ਡਾਕਟਰੀ ਪ੍ਰੀਖਿਆ ਨਾਲ ਜੁੜਿਆ ਵਿਆਪਮ ਘੁਟਾਲਾ ਕੀ ਹੈ, ਜਿਸ 'ਚ 40 ਲੋਕਾਂ ਦੀ ਜਾਨ ਗਈ ਤੇ ਕਈ ਗ੍ਰਿਫ਼ਤਾਰੀਆਂ ਹੋਈਆਂ

ਵਿਆਪਮ

ਤਸਵੀਰ ਸਰੋਤ, OTHER

    • ਲੇਖਕ, ਫੈਸਲ ਮੁਹੰਮਦ ਅਲੀ
    • ਰੋਲ, ਬੀਬੀਸੀ ਪੱਤਰਕਾਰ, ਭੂਪਾਲ ਤੋਂ

ਸਾਲ 2012, ਇੱਕ 19 ਸਾਲਾ ਕੁੜੀ ਦੀ ਲਾਸ਼ ਉਜੈਨ ਵਿੱਚ ਰੇਲਵੇ ਟਰੈਕ ’ਤੇ ਮਿਲੀ, ਪੋਸਟਮਾਰਟਮ ਰਿਪੋਰਟ ਵਿੱਚ ਮੌਤ ਦੀ ਵਜ੍ਹਾ ਦਮ ਘੁੱਟਣਾ ਦੱਸੀ ਗਈ। ਸਵਾਲ ਚੁੱਕਣਾ ਵਾਜਿਬ ਸੀ ਕਿ ਜੇਕਰ ਦਮ ਘੁੱਟਿਆ ਤਾਂ ਲਾਸ਼ ਰੇਲਵੇ ਟਰੈਕ ਦੇ ਕੋਲ ਕਿਵੇਂ ਪਹੁੰਚੀ?

ਪੁਲਿਸ ਨੇ ਪਹਿਲਾਂ ਇਸ ਨੂੰ ਹੱਤਿਆ ਮੰਨਿਆ, ਆਦਿਵਾਸੀ ਲੜਕੀ ਦੀ ਲਾਸ਼ ਨੂੰ ਲਾਵਾਰਸ ਦੱਸ ਕੇ ਦਫ਼ਨਾ ਦਿੱਤਾ ਗਿਆ, ਬਾਅਦ ਵਿੱਚ ਇੱਕ ਵਾਰ ਫਿਰ ਪੋਸਟਮਾਰਟਮ ਕਰਾਇਆ ਗਿਆ ਅਤੇ ਇਸ ਨੂੰ ਖੁਦਕੁਸ਼ੀ ਦੱਸ ਦਿੱਤਾ ਗਿਆ।

ਝਾਬੂਆ ਜ਼ਿਲ੍ਹੇ ਦੀ ਨਮਰਤਾ ਡਾਮੋਰ ਦੇ ਪਿਤਾ ਮਹਿਤਾਬ ਸਿੰਘ ਨੇ ਪਿਛਲੇ ਦਿਨੀਂ ਮੈਨੂੰ ਦੱਸਿਆ, "ਨਮਰਤਾ ਨੂੰ ਵਿਆਪਮ ਨਾਲ ਜੁੜੇ ਮਾਮਲਿਆਂ ਦੀ ਜਾਣਕਾਰੀ ਹੋ ਗਈ ਸੀ, ਇਸ ਲਈ ਉਸ ਨੂੰ ਮਾਰ ਦਿੱਤਾ ਗਿਆ।"

ਜਦੋਂ ਮਹਿਤਾਬ ਸਿੰਘ ਮੇਰੇ ਨਾਲ ਗੱਲ ਕਰ ਰਹੇ ਸਨ ਤਾਂ ਮੇਰੇ ਸਰੀਰ ਵਿੱਚ ਇੱਕ ਕੰਬਣੀ ਜਿਹੀ ਛਿੜ ਰਹੀ ਸੀ ਕਿਉਂਕਿ ਮੈਂ ਜਿਸ ਸੋਫੇ ’ਤੇ ਬੈਠਾ ਸੀ, ਉਸੇ ’ਤੇ ਸਾਲ 2015 ਦੀ ਇੱਕ ਦੁਪਹਿਰ ਮੇਰੇ ਵਰਗਾ ਹੀ ਇੱਕ ਪੱਤਰਕਾਰ ਬੈਠਿਆ ਸੀ।

ਉਹ ਅਚਾਨਕ ਹੀ ਰਹੱਸਮਈ ਢੰਗ ਨਾਲ ਮੌਤ ਦੀ ਨੀਂਦ ਸੌਂ ਗਿਆ ਸੀ।

ਨਮਰਤਾ ਡਾਮੋਰ ਦੀ ਸ਼ੱਕੀ ਮੌਤ ਅਤੇ ਵਿਆਪਮ ਘੁਟਾਲੇ ਨਾਲ ਜੁੜੀਆਂ ਤਾਰਾਂ ਦੀ ਤਫ਼ਤੀਸ਼ ਕਰਦੇ ਹੋਏ ਅੱਠ ਸਾਲ ਪਹਿਲਾਂ ‘ਆਜਤਕ’ ਦੇ ਰਿਪੋਰਟਰ ਅਕਸ਼ੈ ਸਿੰਘ ਮਹਿਤਾਬ ਸਿੰਘ ਦੇ ਘਰ ਪਹੁੰਚੇ ਸਨ।

ਨਮਰਤਾ ਡਾਮੋਰ
ਤਸਵੀਰ ਕੈਪਸ਼ਨ, ਨਮਰਤਾ ਡਾਮੋਰ

ਮਹਿਤਾਬ ਸਿੰਘ ਨੇ ਦੱਸਿਆ, "ਚਾਹ ਪੀਣ ਦੇ ਬਾਅਦ ਅਕਸ਼ੈ ਸਿੰਘ ਦੇ ਮੂੰਹ ਤੋਂ ਝੱਗ ਨਿਕਲੀ ਅਤੇ ਉਸ ਦਾ ਸਾਹ ਸਦਾ ਲਈ ਰੁਕ ਗਿਆ।"

ਵਿਯਾਵਸਾਇਕ ਪ੍ਰੀਖਿਆ ਮੰਡਲ (ਵਿਆਪਮ) ਘੁਟਾਲੇ ਨਾਲ ਜੁੜੇ ਤਕਰਬੀਨ 40 ਲੋਕਾਂ ਦੀਆਂ ਸ਼ੱਕੀ ਹਾਲਤ ਵਿੱਚ ਮੌਤਾਂ ਹੋਈਆਂ ਹਨ ਜਿਸ ਨੇ ਇਸ ਭਰਤੀ ਘੁਟਾਲੇ ਨੂੰ ਭਿਆਨਕ ਅਤੇ ਰਹੱਸਮਈ ਬਣਾ ਦਿੱਤਾ ਹੈ।

ਇਸ ਮਾਮਲੇ ਵਿੱਚ ਲੋਕ ਗੱਲ ਕਰਨ ਤੋਂ ਕਤਰਾਉਂਦੇ ਹਨ। ਇੱਥੋਂ ਤੱਕ ਕਿ ਪੱਤਰਕਾਰ ਵੀ ਇਸ ਮਾਮਲੇ ਦੀ ਤਹਿ ਵਿੱਚ ਜਾਣ ਦੀ ਕੋਸ਼ਿਸ਼ ਨੂੰ ਖ਼ਤਰਨਾਕ ਦੱਸਦੇ ਹਨ, ਜਦਕਿ ਸਰਕਾਰ ਦਾ ਕਹਿਣਾ ਹੈ ਕਿ ਇਹ ਸਾਰੀਆਂ ਸੁਭਾਵਿਕ ਮੌਤਾਂ ਹਨ ਜਿਨ੍ਹਾਂ ਦਾ ਵਿਆਪਮ ਨਾਲ ਕੋਈ ਸਬੰਧ ਨਹੀਂ ਹੈ।

ਇਨ੍ਹਾਂ ਸ਼ੱਕੀ ਮੌਤਾਂ ਦੇ ਬਾਅਦ ਉੱਘੀ ਮੈਗਜ਼ੀਨ ‘ਇਕੋਨੌਮਿਸਟ’ ਨੇ ਪ੍ਰੀਖਿਆ ਘੁਟਾਲੇ ’ਤੇ ਆਪਣੀ ਰਿਪੋਰਟ ਨੂੰ ‘ਡਾਇਲ ਐੱਮ ਫਾਰ ਮੱਧ ਪ੍ਰਦੇਸ਼’ ਸਿਰਲੇਖ ਦਿੱਤਾ ਸੀ।

‘ਇਕੋਨੌਮਿਸਟ’ ਨੇ ਆਪਣੀ ਰਿਪੋਰਟ ਵਿੱਚ ਲੈਣ-ਦੇਣ ਦੀ ਕੁੱਲ ਅਨੁਮਾਨਤ ਰਾਸ਼ੀ ਨੂੰ ਤਿੰਨ ਬਿਲੀਅਨ ਡਾਲਰ (ਤਕਰੀਬਨ 240 ਅਰਬ ਡਾਲਰ) ਦੱਸਿਆ ਹੈ।

ਵਿਆਪਮ

ਤਸਵੀਰ ਸਰੋਤ, VIPUL GUPTA

ਬੀਬੀਸੀ
  • ਦੇਸ਼ ਦੇ ਇਤਿਹਾਸ ਦਾ ਸਭ ਤੋਂ ਵੱਡਾ ਪ੍ਰੀਖਿਆ ਭਰਤੀ ਘੁਟਾਲਾ
  • ਘੁਟਾਲੇ ਵਿੱਚ ਲੈਣ-ਦੇਣ ਦੀ ਅਨੁਮਾਨਤ ਰਾਸ਼ੀ ਤਿੰਨ ਅਰਬ ਡਾਲਰ
  • ਦੋਸ਼ਾਂ ਦੇ ਦਾਇਰੇ ਵਿੱਚ ਰਾਜ ਦੇ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਵੀ
  • ਮਾਮਲਾ 2013 ਵਿੱਚ ਦਸ ਸਾਲ ਪਹਿਲਾਂ ਸਾਹਮਣੇ ਆਇਆ, ਹੁਣ ਤੱਕ ਠੋਸ ਨਤੀਜਾ ਨਹੀਂ
  • ਘੁਟਾਲੇ ਦੇ 40 ਤੋਂ ਜ਼ਿਆਦਾ ਮੁਲਜ਼ਮਾਂ, ਗਵਾਹਾਂ ਅਤੇ ਜਾਂਚਕਰਤਾਵਾਂ ਦੀ ਸ਼ੱਕੀ ਮੌਤ
  • ਜ਼ਹਿਰ ਪੀਣ, ਫਾਹਾ ਲੈਣ, ਡੁੱਬਣ ਅਤੇ ਅਗਿਆਤ ਕਾਰਨਾਂ ਨਾਲ ਹੋਈਆਂ ਮੌਤਾਂ
ਬੀਬੀਸੀ
ਪਾਰਸ ਸਕਰੇਚਾ

ਵਿਆਪਮ ਦਾ ਵਿਆਪਕ ਜਾਲ ਅਤੇ ਸਿਆਸਤ

2013 ਵਿੱਚ ਵਿਆਪਮ ਘੁਟਾਲੇ ਨਾਲ ਜੁੜੇ ਸ਼ੁਰੂਆਤੀ ਮਾਮਲਿਆਂ ਦੇ ਸਾਹਮਣੇ ਆਉਣ ਦੇ ਬਾਅਦ ਤੋਂ ਲੈ ਕੇ ਹੁਣ ਤੱਕ ਇਸ ਮਾਮਲੇ ਵਿੱਚ ਕੋਈ-ਨਾ-ਕੋਈ ਹਲਚਲ ਹੁੰਦੀ ਰਹੀ ਹੈ।

ਤਾਜ਼ਾ ਅਪਡੇਟ ਇਹ ਹੈ ਕਿ ਵਿਆਪਮ ਘੁਟਾਲੇ ਦੀ ਜਾਂਚ ਨੂੰ ਲੈ ਕੇ ਇੰਦੌਰ ਹਾਈ ਕੋਰਟ ਵਿੱਚ 10 ਅਗਸਤ ਨੂੰ ਇੱਕ ਪਟੀਸ਼ਨ ਦਾਇਰ ਕੀਤੀ ਗਈ ਹੈ।

ਮਾਮਲੇ ਨੂੰ ਉਜਾਗਰ ਕਰਨ ਵਿੱਚ ਮੋਹਰੀ ਰਹੇ ਪਾਰਸ ਸਕਲੇਚਾ ਨੇ ਅਦਾਲਤ ਵਿੱਚ ਬੇਨਤੀ ਕੀਤੀ ਹੈ ਕਿ ਉਨ੍ਹਾਂ ਦੀ ਜੋ ਸ਼ਿਕਾਇਤ ਦਸੰਬਰ 2014 ਤੋਂ ਲਟਕ ਰਹੀ ਹੈ, ਉਸ ਵਿੱਚ ਨਿਸ਼ਚਿਤ ਸਮੇਂ ਦੇ ਅੰਦਰ ਕਾਰਵਾਈ ਕਰਨ ਦਾ ਹੁਕਮ ਜਾਰੀ ਕਰੇ।

ਆਪਣੀ ਸ਼ਿਕਾਇਤ ਵਿੱਚ ਰਤਲਾਮ ਦੇ ਸਾਬਕਾ ਆਜ਼ਾਦ ਵਿਧਾਇਕ ਪਾਰਸ ਸਕਲੇਚਾ ਨੇ ਸੂਬੇ ਦੇ ਮੁੱਖ ਮੰਤਰੀ ਤੋਂ ਲੈ ਕੇ ਵੱਡੇ ਅਧਿਕਾਰੀਆਂ ਅਤੇ ਪ੍ਰਾਈਵੇਟ ਮੈਡੀਕਲ ਕਾਲਜਾਂ ਦੀ ਜਾਂਚ ਦੀ ਮੰਗ ਕੀਤੀ ਹੈ।

ਸਕਲੇਚਾ 2017 ਤੋਂ ਕਾਂਗਰਸ ਪਾਰਟੀ ਦੇ ਮੈਂਬਰ ਹਨ।

ਪਾਰਸ ਸਕਲੇਚਾ ਕਹਿੰਦੇ ਹਨ ਕਿ ਉਨ੍ਹਾਂ ਨੇ ਪ੍ਰੀ-ਮੈਡੀਕਲ ਟੈਸਟ (ਪੀਐੱਮਟੀ) ਘੁਟਾਲੇ ਦੀ ਜਾਣਕਾਰੀ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੂੰ ਸਾਲ 2009 ਵਿੱਚ ਹੀ ਦੇ ਦਿੱਤੀ ਸੀ ਜਿਸ ਦੇ ਬਾਅਦ ਫਰਜ਼ੀਵਾੜੇ ਦੀ ਛਾਣਬੀਣ ਲਈ ਦਸੰਬਰ ਮਹੀਨੇ ਕਮੇਟੀ ਦਾ ਵੀ ਗਠਨ ਕੀਤਾ ਗਿਆ ਸੀ।

ਬੀਬੀਸੀ

ਰਤਲਾਮ ਦੇ ਆਪਣੇ ਘਰ ’ਤੇ ਬੀਬੀਸੀ ਨਾਲ ਗੱਲ ਕਰਦੇ ਹੋਏ ਉਹ ਕਹਿੰਦੇ ਹਨ, "ਕਮੇਟੀ ਬਣਾਉਣ ਅਤੇ ਮੁੱਖ ਮੰਤਰੀ ਵੱਲੋਂ ਸਖ਼ਤ ਕਾਰਵਾਈ ਦੇ ਭਰੋਸੇ ਦੇ ਬਾਅਦ ਵੀ ਚਾਰ ਸਾਲਾਂ ਤੱਕ ਘੁਟਾਲਾ ਜਾਰੀ ਰਿਹਾ, ਬਲਕਿ ਇਸ ਦਾ ਦਾਇਰਾ ਵੀ ਵਧਦਾ ਗਿਆ।"

"ਇਸ ਤੋਂ ਲੱਗਦਾ ਹੈ ਕਿ ਮੁੱਖ ਮੰਤਰੀ ਘੁਟਾਲਾ ਰੋਕਣ ਪ੍ਰਤੀ ਗੰਭੀਰ ਨਹੀਂ ਸਨ। ਉਨ੍ਹਾਂ ਦੇ ਕੋਲ ਵਿਭਾਗ ਹੈ, ਜਾਂਚ ਦੀ ਗੱਲ ਵੀ ਆਪ ਹੀ ਕਹਿ ਰਹੇ ਸਨ, ਫਿਰ ਵੀ ਘੁਟਾਲਾ ਜਾਰੀ ਰਹਿੰਦਾ ਹੈ।"

"ਤਾਂ ਫਿਰ ਅਸੀਂ ਕਹਿ ਰਹੇ ਹਾਂ ਕਿ ਇਸ ਵਿੱਚ ਸ਼ਿਵਰਾਜ ਸਿੰਘ ਦੀ ਸ਼ਮੂਲੀਅਤ ਦੀ ਵੀ ਜਾਂਚ ਹੋਣੀ ਚਾਹੀਦੀ ਹੈ।"

ਕਈ ਤਰ੍ਹਾਂ ਦੇ ਸਿਆਸੀ ਹੰਗਾਮਿਆਂ, ਦਬਾਅ ਅਤੇ ਮੁੱਖ ਮੰਤਰੀ ਦਫ਼ਤਰ ਦੇ ਇੱਕ ਅਧਿਕਾਰੀ ਦੀ ਗ੍ਰਿਫ਼ਤਾਰੀ ਦੇ ਬਾਵਜੂਦ ਸ਼ਿਵਰਾਜ ਸਿੰਘ ਚੌਹਾਨ ਤੋਂ ਮਾਮਲੇ ਵਿੱਚ ਕਦੇ ਵੀ ਪੁੱਛਗਿੱਛ ਨਹੀਂ ਹੋਈ। ਜ਼ਾਹਿਰ ਹੈ ਕਿ ਉਨ੍ਹਾਂ ਖ਼ਿਲਾਫ਼ ਕਦੇ ਵੀ ਕਿਸੇ ਕਿਸਮ ਦਾ ਕੋਈ ਕੇਸ ਦਰਜ ਨਹੀਂ ਹੋਇਆ।

ਸੱਤਾਧਾਰੀ ਭਾਰਤੀ ਜਨਤਾ ਪਾਰਟੀ ਦੇ ਬੁਲਾਰੇ ਗੋਵਿੰਦ ਮਾਲੂ ਇਨ੍ਹਾਂ ਇਲਜ਼ਾਮਾਂ ਨੂੰ ਸਿਰੇ ਤੋਂ ਬੇਬੁਨਿਆਦ ਦੱਸਦੇ ਹਨ ਅਤੇ ਕਹਿੰਦੇ ਹਨ ਕਿ ਮਾਮਲੇ ਵਿੱਚ ਜੋ ਵੀ ਪਹਿਲ ਹੋਈ, ਉਹ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਖ਼ੁਦ ਵਿਵਸਥਾ ਨੂੰ ਠੀਕ ਕਰਨ ਲਈ ਕੀਤੀ।

ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਵੀ ਇਲਜ਼ਾਮਾਂ ਨੂੰ ਵਾਰ-ਵਾਰ ਬੇਬੁਨਿਆਦ ਦੱਸਿਆ ਹੈ। ਉਨ੍ਹਾਂ ਦਾ ਦਾਅਵਾ ਹੈ ਕਿ ਵਿਆਪਮ ਨਾਲ ਜੁੜੇ ਮਾਮਲਿਆਂ ਵਿੱਚ ਉਨ੍ਹਾਂ ਨੇ ਠੋਸ ਕਾਰਵਾਈ ਕੀਤੀ ਹੈ।

ਵਿਆਪਮ ਨਾਲ ਕਥਿਤ ਤੌਰ ਉੱਤੇ ਜੁੜੀਆਂ ਮੌਤਾਂ

ਬੀਬੀਸੀ

ਬਰਬਾਦ ਹੋ ਗਏ ਕਈ ਪਰਿਵਾਰ

ਸਿਰਫ਼ ਪੱਤਰਕਾਰ ਅਕਸ਼ੈ ਸਿੰਘ ਦੀ ਜਾਂ ਵਿਦਿਆਰਥਣ ਨਮਰਤਾ ਡਾਮੋਰ ਦੀ ਹੀ ਗੱਲ ਨਹੀਂ ਹੈ, ਸ਼ੱਕ ਪੈਦਾ ਕਰਨ ਵਾਲੇ ਹਾਲਾਤ ਵਿੱਚ ਹੋਈਆਂ ਤਕਰੀਬਨ 40 ਮੌਤਾਂ ਦੀ ਵਜ੍ਹਾ ਨਾਲ ਵੱਡੀ ਗਿਣਤੀ ਵਿੱਚ ਪਰਿਵਾਰ ਤਬਾਹ ਹੋਏ ਹਨ।

ਘੁਟਾਲੇ ਦੇ ਇੱਕ ਮੁਲਜ਼ਮ ਰਾਜੀਵ ਕਹਿੰਦੇ ਹਨ, "ਇਸ ਦੇ ਚੱਕਰ ਵਿੱਚ ਫਸ ਕੇ ਕਈ ਪਰਿਵਾਰ ਤਬਾਹ ਹੋ ਗਏ। ਭਾਰੀ ਮਾਨਸਿਕ ਤਣਾਅ ਵਿੱਚ ਲੋਕਾਂ ਨੇ ਖੁਦਕੁਸ਼ੀ ਕਰ ਲਈ, ਵਿਆਹ ਟੁੱਟ ਗਏ, ਕਈ ਮਾਂ-ਬਾਪ ਇਸੀ ਗ਼ਮ ਵਿੱਚ ਚੱਲ ਵਸੇ।"

ਅਜਿਹਾ ਹੀ ਇੱਕ ਮਾਮਲਾ ਗਵਾਲੀਅਰ ਦਾ ਹੈ। ਘੁਟਾਲੇ ਵਿੱਚ ਨਾਂ ਆਉਣ ਦੇ ਬਾਅਦ ਗਜਰਾਜ ਮੈਡੀਕਲ ਕਾਲਜ ਤੋਂ ਐੱਮਬੀਬੀਐੱਸ ਕਰ ਚੁੱਕੇ ਰਾਮੇਂਦਰ ਸਿੰਘ ਨੇ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ।

ਜਵਾਨ ਬੇਟੇ ਦੀ ਮੌਤ ਦੇ ਗ਼ਮ ਵਿੱਚ ਕੁਝ ਦਿਨਾਂ ਬਾਅਦ ਮਾਂ ਨੇ ਤੇਜ਼ਾਬ ਪੀ ਲਿਆ ਅਤੇ ਮੌਤ ਹੋ ਗਈ।

ਬੇਟੇ ਅਤੇ ਪਤਨੀ ਦੀ ਮੌਤ ਦੇ ਬਾਅਦ 62 ਸਾਲ ਦੇ ਨਾਰਾਇਣ ਸਿੰਘ ਭਦੌਰੀਆ ਕਹਿੰਦੇ ਹਨ, "ਚਾਰ ਦਿਨਾਂ ਦੇ ਅੰਦਰ ਹੀ ਬੇਟੇ ਅਤੇ ਪਤਨੀ ਨੂੰ ਗਵਾਉਣ ਦੇ ਬਾਅਦ ਹੁਣ ਮੈਨੂੰ ਮਰਨ ਦੀ ਜਲਦੀ ਹੈ, ਹੁਣ ਜਿਉਣ ਦੀ ਕੋਈ ਇੱਛਾ ਨਹੀਂ ਹੈ।"

62 ਸਾਲ ਦੇ ਨਾਰਾਇਣ ਸਿੰਘ ਭਦੌਰੀਆ
ਤਸਵੀਰ ਕੈਪਸ਼ਨ, 62 ਸਾਲ ਦੇ ਨਾਰਾਇਣ ਸਿੰਘ ਭਦੌਰੀਆ ਦੇ ਬੇਟੇ ਅਤੇ ਪਤਨੀ ਨੇ ਖੁਦਕੁਸ਼ੀ ਕਰ ਲਈ ਸੀ

ਵਿਆਪਮ ਵਿੱਚ ਫਸੇ ਨੌਜਵਾਨਾਂ ਦਾ ਹਾਲ

ਇਸ ਘੁਟਾਲੇ ਵਿੱਚ ਵਿਚੋਲਿਆਂ, ਸਿਆਸਤਦਾਨਾਂ ਅਤੇ ਅਫ਼ਸਰਾਂ ਦੇ ਨੈੱਟਵਰਕ ਨੇ 20-22 ਸਾਲ ਦੇ ਨੌਜਵਾਨਾਂ ਨੂੰ ਪੈਸੇ ਦੇ ਬਦਲੇ ਪੀਐੱਮਟੀ (ਪ੍ਰੀ-ਮੈਡੀਕਲ ਟੈਸਟ), ਇੰਜਨੀਅਰਿੰਗ ਆਦਿ ਦੀਆਂ ਪ੍ਰਵੇਸ਼ ਪ੍ਰੀਖਿਆਵਾਂ ਧੋਖਾਧੜੀ ਨਾਲ ਪਾਸ ਕਰਵਾ ਕੇ ਦਾਖ਼ਲਾ ਲੈਣ ਦਾ ਸੁਪਨਾ ਵੇਚਿਆ।

ਹੁਣ ਮੱਧ ਪ੍ਰਦੇਸ਼ ਦੇ ਸੈਂਕੜੇ ਨੌਜਵਾਨ ਕਈ ਮਹੀਨੇ ਜੇਲ੍ਹ ਦੀਆਂ ਸਲਾਖਾਂ ਦੇ ਪਿੱਛੇ ਕੱਟਣ ਦੇ ਬਾਅਦ ਅੱਜ ਵੀ ਅਦਾਲਤਾਂ ਦੇ ਚੱਕਰ ਕੱਟ ਰਹੇ ਹਨ।

ਆਪਣੀ ਜ਼ਿੰਦਗੀ ਦੀ ਕਹਾਣੀ ਸ਼ੇਖਰ ਨੇ ਇੱਕ ਵਾਕ ਵਿੱਚ ਸੁਣਾ ਦਿੱਤੀ, "ਸਾਨੂੰ ਕਿਹਾ ਗਿਆ ਕਿ ਸਾਡੇ ਅੱਗੇ ਜੋ ਵਿਅਕਤੀ ਬੈਠਾ ਹੈ, ਉਸ ਤੋਂ ਜਵਾਬ ਨਕਲ ਕਰਨਾ ਹੈ, ਇਸ ਤਰ੍ਹਾਂ ਅਸੀਂ ਪੀਐੱਮਟੀ ਪਾਸ ਕਰ ਲਈ, ਕਾਲਜ ਵਿੱਚ ਅਡਮਿਸ਼ਨ ਹੋ ਗਈ, ਫਿਰ ਪ੍ਰਦੇਸ਼ ਵਿੱਚ ਵਿਆਪਮ ਨਾਂ ਦਾ ਘੁਟਾਲਾ ਉਜਾਗਰ ਹੋਇਆ।"

"ਸਾਡੇ ਖਿਲਾਫ਼ ਕ੍ਰਿਮੀਨਲ ਕੇਸ ਰਜਿਸਟਰਡ ਹੋਇਆ, ਸਾਨੂੰ ਕਾਲਜ ਤੋਂ ਕੱਢ ਦਿੱਤਾ ਗਿਆ, ਜੇਲ੍ਹ ਹੋਈ, ਸੱਤ-ਅੱਠ ਮਹੀਨੇ ਜੇਲ੍ਹ ਵਿੱਚ ਕੱਟਣੇ ਪਏ, ਫਿਲਹਾਲ ਹਾਈਕੋਰਟ ਤੋਂ ਜ਼ਮਾਨਤ ’ਤੇ ਰਿਹਾਅ ਹਾਂ।"

ਪੀਐੱਮਟੀ

ਤਸਵੀਰ ਸਰੋਤ, BBC/SHAAD MIDHAT

ਤਸਵੀਰ ਕੈਪਸ਼ਨ, ਰਾਜੀਵ ਦੇ ਇੱਕ ਰਿਸ਼ਤੇਦਾਰ ਨੇ ਕਿਹਾ,“ਪੈਸੇ ਦਿਓ,ਪੀਐੱਮਟੀ ਵਿੱਚ ਤੁਹਾਡੀ ਜਗ੍ਹਾ ਕੋਈ ਹੋਰ ਪੇਪਰ ਦੇ ਦੇਵੇਗਾ।”

ਵਿਆਪਮ ਦੇ ਜਾਲ ਵਿੱਚ ਫਸੇ ਇੱਕ ਹੋਰ ਨੌਜਵਾਨ ਰਾਜੀਵ ਕਹਿੰਦੇ ਹਨ, "ਅਸੀਂ ਫਸ ਗਏ ਹਾਂ, ਕੁੱਲ ਮਿਲਾ ਕੇ ਕਿਸੇ ਥਾਂ ਜੋਗੇ ਨਹੀਂ ਰਹੇ, ਸਾਡੇ ਦਸ ਸਾਲ ਨਿਕਲ ਗਏ ਹਨ, ਸ਼ਾਇਦ ਸਾਨੂੰ ਸਜ਼ਾ ਹੋ ਜਾਵੇਗੀ, ਇਸ ਤਰ੍ਹਾਂ ਸਾਡੇ ਕੁੱਲ ਸਤਾਰਾਂ ਸਾਲ ਨਿਕਲ ਜਾਣਗੇ।"

"ਸਤਾਰਾਂ ਸਾਲ ਦੇ ਬਾਅਦ ਮੈਨੂੰ ਨਹੀਂ ਲੱਗਦਾ ਅਸੀਂ ਕਿਸੇ ਜੋਗੇ ਰਹਿ ਜਾਵਾਂਗੇ।"

ਮੱਧ ਪ੍ਰਦੇਸ਼ ਦੇ ਇੱਕ ਛੋਟੇ ਜਿਹੇ ਕਸਬੇ ਵਿੱਚ ਪਲੇ ਅਤੇ ਵੱਡੇ ਹੋਏ ਰਾਜੀਵ ਦਾ ਸੁਪਨਾ ਸੀ ਕਿ ਉਹ ਪੀਐੱਮਟੀ ਪਾਸ ਕਰੇ, ਪਰ ਪੀਐੱਮਟੀ ਵਿੱਚ ਜਦੋਂ ਲਗਾਤਾਰ ਦੋ ਵਾਰ ਨਾਕਾਮੀ ਮਿਲੀ ਤਾਂ ਉਸ ਦੇ ਪਰਿਵਾਰ ਵਾਲਿਆਂ ਨੇ ਇੱਕ ਵਿਚੋਲੀਏ ਨੂੰ ਪੰਜ ਲੱਖ ਰੁਪਏ ਦਿੱਤੇ।

ਦਿਗਵਿਜੇ ਸਿੰਘ

ਇਨ੍ਹਾਂ ਪੈਸਿਆਂ ਦੇ ਬਦਲੇ ਵਿਚੋਲੀਏ ਨੇ ਰਾਜੀਵ ਲਈ ਇੱਕ ਅਜਿਹਾ ਵਿਅਕਤੀ ਉਪਲੱਬਧ ਕਰਾਇਆ ਜਿਸ ਨੇ ਉਸ ਦੀ ਥਾਂ ’ਤੇ ਪ੍ਰੀਖਿਆ ਦਿੱਤੀ।

ਲੰਬੀ ਖਿੱਚੀ ਜਾ ਰਹੀ ਜਾਂਚ ਦੇ ਦਸ ਸਾਲਾਂ ਵਿੱਚ ਰਾਜੀਵ ਅਤੇ ਸ਼ੇਖਰ ਦੀਆਂ ਜ਼ਿੰਦਗੀਆਂ ਵਿੱਚ ਵੀ ਵੱਡੀਆਂ ਤਬਦੀਲੀਆਂ ਸਾਫ਼ ਦੇਖਣ ਨੂੰ ਮਿਲੀਆਂ ਹਨ।

ਕਦੇ ਡਾਕਟਰ ਬਣਨ ਦਾ ਸੁਪਨਾ ਦੇਖਣ ਵਾਲੇ ਰਾਜੀਵ ਪਿਤਾ ਦੀ ਆਟਾ ਚੱਕੀ ਵਿੱਚ ਕਦੇ ਕਦਾਈਂ ਮਦਦ ਕਰਦੇ ਹਨ।

ਸ਼ੇਖਰ ਦਾ ਗੁਜ਼ਾਰਾ ਇੱਕ ਪ੍ਰਾਈਵੇਟ ਕੰਪਨੀ ਵਿੱਚ ਛੋਟੀ-ਮੋਟੀ ਨੌਕਰੀ ਕਰਕੇ ਹੁੰਦਾ ਹੈ, ਦੋਵਾਂ ਦੀ ਉਮਰ ਤੀਹ ਸਾਲਾਂ ਨੂੰ ਪਾਰ ਕਰ ਗਈ ਹੈ।

ਸ਼ੇਖਰ ਆਪਣੇ ਜੱਦੀ ਸ਼ਹਿਰ ਵਿੱਚ ਨਹੀਂ ਰਹਿੰਦੇ ਕਿਉਂਕਿ "ਲੋਕਾਂ ਨਾਲ ਨਜ਼ਰਾਂ ਨਹੀਂ ਮਿਲਾ ਸਕਦੇ। ਹਾਲਾਂਕਿ, ਮੇਰੇ ਤੋਂ ਜ਼ਿਆਦਾ ਦੁੱਖ ਮੇਰੇ ਬੁੱਢੇ ਮਾਂ-ਪਿਓ ਨੂੰ ਝੱਲਣਾ ਪੈ ਰਿਹਾ ਹੈ।"

ਸ਼ੇਖਰ

ਤਸਵੀਰ ਸਰੋਤ, BBC/SHAAD MIDHAT

ਤਸਵੀਰ ਕੈਪਸ਼ਨ, ਸ਼ੇਖਰ ਦੇ ਪਿਤਾ ਨੇ ਦੱਸਿਆ ਕਿ ਘੁਟਾਲੇ ਵਿੱਚ ਨਾਮ ਆਉਣ ਤੋਂ ਬਾਅਦ ਉਨ੍ਹਾਂ ਨੂੰ ਕਾਲਜ ਤੋਂ ਕੱਢ ਦਿੱਤਾ ਗਿਆ ਅਤੇ ਉਹ 8 ਮਹੀਨੇ ਜੇਲ੍ਹ ਵਿੱਚ ਰਹੇ

ਰਾਜੀਵ ਕਹਿੰਦੇ ਹਨ, "ਲੋਕਾਂ ਦਾ ਗ਼ਲਤ ਖ਼ਿਆਲ ਹੈ ਕਿ ਸਾਡੇ ਵਰਗੇ ਸਾਰੇ ਲੋਕ ਬਹੁਤ ਪੈਸੇ ਵਾਲੇ ਸਨ, ਕੁਝ ਦੇ ਕੋਲ ਸ਼ਾਇਦ ਇੱਕ-ਦੋ ਵੀਘਾ ਜ਼ਮੀਨ ਸੀ ਜਿਸ ਨੂੰ ਵੇਚ ਕੇ ਲੋਕਾਂ ਨੇ ਵਿਚੋਲਿਆਂ ਨੂੰ ਪੈਸੇ ਦਿੱਤਾ।"

"ਸਾਡੇ ਪਰਿਵਾਰ ਨੂੰ ਉਨ੍ਹਾਂ ਲੋਕਾਂ ਨੂੰ ਦੇਣ ਲਈ ਪੈਸੇ ਵਿਆਜ ’ਤੇ ਲੈਣੇ ਪਏ ਸਨ।"

ਹਾਈ ਕੋਰਟ ਦੇ ਵਕੀਲ ਉਮੇਸ਼ ਬੋਹਰੇ ਨੇ ਰਾਜੀਵ ਅਤੇ ਸ਼ੇਖਰ ਵਰਗੇ ਪੰਜਾਹ ਤੋਂ ਜ਼ਿਆਦਾ ਲੋਕਾਂ ਦੀ ਜ਼ਮਾਨਤ ਕਰਵਾਈ ਹੈ, ਉਹ ਕਹਿੰਦੇ ਹਨ ਕਿ ਵਿਆਪਮ ਘੁਟਾਲੇ ਵਿੱਚ "ਜੋ ਚੰਗੇ ਪਰਿਵਾਰਾਂ ਤੋਂ ਸਨ, ਉਹ ਬਚ ਜਾਣਗੇ, ਗਰੀਬ ਮਾਰੇ ਜਾਣਗੇ।"

ਨਿਆਂ ਵਿਵਸਥਾ ਨਾਲ ਜੁੜੇ ਇੱਕ ਹੋਰ ਵਕੀਲ ਦਾ ਕਹਿਣਾ ਹੈ ਕਿ ਜਿਨ੍ਹਾਂ ਨੇ ਮੈਡੀਕਲ-ਇੰਜੀਨੀਅਰਿੰਗ ਜਾਂ ਦੂਜੇ ਕੋਰਸਾਂ ਵਿੱਚ ਦਾਖ਼ਲੇ ਲਈ ਰਿਸ਼ਵਤ ਅਤੇ ਧੋਖਾਧੜੀ ਦਾ ਸਹਾਰਾ ਲਿਆ, ਉਨ੍ਹਾਂ ਨਾਲ ਕਿਉਂ ਕਿਸੇ ਤਰ੍ਹਾਂ ਦੀ ਹਮਦਰਦੀ ਕੀਤੀ ਜਾਵੇ?

ਬੀਬੀਸੀ

‘ਇੰਜਣ-ਬੋਗੀ ਸਿਸਟਮ’ ਕਿਵੇਂ ਕੰਮ ਕਰਦਾ ਸੀ?

ਸਰਕਾਰੀ ਸੰਸਥਾ ਵਿਆਪਮ ਸੂਬੇ ਦੇ ਤਕਨੀਕੀ ਕਾਲਜਾਂ ਵਿੱਚ ਦਾਖ਼ਲੇ ਲਈ ਪ੍ਰੀਖਿਆ ਕਰਾਉਣ ਲਈ ਜ਼ਿੰਮੇਵਾਰ ਹੈ। ਉਸ ਦੇ ਉੱਪਰ ਸਰਕਾਰੀ ਨੌਕਰੀਆਂ ਵਿੱਚ ਭਰਤੀਆਂ ਕਰਨ ਲਈ ਵੀ ਇਮਤਿਹਾਨ ਕਰਾਉਣ ਦੀ ਜ਼ਿੰਮੇਵਾਰੀ ਹੈ।

ਬਿਹਾਰ ਦੇ ਚਾਰਾ ਘੁਟਾਲੇ ਤੋਂ ਵੀ ਵੱਡਾ ਦੱਸੇ ਜਾਣ ਵਾਲੇ ਇਸ ਪ੍ਰੀਖਿਆ ਘੁਟਾਲੇ ਵਿੱਚ ਪੁਲਿਸ ਦੇ ਮੁਤਾਬਿਕ ਮੈਡਕੀਲ-ਇੰਜਨੀਅਰਿੰਗ ਆਦਿ ਦੀਆਂ ਦਾਖਲਾ ਪ੍ਰੀਖਿਆਵਾਂ ਵਿੱਚ ਉਮੀਦਵਾਰ ਦੀ ਬਜਾਏ ਦੂਜਿਆਂ ਤੋਂ ਉੱਤਰ ਲਿਖਵਾਏ ਜਾਂਦੇ ਸਨ।

ਇਗਜ਼ਾਮ ਸ਼ੀਟਸ ਇਮਤਿਹਾਨ ਦਾ ਵਕਤ ਖ਼ਤਮ ਹੋਣ ਦੇ ਬਾਅਦ ਭਰੀਆਂ ਜਾਂਦੀਆਂ ਸਨ।

ਇਸ ਪੂਰੇ ਇੰਤਜ਼ਾਮ ਨੂੰ ‘ਇੰਜਣ-ਬੋਗੀ ਸਿਸਟਮ’ ਕਿਹਾ ਜਾਂਦਾ ਹੈ।

ਇਸ ਵਿਵਸਥਾ ਵਿੱਚ ਬੈਠਣ ਦਾ ਇੰਤਜ਼ਾਮ ਇਸ ਤਰ੍ਹਾਂ ਕੀਤਾ ਜਾਂਦਾ ਸੀ ਤਾਂ ਕਿ ਅੱਗੇ-ਪਿੱਛੇ ਬੈਠੇ ਪ੍ਰੀਖਿਆਰਥੀ ਨਕਲ ਕਰ ਸਕਣ।

ਦੂਜਿਆਂ ਦੇ ਬਦਲੇ ਪ੍ਰੀਖਿਆ ਦੇਣ ਵਾਲੇ ਲੋਕ ਜਾਂ ਫਿਰ ਜਿਨ੍ਹਾਂ ਦੇ ਜਵਾਬ ਦੀ ਨਕਲ ਦੂਜਿਆਂ ਨੂੰ ਕਰਨ ਨੂੰ ਕਿਹਾ ਜਾਂਦਾ ਸੀ।

ਉਹ ਸਾਰੇ ਜ਼ਿਆਦਾਤਰ ਮਾਮਲਿਆਂ ਵਿੱਚ ਪਹਿਲਾਂ ਤੋਂ ਹੀ ਮੈਡੀਕਲ ਕਾਲਜਾਂ ਵਿੱਚ ਪੜ੍ਹ ਰਹੇ ਹੁੰਦੇ ਸਨ ਅਤੇ ਇਨ੍ਹਾਂ ਸਾਰਿਆਂ ਨੂੰ ਪੈਸੇ ਦੇ ਕੇ ਦੂਜੇ ਸ਼ਹਿਰਾਂ ਵਿੱਚ ਲਿਆਇਆ ਜਾਂਦਾ ਸੀ, ਇਨ੍ਹਾਂ ਨੂੰ ਸਾਲਵਰ ਕਿਹਾ ਜਾਂਦਾ ਹੈ।

ਸੀਬੀਆਈ ਨੇ ਆਪਣੇ ਇੱਕ ਬਿਆਨ ਵਿੱਚ ਕਿਹਾ ਹੈ ਕਿ ਇਨ੍ਹਾਂ ਸਾਲਵਰਜ਼ ਨੂੰ ਉੱਤਰ ਪ੍ਰਦੇਸ਼, ਬਿਹਾਰ, ਦਿੱਲੀ, ਰਾਜਸਥਾਨ, ਝਾਰਖੰਡ, ਪੱਛਮੀ ਬੰਗਾਲ, ਮਹਾਰਾਸ਼ਟਰ ਵਰਗੇ ਸੂਬਿਆਂ ਤੋਂ ਲਿਆਇਆ ਜਾਂਦਾ ਸੀ।

ਜ਼ਿਆਦਾਤਰ ਮਾਮਲਿਆਂ ਵਿੱਚ ਇਹ ਸਾਲਵਰਜ਼ ਜਾਂ ਤਾਂ ਮੈਡੀਕਲ ਕਾਲਜਾਂ ਵਿੱਚ ਪੜ੍ਹ ਰਹੇ ਵਿਦਿਆਰਥੀ ਹੁੰਦੇ ਸਨ ਜਾਂ ਇਹ ਕੋਚਿੰਗ ਵਿੱਚ ਪੀਐੱਮਟੀ ਦੀ ਤਿਆਰੀ ਕਰ ਰਹੇ ਤੇਜ਼ ਦਿਮਾਗ਼ ਮੁੰਡੇ ਹੁੰਦੇ ਸਨ।

ਬੀਬੀਸੀ

ਨੌਜਵਾਨ ਕਿਵੇਂ ਚੁੰਗਲ ਵਿੱਚ ਫਸਦੇ ਸਨ?

ਰਾਜੀਵ ਅਤੇ ਸ਼ੇਖਰ ਇੱਕ ਦੂਜੇ ਨਾਲੋਂ ਸੈਂਕੜੇ ਕਿਲੋਮੀਟਰ ਦੇ ਫਾਸਲੇ ’ਤੇ ਰਹਿੰਦੇ ਸਨ, ਪਰ ਦੋਵਾਂ ਦੀਆਂ ਜ਼ਿੰਦਗੀਆਂ ਲਗਭਗ ਇੱਕੋ ਜਿਹੀਆਂ ਹਨ।

ਦੋਵੇਂ ਪੀਐੱਮਟੀ ਪਾਸ ਕਰਨ ਵਿੱਚ ਨਾਕਾਮ ਰਹੇ ਸਨ ਅਤੇ ਪਰਿਵਾਰ ਵਾਲਿਆਂ ਦਾ ਦਬਾਅ ਝੱਲ ਰਹੇ ਸਨ, ਜਿਸ ਦੇ ਬਾਅਦ ਉਨ੍ਹਾਂ ਨੇ ਵਿਚੋਲਿਆਂ ਦਾ ਸੁਝਾਇਆ ਰਸਤਾ ਚੁਣਿਆ।

ਸ਼ੇਖਰ ਦੇ ਮੁਤਾਬਕ, ਉਨ੍ਹਾਂ ਵਰਗੇ ਲੋਕ ਹੀ ਵਿਆਪਮ ਘੁਟਾਲਾ ਨੈੱਟਵਰਕ ਦਾ ਟਾਰਗੈੱਟ ਹੁੰਦੇ ਸਨ,"ਇਹ ਉਨ੍ਹਾਂ ਦੀ ਮਾਰਕੀਟਿੰਗ ਸਟਰੈਟਜੀ ਸੀ ਜਿਸ ਨਾਲ ਸਾਡੇ ਲੋਕਾਂ ਦਾ ਸੰਪਰਕ ਅਜਿਹੇ ਲੋਕਾਂ ਨਾਲ ਹੋਇਆ।"

ਰਾਜੀਵ ਦੇ ਮਾਮਲੇ ਵਿੱਚ ਉਨ੍ਹਾਂ ਦੇ ਭਰਾ ਦੇ ਇੱਕ ਰਿਸ਼ਤੇਦਾਰ ਨੇ ਉਨ੍ਹਾਂ ਨਾਲ ਕਸਬੇ ਵਿੱਚ ਸੰਪਰਕ ਕਰਕੇ ਕਿਹਾ ਕਿ ਪਰੇਸ਼ਾਨ ਹੋਣ ਤੋਂ ਬਿਹਤਰ ਹੈ ਕਿ ਪੰਜ ਲੱਖ ਰੁਪਏ ਖਰਚ ਕਰੋ, ਮੈਡੀਕਲ ਕਾਲਜ ਵਿੱਚ ਸਿਲੈਕਸ਼ਨ ਪੱਕਾ।

20-25 ਹਜ਼ਾਰ ਰੁਪਏ ਅਡਵਾਂਸ ਦੇਣ ਦੇ ਬਾਅਦ ਉਨ੍ਹਾਂ ਦੇ ਡਾਕੂਮੈਂਟਸ ਲੈ ਲਏ ਗਏ ਅਤੇ ਉਨ੍ਹਾਂ ਨੂੰ ਦੱਸਿਆ ਗਿਆ ਕਿ ਉਨ੍ਹਾਂ ਦੀ ਜਗ੍ਹਾ ਕੋਈ ਹੋਰ ਵਿਅਕਤੀ ਪੀਐੱਮਟੀ ਵਿੱਚ ਬੈਠੇਗਾ ਅਤੇ ਉਸ ਦਾ ਨਾਂ ਅਡਮਿਸ਼ਨ ਲਿਸਟ ਵਿੱਚ ਸ਼ਾਮਲ ਹੋਵੇਗੇ।

ਇਸ ਦੇ ਬਾਅਦ ਉਨ੍ਹਾਂ ਨੂੰ ਇੱਕ ਸਰਕਾਰੀ ਮੈਡੀਕਲ ਕਾਲਜ ਵਿੱਚ ਦਾਖ਼ਲਾ ਵੀ ਮਿਲ ਗਿਆ।

ਰਾਜੀਵ ਕਹਿੰਦੇ ਹਨ, "ਅਸੀਂ ਅਡਮਿਸ਼ਨ ਲੈਣ ਗਏ ਤਾਂ ਉੱਥੇ ਪੂਰੀ ਕਮੇਟੀ ਬੈਠੀ ਸੀ। ਉਨ੍ਹਾਂ ਨੇ ਸਾਡੇ ਡਾਕੂਮੈਂਟਸ ਦੇਖੇ ਫਿਰ ਵੀ ਸਾਨੂੰ ਅਡਮਿਸ਼ਨ ਦੇ ਦਿੱਤੀ, ਜਦੋਂ ਕਿ ਮੇਰੇ ਐਡਮਿਟ ਕਾਰਡ ਵਿੱਚ ਜੋ ਤਸਵੀਰ ਲੱਗੀ ਸੀ, ਉਹ ਉਸ ਵਿਅਕਤੀ ਦੀ ਸੀ ਜਿਸ ਨੇ ਮੇਰੇ ਬਦਲੇ ਵਿੱਚ ਮੈਡੀਕਲ ਦੀ ਦਾਖਲਾ ਪ੍ਰੀਖਿਆ ਦਿੱਤੀ ਸੀ।"

ਉਹ ਕਹਿੰਦੇ ਹਨ, "ਇਹ ਏਜੰਟ, ਇਗਜ਼ਾਮ ਹਾਲ ਵਿੱਚ ਹੋਣ ਵਾਲੀਆਂ ਗੜਬੜਾਂ, ਦਾਖ਼ਲੇ ਦੀ ਜਾਂਚ ਵਿੱਚ ਬੈਠੇ ਲੋਕ, ਇਹ ਪੂਰਾ ਨੈੱਟਵਰਕ ਦਸ-ਬਾਰਾਂ ਲੋਕਾਂ ਦਾ ਨਹੀਂ ਹੋ ਸਕਦਾ, ਇੱਕ ਪੂਰਾ ਸਿਸਟਮ ਕੰਮ ਕਰ ਰਿਹਾ ਸੀ।"

"ਪਰ ਅੱਜ ਦਸ ਸਾਲਾਂ ਬਾਅਦ ਸਾਨੂੰ ਲੋਕਾਂ ਨੂੰ ਸਜ਼ਾ ਹੋ ਰਹੀ ਹੈ, ਪਰ ਇਹ ਨਹੀਂ ਦੇਖਿਆ ਜਾ ਰਿਹਾ ਕਿ ਅਸੀਂ ਇਸ ਜਾਲ ਵਿੱਚ ਕਿਵੇਂ ਫਸੇ, ਸਾਨੂੰ ਅੱਗੇ ਕਰਕੇ ਅਸਲੀ ਦੋਸ਼ੀਆਂ ਨੂੰ ਬਚਾਉਣ ਦੀ ਕੋਸ਼ਿਸ਼ ਹੋ ਰਹੀ ਹੈ।"

ਐੱਸਟੀਐੱਫ ਅਤੇ ਸੀਬੀਆਈ ਨੇ ਆਪਣੇ ਮੁਕੱਦਮਿਆਂ ਵਿੱਚ ਸੈਂਕੜੇ ਪ੍ਰੀਖਿਆਰਥੀਆਂ ਅਤੇ ਮਾਪਿਆਂ ਨੂੰ ਵੀ ਸ਼ਾਮਲ ਕੀਤਾ, ਜਿਸ ਨੂੰ ਲੈ ਕੇ ਨਾਗਰਿਕ ਸਮੂਹਾਂ ਤੋਂ ਲੈ ਕੇ, ਵ੍ਹਿਸਲਬਲੋਅਰ, ਸਿਆਸਤਦਾਨਾਂ ਅਤੇ ਖ਼ੁਦ ਵਿਦਿਆਰਥੀ ਸਵਾਲ ਉਠਾਉਂਦੇ ਰਹੇ ਹਨ।

ਸੀਬੀਆੀ

ਤਸਵੀਰ ਸਰੋਤ, PTI

ਤਸਵੀਰ ਕੈਪਸ਼ਨ, ਐੱਸਟੀਐੱਫ ਅਤੇ ਸੀਬੀਆਈ ਨੇ ਆਪਣੇ ਮੁਕੱਦਮਿਆਂ ਵਿੱਚ ਸੈਂਕੜੇ ਪ੍ਰੀਖਿਆਰਥੀਆਂ ਅਤੇ ਮਾਪਿਆਂ ਨੂੰ ਵੀ ਸ਼ਾਮਲ ਕੀਤਾ

ਕੀ ਘੁਟਾਲੇ ਦੇ ਜ਼ਿੰਮੇਵਾਰ ਲੋਕ ਫੜੇ ਗਏ?

ਅਜਿਹੇ ਸਵਾਲ ਬਹੁਤ ਦੂਜੇ ਲੋਕ ਚੁੱਕਦੇ ਹਨ। ਖ਼ਾਸ ਤੌਰ ’ਤੇ ਇਸ ਲਈ ਵੀ ਕਿ ਪੀਐੱਮਟੀ ਵਿੱਚ ਘੁਟਾਲੇ ਨੂੰ ਲੈ ਕੇ ਸੂਬੇ ਦੇ ਵਿਭਿੰਨ ਥਾਣਿਆਂ ਵਿੱਚ 25 ਸਾਲ ਪਹਿਲਾਂ ਤੋਂ ਹੀ ਮਾਮਲੇ ਦਰਜ ਹੁੰਦੇ ਰਹੇ ਹਨ।

ਇਨ੍ਹਾਂ ਦੀ ਗਿਣਤੀ ਕਈ ਰਿਪੋਰਟਾਂ ਵਿੱਚ 55 ਤੱਕ ਦੱਸੀ ਗਈ ਹੈ।

ਬੀਬੀਸੀ ਨਾਲ ਗੱਲਬਾਤ ਵਿੱਚ ਕਾਂਗਰਸ ਦੇ ਜਨਰਲ ਸਕੱਤਰ ਦਿਗਵਿਜੈ ਸਿੰਘ ਜਾਂਚ ਨੂੰ ਗ਼ਲਤ ਦਿਸ਼ਾ ਵਿੱਚ ਲੈ ਕੇ ਜਾਣ ਦਾ ਇਲਜ਼ਾਮ ਲਗਾਉਂਦੇ ਹਨ।

ਉਹ ਹਰਿਆਣਾ ਦੀ ਮਿਸਾਲ ਦਿੰਦੇ ਹਨ ਜਿੱਥੇ ਅਧਿਆਪਕ ਘੁਟਾਲੇ ਵਿੱਚ ਜਿਨ੍ਹਾਂ ਲੋਕਾਂ ਨੇ ਬਹਾਲੀ ਲਈ ਪੈਸਾ ਦਿੱਤਾ ਸੀ, ਉਨ੍ਹਾਂ ਨੂੰ ਮੁਲਜ਼ਮ ਨਹੀਂ ਗਵਾਹ ਬਣਾਇਆ ਗਿਆ ਅਤੇ ਇਸ ਤਰ੍ਹਾਂ ਜਾਂਚ ਕਰਨ ਵਾਲੇ ਸਿਖਰ ’ਤੇ ਬੈਠੇ ਲੋਕਾਂ ਤੱਕ ਪਹੁੰਚੇ।

ਪਰ ਇੱਥੇ ਜਿਨ੍ਹਾਂ ਨੇ ਪੈਸੇ ਦਿੱਤੇ ਹਨ, ਉਨ੍ਹਾਂ ਨੂੰ ਹੀ ਜ਼ਿਆਦਾਤਰ ਜੇਲ੍ਹ ਹੋ ਰਹੀ ਹੈ। ਕੁਝ ਉਨ੍ਹਾਂ ਲੋਕਾਂ ਨੂੰ ਵੀ ਜੇਲ੍ਹ ਹੋਈ ਜਿਨ੍ਹਾਂ ਨੇ ਪੈਸੇ ਲਈ, ਪਰ ਉਹ ਸਭ ਛੁੱਟ ਰਹੇ ਹਨ।

ਉਹ ਕਹਿੰਦੇ ਹਨ, "ਮੇਰਾ ਸਵਾਲ ਹੈ ਸੀਬੀਆਈ ਨੂੰ ਕਿ ਉਨ੍ਹਾਂ ਲੋਕਾਂ ਨੂੰ ਕਿਉਂ ਗਵਾਹ ਨਹੀਂ ਬਣਾਇਆ ਗਿਆ ਜੋ ਦੱਸ ਰਹੇ ਹਨ ਕਿ ਕਿਵੇਂ ਅਸੀਂ ਇਸ ਜਾਲ ਵਿੱਚ ਫਸ ਗਏ?"

ਵਿਆਪਮ ਘੁਟਾਲੇ ਨੂੰ ਉਜਾਗਰ ਕਰਨ ਵਾਲਿਆਂ ਵਿੱਚ ਸ਼ਾਮਲ ਰਹੇ ਡਾਕਟਰ ਆਨੰਦ ਰਾਏ ਕਹਿੰਦੇ ਹਨ, "ਜੇਲ੍ਹ ਹੋ ਰਹੀ ਹੈ ਛੋਟੇ ਲੋਕਾਂ ਨੂੰ। ਇਹ ਇੱਕ ਪਿਰਾਮਿਡ ਦੀ ਤਰ੍ਹਾਂ ਹੈ, ਜਿਸ ਵਿੱਚ ਪ੍ਰੀਖਿਆਰਥੀ ਹਨ, ਮਾਪੇ ਹਨ, ਜੇਲ੍ਹ ਇਨ੍ਹਾਂ ਲੋਕਾਂ ਨੂੰ ਹੋ ਰਹੀ ਹੈ।"

"ਜਿਨ੍ਹਾਂ ਲੋਕਾਂ ਨੇ ਪੈਸਾ ਬਣਾਇਆ, ਉਹ ਪਿਰਾਮਿਡ ਵਿੱਚ ਉੱਪਰ ਹਨ, ਉਨ੍ਹਾਂ ਨੂੰ ਕੁਝ ਨਹੀਂ ਹੋ ਰਿਹਾ, ਉਹ ਛੁੱਟ ਗਏ, ਸਭ ਵੱਡੇ ਲੋਕ ਸਨ। ਹੁਣ ਤੁਸੀਂ 10-15 ਸਾਲ ਤੱਕ ਵੀ ਜਾਂਚ ਜਾਰੀ ਰੱਖੋਗੇ ਤਾਂ ਕੀ ਹੋਵੇਗਾ?"

ਬੀਬੀਸੀ

ਡਾਕਟਰ ਆਨੰਦ ਰਾਏ ਦਾ ਕਹਿਣਾ ਹੈ ਕਿ ਲੰਬੀ ਲੜਾਈ ਕਦੇ-ਕਦੇ ਹਤਾਸ਼ ਕਰ ਦਿੰਦੀ ਹੈ, ਵੱਡੀਆਂ ਅਦਾਲਤਾਂ ਵਿੱਚ ਤਾਂ ਫਿਰ ਵੀ ਕਈ ਵੱਡੇ ਵਕੀਲ ਮੁਫ਼ਤ ਮੁਕੱਦਮੇ ਲੜਨ ਅਤੇ ਦੂਜੀ ਤਰ੍ਹਾਂ ਦੀ ਮਦਦ ਕਰ ਦਿੰਦੇ ਹਨ, ਪਰ ਛੋਟੀਆਂ ਅਦਾਲਤਾਂ ਵਿੱਚ ਇਹ ਬਹੁਤ ਮੁਸ਼ਕਿਲ ਹੈ।

ਕੁਝ ਹਫ਼ਤੇ ਪਹਿਲਾਂ ਹੀ ਮੱਧ ਪ੍ਰਦੇਸ਼ ਵਿੱਚ ਪਟਵਾਰੀਆਂ ਦੀ ਭਰਤੀ ਵਿੱਚ ਘੁਟਾਲੇ ਦਾ ਮਾਮਲਾ ਸਾਹਮਣੇ ਆਇਆ ਹੈ ਯਾਨਿ ਭਰਤੀ ਅਤੇ ਸ਼ਾਇਦ ਪ੍ਰਵੇਸ਼ ਪ੍ਰੀਖਿਆ ਘੁਟਾਲਾ ਸੂਬੇ ਵਿੱਚ ਬਾਦਸਤੂਰ ਜਾਰੀ ਹੈ।

ਵਿਰੋਧੀ ਦਲ ਕਾਂਗਰਸ ਦਾ ਕਹਿਣਾ ਹੈ ਕਿ ਆਗਾਮੀ ਵਿਧਾਨ ਸਭਾ ਚੋਣ ਵਿੱਚ ਭ੍ਰਿਸ਼ਟਾਚਾਰ ਵੱਡਾ ਮੁੱਦਾ ਰਹੇਗਾ ਅਤੇ ਜ਼ਾਹਿਰ ਹੈ ਵਿਆਪਮ ਘੁਟਾਲਾ ਉਸੀ ਨਾਲ ਜੁੜਿਆ ਹੈ।

ਸੁਪਰੀਮ ਕੋਰਟ ਵਿੱਚ ਵੀ ਵਿਆਪਮ ਘੁਟਾਲੇ ਦੀ ਜਾਂਚ ਨੂੰ ਲੈ ਕੇ ਕਈ ਅਰਜ਼ੀਆਂ ਸੁਣਵਾਈ ਲਈ ਲੰਬਿਤ ਹਨ।

ਰਾਜੀਵ ਦੇ ਪਿਤਾ

ਤਸਵੀਰ ਸਰੋਤ, BBC/SHAAD MIDHAT

ਤਸਵੀਰ ਕੈਪਸ਼ਨ, ਕਦੀ ਡਾਕਟਰ ਬਣਨ ਦਾ ਸੁਫ਼ਨਾ ਦੇਖਣ ਵਾਲੇ ਰਾਜੀਵ ਦੇ ਪਿਤਾ ਦੀ ਆਟਾ-ਚੱਕੀ ਦੇ ਕੰਮ ਵਿੱਚ ਮਦਦ ਕਰਦੇ ਹਨ

ਵਿਆਪਮ ਵਿੱਚ ਹੁਣ ਤੱਕ ਕੀ ਹੋਇਆ?

1982

ਪੇਸ਼ੇਵਰ ਕੋਰਸਾਂ ਲਈ ਦਾਖਲਾ ਪ੍ਰੀਖਿਆ ਲੈਣ ਲਈ ਵਿਯਾਵਸਾਇਕ ਪ੍ਰੀਖਿਆ ਮੰਡਲ (ਵਿਆਪਮ) ਦੀ ਸਥਾਪਨਾ ਕੀਤੀ ਗਈ

2009

ਮੈਡੀਕਲ ਪ੍ਰੀਖਿਆ ਦਾ ਪੇਪਰ ਲੀਕ- ਪਹਿਲੀ ਸ਼ਿਕਾਇਤ ਦਰਜ

ਦਸੰਬਰ 2009

ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਘੁਟਾਲੇ ਦੀ ਜਾਂਚ ਲਈ ਪੈਨਲ ਬਣਾਇਆ

ਅਗਸਤ 2013

ਐੱਸਟੀਐੱਫ ਨੇ ਜਾਂਚ ਸੰਭਾਲੀ, 55 ਐੱਫਆਈਆਰ ਦਰਜ ਕੀਤੀਆਂ ਗਈਆਂ

ਅਕਤੂਬਰ 2013

345 ਪ੍ਰੀਖਿਆਰਥੀਆਂ ਦਾ ਪ੍ਰਵੇਸ਼ ਰੱਦ

ਦਸੰਬਰ 2013

ਸਾਬਕਾ ਉੱਚ ਸਿੱਖਿਆ ਮੰਤਰੀ ਲਕਸ਼ਮੀਕਾਂਤ ਸ਼ਰਮਾ ’ਤੇ ਮਾਮਲਾ ਦਰਜ

ਜੂਨ 2015

ਐੱਸਆਈਟੀ ਦਾ ਬਿਆਨ, ਘੁਟਾਲੇ ਨਾਲ ਜੁੜੇ 23 ਲੋਕਾਂ ਦੀ ਮੌਤ ‘ਗੈਰਕੁਦਰਤੀ ਕਾਰਨਾਂ’ ਨਾਲ ਮੌਤ, ਗ਼ੈਰ ਰਸਮੀ ਗਿਣਤੀ ਅਨੁਸਾਰ ਇਹ ਗਿਣਤੀ 46

ਜੁਲਾਈ 2015

ਪੱਤਰਕਾਰ ਅਕਸ਼ੈ ਸਿੰਘ ਦੀ ਮੌਤ, ਇੱਕ ਮੈਡੀਕਲ ਵਿਦਿਆਰਥੀ ਨਮਰਤਾ ਡਾਮੋਰ ਦੀ ਮੌਤ ਦੇ ਬਾਅਦ ਉਹ ਉਨ੍ਹਾਂ ਦੇ ਪਿਤਾਂ ਦੀ ਇੰਟਰਵਿਊ ਲੈਣ ਝਾਬੂਆ ਗਏ ਸਨ, ਜਿੱਥੇ ਉਨ੍ਹਾਂ ਦੀ ਮੌਤ ਹੋ ਗਈ

ਜੁਲਾਈ 2015

ਜਬਲਪੁਰ ਸਥਿਤ ਨੇਤਾਜੀ ਸੁਭਾਸ਼ ਚੰਦਰ ਬੋਸ ਮੈਡੀਕਲ ਕਾਲਜ ਦੇ ਡੀਨ ਅਰੁਣ ਸ਼ਰਮਾ, ਦਿੱਲੀ ਦੇ ਹੋਟਲ ਵਿੱਚ ਮ੍ਰਿਤਕ ਮਿਲੇ

ਜੁਲਾਈ 2015

ਸ਼ਿਵਰਾਜ ਸਿੰਘ ਚੌਹਾਨ ਸੀਬੀਆਈ ਜਾਂਚ ਲਈ ਸਹਿਮਤ ਹੋਏ

ਜੁਲਾਈ 2015

ਆਰਟੀਆਈ ਦਸਤਾਵੇਜ਼ਾਂ ਤੋਂ ਪਤਾ ਲੱਗਿਆ ਕਿ ਸ਼੍ਰੀ ਚੌਹਾਨ ਨੇ ਵਿਧਾਨ ਸਭਾ ਤੋਂ ਘੁਟਾਲੇ ਦੀ ਜਾਣਕਾਰੀ ਛੁਪਾਈ

ਜੁਲਾਈ 2015

ਸੀਬੀਆਈ ਨੇ 150 ਮੁਲਜ਼ਮਾਂ ਦੇ ਖਿਲਾਫ਼ ਭ੍ਰਿਸ਼ਟਾਚਾਰ, ਧੋਖਾਧੜੀ ਅਤੇ ਅਪਰਾਧਿਕ ਸਾਜ਼ਿਸ਼ ਤਹਿਤ ਮਾਮਲੇ ਦਰਜ ਕੀਤੇ

ਅਗਸਤ 2015

ਸੀਬੀਆਈ ਨੇ ਘੁਟਾਲੇ ਵਿੱਚ ਕਥਿਤ ਸ਼ਮੂਲੀਅਤ ਲਈ 1,200 ਤੋਂ ਜ਼ਿਆਦਾ ਲੋਕਾਂ ਦੇ ਖਿਲਾਫ਼ ਸੱਤ ਮਾਮਲੇ ਦਰਜ ਕੀਤੇ

ਸਤੰਬਰ 2015

ਸੁਪਰੀਟ ਕੋਰਟ ਨੇ ਸੀਬੀਆਈ ਨੂੰ ਵਿਆਪਮ ਦੇ ਸਾਰੇ ਮਾਮਲੇ ਆਪਣੇ ਹੱਥ ਵਿੱਚ ਲੈਣ ਨੂੰ ਕਿਹਾ

ਜਨਵਰੀ 2018

ਸੀਬੀਆਈ ਨੇ ਘੁਟਾਲੇ ਦੇ ਸਬੰਧ ਵਿੱਚ 95 ਮੁਲਜ਼ਮਾਂ ਦੇ ਖਿਲਾਫ਼ ਨਵਾਂ ਦੋਸ਼ ਪੱਤਰ ਦਾਇਰ ਕੀਤਾ

ਜੁਲਾਈ 2019

ਆਡਿਟ ਰਿਪੋਰਟ ਨਾਲ ਵਿਆਪਮ ਦੇ ਅੰਦਰ ਅਨਿਯਮਤਾਵਾਂ ਦਾ ਖੁਲਾਸਾ ਹੋਇਆ

ਸਰੋਤ: ਬੀਬੀਸੀ ਰਿਸਰਚ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)