ਇਜ਼ਰਾਈਲ-ਹਮਾਸ ਵਿਵਾਦ: ਵ੍ਹਾਈਟ ਫ਼ਾਸਫ਼ੋਰਸ ਕੀ ਹੈ ਜਿਸ ਬਾਰੇ ਫ਼ਿਕਰਾਂ ਵਧ ਰਹੀਆਂ ਹਨ

ਇਜ਼ਰਾਈਲ ਅਤੇ ਹਮਾਸ ਵਿਚਾਲੇ ਚੱਲ ਰਹੀ ਜੰਗੀ ਹਿੰਸਾ ਦਰਮਿਆਨ ਵ੍ਹਾਈਟ ਫ਼ਾਸਫ਼ੋਰਸ ਦੀ ਵਰਤੋਂ ਨੂੰ ਲੈ ਕੇ ਸੰਸਾਰ ਵਿੱਚ ਚਿੰਤਾ ਵੱਧ ਗਈ ਹੈ।

ਹਾਲ ਹੀ ਵਿੱਚ ਮਨੁੱਖੀ ਅਧਿਕਾਰਾਂ ਲਈ ਕੰਮ ਕਰਨ ਵਾਲੀ ਸੰਸਥਾ ‘ਹਊਮਨ ਰਾਈਟਸ ਵਾਚ’ ਨੇ ਇਜ਼ਰਾਈਲ ਉੱਤੇ ਇਹ ਇਲਜ਼ਾਮ ਲਾਏ ਹਨ ਕਿ ਇਜ਼ਰਾਈਲ ਵੱਲੋਂ ਗਾਜ਼ਾ ਅਤੇ ਲੈਬਨਾਨ ਵਿੱਚ ਵਿਵਾਦਿਤ 'ਵ੍ਹਾਈਟ ਫ਼ਾਸਫ਼ੋਰਸ' ਦੀ ਵਰਤੋਂ ਇੱਕ ਹਥਿਆਰ ਵਜੋਂ ਕੀਤੀ ਗਈ ਹੈ।

ਕੁਝ ਘੰਟਿਆਂ ਬਾਅਦ ਹੀ ਇਜ਼ਰਾਇਲੀ ਫੌਜ ਵੱਲੋਂ ਆਪਣਾ ਬਿਆਨ ਜਾਰੀ ਕਰਕੇ ਗਾਜ਼ਾ ਵਿੱਚ ਵ੍ਹਾਈਟ ਫ਼ੋਸਫ਼ੋਰਸ ਦੀ ਵਰਤੋਂ ਬਾਰੇ ਇਲਜ਼ਾਮਾਂ ਨੂੰ ਖ਼ਾਰਿਜ ਕਰ ਦਿੱਤਾ ਗਿਆ।

ਪਰ ਉਨ੍ਹਾਂ ਵੱਲੋਂ ਇਹ ਜਾਣਕਾਰੀ ਨਹੀਂ ਦਿੱਤੀ ਗਈ ਕਿ ਇਹ ਬਿਆਨ ਲੈਬਨਾਨ ਉੱਤੇ ਲਾਗੂ ਹੁੰਦਾ ਹੈ ਜਾਂ ਨਹੀਂ।

ਵ੍ਹਾਈਟ ਫ਼ਾਸਫ਼ੋਰਸ ਇੱਕ ਬੇਹੱਦ ਜਲਣਸ਼ੀਲ ਪਦਾਰਥ ਹੈ ਜਿਸ ਦੀ ਵਰਤੋਂ ਫੌਜਾਂ ਵੱਲੋਂ ਇਲਾਕਿਆਂ ਨੂੰ ਨਿਸ਼ਾਨਾ ਬਣਾਉਣ ਲਈ ਵੀ ਕੀਤੀ ਜਾਂਦੀ ਹੈ।

ਵ੍ਹਾਈਟ ਫ਼ਾਸਫ਼ੋਰਸ ਆਕਸੀਜਨ ਦੇ ਸੰਪਰਕ ਵਿੱਚ ਆਉਂਦਿਆਂ ਹੀ ਅੱਗ ਫੜ ਲੈਂਦੀ ਹੈ ਅਤੇ ਚਿੱਟੇ ਰੰਗ ਦਾ ਗੂੜ੍ਹਾ ਧੂਆਂ ਪੈਦਾ ਕਰਦੀ ਹੈ।

ਇਸ ਦੀ ਇੱਕ ਹਥਿਆਰ ਵਜੋਂ ਵਰਤੋਂ ਬਹੁਤ ਖ਼ਤਰਨਾਕ ਹੋ ਸਕਦੀ ਹੈ, ਖ਼ਾਸ ਕਰਕੇ ਜੇਕਰ ਇਸ ਨੂੰ ਕਿਸੇ ਭੀੜ ਵਾਲੀ ਥਾਂ ਉੱਤੇ ਵਰਤਿਆ ਜਾਵੇ।

ਕਿਸ ਆਧਾਰ ਉੱਤੇ ਲੱਗੇ ਇਲਜ਼ਾਮ

'ਹਊਮਨ ਰਾਈਟਸ ਵਾਚ' ਨੇ ਕਿਹਾ ਕਿ ਉਨ੍ਹਾਂ ਨੇ ਗਾਜ਼ਾ ਅਤੇ ਲੈਬਨਾਨ ਵਿਚਲੀਆਂ ਵੀਡੀਓਜ਼ ਪ੍ਰਾਪਤ ਕੀਤੀਆਂ ਹਨ ਅਤੇ ਉਨ੍ਹਾਂ ਦੀ ਜਾਂਚ ਕੀਤੀ ਹੈ।

ਸੰਸਥਾ ਦੇ ਮੁਤਾਬਕ ਇਨ੍ਹਾਂ ਵੀਡੀਓਜ਼ ਵਿੱਚ ਵ੍ਹਾਈਟ ਫ਼ਾਸਫ਼ੋਰਸ ਵਾਲੇ ਤੋਪ ਦੇ ਗੋਲਿਆਂ ਵਿੱਚ ਧਮਾਕੇ ਹੁੰਦੇ ਦੇਖੇ ਜਾ ਸਕਦੇ ਹਨ।

ਸੰਸਥਾ ਵੱਲੋਂ ਏਐੱਫਪੀ ਖ਼ਬਰ ਏਜੰਸੀ ਵੱਲੋਂ ਗਾਜ਼ਾ ਵਿੱਚ ਖਿੱਚੀਆਂ ਗਈਆਂ ਤਸਵੀਰਾਂ, ਜਿਸ ਵਿੱਚ ਧੂਏਂ ਦੀਆਂ ਚਿੱਟੀਆਂ ਲਕੀਰਾਂ ਦਿਖਾਈ ਦਿੰਦੀਆਂ ਹਨ, ਨੂੰ ਆਧਾਰ ਬਣਾਇਆ ਗਿਆ ਹੈ।

ਆਪਣੇ ਬਿਆਨ ਵਿੱਚ ਸੰਸਥਾ ਨੇ ਕਿਹਾ, “ਗਾਜ਼ਾ ਵਿੱਚ ਵ੍ਹਾਈਟ ਫ਼ਾਸਫ਼ੋਰਸ ਦੀ ਵਰਤੋਂ, ਜੋ ਕਿ ਸੰਸਾਰ ਦੇ ਸਭ ਤੋਂ ਵੱਧ ਘਣਤਾ ਵਾਲੇ ਖ਼ੇਤਰਾਂ ਵਿੱਚੋਂ ਇੱਕ ਹੈ, ਨਾਗਰਿਕਾਂ ਉੱਤੇ ਖ਼ਤਰੇ ਨੂੰ ਉਜਾਗਰ ਕਰਦੀ ਹੈ, ਇਹ ‘ਇੰਟਰਨੈਸ਼ਨਲ ਹਊਮੈਨੀਟੇਰੀਅਨ ਲਾਅ’ ਦੀ ਨਾਗਰਿਕਾਂ ਨੂੰ ਬੇਲੋੜੇ ਖ਼ਤਰੇ ਵਿੱਚ ਪਾਉਣ ਉੱਤੇ ਲਾਈ ਗਈ ਰੋਕ ਦੀ ਵੀ ਉਲੰਘਣਾ ਹੈ।

ਅੰਤਰ-ਰਾਸ਼ਟਰੀ ਕਾਨੂੰਨ ਤਹਿਤ ਵ੍ਹਾਈਟ ਫ਼ਾਸਫ਼ੋਰਸ ਉੱਤੇ ਰੋਕ ਨਹੀਂ ਹੈ, ਪਰ ਇਸ ਦੇ ਮਨੁੱਖਾਂ ਉੱਤੇ ਹੋਣ ਵਾਲੇ ਖ਼ਤਰਨਾਕ ਪ੍ਰਭਾਵਾਂ ਦੇ ਕਾਰਨ ਇਸ ਦੀ ਵਰਤੋਂ ਉੱਤੇ ਸਖ਼ਤ ਨਿਯੰਤਰਣ ਰੱਖਿਆ ਜਾਂਦਾ ਹੈ।

ਫ਼ਲਸਤੀਨ ਦੇ ਵਿਦੇਸ਼ੀ ਮੰਤਰਾਲੇ ਵੱਲੋਂ ਵੀ ਇਹ ਦਾਅਵਾ ਕੀਤਾ ਗਿਆ ਹੈ ਕਿ ਇਜ਼ਰਾਈਲ ਵੱਲੋਂ ਫ਼ਾਸਫ਼ੋਰਸ ਬੰਬਾਂ ਦੀ ਵਰਤੋਂ ਗਾਜ਼ਾ ਦੇ ਭਾਰੀ ਵੱਸੋਂ ਵਾਲੇ ਇਲਾਕਿਆਂ ਵਿੱਚ ਕੀਤੀ ਗਈ ਹੈ।

ਇਜ਼ਰਾਈਲੀ ਫੌਜ ਦਾ ਪੱਖ ਕੀ ਹੈ

ਇਜ਼ਰਾਈਲੀ ਫੌਜ ਨੇ ਕਿਹਾ, “‘ਇਜ਼ਰਾਈਲ ਡਿਫੈਂਸ ਫੋਰਸਸ’ ਉੱਤੇ ਗਾਜ਼ਾ ਵਿੱਚ ਵ੍ਹਾਈਟ ਫ਼ਾਸਫ਼ੋਰਸ ਦੀ ਵਰਤੋਂ ਬਾਰੇ ਲਾਏ ਗਏ ਇਲਜ਼ਾਮ ਪੂਰੀ ਤਰ੍ਹਾਂ ਝੂਠੇ ਹਨ।”

ਹਾਲਾਂਕਿ ਇਸ ਬਾਰੇ ਸਪੱਸ਼ਟ ਨਹੀਂ ਕੀਤਾ ਗਿਆ ਕਿ ਇਹ ਬਿਆਨ ਲੈਬਨਾਨ ਵਿੱਚ ਹਥਿਆਰ ਦੀ ਵਰਤੋਂ ਬਾਰੇ ਲਾਗੂ ਹੁੰਦਾ ਹੈ ਜਾਂ ਨਹੀਂ।

ਇਜ਼ਰਾਈਲ ਵੱਲੋਂ ਪਹਿਲਾਂ ਕਦੋਂ ਵਰਤੋਂ ਕੀਤੀ ਗਈ?

ਇਜ਼ਰਾਈਲ ਦੀ ਫੌਜ ਵੱਲੋਂ 2008-09 ਵਿੱਚ ਗਾਜ਼ਾ ਉੱਤੇ ਕੀਤੀ ਗਈ ਫੌਜੀ ਕਾਰਵਾਈ ਵੇਲੇ ਵ੍ਹਾਈਟ ਫ਼ਾਸਫ਼ੋਰਸ ਨੂੰ ਧੂਏਂ ਦੀ ਪਰਤ ਬਣਾਉਣ ਲਈ ਵਰਤਿਆ ਗਿਆ ਸੀ।

ਇਜ਼ਰਾਈਲੀ ਫੌਜ ਵੱਲੋਂ 2013 ਵਿੱਚ ਇਹ ਕਿਹਾ ਗਿਆ ਸੀ ਉਹ ਇਸ ਦੀ ਵਰਤੋਂ ਬੰਦ ਕਰ ਦੇਣਗੇ।

ਇਜ਼ਰਾਈਲ ਦੀ ਫੌਜ ਦੇ ਵੱਲੋਂ ਕਿਹਾ ਗਿਆ ਸੀ ਕਿ ਉਹ ਬੰਬਾਂ ਵਿੱਚ ਵ੍ਹਾਈਟ ਫ਼ਾਸਫ਼ੋਰਸ ਦੀ ਥਾਂ ਗੈਸ ਦੀ ਵਰਤੋਂ ਕਰਨਗੇ।

ਇਸੇ ਘਟਨਾ ਬਾਰੇ ਯੂਐਨ ਅਤੇ ਹਊਮਨ ਰਾਈਟਸ ਵਾਚ ਵੱਲੋਂ ਇਹ ਕਿਹਾ ਗਿਆ ਸੀ ਕਿ ਇਜ਼ਰਾਈਲ ਨੇ ਵੱਧ ਆਬਾਦੀ ਘਣਤਾ ਵਾਲੇ ਖ਼ੇਤਰ ਵਿੱਚ ਵ੍ਹਾਈਟ ਫ਼ਾਸਫ਼ੋਰਸ ਦੀ ਵਰਤੋਂ ਕੀਤੀ ਗਈ।

ਇੱਥੇ ਹੀ ਸੰਯੁਕਤ ਰਾਸ਼ਟਰ ਦੇ ਕੰਪਾਊਂਡ ਦਾ ਇੱਕ ਹਿੱਸਾ ਇਸ ਦੌਰਾਨ ਪੂਰੀ ਤਰ੍ਹਾ ਸੜ ਗਿਆ ਸੀ। ਇਸ ਦਾ ਕਾਰਨ ਭਾਰੀ ਮਾਤਰਾ ਵਿੱਚ ਅਜਿਹਾ ਕੈਮੀਕਲ ਸੀ ਜੋ ਹਵਾ ਵਿੱਚ ਆਉਂਦਿਆ ਹੀ ਅੱਗ ਫੜ ਲੈਂਦਾ ਹੈ।

ਹੁਣ ਤੱਕ ਦਾ ਅਹਿਮ ਘਟਨਾਕ੍ਰਮ

  • ਸ਼ਨੀਵਾਰ ਨੂੰ ਫਲਸਤੀਨੀ ਇਸਲਾਮੀ ਅੱਤਵਾਦੀ ਸਮੂਹ ਹਮਾਸ ਨੇ ਗਾਜ਼ਾ ਪੱਟੀ ਤੋਂ ਇਜ਼ਰਾਈਲ 'ਤੇ ਅਚਾਨਕ ਹਮਲਾ ਬੋਲ ਦਿੱਤਾ।
  • ਇਸ ਦੌਰਾਨ ਦਰਜਨਾਂ ਹਥਿਆਰਬੰਦ ਲੜਾਕੇ ਦੱਖਣੀ ਇਜ਼ਰਾਈਲ ਵਿੱਚ ਦਾਖਲ ਹੋਏ ਤੇ ਇਜ਼ਰਾਈਲ 'ਤੇ ਹਜ਼ਾਰਾਂ ਰਾਕੇਟ ਦਾਗੇ ਗਏ।
  • ਇਜ਼ਰਾਈਲ ਨੇ ਵੀ ਜਵਾਬੀ ਕਾਰਵਾਈ ਸ਼ੁਰੂ ਕਰ ਦਿੱਤੀ ਅਤੇ ਲੋਕਾਂ ਨੂੰ ਸੁਰੱਖਿਅਤ ਰਹਿਣ ਦੀ ਹਿਦਾਇਤ ਜਾਰੀ ਕੀਤੀ।
  • ਹੁਣ ਤੱਕ ਇਸ ਹਿੰਸਾ 'ਚ 700 ਤੋਂ ਵੱਧ ਇਜ਼ਰਾਇਲੀ ਨਾਗਰਿਕਾਂ ਅਤੇ ਗਾਜ਼ਾ ਵਿੱਚ ਵੀ 400 ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ।
  • ਸੁਰੱਖਿਆ ਕਰਮਚਾਰੀਆਂ ਮੁਤਾਬਕ, ਉਨ੍ਹਾਂ ਨੂੰ ਸੁਪਰਨੋਵਾ ਮਿਊਜ਼ਿਕ ਫੈਸਟੀਵਲ ਦੀ ਥਾਂ ਤੋਂ 250 ਤੋਂ ਵੱਧ ਲਾਸ਼ਾਂ ਮਿਲੀਆਂ ਹਨ।
  • ਰਿਪੋਰਟਾਂ ਮੁਤਾਬਕ, ਮਰਨ ਵਾਲਿਆਂ ਵਿੱਚ ਕੁਝ ਅਮਰੀਕੀ ਅਤੇ ਨੇਪਾਲੀ ਨਾਗਰਿਕ ਵੀ ਸ਼ਾਮਲ ਹਨ।
  • ਹਮਾਸ ਦੇ ਆਗੂ ਮੁਹੰਮਦ ਜ਼ੈਫ ਨੇ ਕਿਹਾ, "ਅਸੀਂ ਇਹ ਐਲਾਨ ਕਰਨ ਦਾ ਫੈਸਲਾ ਕੀਤਾ ਹੈ ਕਿ ਹੁਣ ਬਹੁਤ ਹੋ ਗਿਆ ਹੈ।"
  • ਇਜ਼ਰਾਇਲੀ ਪੀਐਮ ਨੇਤਨਯਾਹੂ ਨੇ ਕਿਹਾ, "ਇਹ ਸਿਰਫ਼ ਭੜਕਾਉਣ ਵਾਲੀ ਗੱਲ ਨਹੀਂ ਬਲਕਿ ਇੱਕ ਜੰਗ ਹੈ ਤੇ ਦੁਸ਼ਮਣ ਨੂੰ ਇਸ ਦੀ ਭਾਰੀ ਕੀਮਤ ਚੁਕਾਉਣੀ ਪਵੇਗੀ।"
  • ਕਈ ਇਜ਼ਰਾਈਲੀਆਂ ਨੂੰ ਬੰਧਕ ਬਣਾ ਕੇ ਗਾਜ਼ਾ ਪੱਟੀ ਲੈ ਕੇ ਜਾਇਆ ਗਿਆ ਹੈ।
  • ਇਜ਼ਰਾਈਲ ਦੇ ਸੁਰੱਖਿਆ ਮੁਖੀਆਂ ਦੀ ਬੈਠਕ 'ਚ ਪੀਐੱਮ ਨੇਤਨਯਾਹੂ ਨੇ ਘੁਸਪੈਠੀਆਂ ਨੂੰ ਖਤਮ ਕਰਨ ਦੇ ਨਿਰਦੇਸ਼ ਦਿੱਤੇ ਹਨ।
  • ਉਨ੍ਹਾਂ ਕਿਹਾ ਹੈ ਕਿ "ਇਹ ਇੱਕ ਜੰਗ ਹੈ ਅਤੇ ਅਸੀਂ ਇਸ ਜੰਗ ਨੂੰ ਜਿੱਤਾਂਗੇ।"
  • ਇਜ਼ਰਾਈਲ ਦੇ ਰੱਖਿਆ ਮੰਤਰੀ ਯੋਆਵ ਗੈਲੈਂਟ ਨੇ ਕਿਹਾ ਕਿ ਹਮਾਸ ਨੇ "ਵੱਡੀ ਗਲਤੀ" ਕਰ ਦਿੱਤੀ ਹੈ।
  • ਇਜ਼ਰਾਇਲੀ ਹਸਪਤਾਲਾਂ ਨੇ ਕਿਹਾ ਹੈ ਕਿ ਦਰਜਨਾਂ ਜ਼ਖਮੀਆਂ ਦਾ ਇਲਾਜ ਕੀਤਾ ਜਾ ਰਿਹਾ ਹੈ, ਜਿਨ੍ਹਾਂ 'ਚੋਂ ਕਈਆਂ ਦੀ ਹਾਲਤ ਗੰਭੀਰ ਹੈ।
  • ਅਮਰੀਕਾ ਨੇ ਕਿਹਾ ਕਿ ਉਹ ਇਜ਼ਰਾਈਲ ਦੀ ਮਦਦ ਲਈ ਪੂਰਵੀ ਭੂਮੱਧ ਸਾਗਰ 'ਚ ਇੱਕ ਬੇੜਾ, ਮਿਜ਼ਾਈਲ ਕਰੂਜ਼ਰ, ਜਹਾਜ਼ ਤੇ ਜੈੱਟ ਭੇਜ ਰਿਹਾ ਹੈ।
  • ਇਜ਼ਰਾਈਲ ਨੇ ਗਾਜ਼ਾ ਦੇ ਉੱਤਰੀ ਇਲਾਕਿਆਂ ਵਿੱਚ ਰਹਿੰਦੇ 11 ਲੱਖ ਲੋਕਾਂ ਨੂੰ ਸੁਰੱਖਿਅਤ ਥਾਵਾਂ ਉੱਤੇ ਜਾਣ ਲਈ ਕਿਹਾ ਹੈ।
  • ਇਜ਼ਰਾਈਲੀ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਾਨਯਹੂ ਨੇ ਕਿਹਾ ਕਿ ਜਿਸ ਵੀ ਥਾਂ ਤੋਂ ਹਮਾਸ ਕੰਮ ਕਰਦੀ ਹੈ, ਉਨ੍ਹਾਂ ਨੂੰ ਨਸ਼ਟ ਕਰ ਦਿੱਤਾ ਜਾਵੇਗਾ।

ਸੰਯੁਕਤ ਰਾਸ਼ਟਰ ਵੱਲੋਂ ਵ੍ਹਾਈਟ ਫ਼ਾਸਫ਼ੋਰਸ ਦੀ ਵਿਆਖਿਆ

ਵ੍ਹਾਈਟ ਫ਼ਾਸਫ਼ੋਰਸ ਇੱਕ ਰਸਾਇਣਿਕ ਠੋਸ ਪਦਾਰਥ ਹੈ, ਜੋ ਕਿ ਅਤਿ ਜਲਣਸ਼ੀਲ ਹੁੰਦਾ ਹੈ, ਇਸ ਦੀ ਵਰਤੋਂ ਹਥਿਆਰ ਵਜੋਂ ਹੋ ਸਕਦੀ ਹੈ।

ਸੰਯੁਕਤ ਰਾਸ਼ਟਰ ਦੇ ਡਿਸਆਰਮਾਮੈਂਟ ਮਾਮਲਿਆਂ ਬਾਰੇ ਦਫ਼ਤਰ ਦੀ ਵੈੱਬਸਾਈਟ ਮੁਤਾਬਕ ‘ਇਨਸੈਨਡੀਅਰੀ ਹਥਿਆਰ’ ਯਾਨਿ ਜਲਣਸ਼ੀਲ ਹਥਿਆਰ, ਜਿਸ ਵਿੱਚ ਵ੍ਹਾਈਟ ਫ਼ਾਸਫ਼ੋਰਸ ਅਤੇ ਨਾਪਾਲਮ ਸ਼ਾਮਲ ਹਨ, ਅਜਿਹੇ ਹਥਿਆਰ ਹੁੰਦੇ ਹਨ ਜਿਹੜੇ ਕਿਸੇ ਵੀ ਚੀਜ਼ ਨੂੰ ਅੱਗ ਲਾ ਸਕਦੇ ਹਨ ਜਾਂ ਸਾੜ ਸਕਦੇ ਹਨ, ਇਸ ਵਿੱਚੋਂ ਨਿਕਲਣ ਵਾਲੀ ਅੱਗ ਜਾਂ ਗਰਮੀ ਨਾਲ ਸਾਹ ਲੈਣ ਵਿੱਚ ਪਰੇਸ਼ਾਨੀ ਹੋ ਸਕਦੀ ਹੈ।

ਇਸ ਕਿਸਮ ਦੇ ਹਥਿਆਰਾਂ ਨਾਲ ਹੋਣ ਵਾਲੇ ਜ਼ਖ਼ਮ ਬਹੁਤ ਗੰਭੀਰ ਹੁੰਦੇ ਹਨ ਅਤੇ ਇਨ੍ਹਾਂ ਦੇ ਪ੍ਰਭਾਵ ਅਕਸਰ ਜਾਨਲੇਵਾ ਹੁੰਦੇ ਹਨ।

ਇਸ ਨਾਲ ਪੀੜਤ ਲੋਕਾਂ ਦਾ ਇਲਾਜ ਬਹੁਤ ਮੁਸ਼ਕਲ ਹੁੰਦਾ ਹੈ ਅਤੇ ਇਹ ਅਜਿਹੇ ਸਰੀਰਕ ਅਤੇ ਮਾਨਸਿਕ ਪ੍ਰਭਾਵ ਪਾ ਸਕਦਾ ਹੈ ਜੋ ਲੰਬੇ ਸਮੇਂ ਤੱਕ ਰਹਿੰਦੇ ਹਨ।

ਇਹ ਹਥਿਆਰ ਰਿਹਾਇਸ਼ੀ ਅਤੇ ਵਪਾਰਕ ਇਲਾਕਿਆਂ ਦੇ ਨਾਲ-ਨਾਲ ਵਾਤਾਵਰਣ ਨੂੰ ਵੀ ਭਾਰੀ ਨੁਕਸਾਨ ਪਹੁੰਚਾ ਸਕਦੇ ਹਨ।

ਜਲਣਸ਼ੀਲ ਹਥਿਆਰਾਂ ਦੀ ਵਰਤੋਂ ਅੰਤਰਰਾਸ਼ਟਰੀ ਮਨੁੱਖੀ ਕਾਨੂੰਨ ਦੀ ਪਾਲਣਾ ਨਾਲ ਜੁੜੀ ਹੋਈ ਹੈ। ਇਸ ਦਾ ਸਬੰਧ ਨਾਗਰਿਕਾਂ ਨੂੰ ਹਿੰਸਕ ਤਣਾਅ ਦੇ ਦੌਰਾਨ ਬੇਲੋੜੇ ਕਸ਼ਟ ਤੋਂ ਬਚਾਉਣ ਨਾਲ ਵੀ ਹੈ।

ਇਨ੍ਹਾਂ ਹਥਿਆਰਾਂ ਨਾਲ ਸ਼ੁਰੂ ਹੋਣ ਵਾਲੀ ਅੱਗ ਨੂੰ ਰੋਕਣਾ ਅਤੇ ਇਸ ਦੇ ਅਸਰ ਬਾਰੇ ਅੰਦਾਜ਼ਾ ਲਾਉਣਾ ਮੁਸ਼ਕਲ ਹੈ।

ਇਸੇ ਲਈ ਇਸ ਕਿਸਮ ਦੇ ਹਥਿਆਰਾਂ ਨੂੰ ‘ਏਰੀਆ ਹਥਿਆਰ’ ਵੀ ਕਿਹਾ ਜਾਂਦਾ ਹੈ ਕਿਉਂ ਕਿ ਇਹ ਵੱਡੇ ਇਲਾਕੇ ਉੱਤੇ ਆਪਣਾ ਪ੍ਰਭਾਵ ਪਾਉਂਦੇ ਹਨ।

ਇਸ ਬਾਰੇ ਕੀ ਹਨ ਅੰਤਰਰਾਸ਼ਟਰੀ ਕਾਨੂੰਨ?

ਯੂਐਨ ਮੁਤਾਬਕ ਇਸ ਕਿਸਮ ਦੇ ਹਥਿਆਰਾਂ ਬਾਰੇ ਚਰਚਾ 1970 ਦੇ ਕਰੀਬ ਸ਼ੁਰੂ ਹੋਈ, ਇਸੇ ਸਮੇਂ ਦੌਰਾਨ ਨਾਪਾਲਮ ਦੀ ਵੱਧਦੀ ਵਰਤੋਂ ਬਾਰੇ ਚਿੰਤਾ ਵੱਧ ਰਹੀ ਸੀ।

1972 ਵਿੱਚ ਸੰਯੁਕਤ ਰਾਸ਼ਟਰ ਦੀ ਜਨਰਲ ਅਸੈਂਬਲੀ ਨੇ ਜਲਣਸ਼ੀਲ ਹਥਿਆਂਰਾਂ ਬਾਰੇ ਇੱਕ ਮਤਾ ਪ੍ਰਵਾਨ ਕੀਤਾ, ਜਿਸ ਵਿੱਚ ‘ਇਨਸੈਨਡੀਅਰੀ ਵੈਪਨਜ਼’ ਲਈ ‘ਅਜਿਹੇ ਹਥਿਆਰਾਂ ਦੀ ਸ਼੍ਰੇਣੀ ਜਿਹੜੇ ਭਿਆਨਕ ਹਨ’ ਸ਼ਬਦ ਵਰਤੇ ਗਏ ਸਨ।

ਸਾਲ 1980 ਵਿੱਚ ਨਿਸ਼ਚਿਤ ਰਵਾਇਤੀ ਹਥਿਆਰਾਂ ਦੀ ਵਰਤੋਂ, ਜਿਨ੍ਹਾਂ ਨੂੰ ਬੇਹੱਦ ਖ਼ਤਰਨਾਕ ਮੰਨਿਆ ਜਾਂਦਾ ਹੈ, ਨੂੰ ਬੰਦ ਕਰਨ ਅਤੇ ਰੋਕਣ ਬਾਰੇ ਕਨਵੈਨਸ਼ਨ ਨੂੰ ਪ੍ਰਵਾਨ ਕੀਤਾ ਗਿਆ ਸੀ।

ਇਸਦਾ ਮੰਤਵ ਅਜਿਹੇ ਹਥਿਆਰਾਂ ਨੂੰ ਰੋਕਣਾ ਸੀ ਜਿਹੜੇ ਕਿ ਲੜਾਕਿਆਂ ਦੇ ਨਾਲ-ਨਾਲ ਨਾਗਰਿਕਾਂ ਨੂੰ ਵੀ ਨਾਜਾਇਜ਼ ਸਰੀਰਕ ਪੀੜਾਂ ਦੇਣ।

ਇਸ ਕਨਵੈਨਸ਼ਨ ਦਾ ਪਰੋਟੋਕੋਲ III ਇਸ ਦੀ ਵਰਤੋਂ ਨੂੰਵਰਜਦਾ ਹੈ। ਇਹ ਪਰੋਟੋਕੋਲ ਨਾਗਰਿਕਾਂ ਨੂੰ ਨਿਸ਼ਾਨਾ ਬਣਾਉਣ ਉੱਤੇ ਪਾਬੰਦੀ ਲਾਉਂਦਾ ਹੈ।

ਇਸ ਦੇ ਨਾਲ ਹੀ ਪਰੋਟੋਕੋਲ ਜੰਗਲ ਅਤੇ ਹੋਰ ਬੂਟਿਆਂ ਉੱਤੇ ਅਜਿਹੇ ਹਥਿਆਰਾਂ ਦੀ ਵਰਤੋਂ ਉੱਤੇ ਪਾਬੰਦੀ ਲਾਉਂਦਾ ਹੈ।

‘ਇੰਟਰਨੈਸ਼ਨਲ ਕਮੇਟੀ ਆਫ ਰੈੱਡ ਕਰਾਸ’ ਦੀ ਵੈੱਬਸਾਈਟ ਮੁਤਾਬਕ ਫਲਸਤੀਨ ਇਸ ਪਰੋਟੋਕੋਲ ਦਾ ਹਿੱਸਾ ਜਨਵਰੀ 2015 ਵਿੱਚ ਬਣਿਆ ਅਤੇ ਲੈਬਨਾਨ ਨੇ ਇਸ ਵਿੱਚ ਅਪ੍ਰੈਲ 2017 ਵਿੱਚ ਸ਼ਾਮਲ ਹੋਇਆ।

ਹਊਮਨ ਰਾਈਟਸ ਵਾਚ ਸੰਸਥਾ ਮੁਤਾਬਕ ਇਜ਼ਰਾਈਲ ਇਸ ਪਰੋਟੋਕੋਲ ਵਿੱਚ ਸ਼ਾਮਲ ਨਹੀਂ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)