ਪ੍ਰਿੰਸ ਹੈਰੀ ਨੇ ਆਪਣੀ ਕਿਤਾਬ ‘ਸਪੇਅਰ’ ਵਿੱਚ ਕੀਤੇ ਇਹ ਸਨਸਨੀਖੇਜ਼ ਦਾਅਵੇ

ਤਸਵੀਰ ਸਰੋਤ, Reuters
- ਲੇਖਕ, ਜੇਮਜ਼ ਗ੍ਰੈਗਰੀ ਅਤੇ ਸੀਨ ਕੌਫਲਨ
- ਰੋਲ, ਬੀਬੀਸੀ ਪੱਤਰਕਾਰ
ਬ੍ਰਿਟੇਨ ਦੇ ਪ੍ਰਿੰਸ ਹੈਰੀ ਦੀ ਸਵੈ-ਜੀਵਨੀ ਵਿੱਚੋਂ ਇੱਕ ਤੋਂ ਬਾਅਦ ਇੱਕ ਕਈ ਸਨਸਨੀਖ਼ੇਜ਼ ਦਾਅਵੇ ਅਤੇ ਇਲਜ਼ਾਮ ‘ਲੀਕ’ ਹੋਏ ਹਨ।
ਕਿਤਾਬ ਵਿੱਚ ਸ਼ਾਹੀ ਪਰਿਵਾਰ ਦੀਆਂ ਅੰਦਰਲੀਆਂ ਸ਼ਿਕਾਇਤਾਂ ਅਤੇ ਕੁੜੱਤਣ ਦਾ ਜ਼ਿਕਰ ਹੈ।
ਇਹ ਦਾਅਵਾ ਵੀ ਸ਼ਾਮਲ ਹੈ ਜਿਸ ਮੁਤਾਬਕ ਉਨ੍ਹਾਂ ਅਤੇ ਉਨ੍ਹਾਂ ਦੇ ਭਰਾ ਪ੍ਰਿੰਸ ਵਿਲੀਅਮ ਨੇ ਆਪਣੇ ਪਿਤਾ ਨੂੰ ਕੈਮਿਲਾ ਪਾਰਕਰ ਨਾਲ ਵਿਆਹ ਨਾ ਕਰਵਾਉਣ ਲਈ ਕਿਹਾ ਸੀ।
ਪਰ ਪ੍ਰਿੰਸ ਹੈਰੀ ਵੱਲੋਂ ਸਭ ਤੋਂ ਵੱਧ ਹੈਰਾਨ ਕਰਨ ਵਾਲਾ ਦਾਅਵਾ ਜਿਸ ਬਾਰੇ ਸਭ ਤੋਂ ਪਹਿਲਾਂ ਗਾਰਡੀਅਨ ਅਖਬਾਰ ਵਿੱਚ ਛਪਿਆ ਸੀ, ਉਹ ਸੀ ਕਿ ਪ੍ਰਿੰਸ ਵਿਲੀਅਮ ਨੇ ਪ੍ਰਿੰਸ ਹੈਰੀ ਨੂੰ ਸੱਟ ਪਹੁੰਚਾਉਣ ਲਈ ਸਰੀਰਕ ਹਮਲਾ ਕੀਤਾ।
ਕਿੰਗਸਟਨ ਪੈਲੇਸ ਅਤੇ ਬਕਿੰਗਮ ਪੈਲੇਸ ਨੇ ਇਸ ਬਾਰੇ ਕੋਈ ਵੀ ਟਿੱਪਣੀ ਕਰਨ ਤੋਂ ਇਨਕਾਰ ਕੀਤਾ।
ਸਪੇਨ ਵਿੱਚ ਕਿਤਾਬ ਦੀਆਂ ਕੁਝ ਕਾਪੀਆਂ ਵਿਕਰੀ ਲਈ ਪਹਿਲਾਂ ਭੇਜੇ ਜਾਣ ਤੋਂ ਬਾਅਦ ਬੀਬੀਸੀ ਨਿਊਜ਼ ਨੇ ਪ੍ਰਿੰਸ ਹੈਰੀ ਦੀ ਸਵੈ-ਜੀਵਨੀ ‘ਸਪੇਅਰ’ ਦੀ ਕਾਪੀ ਹਾਸਿਲ ਕੀਤੀ ਹੈ ਜਿਸ ਦਾ ਅਨੁਵਾਦ ਕੀਤਾ ਜਾ ਰਿਹਾ ਹੈ।
ਇਸ ਕਿਤਾਬ ਵਿੱਚ ਕੀਤੇ ਗਏ ਕੁਝ ਅਹਿਮ ਦਾਅਵੇ ਅਤੇ ਖੁਲਾਸੇ ਇਸ ਤਰ੍ਹਾਂ ਹਨ:

ਤਸਵੀਰ ਸਰੋਤ, PA Media
ਹੈਰੀ ਤੇ ਵਿਲੀਅਮ ਨੇ ਪਿਤਾ ਨੂੰ ਕੈਮਿਲਾ ਨਾਲ ਵਿਆਹ ਨਾ ਕਰਵਾਉਣ ਕਿਹਾ ਸੀ

ਤਸਵੀਰ ਸਰੋਤ, Reuters
ਹੈਰੀ ਲਿਖਦੇ ਹਨ ਕਿ ਉਨ੍ਹਾਂ ਨੇ ਅਤੇ ਵਿਲੀਅਮ ਨੇ ਆਪਣੇ ਪਿਤਾ ਨੂੰ ਬੇਨਤੀ ਕੀਤੀ ਸੀ ਕਿ ਕੈਮਿਲਾ ਪਾਰਕਰ ਨਾਲ ਵਿਆਹ ਨਾ ਕਰਵਾਉਣ।
ਕੈਮਿਲਾ ਪਾਰਕਰ ਇਸ ਵੇਲੇ ਕੁਈਨ ਕੌਨਸਰਟ (Queen Consort) ਹਨ।
‘ਦ ਸਨ’ ਨੇ ਕਿਤਾਬ ਦੀ ਸਪੈਨਿਸ਼ ਭਾਸ਼ਾ ਵਿੱਚ ਅਨੁਵਾਦ ਹੋਈ ਕਾਪੀ ਹਾਸਿਲ ਕਰਨ ਬਾਅਦ ਰਿਪੋਰਟ ਕੀਤਾ ਸੀ ਕਿ ਹੈਰੀ ਦਾ ਦਾਅਵਾ ਹੈ ਕਿ ਉਨ੍ਹਾਂ ਨੇ ਕੈਮਿਲਾ ਦੇ ਰਸਮੀ ਤੌਰ ’ਤੇ ਪਰਿਵਾਰਕ ਮੈਂਬਰ ਬਣਨ ਤੋਂ ਪਹਿਲਾਂ ਉਨ੍ਹਾਂ ਨਾਲ ਵੱਖੋ-ਵੱਖ ਮੁਲਾਕਾਤਾਂ ਕੀਤੀਆਂ ਸੀ।

ਤਸਵੀਰ ਸਰੋਤ, Getty Images
ਅਖ਼ਬਾਰ ਮੁਤਾਬਕ ਹੈਰੀ ਕਹਿੰਦੇ ਹਨ ਕਿ ਉਹ ਸੋਚ ਰਹੇ ਸੀ ਕਿ ਕੀ ਉਹ ਇੱਕ ਦਿਨ ਉਨ੍ਹਾਂ ਦੀ ‘ਮਤਰੇਈ ਮਾਂ’ ਬਣ ਜਾਏਗੀ। ਪਰ ਜੇਕਰ ਕੈਮਿਲਾ ਉਨ੍ਹਾਂ ਦੇ ਪਿਤਾ ਨੂੰ ਖੁਸ਼ ਰੱਖਦੀ ਹੈ ਤਾਂ ਉਹ ਅਤੇ ਉਨ੍ਹਾਂ ਦਾ ਭਰਾ ਉਨ੍ਹਾਂ ਨੂੰ ‘ਦਿਲੋਂ ਮਾਫ਼ੀ’ ਦੇਣ ਲਈ ਰਾਜ਼ੀ ਸਨ।
ਕੈਮਿਲਾ ਨਾਲ ਉਨ੍ਹਾਂ ਦੀਆਂ ਮੁਲਾਕਾਤਾਂ ਕਿੱਥੇ ਹੋਈਆਂ ਜਾਂ ਉਸ ਵੇਲੇ ਹੈਰੀ ਦੀ ਉਮਰ ਕਿੰਨੀ ਸੀ, ਇਸ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਗਈ।

ਕਿਤਾਬ ਬਾਰੇ ਖਾਸ ਗੱਲਾਂ:
- ਪ੍ਰਿੰਸ ਹੈਰੀ ਨੇ ਆਪਣੀ ਕਿਤਾਬ ‘ਸਪੇਅਰ’ ਵਿੱਚ ਕੀਤੇ ਵੱਡੇ ਦਾਅਵੇ।
- ਕਿਤਾਬ ਵਿੱਚ ਕੀਤੇ ਦਾਅਵਿਆਂ ਬਾਰੇ ਕਿੰਗਸਟਨ ਪੈਲੇਸ ਅਤੇ ਬਕਿੰਗਮ ਪੈਲੇਸ ਨੇ ਇਸ ਬਾਰੇ ਕੋਈ ਵੀ ਟਿੱਪਣੀ ਕਰਨ ਤੋਂ ਇਨਕਾਰ ਕੀਤਾ।
- ਹੈਰੀ ਲਿਖਦੇ ਹਨ ਕਿ ਵਿਲੀਅਮ ਨੂੰ ਉਹਨਾਂ ਦਾ ਈਟਨ ਵਿੱਚ ਹੋਣਾ ਪਸੰਦ ਨਹੀਂ ਸੀ।
- ਹੈਰੀ ਕਹਿੰਦੇ ਹਨ ਕਿ ਉਨ੍ਹਾਂ ਨੇ ਅਫ਼ਗ਼ਾਨਿਸਤਾਨ ਵਿੱਚ ਲੜਾਈ ਦੌਰਾਨ 25 ਵਿਰੋਧੀਆਂ ਨੂੰ ਮਾਰਿਆ।

‘ਸ਼ਕਤੀਆਂ’ ਦਾ ਦਾਅਵਾ ਕਰਨ ਵਾਲੀ ਔਰਤ ਤੇ ਡਾਇਨਾ ਦਾ ਸੰਦੇਸ਼
ਹੈਰੀ ਦੱਸਦੇ ਹਨ ਕਿ ਉਨ੍ਹਾਂ ਦੀ ਮਾਂ ਡਾਇਨਾ ਦੀ ਮੌਤ ਤੋਂ ਬਾਅਦ ਪੈਦਾ ਹੋਈ ਉਦਾਸੀ ਦੇ ਦਿਨਾਂ ਵਿੱਚ ਉਨ੍ਹਾਂ ਦੀ ਮੁਲਾਕਾਤ ਉਸ ਔਰਤ ਨਾਲ ਹੋਈ ਜੋ ਖੁਦ ਕੋਲ ‘ਸ਼ਕਤੀਆਂ’ ਹੋਣ ਦਾ ਦਾਅਵਾ ਕਰਦੀ ਸੀ।
ਹੈਰੀ ਮੁਤਾਬਕ ਉਸ ਬੀਬੀ ਨੇ ਉਨ੍ਹਾਂ ਨੂੰ ਦੱਸਿਆ, “ਤੁਹਾਡੀ ਮਾਂ ਕਹਿੰਦੀ ਹੈ ਕਿ ਤੁਸੀਂ ਉਹ ਜ਼ਿੰਦਗੀ ਜਿਉਂ ਰਹੇ ਹੋ ਜੋ ਉਹ ਖੁਦ ਨਾ ਜਿਉਂ ਸਕੀ।”
ਸਾਲ 1997 ਵਿੱਚ ਪੈਰਿਸ ’ਚ ਇੱਕ ਕਾਰ ਹਾਦਸੇ ਵਿੱਚ ਡਾਇਨਾ ਦੀ ਮੌਤ ਹੋ ਗਈ ਸੀ, ਉਸ ਵੇਲੇ ਹੈਰੀ 12 ਸਾਲ ਦੇ ਸਨ।

ਤਸਵੀਰ ਸਰੋਤ, Getty Images
‘ਦ ਗਾਰਡੀਅਨ’, ਜਿਨ੍ਹਾਂ ਨੇ ਕਿਤਾਬ ਦੀ ਕਾਪੀ ਹਾਸਲ ਕੀਤੀ, ਉਨ੍ਹਾਂਂ ਨੇ ਇੱਕ ਅੰਸ਼ ਛਾਪਿਆ, ਜਿਸ ਮੁਤਾਬਕ, ਹੈਰੀ ਨੇ ਆਪਣੀ ਮਾਂ ਨਾਲ ਮੁਲਾਕਾਤ ਬਾਰੇ ਥੋੜ੍ਹੇ ਸ਼ਬਦਾਂ ਵਿੱਚ ਲਿਖਿਆ ਹੈ।
ਉਸ ਔਰਤ ਨਾਲ ਕਦੋਂ ਅਤੇ ਕਿੱਥੇ ਮੁਲਾਕਾਤ ਹੋਈ, ਇਸ ਬਾਰੇ ਵੀ ਕੋਈ ਜਾਣਕਾਰੀ ਨਹੀਂ ਹੈ।
ਜਦੋਂ ਡਾਇਨਾ ਦੀ ਮੌਤ ਹੋਈ ਤਾਂ ਚਾਰਲਜ਼ ਨੇ ‘ਹੈਰੀ ਨੂੰ ਜੱਫੀ ਨਹੀਂ ਪਾਈ’
ਆਪਣੀਆਂ ਯਾਦਾਂ ਅਧਾਰਤ ਲਿਖੀ ਇਸ ਕਿਤਾਬ ਵਿੱਚ ਹੈਰੀ ਦੱਸਦੇ ਹਨ ਕਿ ਕਿਵੇਂ ਉਨ੍ਹਾਂ ਦੇ ਪਿਤਾ ਨੇ ਉਨ੍ਹਾਂ ਨੂੰ ਜਗਾਇਆ ਅਤੇ ਡਾਇਨਾ ਨਾਲ ਕਾਰ ਹਾਦਸਾ ਹੋਣ ਬਾਰੇ ਦੱਸਿਆ।
ਹੈਰੀ ਲਿਖਦੇ ਹਨ ਕਿ ਚਾਰਲਜ਼ ਜੋ ਕਿ ‘ਆਮ ਹਾਲਾਤ’ ਵਿੱਚ ਵੀ ਆਪਣੀਆਂ ਭਾਵਨਾਵਾਂ ਪ੍ਰਗਟ ਕਰਨ ਵਿੱਚ ਚੰਗੇ ਨਹੀਂ ਸੀ, ਉਨ੍ਹਾਂ ਨੇ ਇਸ ਹਾਲਾਤ ਵਿੱਚ ਵੀ ਹੈਰੀ ਨੂੰ ਜੱਫੀ ਨਹੀਂ ਪਾਈ।
ਬਾਅਦ ਵਿੱਚ ਹੈਰੀ ਪੈਰਿਸ ਵਿੱਚ ਡਾਇਨਾ ਦੇ ਮੌਤ ਵਾਲੇ ਕਾਰ ਸਫ਼ਰ ਨੂੰ ਦੁਹਰਾਉਣ ਬਾਰੇ ਲਿਖਦੇ ਹਨ, ਜੋ ਕਿ ਉਨ੍ਹਾਂ ਨੇ ਇਸ ਉਮੀਦ ਨਾਲ ਦੁਹਾਰਇਆ ਸੀ ਕਿ ਘਟਨਾ ਨੂੰ ਨੇੜੇ ਤੋਂ ਜਾਣ ਸਕਣ।
ਪਰ ਕਹਿੰਦੇ ਹਨ ਕਿ ਇਸ ਦੇ ਬਜਾਏ ਉਨ੍ਹਾਂ ਦੇ ਮਨ ਵਿੱਚ ਡਾਇਨਾ ਦੀ ਮੌਤ ਦੇ ਅਸਲ ਕਾਰਨਾਂ ਬਾਰੇ ਸਵਾਲ ਖੜ੍ਹੇ ਹੋ ਗਏ ਸਨ।

ਤਸਵੀਰ ਸਰੋਤ, Getty Images
ਵਿਲੀਅਮ ਨੇ ਹੈਰੀ ਨੂੰ ਫ਼ਰਸ਼ ’ਤੇ ਸੁੱਟ ਦਿੱਤਾ
ਹੈਰੀ ਦਾਅਵਾ ਕਰਦੇ ਹਨ ਕਿ ਲੰਡਨ ਕੌਟੇਜ ਵਿੱਚ ਉਨ੍ਹਾਂ ਦੇ ਭਰਾ ਨੇ ਉਨ੍ਹਾਂ ਨੂੰ ਕਾਲਰ ਤੋਂ ਫੜਿਆ, ਨੈੱਕਲੈਸ ਤੋੜਿਆ ਅਤੇ ਉਨ੍ਹਾਂ ਨੂੰ ਫ਼ਰਸ਼ ’ਤੇ ਪਟਕ ਦਿੱਤਾ।
ਕਿਤਾਬ ਵਿੱਚ ਦੋਹਾਂ ਵਿਚਕਾਰ ਹੋਈ ਬਹਿਸਬਾਜ਼ੀ ਦਾ ਵੀ ਜ਼ਿਕਰ ਹੈ, ਜਿਸ ਬਾਰੇ ਹੈਰੀ ਦਾਅਵਾ ਕਰਦੇ ਹਨ ਕਿ ਵਿਲੀਅਮ ਵੱਲੋਂ ਮੇਘਨ ਬਾਰੇ ਟਿੱਪਣੀਆਂ ਕਰਨ ਬਾਅਦ ਭੜਕੀ ਸੀ।
ਹੈਰੀ ਲਿਖਦੇ ਹਨ ਕਿ ਉਨ੍ਹਾਂ ਦੇ ਭਰਾ ਵਿਲੀਅਮ ਮੇਘਨ ਨੂੰ ‘ਕਠਿਨ’, ‘ਰੁੱਖੇ ਵਤੀਰੇ ਵਾਲੀ’ ਅਤੇ ‘ਅਸੰਵੇਦਨਸ਼ੀਲ’ ਦੱਸਦਿਆਂ ਉਸ ਦੀ ਅਲੋਚਨਾ ਕਰਦੇ ਸੀ।
ਗਾਰਡੀਅਨ ਮੁਤਾਬਕ, ਹੈਰੀ ਕਹਿੰਦੇ ਹਨ ਕਿ ਉਨ੍ਹਾਂ ਦੇ ਭਰਾ ਪ੍ਰੈੱਸ ਵੱਲੋਂ ਪੇਸ਼ ਬਿਰਤਾਂਤ ਨੂੰ ਦੁਹਰਾਉਂਦੇ ਸੀ।
ਹੈਰੀ ਨੇ ਸਰੀਰਕ ਝਗੜੇ ਸਮੇਤ ਅੱਗੇ ਜੋ ਹੋਇਆ ਉਸ ਬਾਰੇ ਵੀ ਦੱਸਿਆ ਹੈ।
“ਵਿਲੀਅਮ ਨੇ ਪਾਣੀ ਦਾ ਗਲਾਸ ਰੱਖਿਆ ਅਤੇ ਦੂਜੇ ਨਾਮ ਨਾਲ ਮੈਨੂੰ ਸੰਬੋਧਨ ਕੀਤਾ। ਉਹ ਮੇਰੇ ਕੋਲ ਆਏ। ਇਹ ਸਭ ਬਹੁਤ ਜਲਦੀ-ਜਲਦੀ ਹੋਇਆ।”
“ਵਿਲੀਅਮ ਨੇ ਮੇਰਾ ਕਾਲਰ ਫੜਿਆ, ਮੇਰਾ ਨੈੱਕਲੇਸ ਤੋੜ ਦਿੱਤਾ ਅਤੇ ਮੈਨੂੰ ਫ਼ਰਸ਼ ’ਤੇ ਸੁੱਟ ਦਿੱਤਾ।”
“ਮੈਂ ਕੁੱਤੇ ਦੇ ਖਾਣੇ ਲਈ ਇਸਤੇਮਾਲ ਹੋਣ ਵਾਲੀ ਕੌਲੀ ’ਤੇ ਡਿਗ ਗਿਆ, ਜੋ ਮੇਰੀ ਪਿੱਠ ਦੇ ਭਾਰ ਨਾਲ ਟੁੱਟ ਗਈ ਅਤੇ ਉਸ ਦੇ ਟੁਕੜੇ ਮੇਰੀ ਪਿੱਠ ਵਿੱਚ ਚੁਭ ਗਏ। ਮੈਂ ਕੁਝ ਪਲ ਉੱਥੇ ਪਿਆ ਰਿਹਾ। ਫਿਰ ਲੜਖੜਾਉਂਦਿਆਂ ਉੱਠਿਆ ਅਤੇ ਵਿਲੀਅਮ ਨੂੰ ਉੱਥੋਂ ਜਾਣ ਲਈ ਕਿਹਾ।”

ਇਹ ਵੀ ਪੜ੍ਹੋ:

ਹੈਰੀ ਦਾ ਕੁਆਰਾਪਣ ਕਿਵੇਂ ਟੁੱਟਿਆ ?
ਹੈਰੀ ਲਿਖਦੇ ਹਨ ਕਿ ਉਹ 17 ਸਾਲ ਦੇ ਸੀ ਜਦੋਂ ਆਪਣੇ ਤੋਂ ਵੱਡੀ ਉਮਰ ਦੀ ਔਰਤ ਨਾਲ ਇੱਕ ਪੱਬ ਦੇ ਪਿੱਛੇ ਖੇਤਾਂ ਵਿੱਚ ਉਨ੍ਹਾਂ ਦਾ ਕੁਆਰਾਪਣ ਟੁੱਟਿਆ।
ਉਹ ਕਹਿੰਦੇ ਹਨ ਕਿ ਉਹ ਇੱਕ ‘ਅਪਮਾਨਜਨਕ’ ਤਜ਼ਰਬਾ ਸੀ ਜਿਸ ਵਿੱਚ ਉਸ ਔਰਤ ਨੇ ਉਨ੍ਹਾਂ ਨਾਲ ਇੱਕ ‘ਨੌਜਵਾਨ ਘੋੜੇ’ ਦੀ ਤਰ੍ਹਾਂ ਵਿਹਾਰ ਕੀਤਾ।

ਤਸਵੀਰ ਸਰੋਤ, Reuters
ਵਿਲੀਅਮ ਅਤੇ ਕੈਥਰੀਨ ਹੈਰੀ ਦੇ ਨਾਜ਼ੀ ਪਹਿਰਾਵੇ ‘ਤੇ ਹੱਸੇ
ਕਿਤਾਬ ਵਿੱਚ ਇਹ ਵੀ ਦਾਅਵਾ ਕੀਤਾ ਗਿਆ ਹੈ ਕਿ ਜਦੋਂ ਸਾਲ 2005 ਵਿੱਚ ਹੈਰੀ ਇੱਕ ਫੈਂਸੀ ਡ੍ਰੈੱਸ ਪਾਰਟੀ ਵਿੱਚੋਂ ਨਾਜ਼ੀ ਪਹਿਰਾਵੇ ਵਿੱਚ ਘਰ ਪਰਤੇ ਤਾਂ ਉਨ੍ਹਾਂ ਨੂੰ ਦੇਖ ਕੇ ਵਿਲੀਅਮ ਅਤੇ ਕੈਥਰੀਨ ਹੱਸੇ।
ਹੈਰੀ ਕਹਿੰਦੇ ਹਨ ਕਿ ਉਹ ਪਹਿਰਾਵਾ ਚੁਣਨ ਵੇਲੇ ਵਿਚਾਰ ਵਿਟਾਂਦਰੇ ਕਰ ਰਹੇ ਸੀ ਅਤੇ ਵਿਲੀਅਮ ਤੇ ਕੈਥਰੀਨ ਨੂੰ ਵੀ ਸੁਝਾਅ ਦੇਣ ਲਈ ਬੁਲਾਇਆ ਸੀ।
ਉਨ੍ਹਾਂ ਨੇ ਇੱਕ ਪਾਇਲਟ ਦੀ ਵਰਦੀ ਅਤੇ ਨਾਜ਼ੀ ਪਹਿਰਾਵੇ ਵਿੱਚੋਂ ਕੁਝ ਚੁਣਨਾ ਸੀ।
ਉਹ ਕਿਤਾਬ ਵਿੱਚ ਦੱਸਦੇ ਹਨ-
“ਮੈਂ ਵਿਲ ਅਤੇ ਕੇਟ ਨੂੰ ਬੁਲਾਇਆ ਅਤੇ ਪੁੱਛਿਆ ਕਿ ਉਹ ਕੀ ਸੋਚਦੇ ਹਨ?”
“ਨਾਜ਼ੀ ਯੂਨੀਫ਼ਾਰਮ, ਉਨ੍ਹਾਂ ਨੇ ਕਿਹਾ”
“ਮੈਂ ਉਹ ਕਿਰਾਏ ’ਤੇ ਲਈ, ਨਾਲ ਹੀ ਅਜੀਬ ਦਿਸਣ ਵਾਲੀਆਂ ਮੁੱਛਾਂ ਦੇ ਨਾਲ ਘਰ ਪਰਤਿਆ।”
“ਵਿਲੀ ਅਤੇ ਕੇਟ ਹੱਸ ਰਹੇ ਸੀ। ਇਹ ਵਿਲੀ ਦੇ ਲਿਉਟਾਰਡ ਪਹਿਰਾਵੇ ਤੋਂ ਵੀ ਬੁਰਾ ਸੀ। ਕਿਤੇ ਜ਼ਿਆਦਾ ਹਾਸੋਹੀਣਾ।”
ਹੈਰੀ ਉਦੋਂ 20 ਸਾਲ ਦੇ ਸੀ ਜਦੋਂ ‘ਦਿ ਸਨ’ ਨੇ ‘ਮੂਲ ਵਾਸੀ ਅਤੇ ਬਸਤੀਵਾਦੀ’ ਥੀਮ ਪਾਰਟੀ ਵਿੱਚੋਂ ਉਨ੍ਹਾਂ ਦੀ ਵਰਦੀ ਵਾਲੀ ਤਸਵੀਰ ਫਰੰਟ ਪੇਜ ’ਤੇ ਛਾਪੀ ਸੀ

ਤਸਵੀਰ ਸਰੋਤ, Reuters
17 ਸਾਲ ਦੀ ਉਮਰ ਵਿੱਚ ਨਸ਼ੇ ਲੈਣਾ
ਹੈਰੀ ਕਹਿੰਦੇ ਹਨ ਕਿ ਜਦੋਂ ਉਹ 17 ਸਾਲ ਦੇ ਸੀ ਤਾਂ ਕਿਸੇ ਦੇ ਘਰ ਵਿੱਚ ਉਨ੍ਹਾਂ ਨੂੰ ਕੋਕੇਨ ਦੀ ਪੇਸ਼ਕਸ਼ ਕੀਤੀ ਗਈ ਸੀ।
ਇਹ ਮੰਨਦੇ ਹੋਏ ਕਿ ਕਈ ਮੌਕਿਆਂ ’ਤੇ ਉਨ੍ਹਾਂ ਨੇ ਨਸ਼ਿਆਂ ਦਾ ਸੇਵਨ ਕੀਤਾ, ਹੈਰੀ ਨੇ ਕਿਹਾ ਕਿ ਉਨ੍ਹਾਂ ਨੂੰ ਇਸ ਵਿੱਚ ਆਨੰਦ ਨਹੀਂ ਆਇਆ।
ਉਹ ਲਿਖਦੇ ਹਨ, “ਇਹ ਮੌਜ ਨਹੀਂ ਸੀ ਅਤੇ ਹੋਰਾਂ ਤੋਂ ਉਲਟ ਮੈਨੂੰ ਇਸ ਨਾਲ ਖੁਸ਼ੀ ਨਹੀਂ ਮਿਲੀ, ਪਰ ਇਸ ਨੇ ਮੈਨੂੰ ਵੱਖਰੀ ਤਰ੍ਹਾਂ ਮਹਿਸੂਸ ਕਰਵਾਇਆ ਅਤੇ ਉਹ ਮੇਰਾ ਮੁੱਖ ਟੀਚਾ ਸੀ।”
“ਮੈਂ ਇੱਕ 17 ਸਾਲ ਦਾ ਮੁੰਡਾ ਸੀ ਜੋ ਹਰ ਨਵੀਂ ਚੀਜ਼ ਕਰਨ ਨੂੰ ਤਿਆਰ ਸੀ”
ਉਹ ਈਟਨ ਕਾਲਜ ਦੇ ਬਾਥਰੂਮ ਵਿੱਚ ਭੰਗ ਪੀਣ ਦੀ ਗੱਲ ਵੀ ਕਬੂਲ ਕੀਤੀ ਹੈ ਜਦੋਂ ਥੇਮਜ਼ ਵੈਲੀ ਪੁਲਿਸ ਦੇ ਅਫ਼ਸਰ ਉਨ੍ਹਾਂ ਦੇ ਸੁਰੱਖਿਆ ਕਰਮੀਆਂ ਵਜੋਂ ਇਮਾਰਤ ਦੇ ਬਾਹਰ ਗਸ਼ਤ ਕਰ ਰਹੇ ਸੀ।
‘ਦ ਟੈਲੀਗ੍ਰਾਫ’ ਦੀ ਰਿਪੋਰਟ ਮੁਤਾਬਕ, ਹੈਰੀ 2016 ਵਿੱਚ ਕੈਲੀਫੋਰਨੀਆ ਦੀ ਯਾਤਰਾ ਦੌਰਾਨ ਮੈਜਿਕ ਮਸ਼ਰੂਮ ਲੈਣ ਬਾਰੇ ਵੀ ਦੱਸਦੇ ਹਨ।
ਵਿਲੀਅਮ ਨੂੰ ਹੈਰੀ ਦਾ ਈਟਨ ਵਿੱਚ ਹੋਣਾ ਪਸੰਦ ਨਹੀਂ ਸੀ
ਹੈਰੀ ਦਾਅਵਾ ਕਰਦੇ ਹਨ ਕਿ ਜਦੋਂ ਉਹ ਈਟਨ ਕਾਲਜ ਵਿੱਚ ਪੜ੍ਹਾਈ ਸ਼ੁਰੂ ਕਰਨ ਵਾਲੇ ਸੀ ਤਾਂ ਵਿਲੀਅਮ ਨੇ ਉਨ੍ਹਾਂ ਨੂੰ ਕਿਹਾ ਸੀ, “ਹੈਰੋਲਡ ਮੈਂ ਤੁਹਾਨੂੰ ਨਹੀਂ ਜਾਣਦਾ ਅਤੇ ਤੁਸੀਂ ਮੈਨੂੰ ਨਹੀਂ ਜਾਣਦੇ।”
ਹੈਰੀ ਕਹਿੰਦੇ ਹਨ ਕਿ ਉਨ੍ਹਾਂ ਦੇ ਭਰਾ ਨੇ ਉਨ੍ਹਾਂ ਨੂੰ ਸਮਝਾਇਆ ਸੀ ਕਿ “ਉਨ੍ਹਾਂ ਦੇ ਇੱਥੇ ਪਹਿਲੇ ਦੋ ਸਾਲਾਂ ਦੌਰਾਨ, ਈਟਨ ਉਨ੍ਹਾਂ ਲਈ ਇੱਕ ਘੁੰਮਣ ਵਾਲੀ ਥਾਂ ਬਣਿਆ ਰਿਹਾ।”
“ਇਹ ਸਭ ਛੋਟੇ ਭਰਾ ਦੇ ਬੋਝ ਤੋਂ ਬਿਨ੍ਹਾਂ ਹੋਇਆ ਹੈ ਜੋ ਉਸ ਨੂੰ ਆਪਣੇ ਸਵਾਲਾਂ ਨਾਲ ਪਰੇਸ਼ਾਨ ਕਰ ਸਕਦਾ ਹੋਵੇ ਅਤੇ ਉਸ ਦੇ ਸਮਾਜਿਕ ਦਾਇਰੇ ਵਿੱਚ ਦਖਲਅੰਦਾਜ਼ੀ ਕਰ ਸਕਦਾ ਹੋਵੇ।”
ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਵਿਲੀਅਮ ਨੂੰ ਚਿੰਤਾ ਨਾ ਕਰਨ ਲਈ ਕਿਹਾ।
ਉਹ ਦਾਅਵਾ ਕਰਦੇ ਹਨ ਕਿ ਉਨ੍ਹਾਂ ਨੇ ਆਪਣੇ ਭਰਾ ਨੂੰ ਕਿਹਾ, “ਮੈਂ ਭੁੱਲ ਜਾਊਂਗਾ ਕਿ ਮੈਂ ਤੁਹਾਨੂੰ ਜਾਣਦਾ ਹਾਂ।”

ਤਸਵੀਰ ਸਰੋਤ, FACUNDO ARRIZABALAGA
ਹੈਰੀ ਨੇ ਮੀਡੀਆ ਦੇ ਦਬਾਅ ਹੇਠ ਕੈਰੋਲਿਨ ਫਲੈਕ ਨੂੰ ਮਿਲਣਾ ਬੰਦ ਕੀਤਾ
ਉਹ ਕਹਿੰਦੇ ਹਨ ਕਿ ਉਹ ਟੀਵੀ ਪੇਸ਼ਕਾਰ ਕੈਰੋਲਿਨ ਫਲੈਕ ਨੂੰ ਸਾਲ 2009 ਵਿੱਚ ਇੱਕ ਰੈਸਟੋਰੈਂਟ ਵਿੱਚ ਮਿਲੇ ਜਿੱਥੇ ਉਹ ਆਪਣੇ ਦੋਸਤਾਂ ਨਾਲ ਗਏ ਸੀ।
ਉਸ ਨੂੰ ਪਿਆਰੀ ਅਤੇ ਮਜ਼ਾਕੀਆ ਦੱਸਦਿਆਂ ਉਹ ਲਿਖਦੇ ਹਨ ਕਿ ਪ੍ਰੈਸ ਨੂੰ ਪਤਾ ਲੱਗ ਗਿਆ ਅਤੇ ਫੋਟੋਗ੍ਰਾਫਰਾਂ ਨੇ ਉਨ੍ਹਾਂ ਨੂੰ ਲੱਭ ਲਿਆ।
ਉਹ ਲਿਖਦੇ ਹਨ, “ਇੱਕ ਪਾਗਲਪਣ ਸ਼ੁਰੂ ਹੋ ਗਿਆ। ਕੁਝ ਘੰਟਿਆਂ ਦੇ ਅੰਦਰ ਹੀ ਫਲੈਕ ਦੇ ਮਾਪਿਆਂ, ਦੋਸਤਾਂ ਅਤੇ ਦਾਦੀ ਦੇ ਘਰ ਬਾਹਰ ਪੱਤਰਕਾਰਾਂ ਦਾ ਜਮਾਵੜਾ ਲੱਗ ਗਿਆ।”
“ਅਸੀਂ ਸਮੇਂ-ਸਮੇਂ ਇੱਕ ਦੂਜੇ ਨੂੰ ਮਿਲਦੇ ਰਹੇ ਪਰ ਫਿਰ ਕਦੇ ਵੀ ਆਜ਼ਾਦ ਮਹਿਸੂਸ ਨਾ ਕਰ ਸਕੇ। ਅਸੀਂ ਇਹ ਜਾਰੀ ਰੱਖਿਆ ਕਿਉਂਕਿ ਸਾਨੂੰ ਇਕੱਠਿਆਂ ਸਮਾਂ ਬਿਤਾਉਣਾ ਚੰਗਾ ਲਗਦਾ ਸੀ ਅਤੇ ਕਿਉਂਕਿ ਅਸੀਂ ਉਨ੍ਹਾਂ ਤੁੱਛ-ਬੁੱਧੀ ਲੋਕਾਂ ਦੇ ਹੱਥੋਂ ਹਾਰਨਾਂ ਨਹੀਂ ਚਾਹੁੰਦੇ ਸੀ।”
“ਪਰ ਇਸ ਰਿਸ਼ਤੇ ਨੂੰ ਦਾਗ਼ ਲੱਗ ਗਿਆ। ਅੰਤ ਵਿੱਚ ਅਸੀਂ ਫ਼ੈਸਲਾ ਲਿਆ ਕਿ ਇਹ ਦੁੱਖ ਅਤੇ ਅਪਮਾਨ ਝੱਲਣ ਦੇ ਕਾਬਿਲ ਨਹੀਂ ਹੈ। ਸਭ ਤੋਂ ਜ਼ਿਆਦਾ ਉਸ ਦੇ ਪਰਿਵਾਰ ਲਈ। ਆਖਿਰ ਅਸੀਂ ਇੱਕ ਦੂਜੇ ਨੂੰ ਸ਼ੁੱਭ ਇੱਛਾਵਾਂ ਦਿੰਦਿਆਂ ਵਿਦਾ ਲੈ ਲਈ।”

ਤਸਵੀਰ ਸਰੋਤ, PA Media
ਅਫ਼ਗ਼ਾਨਿਸਤਾਨ ਵਿੱਚ 25 ਤਾਲੀਬਾਨੀ ਲੜਾਕੂਆਂ ਨੂੰ ਮਾਰਿਆ
ਹੈਰੀ ਕਹਿੰਦੇ ਹਨ ਕਿ ਸਾਲ 2012-13 ਦੌਰਾਨ ਅਫ਼ਗ਼ਾਨਿਸਤਾਨ ਵਿੱਚ ਹੈਲੀਕਾਪਟਰ ਪਾਈਲਟ ਵਜੋਂ ਸੇਵਾ ਨਿਭਾਉਂਦਿਆਂ, ਉਨ੍ਹਾਂ ਨੇ ਛੇ ਮਿਸ਼ਨਾਂ ਵਿੱਚ ਹਿੱਸਾ ਲਿਆ ਜਿਨ੍ਹਾਂ ਵਿੱਚ ਜਾਨਾਂ ਲੈਣਾ ਵੀ ਸ਼ਾਮਲ ਸੀ ਪਰ ਉਨ੍ਹਾਂ ਨੂੰ ਇਹ ਮਿਸ਼ਨ ਜਾਇਜ਼ ਲੱਗੇ ਸੀ।
ਉਹ ਲਿਖਦੇ ਹਨ, “ਇਹ ਕੋਈ ਅੰਕੜਾ ਨਹੀਂ ਸੀ ਜਿਸ ਨੇ ਮੈਨੂੰ ਮਾਣ ਮਹਿਸੂਸ ਕਰਵਾਇਆ ਹੋਵੇ ਜਾਂ ਮੈਨੂੰ ਸ਼ਰਮਿੰਦਾ ਕੀਤਾ ਹੋਵੇ। ਜਦੋਂ ਮੈਂ ਗਰਮੀ ਅਤੇ ਦੁਚਿੱਤੀ ਵਿੱਚ ਸੀ ਤਾਂ ਉਨ੍ਹਾਂ ਨੂੰ ਇਨਸਾਨੀ ਜ਼ਿੰਦਗੀਆਂ ਵਜੋਂ ਨਹੀਂ ਦੇਖਿਆ। ਉਹ ਸ਼ਤਰੰਜ ਦੀ ਚਾਲ ਵਿੱਚ ਸੁੱਟੇ ਗਏ ਮੋਹਰੇ ਸੀ। ਉਹ ਚੰਗੇ ਲੋਕਾਂ ਨੂੰ ਮਾਰਨ, ਉਸ ਤੋਂ ਪਹਿਲਾਂ ਉਨ੍ਹਾਂ ਬੁਰੇ ਲੋਕਾਂ ਨੂੰ ਮੈਂ ਮਾਰ ਦਿੱਤਾ।”
ਹੈਰੀ ਅਤੇ ਮੇਘਨ ਦੇ ਵਿਆਹ ਲਈ ਜਗ੍ਹਾ ਚੁਣਨ ਦਾ ਮਸਲਾ
ਹੈਰੀ ਦਾਅਵਾ ਕਰਦੇ ਹਨ ਕਿ ਸ਼ਾਹੀ ਘਰਾਣੇ ਨੇ ਉਨ੍ਹਾਂ ਦੇ ਮੇਘਨ ਮਾਰਕਲ ਨਾਲ ਵਿਆਹ ਲਈ ਤਾਰੀਖ ਅਤੇ ਜਗ੍ਹਾ ਸਬੰਧੀ ਪੈਰ ਪਿਛਾਂਹ ਖਿੱਚ ਲਏ।
ਉਹ ਕਹਿੰਦੇ ਹਨ ਕਿ ਜਦੋਂ ਉਨ੍ਹਾਂ ਨੇ ਸੇਂਟ ਪੌਲ ਕੈਥਡ੍ਰਿਲ ਜਾਂ ਵੈਸਟਮਿਨਸਟਰ ਐਬੀ ਵਿੱਚ ਉਨ੍ਹਾਂ ਦੇ ਵਿਆਹ ਦੀ ਸੰਭਾਵਨਾ ਬਾਰੇ ਆਪਣੇ ਭਰਾ ਨਾਲ ਗੱਲ ਕੀਤੀ ਤਾਂ ਵਿਲੀਅਮ ਨੇ ਕਿਹਾ ਕਿ ਇਹ ਸੰਭਵ ਨਹੀਂ ਕਿਉਂਕਿ ਉੱਥੇ ਕ੍ਰਮਵਾਰ ਚਾਰਲਜ਼ ਤੇ ਡਾਇਨਾ ਅਤੇ ਵਿਲੀਅਮ ਤੇ ਕੈਥਰੀਨ ਦੇ ਵਿਆਹ ਹੋਏ ਹਨ।
ਇਸ ਦੀ ਬਜਾਏ, ਵਿਲੀਅਮ ਨੇ ਉਨ੍ਹਾਂ ਦੇ ਪਿਤਾ ਦੇ ਹਾਈਗਰੂਵ ਘਰ ਦੇ ਨੇੜੇ ਪਿੰਡ ਦੇ ਚੈਪਲ ਦਾ ਸੁਝਾਅ ਦਿੱਤਾ।
ਹਾਲਾਂਕਿ ਹੈਰੀ ਅਤੇ ਮੇਘਨ ਦਾ ਵਿਆਹ ਮਈ, 2018 ਵਿੱਚ ਵਿੰਡਸਰ ਕਿਲ੍ਹੇ ਦੇ ਸੇਂਟ ਜੌਰਜ ਚੈਪਲ ਵਿੱਚ ਹੋਇਆ।
ਲੋਕਾਂ ਸਾਹਮਣੇ ਆਉਣ ਤੋਂ ਪਹਿਲਾਂ ਪੈਨਿਕ ਅਟੈਕ
ਹੈਰੀ ਆਪਣੀ ਕਿਤਾਬ ਵਿੱਚ ਲਿਖਦੇ ਹਨ, “ਸਾਲ 2013 ਦੀਆਂ ਗਰਮੀਆਂ ਦੇ ਅੰਤ ਦੌਰਾਨ ਮੈਂ ਇੱਕ ਬੁਰੇ ਹਾਲਾਤ ਵਿੱਚੋਂ ਗੁਜ਼ਰ ਰਿਹਾ ਸੀ, ਕਦੇ ਬਹੁਤ ਜ਼ਿਆਦਾ ਸੁਸਤੀ ਮਹਿਸੂਸ ਕਰਦਾ ਸੀ ਅਤੇ ਕਦੇ ਭਿਆਨਕ ਪੈਨਿਕ ਅਟੈਕ (ਘਬਰਾਹਟ) ਆਉਂਦੇ ਸੀ।”
ਉਸ ਵੇਲੇ ਆਪਣੀਆਂ ਡਿਊਟੀਆਂ ਜਿਨ੍ਹਾਂ ਵਿੱਚ ਭਾਸ਼ਣ ਦੇਣ ਤੋਂ ਲੈ ਕੇ ਇੰਟਰਵਿਊਜ਼ ਦੇਣ ਤੱਕ ਸ਼ਾਮਲ ਸੀ, ਉਸ ਬਾਰੇ ਦੱਸਦਿਆਂ ਹੈਰੀ ਕਹਿੰਦੇ ਹਨ ਕਿ ਉਹ ਇਸ ਸਭ ਕਰਨ ਵਿੱਚ ਅਸਮਰਥ ਮਹਿਸੂਸ ਕਰਦੇ ਸੀ।
ਉਹ ਕਹਿੰਦੇ ਹਨ ਕਿ ਭਾਸ਼ਣ ਤੋਂ ਪਹਿਲਾਂ, ਉਨ੍ਹਾਂ ਦਾ ਸਰੀਰ ਪਸੀਨੇ ਨਾਲ ਭਿੱਜ ਜਾਂਦਾ ਸੀ ਅਤੇ ਉੱਤੇ ਸੂਟ ਪਾਉਣ ਨਾਲ ਹਾਲਾਤ ਹੋਰ ਵਿਗੜ ਜਾਂਦੇ ਸੀ, ਜਦੋਂ ਪੈਨਿਕ ਸ਼ੁਰੂ ਹੁੰਦਾ ਸੀ।
“ਜਦੋਂ ਤੱਕ ਮੈਂ ਬਲੇਜ਼ਰ ਪਹਿਨਦਾ ਅਤੇ ਬੂਟਾਂ ਦੇ ਫ਼ੀਤੇ ਬੰਨ੍ਹਦਾ, ਉਦੋਂ ਤੱਕ ਪਸੀਨਾ ਮੇਰੇ ਚਿਹਰੇ ਅਤੇ ਪਿੱਠ ’ਤੇ ਆਉਣ ਲਗਦਾ ਸੀ।”

ਤਸਵੀਰ ਸਰੋਤ, PA Media
ਚਾਰਲਜ਼ ਨੇ ਹੈਰੀ ਅਤੇ ਵਿਲੀਅਮ ਨੂੰ ਲੜਾਈ ਨਾ ਕਰਨ ਲਈ ਮਿੰਨਤ ਕੀਤੀ
ਹੈਰੀ ਨੇ ਸਾਲ 2021 ਵਿੱਚ ਉਨ੍ਹਾਂ ਦੇ ਦਾਦਾ ਪ੍ਰਿੰਸ ਫਿਲਿਪ ਦੀਆਂ ਅੰਤਿਮ ਰਸਮਾਂ ਦੌਰਾਨ ਉਨ੍ਹਾਂ ਅਤੇ ਵਿਲੀਅਮ ਵਿਚਕਾਰ ਹੋਏ ਝਗੜੇ ਦਾ ਜ਼ਿਕਰ ਕੀਤਾ ਹੈ।
ਹੈਰੀ ਕਹਿੰਦੇ ਹਨ ਕਿ ਚਾਰਲਜ਼ ਉਨ੍ਹਾਂ ਦੇ ਵਿਚਕਾਰ ਖੜ੍ਹੇ ਹੋ ਗਏ ਅਤੇ ਉਨ੍ਹਾਂ ਨੂੰ ਕਿਹਾ, “ਪੁੱਤਰੋਂ ਕ੍ਰਿਪਾ ਕਰਕੇ…ਮੇਰੇ ਆਖ਼ਰੀ ਸਾਲਾਂ ਨੂੰ ਦੁਖਦਾਈ ਨਾ ਬਣਾਓ।”
ਵਿਲੀਅਮ ਅਤੇ ਹੈਰੀ ਸਨ ‘ਵਾਰਿਸ ਅਤੇ ਸਪੇਅਰ (ਵਾਧੂ)’
ਇਸ ਕਿਤਾਬ ਦਾ ਸਿਰਲੇਖ ਹੈਰੀ ਦੇ ਜਨਮ ਮੌਕੇ ਕੀਤੀ ਗਈ ਇੱਕ ਟਿੱਪਣੀ ਤੋਂ ਲਿਆ ਗਿਆ ਹੈ।
ਹੈਰੀ ਲਿਖਦੇ ਹਨ ਕਿ ਉਹ 20 ਸਾਲ ਦੇ ਸੀ ਜਦੋਂ ਉਨ੍ਹਾਂ ਨੂੰ ਦੱਸਿਆ ਗਿਆ ਸੀ ਕਿ ਚਾਰਲਜ਼ ਨੇ ਡਾਇਨਾ ਨੂੰ ਕਿਹਾ ਸੀ, “ਬਹੁਤ ਕਮਾਲ। ਤੁਸੀਂ ਮੈਨੂੰ ਇੱਕ ਵਾਰਿਸ ਦਿੱਤਾ ਹੈ ਅਤੇ ਇੱਕ ਸਪੇਅਰ (ਵਾਧੂ)। ਤੁਸੀਂ ਬਹੁਤ ਵਧੀਆ ਕੀਤਾ ਹੈ।”












