ਇਜ਼ਰਾਈਲ: ਹਮਾਸ ਨੇ ਜਦੋਂ ਇਜ਼ਰਾਈਲ ਦੀ ਧਰਤੀ ’ਤੇ ਉਤਾਰੇ ਪੈਰਾਸ਼ੂਟ ਅਤੇ ਅਪਣਾਈ ਇਹ ਨਵੀਂ ਤਕਨੀਕ

    • ਲੇਖਕ, ਮੁਹੰਮਦ ਹਮਦਰਦ ਅਤੇ ਹਨਾਨ ਰਜ਼ੇਕ ਦੁਆਰਾ
    • ਰੋਲ, ਬੀਬੀਸੀ ਨਿਊਜ਼ ਅਰਬੀ

ਜਦੋਂ ਹਮਾਸ ਨੇ ਸ਼ਨੀਵਾਰ ਨੂੰ ਇਜ਼ਰਾਈਲ 'ਤੇ ਘਾਤਕ ਹਮਲਾ ਕੀਤਾ ਤਾਂ ਸਰਹੱਦ 'ਤੇ ਹਮਲਾਵਰ ਲੜਾਕਿਆਂ ਵਿੱਚ ਪੈਰਾਸ਼ੂਟ ਵਾਲੇ ਵੀ ਸ਼ਾਮਿਲ ਸਨ।

ਅੰਦੋਲਨ ਦੇ ਫੌਜੀ ਵਿੰਗ "ਇਜ਼ ਅਲ-ਦੀਨ ਅਲ-ਕਾਸਮ ਬ੍ਰਿਗੇਡਜ਼" ਨੇ ਗਾਜ਼ਾ ਪੱਟੀ ਦੇ ਆਲੇ-ਦੁਆਲੇ ਚੱਲ ਰਹੇ ਤਿਉਹਾਰ ਅਤੇ ਇਜ਼ਰਾਈਲੀ ਕਸਬਿਆਂ 'ਤੇ ਹਮਲੇ ਕੀਤੇ। ਇਸ ਅਚਾਨਕ ਹੋਏ ਹਮਲੇ ਨੂੰ 'ਅਲ-ਅਕਸਾ-ਹੜ੍ਹ" ਕਿਹਾ ਗਿਆ।

ਇਜ਼ਰਾਈਲੀ ਫੌਜ ਦੇ ਬੁਲਾਰੇ ਰਿਚਰਡ ਹੇਚਟ ਨੇ ਪੁਸ਼ਟੀ ਕੀਤੀ ਕਿ ਫਲਸਤੀਨੀ ਲੜਾਕਿਆਂ ਨੇ ਘੁਸਪੈਠ ਲਈ "ਪੈਰਾਸ਼ੂਟ", ਸਮੁੰਦਰ ਅਤੇ ਜ਼ਮੀਨ ਦੀ ਵਰਤੋਂ ਕੀਤੀ।

ਸੋਸ਼ਲ ਮੀਡੀਆ 'ਤੇ ਸਾਂਝੀਆਂ ਕੀਤੀਆਂ ਫੋਟੋਆਂ ਅਤੇ ਵੀਡੀਓ ਕਲਿੱਪਾਂ ਵਿੱਚ ਅਲ-ਕਸਾਮ ਬ੍ਰਿਗੇਡਜ਼ ਨੂੰ ਪੈਰਾਸ਼ੂਟ ਰਾਹੀਂ ਉਤਰਦੇ ਦਿਖਾਇਆ ਗਿਆ ਸੀ। ਇਹ ਪਹਿਲੀ ਵਾਰ ਹੈ ਕਿ ਉਨ੍ਹਾਂ ਨੇ ਇਜ਼ਰਾਈਲ 'ਤੇ ਛਾਪੇਮਾਰੀ ਵਿੱਚ ਇਸ ਤਕਨੀਕ ਦੀ ਵਰਤੋਂ ਕੀਤੀ ਹੈ।

ਅਸਮਾਨ ਰਾਹੀਂ ਸਰਹੱਦੀ ਵਾੜ ਨੂੰ ਪਾਰ ਕਰਨਾ

ਫਲਸਤੀਨੀ ਅੱਤਵਾਦੀ ਪੈਰਾਸ਼ੂਟ ਵਿੱਚ ਬੈਠ ਕੇ ਹਵਾਈ ਰਸਤੇ ਰਾਹੀਂ ਗਾਜ਼ਾ ਨੂੰ ਇਜ਼ਰਾਈਲ ਤੋਂ ਵੱਖ ਕਰਨ ਵਾਲੀ ਵਾੜ ਨੂੰ ਪਾਰ ਕਰਨ ਵਿੱਚ ਸਮਰੱਥ ਹੋਏ। ਪੈਰਾਸ਼ੂਟ ਵਿੱਚ ਇੱਕ ਜਾਂ ਦੋ ਲੋਕਾਂ ਦੇ ਬੈਠਣ ਲਈ ਸੀਟ ਸੀ।

ਇੱਕ ਜਨਰੇਟਰ ਅਤੇ ਬਲੇਡ ਰਾਹੀਂ ਸੰਚਾਲਿਤ ਪੈਰਾਸ਼ੂਟਾਂ ਨੂੰ ਲੈ ਕੇ ਗਾਜ਼ਾ ਪੱਟੀ ਦੇ ਆਲੇ-ਦੁਆਲੇ ਦੇ ਖੇਤਰ ਵਿੱਚ ਉਹ ਅੱਗੇ ਵਧੇ।

ਦੂਜੀ ਵਿਸ਼ਵ ਜੰਗ ਦੀ ਰਣਨੀਤੀ

ਜੰਗ ਦੇ ਮੋਰਚੇ 'ਤੇ ਪਿੱਛੇ ਦੁਸ਼ਮਣਾਂ ਨੂੰ ਨਿਸ਼ਾਨਾ ਬਣਾਉਣ ਲਈ ਫੌਜੀ ਪੈਰਾਸ਼ੂਟ ਨਿਯਮਤ ਤੌਰ 'ਤੇ ਫੌਜੀ ਯੂਨਿਟਾਂ ਲਈ ਏਅਰਡ੍ਰੌਪ ਕਰਨ ਲਈ ਵਰਤੇ ਜਾਂਦੇ ਹਨ।

ਪੈਰਾਸ਼ੂਟ ਟੀਮਾਂ ਨੂੰ ਪਹਿਲੀ ਵਾਰ ਦੂਜੀ ਵਿਸ਼ਵ ਜੰਗ ਦੌਰਾਨ ਯੁੱਧ ਕਰ ਰਹੇ ਜਰਮਨ ਅਤੇ ਸਹਿਯੋਗੀ ਦੇਸ਼ਾਂ ਦੁਆਰਾ ਲੜਨ ਲਈ ਤੈਨਾਤ ਕੀਤਾ ਗਿਆ ਸੀ।

1987 ਗਲਾਈਡਰ ਹਮਲਾ

ਹਮਾਸ ਦੁਆਰਾ ਸ਼ਨੀਵਾਰ ਦਾ ਹਮਲਾ ਪਾਪੂਲਰ ਫਰੰਟ ਫਾਰ ਦਿ ਲਿਬਰੇਸ਼ਨ ਆਫ ਫਲਸਤੀਨ -ਜਨਰਲ ਦੇ ਦੋ ਫਲਸਤੀਨੀਆਂ, ਇੱਕ ਸੀਰੀਆਈ ਅਤੇ ਇੱਕ ਟਿਊਨੀਸ਼ੀਅਨ ਦੁਆਰਾ ਕੀਤੇ ਗਏ ਗਲਾਈਡਰ ਆਪਰੇਸ਼ਨ ਦੀ ਯਾਦ ਦਿਵਾਉਂਦਾ ਹੈ।

ਉਹ ਨਵੰਬਰ 1987 ਵਿੱਚ ਇਜ਼ਰਾਈਲੀ ਫੌਜੀ ਸਾਈਟ 'ਤੇ ਹਮਲਾ ਕਰਨ ਲਈ ਲੇਬਨਾਨ ਤੋਂ ਰਵਾਨਾ ਹੋਏ ਸਨ।

ਜ਼ਮੀਨੀ ਲਾਂਚ

ਉਨ੍ਹਾਂ ਨੂੰ ਚਲਾਉਣ ਲਈ ਇੱਕ ਮੋਟਰ ਅਤੇ ਨਿਯੰਤਰਣ ਨਾਲ ਲੈਸ ਪੈਰਾਸ਼ੂਟ ਦੀ ਵਰਤੋਂ ਕਰਕੇ, ਲੜਾਕੂ ਜ਼ਮੀਨ ਤੋਂ ਲਾਂਚ ਕਰਨ ਦੇ ਯੋਗ ਸਨ।

ਇਸਦਾ ਮਤਲਬ ਸੀ ਕਿ ਉਹ ਬਿਨਾਂ ਕਿਸੇ ਪਹਾੜੀ 'ਤੇ ਚੜ੍ਹੇ ਜਾਂ ਹਵਾਈ ਜਹਾਜ਼ ਤੋਂ ਉਤਾਰੇ ਜਾਣ ਦੀ ਲੋੜ ਤੋਂ ਬਿਨਾਂ ਹੀ ਸਫ਼ਰ ਕਰ ਸਕਦੇ ਹਨ।

ਇੰਜਣ ਪੈਰਾਸ਼ੂਟ ਨੂੰ 56 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਅੱਗੇ ਧੱਕਣ ਵਿੱਚ ਮਦਦ ਕਰਦਾ ਹੈ।

ਪੈਰਾਗਲਾਈਡਰ ਜ਼ਮੀਨ ਤੋਂ ਔਸਤਨ 5,000 ਮੀਟਰ ਦੀ ਉਚਾਈ 'ਤੇ ਤਿੰਨ ਘੰਟੇ ਤੱਕ ਉੱਡ ਸਕਦੇ ਹਨ।

ਪੈਰਾਗਲਾਈਡਿੰਗ ਵੈਬਸਾਈਟ ਮੁਤਾਬਕ, ਉਹ 230 ਕਿਲੋਗ੍ਰਾਮ ਜਾਂ ਚਾਰ ਲੋਕਾਂ ਦੇ ਬਰਾਬਰ ਭਾਰ ਚੁੱਕ ਸਕਦੇ ਹਨ।

ਇਨ੍ਹਾਂ ਛਤਰੀ-ਵਰਗੇ ਉਪਕਰਨਾਂ ਵਿੱਚ ਇੱਕ ਵਿਅਕਤੀ ਲਈ ਸੀਟ ਜਾਂ ਤਿੰਨ ਪਹੀਆ ਵਾਲੀ ਗੱਡੀ ਹੋ ਸਕਦੀ ਹੈ ਜਿਸ ਵਿੱਚ ਦੋ ਲੋਕ ਬੈਠ ਸਕਦੇ ਹਨ।

ਇਜ਼ ਅਲ-ਦੀਨ ਅਲ-ਕਾਸਮ ਬ੍ਰਿਗੇਡਜ਼ ਦੇ "ਮਿਲਟਰੀ ਮੀਡੀਆ" ਦੁਆਰਾ ਵੀਡੀਓ ਕਲਿੱਪ ਪੋਸਟ ਕੀਤੇ ਗਏ ਹਨ, ਜਿੰਨਾਂ ਵਿੱਚ ਦੇਖਿਆ ਜਾ ਸਕਦਾ ਹੈ ਕਿ ਪੈਰਾਗਲਾਈਡਰਜ਼ ਜ਼ਮੀਨ ਤੋਂ ਲਾਂਚ ਹੁੰਦੇ ਹਨ ਅਤੇ ਹਰੇਕ ਵਿੱਚ ਇੱਕ ਜਾਂ ਦੋ ਪਾਇਲਟ ਹੁੰਦੇ ਹਨ।

ਹੋਰ ਫੁਟੇਜ ਵਿੱਚ ਲੜਾਕੂ ਇਜ਼ਰਾਈਲੀ ਟਿਕਾਣਿਆਂ 'ਤੇ ਉਤਰਨ ਤੋਂ ਪਹਿਲਾਂ ਹਵਾ ਤੋਂ ਗੋਲੀਬਾਰੀ ਕਰਦੇ ਨਜ਼ਰ ਆਉਂਦੇ ਹਨ। ਕੁਝ ਪੈਰਾਸ਼ੂਟ ਮੋਟਰਸਾਈਕਲਾਂ 'ਤੇ ਲੜਾਕਿਆਂ ਨੂੰ ਲੈ ਕੇ ਜਾ ਰਹੇ ਸਨ।

ਸਰਹੱਦ ਨੂੰ ਪਾਰ ਕਰਨ ਵਾਲੇ ਵਾਲੇ ਪੈਰਾਟ੍ਰੋਪਰਾਂ ਦੇ ਸਮੂਹ ਨੂੰ ਹਮਾਸ ਨੇ "ਸਾਕਰ ਸਕੁਐਡਰਨ" ਕਹਿ ਸੱਦਿਆ।

ਇਜ਼ਰਾਈਲੀ ਫੌਜ ਨੂੰ ਪੈਰਾਸ਼ੂਟ ਦਾ ਪਤਾ ਕਿਉਂ ਨਹੀਂ ਲੱਗਿਆ?

ਹਮਾਸ ਮੀਡੀਆ ਵੱਲੋਂ ਪ੍ਰਕਾਸ਼ਿਤ ਵੀਡੀਓ ਕਲਿੱਪਾਂ ਵਿੱਚ ਹਥਿਆਰਬੰਦ ਪੈਰਾਗਲਾਈਡਰ ਗਾਜ਼ਾ ਪੱਟੀ ਤੋਂ ਵੱਡੇ ਰਾਕੇਟ ਫਾਇਰ ਦੇ ਕਵਰ ਹੇਠ ਉੱਡਦੇ ਹੋਏ ਨਜ਼ਰ ਆਉਂਦੇ ਹਨ।

ਉਨ੍ਹਾਂ ਵਿੱਚੋਂ ਕੁਝ ਤਾਂ ਘੱਟ ਉਚਾਈ 'ਤੇ ਉੱਡਦੇ ਨਜ਼ਰ ਆਏ ਤੇ ਕੁਝ ਉੱਚੇ ਅਸਮਾਨ ਵਿੱਚ ਸਨ।

ਉਨ੍ਹਾਂ ਨੂੰ ਗਾਜ਼ਾ ਦੇ ਆਲੇ ਦੁਆਲੇ ਦੇ ਅਸਮਾਨ ਵਿੱਚ ਨੰਗੀ ਅੱਖ ਨਾਲ ਸਾਫ਼ ਦੇਖਿਆ ਜਾ ਸਕਦਾ ਸੀ।

ਇਜ਼ਰਾਈਲੀ ਮੀਡੀਆ ਨੇ ਸਵਾਲ ਕੀਤਾ ਹੈ ਕਿ ਫੌਜ ਉਨ੍ਹਾਂ ਦਾ ਪਤਾ ਲਗਾਉਣ ਵਿੱਚ ਕਿਉਂ ਨਾਕਾਮ ਰਹੀ।

ਇਜ਼ਰਾਈਲੀ ਬਲਾਂ ਨੇ ਅਜੇ ਤੱਕ ਇਸ ਕਾਰਨ ਦਾ ਖੁਲਾਸਾ ਨਹੀਂ ਕੀਤਾ ਹੈ ਕਿ ਉਨ੍ਹਾਂ ਦੀ ਹਵਾਈ ਰੱਖਿਆ ਨੂੰ ਹਵਾਈ ਰਾਹ ਰਾਹੀਂ ਪਾਰ ਕਰਨ ਵਾਲੇ ਲੜਾਕਿਆਂ ਨੂੰ ਕਿਵੇਂ ਨਹੀਂ ਰੋਕਿਆ ਜਾ ਸਕਿਆ।

ਖ਼ਾਸ ਤੌਰ 'ਤੇ ਪੈਰਾਸ਼ੂਟ, ਜੋ ਆਰਾਮ ਨਾਲ ਨਜ਼ਰ ਆ ਰਹੇ ਸਨ ਕਿ ਲੋਕਾਂ ਨੇ ਆਪਣੇ ਫੋਨਾਂ 'ਤੇ ਉਨ੍ਹਾਂ ਦੀ ਵੀਡੀਓਜ਼ ਵੀ ਬਣਾਈਆਂ।

ਆਇਰਨ ਡੋਮ

ਤਾਂ, ਕੀ ਇਜ਼ਰਾਈਲੀ ਮੌਕੇ 'ਤੇ ਗਸ਼ਤ ਦੀ ਬਜਾਇ ਤਕਨਾਲੋਜੀ 'ਤੇ ਬਹੁਤ ਜ਼ਿਆਦਾ ਭਰੋਸਾ ਕਰ ਸਕਦੇ ਸਨ?

ਕੁਝ ਰਿਪੋਰਟਾਂ ਮੁਤਾਬਕ ਇਜ਼ਰਾਈਲੀ ਹਵਾਈ ਰੱਖਿਆ ਪ੍ਰਣਾਲੀਆਂ, ਜਿਵੇਂ ਕਿ ਆਇਰਨ ਡੋਮ ਅਤੇ ਰਾਡਾਰ, ਅਜਿਹੀਆਂ ਛੋਟੀਆਂ ਉੱਡਣ ਵਾਲੀਆਂ ਵਸਤੂਆਂ ਨਾਲ ਨਜਿੱਠਣ ਲਈ ਤਿਆਰ ਨਹੀਂ ਕੀਤੇ ਗਏ ਸਨ।

ਬਹੁ-ਪੱਖੀ ਹਮਲਾ

ਪਹਿਲੇ ਦਿਨ ਅਲ-ਕਸਾਮ ਬ੍ਰਿਗੇਡਜ਼ ਦੇ ਕਮਾਂਡਰ ਮੁਹੰਮਦ ਅਲ-ਦੀਫ਼ ਨੇ ਦੱਸਿਆ ਕਿ ਹਮਾਸ ਨੇ ਪੰਜ ਹਜ਼ਾਰ ਰਾਕੇਟ ਲਾਂਚ ਕਰਕੇ ਆਪਣਾ ਅਚਨਚੇਤ ਹਮਲਾ ਸ਼ੁਰੂ ਕੀਤਾ।

ਰਾਕੇਟ ਲਾਂਚ ਦੇ ਨਾਲ ਹਮਾਸ ਦੇ ਲੜਾਕਿਆਂ ਨੇ ਜ਼ਮੀਨ ਅਤੇ ਸਮੁੰਦਰ 'ਤੇ, ਬੰਦੂਕ ਨਾਲ ਭਰੀਆਂ ਛੋਟੀਆਂ ਕਿਸ਼ਤੀਆਂ ਦੀ ਵਰਤੋਂ ਕਰ ਕੇ ਅਤੇ ਹਵਾ ਵਿੱਚ ਪੈਰਾਸ਼ੂਟ ਦੀ ਵਰਤੋਂ ਕਰਦਿਆਂ ਹਮਲਾ ਕੀਤਾ ਗਿਆ।

ਮੀਡੀਆ ਅਤੇ ਫੌਜੀ ਰਿਪੋਰਟਾਂ ਦਰਸਾਉਂਦੀਆਂ ਹਨ ਕਿ ਪੈਰਾਸ਼ੂਟ ਹਮਲਾ ਅਤੇ ਹਵਾਈ ਰੱਖਿਆ ਨੂੰ ਬਾਈਪਾਸ ਕਰਨ ਦੀ ਇਸ ਦੀ ਸਮਰੱਥਾ ਸਰਹੱਦ ਵਿੱਚ ਘੁਸਪੈਠ ਕਰਨ ਦਾ ਇੱਕ ਨਿਰਣਾਇਕ ਕਾਰਕ ਸੀ।

ਇਸ ਦੇ ਪਹਿਲੇ ਦਿਨ, ਹਮਲੇ ਨੇ ਇਜ਼ਰਾਈਲ ਵਿੱਚ ਨਾਗਰਿਕਾਂ ਅਤੇ ਫੌਜੀ ਕਰਮੀਆਂ ਵਿਚਾਲੇ ਭਾਰੀ ਅਤੇ ਬੇਮਿਸਾਲ ਨੁਕਸਾਨ ਕੀਤਾ।

ਲੜਾਕਿਆਂ ਨੇ 100 ਤੋਂ ਵੱਧ ਇਜ਼ਰਾਈਲੀ ਨਾਗਰਿਕਾਂ ਅਤੇ ਫੌਜੀਆਂ ਨੂੰ ਬੰਧੀ ਬਣਾ ਲਿਆ ਹੈ। ਹਮਾਸ ਹੁਣ ਇਨ੍ਹਾਂ ਨੂੰ ਮਾਰਨ ਦੀਆਂ ਧਮਕੀਆਂ ਦੇ ਰਿਹਾ ਹੈ।

ਹੁਣ ਤੱਕ ਦਾ ਅਹਿਮ ਘਟਨਾਕ੍ਰਮ

  • ਸ਼ਨੀਵਾਰ ਨੂੰ ਫਲਸਤੀਨੀ ਇਸਲਾਮੀ ਅੱਤਵਾਦੀ ਸਮੂਹ ਹਮਾਸ ਨੇ ਗਾਜ਼ਾ ਪੱਟੀ ਤੋਂ ਇਜ਼ਰਾਈਲ 'ਤੇ ਅਚਾਨਕ ਹਮਲਾ ਬੋਲ ਦਿੱਤਾ।
  • ਇਸ ਦੌਰਾਨ ਦਰਜਨਾਂ ਹਥਿਆਰਬੰਦ ਲੜਾਕੇ ਦੱਖਣੀ ਇਜ਼ਰਾਈਲ ਵਿੱਚ ਦਾਖਲ ਹੋਏ ਤੇ ਇਜ਼ਰਾਈਲ 'ਤੇ ਹਜ਼ਾਰਾਂ ਰਾਕੇਟ ਦਾਗੇ ਗਏ।
  • ਇਜ਼ਰਾਈਲ ਨੇ ਵੀ ਜਵਾਬੀ ਕਾਰਵਾਈ ਸ਼ੁਰੂ ਕਰ ਦਿੱਤੀ ਅਤੇ ਲੋਕਾਂ ਨੂੰ ਸੁਰੱਖਿਅਤ ਰਹਿਣ ਦੀ ਹਿਦਾਇਤ ਜਾਰੀ ਕੀਤੀ।
  • ਹੁਣ ਤੱਕ ਇਸ ਹਿੰਸਾ 'ਚ 700 ਤੋਂ ਵੱਧ ਇਜ਼ਰਾਇਲੀ ਨਾਗਰਿਕਾਂ ਅਤੇ ਗਾਜ਼ਾ ਵਿੱਚ ਵੀ 400 ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ।
  • ਸੁਰੱਖਿਆ ਕਰਮਚਾਰੀਆਂ ਮੁਤਾਬਕ, ਉਨ੍ਹਾਂ ਨੂੰ ਸੁਪਰਨੋਵਾ ਮਿਊਜ਼ਿਕ ਫੈਸਟੀਵਲ ਦੀ ਥਾਂ ਤੋਂ 250 ਤੋਂ ਵੱਧ ਲਾਸ਼ਾਂ ਮਿਲੀਆਂ ਹਨ।
  • ਰਿਪੋਰਟਾਂ ਮੁਤਾਬਕ, ਮਰਨ ਵਾਲਿਆਂ ਵਿੱਚ ਕੁਝ ਅਮਰੀਕੀ ਅਤੇ ਨੇਪਾਲੀ ਨਾਗਰਿਕ ਵੀ ਸ਼ਾਮਲ ਹਨ।
  • ਹਮਾਸ ਦੇ ਆਗੂ ਮੁਹੰਮਦ ਜ਼ੈਫ ਨੇ ਕਿਹਾ, "ਅਸੀਂ ਇਹ ਐਲਾਨ ਕਰਨ ਦਾ ਫੈਸਲਾ ਕੀਤਾ ਹੈ ਕਿ ਹੁਣ ਬਹੁਤ ਹੋ ਗਿਆ ਹੈ।"
  • ਇਜ਼ਰਾਇਲੀ ਪੀਐਮ ਨੇਤਨਯਾਹੂ ਨੇ ਕਿਹਾ, "ਇਹ ਸਿਰਫ਼ ਭੜਕਾਉਣ ਵਾਲੀ ਗੱਲ ਨਹੀਂ ਬਲਕਿ ਇੱਕ ਜੰਗ ਹੈ ਤੇ ਦੁਸ਼ਮਣ ਨੂੰ ਇਸ ਦੀ ਭਾਰੀ ਕੀਮਤ ਚੁਕਾਉਣੀ ਪਵੇਗੀ।"
  • ਕਈ ਇਜ਼ਰਾਈਲੀਆਂ ਨੂੰ ਬੰਧਕ ਬਣਾ ਕੇ ਗਾਜ਼ਾ ਪੱਟੀ ਲੈ ਕੇ ਜਾਇਆ ਗਿਆ ਹੈ।
  • ਇਜ਼ਰਾਈਲ ਦੇ ਸੁਰੱਖਿਆ ਮੁਖੀਆਂ ਦੀ ਬੈਠਕ 'ਚ ਪੀਐੱਮ ਨੇਤਨਯਾਹੂ ਨੇ ਘੁਸਪੈਠੀਆਂ ਨੂੰ ਖਤਮ ਕਰਨ ਦੇ ਨਿਰਦੇਸ਼ ਦਿੱਤੇ ਹਨ।
  • ਉਨ੍ਹਾਂ ਕਿਹਾ ਹੈ ਕਿ "ਇਹ ਇੱਕ ਜੰਗ ਹੈ ਅਤੇ ਅਸੀਂ ਇਸ ਜੰਗ ਨੂੰ ਜਿੱਤਾਂਗੇ।"
  • ਇਜ਼ਰਾਈਲ ਦੇ ਰੱਖਿਆ ਮੰਤਰੀ ਯੋਆਵ ਗੈਲੈਂਟ ਨੇ ਕਿਹਾ ਕਿ ਹਮਾਸ ਨੇ "ਵੱਡੀ ਗਲਤੀ" ਕਰ ਦਿੱਤੀ ਹੈ।
  • ਇਜ਼ਰਾਇਲੀ ਹਸਪਤਾਲਾਂ ਨੇ ਕਿਹਾ ਹੈ ਕਿ ਦਰਜਨਾਂ ਜ਼ਖਮੀਆਂ ਦਾ ਇਲਾਜ ਕੀਤਾ ਜਾ ਰਿਹਾ ਹੈ, ਜਿਨ੍ਹਾਂ 'ਚੋਂ ਕਈਆਂ ਦੀ ਹਾਲਤ ਗੰਭੀਰ ਹੈ।
  • ਅਮਰੀਕਾ ਨੇ ਕਿਹਾ ਕਿ ਉਹ ਇਜ਼ਰਾਈਲ ਦੀ ਮਦਦ ਲਈ ਪੂਰਵੀ ਭੂਮੱਧ ਸਾਗਰ 'ਚ ਇੱਕ ਬੇੜਾ, ਮਿਜ਼ਾਈਲ ਕਰੂਜ਼ਰ, ਜਹਾਜ਼ ਤੇ ਜੈੱਟ ਭੇਜ ਰਿਹਾ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)