ਨਰਿੰਦਰ ਮੋਦੀ 80 ਫੀਸਦ ਭਾਰਤੀਆਂ ਦੀ ਪਹਿਲੀ ਪਸੰਦ, ਰਾਹੁਲ ਗਾਂਧੀ ਕਿੰਨੇ ਨੰਬਰ 'ਤੇ - ਰਿਸਰਚ ਵਿੱਚ ਦਾਅਵਾ

ਪ੍ਰਧਾਨ ਮੰਤਰੀ ਨਰਿੰਦਰ ਮੋਦੀ

ਤਸਵੀਰ ਸਰੋਤ, Getty Images

ਅਗਲੇ ਹਫਤੇ ਦਿੱਲੀ 'ਚ ਹੋਣ ਵਾਲੀ ਜੀ-20 ਦੀ ਅਹਿਮ ਬੈਠਕ ਤੋਂ ਪਹਿਲਾਂ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ 'ਤੇ ਪ੍ਰਧਾਨ ਮੰਤਰੀ ਮੋਦੀ ਦੀ ਲੋਕਪ੍ਰਿਅਤਾ ਅਤੇ ਦੁਨੀਆਂ 'ਚ ਭਾਰਤ ਦੇ ਪ੍ਰਭਾਵ ਨਾਲ ਜੁੜੀ ਇੱਕ ਖੋਜ ਸਾਹਮਣੇ ਆਈ ਹੈ।

ਅਮਰੀਕੀ ਥਿੰਕ ਟੈਂਕ 'ਪਿਊ ਰਿਸਰਚ ਸੈਂਟਰ' ਦੇ ਇਸ ਸਰਵੇ 'ਚ ਦਾਅਵਾ ਕੀਤਾ ਗਿਆ ਹੈ ਕਿ ਦੇਸ਼ 'ਚ ਰਹਿਣ ਵਾਲੇ ਲਗਭਗ 80 ਫੀਸਦ ਭਾਰਤੀਆਂ ਦਾ ਪ੍ਰਧਾਨ ਮੰਤਰੀ ਮੋਦੀ ਪ੍ਰਤੀ ਸਕਾਰਾਤਮਕ ਰਵੱਈਆ ਹੈ।

ਸਿੱਧੇ ਸ਼ਬਦਾਂ ਵਿੱਚ ਕਹੀਏ ਤਾਂ ਹਰ 10 ਭਾਰਤੀਆਂ ਵਿੱਚੋਂ 8 ਦੀ ਪਸੰਦ ਪ੍ਰਧਾਨ ਮੰਤਰੀ ਮੋਦੀ ਹਨ।

ਇਨ੍ਹਾਂ 'ਚੋਂ 55 ਫੀਸਦੀ ਭਾਰਤੀ ਅਜਿਹੇ ਹਨ, ਜਿਨ੍ਹਾਂ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਆਪਣੀ ਪਹਿਲੀ ਪਸੰਦ ਦੱਸਿਆ ਹੈ, ਉਹ ਉਨ੍ਹਾਂ ਨੂੰ ਕਾਫੀ ਪਸੰਦ ਕਰਦੇ ਹਨ।

ਜਦਕਿ 20 ਫੀਸਦ ਆਬਾਦੀ ਪੀਐੱਮ ਮੋਦੀ ਨੂੰ ਪਸੰਦ ਨਹੀਂ ਕਰਦੀ ਜਾਂ ਉਹ ਉਨ੍ਹਾਂ ਦੀ ਪਹਿਲੀ ਪਸੰਦ ਨਹੀਂ ਹਨ।

ਨਰਿੰਦਰ ਮੋਦੀ

ਤਸਵੀਰ ਸਰੋਤ, ANI

ਦੂਜੇ ਦੇਸ਼ਾਂ ਦੇ ਨਾਗਰਿਕਾਂ ਨੂੰ ਪ੍ਰਧਾਨ ਮੰਤਰੀ ਮੋਦੀ 'ਤੇ ਕਿੰਨਾ ਭਰੋਸਾ ਹੈ?

ਭਾਰਤ ਤੋਂ ਬਾਹਰ ਦੇ ਲੋਕ ਪ੍ਰਧਾਨ ਮੰਤਰੀ ਮੋਦੀ ਪ੍ਰਤੀ ਕੀ ਰਵੱਈਆ ਰੱਖਦੇ ਹਨ? ਕੀ ਉਹ ਉਨ੍ਹਾਂ 'ਤੇ ਭਰੋਸਾ ਕਰਦੇ ਹਨ ਜਾਂ ਨਹੀਂ? ਇਸ ਸਵਾਲ ਦਾ ਜਵਾਬ ਵੀ ਵਿਸਥਾਰ ਨਾਲ ਮਿਲਦਾ ਹੈ।

ਦੁਨੀਆ ਦੇ 12 ਦੇਸ਼ਾਂ ਦੇ ਬਾਲਗ ਨਾਗਰਿਕਾਂ ਤੋਂ ਪ੍ਰਧਾਨ ਮੰਤਰੀ ਮੋਦੀ ਬਾਰੇ ਉਨ੍ਹਾਂ ਦੀ ਰਾਏ ਪੁੱਛੀ ਗਈ। ਰਿਪੋਰਟ ਮੁਤਾਬਕ ਨਾਗਰਿਕਾਂ ਦੀ ਰਾਇ ਮਿਲੀ-ਜੁਲੀ ਸੀ।

ਆਲਮੀ ਮਾਮਲਿਆਂ 'ਚ ਪ੍ਰਧਾਨ ਮੰਤਰੀ ਮੋਦੀ ਦੀ ਕੁਸ਼ਲਤਾ 'ਤੇ ਔਸਤਨ 40 ਫੀਸਦ ਲੋਕ ਭਰੋਸਾ ਨਹੀਂ ਕਰਦੇ। ਇਸ ਦੇ ਨਾਲ ਹੀ 37 ਫੀਸਦ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਕੁਝ ਭਰੋਸਾ ਹੈ।

ਖ਼ਾਸ ਕਰਕੇ ਮੈਕਸੀਕੋ ਅਤੇ ਬ੍ਰਾਜ਼ੀਲ ਦੇ ਨਾਗਰਿਕਾਂ ਦਾ ਪ੍ਰਧਾਨ ਮੰਤਰੀ ਮੋਦੀ ਪ੍ਰਤੀ ਆਲੋਚਨਾਤਮਕ ਰਵੱਈਆ ਹੈ।

ਸਰਵੇਖਣ 'ਚ ਸ਼ਾਮਲ ਅੱਧੇ ਤੋਂ ਵੱਧ ਨਾਗਰਿਕਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਪ੍ਰਧਾਨ ਮੰਤਰੀ ਮੋਦੀ ਦੀ ਵਿਦੇਸ਼ ਨੀਤੀ ਨਾਲ ਜੁੜੇ ਫ਼ੈਸਲਿਆਂ 'ਤੇ ਭਰੋਸਾ ਨਹੀਂ ਹੈ।

ਸਰਵੇਖਣ ਮੁਤਾਬਕ ਅਮਰੀਕਾ ਦੇ 37 ਫੀਸਦ ਲੋਕਾਂ ਨੂੰ ਪੀਐਮ ਮੋਦੀ 'ਤੇ ਭਰੋਸਾ ਨਹੀਂ ਹੈ। ਜਦਕਿ 21 ਫੀਸਦ ਲੋਕ ਉਸ 'ਤੇ ਭਰੋਸਾ ਕਰਦੇ ਹਨ।

ਨਰਿੰਦਰ ਮੋਦੀ

ਤਸਵੀਰ ਸਰੋਤ, Getty Images

ਅਮਰੀਕੀਆਂ ਦੀ ਰਾਇ

ਅਮਰੀਕਾ ਦੀ 42 ਫੀਸਦ ਆਬਾਦੀ ਨੇ ਪ੍ਰਧਾਨ ਮੰਤਰੀ ਮੋਦੀ ਬਾਰੇ ਨਹੀਂ ਸੁਣਿਆ ਜਾਂ ਸਰਵੇਖਣ ਵਿੱਚ ਹਿੱਸਾ ਲੈਣ ਤੋਂ ਇਨਕਾਰ ਕਰ ਦਿੱਤਾ। ਦੂਜੇ ਪਾਸੇ ਜਪਾਨ, ਕੀਨੀਆ ਅਤੇ ਨਾਈਜੀਰੀਆ ਦੇ ਲੋਕਾਂ ਨੂੰ ਮੋਦੀ ਦੀ ਕਾਬਲੀਅਤ 'ਤੇ ਜ਼ਿਆਦਾ ਭਰੋਸਾ ਹੈ।

ਕੀਨੀਆ ਦੇ ਲੋਕਾਂ ਨੂੰ ਪੀਐੱਮ ਮੋਦੀ ਦੀ ਕਾਬਲੀਅਤ 'ਤੇ ਖ਼ਾਸ ਤੌਰ 'ਤੇ ਭਰੋਸਾ ਹੈ। ਇੱਥੋਂ ਦੀ 60 ਫੀਸਦ ਆਬਾਦੀ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਗਲੋਬਲ ਮਾਮਲਿਆਂ 'ਚ ਪ੍ਰਧਾਨ ਮੰਤਰੀ ਮੋਦੀ ਦੀ ਕੁਸ਼ਲਤਾ ਅਤੇ ਫ਼ੈਸਲੇ ਲੈਣ ਦੀ ਸਮਰੱਥਾ 'ਤੇ ਘੱਟੋ-ਘੱਟ ਕੁਝ ਭਰੋਸਾ ਤਾਂ ਹੈ।

ਜਾਪਾਨ ਦੇ 45 ਫੀਸਦ ਨਾਗਰਿਕਾਂ ਨੂੰ ਪ੍ਰਧਾਨ ਮੰਤਰੀ ਮੋਦੀ 'ਤੇ ਭਰੋਸਾ ਹੈ ਕਿ ਉਹ ਸਹੀ ਕੰਮ ਕਰਨਗੇ। ਜਦਕਿ 37 ਫੀਸਦ ਲੋਕਾਂ ਨੂੰ ਅਜਿਹਾ ਨਹੀਂ ਲੱਗਦਾ।

ਇਜ਼ਰਾਈਲ ਅਤੇ ਆਸਟ੍ਰੇਲੀਆ ਦੀ ਗੱਲ ਕਰੀਏ ਤਾਂ ਇੱਥੇ 41 ਫੀਸਦ ਆਬਾਦੀ ਨੇ ਪੀਐੱਮ ਮੋਦੀ 'ਤੇ ਭਰੋਸਾ ਜਤਾਇਆ ਹੈ, ਉੱਥੇ ਹੀ 42 ਫੀਸਦ ਲੋਕਾਂ ਨੂੰ ਕੋਈ ਭਰੋਸਾ ਨਹੀਂ ਹੈ।

ਇੰਡੋਨੇਸ਼ੀਆ ਅਤੇ ਦੱਖਣੀ ਕੋਰੀਆ 'ਚ ਪ੍ਰਧਾਨ ਮੰਤਰੀ ਮੋਦੀ 'ਤੇ ਲੋਕਾਂ ਦਾ ਭਰੋਸਾ ਬਰਕਰਾਰ ਹੈ।

ਪਿਊ ਰਿਸਰਚ

ਤਸਵੀਰ ਸਰੋਤ, Getty Images

ਸਰਵੇਖਣ 'ਤੇ ਇੰਨੀ ਚੁੱਪੀ ਕਿਉਂ?

ਸਰਵੇਖਣ ਦੇ ਜ਼ਿਆਦਾਤਰ ਨਤੀਜੇ ਪ੍ਰਧਾਨ ਮੰਤਰੀ ਮੋਦੀ ਅਤੇ ਉਨ੍ਹਾਂ ਦੀ ਪਾਰਟੀ ਦੇ ਹੱਕ ਵਿੱਚ ਨਜ਼ਰ ਆਉਂਦੇ ਹਨ।

ਇਸ ਦੇ ਬਾਵਜੂਦ ਭਾਜਪਾ ਆਗੂ ਇਸ ਰਿਪੋਰਟ 'ਤੇ ਚਰਚਾ ਕਰਦੇ ਨਜ਼ਰ ਨਹੀਂ ਆ ਰਹੇ ਹਨ। ਭਾਜਪਾ ਦੇ ਕਿਸੇ ਅਧਿਕਾਰਤ ਸੋਸ਼ਲ ਮੀਡੀਆ ਹੈਂਡਲ 'ਤੇ ਇਸ ਰਿਪੋਰਟ ਦਾ ਕੋਈ ਜ਼ਿਕਰ ਨਹੀਂ ਹੈ।

ਅਜਿਹੇ 'ਚ ਜਦੋਂ ਅਸੀਂ ਭਾਜਪਾ ਦੇ ਬੁਲਾਰੇ ਅਮਿਤਾਭ ਸਿਨਹਾ ਨਾਲ ਸੰਪਰਕ ਕੀਤਾ ਅਤੇ ਉਨ੍ਹਾਂ ਨੂੰ ਇਸ ਦਾ ਕਾਰਨ ਪੁੱਛਿਆ ਤਾਂ ਉਨ੍ਹਾਂ ਜਵਾਬ ਦਿੱਤਾ, 'ਪ੍ਰਧਾਨ ਮੰਤਰੀ ਦੀ ਲੋਕਪ੍ਰਿਅਤਾ ਦੇਸ਼ 'ਚ ਹੀ ਨਹੀਂ, ਵਿਦੇਸ਼ਾਂ 'ਚ ਵੀ ਹੈ, ਇਹ ਤਾਂ ਦੇਸ਼ ਦਾ ਆਮ ਮੂਡ ਹੈ। ਉਨ੍ਹਾਂ ਨਾਲ ਤੁਲਨਾ ਕਰਨ ਵਾਲਾ ਕੋਈ ਵਿਰੋਧੀ ਧਿਰ ਦਾ ਆਗੂ ਨਹੀਂ ਹੈ।"

"ਵਿਰੋਧੀ ਪਾਰਟੀਆਂ ਨੇ 'ਇੰਡੀਆ' ਗਠਜੋੜ ਬਣਾਇਆ ਹੈ ਪਰ ਉਨ੍ਹਾਂ ਵਿੱਚ ਕਈ ਮਤਭੇਦ ਹਨ। ਪ੍ਰਧਾਨ ਮੰਤਰੀ ਦੇ ਚਿਹਰੇ ਨੂੰ ਲੈ ਕੇ ਕੋਈ ਸਹਿਮਤੀ ਨਹੀਂ ਹੈ।"

"ਜਦੋਂ ਵਿਰੋਧੀ ਧਿਰ ਕੋਲ ਪ੍ਰਧਾਨ ਮੰਤਰੀ ਮੋਦੀ ਦੇ ਬਰਾਬਰ ਕੋਈ ਚਿਹਰਾ ਨਹੀਂ ਹੈ, ਤਾਂ ਲੋਕਪ੍ਰਿਅਤਾ ਘਟਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ। ਸਾਰੇ ਵਿਰੋਧੀ ਨੇਤਾ ਪੀਐੱਮ ਮੋਦੀ ਦੇ ਸਾਹਮਣੇ ਬੌਣੇ ਹਨ। ਰਹੀ ਗੱਲ ਇਸ ਸਰਵੇਖਣ ਰਿਪੋਰਟ ਦੀ ਤਾਂ ਚੋਣਾਂ ਵੇਲੇ ਅਜਿਹੇ ਬਹੁਤ ਸਾਰੇ ਸਰਵੇਖਣ ਆਉਂਦੇ ਹਨ। ਇਹ ਬਹੁਤ ਹੀ ਸੰਜੀਦਾ ਹੈ।"

"ਪਰ ਇਨ੍ਹਾਂ ਸਰਵੇਖਣਾਂ ਦੀ ਭਰੋਸੇਯੋਗਤਾ ਹਮੇਸ਼ਾ ਸਵਾਲਾਂ ਦੇ ਘੇਰੇ 'ਚ ਰਹਿੰਦੀ ਹੈ। ਪ੍ਰਧਾਨ ਮੰਤਰੀ ਮੋਦੀ ਦਾ ਬਿਗੁਲ ਵੈਸੇ ਵੀ ਵੱਜ ਰਿਹਾ ਹੈ। ਅਜਿਹੇ 'ਚ ਅਸੀਂ ਵੱਖਰੇ ਤੌਰ 'ਤੇ ਜਾ ਕੇ ਇੱਕ ਸਰਵੇਖਣ ਦੇ ਹਵਾਲੇ ਨਾਲ ਇਸ ਦੀ ਪੁਸ਼ਟੀ ਕਰੀਏ, ਇਸ ਦੀ ਕੋਈ ਲੋੜ ਨਹੀਂ ਜਾਪਦੀ। ਪਾਰਟੀ ਕੰਮ ਕਰਨ ਅਤੇ ਡਿਲੀਵਰ ਕਰਨ ਵਿੱਚ ਵਿਸ਼ਵਾਸ ਰੱਖਦੀ ਹੈ।"

ਨਰਿੰਦਰ ਮੋਦੀ

ਤਸਵੀਰ ਸਰੋਤ, Getty Images

ਰਾਹੁਲ ਗਾਂਧੀ ਦਾ ਵੀ ਜ਼ਿਕਰ ਕੀਤਾ

ਪਿਊ ਰਿਸਰਚ ਸੈਂਟਰ ਵੱਲੋਂ ਜਾਰੀ ਇਸ ਸਰਵੇਖਣ ਵਿੱਚ ਕਾਂਗਰਸ ਆਗੂ ਰਾਹੁਲ ਗਾਂਧੀ ਦਾ ਵੀ ਜ਼ਿਕਰ ਹੈ।

ਰਿਪੋਰਟ ਮੁਤਾਬਕ ਨੇਤਾਵਾਂ 'ਚ ਭਾਰਤੀਆਂ ਦੀ ਦੂਜੀ ਪਸੰਦ ਕਾਂਗਰਸ ਨੇਤਾ ਰਾਹੁਲ ਗਾਂਧੀ ਹਨ।

ਲਗਭਗ 10 ਵਿੱਚੋਂ ਛੇ ਭਾਰਤੀਆਂ ਦਾ ਰਾਹੁਲ ਗਾਂਧੀ ਪ੍ਰਤੀ ਸਕਾਰਾਤਮਕ ਰਵੱਈਆ ਹੈ।

ਉੱਥੇ ਕਾਂਗਰਸ ਪ੍ਰਧਾਨ ਮੱਲਿਕਾਰਜੁਨ ਖੜਗੇ ਨੂੰ ਲੈ ਕੇ 46 ਫੀਸਦੀ ਲੋਕਾਂ ਦੀ ਹਾਂ-ਪੱਖੀ ਰਾਏ ਹੈ।

ਰਾਹੁਲ ਗਾਂਧੀ

ਤਸਵੀਰ ਸਰੋਤ, Getty Images

ਸਰਵੇਖਣ ਵਿੱਚ ਹੋਰ ਕੀ-ਕੀ ਹੈ?

ਸਰਵੇਖਣ ਵਿੱਚ ਗਲੋਬਲ ਮੰਚ ਉੱਤੇ ਭਾਰਤ ਦੇ ਪ੍ਰਭਾਵ ਨਾਲ ਸਬੰਧਤ ਕਈ ਨਤੀਜੇ ਹਨ।

ਸਰਵੇਖਣ ਮੁਤਾਬਕ 68 ਫੀਸਦ ਭਾਰਤੀ ਮਹਿਸੂਸ ਕਰਦੇ ਹਨ ਕਿ ਵਿਸ਼ਵ ਪੱਧਰ 'ਤੇ ਭਾਰਤ ਦਾ ਪ੍ਰਭਾਵ ਵਧ ਰਿਹਾ ਹੈ। ਕਰੀਬ ਦਸ ਵਿੱਚੋਂ ਸੱਤ ਭਾਰਤੀਆਂ ਦਾ ਮੰਨਣਾ ਹੈ ਕਿ ਉਨ੍ਹਾਂ ਦਾ ਦੇਸ਼ ਹਾਲ ਹੀ ਵਿੱਚ ਵਧੇਰੇ ਪ੍ਰਭਾਵਸ਼ਾਲੀ ਹੋ ਗਿਆ ਹੈ।

ਜੇਕਰ ਸਰਵੇਖਣ 'ਚ ਸ਼ਾਮਲ ਹੋਰ ਦੇਸ਼ਾਂ ਦੀ ਗੱਲ ਕਰੀਏ ਤਾਂ ਭਾਰਤ ਪ੍ਰਤੀ ਸਭ ਤੋਂ ਸਕਾਰਾਤਮਕ ਰਵੱਈਆ ਇਜ਼ਰਾਈਲ ਦਾ ਹੈ। ਇੱਥੋਂ ਦੇ 71 ਫੀਸਦ ਨਾਗਰਿਕਾਂ ਦਾ ਕਹਿਣਾ ਹੈ ਕਿ ਭਾਰਤ ਬਾਰੇ ਉਨ੍ਹਾਂ ਦਾ ਨਜ਼ਰੀਆ ਹਾਂ-ਪੱਖੀ ਹੈ।

ਭਾਰਤ ਬਾਰੇ ਅਜਿਹੀ ਰਾਇ ਖ਼ਾਸ ਤੌਰ 'ਤੇ ਕੀਨੀਆ, ਨਾਈਜੀਰੀਆ ਅਤੇ ਬ੍ਰਿਟੇਨ ਦੇ ਨਾਗਰਿਕ ਵੀ ਰੱਖਦੇ ਹਨ। ਦਸ ਵਿੱਚੋਂ ਘੱਟੋ-ਘੱਟ ਛੇ ਲੋਕਾਂ ਦੀ ਭਾਰਤ ਬਾਰੇ ਚੰਗੀ ਰਾਏ ਹੈ।

ਇਸ ਦੇ ਉਲਟ ਦੱਖਣੀ ਅਫਰੀਕਾ ਦੇ ਜ਼ਿਆਦਾਤਰ ਲੋਕਾਂ ਦਾ ਭਾਰਤ ਪ੍ਰਤੀ ਆਲੋਚਨਾਤਮਕ ਰਵੱਈਆ ਹੈ। ਸਿਰਫ਼ 28 ਫ਼ੀਸਦ ਆਬਾਦੀ ਹੀ ਭਾਰਤ ਪ੍ਰਤੀ ਸਕਾਰਾਤਮਕ ਹੈ।

ਨੀਦਰਲੈਂਡ ਅਤੇ ਸਪੇਨ ਦੀ ਅੱਧੀ ਆਬਾਦੀ ਦਾ ਰਵੱਈਆ ਵੀ ਆਲੋਚਨਾਤਮਕ ਹੈ। ਬ੍ਰਿਟੇਨ ਦੇ 66 ਫੀਸਦ ਲੋਕ ਭਾਰਤ ਨੂੰ ਪਸੰਦ ਕਰਦੇ ਹਨ। ਇਸ ਦੇ ਨਾਲ ਹੀ ਸਾਲ 2008 ਦੇ ਮੁਕਾਬਲੇ ਯੂਰਪੀ ਦੇਸ਼ ਭਾਰਤ ਦੇ ਅਕਸ ਨੂੰ ਲੈ ਕੇ ਨਕਾਰਾਤਮਕ ਹੋਏ ਹਨ।

ਨਰਿੰਦਰ ਮੋਦੀ

ਤਸਵੀਰ ਸਰੋਤ, Getty Images

ਇਨ੍ਹਾਂ ਦੇਸ਼ਾਂ ਲਈ ਭਾਰਤੀਆਂ ਦੀ ਰਾਇ

ਸਰਵੇਖਣ ਵਿੱਚ ਭਾਰਤੀ ਨਾਗਰਿਕਾਂ ਨੂੰ ਛੇ ਹੋਰ ਦੇਸ਼ਾਂ ਦੇ ਪ੍ਰਭਾਵ ਦਾ ਮੁਲਾਂਕਣ ਕਰਨ ਲਈ ਵੀ ਕਿਹਾ ਗਿਆ ਹੈ।

ਇਨ੍ਹਾਂ ਛੇ ਦੇਸ਼ਾਂ ਵਿੱਚ ਅਮਰੀਕਾ, ਰੂਸ, ਚੀਨ, ਬ੍ਰਿਟੇਨ, ਜਰਮਨੀ ਅਤੇ ਫਰਾਂਸ ਸ਼ਾਮਲ ਹਨ।

ਜੋ ਨਤੀਜੇ ਸਾਹਮਣੇ ਆਏ ਉਨ੍ਹਾਂ ਮੁਤਾਬਕ ਲਗਭਗ ਅੱਧੇ ਭਾਰਤੀਆਂ ਦਾ ਕਹਿਣਾ ਹੈ ਕਿ ਹਾਲ ਦੇ ਸਾਲਾਂ 'ਚ ਗਲੋਬਲ ਮੰਚ 'ਤੇ ਅਮਰੀਕਾ ਦਾ ਦਬਦਬਾ ਵਧਿਆ ਹੈ।

ਸਿਰਫ਼ 14 ਫ਼ੀਸਦ ਭਾਰਤੀਆਂ ਦਾ ਮੰਨਣਾ ਹੈ ਕਿ ਪਿਛਲੇ ਕੁਝ ਸਾਲਾਂ ਵਿੱਚ ਅਮਰੀਕਾ ਦਾ ਦਬਦਬਾ ਘਟਿਆ ਹੈ।

ਰੂਸ ਦੀ ਗੱਲ ਕਰੀਏ ਤਾਂ ਭਾਰਤੀਆਂ ਦੀ ਵੱਡੀ ਆਬਾਦੀ ਇਹ ਵੀ ਮੰਨਦੀ ਹੈ ਕਿ ਰੂਸ ਦਾ ਗਲੋਬਲ ਪ੍ਰਭਾਵ ਮਜ਼ਬੂਤ ਹੋਇਆ ਹੈ।

ਇਸ ਦੇ ਨਾਲ ਹੀ ਚੀਨ ਪ੍ਰਤੀ ਜ਼ਿਆਦਾਤਰ ਭਾਰਤੀਆਂ ਦਾ ਰਵੱਈਆ ਆਲੋਚਨਾਤਮਕ ਹੈ। 67 ਫੀਸਦ ਭਾਰਤੀਆਂ ਦਾ ਚੀਨ ਪ੍ਰਤੀ ਨਕਾਰਾਤਮਕ ਰਵੱਈਆ ਹੈ। 48 ਫੀਸਦ ਭਾਰਤੀਆਂ ਨੂੰ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ 'ਤੇ ਬਿਲਕੁਲ ਭਰੋਸਾ ਨਹੀਂ ਹੈ।

ਰਿਸਰਚ

ਤਸਵੀਰ ਸਰੋਤ, Getty Images

ਭਾਰਤੀਆਂ ਵਿੱਚ ਪਾਕਿਸਤਾਨ ਪ੍ਰਤੀ ਵਧੀ ਨਫ਼ਰਤ

ਦਸ ਵਿੱਚੋਂ ਸੱਤ ਭਾਰਤੀਆਂ ਦਾ ਪਾਕਿਸਤਾਨ ਪ੍ਰਤੀ ਨਕਾਰਾਤਮਕ ਨਜ਼ਰੀਆ ਹੈ।

ਸਿਰਫ਼ 19 ਫ਼ੀਸਦੀ ਭਾਰਤੀਆਂ ਦਾ ਰਵੱਈਆ ਹਾਂ-ਪੱਖੀ ਹੈ।

ਭਾਰਤ ਦੇ ਪੁਰਸ਼ਾਂ ਵਿੱਚ ਔਰਤਾਂ ਨਾਲੋਂ ਪਾਕਿਸਤਾਨ ਪ੍ਰਤੀ ਜ਼ਿਆਦਾ ਨਫ਼ਰਤ ਹੈ।

ਪਾਕਿਸਤਾਨ ਨੂੰ ਨਫ਼ਰਤ ਕਰਨ ਵਾਲੇ ਜ਼ਿਆਦਾਤਰ ਭਾਰਤੀ ਐੱਨਡੀਏ ਦੇ ਵੋਟਰ ਹਨ।

ਸਰਵੇਖਣ ਵਿੱਚ ਦੱਸਿਆ ਗਿਆ ਹੈ ਕਿ ਸਾਲ 2013 ਵਿੱਚ ਜਦੋਂ ਪਹਿਲੀ ਵਾਰ ਭਾਰਤ ਨੇ ਪਾਕਿਸਤਾਨ ਦੇ ਸੰਦਰਭ ਵਿੱਚ ਇਹ ਸਵਾਲ ਕੀਤਾ ਗਿਆ ਤਾਂ ਉਸ ਦੀ ਤੁਲਨਾ ਵਿੱਚ ਪਿਛਲੇ ਦਸ ਸਾਲਾਂ ਵਿੱਚ ਨਫ਼ਰਤ ਵਧੀ ਹੈ।

ਪ੍ਰਦਰਸ਼ਨ

ਤਸਵੀਰ ਸਰੋਤ, Getty Images

ਸਰਵੇਖਣ ਕਿਵੇਂ ਕੀਤੇ ਗਏ?

ਪਿਊ ਰਿਸਰਚ ਸੈਂਟਰ ਨੇ ਭਾਰਤ ਅਤੇ ਭਾਰਤੀ ਪ੍ਰਧਾਨ ਮੰਤਰੀ ਪ੍ਰਤੀ ਲੋਕਾਂ ਦੀ ਰਾਇ ਜਾਣਨ ਲਈ ਉੱਤਰੀ ਅਮਰੀਕਾ, ਯੂਰਪ, ਮੱਧ ਪੂਰਬ, ਏਸ਼ੀਆ-ਪ੍ਰਸ਼ਾਂਤ ਖੇਤਰ, ਉਪ-ਸਹਾਰਾ ਅਫਰੀਕਾ ਅਤੇ ਲਾਤੀਨੀ ਅਮਰੀਕਾ ਦੇ 23 ਦੇਸ਼ਾਂ ਦੇ ਨਾਗਰਿਕਾਂ ਨਾਲ ਸੰਪਰਕ ਕੀਤਾ।

ਰਿਪੋਰਟ ਵਿੱਚ ਭਾਰਤੀਆਂ ਦੇ ਨਜ਼ਰੀਏ ਨੂੰ ਵੀ ਦਰਸਾਇਆ ਗਿਆ ਹੈ। ਜਿਵੇਂ- ਉਹ ਆਪਣੇ ਪ੍ਰਧਾਨ ਮੰਤਰੀ ਬਾਰੇ ਕੀ ਸੋਚਦੇ ਹਨ? ਭਾਰਤ ਦੀ ਗਲੋਬਲ ਸਥਿਤੀ ਅਤੇ ਹੋਰ ਦੂਜੇ ਦੇਸ਼ਾਂ 'ਤੇ ਇਸ ਦੇ ਪ੍ਰਭਾਵ ਦਾ ਮੁਲਾਂਕਣ ਕਿਵੇਂ ਕਰਦੇ ਹੋ? ਅਜਿਹੇ ਕਈ ਸਵਾਲ ਹਨ ਜਿਨ੍ਹਾਂ ਦੇ ਜਵਾਬ ਤੁਹਾਨੂੰ ਸਰਵੇ ਰਿਪੋਰਟ 'ਚ ਮਿਲ ਜਾਣਗੇ।

ਸਾਲ 2019 ਤੋਂ ਬਾਅਦ ਇਹ ਪਹਿਲਾ ਸਾਲ ਹੈ ਜਦੋਂ ਗਲੋਬਲ ਰਵੱਈਏ ਸਰਵੇਖਣ ਵਿੱਚ ਅਫਰੀਕਾ ਅਤੇ ਲਾਤੀਨੀ ਅਮਰੀਕਾ ਦੇ ਦੇਸ਼ਾਂ ਨੂੰ ਸ਼ਾਮਲ ਕੀਤਾ ਗਿਆ ਹੈ।

ਸਰਵੇਖਣ ਲਈ ਭਾਰਤ ਵਿੱਚ 25 ਮਾਰਚ ਤੋਂ 11 ਮਈ ਦਰਮਿਆਨ 2,611 ਬਾਲਗਾਂ ਨਾਲ ਸੰਪਰਕ ਕੀਤਾ ਗਿਆ। ਸਾਰੇ ਲੋਕਾਂ ਨਾਲ ਸਿੱਧੇ ਯਾਨਿ ਆਹਮੋ-ਸਾਹਮਣੇ ਗੱਲ ਕੀਤੀ ਗਈ।

ਅਮਰੀਕਾ ਵਿੱਚ, ਪਿਊ ਰਿਸਰਚ ਸੈਂਟਰ ਨੇ 20 ਮਾਰਚ ਤੋਂ 26 ਮਾਰਚ ਦਰਮਿਆਨ 3,576 ਬਾਲਗਾਂ ਦਾ ਸਰਵੇਖਣ ਕੀਤਾ।

ਦੂਜੇ ਪਾਸੇ, ਭਾਰਤ ਅਤੇ ਅਮਰੀਕਾ ਤੋਂ ਬਾਹਰ 11 ਦੇਸ਼ਾਂ ਦੇ ਨਾਗਰਿਕਾਂ ਨਾਲ ਫੋਨ ਅਤੇ ਆਹਮੋ-10 ਦੇਸ਼ਾਂ ਵਿੱਚ ਆਹਮੋ-ਸਾਹਮਣੇ ਅਤੇ ਆਸਟ੍ਰੇਲੀਆ ਵਿੱਚ ਔਨਲਾਈਨ ਪੋਰਟਲ ਤੇ ਆਹਮੋ-ਸਾਹਮਣੇ ਦੋਵਾਂ ਰਾਹੀਂ ਸੰਪਰਕ ਕੀਤਾ ਗਿਆ।

ਪਿਊ ਰਿਸਰਚ ਸੈਂਟਰ ਇੱਕ ਅਮਰੀਕੀ ਥਿੰਕ ਟੈਂਕ ਹੈ ਜੋ ਸਮਾਜਿਕ ਮੁੱਦਿਆਂ ਤੋਂ ਲੈ ਕੇ ਜਨਸੰਖਿਆ ਦੇ ਰੁਝਾਨਾਂ ਤੱਕ ਹਰ ਚੀਜ਼ ਬਾਰੇ ਜਾਣਕਾਰੀ ਦਿੰਦਾ ਹੈ। ਪਿਛਲੇ ਸਮੇਂ ਵਿੱਚ ਵੀ ਸੰਸਥਾ ਦੇ ਸਰਵੇਖਣ ਅਤੇ ਰਿਪੋਰਟਾਂ ਚਰਚਾ ਵਿੱਚ ਰਹੀਆਂ ਹਨ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)