਸ਼ਰਤ 'ਤੇ ਇਕ ਹਥਿਆਰ ਡੀਲਰ ਨੇ ਦੱਸਿਆ ਕਿ ਉਸ ਨੂੰ ਹਥਿਆਰ ਮੁਹੱਈਆ ਕਰਵਾਉਣ ਵਾਲੇ ਕੁਝ ਲੋਕ ਸੇਵਾਮੁਕਤ ਅਧਿਕਾਰੀ ਹਨ।
ਇਸ ਦੇ ਨਾਲ ਹੀ, ਜ਼ਿਆਦਾਤਰ ਸਪਲਾਇਰ ਆਰਐੱਸਐੱਫ ਨਾਲ ਜੁੜੇ ਹੋਏ ਹਨ।
ਗ੍ਰਹਿ ਯੁੱਧ ਸ਼ੁਰੂ ਹੋਣ ਤੋਂ ਤਿੰਨ ਮਹੀਨਿਆਂ ਬਾਅਦ ਜੁਲਾਈ ਵਿੱਚ ਬਹਰੀ ਸ਼ਹਿਰ ਵਿੱਚ ਹੋਏ ਸੰਘਰਸ਼, ਜਿਸ ਨੂੰ ਕੁਝ ਲੋਕ ਬਹਰੀ ਦੀ ਜੰਗ ਕਹਿੰਦੇ ਹਨ, ਦੇ ਕਾਰਨ ਹਥਿਆਰ ਸਪਲਾਈ ਦੀ ਮੰਗ ਵੱਧ ਗਈ ਸੀ।
ਇਸ ਸੰਘਰਸ਼ ਤੋਂ ਬਾਅਦ ਬਹਰੀ ਸ਼ਹਿਰ ਦੀਆਂ ਸੜਕਾਂ 'ਤੇ ਫੌਜੀਆਂ ਦੀਆਂ ਲਾਸ਼ਾਂ ਖਿੱਲਰੀਆਂ ਪਈਆਂ ਹਨ।
ਜੰਗ ਵਿੱਚ ਸੂਡਾਨੀ ਫੌਜ ਨੂੰ ਭਾਰੀ ਨੁਕਸਾਨ ਹੋਇਆ ਹੈ ਅਤੇ ਅਰਧ ਸੈਨਿਕ ਬਲਾਂ ਨੇ ਬਹਰੀ ਸ਼ਹਿਰ ਦੇ ਜ਼ਿਆਦਾਤਰ ਹਿੱਸੇ ਦੇ ਨਾਲ-ਨਾਲ ਖ਼ਾਰਤੂਮ ਅਤੇ ਓਮਦੁਰਮੈਨ 'ਤੇ ਵੀ ਕਬਜ਼ਾ ਕੀਤਾ ਹੋਇਆ ਹੈ।
ਇਸ ਹਥਿਆਰ ਡੀਲਰ ਨੇ ਕਿਹਾ, "ਕਈ ਸਿਪਾਹੀ ਫੜ੍ਹੇ ਗਏ ਹਨ ਅਤੇ ਕਈ ਮਾਰੇ ਗਏ ਹਨ, ਇਸ ਲਈ ਸਾਡੇ ਸਪਲਾਇਰ ਕੋਲ ਬਹੁਤ ਸਾਰੇ ਹਥਿਆਰ ਹਨ।"
ਇਸ ਦਾ ਮਤਲਬ ਹੈ ਕਿ ਉਨ੍ਹਾਂ ਨੂੰ ਹੁਣ ਲੀਬੀਆ ਤੋਂ ਸਹਾਰਾ ਮਾਰੂਥਲ ਰਾਹੀਂ ਤਸਕਰੀ ਕਰ ਕੇ ਮੰਗਵਾਈ ਜਾਣ ਵਾਲੀ 'ਦਿ ਕਲਾਸ਼' 'ਤੇ ਨਿਰਭਰ ਨਹੀਂ ਰਹਿਣਾ ਪਵੇਗਾ। ਇਹ ਡੀਲਰ ਇਸ ਖੇਤਰ ਨੂੰ ਹਥਿਆਰਾਂ ਦੀ ਖੁੱਲ੍ਹੀ ਮੰਡੀ ਕਹਿੰਦੇ ਹਨ।
ਇਹ ਇਸ ਗੱਲ ਦਾ ਸੰਕੇਤ ਹੈ ਕਿ 2011 ਵਿੱਚ ਲੰਬੇ ਸਮੇਂ ਤੱਕ ਸ਼ਾਸਨ ਕਰਨ ਵਾਲੇ ਸ਼ਾਸਕ ਮੁਅੱਮਰ ਗੱਦਾਫ਼ੀ ਦੇ ਤਖ਼ਤਾ ਪਲਟ ਅਤੇ ਕਤਲ ਤੋਂ ਬਾਅਦ ਉੱਤਰੀ ਅਫਰੀਕੀ ਦੇਸ਼ਾਂ ਵਿੱਚ ਕਿਸ ਹੱਦ ਤੱਕ ਅਰਾਜਕਤਾ ਅਤੇ ਅਸਥਿਰਤਾ ਵਧ ਗਈ ਹੈ।
- ਸੂਡਾਨ ਦੀ ਰਾਜਧਾਨੀ ਖ਼ਾਰਤੂਮ ਕੇ ਕਾਲੇ ਬਜ਼ਾਰ ਵਿੱਚ ਦੁਨੀਆਂ ਦੀ ਸਭ ਤੋਂ ਵੱਡੀ ਚਰਚਿਤ ਅਸਾਲਟ ਰਾਈਫਲ ਏਕੇ-47 ਦੀ ਬਹੁਤ ਵਿਕਰੀ ਹੋ ਰਹੀ ਹੈ।
- ਇਸ ਦੇ ਭਾਅ ਪਿਛਲੇ ਕੁਝ ਮਹੀਨਿਆਂ ਵਿੱਚ 50 ਫੀਸਦ ਤੱਕ ਘੱਟ ਹੋ ਗਏ ਹਨ।
- ਸੂਡਾਨ ਵਿਚ ਇਸ ਸਾਲ ਅਪ੍ਰੈਲ ਵਿਚ ਸ਼ੁਰੂ ਹੋਏ ਗ੍ਰਹਿ ਯੁੱਧ ਮਗਰੋਂ ਰੂਸੀ ਰਾਈਫਲਾਂ ਦੀ ਗਿਣਤੀ ਵਿਚ ਤੇਜ਼ੀ ਨਾਲ ਵਾਧਾ ਹੋਇਆ ਹੈ।
- ਡੀਲਰ ਮੁਤਾਬਕ ਉਸ ਨੂੰ ਹਥਿਆਰ ਮੁਹੱਈਆ ਕਰਵਾਉਣ ਵਾਲੇ ਕੁਝ ਲੋਕ ਸੇਵਾਮੁਕਤ ਅਧਿਕਾਰੀ ਹਨ।
- ਲੋਕ ਯੁੱਧ, ਅਰਾਜਕਤਾ ਬਾਰੇ ਚਿੰਤਤ ਹਨ ਅਤੇ ਵੱਖ-ਵੱਖ ਤਰ੍ਹਾਂ ਦੇ ਖ਼ਤਰੇ ਉਨ੍ਹਾਂ ਦੇ ਦਰਵਾਜ਼ੇ 'ਤੇ ਦਸਤਕ ਦੇ ਰਹੇ ਹਨ।
- ਖ਼ਾਰਤੂਮ ਦੇ ਲੋਕ ਉਨ੍ਹਾਂ ਨੂੰ ਆਰਡਰ ਦੇਣ ਲਈ ਫੌਨ ਕਰਦੇ ਹਨ।
- ਹਥਿਆਰਾਂ ਦੇ ਡੀਲਰ ਨੇ ਕਿਹਾ ਕਿ ਏਕੇ-47 ਰਾਈਫਲਾਂ ਤੋਂ ਕਿਤੇ ਜ਼ਿਆਦਾ ਮੰਗ ਪਿਸਤੌਲਾਂ ਦੀ ਹੈ।
ਨਾਗਰਿਕ ਹਥਿਆਰ ਖਰੀਦ ਰਹੇ ਹਨ
ਅਤੀਤ ਵਿੱਚ, ਤਸਕਰੀ ਕੀਤੇ ਹਥਿਆਰ ਮੁੱਖ ਤੌਰ 'ਤੇ ਸੁਡਾਨ ਜਾਂ ਚਾਡ ਵਰਗੇ ਗੁਆਂਢੀ ਦੇਸ਼ਾਂ ਵਿੱਚ ਲੰਬੇ ਸਮੇਂ ਤੋਂ ਚੱਲ ਰਹੇ ਸੰਘਰਸ਼ਾਂ ਵਿੱਚ ਸ਼ਾਮਲ ਬਾਗ਼ੀਆਂ ਅਤੇ ਖਾੜਕੂ ਜਥੇਬੰਦੀਆਂ ਦੇ ਮੈਂਬਰਾਂ ਨੂੰ ਵੇਚੇ ਜਾਂਦੇ ਸਨ।
ਪਰ ਹੁਣ ਲੜਾਕੇ ਖ਼ਾਰਤੂਮ ਦੇ ਜੰਗੀ ਖੇਤਰਾਂ ਤੋਂ ਮਾਰੇ ਗਏ ਜਾਂ ਫੜ੍ਹੇ ਗਏ ਦੁਸ਼ਮਣਾਂ ਤੋਂ ਹਥਿਆਰ ਚੁੱਕਦੇ ਹਨ ਅਤੇ ਉਨ੍ਹਾਂ ਨੂੰ ਵਿਚੋਲਿਆਂ ਰਾਹੀਂ ਡੀਲਰਾਂ ਨੂੰ ਵੇਚਦੇ ਹਨ।
ਜਿਨ੍ਹਾਂ ਨੇ ਬਦਲੇ ਵਿਚ ਰਾਜਧਾਨੀ ਦੇ ਕੁਝ ਵਸਨੀਕਾਂ ਦੇ ਰੂਪ ਵਿਚ ਖਰੀਦਦਾਰਾਂ ਦਾ ਨਵਾਂ ਸਮੂਹ ਲੱਭ ਲਿਆ ਹੈ।
ਇਹ ਲੋਕ ਯੁੱਧ, ਅਰਾਜਕਤਾ ਬਾਰੇ ਚਿੰਤਤ ਹਨ ਅਤੇ ਵੱਖ-ਵੱਖ ਤਰ੍ਹਾਂ ਦੇ ਖ਼ਤਰੇ ਉਨ੍ਹਾਂ ਦੇ ਦਰਵਾਜ਼ੇ 'ਤੇ ਦਸਤਕ ਦੇ ਰਹੇ ਹਨ।
ਡੀਲਰਾਂ ਨਾਲ ਗੱਲ ਕਰਨ ਤੋਂ ਬਾਅਦ, ਖ਼ਾਰਤੂਮ ਦੇ ਲੋਕ ਉਨ੍ਹਾਂ ਨੂੰ ਆਰਡਰ ਦੇਣ ਲਈ ਫੋਨ ਕਰਦੇ ਹਨ।
ਡੀਲਰ ਏਕੇ-47 ਰਾਈਫਲਾਂ ਉਨ੍ਹਾਂ ਦੇ ਘਰਾਂ ਤੱਕ ਪਹੁੰਚਾਉਂਦੇ ਹਨ ਅਤੇ ਉਨ੍ਹਾਂ ਨੂੰ ਅਜਿਹਾ ਹਥਿਆਰ ਇਸਤੇਮਾਲ ਕਰਨ ਦਾ ਤਰੀਕਾ ਦੱਸਦੇ ਹਨ, ਜਿਸਦੀ ਉਨ੍ਹਾਂ ਨੇ ਕਦੇ ਕਲਪਨਾ ਵੀ ਨਹੀਂ ਕੀਤੀ ਸੀ।
ਇਸ ਤੋਂ ਬਾਅਦ ਗੋਲਾ-ਬਾਰੂਦ ਦੀ ਵਿਕਰੀ ਵੱਖਰੇ ਤੌਰ 'ਤੇ ਓਮਦੁਰਮੈਨ ਦੇ ਮੁੱਖ ਬਾਜ਼ਾਰ ਵਿੱਚ ਹੁੰਦੀ ਹੈ।
ਛੇ ਬੱਚਿਆਂ ਦੇ 55 ਸਾਲਾ ਪਿਤਾ ਨੇ ਕਿਹਾ ਕਿ ਉਨ੍ਹਾਂ ਨੇ ਵੱਧ ਰਹੇ ਅਪਰਾਧ ਅਤੇ ਖ਼ਾਰਤੂਮ ਵਿੱਚ ਸੰਭਾਵਿਤ ਹਮਲਿਆਂ ਨਾਲ ਨਜਿੱਠਣ ਲਈ ਏਕੇ-47 ਰਾਈਫਲ ਖਰੀਦੀ ਹੈ।
ਉਨ੍ਹਾਂ ਨੇ ਕਿਹਾ, "ਉਹ ਕਿਸੇ ਵੀ ਕਾਰਨ ਤੁਹਾਡੇ 'ਤੇ ਹਮਲਾ ਕਰ ਸਕਦੇ ਹਨ। ਇਹ ਇੱਕ ਫਿਰਕਾ ਆਧਰਿਤ ਜੰਗ ਵਿੱਚ ਬਦਲ ਸਕਦਾ ਹੈ। ਤੁਸੀਂ ਕਦੇ ਨਹੀਂ ਜਾਣਦੇ। ਇਹੀ ਸਾਡਾ ਸਭ ਤੋਂ ਵੱਡਾ ਡਰ ਹੈ।"
ਹਥਿਆਰ ਮਹਿੰਗੇ ਕਿਉਂ ਹੋਏ ?
ਅਪ੍ਰੈਲ ਵਿੱਚ, ਫੌਜ ਮੁਖੀ ਜਨਰਲ ਅਬਦੇਲ ਫ਼ਤਾਹ ਅਲ-ਬੁਰਹਾਨ ਅਤੇ ਆਰਐੱਸਐੱਫ ਕਮਾਂਡਰ ਮੁਹੰਮਦ ਹਮਦਾਨ ਦਗਾਲੋ ਯਾਨਿ ਹੇਮੇਦਤੀ ਵਿਚਕਾਰ ਮਤਭੇਦ ਤੋਂ ਬਾਅਦ ਸੂਡਾਨ ਘਰੇਲੂ ਯੁੱਧ ਦੇ ਲਪੇਟੇ ਵਿੱਚ ਆ ਗਿਆ।
ਦੋਵਾਂ ਨੇ ਅਕਤੂਬਰ 2021 ਵਿੱਚ ਤਖ਼ਤਾਪਲਟ ਕੀਤਾ ਪਰ ਫਿਰ ਸੱਤਾ ਸੰਘਰਸ਼ ਵਿੱਚ ਸ਼ਾਮਲ ਹੋ ਗਏ। ਇਸ ਦੌਰਾਨ ਉਨ੍ਹਾਂ ਦੇ ਲੋਕਾਂ ਨੇ ਇੱਕ ਦੂਜੇ ਦੇ ਖ਼ਿਲਾਫ਼ ਜੰਗ ਵਿੱਚ ਹਥਿਆਰ ਚੁੱਕ ਲਏ, ਜਿਸ ਦੇ ਖ਼ਤਮ ਹੋਣ ਦੇ ਆਸਾਰ ਨਜ਼ਰ ਨਹੀਂ ਆ ਰਹੇ।
ਹਥਿਆਰਾਂ ਦੇ ਡੀਲਰ ਨੇ ਕਿਹਾ ਕਿ ਏਕੇ-47 ਰਾਈਫਲਾਂ ਤੋਂ ਕਿਤੇ ਜ਼ਿਆਦਾ ਮੰਗ ਪਿਸਤੌਲਾਂ ਦੀ ਹੈ, ਜਿਨ੍ਹਾਂ ਦੀ ਵਰਤੋਂ ਕਰਨਾ ਅਤੇ ਲੈ ਕੇ ਜਾਣਾ ਸੌਖਾ ਹੈ।
ਸਥਾਨਕ ਵਸਨੀਕ ਹਥਿਆਰਾਂ ਦੀ ਵਰਤੋਂ ਕਰ ਰਹੇ ਹਨ ਕਿਉਂਕਿ ਪੁਲਿਸ ਫੋਰਸ, ਜੇਲ੍ਹ ਪ੍ਰਸ਼ਾਸਨ ਅਤੇ ਨਿਆਂਪਾਲਿਕਾ ਸਮੇਤ ਸਰਕਾਰ ਦੇ ਢਹਿ ਜਾਣ ਕਾਰਨ ਅਪਰਾਧ ਕਾਬੂ ਤੋਂ ਬਾਹਰ ਹੋ ਗਿਆ ਹੈ।
ਜੰਗ ਦੀ ਸ਼ੁਰੂ ਵਿੱਚ, ਖ਼ਾਰਤੂਮ ਦੀ ਸਭ ਤੋਂ ਵੱਡੀ ਜੇਲ੍ਹ ਵਿੱਚ ਭਾਰੀ ਭਗਦੜ ਮੱਚ ਗਈ ਸੀ ਅਤੇ ਅਪਰਾਧੀ ਹੁਣ ਸੜਕਾਂ 'ਤੇ ਹਨ।
ਅਪਰਾਧ ਵੀ ਵਧ ਗਿਆ ਹੈ ਕਿਉਂਕਿ ਇੱਕ ਪਾਸੇ ਸੰਘਰਸ਼ ਕਾਰਨ ਕਈ ਵਪਾਰ ਬੰਦ ਹੋ ਗਏ ਹਨ। ਜਿਸ ਦਾ ਬੇਰੁਜ਼ਗਾਰੀ 'ਤੇ ਡੂੰਘਾ ਅਸਰ ਹੋਇਆ ਹੈ ਅਤੇ ਦੂਜੇ ਪਾਸੇ ਬੁਨਿਆਦੀ ਖਾਦ ਪਦਾਰਥਾਂ ਦੀ ਘਾਟ ਕਾਰਨ ਗੁਜ਼ਾਰਾ ਕਰਨਾ ਔਖਾ ਹੋ ਗਿਆ ਹੈ।
ਲੋਕ ਆਰਥਿਕ ਤੌਰ 'ਤੇ ਸੰਘਰਸ਼ ਕਰ ਰਹੇ ਹਨ ਪਰ ਵੱਡੀ ਗਿਣਤੀ ਵਿੱਚ ਹਥਿਆਰ ਖਰੀਦ ਰਹੇ ਹਨ ਕਿਉਂਕਿ ਸੁਰੱਖਿਆ ਸਭ ਤੋਂ ਅਹਿਮ ਹੈ। ਖ਼ਾਸ ਕਰ ਕੇ ਘਰਾਂ ਨੂੰ ਲੁੱਟਿਆ ਜਾ ਰਿਹਾ ਹੈ ਅਤੇ ਔਰਤਾਂ ਦੇ ਨਾਲ ਬਲਾਤਕਾਰ ਕੀਤਾ ਜਾ ਰਿਹਾ ਹੈ।
ਡੀਲਰ ਨੇ ਦੱਸਿਆ ਕਿ ਉਸ ਨੇ ਪਿਸਤੌਲ ਦੀ ਕੀਮਤ ਇੱਕ ਲੱਖ ਚਾਰ ਹਜ਼ਾਰ ਤੋਂ ਚਾਰ ਗੁਣਾ ਘਟਾ ਕੇ ਕਰੀਬ 27,000 ਰੁਪਏ ਕਰ ਦਿੱਤੀ ਹੈ।
ਡੀਲਰ ਨੇ ਕਿਹਾ, "ਜੋ ਚੀਜ਼ ਨੇ ਪਿਸਤੌਲ ਨੂੰ ਮਹਿੰਗਾ ਕਰਦੀ ਸੀ, ਉਹ ਲਾਈਸੈਂਸ ਸੀ। ਹੁਣ ਤੁਹਾਨੂੰ ਇਸ ਨੂੰ ਲੈਣ ਦੀ ਲੋੜ ਨਹੀਂ ਹੈ। ਤੁਸੀਂ ਇਸ ਨੂੰ ਖਰੀਦੋ ਅਤੇ ਇਸ ਦੀ ਵਰਤੋ।"
ਉਸ ਨੇ ਇਹ ਵੀ ਦੱਸਿਆ ਕਿ ਵਿਕਰੀ ਪਹਿਲਾਂ ਨਾਲੋਂ ਜ਼ਿਆਦਾ ਹੋਣ ਕਾਰਨ ਉਸ ਨੂੰ ਚੰਗਾ ਮੁਨਾਫਾ ਹੋਇਆ ਹੈ।
ਏਕੇ-47 ਰਾਈਫਲ ਦੇ ਮਾਲਕ ਹਥਿਆਰ ਘਰ ਵਿਚ ਰੱਖਦੇ ਹਨ ਜਦੋਂ ਕਿ ਪਿਸਤੌਲ-ਮਾਲਕ ਜਦੋਂ ਬਾਹਰ ਜਾਂਦੇ ਹਨ ਤਾਂ ਇਸ ਨੂੰ ਨਾਲ ਲੈ ਕੇ ਜਾਂਦੇ ਹਨ।
ਅਪਰਾਧੀਆਂ ਵੱਲੋਂ ਪੈਦਾ ਹੋਏ ਖ਼ਤਰੇ ਨੂੰ ਇੱਕ 24 ਸਾਲਾ ਵਿਅਕਤੀ ਦੀ ਹਾਲਤ ਰਾਹੀਂ ਦਰਸਾਇਆ ਜਾ ਸਕਦਾ ਹੈ, ਜਿਸ ਦਾ ਕੁਝ ਸਾਲ ਪਹਿਲਾਂ ਹੀ ਵਿਆਹ ਹੋਇਆ ਸੀ ਅਤੇ ਉਸ ਦਾ ਇੱਕ ਸਾਲ ਬੱਚਾ ਹੈ।
ਜਿਵੇਂ ਹੀ ਉਹ ਓਮਦੁਰਮੈਨ ਦੇ ਇੱਕ ਬਾਜ਼ਾਰ ਵਿੱਚ ਗਿਆ ਤਾਂ ਉਸਦਾ ਸਾਹਮਣਾ ਇੱਕ ਗਿਰੋਹ ਨਾਲ ਹੋਇਆ, ਜਿਸਨੇ ਉਸਦੀ ਨਕਦੀ ਲੁੱਟ ਲਈ ਅਤੇ ਉਸ ਦੀ ਰੀੜ੍ਹ ਦੀ ਹੱਡੀ ਵਿੱਚ ਗੋਲੀ ਮਾਰ ਦਿੱਤੀ।
ਸ਼ਹਿਰ ਦੇ ਇਕਲੌਤੇ ਹਸਪਤਾਲ ਵਿੱਚ ਜਦੋਂ ਉਸ ਦਾ ਸਹੀ ਇਲਾਜ ਨਾ ਹੋਇਆ ਤਾਂ ਉਸ ਨੂੰ ਖ਼ਤਰਨਾਕ ਸੜਕ ਯਾਤਰਾ ਰਾਹੀਂ ਕਰੀਬ 200 ਕਿਲੋਮੀਟਰ ਦੀ ਦੂਰੀ ਦੂਜੇ ਹਸਪਤਾਲ ਵਿੱਚ ਪਹੁੰਚਾਇਆ ਗਿਆ।
ਗੋਲੀ ਤਾਂ ਕੱਢ ਦਿੱਤੀ ਗਈ ਪਰ ਗੋਲੀਬਾਰੀ ਨੇ ਉਸ ਨੂੰ ਬੇਵੱਸ ਕਰ ਦਿੱਤਾ। ਇਹ ਇੱਕ ਜੰਗ ਦੀ ਖ਼ਤਰਨਾਕ ਯਾਦ ਹੈ, ਜਿਸ ਨੇ ਲੱਖਾਂ ਲੋਕਾਂ ਦੀ ਜ਼ਿੰਦਗੀ ਬਰਬਾਦ ਕਰ ਦਿੱਤੀ।