‘ਔਰਤਾਂ ਨੂੰ ਮਾਰਨ ਤੋਂ ਬਾਅਦ ਉਹ ਉਨ੍ਹਾਂ ਦੀਆਂ ਲਾਸ਼ਾਂ ਨਾਲ ਬਲਾਤਕਾਰ ਕਰਦੇ ਰਹੇ'

ਤਸਵੀਰ ਸਰੋਤ, BBC/NIK MILLARD
- ਲੇਖਕ, ਲੂਸੀ ਵਿਲਿਅਮਸਨ
- ਰੋਲ, ਬੀਬੀਸੀ ਪੱਤਰਕਾਰ
ਬੀਬੀਸੀ ਨੇ 7 ਅਕਤੂਬਰ ਦੇ ਹਮਾਸ ਹਮਲੇ ਦੌਰਾਨ ਔਰਤਾਂ ਖ਼ਿਲਾਫ਼ ਜਿਣਸੀ ਹਿੰਸਾ, ਰੇਪ ਅਤੇ ਕੱਟ-ਵੱਢ ਦੇ ਸਬੂਤ ਦੇਖੇ ਅਤੇ ਸੁਣੇ।
ਚੇਤਾਵਨੀ: ਜਿਨਸੀ ਹਿੰਸਾ ਅਤੇ ਰੇਪ ਦਾ ਵਰਨਣ ਸ਼ਾਮਲ ਹੈ।
ਹਮਲੇ ਵਿੱਚ ਜਾਨ ਗਵਾਉਣ ਵਾਲਿਆਂ ਦੀਆਂ ਲਾਸ਼ਾਂ ਇਕੱਠੀਆਂ ਕਰਨ ਅਤੇ ਉਨ੍ਹਾਂ ਦੀ ਪਛਾਣ ਵਿੱਚ ਸ਼ਾਮਲ ਲੋਕਾਂ ਨੇ ਦੱਸਿਆ ਕਿ ਉਨ੍ਹਾਂ ਨੇ ਜਿਨਸੀ ਹਮਲੇ ਦੇ ਕਈ ਨਿਸ਼ਾਨ ਦੇਖੇ ਹਨ।
ਇਨ੍ਹਾਂ ਵਿੱਚ ਔਰਤਾਂ ਦੇ ਨੁਕਸਾਨੇ ਪੇਡੂ, ਸੱਟਾਂ, ਕੱਟ ਅਤੇ ਹੰਝੂ ਸ਼ਾਮਲ ਹਨ। ਪੀੜਤਾਂ ਵਿੱਚ ਬੱਚਿਆਂ ਤੋਂ ਲੈ ਕੇ ਜਵਾਨ ਅਤੇ ਬਜ਼ੁਰਗ ਤੱਕ ਸਨ।
ਨੋਵਾ ਸੰਗੀਤ ਫੈਸਟੀਵਲ ਦੇ ਗਵਾਹਾਂ ਦੇ ਬਿਆਨਾਂ ਦੀ ਵੀਡੀਓ ਪੁਲਿਸ ਨੇ ਪੱਤਰਕਾਰਾਂ ਨੂੰ ਦਿਖਾਈ ਜਿਸ ਵਿੱਚ ਗੈਂਗ ਰੇਪ, ਸਰੀਰਕ ਵਿਗਾੜ ਅਤੇ ਕਤਲਾਂ ਬਾਰੇ ਵੇਰਵੇ ਸ਼ਾਮਲ ਸਨ।
ਬਿਨ੍ਹਾਂ ਕੱਪੜਿਆਂ ਤੋਂ ਖੂਨ ਨਾਲ ਲਥਪਥ ਔਰਤਾਂ ਦੀਆਂ ਵੀਡੀਓਜ਼ ਅਤੇ ਬਾਅਦ ਵਿੱਚ ਲਈਆਂ ਗਈਆਂ ਲਾਸ਼ਾਂ ਦੀਆਂ ਤਸਵੀਰਾਂ ਦਰਸਾਉਂਦੀਆਂ ਹਨ ਕਿ ਔਰਤਾਂ ਜਿਨਸੀ ਹਮਲੇ ਦਾ ਸ਼ਿਕਾਰ ਹੋਈਆਂ ਸਨ।
ਮੰਨਿਆ ਜਾਂਦਾ ਹੈ ਕਿ ਬਹੁਤ ਘੱਟ ਪੀੜਤ ਆਪਣੀ ਦਾਸਤਾਨ ਸੁਣਾਉਣ ਲਈ ਬਚੇ ਹਨ।
ਮ੍ਰਿਤਕਾਂ ਦੇ ਆਖ਼ਰੀ ਪਲਾਂ ਨੂੰ ਹਮਲੇ ਦੌਰਾਨ ਬਚੇ ਲੋਕਾਂ, ਲਾਸ਼ਾਂ ਨੂੰ ਇਕੱਠਾ ਕਰਨ ਵਾਲਿਆਂ, ਮੁਰਦਾਘਰ ਦੇ ਸਟਾਫ਼ ਅਤੇ ਹਮਲੇ ਵਾਲੀ ਥਾਂ ਤੋਂ ਮਿਲੀਆਂ ਵੀਡੀਓਜ਼ ਜ਼ਰੀਏ ਸੰਕਲਿਤ ਕੀਤਾ ਜਾ ਰਿਹਾ ਹੈ।
ਪੁਲਿਸ ਨੇ ਨਿੱਜੀ ਤੌਰ ’ਤੇ ਪੱਤਰਕਾਰਾਂ ਨੂੰ ਨੋਵਾ ਫੈਸਟੀਵਲ ’ਤੇ ਹਮਲੇ ਦੌਰਾਨ ਇੱਕ ਔਰਤ ਦੀ ਭਿਆਨਕ ਗਵਾਹੀ ਦੀ ਵੀਡੀਓ ਦਿਖਾਈ।
ਉਹ ਦੱਸਦੀ ਹੈ ਕਿ ਹਮਾਸ ਦੇ ਲੜਾਕਿਆਂ ਨੇ ਇੱਕ ਔਰਤ ਨਾਲ ਸਮੂਹਿਕ ਬਲਾਤਕਾਰ ਕੀਤਾ ਅਤੇ ਸਰੀਰ ’ਤੇ ਕੱਟ-ਵੱਢ ਕੀਤੀ। ਫਿਰ ਉਸ ਦੇ ਆਖ਼ਰੀ ਹਮਲਾਵਰ ਨੇ ਰੇਪ ਕਰਦਿਆਂ-ਕਰਦਿਆਂ ਉਸ ਦੇ ਸਿਰ ਵਿੱਚ ਗੋਲੀ ਮਾਰ ਦਿੱਤੀ।
ਵੀਡੀਓ ਵਿੱਚ, ਗਵਾਹ ‘ਐੱਸ’ ਵਜੋਂ ਜਾਣੀ ਜਾਂਦੀ ਇੱਕ ਔਰਤ ਦਿਖਾਉਂਦੀ ਹੈ ਕਿ ਕਿਵੇਂ ਪੀੜਤ ਨੂੰ ਚੁੱਕ ਕੇ ਇੱਕ ਤੋਂ ਬਾਅਦ ਦੂਜੇ ਹਮਲਾਵਰ ਨੂੰ ਦਿੱਤਾ ਜਾਂਦਾ ਸੀ।

ਤਸਵੀਰ ਸਰੋਤ, BBC/NIK MILLARD
‘ਸਿਰ ’ਤੇ ਗੋਲੀ ਮਾਰਨ ਤੋਂ ਬਾਅਦ ਵੀ ਕਰਦੇ ਰਹੇ ਬਲਾਤਕਾਰ’
ਗਵਾਹ ਕਹਿੰਦੀ ਹੈ, “ਉਹ ਜਿਉਂਦੀ ਸੀ। ਉਸ ਦੀ ਪਿੱਠ ਤੋਂ ਖੂਨ ਵਗ ਰਿਹਾ ਸੀ।”
ਫਿਰ ਉਹ ਦੱਸਦੀ ਹੈ ਕਿ ਕਿਵੇਂ ਹਮਲਾਵਰ ਆਦਮੀ ਹਮਲੇ ਦੌਰਾਨ ਪੀੜਤਾ ਦੇ ਸਰੀਰ ਦੇ ਅੰਗ ਕੱਟਦੇ ਸਨ।
“ਉਨ੍ਹਾਂ ਨੇ ਉਸ ਦੀ ਛਾਤੀ ਦੇ ਟੁਕੜੇ ਕੀਤੇ ਅਤੇ ਸੜਕ ‘ਤੇ ਸੁੱਟ ਦਿੱਤੇ। ਉਹ ਇਸ ਨਾਲ ਖੇਡ ਰਹੇ ਸਨ। ਫਿਰ ਪੀੜਤ ਨੂੰ ਵਰਦੀ ਵਾਲੇ ਇੱਕ ਹੋਰ ਆਦਮੀ ਨੂੰ ਦੇ ਦਿੱਤਾ ਗਿਆ। ਉਹ ਔਰਤ ਨਾਲ ਰੇਪ ਕਰਨ ਲੱਗਿਆ ਅਤੇ ਇਸ ਦੌਰਾਨ ਉਸ ਦੇ ਸਿਰ ਵਿੱਚ ਗੋਲੀ ਮਾਰ ਦਿੱਤੀ।”
ਫੈਸਟੀਵਲ ਵਾਲੀ ਥਾਂ ਤੋਂ ਇੱਕ ਹੋਰ ਆਦਮੀ ਜਿਸ ਨਾਲ ਅਸੀਂ ਗੱਲ ਕੀਤੀ, ਕਹਿੰਦਾ ਹੈ, ਰੇਪ ਦੇ ਸ਼ਿਕਾਰ ਬਣਾਏ ਜਾ ਰਹੇ, ਕਤਲ ਹੋ ਰਹੇ, ਸਿਰ ਕਲਮ ਹੋ ਰਹੇ ਲੋਕਾਂ ਦੀਆਂ ਅਵਾਜ਼ਾਂ ਅਤੇ ਚੀਕਾਂ ਉਸ ਨੇ ਸੁਣੀਆਂ।
ਅਸੀਂ ਪੁੱਛਿਆ ਕਿ ਬਿਨ੍ਹਾਂ ਦੇਖੇ ਉਹ ਇੰਨੇ ਯਕੀਨ ਨਾਲ ਕਿਵੇਂ ਕਹਿ ਸਕਦਾ ਹੈ ਕਿ ਉਹ ਚੀਕਾਂ ਕਿਸੇ ਹੋਰ ਹਿੰਸਾ ਦੀ ਬਜਾਏ ਜਿਨਸੀ ਹਿੰਸਾ ਦੀਆਂ ਹੀ ਸਨ। ਉਹ ਕਹਿੰਦਾ ਹੈ ਕਿ ਜਦੋਂ ਉਹ ਚੀਕਾਂ ਸੁਣ ਰਿਹਾ ਸੀ ਤਾਂ ਯਕੀਨ ਸੀ ਕਿ ਇਹ ਰੇਪ ਦੀਆਂ ਹੀ ਹੋ ਸਕਦੀਆਂ ਹਨ।
ਇੱਕ ਸੰਸਥਾ ਜ਼ਰੀਏ ਦਿੱਤੇ ਆਪਣੇ ਬਿਆਨ ਵਿੱਚ ਉਹ ਇਸ ਨੂੰ ‘ਅਣਮਨੁੱਖੀ’ ਕਰਾਰ ਦਿੰਦਾ ਹੈ।
ਉਹ ਕਹਿੰਦੇ ਹਨ,“ਕਈ ਔਰਤਾਂ ਨਾਲ ਮੌਤ ਤੋਂ ਪਹਿਲਾਂ ਰੇਪ ਹੋਇਆ, ਕਈਆਂ ਨਾਲ ਜ਼ਖਮੀ ਹਾਲਤ ਵਿੱਚ ਰੇਪ ਹੋਇਆ ਅਤੇ ਕਈ ਔਰਤਾਂ ਦੇ ਮ੍ਰਿਤਕ ਸਰੀਰਾਂ ਨਾਲ ਰੇਪ ਹੋਇਆ। ਮੈਂ ਮਦਦ ਕਰਨ ਲਈ ਤਿਆਰ ਸੀ, ਪਰ ਮੈਂ ਕੁਝ ਨਹੀਂ ਕਰ ਸਕਦਾ ਸੀ।”
ਪੁਲਿਸ ਦੱਸਦੀ ਹੈ ਕਿ ਉਨ੍ਹਾਂ ਕੋਲ ਜਿਨਸੀ ਹਮਲੇ ਦੀ ਗਵਾਹੀ ਭਰਨ ਵਾਲੇ ਕਈ ਬਿਆਨ ਹਨ, ਪਰ ਕਿੰਨੇ ਹਨ ਇਸ ਬਾਰੇ ਨਹੀਂ ਦੱਸ ਸਕਦੇ। ਜਦੋਂ ਅਸੀਂ ਉਨ੍ਹਾਂ ਨਾਲ ਗੱਲ ਕੀਤੀ ਸੀ ਤਾਂ ਉਨ੍ਹਾਂ ਨੇ ਕਿਸੇ ਬਚੇ ਪੀੜਤ ਨਾਲ ਇੰਟਰਵਿਊ ਨਹੀਂ ਕੀਤਾ ਸੀ।
ਇਜ਼ਰਾਈਲ ਦੇ ਮਹਿਲਾ ਸ਼ਸਤੀਕਰਨ ਮੰਤਰੀ ਮੇਅ ਗੋਲਨ ਨੇ ਬੀਬੀਸੀ ਨੂੰ ਦੱਸਿਆ ਕਿ ਰੇਪ ਅਤੇ ਜਿਨਸੀ ਹਿੰਸਾ ਦੇ ਕੁਝ ਪੀੜਤ ਹਮਲੇ ਵਿੱਚ ਬਚ ਸਕੇ ਅਤੇ ਉਹ ਇਸ ਵੇਲੇ ਮਨੋਵਿਗਿਆਨਿਕ ਇਲਾਜ ਕਰਵਾ ਰਹੇ ਹਨ।
ਉਨ੍ਹਾਂ ਨੇ ਕਿਹਾ, “ਪਰ ਬਹੁਤ ਹੀ ਥੋੜ੍ਹੇ। ਕਿਉਂਕਿ ਜ਼ਿਆਦਾਤਰ ਲੋਕ ਬੇਰਹਿਮੀ ਨਾਲ ਕਤਲ ਕਰ ਦਿੱਤੇ ਗਏ। ਉਹ ਗੱਲ ਕਰਨ ਦੀ ਹਾਲਤ ਵਿੱਚ ਨਹੀਂ ਸਨ। ਨਾ ਮੇਰੇ ਨਾਲ, ਨਾ ਸਰਕਾਰ ਦੇ ਕਿਸੇ ਹੋਰ ਨੁਮਾਇੰਦੇ ਨਾਲ ਅਤੇ ਨਾ ਮੀਡੀਆ ਨਾਲ।”
ਹਮਾਸ ਵੱਲੋਂ ਫਿਲਮਾਈਆਂ ਵੀਡੀਓਜ਼ ਵਿੱਚ ਇੱਕ ਔਰਤ ਦੀ ਫੁਟੇਜ ਹੈ ਜਿਸ ਨੂੰ ਹੱਥਕੜੀਆਂ ਬੰਨ੍ਹੀਆਂ ਹੋਈਆਂ ਹਨ, ਬਾਂਹਾਂ ਉੱਤੇ ਕੱਟ ਲੱਗੇ ਹਨ ਅਤੇ ਉਸ ਦੇ ਪਜਾਮੇ ਦੀ ਝੋਲੀ ‘ਤੇ ਕਾਫ਼ੀ ਖੂਨ ਲੱਗਿਆ ਹੈ ਅਤੇ ਉਸ ਨੂੰ ਅਗਵਾ ਕੀਤਾ ਗਿਆ ਹੈ।
ਹੋਰ ਵੀਡੀਓਜ਼ ਵਿੱਚ, ਕੁਝ ਨੰਗੀਆਂ ਅਤੇ ਕੁਝ ਅੱਧ-ਨੰਗੀਆਂ ਔਰਤਾਂ ਨੂੰ ਲਿਜਾਇਆ ਜਾ ਰਿਹਾ ਹੈ।
ਹਮਲੇ ਤੋਂ ਬਾਅਦ ਮੌਕੇ ਤੋਂ ਲਈਆਂ ਗਈਆਂ ਕਈ ਤਸਵੀਰਾਂ ਵਿੱਚ ਕਮਰ ਤੋਂ ਥੱਲਿਓਂ ਨੰਗੀਆਂ ਔਰਤਾਂ ਦੀਆਂ ਦੇਹਾਂ ਜਾਂ ਇੱਕ ਪਾਸਿਓਂ ਫਾੜੇ ਗਏ ਅੰਡਰਵੀਅਰ ਅਤੇ ਚੌੜੀਆਂ ਪਈਆਂ ਲੱਤਾਂ ਵਾਲੀਆਂ ਤਸਵੀਰਾਂ ਜਿਨ੍ਹਾਂ ਵਿੱਚ ਉਨ੍ਹਾਂ ਦੇ ਜਨਣ ਅੰਗਾਂ ਅਤੇ ਲੱਤਾਂ ’ਤੇ ਸਦਮੇ ਦੇ ਨਿਸ਼ਾਨ ਹਨ।

ਤਸਵੀਰ ਸਰੋਤ, BBC/DAVE BULL
‘ਜ਼ਿੰਦਾ ਬਚੇ ਪੀੜਤ ਨਹੀਂ ਕਰ ਪਾ ਰਹੇ ਗੱਲ’
ਹੈਬ੍ਰਿਊ ਯੁਨੀਵਰਸਿਟੀ ਵਿੱਚ ਡੇਵਿਸ ਇੰਸਟਿਚਿਊਟ ਆਫ ਇੰਟਰਨੈਸ਼ਨਲ ਰਿਲੇਸ਼ਨਜ਼ ਵਿੱਚ ਕਾਨੂੰਨੀ ਮਾਹਿਰ ਡਾ. ਕੋਚਵ ਏਲਕਾਇਆਮ ਨੇ ਕਿਹਾ, “ਸਚਮੁੱਚ ਇਹ ਮਹਿਸੂਸ ਹੁੰਦਾ ਹੈ ਕਿ ਹਮਾਸ ਨੇ ਆਈਐਸਆਈਐਸ ਤੋਂ ਸਿੱਖਿਆ ਹੈ ਕਿ ਕਿਵੇਂ ਔਰਤਾਂ ਦੇ ਸਰੀਰਾਂ ਨੂੰ ਸ਼ਿਕਾਰ ਬਣਾਇਆ ਜਾਵੇ।”
“ਮੈਨੂੰ ਇਹ ਜਾਣ ਕੇ ਹੀ ਕਾਂਬਾ ਛਿੜਦਾ ਹੈ ਕਿ ਉਹ ਜਾਣਦੇ ਸੀ ਕਿ ਔਰਤਾਂ ਨਾਲ ਕੀ ਕਰਨਾ ਹੈ, ਉਨ੍ਹਾਂ ਦੇ ਅੰਗ ਕੱਟਣੇ ਹਨ, ਜਨਣ ਅੰਗ ਦੀ ਕੱਟ ਵੱਢ ਕਰਨੀ ਹੈ, ਰੇਪ ਕਰਨਾ ਹੈ। ਇਹ ਜਾਨਣਾ ਬੇਹਦ ਭਿਆਨਕ ਹੈ।”
ਮੰਤਰੀ ਮੇਅ ਗੋਲਨ ਨੇ ਮੈਨੂੰ ਦੱਸਿਆ, “ਮੈਂ ਤਿੰਨ ਕੁੜੀਆਂ ਨਾਲ ਗੱਲ ਕੀਤੀ ਜੋ ਅਜਿਹੇ ਰੇਪ ਦੇਖਣ ਤੋਂ ਬਾਅਦ ਗੰਭੀਰ ਮਨੋਵਿਗਿਆਨਕ ਹਾਲਤ ਲਈ ਹਸਪਤਾਲ ਵਿੱਚ ਹਨ। ਉਨ੍ਹਾਂ ਨੇ ਮਰਨ ਦਾ ਨਾਟਕ ਕੀਤਾ ਅਤੇ ਸਭ ਕੁਝ ਦੇਖਿਆ ਅਤੇ ਸੁਣਿਆ।”
ਇਜ਼ਰਾਈਲ ਦੇ ਪੁਲਿਸ ਮੁਖੀ ਯਾਕੋਵ ਸ਼ਾਬਤਾਈ ਨੇ ਕਿਹਾ ਕਿ ਹਮਲੇ ਦੌਰਾਨ ਬਚਣ ਵਾਲਿਆਂ ਵਿੱਚ ਜ਼ਿਆਦਾਤਰ ਗੱਲ ਵੀ ਨਹੀਂ ਕਰ ਪਾ ਰਹੇ ਸੀ ਅਤੇ ਉਹ ਸੋਚਦੇ ਸੀ ਕਿ ਸ਼ਾਇਦ ਕਦੇ ਵੀ ਗਵਾਈ ਨਾ ਦੇ ਸਕਣ।
ਉਨ੍ਹਾਂ ਨੇ ਕਿਹਾ, “ਅਠਾਰਾਂ ਆਦਮੀ ਅਤੇ ਔਰਤਾਂ ਮੈਂਟਲ ਹੈਲਥ ਹਸਪਤਾਲਾਂ ਵਿੱਚ ਦਾਖਲ ਕੀਤੇ ਗਏ ਹਨ ਕਿਉਂਕਿ ਉਹ ਕੁਝ ਨਹੀਂ ਕਰ ਪਾ ਰਹੇ ਸੀ।”
ਬਚਣ ਵਾਲਿਆਂ ਨਾਲ ਕੰਮ ਕਰਨ ਵਾਲਿਆਂ ਵਿੱਚੋਂ ਇੱਕ ਨੇ ਬੀਬੀਸੀ ਨੂੰ ਦੱਸਿਆ ਕਿ ਕਈਆਂ ਨੇ ਖੁਦ ਦੀ ਜਾਨ ਲੈ ਵੀ ਲਈ ਹੈ, “ਕਈ ਲੋਕ ਆਤਮਘਾਤੀ ਸੁਭਾਅ ਦੇ ਹੋ ਗਏ ਹਨ।”
ਜ਼ਿਆਦਾਤਰ ਸਬੂਤ ਹਮਲੇ ਤੋਂ ਬਾਅਦ ਲਾਸ਼ਾਂ ਇਕੱਠੀਆਂ ਕਰਨ ਵਾਲਿਆਂ ਤੋਂ ਮਿਲੇ ਹਨ ਅਤੇ ਜਾਂ ਉਨ੍ਹਾਂ ਤੋਂ ਜਿਨ੍ਹਾਂ ਨੇ ਸ਼ੂਰਾ ਆਰਮੀ ਬੇਸ ਵਿੱਚ ਪਛਾਣ ਲਈ ਆਈਆਂ ਲਾਸ਼ਾਂ ਨੂੰ ਦੇਖਿਆ।
ਧਾਰਮਿਕ ਸੰਸਥਾ ਜ਼ਾਕਾ ਨਾਲ ਕੰਮ ਕਰਨ ਵਾਲੇ ਇੱਕ ਵਲੰਟੀਅਰ ਜੋ ਕਿ ਲਾਸ਼ਾਂ ਇਕੱਠੀਆਂ ਕਰਨ ਵਾਲਿਆਂ ਵਿੱਚ ਸ਼ਾਮਲ ਸੀ, ਨੇ ਮੈਨੂੰ ਤਸ਼ੱਦਦ ਦੀਆਂ ਕਹਾਣੀਆਂ ਸੁਣਾਈਆਂ।
ਉਨ੍ਹਾਂ ਨੇ ਕਿਹਾ, “ਇੱਕ ਗਰਭਵਤੀ ਔਰਤ ਨੂੰ ਮਾਰਨ ਤੋਂ ਪਹਿਲਾਂ ਉਸ ਦੀ ਕੁੱਖ ਖੋਲ੍ਹ ਦਿੱਤੀ ਗਈ ਸੀ ਅਤੇ ਉਸ ਦੇ ਅੰਦਰ ਹੀ ਅਣਜੰਮੇ ਬੱਚੇ ਨੂੰ ਮਾਰ ਦਿੱਤਾ ਗਿਆ ਸੀ।”
ਬੀਬੀਸੀ ਸੁਤੰਤਰ ਤੌਰ ’ਤੇ ਇਸ ਬਿਆਨ ਦੀ ਪੜਤਾਲ ਨਹੀਂ ਕਰ ਸਕਿਆ ਅਤੇ ਇਜ਼ਰਾਈਲ ਦੀਆਂ ਮੀਡੀਆ ਰਿਪੋਰਟਾਂ ਵਿੱਚ ਹਮਾਸ ਹਮਲੇ ਤੋਂ ਬਾਅਦ ਕੰਮ ਕਰ ਰਹੇ ਕਈ ਵਲੰਟੀਅਰਾਂ ਦੀਆਂ ਗਵਾਹੀਆਂ ’ਤੇ ਸਵਾਲ ਚੁੱਕੇ ਹਨ।

ਤਸਵੀਰ ਸਰੋਤ, BBC/DAVE BULL
“ਔਰਤਾਂ ਦੀਂ ਮ੍ਰਿਤਕਾ ਦੇਹਾਂ ਨਾਲ ਭਰੇ ਪਏ ਸੀ ਸ਼ੈਲਟਰ’
ਇੱਕ ਹੋਰ, ਨਚਮਨ ਡਾਇਕਸਟੇਜਨਾ ਨੇ ਕਿਬੁਟਜ਼ ਬੇਅਰੀ ਵਿੱਚ ਦੋ ਔਰਤਾਂ ਦੇ ਹੱਥ ਅਤੇ ਲੱਤਾਂ ਬੈਂਡ ਨਾਲ ਬੰਨ੍ਹੇ ਦੇਖਣ ਦੀ ਲਿਖਤੀ ਗਵਾਹੀ ਦਿੱਤੀ ਹੈ।
ਉਨ੍ਹਾਂ ਨੇ ਕਿਹਾ ਹੈ ਕਿ, “ਇੱਕ ਦੀ ਯੋਨੀ ਵਿੱਚ ਚਾਕੂ ਫਸਾ ਕੇ ਉਸ ਦੇ ਅੰਦਰੂਨੀ ਅੰਗ ਕੱਢੇ ਗਏ ਸਨ। ਹਮਲੇ ਵਾਲੀ ਥਾਂ ‘ਤੇ ਛੋਟੇ ਸ਼ੈਲਟਰ ਔਰਤਾਂ ਦੇ ਢੇਰਾਂ ਨਾਲ ਭਰੇ ਸਨ। ਕਮਰ ਤੋਂ ਉੱਪਰਲੇ ਕੱਪੜੇ ਫਟੇ ਹੋਏ ਅਤੇ ਕਮਰ ਤੋਂ ਹੇਠਲੇ ਹਿੱਸੇ ਪੂਰੇ ਨੰਗੇ ਸਨ।”
“ਔਰਤਾਂ ਦੇ ਢੇਰ ਹੀ ਢੇਰ। ਜਦੋਂ ਤੁਸੀਂ ਨੇੜੇ ਤੋਂ ਉਨ੍ਹਾਂ ਦੇ ਸਿਰ ਦੇਖਦੇ ਹੋ ਤਾਂ ਸਿੱਧੇ ਹਰ ਇੱਕ ਦੇ ਦਿਮਾਗ਼ ਵਿੱਚ ਮਾਰੀ ਇੱਕ ਗੋਲੀ ਦਾ ਨਿਸ਼ਾਨ ਦਿਸਦਾ ਹੈ। ਵਲੰਟੀਅਰਾਂ ਨੇ ਹਮਲੇ ਵਾਲੀ ਥਾਂ ਤੋਂ ਸੈਂਕੜੇ ਲਾਸ਼ਾਂ ਇਕੱਠੀਆਂ ਕੀਤੀਆਂ ਗਈਆਂ ਸਨ।”
ਜਾਂਚਕਰਤਾ ਮੰਨਦੇ ਹਨ ਕਿ ਹਮਲੇ ਤੋਂ ਬਾਅਦ ਹੱਲੇ-ਗੁੱਲੇ ਵਾਲੇ ਪਹਿਲੇ ਕੁਝ ਦਿਨਾਂ ਵਿੱਚ, ਜਦੋਂ ਕਈ ਖੇਤਰਾਂ ’ਚ ਹਾਲੇ ਵੀ ਲੜਾਈ ਚੱਲ ਰਹੀ ਸੀ, ਧਿਆਨ ਨਾਲ ਜੁਰਮ ਨੂੰ ਦਸਤਾਵੇਜ਼ ਕਰਨਾ ਜਾਂ ਫੌਰੈਂਸਿਕ ਸਬੂਤ ਇਕੱਠੇ ਕਰਨ ਦੇ ਮੌਕੇ ਬਹੁਤ ਥੋੜ੍ਹੇ ਸਨ ਜਾਂ ਨਹੀਂ ਸਨ।
ਮੇਅ ਗੋਲਨ ਕਹਿੰਦੇ ਹਨ, “ਪਹਿਲੇ ਪੰਜ ਦਿਨ ਤੱਕ, ਇਜ਼ਰਾਈਲ ਵਿੱਚ ਹਾਲੇ ਵੀ ਅੱਤਵਾਦੀ ਸਨ। ਅਤੇ ਹਰ ਥਾਂ ਸੈਂਕੜੇ ਦੀ ਗਿਣਤੀ ਵਿੱਚ ਲਾਸ਼ਾਂ ਸਨ। ਕਈ ਜਲੀਆਂ ਹੋਈਆਂ, ਕਈ ਅੰਗਾਂ ਤੋਂ ਬਿਨ੍ਹਾਂ, ਉਨ੍ਹਾਂ ਨਾਲ ਕਸਾਈਆਂ ਵਾਲਾ ਵਤੀਰਾ ਕੀਤਾ ਗਿਆ ਸੀ।”
ਪੁਲਿਸ ਦੇ ਬੁਲਾਰੇ ਡੀਨ ਏਲਸਡੂਨ ਨੇ ਪੱਤਰਕਾਰਾਂ ਨੂੰ ਕਿਹਾ, “ਇਹ ਵੱਡੀ ਗਿਣਤੀ ਵਿੱਚ ਜਾਨਾਂ ਜਾਨ ਦੀ ਘਟਨਾ ਸੀ।”
ਪਹਿਲੀ ਚੀਜ਼ ਜਿਸ ‘ਤੇ ਕੰਮ ਹੋਣਾ ਸੀ ਉਹ ਸੀ ਪੀੜਤਾਂ ਦੀ ਪਛਾਣ। ਲੋਕ ਇਹ ਜਾਣਨ ਲਈ ਇੰਤਜ਼ਾਰ ਕਰ ਰਹੇ ਸੀ ਕਿ ਉਨ੍ਹਾਂ ਦੇ ਆਪਣਿਆਂ ਨੂੰ ਕੀ ਹੋਇਆ ਹੈ।
ਸ਼ੂਰਾ ਆਰਮੀ ਬੇਸ ਜਿੱਥੇ ਪਛਾਣ ਲਈ ਮ੍ਰਿਤਕ ਦੇਹਾਂ ਗਈਆਂ ਸਨ, ਉੱਥੇ ਮੌਜੂਦ ਸਟਾਫ਼ ਨੇ ਜਾਂਚ ਕਰਤਾਵਾਂ ਨੂੰ ਕਈ ਅਹਿਮ ਸਬੂਤ ਦਿੱਤੇ ਹਨ।

ਇਹ ਸਬੂਤ ਉੱਥੇ ਦੇਹਾਂ ਦੀ ਪਛਾਣ ਕਰਨ ਲਈ ਬਣਾਏ ਗਏ ਟੈਂਟਾਂ ਅਤੇ ਫਰੀਜ਼ਰ ਵਾਲੇ ਡੱਬਿਆਂ ਤੋਂ ਨਿਕਲੇ ਹਨ।
ਜਦੋਂ ਅਸੀਂ ਹਸਪਤਾਲ ਗਏ ਤਾਂ ਹਸਪਤਾਲ ਦੀਆਂ ਟ੍ਰਾਲੀਆਂ, ਉਨ੍ਹਾਂ ਉੱਤੇ ਖ਼ਾਕੀ ਸਟ੍ਰੈਚਰ ਦੇ ਨਾਲ ਲੋਹੇ ਦੇ ਕੰਕਾਲ, ਮ੍ਰਿਤਕਾਂ ਨੂੰ ਰੱਖਣ ਵਾਲੇ ਡੱਬਿਆਂ ਦੇ ਸਾਹਮਣੇ ਕਤਾਰ ਵਿੱਚ ਖੜ੍ਹੇ ਸਨ।
ਸ਼ਿਫਟ ਵਿੱਚ ਮੌਜੂਦ ਲੋਕ ਪਲਾਸਟਿਕ ਦਾ ਚੋਗ਼ਾ ਪਹਿਨ ਕੇ ਫਲੱਡਲਾਈਟਾਂ ਹੇਠ ਖੜ੍ਹੇ ਸਨ। ਗਾਜ਼ਾ ਦੀ ਇਜ਼ਰਾਈਲ ‘ਤੇ ਬੰਬਾਰੀ ਦੌਰਾਨ, ਲੜਾਕੂ ਜਹਾਜ਼ ਗਰਜਦੇ ਹੋਏ ਉੱਪਰੋਂ ਲੰਘ ਰਹੇ ਸਨ।
ਇੱਥੇ ਟੀਮਾਂ ਨੇ ਸਾਨੂੰ ਦੱਸਿਆ ਕਿ ਉਨ੍ਹਾਂ ਨੇ ਇੱਥੇ ਆਈਆਂ ਦੇਹਾਂ ‘ਤੇ ਰੇਪ ਅਤੇ ਜਿਨਸੀ ਹਿੰਸਾ ਦੇ ਸਾਫ਼ ਸਬੂਤ ਦੇਖੇ ਹਨ।
ਫੌਰੈਂਸਿਕ ਟੀਮ ਤੋਂ ਕੈਪਟਨ ਮਾਯਾਨ ਨੇ ਦੱਸਿਆ, “ਅਸੀਂ ਹਰ ਉਮਰ ਦੀਆਂ ਔਰਤਾਂ ਦੇਖਦੇ ਹਾਂ। ਅਸੀਂ ਰੇਪ ਪੀੜਤ ਦੇਖਦੇ ਹਾਂ।”
“ਹਿੰਸਾ ਵਿੱਚੋਂ ਗੁਜ਼ਰੀਆਂ ਔਰਤਾਂ ਦੇਖਦੇ ਹਾਂ। ਸਾਡੇ ਕੋਲ ਪੈਥੋਲੋਜਿਸਟ ਹਨ, ਅਸੀਂ ਜ਼ਖ਼ਮਾਂ ਦੇ ਨਿਸ਼ਾਨ ਦੇਖਦੇ ਹਾਂ। ਚੀਰ-ਫਾੜ ਨੂੰ ਭਾਂਪਦੇ ਹਾਂ ਅਤੇ ਅਸੀਂ ਜਾਣਦੇ ਹਾਂ ਕਿ ਉਨ੍ਹਾਂ ਦਾ ਜਿਨਸੀ ਸ਼ੋਸ਼ਣ ਹੋਇਆ ਹੈ।”
ਮੈਂ ਪੁੱਛਿਆ ਕੇ ਉਨ੍ਹਾਂ ਨੇ ਕਿੰਨੀਆਂ ਕੁ ਮ੍ਰਿਤਕ ਦੇਹਾਂ ’ਤੇ ਅਜਿਹੇ ਨਿਸ਼ਾਨ ਦੇਖੇ ਹਨ।
ਉਹ ਕਹਿੰਦੀ ਹੈ, “ਬਹੁਤ ਸਾਰੀਆਂ। ਹਰ ਉਮਰ ਦੀਆਂ ਬਹੁਤ ਸਾਰੀਆਂ ਔਰਤਾਂ ਸਨ ਬਜ਼ੁਰਗਾਂ ਤੋਂ ਲੈ ਕੇ ਜਵਾਨ ਅਤੇ ਕੁੜੀਆਂ ਤੱਕ।”

ਤਸਵੀਰ ਸਰੋਤ, BBC/DAVE BULL
ਪੀੜਤਾਂ ਦੀ ਗਿਣਤੀ ਕਰਨਾ ਔਖਾ
ਮ੍ਰਿਤਕਾਂ ਦੀਆਂ ਦੇਹਾਂ ਜਿਸ ਹਾਲਤ ਵਿੱਚ ਹਨ, ਉਨ੍ਹਾਂ ਕਾਰਨ ਪੀੜਤਾਂ ਦੀ ਗਿਣਤੀ ਦੱਸਣਾ ਔਖਾ ਹੈ।
ਇੱਕ ਹੋਰ ਸਿਪਾਹੀ ਐਵੀਗਾਇਲ ਨੇ ਕਿਹਾ, “ਇਹ ਵਾਕਈ ਬਹੁਤ ਗਿਣਤੀ ਹੈ। ਕਹਿਣਾ ਮੁਸ਼ਕਿਲ ਹੈ। ਮੈਂ ਕਈ ਜਲੇ ਹੋਏ ਸਰੀਰ ਦੇਖੇ ਹਨ ਅਤੇ ਮੈਨੂੰ ਕੋਈ ਅੰਦਾਜ਼ਾ ਨਹੀਂ ਕਿ ਮੌਤ ਤੋਂ ਪਹਿਲਾਂ ਇਨ੍ਹਾਂ ਨਾਲ ਕੀ ਹੋਇਆ ਹੋਵੇਗਾ।”
“ਜਿਹੜੇ ਸਰੀਰਾਂ ਦਾ ਹੇਠਲਾ ਹਿੱਸਾ ਗਾਇਬ ਹੈ, ਮੈਨੂੰ ਉਨ੍ਹਾਂ ਬਾਰੇ ਵੀ ਪਤਾ ਨਹੀਂ ਕਿ ਕੀ ਉਨ੍ਹਾਂ ਨਾਲ ਰੇਪ ਹੋਇਆ ਸੀ । ਉਹ ਔਰਤਾਂ ਜਿਨ੍ਹਾਂ ਦੇ ਰੇਪ ਹੋਣ ਬਾਰੇ ਸਪਸ਼ਟ ਹੈ, ਉਹ ਵੀ ਕਾਫ਼ੀ ਹਨ, ਕਾਫ਼ੀ ਤੋਂ ਜ਼ਿਆਦਾ।”
ਡਾਕਟਰ ਐਲਕਾਯਾਮ ਲੇਵੀ ਮੈਨੂੰ ਦੱਸਦੇ ਹਨ, “ਕਈ ਵਾਰ ਸਾਡੇ ਕੋਲ ਸਰੀਰ ਦੇ ਸਿਰਫ਼ ਛੋਟਾ ਜਿਹਾ ਹਿੱਸਾ ਰਹਿ ਜਾਂਦਾ ਹੈ। ਸ਼ਾਇਦ ਕਦੇ ਉਂਗਲ, ਇੱਕ ਪੈਰ, ਜਾਂ ਇੱਕ ਹੱਥ ਜਿਸ ਨਾਲ ਉਨ੍ਹਾਂ ਦੀ ਪਛਾਣ ਕਰਨ ਦੀ ਕੋਸ਼ਿਸ਼ ਹੁੰਦੀ ਹੈ।”
“ਲੋਕਾਂ ਨੂੰ ਸਾੜ ਕੇ ਸਵਾਹ ਕਰ ਦਿੱਤਾ ਗਿਆ, ਕੁਝ ਨਹੀਂ ਬਚਿਆ ਸੀ। ਮੈਂ ਕਹਿਣਾ ਚਾਹੁੰਦਾ ਹੈ ਕਿ ਅਸੀਂ ਕਦੇ ਨਹੀਂ ਜਾਣ ਸਕਾਂਗੇ ਕਿ ਕਿੰਨੇ ਕੇਸ ਸਨ।”
ਇਸ ਬਾਰੇ ਕੰਮ ਕਰਨ ਵਾਲੇ ਕਈ ਦਰਜਨਾਂ ਪੀੜਤਾਂ ਦੀ ਗੱਲ ਕਹਿੰਦੇ ਹਨ ਪਰ ਨਾਲ ਹੀ ਚੇਤਾਵਨੀ ਦਿੰਦੇ ਹਨ ਕਿ ਸਬੂਤ ਹਾਲੇ ਇਕੱਠੇ ਹੋ ਰਹੇ ਹਨ ਅਤੇ ਜੋੜੇ ਜਾ ਰਹੇ ਹਨ।

ਡਾਕਟਰ ਐਲਕਾਯਾਮ ਲੇਵੀ ਦੀ ਅਗਵਾਈ ਹੇਠ ਜਿਨਸੀ ਜੁਰਮਾਂ ਦੀਆਂ ਗਵਾਹੀਆਂ ਇਕੱਠੀਆਂ ਕਰਨ ਲਈ ਬਣਿਆ ਸਿਵਲ ਕਮਿਸ਼ਨ ਕੌਮਾਂਤਰੀ ਸਹਿਮਤੀ ਦੀ ਮੰਗ ਕਰ ਰਿਹਾ ਹੈ ਕਿ 7 ਅਕਤੂਬਰ ਦਾ ਹਮਲਾ ਵਿਵਸਥਿਤ ਸ਼ੋਸ਼ਣ ਸੀ ਜਿਸ ਵਿੱਚ ਮਨੁੱਖਤਾ ਖ਼ਿਲਾਫ਼ ਜੁਰਮ ਸਨ।
ਉਹ ਕਹਿੰਦੇ ਹਾਂ, “ਅਸੀਂ ਨਿਸ਼ਚਿਤ ਪੈਟਰਨ ਦੇਖਦੇ ਹਾਂ। ਇਹ ਐਕਸੀਡੈਂਟਲ ਨਹੀਂ ਸੀ, ਉਹ ਸਪਸ਼ਟ ਹੁਕਮਾਂ ਨਾਲ ਆਏ ਸਨ, ਇਹ ਨਰਸੰਹਾਰ ਵਜੋਂ ਰੇਪ ਸਨ।”
ਐਵੀਗਾਇਲ ਸਹਿਮਤੀ ਜਤਾਉਂਦੇ ਹਨ ਕਿ ਸ਼ੂਰਾ ਬੇਸ ਉੱਤੇ ਆਏ ਸਰੀਰਾਂ ਤੇ ਹੋਈ ਹਿੰਸਾ ਵਿੱਚ ਕਈ ਸਮਾਨਤਾਵਾਂ ਸਨ।
ਉਨ੍ਹਾਂ ਕਿਹਾ, “ਇੱਕ ਥਾਂ ਵਾਲੀਆਂ ਔਰਤਾਂ ਦੇ ਗਰੁੱਪ ਨਾਲ ਜੋ ਵਤੀਰਾ ਕੀਤਾ ਗਿਆ ਉਸ ਵਿੱਚ ਇੱਕੋ ਜਿਹੇ ਪੈਟਰਨ ਹਨ।”
“ਕੁਝ ਔਰਤਾਂ ਦਾ ਇੱਕੋ ਤਰੀਕੇ ਨਾਲ ਰੇਪ ਹੋਇਆ ਹੋ ਸਕਦਾ ਹੈ ਅਤੇ ਅਸੀਂ ਦੇਹਾਂ ‘ਤੇ ਸਮਾਨਤਾਵਾਂ ਦੇਖ ਰਹੇ ਹਾਂ। ਅਤੇ ਫਿਰ ਕੁਝ ਔਰਤਾਂ ਜਿਨ੍ਹਾਂ ਦਾ ਰੇਪ ਨਹੀਂ ਹੋਇਆ ਪਰ ਇੱਕੋ ਤਰੀਕੇ ਨਾਲ ਉਨ੍ਹਾਂ ਨੂੰ ਕਈ ਗੋਲੀਆਂ ਮਾਰੀਆਂ ਗਈਆਂ। ਇਹ ਜਾਪਦਾ ਹੈ ਕਿ ਅੱਤਵਾਦੀਆਂ ਦੇ ਵੱਖ-ਵੱਖ ਗਰੁਪਾਂ ਦੇ ਜ਼ੁਲਮ ਦੇ ਵੱਖਰੇ ਤਰੀਕੇ ਸਨ।”
ਪੁਲਿਸ ਮੁਖੀ ਯਾਕੋਵ ਸ਼ਬਤਾਈ ਨੇ ਪੱਤਰਕਾਰਾਂ ਨੂੰ ਕਿਹਾ, “ਇਹ ਪਹਿਲਾਂ ਤੋਂ ਸੋਚ-ਸਮਝ ਕੇ ਪੂਰੀ ਤਰ੍ਹਾਂ ਯੋਜਨਾਬੱਧ ਹਮਲਾ ਸੀ।”

ਤਸਵੀਰ ਸਰੋਤ, BBC/DAVE BULL
ਯੋਜਨਾਬੱਧ ਸੀ ਜਿਣਸੀ ਸ਼ੋਸ਼ਣ
ਜਾਂਚ ਵਿੱਚ ਸ਼ਾਮਲ ਇਜ਼ਰਾਈਲ ਦੀ ਸਾਈਬਰ ਕਰਾਈਮ ਯੁਨਿਟ ਤੋਂ ਡੇਵਿਡ ਕਾਟਜ਼ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਇਹ ਕਹਿਣਾ ਬਹੁਤ ਜਲਦਬਾਜ਼ੀ ਹੋਏਗੀ ਕਿ ਜਿਨਸੀ ਹਿੰਸਾ ਹਮਲੇ ਵਜੋਂ ਪਹਿਲਾਂ ਤੋਂ ਪਲਾਨ ਕੀਤੀ ਗਈ ਹੋਏਗੀ, ਪਰ ਹਮਾਸ ਹਮਲਾਵਰਾਂ ਦੇ ਫ਼ੋਨਾਂ ਤੋਂ ਮਿਲਿਆ ਡਾਟਾ ਦਰਸਾਉਂਦਾ ਹੈ ਕਿ ਸਭ ਕੁਝ ਸਿਸਟਿਮੈਟਿਕ ਸੀ।
“ਇਹ ਕਹਿਣਾ ਲਾਪਰਵਾਹੀ ਹੋਏਗੀ ਕਿ ਅਸੀਂ ਹੁਣੇ ਹੀ ਇਹ ਸਾਬਿਤ ਕਰ ਸਕਦੇ ਹਾਂ। ਪਰ ਜੋ ਕੁਝ ਵੀ ਹੋਇਆ ਸਿਸਟਿਮੈਟਿਕ ਸੀ, ਕੁਝ ਵੀ ਇਤਫ਼ਾਕ ਨਾਲ ਨਹੀਂ ਹੋਇਆ, ਰੇਪ ਸਿਸਟਿਮੈਟਿਕ ਸਨ।”
ਇਜ਼ਰਾਈਲ ਦੀ ਸਰਕਾਰ ਉਨ੍ਹਾਂ ਦਸਤਾਵੇਜ਼ਾਂ ਵੱਲ ਇਸ਼ਾਰਾ ਕਰਦੀ ਹੈ ਜੋ ਹਾਮਾਸ ਲੜਾਕਿਆਂ ਕੋਲ਼ੋਂ ਮਿਲੇ ਅਤੇ ਜਾਪਦਾ ਹੈ ਕਿ ਜਿਨਸੀ ਹਿੰਸਾ ਦੀ ਯੋਜਨਾ ਬਣਾਈ ਗਈ ਸੀ।
ਕੁਝ ਫੜੇ ਗਏ ਲੜਾਕਿਆਂ ਦੀ ਪੁੱਛ-ਗਿੱਛ ਦੀਆਂ ਵੀਡੀਓਜ਼ ਰਿਲੀਜ਼ ਕੀਤੀਆਂ ਗਈਆਂ ਹਨ ਜਿਨ੍ਹਾਂ ਵਿੱਚ ਉਹ ਇਹ ਕਹਿੰਦੇ ਜਾਪ ਰਹੇ ਹਨ ਕਿ ਇਸ ਮਕਸਦ ਲਈ ਔਰਤਾਂ ਨੂੰ ਨਿਸ਼ਾਨਾ ਬਣਾਇਆ ਗਿਆ ਸੀ।

ਤਸਵੀਰ ਸਰੋਤ, BBC/DAVE BULL
ਡਾਕਟਰ ਐਲਕਾਯਾਮ ਲੇਵੀ ਨੇ ਬਿਆਨ ਤੋਂ ਪਹਿਲਾਂ ਕਿਹਾ ਕਿ ਕੌਮਾਂਤਰੀ ਮਹਿਲਾ ਅਧਿਕਾਰ ਸੰਗਠਨਾਂ ਨੇ ਉਨ੍ਹਾਂ ਦੇ ਸਮਰਥਨ ਦੀ ਮੰਗ ਦਾ ਜਵਾਬ ਦਿੰਦਿਆਂ ਬਹੁਤ ਸਮਾਂ ਲਗਾਇਆ।
ਉਨ੍ਹਾਂ ਨੇ ਮੈਨੂੰ ਕਿਹਾ, “ਇਹ ਮਨੁੱਖਤਾ ਵੱਲੋਂ ਜਾਣਿਆ ਜਾਂਦਾ ਸਭ ਤੋਂ ਵੱਧ ਦਸਤਾਵੇਜ਼ੀ ਅੱਤਿਆਚਾਰ ਹੈ।”
ਪੁਲਿਸ ਮੁਖੀ ਯਾਕੋਵ ਸ਼ਾਬਤਾਈ ਕਹਿੰਦੇ ਹਨ, “7 ਅਕਤੂਬਰ ਦਾ ਇਜ਼ਰਾਈਲ ਅਤੇ ਅਗਲੀ ਸਵੇਰ ਜਾਗਿਆ ਇਜ਼ਰਾਈਲ ਬਹੁਤ ਵੱਖਰਾ ਹੈ।”
ਸ਼ੂਰਾ ਬੇਸ ‘ਤੇ ਦੇਹਾਂ ਦੀ ਪਛਾਣ ਕਰਨ ਵਾਲੀ ਟੀਮ ਵਿੱਚ ਲੱਗੀ ਕੈਪਟਨ ਮਾਯਾਨ ਕਹਿੰਦੇ ਹਨ, “ਔਰਤਾਂ ਨਾਲ ਇੱਥੇ ਜੋ ਵੀ ਹੋਇਆ ਉਸ ਭੈਅ ਦੇ ਵਿਚਕਾਰ, ਮੇਰੇ ਲਈ ਸਭ ਤੋਂ ਔਖੇ ਪਲ ਉਹ ਹੁੰਦੇ ਹਨ ਕਿ ਜਦੋਂ ਮੈਂ ਉਨ੍ਹਾਂ ਦੀਆਂ ਪਲਕਾਂ ‘ਤੇ ਲੱਗਿਆ ਮਸਕਾਰਾ, ਜਾਂ ਕੰਨਾ ਵਿੱਚ ਪਾਏ ਗਹਿਣੇ ਦੇਖਦੀ ਹਾਂ ਜੋ ਉਨ੍ਹਾਂ ਨੇ ਉਸ ਸਵੇਰ ਤਿਆਰ ਹੋਣ ਵੇਲੇ ਪਾਏ ਹੋਣਗੇ।”
ਮੈਂ ਉਨ੍ਹਾਂ ਨੂੰ ਪੁੱਛਿਆ ਕਿ ਇੱਕ ਔਰਤ ਵਜੋਂ ਇਹ ਸਭ ਉਨ੍ਹਾਂ ਨੂੰ ਕਿੱਥੇ ਪਹੁੰਚਾਉਂਦਾ ਹੈ?
ਉਹ ਕਹਿੰਦੀ ਹੈ, “ਦਹਿਸ਼ਤ। ਇਹ ਸਾਡੇ ਅੰਦਰ ਦਹਿਸ਼ਤ ਪੈਦਾ ਕਰਦਾ ਹੈ।”












