ਮਰੀਜ਼ ਦੇ ਸੂਰ ਦਾ ਗੁਰਦਾ ਇਸ ਤਰ੍ਹਾਂ ਲਾਇਆ ਗਿਆ, ਭਾਰਤ ਵਿੱਚ ਅੰਗ ਦਾਨ ਕਿਵੇਂ ਹੁੰਦਾ ਹੈ

ਅਮਰੀਕਾ ਵਿੱਚ ਇੱਕ ਵਿਅਕਤੀ ਨੂੰ ਸੂਰ ਦਾ ਜਨੈਟਿਕ ਤੌਰ ਉੱਤੇ ਸੋਧਿਆ ਹੋਇਆ ਗੁਰਦਾ ਲਾਉਣ ਮਗਰੋਂ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਹੈ।

62 ਸਾਲਾ ਮਰੀਜ਼ ਨੂੰ ਬੁੱਧਵਾਰ ਨੂੰ ਘਰੇ ਭੇਜ ਦਿੱਤਾ ਗਿਆ। ਉਨ੍ਹਾਂ ਦਾ ਦੋ ਮਹੀਨੇ ਪਹਿਲਾਂ ਮੈਸਾਚਿਊਸਿਟਸ ਜਨਰਲ ਹਸਪਤਾਲ (ਐੱਮਜੀਐੱਚ) ਵਿੱਚ ਅਪਰੇਸ਼ਨ ਕੀਤਾ ਗਿਆ ਸੀ।

ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਇਸ ਤਰ੍ਹਾਂ ਦੀਆਂ ਕੋਸ਼ਿਸ਼ਾਂ ਨਾਕਾਮਯਾਬ ਰਹੀਆਂ ਹਨ। ਸਾਇੰਸਦਾਨ ਇਸ ਘਟਨਾ ਨੂੰ ਅੰਗ ਬਦਲਣ ਦੀ ਪ੍ਰਕਿਰਿਆ ਵਿੱਚ ਇੱਕ ਵੱਡਾ ਮਾਰਕਾ ਦੱਸ ਰਹੇ ਹਨ।

ਮੈਸਾਚਿਊਸਿਟਸ ਜਨਰਲ ਹਸਪਤਾਲ, ਬੋਸਟਨ ਵਿੱਚ ਹਾਰਵਰਡ ਮੈਡੀਕਲ ਸਕੂਲ ਦਾ ਸਭ ਤੋਂ ਵੱਡਾ ਅਧਿਆਪਨ ਹਸਪਤਾਲ ਹੈ

ਹਸਪਤਾਲ ਦੇ ਪ੍ਰੈੱਸ ਬਿਆਨ ਵਿੱਚ ਕਿਹਾ ਗਿਆ, ਵੇਮਾਊਥ, ਮੈਸਾਚਿਊਸਿਟਸ ਦੇ ਰਿਕ, ਸਲੇਮੈਨ ਅੰਤਿਮ ਪੜਾਅ ਦੀ ਗੁਰਦੇ ਦੀ ਬਿਮਾਰੀ ਨਾਲ ਸੰਘਰਸ਼ ਕਰ ਰਹੇ ਸਨ, ਉਨ੍ਹਾਂ ਨੂੰ ਅੰਗ ਲਾਉਣ ਦੀ ਲੋੜ ਸੀ।

16 ਮਾਰਚ ਨੂੰ ਡਾਕਟਰਾਂ ਨੇ ਉਨ੍ਹਾਂ ਦੇ ਚਾਰ ਘੰਟਿਆਂ ਦੇ ਅਪਰੇਸ਼ਨ ਵਿੱਚ ਸੂਰ ਦਾ ਜਨੈਟਿਕ ਤੌਰ ਉੱਤੇ ਸੋਧਿਆ ਹੋਇਆ ਗੁਰਦਾ ਲਾ ਦਿੱਤਾ।

ਸਲੇਮੈਨ ਦਾ ਗੁਰਦਾ ਹੁਣ ਠੀਕ ਕੰਮ ਕਰ ਰਿਹਾ ਹੈ ਅਤੇ ਉਹ ਹੁਣ ਡਾਇਲਸਿਸ ਉੱਤੇ ਨਹੀਂ ਹਨ।

ਮਰੀਜ਼ ਨੇ ਕਿਹਾ ਕਿ ਹਸਪਤਾਲ ਛੱਡ ਕੇ ਘਰ ਜਾਣਾ ਉਨ੍ਹਾਂ ਦੀ ਜ਼ਿੰਦਗੀ ਦੇ “ਸਭ ਤੋਂ ਪ੍ਰਸੰਨਤਾ ਵਾਲੇ ਪਲਾਂ ਵਿੱਚੋਂ ਇੱਕ ਸੀ”।

ਉਨ੍ਹਾਂ ਨੇ ਅੱਗੇ ਕਿਹਾ, “ਮੈਂ ਡਾਇਲਸਿਸ ਦੇ ਬੋਝ ਤੋਂ ਬਿਨਾਂ ਆਪਣੀ ਜ਼ਿੰਦਗੀ ਆਪਣੇ ਪਰਿਵਾਰ, ਦੋਸਤਾਂ ਅਤੇ ਸਨੇਹੀਆਂ ਨਾਲ ਮੁੜ ਸ਼ੁਰੂ ਕਰਨ ਦੇ ਯੋਗ ਹੋ ਕੇ ਬਹੁਤ ਉਤਸ਼ਾਹਿਤ ਹਾਂ, ਜਿਸ ਨੇ ਕਈ ਸਾਲਾਂ ਤੋਂ ਮੇਰੀ ਜ਼ਿੰਦਗੀ ਨੂੰ ਪ੍ਰਭਾਵਿਤ ਕੀਤਾ ਹੋਇਆ ਸੀ।”

ਸਾਲ 2018 ਵਿੱਚ ਸਲੇਮੈਨ ਦੇ ਇੱਕ ਮਰਹੂਮ ਦਾਨੀ ਦਾ ਗੁਰਦਾ ਲਾਇਆ ਗਿਆ। ਹਾਲਾਂਕਿ ਉਹ ਸਾਲ ਦੇ ਅੰਦਰ ਹੀ ਕੰਮ ਕਰਨਾ ਛੱਡ ਗਿਆ ਤਾਂ ਡਾਕਟਰਾਂ ਨੇ ਸੂਰ ਦੇ ਗੁਰਦੇ ਦਾ ਵਿਚਾਰ ਛੇੜਿਆ।

“ਮੈਂ ਇਸ ਨੂੰ ਸਿਰਫ਼ ਮੇਰੀ ਮਦਦ ਦੇ ਰਾਹ ਵਜੋਂ ਨਹੀਂ ਦੇਖਿਆ ਸਗੋਂ ਉਨ੍ਹਾਂ ਹਜ਼ਾਰਾਂ ਲੋਕਾਂ ਦੀ ਮਦਦ ਦੇ ਰਾਹ ਵਜੋਂ ਦੇਖਿਆ ਜਿਨ੍ਹਾਂ ਨੂੰ ਅੰਗ ਬਦਲਣ ਦੀ ਲੋੜ ਹੈ।”

ਸੂਰ ਦਾ ਨਵਾਂ ਗੁਰਦਾ ਜੋ ਉਨ੍ਹਾਂ ਦੇ ਲਾਇਆ ਗਿਆ ਕਿ ਉਹ ਜਨੈਟਿਕ ਰੂਪ ਵਿੱਚ ਕੈਂਬਰਿਜ ਦੀ ਦਵਾਈ ਨਿਰਮਾਤਾ ਕੰਪਨੀ ਈ-ਜੈਨਿਸਿਸ ਨੇ ਸੋਧਿਆ ਹੈ। ਇਸ ਰਾਹੀਂ ਉਸ ਵਿੱਚੋਂ “ਸੂਰ ਦੇ ਨੁਕਸਾਨਦਾਇਕ ਜੀਨ ਕੱਢ ਦਿੱਤੇ ਗਏ ਹਨ ਅਤੇ ਸਥਿਰਤਾ ਵਧਾਉਣ ਲਈ ਕੁਝ ਮਨੁੱਖੀ ਜੀਨ ਪਾ ਦਿੱਤੇ ਗਏ ਹਨ।”

ਜ਼ਿਕਰਯੋਗ ਹੈ ਕਿ ਦੁਨੀਆਂ ਦਾ ਪਹਿਲਾ ਗੁਰਦਾ ਵੀ ਸਾਲ 1954 ਵਿੱਚ ਇਸੇ ਹਸਪਤਾਲ ਵਿੱਚ ਬਦਲਿਆ ਗਿਆ ਸੀ। ਇਸ ਲਈ ਹਸਪਤਾਲ ਨੇ ਆਪਣੇ ਅੰਗ ਬਦਲਣ ਦੇ ਇਤਿਹਾਸ ਅਤੇ ਈ-ਜੈਨਿਸਿਸ ਵੱਲੋਂ ਪਿਛਲੇ ਪੰਜ ਸਾਲਾਂ ਦੌਰਾਨ ਕੀਤੀ ਗਈ ਅੰਤਰ-ਪ੍ਰਜਾਤੀ ਅੰਗ ਵਟਾਂਦਰੇ ਉੱਪਰ ਕੀਤੀ ਖੋਜ ਤੋਂ ਮਦਦ ਲਈ ਹੈ।

ਪ੍ਰਕਿਰਿਆ ਲਈ ਅਮਰੀਕਾ ਦੀ ਰੈਗੂਲੇਟਰੀ ਬਾਡੀ ਫੂਡ ਐਂਡ ਡਰੱਗ ਐਡਮਨਿਸਟਰੇਸ਼ਨ ਵੱਲੋਂ ਹਰੀ ਝੰਡੀ ਦਿੱਤੀ ਗਈ ਸੀ। ਐਡਮਨਿਸਟਰੇਸ਼ਨ ਨੇ ਇਹ ਜੀਵਨ ਲਈ ਖਤਰਨਾਕ ਬਿਮਾਰੀਆਂ ਨਾਲ ਲੜ ਰਹੇ ਮਰੀਜ਼ਾਂ ਨੂੰ ਪ੍ਰਯੋਗੀ ਇਲਾਜ ਦੇਣ ਦੀ ਵਿਵਸਥਾ ਤਹਿਤ ਇਜਾਜ਼ਤ ਦਿੱਤੀ।

ਟਰਾਂਸਪਲਾਂਟ ਵਿੱਚ ਲੱਗੀ ਟੀਮ ਨੇ ਇਸ ਨੂੰ ਦੁਨੀਆਂ ਵਿੱਚ ਅੰਗਾਂ ਦੀ ਕਮੀ ਦੇ ਇੱਕ ਸੰਭਾਵੀ ਹੱਲ ਵਜੋਂ ਪ੍ਰਸੰਸਾ ਕੀਤੀ। ਖਾਸ ਕਰਕੇ ਨਸਲੀ ਘੱਟ ਗਿਣਤੀ ਸਮੂਹ ਜਿਨ੍ਹਾਂ ਨੂੰ ਅੰਗਾਂ ਦੀ ਕਮੀ ਵਿਸ਼ੇਸ਼ ਤੌਰ ’ਤੇ ਪ੍ਰਭਾਵਿਤ ਕਰਦੀ ਹੈ।

ਮਨੁੱਖਾਂ ਵਿੱਚ ਸੂਰ ਦੇ ਅੰਗਾਂ ਦੀ ਵਰਤੋਂ

ਸਲੇਮੈਨ ਦੇ ਐੱਮਜੀਐੱਚ ਵਿੱਚ ਡਾਕਟਰ ਵਿਨਫਰੈਡ ਵਿਲੀਅਮਸ ਨੇ ਕਿਹਾ, “ਇਸ ਤਕਨੀਕੀ ਤਰੱਕੀ ਕਾਰਨ ਪੈਦਾ ਹੋਣ ਵਾਲੀ ਅੰਗਾਂ ਦੀ ਭਰਭੂਰ ਪੂਰਤੀ ਸਿਹਤ-ਬਰਾਬਰੀ ਹਾਸਲ ਕਰਨ ਵਿੱਚ ਮਦਦਗਾਰ ਹੋਵੇਗੀ ਅਤੇ ਲੋੜਵੰਦ ਮਰੀਜ਼ਾਂ ਨੂੰ ਨਕਾਰਾ ਗੁਰਦੇ ਦਾ ਸਭ ਤੋਂ ਵਧੀਆ ਹੱਲ ਮੁਹੱਈਆ ਕਰੇਗੀ।”

ਇੱਕ ਅੰਦਾਜ਼ੇ ਮੁਤਾਬਕ ਅਮਰੀਕਾ ਵਿੱਚ ਹਰ ਸਾਲ 17 ਜਣਿਆਂ ਦੀ ਜਾਨ ਅੰਗਾਂ ਦੀ ਉਡੀਕ ਵਿੱਚ ਚਲੀ ਜਾਂਦੀ ਹੈ। ਗੁਰਦਾ ਸਭ ਤੋਂ ਜ਼ਿਆਦਾ ਬਦਲਿਆ ਜਾਣ ਵਾਲਾ ਅੰਗ ਹੈ।

ਹਾਲਾਂਕਿ ਇਹ ਕਿਸੇ ਮਨੁੱਖ ਦੇ ਲਾਇਆ ਗਿਆ ਸੂਰ ਦਾ ਪਹਿਲਾ ਗੁਰਦਾ ਹੈ ਪਰ ਕਿਸੇ ਅੰਗ ਬਦਲੀ ਪ੍ਰਕਿਰਿਆ ਵਿੱਚ ਵਰਤਿਆ ਜਾਣ ਵਾਲਾ ਸੂਰ ਦਾ ਪਹਿਲਾ ਅੰਗ ਨਹੀਂ ਹੈ।

ਇਸ ਤੋਂ ਪਹਿਲਾਂ ਦੋ ਮਰੀਜ਼ਾਂ ਨੂੰ ਸੂਰ ਦੇ ਦਿਲ ਲਾਏ ਜਾ ਚੁੱਕੇ ਹਨ। ਹਾਲਾਂਕਿ ਉਹ ਨਾਕਾਮ ਰਹੇ ਸਨ ਕਿਉਂਕਿ ਮਰੀਜ਼ਾਂ ਦੀ ਅਪਰੇਸ਼ਨ ਤੋਂ ਕੁਝ ਹਫ਼ਤਿਆਂ ਬਾਅਦ ਹੀ ਮੌਤ ਹੋ ਗਈ ਸੀ।

ਇੱਕ ਮਾਮਲੇ ਵਿੱਚ ਮਰੀਜ਼ ਦੀ ਬਿਮਾਰੀਆਂ ਨਾਲ ਲੜਨ ਦੀ ਸ਼ਕਤੀ ਨੇ ਅੰਗ ਨੂੰ ਰੱਦ ਕਰ ਦਿੱਤਾ ਸੀ। ਅੰਗ ਬਦਲੀ ਵਿੱਚ ਇਹ ਸਭ ਤੋਂ ਆਮ ਖਤਰਾ ਹੈ।

ਭਾਰਤ ਵਿੱਚ ਅੰਗ ਦਾਨ ਕਿਵੇਂ ਹੁੰਦਾ ਹੈ

ਭਾਰਤ ਵਿੱਚ ਅੰਗ ਦਾਨ ਨਾਲ ਜੁੜਿਆ ਕਾਨੂੰਨ, ਟਰਾਂਸਪਲਾਂਟੇਸ਼ਨ ਆਫ ਹਿਊਮਨ ਔਰਗਨਜ਼ ਐਕਟ ਸਾਲ 1994 ਵਿੱਚ ਪਾਸ ਕੀਤਾ ਗਿਆ।

ਭਾਰਤ ਵਿੱਚ ਮਨੁੱਖੀ ਸਰੀਰ ਵਿੱਚੋਂ ਅੰਗਾਂ ਦਾ ਕੱਢਿਆ ਜਾਣਾ, ਉਨ੍ਹਾਂ ਦੀ ਸੰਭਾਲ, ਉਨ੍ਹਾਂ ਨੂੰ ਕਿਸੇ ਲੋੜਵੰਦ ਮਰੀਜ਼ ਦੇ ਸਰੀਰ ਵਿੱਚ ਲਾਉਣ ਅਤੇ ਮਨੁੱਖੀ ਅੰਗਾਂ ਦੇ ਵਪਾਰ ਨੂੰ ਰੋਕਣ ਨਾਲ ਜੁੜੇ ਸਾਰੇ ਮਸਲੇ ਇਸੇ ਕਾਨੂੰਨ ਅਨੁਸਾਰ ਹੀ ਨਜਿੱਠੇ ਜਾਂਦੇ ਹਨ।

ਕਾਨੂੰਨ ਡਾਕਟਰਾਂ ਦੀ ਕਮੇਟੀ ਵੱਲੋਂ ਕਿਸੇ ਮਰੀਜ਼ ਨੂੰ ਦਿਮਾਗੀ ਤੌਰ 'ਤੇ ਮਰਿਆ ਐਲਾਨ ਦਿੱਤੇ ਜਾਣ ਮਗਰੋਂ ਉਸ ਵਿਅਕਤੀ ਦੇ ਗੁਰਦਿਆਂ ਸਮੇਤ ਹੋਰ ਵੀ ਕਈ ਅੰਗ ਉਸ ਦੇ ਪਰਿਵਾਰ ਦੀ ਸਹਿਮਤੀ ਨਾਲ ਕਿਸੇ ਹੋਰ ਮਰੀਜ਼ ਵਿੱਚ ਲਾਏ ਜਾ ਸਕਦੇ ਹਨ।

ਅੰਗ ਦਾਨ ਨਾਲ ਜੁੜੀਆਂ ਵੱਖੋ-ਵੱਖ ਪ੍ਰਕਿਰਿਆਵਾਂ ਬਾਰੇ 21 ਕਿਸਮ ਦੇ ਫਾਰਮ ਹਨ। ਇਹ ਫਾਰਮ ਨੈਸ਼ਨਲ ਔਰਗਨ ਐਂਡ ਟਿਸ਼ੂ ਟ੍ਰਾਂਸਪਲਾਂਟ ਔਰਗਾਨਾਈਜ਼ੇਸ਼ਨ ਦੀ ਵੈਬਸਾਈਟ ਤੋਂ ਡਾਊਨਲੋਡ ਕੀਤੇ ਜਾ ਸਕਦੇ ਹਨ।

ਰਤਾਨੀਆ ਦੀ ਨੈਸ਼ਨਲ ਹੈਲਥ ਸਰਵਿਸ ਦੀ ਵੈਬਸਾਈਟ ਮੁਤਾਬਕ ਗੁਰਦਾ ਦਾਨ ਕਰਨ ਵਾਲੇ ਦੀ ਹੇਠ ਲਿਖੇ ਪੱਖਾਂ ਤੋਂ ਜਾਂਚ ਜ਼ਰੂਰੀ ਹੈ:

  • ਦਾਨੀ ਆਪ੍ਰੇਸ਼ਨ ਦੇ ਅਸਰ ਝੱਲ ਸਕਦਾ ਹੋਵੇ।
  • ਟ੍ਰਾਂਸਪਲਾਂਟ ਤੋਂ ਬਾਅਦ ਉਸ ਦੇ ਸਫ਼ਲ ਹੋਣ ਦੀ ਸੰਭਾਵਨਾ ਵੀ ਵਧੀਆ ਹੋਣੀ ਚਾਹੀਦੀ ਹੈ।
  • ਜੇ ਪਹਿਲਾਂ ਕੋਈ ਇਨਫੈਕਸ਼ਨ ਆਦਿ ਹੋਵੇ ਤਾਂ ਉਸ ਦਾ ਇਲਾਜ ਕਰਾ ਲੈਣਾ ਚਾਹੀਦਾ ਹੈ।
  • ਗੁਰਦੇ ਫੇਲ੍ਹ ਹੋ ਜਾਣ ਦੀ ਸੂਰਤ ਵਿੱਚ ਹਰ ਤਿੰਨ ਵਿੱਚੋਂ ਇੱਕ ਵਿਅਕਤੀ ਦਾ ਗੁਰਦਾ ਬਦਲਿਆ ਜਾ ਸਕਦਾ ਹੈ।

ਕਿਸੇ ਮਨੁੱਖ ਦੇ ਗੁਰਦੇ, ਜਿਗਰ, ਪੈਂਕਰੀਆਜ਼, ਦਿਲ, ਫੇਫੜੇ ਅਤੇ ਆਂਦਰਾਂ ਦਾਨ ਕੀਤੀਆਂ ਜਾ ਸਕਦੀਆਂ ਹਨ। ਇਸ ਦੇ ਇਲਾਵਾ ਮਨੁੱਖੀ ਸਰੀਰ ਦੇ ਕੁਝ ਟਿਸ਼ੂ ਵੀ ਦਾਨ ਕੀਤੇ ਜਾ ਸਕਦੇ ਹਨ ਜਿਵੇਂ ਅੱਖਾਂ ਦਾ ਕੋਰਨੀਆ, ਧਮਣੀਆਂ।

ਅੰਗ ਦਾਨ ਦੇ ਇੱਛੁਕ ਵਿਅਕਤੀ ਨੈਸ਼ਨਲ ਔਰਗਨ ਐਂਡ ਟਿਸ਼ੂ ਟ੍ਰਾਂਸਪਲਾਂਟ ਔਰਗਾਨਾਈਜ਼ੇਸ਼ਨ ਵੱਲੋਂ ਅੰਗ ਦਾਨ ਲਈ ਮਾਨਤਾ ਪ੍ਰਾਪਤ ਹਸਪਤਾਲ ਵਿੱਚ ਇਸ ਲਈ ਫਾਰਮ ਭਰ ਸਕਦਾ ਹੈ।

ਇਹ ਫ਼ਾਰਮ ਨੈਸ਼ਨਲ ਔਰਗਨ ਐਂਡ ਟਿਸ਼ੂ ਟ੍ਰਾਂਸਪਲਾਂਟ ਔਰਗਾਨਾਈਜ਼ੇਸ਼ਨ ਦੀ ਵੈਬਸਾਈਟ ਤੋਂ ਵੀ ਡਾਊਨਲੋਡ ਕੀਤਾ ਜਾ ਸਕਦਾ ਹੈ।

ਦਾਨ ਕਰਨ ਦਾ ਇੱਛੁਕ ਵਿਅਕਤੀ ਆਪਣੇ ਜੀਵਨ ਵਿੱਚ ਕਿਸੇ ਵੀ ਸਮੇਂ, ਅੰਗ ਦਾਨ ਤੋਂ ਇਨਕਾਰ ਕਰ ਸਕਦਾ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)