You’re viewing a text-only version of this website that uses less data. View the main version of the website including all images and videos.
ਈਰਾਨ ਦਾ ਇਜ਼ਰਾਈਲ ’ਤੇ ਹਮਲਾ: ਕਿਸ ਦੀ ਹੋਈ ਜਿੱਤ ਤੇ ਕਿਸਦੀ ਹੋਈ ਹਾਰ
- ਲੇਖਕ, ਮਹਿਮੂਦ ਏਲਨਾਗਰ
- ਰੋਲ, ਬੀਬੀਸੀ ਨਿਊਜ਼ ਅਰਬੀ
ਈਰਾਨ ਦੇ ਇਜ਼ਰਾਈਲ ਉੱਤੇ ਕੀਤੇ ਗਏ ਹਮਲੇ ਬਾਰੇ ਕੁਝ ਮਾਹਰ ਮੰਨਦੇ ਹਨ ਕਿ ਇਸ ਦਾ ਨਤੀਜਾ ਈਰਾਨ ਦੇ ਪੱਖ ਵਿੱਚ ਹੈ।
ਇਜ਼ਰਾਈਲੀ ਫੌਜ ਦੇ ਮੁਤਾਬਕ ਸ਼ਨੀਵਾਰ ਰਾਤ ਨੂੰ ਇਰਾਨ ਨੇ ਇਜ਼ਰਾਈਲ ਵੱਲ 300 ਤੋਂ ਵੱਧ ਡਰੋਨ ਅਤੇ ਮਿਜ਼ਾਈਲਾਂ ਦਾਗੀਆਂ।
ਈਰਾਨੀ ਫੌਜ ਨੇ ਐਲਾਨ ਕੀਤਾ ਕਿ ਉਸ ਦਾ ਹਮਲਾ ‘ਦਮਿਸ਼ਕ ਵਿੱਚ ਈਰਾਨੀ ਕੌਂਸਲੇਟ ’ਤੇ ਹਮਲੇ ਦੇ ਜਵਾਬ ਵਿੱਚ ਸੀ, ਅਤੇ ਉਸ ਨੇ ਆਪਣੇ ਸਾਰੇ ਉਦੇਸ਼ ਹਾਸਲ ਕਰ ਲਏ ਹਨ।’’
ਈਰਾਨ ਨੇ ਇਸ ਤੋਂ ਪਹਿਲਾਂ 1 ਅਪ੍ਰੈਲ ਨੂੰ ਸੀਰੀਆ ਦੀ ਰਾਜਧਾਨੀ ਦਮਿਸ਼ਕ ਵਿੱਚ ਆਪਣੇ ਦੂਤਾਵਾਸ ’ਤੇ ਇਜ਼ਰਾਈਲ ਵੱਲੋਂ ਕਥਿਤ ਤੌਰ ਉੱਤੇ ਕੀਤੇ ਗਏ ਹਵਾਈ ਹਮਲੇ ਦੀ ਸਖ਼ਤ ਪ੍ਰਤੀਕਿਰਿਆ ਕਰਨ ਦੀ ਧਮਕੀ ਦਿੱਤੀ ਸੀ।
ਉਸ ਹਮਲੇ ਵਿੱਚ ਈਰਾਨੀ ਰੈਵੋਲਿਊਸ਼ਨਰੀ ਗਾਰਡ ਦੇ ਸੱਤ ਮੈਂਬਰ ਅਤੇ ਛੇ ਸੀਰੀਆਈ ਨਾਗਰਿਕ ਮਾਰੇ ਗਏ ਸਨ।
ਇਜ਼ਰਾਈਲ ਨੇ ਇਹ ਨਹੀਂ ਕਿਹਾ ਕਿ ਉਸ ਨੇ ਦੂਤਾਵਾਸ ’ਤੇ ਹਮਲਾ ਕੀਤਾ, ਪਰ ਵਿਆਪਕ ਤੌਰ ’ਤੇ ਮੰਨਿਆ ਜਾਂਦਾ ਹੈ ਕਿ ਇਸ ਪਿੱਛੇ ਉਸ ਦਾ ਹੱਥ ਸੀ।
ਫਾਇਦੇ ਅਤੇ ਨੁਕਸਾਨ
ਈਰਾਨ ਨੇ ਇਜ਼ਰਾਈਲ ’ਤੇ ਕੀਤੇ ਹਮਲੇ ਨੂੰ ਸਫ਼ਲ ਦੱਸਿਆ ਹੈ।
ਪਰ ਈਰਾਨੀ ਖੋਜਕਰਤਾ ਅਤੇ ਲੰਡਨ ਸਥਿਤ ਅਰਬ-ਈਰਾਨੀ ਅਧਿਐਨ ਕੇਂਦਰ ਦੇ ਨਿਰਦੇਸ਼ਕ ਅਲੀ ਨੂਰੀ ਜ਼ਾਦੇਹ ਮੁਤਾਬਕ, ਇਸ ਹਮਲੇ ਨਾਲ ਈਰਾਨ ਨੂੰ ਕੁਝ ਨਹੀਂ ਮਿਲਿਆ।
ਉਨ੍ਹਾਂ ਦਾ ਕਹਿਣਾ ਹੈ, ਇਸ ਦੀ ਬਜਾਏ ਇਸ ਨਾਲ ਈਰਾਨੀ ਸ਼ਾਸਨ ਦੀ ਕਮਜ਼ੋਰੀ ਦਾ ਪਤਾ ਲੱਗਿਆ ਕਿਉਂਕਿ ਇਸ ਨੇ ਇਜ਼ਰਾਈਲ ਦੇ ਅੰਦਰ ਕਿਸੇ ਵੀ ਟੀਚੇ ਨੂੰ ਨਿਸ਼ਾਨਾ ਨਹੀਂ ਬਣਾਇਆ।
ਇਸ ਨਾਲ ਈਰਾਨ ਦੇ ਕੁਝ ਲੋਕਾਂ ਵਿੱਚ ਇਸ ਦਾ ਮਜ਼ਾਕ ਉਡਾਇਆ ਗਿਆ ਹੈ।
ਜ਼ਾਦੇਹ ਦਾ ਮੰਨਣਾ ਹੈ ਕਿ ਜੇਕਰ ਈਰਾਨ ਨੇ ‘ਮਨੋਵਿਗਿਆਨਕ ਯੁੱਧ’ ਨੂੰ ਵਧਾਉਣਾ ਜਾਰੀ ਰੱਖਿਆ ਹੁੰਦਾ, ਤਾਂ ਉਸ ਨੇ ਬਹੁਤ ਕੁਝ ਹਾਸਲ ਕੀਤਾ ਹੁੰਦਾ।
ਦੂਜੇ ਪਾਸੇ, ਤਲ ਅਵੀਵ ਯੂਨੀਵਰਸਿਟੀ ਦੇ ਮੋਸ਼ੇ ਦਯਾਨ ਸੈਂਟਰ ਦੇ ਮੱਧ ਪੂਰਬ ਅਧਿਐਨ ਦੇ ਖੋਜਕਰਤਾ ਡਾ ਐਰਿਕ ਰੁੰਡਤਸਕੀ ਦਾ ਕਹਿਣਾ ਹੈ ਕਿ ਚੌਕਸੀ ਵਿੱਚ ਵਾਧੇ ਦਾ ਐਲਾਨ ਕਰਕੇ ਇਜ਼ਰਾਈਲ ਹਾਰ ਗਿਆ।
ਉਨ੍ਹਾਂ ਦਾ ਕਹਿਣਾ ਹੈ ਕਿ ਇਸ ਨਾਲ ਇਜ਼ਰਾਈਲੀਆਂ ਵਿੱਚ ਚਿੰਤਾ ਫੈਲ ਗਈ ਅਤੇ ਕਈਆਂ ਨੂੰ ਅਜਿਹੇ ਹਮਲਿਆਂ ਦੇ ਦੁਹਰਾਏ ਜਾਣ ਦਾ ਡਰ ਹੈ।
ਜ਼ਾਦੇਹ ਦਾ ਕਹਿਣਾ ਹੈ ਕਿ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਿਮਿਨ ਨੇਤਨਯਾਹੂ ਹੁਣ ਖ਼ੁਦ ਨੂੰ ਜ਼ਿਆਦਾ ਤਾਕਤਵਰ ਮਹਿਸੂਸ ਕਰ ਰਹੇ ਹਨ।
ਸ਼ਨੀਵਾਰ ਤੋਂ ਪਹਿਲਾਂ ਭਾਰੀ ਆਲੋਚਨਾ ਦੇ ਬਾਅਦ ਇਸ ਹਮਲੇ ਨੇ ਅਮਰੀਕਾ ਅਤੇ ਹੋਰ ਪੱਛਮੀ ਦੇਸ਼ਾਂ ਨਾਲ ਮਜ਼ਬੂਤ ਸਬੰਧਾਂ ਨੂੰ ਮੁੜ ਸਥਾਪਿਤ ਕਰਨ ਵਿੱਚ ਮਦਦ ਕੀਤੀ ਹੈ।
ਇਜ਼ਰਾਈਲ ਦੇ ਇਸ ਖੋਜਾਰਥੀਆਂ ਦਾ ਕਹਿਣਾ ਹੈ ਕਿ ਹਮਲੇ ਤੋਂ ਇਜ਼ਰਾਈਲੀਆਂ ਨੂੰ ਕੁਝ ਲਾਭ ਹੋ ਸਕਦੇ ਹਨ, ਪਰ ਉਸ ਨੂੰ ਹੋਰ ਤਰੀਕਿਆਂ ਨਾਲ ਨੁਕਸਾਨ ਹੋਇਆ ਹੈ।
ਉਨ੍ਹਾਂ ਦਾ ਮੰਨਣਾ ਹੈ ਕਿ ਹਮਲਾਵਰ ਨੇ ਮੱਧ ਪੂਰਬੀ ਸ਼ਕਤੀ ਸਮੀਕਰਨਾਂ ਨੂੰ ਪਛਾਣਨ ਵਿੱਚ ਇਜ਼ਰਾਈਲ ਦੀ ਅਸਫ਼ਲਤਾ ਅਤੇ ਇਸ ਨੇ ਈਰਾਨ ਨੂੰ ਆਪਣੀਆਂ ਸਰਹੱਦਾਂ ਦੇ ਅੰਦਰ ਹਮਲਾ ਕਰਨ ਤੋਂ ਰੋਕਣ ਵਿੱਚ ਅਸਮਰੱਥਾ ਦਿਖਾਈ ਹੈ।
ਦੂਜੇ ਦੇਸ਼ਾਂ ਦੇ ਨਜ਼ਦੀਕ ਪਰਤਣਾ
ਇਜ਼ਰਾਈਲੀ ਖੋਜਕਾਰ ਐਰਿਕ ਰੁੰਡਤਸਕੀ ਦਾ ਵੀ ਮੰਨਣਾ ਹੈ ਕਿ ਈਰਾਨ ਦੇ ਹਮਲੇ ਦਾ ਇਜ਼ਰਾਈਲ ਨੂੰ ਫਾਇਦਾ ਹੋਇਆ ਹੈ।
ਉਨ੍ਹਾਂ ਦਾ ਕਹਿਣਾ ਹੈ ਕਿ ਇਹ ਸਿਆਸੀ ਰੂਪ ਨਾਲ ਇੱਕ ਅਹਿਮ ਮੋੜ ਸਾਬਤ ਹੋ ਸਕਦਾ ਹੈ, ਕਿਉਂਕਿ ਇਜ਼ਰਾਈਲ ਹੁਣ ਕਈ ਮਹੀਨਿਆਂ ਵਿੱਚ ਪਹਿਲੀ ਵਾਰ ਪੱਛਮੀ ਸਮਰਥਨ ਦਾ ਨਿੱਘ ਮਾਣ ਰਿਹਾ ਹੈ।
ਉਨ੍ਹਾਂ ਦਾ ਕਹਿਣਾ ਹੈ ਕਿ ਸਬੰਧਾਂ ਵਿੱਚ ਅਣਕਿਆਸੇ ਤਣਾਅ ਤੋਂ ਬਾਅਦ ਇਜ਼ਰਾਈਲ ਇਨ੍ਹਾਂ ਦੇਸ਼ਾਂ, ਖ਼ਾਸ ਕਰਕੇ ਅਮਰੀਕਾ ਨਾਲ ਦੁਬਾਰਾ ‘ਗੂੜ੍ਹੀ ਸਾਂਝ’ ਪਾ ਸਕਦਾ ਹੈ।
ਇਸ ਦੇ ਉਲਟ ਈਰਾਨੀ ਖੋਜਕਾਰ ਅਲੀ ਨੂਰੀ ਜ਼ਾਦੇਹ ਦਾ ਮੰਨਣਾ ਹੈ ਕਿ ਈਰਾਨ ਅੰਦਰੂਨੀ ਅਤੇ ਬਾਹਰੀ ਦੋਵਾਂ ਤਰ੍ਹਾਂ ਨਾਲ ਸਿਆਸੀ ਤੌਰ ’ਤੇ ਹਾਰ ਗਿਆ ਹੈ।
ਉਨ੍ਹਾਂ ਦਾ ਕਹਿਣਾ ਹੈ ਕਿ ਈਰਾਨ ਨੇ ਗੁਆਂਢੀ ਦੇਸ਼ਾਂ ਦਾ ਸਮਰਥਨ ਗੁਆ ਦਿੱਤਾ ਹੈ ਅਤੇ ਉਸ ਨੂੰ ਕਿਸੇ ਵੀ ਦੇਸ਼ ਦਾ ਸਮਰਥਨ ਨਹੀਂ ਮਿਲ ਰਿਹਾ।
ਉਨ੍ਹਾਂ ਨੇ ਕਿਹਾ ਕਿ ਕੁਝ ਹਲਕਿਆਂ ਵੱਲੋਂ ਈਰਾਨ ਨੂੰ ਅਮਰੀਕਾ ਨਾਲ ਸਿੱਧੀ ਜੰਗ ਵਿੱਚ ਖਿੱਚਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ।
ਦੋਵੇਂ ਖੋਜਕਰਤਾ ਦੋਵਾਂ ਦੇਸ਼ਾਂ 'ਤੇ ਅੰਦਰੂਨੀ ਦਬਾਅ ਨੂੰ ਸਵੀਕਾਰ ਕਰਦੇ ਹਨ।
ਰੁੰਡਤਸਕੀ ਦੱਸਦੇ ਹਨ ਕਿ ਇਜ਼ਰਾਈਲ ਦੇ ਅੰਦਰ ਬਹੁਤ ਚਿੰਤਾ ਫੈਲੀ ਹੋਈ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਯੁੱਧ ਦੇ ਨਾਲ-ਨਾਲ ਅੰਦਰੂਨੀ ਰਾਜਨੀਤਿਕ ਮੁੱਦਿਆਂ ਕਾਰਨ ਗੁੱਸਾ ਵਧ ਰਿਹਾ ਹੈ। ਗਾਜ਼ਾ ਵਿੱਚ ਬੰਧਕਾਂ ਨੂੰ ਆਜ਼ਾਦ ਕਰਾਉਣ ਵਿੱਚ ਮੌਜੂਦਾ ਸਮੇਂ ਵਿੱਚ ਕੋਈ ਪ੍ਰਗਤੀ ਨਾ ਹੋਣ ਕਾਰਨ ਗੁੱਸਾ ਹੋਰ ਵੀ ਵਧ ਗਿਆ ਹੈ।
ਜ਼ਾਦੇਹ ਦਾ ਇਹ ਵੀ ਮੰਨਣਾ ਹੈ ਕਿ ਈਰਾਨ ਦੇ ਸੁਪਰੀਮ ਲੀਡਰ ਅਲੀ ਖਾਮਿਨੀ ਨੂੰ ਨਾ ਸਿਰਫ਼ ਸੜਕਾਂ 'ਤੇ ਸਗੋਂ ਉਨ੍ਹਾਂ ਦੇ ਸ਼ਾਸਨ ਦੇ ਅੰਦਰ ਪ੍ਰਮੁੱਖ ਵਿਅਕਤੀਆਂ ਤੋਂ ਵੀ ਬਹੁਤ ਦਬਾਅ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
‘‘ਇਜ਼ਾਰਾਈਲ ਦੁਆਰਾ ਅਲ-ਕੁਦਸ ਬ੍ਰਿਗੇਡ ਦੇ ਸੱਤ ਨੇਤਾਵਾਂ ਦੀ ਹੱਤਿਆ ਤੋਂ ਬਾਅਦ ।ਇਰਾਨੀ ਰੈਵੋਲਿਊਸ਼ਨਰੀ ਗਾਰਡ (ਈਰਾਨੀ ਹਥਿਆਰਬੰਦ ਬਲਾਂ) ਦਾ ਦਬਾਅ ਹੈ, ਕਿਉਂਕਿ ਗਾਰਡ ਬਦਲਾ ਲੈਣ ਦੀ ਮੰਗ ਕਰ ਰਹੇ ਹਨ।’’
'ਅੱਗ ਦੇ ਨਾਲ ਸੁਨੇਹਾ'
ਇੱਕ ਫੌਜੀ ਅਤੇ ਰਣਨੀਤਕ ਮਾਹਰ ਅਤੇ ਬੇਰੂਤ ਵਿੱਚ ਰਣਨੀਤਕ ਅਧਿਐਨ ਦੇ ਮੱਧ ਪੂਰਬ ਕੇਂਦਰ ਦੇ ਨਿਰਦੇਸ਼ਕ ਅਤੇ ਲੇਬਨਾਨੀ ਸੇਵਾਮੁਕਤ ਜਨਰਲ ਹਿਸ਼ਾਮ ਜਾਬੇਰ ਨੇ ਬੀਬੀਸੀ ਨਿਊਜ਼ ਅਰਬੀ ਨੂੰ ਦੱਸਿਆ, ‘‘ਹਮਲੇ ਬਾਰੇ ਹੈਰਾਨੀ ਦੀ ਗੱਲ ਇਹ ਹੈ ਕਿ ਇਹ ਕੋਈ ਹੈਰਾਨੀ ਵਾਲੀ ਗੱਲ ਨਹੀਂ ਸੀ।’’
ਉਨ੍ਹਾਂ ਦਾ ਕਹਿਣਾ ਹੈ ਕਿ ਅਜਿਹਾ ਇਸ ਲਈ ਹੈ ਕਿਉਂਕਿ ਦੋ ਹਫ਼ਤਿਆਂ ਦੇ ‘ਮਨੋਵਿਗਿਆਨਕ ਯੁੱਧ’ ਦੇ ਕਾਰਨ ਹਵਾਈ ਹਮਲਾ ਹੋਇਆ, ਜਦੋਂ ਕਿ ਇਜ਼ਰਾਈਲ ‘ਪੈਨਿਕ ਮੋਡ’ (ਘਬਰਾਹਟ ਦੀ ਸਥਿਤੀ) ਵਿੱਚ ਸੀ।
ਉਨ੍ਹਾਂ ਦਾ ਕਹਿਣਾ ਹੈ ਕਿ ਇਸ ਨਾਲ ਕਈ ਤਰ੍ਹਾਂ ਦੇ ਵਿਘਨ ਪੈਣ ਅਤੇ ਬਹੁਤ ਸਾਰੇ ਇਜ਼ਰਾਈਲੀ ਨਾਗਰਿਕਾਂ ਵੱਲੋਂ ਆਪਣੇ ਘਰ ਛੱਡਣ ਕਾਰਨ ਮਨੋਵਿਗਿਆਨਕ ਅਤੇ ਭੌਤਿਕ ਨੁਕਸਾਨ ਹੋਇਆ ਹੈ।
ਜਾਬੇਰ ਨੇ ਈਰਾਨ ਦੇ ‘ਆਪਰੇਸ਼ਨ’ ਨੂੰ ‘ਅੱਗ ਨਾਲ ਸੰਦੇਸ਼’ ਦੇਣ ਵਜੋਂ ਦਰਸਾਇਆ ਹੈ ਤਾਂ ਕਿ ਇਜ਼ਰਾਈਲ ਵਿੱਚ ਗਹਿਰਾਈ ਤੱਕ ਪਹੁੰਚਣ ਅਤੇ ਇਜ਼ਰਾਇਲ ਦੀ ਹਵਾਈ ਰੱਖਿਆ ਪ੍ਰਣਾਲੀ ਦੀ ਤਿਆਰੀ ਦੀ ਜਾਂਚ ਨੂੰ ਪਰਖਿਆ ਜਾ ਸਕੇ।’’
ਉਨ੍ਹਾਂ ਦਾ ਇਹ ਵੀ ਮੰਨਣਾ ਹੈ ਕਿ ਹਮਲੇ ਨੇ ਹਾਲ ਹੀ ਦੇ ਸਾਲਾਂ ਵਿੱਚ ਈਰਾਨ ਨੂੰ ‘ਰਣਨੀਤਕ ਸਬਰ ਦੀ ਨੀਤੀ’ ਦਾ ਪਾਲਣ ਕਰਦੇ ਹੋਏ ਸਿਆਸੀ ਤੌਰ ’ਤੇ ਕੁਝ ਹੱਦ ਤੱਕ ਖੋਏ ਹੋਏ ਵੱਕਾਰ ਨੂੰ ਮੁੜ ਹਾਸਲ ਕਰਨ ਦਾ ਮੌਕਾ ਦਿੱਤਾ ਹੈ, ਜਦੋਂ ਕਿ ਫੌਜੀ ਅਤੇ ਰਣਨੀਤਕ ਤੌਰ 'ਤੇ ਵੀ ਇਸ ਨੇ ਲਾਭ ਉਠਾਇਆ ਹੈ।
ਲੇਬਨਾਨੀ ਫੌਜੀ ਮਾਹਰ ਦਾ ਇਹ ਵੀ ਮੰਨਣਾ ਹੈ ਕਿ ਈਰਾਨ ਨੇ ਇਜ਼ਰਾਈਲੀ ਹਵਾਈ ਰੱਖਿਆ ਨੂੰ ਉਲਝਾਉਣ ਲਈ ਇੰਨੀ ਵੱਡੀ ਗਿਣਤੀ ਵਿੱਚ ਡਰੋਨ ਲਾਂਚ ਕੀਤੇ ਹਨ।
ਉਹ ਦੱਸਦੇ ਹਨ ਕਿ ਇਜ਼ਰਾਈਲ ਦਾ ਆਇਰਨ ਡੋਮ ਇਕੱਲਾ ਸਾਰੀਆਂ ਮਿਜ਼ਾਈਲਾਂ ਨੂੰ ਰੋਕ ਨਹੀਂ ਸਕਦਾ ਸੀ, ਅਤੇ ਇਸ ਨੂੰ ਮੱਧ ਪੂਰਬ ਦੇ ਠਿਕਾਣਿਆਂ 'ਤੇ ਤਾਇਨਾਤ ਅਮਰੀਕੀ ਅਤੇ ਬ੍ਰਿਟਿਸ਼ ਸੈਨਿਕਾਂ ਦੀ ਮਦਦ ਲੈਣੀ ਪਈ ਸੀ।
ਜਾਬੇਰ ਕਹਿੰਦੇ ਹਨ, ‘‘ਜੇਕਰ ਇਜ਼ਰਾਈਲ ਫੌਜੀ ਪ੍ਰਤੀਕਿਰਿਆ ਦੇਣ ਦੀ ਚੋਣ ਕਰਦਾ ਹੈ, ਤਾਂ ਉਹ ਆਪਣੀਆਂ ਮਿਜ਼ਾਈਲਾਂ ਨਾਲ ਈਰਾਨ ਦੀ ਮੁੱਖ ਭੂਮੀ ਤੱਕ ਪਹੁੰਚ ਸਕਦਾ ਹੈ, ਪਰ ਉਹ ਸੰਭਾਵਿਤ ਸਖ਼ਤ ਈਰਾਨੀ ਪ੍ਰਤੀਕਿਰਿਆ ਦੇ ਕਾਰਨ ਜ਼ਿਆਦਾ ਇਸ ਦੀ ਗਹਿਰਾਈ ਤੱਕ ਨਹੀਂ ਜਾ ਸਕਦਾ।’’
ਉਹ ਅੱਗੇ ਕਹਿੰਦੇ ਹਨ, ‘‘ਇਜ਼ਰਾਈਲੀ ਜਹਾਜ਼ ਈਰਾਨ ’ਤੇ ਸਟੀਕ ਬੰਬਾਰੀ ਕਰ ਸਕਦੇ ਹਨ, ਪਰ ਇਸ ਲਈ ਉਨ੍ਹਾਂ ਨੂੰ ਅਰਬ ਦੇਸ਼ਾਂ ਦੇ ਉੱਪਰ ਤੋਂ ਲੰਘਣਾ ਹੋਵੇਗਾ ਜਿਸ ਖਿਲਾਫ਼ ਈਰਾਨ ਨੇ ਚਿਤਾਵਨੀ ਦਿੱਤੀ ਹੈ ਜਾਂ ਖੇਤਰ ਵਿੱਚ ਅਮਰੀਕੀ ਫੌਜੀ ਠਿਕਾਣਿਆਂ ਤੋਂ ਲਾਂਚ ਕਰਨਾ ਹੋਵੇਗਾ ਜਿਸ ਦੀ ਅਮਰੀਕਾ ਆਗਿਆ ਨਹੀਂ ਦੇ ਸਕਦਾ।’’
ਇਜ਼ਰਾਈਲ ਨੂੰ ਜ਼ਿਆਦਾ ਫਾਇਦਾ
ਲੰਡਨ ਸਕੂਲ ਆਫ ਇਕਨਾਮਿਕਸ ਵਿੱਚ ਅੰਤਰਰਾਸ਼ਟਰੀ ਸਬੰਧਾਂ ਦੇ ਪ੍ਰੋਫੈਸਰ ਫਵਾਜ਼ ਗੇਰਗੇਸ ਦਾ ਤਰਕ ਹੈ ਕਿ ਈਰਾਨ ਦੀ ਤੁਲਨਾ ਵਿੱਚ ਇਜ਼ਰਾਈਲ ਨੂੰ ਇਨ੍ਹਾਂ ਹਮਲਿਆਂ ਤੋਂ ਜ਼ਿਆਦਾ ਫਾਇਦਾ ਹੋਇਆ ਹੈ।
ਉਹ ਦੱਸਦੇ ਹਨ ਕਿ ਈਰਾਨ ਦੇ ਹਮਲਿਆਂ ਨਾਲ ਇਜ਼ਰਾਈਲ ਵਿੱਚ ਕੋਈ ਖਾਸ ਮਾਲੀ ਨੁਕਸਾਨ ਜਾਂ ਜਾਨੀ ਨੁਕਸਾਨ ਨਹੀਂ ਹੋਇਆ, ਅਤੇ ਹੁਣ ਪੂਰਾ ਪੱਛਮ ਇਜ਼ਰਾਈਲ ਦਾ ਸਮਰਥਨ ਕਰ ਰਿਹਾ ਹੈ।
ਉਨ੍ਹਾਂ ਦਾ ਕਹਿਣਾ ਹੈ ਕਿ ਅਮਰੀਕਾ ਹਥਿਆਰਾਂ, ਖੁਫ਼ੀਆ ਸਹਿਯੋਗ ਅਤੇ ਵਿੱਤੀ ਸਹਾਇਤਾ ਦੇ ਮਾਮਲੇ ਵਿੱਚ ਇਜ਼ਰਾਈਲ ਲਈ ਪੱਛਮੀ ਸਮਰਥਨ ਜੁਟਾਉਣ ਦੀ ਕੋਸ਼ਿਸ਼ ਕਰ ਰਿਹਾ ਹੈ।
ਗੇਰਗੇਸ ਦਾ ਕਹਿਣਾ ਹੈ ਕਿ ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਇਡੇਨ ਨੇ ਇਜ਼ਰਾਈਲ ਲਈ ਸਮਰਥਨ ਜੁਟਾਉਣ ਲਈ ਜੀ7 ਦੇਸ਼ਾਂ ਦੇ ਤੁਰੰਤ ਸਿਖਰ ਸੰਮੇਲਨ ਦੀ ਮੰਗ ਕਰਕੇ ਦੇਸ਼ ਨੂੰ ਪੀੜਤ ਵਜੋਂ ਦਰਸਾਇਆ ਹੈ।
ਗੇਰਗੇਸ ਅੱਗੇ ਕਹਿੰਦੇ ਹਨ, ‘‘ਗਾਜ਼ਾ ਵਿੱਚ ਵਾਪਰ ਰਹੀਆਂ ਵਿਨਾਸ਼ਕਾਰੀ ਅਤੇ ਘਿਨਾਉਣੀਆਂ ਘਟਨਾਵਾਂ ਤੋਂ ਅਸਥਾਈ ਤੌਰ 'ਤੇ ਹੀ ਸਹੀ, ਧਿਆਨ ਹਟਾਉਣ ਤੋਂ ਬਾਅਦ ਨੇਤਨਯਾਹੂ ਨੂੰ ਸਿਆਸੀ ਤੌਰ ’ਤੇ ਫਾਇਦਾ ਹੋਵੇਗਾ।’’
ਉਹ ਦੱਸਦੇ ਹਨ ਕਿ ਪੱਛਮੀ ਦੇਸ਼ਾਂ ਦੁਆਰਾ ਗਾਜ਼ਾ ਵਿੱਚ ‘ਅੱਤਿਆਚਾਰ’ ਲਈ ਇਜ਼ਰਾਈਲ ਦੀ ਭਾਰੀ ਆਲੋਚਨਾ ਕਰਨ ਦੇ ਬਾਅਦ ਨੇਤਨਯਾਹੂ ਨੂੰ ਪੱਛਮੀ ਦੇਸ਼ਾਂ ਨਾਲ ਆਪਣੇ ਸਬੰਧ ਬਹਾਲ ਕਰਨ ਨਾਲ ਫਾਇਦਾ ਹੋਵੇਗਾ, ਖ਼ਾਸ ਤੌਰ ’ਤੇ ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਇਡੇਨ ਨਾਲ।
‘ਇਜ਼ਰਾਈਲ ਲਈ ਰਣਨੀਤਕ ਨੁਕਸਾਨ
ਪਰ ਗੇਰਗੇਸ ਇਜ਼ਰਾਈਲ ਲਈ ਇੱਕ ਨਕਾਰਾਤਮਕ ਪਹਿਲੂ ਵੀ ਵੇਖਦੇ ਹਨ, ਉਨ੍ਹਾਂ ਦਾ ਕਹਿਣਾ ਹੈ ਕਿ ਇਹ ਇੱਕ ਰਣਨੀਤਕ ਨੁਕਸਾਨ ਹੈ, ਜੋ ਦੇਸ਼ ਦੀ ਕਮਜ਼ੋਰੀ ਨੂੰ ਉਜਾਗਰ ਕਰਦਾ ਹੈ।
ਉਨ੍ਹਾਂ ਦਾ ਇਹ ਵੀ ਕਹਿਣਾ ਹੈ ਕਿ ਈਰਾਨ ਆਪਣੇ ਲੋਕਾਂ, ਸਹਿਯੋਗੀਆਂ ਅਤੇ ਦੁਸ਼ਮਣਾਂ ਨੂੰ ਸਿੱਧੇ ਤੌਰ ’ਤੇ ਇਜ਼ਰਾਈਲ ਦਾ ਸਾਹਮਣਾ ਕਰਨ ਦੀ ਆਪਣੀ ਇੱਛਾ ਦਿਖਾ ਕੇ ਰਾਜਨੀਤਿਕ ਤੌਰ ’ਤੇ ਲਾਭ ਪ੍ਰਾਪਤ ਕਰਦਾ ਹੈ।
ਗੇਰਗੇਸ ਦਾ ਮੰਨਣਾ ਹੈ ਕਿ ਈਰਾਨ ਨੇ ਸਾਬਤ ਕਰ ਦਿੱਤਾ ਹੈ ਕਿ ਇਜ਼ਰਾਈਲ ਆਪਣੇ ਪੱਛਮੀ ਸਹਿਯੋਗੀਆਂ ਨੂੰ ਛੱਡ ਕੇ ਇਕੱਲੇ ਆਪਣੀ ਰੱਖਿਆ ਨਹੀਂ ਕਰ ਸਕਦਾ, ਕਿਉਂਕਿ ਅਮਰੀਕਾ, ਬ੍ਰਿਟੇਨ, ਫਰਾਂਸ ਅਤੇ ਜਾਰਡਨ ਨੇ ਈਰਾਨ ਦੀਆਂ ਕਈ ਮਿਜ਼ਾਈਲਾਂ ਨੂੰ ਮਾਰ ਸੁੱਟਿਆ ਹੈ।
ਉਹ ਕਹਿੰਦੇ ਹਨ ਕਿ ਹਾਲ ਹੀ ਵਿੱਚ ਈਰਾਨ ਦੇ ਖਿਲਾਫ਼ ਵਾਰ-ਵਾਰ ਕੀਤੇ ਗਏ ਹਮਲਿਆਂ ਵਿੱਚ ਇਜ਼ਰਾਈਲ ਦਾ ਮੁੱਖ ਟੀਚਾ ਇਹ ਦਿਖਾਉਣਾ ਸੀ ਕਿ ਈਰਾਨ ਕਮਜ਼ੋਰ ਹੈ ਅਤੇ ਉਹ ਟਕਰਾਅ ਦਾ ਸਾਹਮਣਾ ਕਰਨ ਦੀ ਹਿੰਮਤ ਨਹੀਂ ਕਰਦਾ।
ਹਾਲਾਂਕਿ, ਉਨ੍ਹਾਂ ਅਨੁਸਾਰ, ਹਮਲਿਆਂ ਨੇ ਇਸ ਦ੍ਰਿਸ਼ਟੀਕੋਣ ਨੂੰ ਤੋੜ ਦਿੱਤਾ ਹੈ।
ਗੇਰਜੇਸ ਕਹਿੰਦੇ ਹਨ, ‘‘ਇਹ ਖੇਤਰ ਹੁਣ ਤੂਫਾਨ ਦੀ ਚਪੇਟ ਵਿੱਚ ਆ ਗਿਆ ਹੈ’’ ਅਤੇ ਦੋਵਾਂ ਦੇਸ਼ਾਂ ਨੇ ਅੱਗੇ ਵਧਣ ਦੀ ਕਸਮ ਖਾਧੀ ਹੈ।
ਉਨ੍ਹਾਂ ਨੇ ਚਿਤਾਵਨੀ ਦਿੱਤੀ ਕਿ ਇਹ ਖੇਤਰ ਰਾਜਨੀਤਿਕ, ਫੌਜੀ ਅਤੇ ਆਰਥਿਕ ਤੌਰ 'ਤੇ ਖਤਰੇ ਵਿੱਚ ਹੈ।