ਕਾਂਗਰਸ ਨੇ ਪੰਜਾਬ 'ਚ 13 ਸੀਟਾਂ ਲਈ ਐਲਾਨੇ ਉਮੀਦਵਾਰ: ਨਵੇਂ ਤੇ ਕੁਝ ਪੁਰਾਣੇ ਚਿਹਰਿਆਂ ਨਾਲ ਉੱਤਰੀ ਚੋਣ ਮੈਦਾਨ ਵਿੱਚ

ਕਾਂਗਰਸ ਨੇ ਪੰਜਾਬ ਦੀਆਂ 13 ਸੀਟਾਂ ਉੱਤੇ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ।

ਪਾਰਟੀ ਨੇ ਲੁਧਿਆਣਾ ਤੋਂ ਪਾਰਟੀ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਹੈ, ਜਦਕਿ ਗੁਰਦਾਸਪੁਰ ਤੋਂ ਸੁਖਜਿੰਦਰ ਸਿੰਘ ਰੰਧਾਵਾ ਚੋਣ ਲੜ ਰਹੇ ਹਨ।

ਫ਼ਿਰੋਜ਼ਪੁਰ ਸੀਟ ਦਾ ਐਲਾਨ ਸਭ ਤੋਂ ਅਖ਼ੀਰ ਵਿੱਚ ਕੀਤਾ ਗਿਆ ਹੈ ਇਸ ਸੀਟ ਉੱਤੇ ਸ਼੍ਰੋਮਣੀ ਅਕਾਲੀ ਤੋਂ ਆਏ ਸ਼ੇਰ ਸਿੰਘ ਘੁਬਾਇਆ ਨੂੰ ਟਿਕਟ ਦਿੱਤੀ ਗਈ ਹੈ।

ਅਨੰਦਪੁਰ ਸਾਹਿਬ ਤੋਂ ਸਾਬਕਾ ਮੰਤਰੀ ਵਿਜੇ ਇੰਦਰ ਸਿੰਗਲਾ ਨੂੰ ਉਮੀਦਵਾਰ ਐਲਾਣਿਆ ਗਿਆ ਹੈ।

ਕਾਂਗਰਸ ਪਾਰਟੀ ਨੇ ਜਿਨ੍ਹਾਂ ਨਾਮਾਂ ਦਾ ਐਲਾਨ ਕੀਤਾ ਹੈ, ਉਨ੍ਹਾਂ ਦਾ ਸਿਆਸੀ ਪਿਛੋਕੜ ਕੀ ਹੈ, ਆਓ ਜਾਣਦੇ ਹਾਂ

ਲੋਕਸਭਾ ਚੋਣਾਂ ਦੀਆਂ ਖ਼ਾਸ ਰਿਪੋਰਟਾਂ ਇੱਥੇ ਪੜ੍ਹੋ

ਲੁਧਿਆਣਾ - ਅਮਰਿੰਦਰ ਸਿੰਘ ਰਾਜਾ ਵੜਿੰਗ

ਰਾਜਾ ਵੜਿੰਗ ਕਾਂਗਰਸ ਪਾਰਟੀ ਵੱਲੋਂ ਗਿੱਦੜਬਾਹਾ ਤੋਂ ਲਗਾਤਾਰ ਤਿੰਨ ਵਾਰ ਵਿਧਾਇਕ ਰਹੇ ਹਨ। ਉਹ 2012, 2017 ਅਤੇ 2022 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਜੇਤੂ ਰਹੇ ਸਨ।

ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਕੈਬਨਿਟ ਵਿੱਚ ਰਾਜਾ ਵੜਿੰਗ ਟਰਾਂਸਪੋਰਟ ਮੰਤਰੀ ਬਣੇ ਸਨ। 2014 ਤੋਂ 2018 ਤੱਕ ਉਨ੍ਹਾਂ ਨੇ ਯੂਥ ਕਾਂਗਰਸ ਦੀ ਪ੍ਰਧਾਨਗੀ ਕੀਤੀ।

44 ਸਾਲਾ ਰਾਜਾ ਵੜਿੰਗ ਪੰਜਾਬ ਕਾਂਗਰਸ ਦੇ ਇਤਿਹਾਸ ਵਿੱਚ ਪਾਰਟੀ ਦੇ ਸੂਬਾ ਪ੍ਰਧਾਨ ਬਣਨ ਵਾਲੇ ਪਹਿਲੇ ਘੱਟ ਉਮਰ ਦੇ ਸਿਆਸਤਦਾਨ ਹਨ। ਉਹ ਪੰਜਾਬ ਕਾਂਗਰਸ ਦੇ ਉਨ੍ਹਾਂ 18 ਆਗੂਆਂ 'ਚੋਂ ਇੱਕ ਹਨ ਜਿਨ੍ਹਾਂ ਨੇ ਆਮ ਆਦਮੀ ਪਾਰਟੀ ਦੀ ਜ਼ਬਰਦਸਤ ਲਹਿਰ ਦੇ ਬਾਵਜੂਦ 2022 ਵਿਧਾਨ ਸਭਾ ਚੋਣਾਂ ਵਿੱਚ ਜਿੱਤ ਹਾਸਿਲ ਕੀਤੀ ਹੈ।

ਬੀਬੀਸੀ ਸਹਿਯੋਗੀ ਸੁਰਿੰਦਰ ਮਾਨ ਵਲੋਂ ਸਾਂਝੀ ਕੀਤੀ ਜਾਣਕਾਰੀ ਮੁਤਾਬਕ, ਵੜਿੰਗ ਨੇ ਆਪਣੇ ਸਿਆਸੀ ਕਰੀਅਰ ਦੀ ਸ਼ੁਰੂਆਤ ਵਿਦਿਆਰਥੀ ਜੀਵਨ ਵਿੱਚ ਹੀ ਕਰ ਲਈ ਸੀ। ਉਹ ਸੀਨੀਅਰ ਕਾਂਗਰਸੀ ਆਗੂ ਰਹੇ ਜਗਮੀਤ ਸਿੰਘ ਬਰਾੜ ਦੀ ਅਗਵਾਈ ਹੇਠ ਕਾਂਗਰਸ ਵਿੱਚ ਸ਼ਾਮਲ ਹੋਏ ਸਨ ਅਤੇ ਮੰਨਿਆ ਜਾਂਦਾ ਹੈ ਕਿ ਉਨ੍ਹਾਂ ਨੇ ਰਣਦੀਪ ਸਿੰਘ ਸੁਰਜੇਵਾਲਾ ਤੇ ਜਗਮੀਤ ਬਰਾੜ ਤੋਂ ਸਿਆਸਤ ਦੇ ਗੁਰ ਸਿੱਖੇ ਹਨ।

ਗਿੱਦੜਬਾਹਾ ਸੀਟ ਤੋਂ ਰਾਜਾ ਵੜਿੰਗ ਦਾ ਟਾਕਰਾ ਮਨਪ੍ਰੀਤ ਬਾਦਲ ਨਾਲ ਹੋ ਰਿਹਾ। ਉਨ੍ਹਾਂ ਨੇ ਪਹਿਲੀ ਵਾਰ ਸਾਲ 2012 ਅਤੇ ਦੂਜੀ ਵਾਰ ਲਗਾਤਾਰ 2017 ਵਿੱਚ ਇਸ ਸੀਟ ਤੋਂ ਜਿੱਤ ਹਾਸਲ ਕੀਤੀ।

ਗੁਰਦਾਸਪੁਰ - ਸੁਖਜਿੰਦਰ ਸਿੰਘ ਰੰਧਾਵਾ

ਸੁਖਜਿੰਦਰ ਸਿੰਘ ਰੰਧਾਵਾ ਵਿਧਾਨ ਸਭਾ ਹਲਕਾ ਡੇਰਾ ਬਾਬਾ ਨਾਨਕ ਤੋਂ ਵਧਾਇਕ ਹਨ। ਉਨ੍ਹਾਂ ਨੇ ਡੇਰਾ ਬਾਬਾ ਨਾਨਕ ਤੋਂ ਲਗਤਾਰ ਤਿੰਨ ਵਾਰ 2012 ,2017,2022 ’ਚ ਜਿੱਤ ਦਰਜ ਕਰਵਾਈ ਸੀ।

ਸਾਲ 2002 ਵਿੱਚ ਉਹ ਪਹਿਲੀ ਵਾਰ ਵਿਧਾਨ ਸਭਾ ਹਲਕਾ ਫਤਿਹਗੜ੍ਹ ਚੂੜੀਆ ਤੋਂ ਚੋਣ ਲੜੇ ਸਨ ਅਤੇ ਉਦੋਂ ਉਹ ਅਕਾਲੀ ਦਲ ਦੇ ਨਿਰਮਲ ਸਿੰਘ ਕਾਹਲੋਂ ਨੂੰ ਹਾਰਾ ਕੇ ਪਹਿਲੀ ਵਾਰ ਐੱਮਐੱਲਏ ਬਣੇ ਸਨ।

ਹੁਣ ਪਿਛਲੇ ਕੁਝ ਸਮੇ ਤੋਂ ਕਾਂਗਰਸ ਪਾਰਟੀ ਵਲੋਂ ਸੁਖਜਿੰਦਰ ਸਿੰਘ ਰੰਧਾਵਾ ਨੂੰ ਰਾਜਸਥਾਨ ’ਚ ਪਾਰਟੀ ਪ੍ਰਭਾਰੀ ਬਣਾਇਆ ਗਿਆ ਹੈ ।

ਪਿਛਲੀ ਸਰਕਾਰ ਮੌਕੇ ਉਨ੍ਹਾਂ ਨੂੰ ਕੁਝ ਮਹੀਨਿਆ ਲਈ ਉਪ ਮੁੱਖ ਮੰਤਰੀ ਪੰਜਾਬ ਵੀ ਸਨ ।

ਸੁਖਜਿੰਦਰ ਸਿੰਘ ਰੰਧਾਵਾ ਪੁਰਾਣੇ ਕਾਂਗਰਸੀ ਪਰਿਵਾਰ ਵਿੱਚੋ ਹਨ, ਉਨ੍ਹਾਂ ਦੇ ਪਿਤਾ ਸੰਤੋਖ ਸਿੰਘ ਰੰਧਾਵਾ ਵੀ ਪੰਜਾਬ ਸਰਕਾਰ ’ਚ ਮੰਤਰੀ ਰਹੇ ਸਨ ।

ਸੰਗਰੂਰ - ਸੁਖਪਾਲ ਸਿੰਘ ਖਹਿਰਾ

ਸੁਖਪਾਲ ਸਿੰਘ ਖਹਿਰਾ ਕਾਂਗਰਸ ਪਾਰਟੀ ਦੀ ਟਿਕਟ ਤੋਂ ਸੰਗਰੂਰ ਹਲਕੇ ਤੋਂ ਚੋਣ ਮੈਦਾਨ ਵਿੱਚ ਉੱਤਰ ਰਹੇ ਹਨ। ਉਹ ਵਿਧਾਨ ਸਭਾ ਹਲਕਾ ਭੁਲੱਥ ਤੋਂ ਕਾਂਗਰਸ ਪਾਰਟੀ ਦੇ ਮੌਜੂਦਾ ਵਿਧਾਇਕ ਹਨ।

ਖਹਿਰਾ ਇਸ ਤੋਂ ਪਹਿਲਾਂ 2007 ਵਿੱਚ ਕਾਂਗਰਸ ਵੱਲੋਂ ਹਲਕਾ ਭੁਲੱਥ ਦੇ ਵਿਧਾਇਕ ਚੁਣੇ ਗਏ ਸਨ।

ਸਾਲ 2015 ਵਿੱਚ ਖਹਿਰਾ ਕਾਂਗਰਸ ਛੱਡ ਕੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ ਸਨ। ਆਮ ਆਦਮੀ ਪਾਰਟੀ ਵਿੱਚ ਹੁੰਦੇ ਹੋਏ ਵੀ ਉਹ ਭੁਲੱਥ ਹਲਕੇ ਤੋਂ ਹੀ ਵਿਧਾਇਕ ਸੀ ਅਤੇ ਉਹ ਵਿਰੋਧੀ ਧਿਰ ਦੇ ਨੇਤਾ ਵੀ ਰਹੇ।

2019 ਵਿੱਚ ਆਮ ਆਦਮੀ ਪਾਰਟੀ ਨੂੰ ਅਲਵਿਦਾ ਕਹਿਣ ਤੋਂ ਬਾਅਦ ਖਹਿਰਾ ਨੇ ਆਪਣੀ ਸਿਆਸੀ ਪਾਰਟੀ ਬਣਾਈ ਜਿਸ ਦਾ ਨਾਮ ‘ਪੰਜਾਬ ਏਕਤਾ ਪਾਰਟੀ’ ਰੱਖਿਆ।

ਖਹਿਰਾ ਨੇ ਬਠਿੰਡਾ ਤੋਂ ਹਰਸਿਮਰਤ ਕੌਰ ਬਾਦਲ ਦੇ ਖ਼ਿਲਾਫ਼ 2019 ਵਿੱਚ ਲੋਕ ਸਭਾ ਚੋਣ ਵੀ ਲੜੀ ਸੀ।

ਜੂਨ 2021 ਵਿੱਚ ਖਹਿਰਾ ਮੁੜ ਤੋਂ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋ ਗਏ ਹਨ।

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਸੁਖਪਾਲ ਖਹਿਰਾ ਇੱਕ ਦੂਜੇ ਦੇ ਸਖ਼ਤ ਸਿਆਸੀ ਵਿਰੋਧੀ ਮੰਨੇ ਜਾਂਦੇ ਹਨ। ਹਾਲਾਂਕਿ ਦੋਵੇਂ ਕਿਸੇ ਸਮੇਂ ਆਮ ਆਦਮੀ ਪਾਰਟੀ ਵਿੱਚ ਇੱਕ ਦੂਜੇ ਦੇ ਸਾਥੀ ਰਹੇ ਹਨ।

ਟਿਕਟ ਮਿਲਣ ਤੋਂ ਪਹਿਲਾਂ ਸੁਖਪਾਲ ਖਹਿਰਾ ਨੇ ਇਹ ਬਿਆਨ ਦਿੱਤਾ ਸੀ ਕਿ ਜੇਕਰ ਉਨ੍ਹਾਂ ਨੂੰ ਸੰਗਰੂਰ ਤੋਂ ਟਿਕਟ ਮਿਲਦੀ ਹੈ ਤਾਂ ਉਨ੍ਹਾਂ ਦਾ ਮੁਕਾਬਲਾ ਸਿਰਫ਼ ਭਗਵੰਤ ਮਾਨ ਨਾਲ ਹੋਵੇਗਾ।

ਸੰਗਰੂਰ ਹਲਕੇ ਤੋਂ ਭਗਵੰਤ ਮਾਨ ਦੋ ਵਾਰੀ ਮੈਂਬਰ ਪਾਰਲੀਮੈਂਟ ਰਹਿ ਚੁੱਕੇ ਹਨ, ਇਸ ਹਲਕੇ ਨੂੰ 'ਆਪ' ਆਪਣਾ ਗੜ੍ਹ ਮੰਨਦੀ ਹੈ, ਪਰ 2022 ਵਿੱਚ ਭਗਵੰਤ ਮਾਨ ਦੇ ਮੁੱਖ ਮੰਤਰੀ ਬਣਨ ਤੋਂ ਬਾਅਦ ਹੋਈਆਂ ਜ਼ਿਮਨੀ ਚੋਣਾਂ ਵਿੱਚ ਇੱਥੋਂ ਅਕਾਲੀ ਦਲ (ਅੰਮ੍ਰਿਤਸਰ) ਦੇ ਸਿਮਰਨਜੀਤ ਸਿੰਘ ਮਾਨ ਜੇਤੂ ਰਹੇ।

ਕੈਬਨਿਟ ਮੰਤਰੀ ਗੁਰਮੀਤ ਸਿੰਘ ਹੇਅਰ ਸੰਗਰੂਰ ਤੋਂ ਆਪ ਦੇ ਉਮੀਦਵਾਰ ਹਨ।

ਸਿਆਸੀ ਮਾਹਰਾਂ ਮੁਤਾਬਕ ਖਹਿਰਾ ਨੂੰ ਟਿਕਟ ਮਿਲਣ ਮਗਰੋਂ ਸੰਗਰੂਰ ਲੋਕ ਸਭਾ ਮੁਕਾਬਲਾ ਹੋਰ ਵੀ ਦਿਲਚਸਪ ਹੋ ਗਿਆ ਹੈ।

ਜਲੰਧਰ - ਚਰਨਜੀਤ ਸਿੰਘ ਚੰਨੀ

ਲੰਬੇ ਸਮੇਂ ਤੋਂ ਕਾਂਗਰਸ ਨਾਲ ਜੁੜੇ ਹੋਏ ਸਿਆਸੀ ਆਗੂ ਅਤੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਕਾਂਗਰਸ ਪਾਰਟੀ ਦੀ ਟਿਕਟ ਉੱਤੇ ਜਲੰਧਰ ਤੋਂ ਚੋਣ ਲੜ ਰਹੇ ਹਨ।

ਚੰਨੀ ਦਲਿਤ ਭਾਈਚਾਰੇ ਨਾਲ ਸਬੰਧਤ ਆਗੂ ਹਨ ਅਤੇ ਉਨ੍ਹਾਂ ਨੇ ਪੰਜਾਬ ਵਿੱਚ ਕਾਂਗਰਸ ਦੇ ਕਾਰਜਕਾਲ ਦੌਰਾਨ 111 ਦਿਨਾਂ ਲਈ ਮੁੱਖ ਮੰਤਰੀ ਰਹੇ ਸਨ।

ਚੰਨੀ ਚਮਕੌਰ ਸਾਹਿਬ ਹਲਕੇ ਤੋਂ ਵਿਧਾਇਕ ਰਹੇ ਹਨ, ਉਹ ਤਨਕੀਨੀ ਸਿੱਖਿਆ ਅਤੇ ਉਦਯੋਗੀ ਸਿਖਲਾਈ ਮੰਤਰਾਲੇ ਦੇ ਮੰਤਰੀ ਵੀ ਰਹੇ ਹਨ।

ਉਹ ਸਾਲ 2007 ਵਿੱਚ ਚਮਕੌਰ ਸਾਹਿਬ ਹਲਕੇ ਤੋਂ ਆਪਣੀ ਪਹਿਲੀ ਚੋਣ ਅਜ਼ਾਦ ਉਮੀਦਵਾਰ ਵਜੋਂ ਜਿੱਤੇ ਸਨ।

ਚੰਨੀ ਸਾਲ 2015 ਤੋਂ 2016 ਤੱਕ ਵਿਰੋਧੀ ਧਿਰ ਦੇ ਆਗੂ ਵੀ ਰਹੇ ਸਨ।

ਸਿਆਸੀ ਹਲਕਿਆਂ ਵਿੱਚ ਇਹ ਚਰਚਾ ਹੈ ਪਹਿਲਾਂ ਹੀ ਸੀ ਕਿ ਚਰਨਜੀਤ ਸਿੰਘ ਚੰਨੀ ਜਲੰਧਰ ਸੀਟ ਤੋਂ ਮਜ਼ਬੂਤ ਦਾਅਵੇਦਾਰ ਹੋ ਸਕਦੇ ਹਨ।

ਜਲੰਧਰ ਹਲਕਾ ਪੰਜਾਬ ਵਿੱਚ ਦਲਿਤ ਸਿਆਸਤ ਦੇ ਕੇਂਦਰ ਵਜੋਂ ਜਾਣਿਆਂ ਜਾਂਦਾ ਹੈ।

ਡੇਰਾ ਸੱਚਖੰਡ ਬੱਲਾਂ ਦਾ ਦੁਆਬਾ ਖੇਤਰ ਵਿੱਚ ਚੰਗਾ ਅਧਾਰ ਹੈ, ਚਰਨਜੀਤ ਸਿੰਘ ਚੰਨੀ ਕਈ ਵਾਰ ਇੱਥੇ ਜਾ ਚੁੱਕੇ ਹਨ। ਉਹ ਮੁੱਖ ਮੰਤਰੀ ਰਹਿੰਦਿਆਂ ਵੀ ਇੱਥੇ ਕਈ ਵਾਰੀ ਜਾ ਚੁੱਕੇ ਹਨ।

ਪਟਿਆਲਾ - ਧਰਮਵੀਰ ਗਾਂਧੀ

ਟਿਕਟਾਂ ਦੀ ਵੰਡ ਤੋਂ ਕਰੀਬ ਦੋ ਹਫ਼ਤੇ ਪਹਿਲਾਂ ਕਾਂਗਰਸ ਪਾਰਟੀ ਦਾ ਹਿੱਸਾ ਬਣਨ ਵਾਲੇ ਸਿਆਸੀ ਆਗੂ ਅਤੇ ਕਾਰਕੁਨ ਧਰਮਵੀਰ ਗਾਂਧੀ ਪਟਿਆਲਾ ਤੋਂ ਲੋਕ ਸਭਾ ਚੋਣ ਲੜਨਗੇ।

ਖੱਬੇ ਪੱਖੀ ਵਿਚਾਰਧਾਰਾ ਦੇ ਹਾਮੀ ਡਾਕਟਰ ਧਰਮਵੀਰ ਗਾਂਧੀ ਨੇ ਆਪਣਾ ਸਿਆਸੀ ਸਫ਼ਰ ਆਮ ਆਦਮੀ ਪਾਰਟੀ ਦੀ ਨਾਲ ਸ਼ੁਰੂ ਕੀਤਾ ਸੀ।

ਆਮ ਆਦਮੀ ਪਾਰਟੀ ਦੀ ਟਿਕਟ ਤੋਂ ਹੀ 72 ਸਾਲਾ ਡਾਕਟਰ ਧਰਮਵੀਰ ਗਾਂਧੀ ਨੇ 2014 ਵਿੱਚ ਪਟਿਆਲਾ ਸੀਟ ਤੋਂ ਪ੍ਰਨੀਤ ਕੌਰ ਨੂੰ ਮਾਤ ਦਿੱਤੀ ਅਤੇ ਚਰਚਾ ਵਿੱਚ ਆਏ ਸਨ।

ਪਰ ਉਨਾਂ ਦਾ 'ਆਪ' ਤੋਂ ਜਲਦੀ ਹੀ ਮੋਹ 'ਭੰਗ' ਹੋ ਗਿਆ ਸੀ ਅਤੇ ਉਨ੍ਹਾਂ ਨੇ ਸਿਧਾਂਤਕ ਵਖਰੇਵਿਆਂ ਦਾ ਹਵਾਲਾ ਦਿੰਦਿਆਂ ਸਾਲ 2016 ਵਿੱਚ ਆਮ ਆਦਮੀ ਪਾਰਟੀ ਤੋਂ ਕਿਨਾਰਾ ਕਰ ਲਿਆ ਸੀ।

ਗਾਂਧੀ ਪੇਸ਼ੇ ਵਜੋਂ ਡਾਕਟਰ ਹਨ ਅਤੇ ਦਿਲ ਦੇ ਰੋਗਾਂ ਦੇ ਮਾਹਰ ਹਨ। ਉਨ੍ਹਾਂ ਨੂੰ ਇੱਕ ਸਮਾਜਿਕ ਕਾਰਕੁਨ ਵਜੋਂ ਵੀ ਜਾਣਿਆ ਜਾਂਦਾ ਹੈ।

ਸ਼ੇਰ ਸਿੰਘ ਘੁਬਾਇਆ

ਕਾਂਗਰਸ ਨੇ ਸ਼੍ਰੋਮਣੀ ਅਕਾਲੀ ਦਲ ਤੋਂ ਕਾਂਗਰਸ ਵਿੱਚ ਸ਼ੇਰ ਸਿੰਘ ਘੁਬਾਇਆ ਨੂੰ ਫ਼ਿਰੋਜ਼ਪੁਰ ਤੋਂ ਉਮੀਦਵਾਰ ਐਲਾਨਿਆ ਹੈ।

ਸ਼ੇਰ ਸਿੰਘ ਘੁਬਾਇਆ ਹਲਕਾ ਜਲਾਲਾਬਾਦ ਦੇ ਪਿੰਡ ਘੁਬਾਇਆ ਦੇ ਰਹਿਣ ਵਾਲੇ ਹਨ।

ਉਹ ਦੋ ਅਕਾਲੀ ਦਲ ਵਲੋਂ ਦੋ ਵਾਰ ਲੋਕ ਸਭਾ ਚੋਣ ਜਿੱਤ ਚੁੱਕੇ ਹਨ।

ਅਕਾਲੀ ਦਲ ਵੱਲੋਂ ਦੋ ਵਾਰ ਸੰਸਦ ਮੈਂਬਰ ਰਹਿ ਚੁੱਕੇ ਸ਼ੇਰ ਸਿੰਘ ਘੁਬਾਇਆ ਨੂੰ ਕਾਂਗਰਸ ਨੇ ਆਪਣਾ ਉਮੀਦਵਾਰ ਬਣਾਇਆ ਹੈ।

2019 ਵਿੱਚ ਵੀ ਘੁਬਾਇਆ ਫ਼ਿਰੋਜ਼ਪੁਰ ਸੀਟ ਤੋਂ ਕਾਂਗਰਸ ਦੇ ਉਮੀਦਵਾਰ ਸਨ ਉਸ ਸਮੇਂ ਉਹ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਖੜੇ ਸਨ। ਉਨ੍ਹਾਂ ਚੋਣਾਂ ਵਿੱਚ ਜਿੱਤ ਸੁਖ਼ਬੀਰ ਸਿੰਘ ਬਾਦਲ ਦੀ ਹੋਈ ਸੀ।

ਫਰੀਦਕੋਟ - ਅਮਰਜੀਤ ਕੌਰ ਸਾਹੋਕੇ

ਫ਼ਰੀਦਕੋਟ ਹਲਕੇ ਤੋਂ ਕਾਂਗਰਸ ਦੇ ਉਮੀਦਵਾਰ ਅਮਰਜੀਤ ਕੌਰ ਸਾਹੋਕੇ ਹਨ। ਕਾਂਗਰਸ ਨੇ ਮੌਜੂਦਾ ਐੱਮਪੀ ਪੰਜਾਬੀ ਗਾਇਕ ਮੁਹੰਮਦ ਸਦੀਕ ਦੀ ਥਾਂ ਉਨ੍ਹਾਂ ਨੂੰ ਟਿਕਟ ਦਿੱਤੀ।

ਉਨ੍ਹਾਂ ਦੀ ਉਮਰ 46 ਸਾਲ ਦੇ ਕਰੀਬ ਹੈ। ਉਹ ਸਰਕਾਰੀ ਸਕੂਲ ਵਿੱਚ ਅਧਿਆਪਕ ਰਹਿ ਚੁੱਕੇ ਹਨ।

ਅੰਮ੍ਰਿਤਸਰ - ਗੁਰਜੀਤ ਸਿੰਘ ਔਜਲਾ

ਅੰਮ੍ਰਿਤਸਰ ਹਲਕੇ ਤੋਂ ਗੁਰਜੀਤ ਸਿੰਘ ਔਜਲਾ ਕਾਂਗਰਸ ਵਲੋਂ ਮੈਦਾਨ ਵਿੱਚ ਉਤਾਰੇ ਗਏ ਹਨ।

ਅੰਮ੍ਰਿਤਸਰ ਔਜਲਾ ਦਾ ਜੱਦੀ ਸ਼ਹਿਰ ਹੈ ਅਤੇ ਇਥੋਂ ਹੀ ਉਨ੍ਹਾਂ ਨੇ ਕਾਂਗਰਸ ਪਾਰਟੀ ਨਾਲ ਜੁੜ ਕੇ ਸਿਆਸੀ ਸਫ਼ਰ ਦੀ ਸ਼ੁਰੂਆਤ ਕੀਤੀ।

2019 ਵਿੱਚ ਔਜਲਾ ਨੇ ਅੰਮ੍ਰਿਤਸਰ ਸੀਟ ਤੋਂ ਹੀ ਕੇਂਦਰੀ ਮੰਤਰੀ ਹਰਦੀਪ ਪੁਰੀ ਨੂੰ ਮਾਤ ਦਿੱਤੀ ਸੀ।

ਬਠਿੰਡਾ - ਜੀਤਮੋਹਿੰਦਰ ਸਿੰਘ ਸਿੱਧੂ

ਕਾਂਗਰਸ ਪਾਰਟੀ ਨੇ ਸਾਬਕਾ ਐੱਮਐੱਲਏ ਜੀਤ ਮੋਹਿੰਦਰ ਸਿੰਘ ਸਿੱਧੂ ਨੂੰ ਸ਼੍ਰੋਮਣੀ ਅਕਾਲੀ ਦਲ ਅਤੇ ਬਾਦਲ ਪਰਿਵਾਰ ਦੇ ਗੜ੍ਹ ਵਜੋਂ ਜਾਣੀ ਜਾਂਦੀ ਬਠਿੰਡਾ ਲੋਕ ਸਭਾ ਸੀਟ ਤੋਂ ਉਮੀਦਵਾਰ ਐਲਾਨਿਆ ਹੈ।

ਜੀਤ ਮੋਹਿੰਦਰ ਸਿੰਘ ਸਿੱਧੂ ਨੇ ਆਪਣੇ ਸਿਆਸੀ ਜੀਵਨ ਦੀ ਸ਼ੁਰੂਆਤ 1997 ਵਿੱਚ ਅਕਾਲੀ ਦਲ ਦੀ ਟਿਕਟ 'ਤੇ ਤਲਵੰਡੀ ਸਾਬੋ ਹਲਕੇ ਤੋਂ ਚੋਣ ਲੜ ਕੇ ਕੀਤੀ ਪਰ ਉਹ ਹਾਰ ਗਏ ਸਨ।

ਸਾਲ 2002 ਵਿੱਚ ਉਨ੍ਹਾਂ ਨੇ ਤਲਵੰਡੀ ਸਾਬੋ ਤੋਂ ਆਜ਼ਾਦ ਉਮੀਦਵਾਰ ਵਜੋਂ ਚੋਣ ਲੜੀ ਅਤੇ ਉਸ ਸਮੇਂ ਦੇ ਕਾਂਗਰਸੀ ਉਮੀਦਵਾਰ ਹਰਮਿੰਦਰ ਸਿੰਘ ਜੱਸੀ ਨੂੰ ਹਰਾਇਆ ਸੀ।

ਸਾਲ 2004 ਵਿੱਚ ਜੀਤ ਮੋਹਿੰਦਰ ਸਿੰਘ ਸਿੱਧੂ ਨੂੰ ਉਸ ਸਮੇਂ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਾਂਗਰਸ ਪਾਰਟੀ ਵਿੱਚ ਲਿਆਂਦਾ ਅਤੇ ਉਨ੍ਹਾਂ ਨੇ 2007 ਵਿੱਚ ਤਲਵੰਡੀ ਸਾਬੋ ਤੋਂ ਜਿੱਤ ਪ੍ਰਾਪਤ ਕੀਤੀ।

ਜੀਤ ਮੋਹਿੰਦਰ ਸਿੰਘ ਨੇ 2012 ਵਿੱਚ ਕਾਂਗਰਸ ਪਾਰਟੀ ਦੀ ਟਿਕਟ 'ਤੇ ਜਿੱਤੇ ਸਨ ਅਤੇ 2014 ਵਿਚ ਉਹ ਅਕਾਲੀ ਦਲ (ਬਾਦਲ) ਵਿਚ ਚਲੇ ਗਏ ਸਨ।

ਸਾਲ 2014 ਵਿਚ ਉਹ ਉਪ ਚੋਣ ਦੌਰਾਨ ਅਕਾਲੀ ਦਲ ਦੀ ਟਿਕਟ 'ਤੇ ਵਿਧਾਇਕ ਬਣੇ ਸਨ।

ਸਾਲ 2017 ਅਤੇ 2022 ਵਿੱਚ ਅਕਾਲੀ ਦਲ ਦੀ ਟਿਕਟ 'ਤੇ ਤਲਵੰਡੀ ਸਾਬੋ ਵਿਧਾਨ ਸਭਾ ਸੀਟ ਤੋਂ ਦੋ ਵਾਰ ਹਾਰੇ ਸਨ।

ਕਰੀਬ ਪੰਜ ਮਹੀਨੇ ਪਹਿਲਾ ਜੀਤ ਮਹਿੰਦਰ ਕਾਂਗਰਸ ਵਿੱਚ ਮੁੜ ਸ਼ਾਮਲ ਹੋਏ ਸਨ।

ਫ਼ਤਿਹਗੜ੍ਹ ਸਾਹਿਬ - ਅਮਰ ਸਿੰਘ

ਕਾਂਗਰਸ ਨੇ ਫਤਿਹਗੜ੍ਹ ਸਾਹਿਬ ਹਲਕੇ ਤੋਂ ਮੌਜੂਦਾ ਲੋਕ ਸਭਾ ਮੈਂਬਰ ਅਮਰ ਸਿੰਘ ਨੂੰ ਹੀ ਦੁਬਾਰਾ ਆਪਣਾ ਉਮੀਦਵਾਰ ਬਣਾਇਆ ਹੈ।

ਉਹ ਸਾਬਕਾ ਆਈਏਐੱਸ ਅਧਿਕਾਰੀ ਹਨ।

ਡਾ ਅਮਰ ਸਿੰਘ ਸਾਲ 2004 ਤੋਂ 2010 ਤੱਕ ਉਹ ਕੇਂਦਰ ਸਰਕਾਰ ਵਿੱਚ ਵਧੀਕ ਸਕੱਤਰ ਦੇ ਅਹੁਦੇ ਉੱਤੇ ਰਹੇ ਹਨ।

ਅਮਰ ਸਿੰਘ ਫ਼ੂਡ ਕਾਰਪੋਰੇਸ਼ਨ ਆਫ਼ ਇੰਡੀਆ ਵਿੱਚ ਐਗਜ਼ੀਕਿਊਟਿਵ ਡਾਇਰੈਕਟਰ ਅਤੇ ਚੇਅਰਮੈਨ ਤੇ ਮੈਨਿਜਿੰਗ ਡਾਇਰੈਕਟਰ ਵੀ ਰਹੇ ਹਨ।

ਸ੍ਰੀ ਆਨੰਦਪੁਰ ਸਾਹਿਬ - ਵਿਜੇ ਇੰਦਰ ਸਿੰਗਲਾ

ਕਾਂਗਰਸ ਨੇ ਅਨੰਦਪੁਰ ਸਾਹਿਬ ਤੋਂ ਸਾਬਕਾ ਮੰਤਰੀ ਵਿਜੇ ਇੰਦਰ ਸਿੰਗਲਾ ਨੂੰ ਉਮੀਦਵਾਰ ਐਲਾਨਿਆ ਹੈ। 2017 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਉਹ ਸੰਗਰੂਰ ਹਲਕੇ ਤੋਂ ਜਿੱਤੇ ਸਨ।

ਯਾਦਵਿੰਦਰਾ ਪਬਲਿਕ ਸਕੂਲ ਤੋਂ ਮੁੱਢਲੀ ਪੜ੍ਹਾਈ ਕਰਨ ਵਾਲੇ ਸਿੰਗਲਾ ਨੇ ਬੰਗਲੌਰ ਤੋਂ ਕੰਪਿਊਟਰ ਸਾਂਇੰਸ ਵਿੱਚ ਇੰਜੀਨੀਅਰਿੰਗ ਦੀ ਡਿਗਰੀ ਹਾਸਲ ਕੀਤੀ ਹੈ।

ਉਨ੍ਹਾਂ ਦੇ ਸਿਆਸੀ ਸਫ਼ਰ ਦੀ ਸ਼ੁਰੂਆਤ 2002 ਵਿੱਚ ਪੰਜਾਬ ਯੂਥ ਕਾਂਗਰਸ ਦੇ ਜਨਰਲ ਸਕੱਤਰ ਵਜੋਂ ਹੋਈ ਸੀ। 2006 ਵਿੱਚ ਉਹ ਯੂਥ ਕਾਂਗਰਸ ਦੇ ਪ੍ਰਧਾਨ ਬਣ ਗਏ ਸਨ।

ਖਡੂਰ ਸਾਹਿਬ - ਕੁਲਬੀਰ ਸਿੰਘ ਜ਼ੀਰਾ

ਖਡੂਰ ਸਾਹਿਬ ਤੋਂ ਕੁਲਬੀਰ ਸਿੰਘ ਜ਼ੀਰਾ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਗਿਆ ਹੈ। ਜ਼ੀਰਾ ਨੂੰ ਇੱਕ ਨੌਜਵਾਨ ਆਗੂ ਵਜੋਂ ਜਾਣਿਆਂ ਜਾਂਦਾ ਹੈ।

ਜ਼ੀਰਾ ਸਾਬਕਾ ਵਿਧਾਇਕ ਹਨ ਅਤੇ ਉਨ੍ਹਾਂ ਦੇ ਪਿਤਾ ਇੰਦਰਜੀਤ ਸਿੰਘ ਜ਼ੀਰਾ ਵੀ ਵਿਧਾਇਕ ਰਹੇ ਚੁੱਕੇ ਹਨ। ਜ਼ੀਰਾ ਪਰਿਵਾਰ ਸਿਆਸੀ ਤੌਰ ’ਤੇ ਲੰਬਾ ਸਮਾਂ ਅਕਾਲੀ ਦਲ ਜੁੜਿਆ ਰਿਹਾ ਹੈ। ਇੰਦਰਜੀਤ ਸਿੰਘ ਜ਼ੀਰਾ ਕੈਪਟਨ ਅਮਰਿੰਦਰ ਸਿੰਘ ਵੇਲੇ ਕਾਂਗਰਸ ਵਿੱਚ ਸ਼ਾਮਲ ਹੋ ਗਏ ਸਨ।

ਕੁਲਬੀਰ ਸਿੰਘ ਜ਼ੀਰਾ ਇੱਕ ਸਰਗਰਮ ਸਿਆਸਤਦਾਨ ਹਨ। ਕਿਸਾਨ ਅੰਦੋਲਨ ਮੌਕੇ ਉਨ੍ਹਾਂ ਨੇ ਕਿਸਾਨਾਂ ਦੀਆਂ ਮੰਗਾਂ ਦੇ ਹੱਕ ਵਿੱਚ ਦਿੱਲੀ ਦੇ ਜੰਤਰ-ਮੰਤਰ ’ਤੇ ਕਾਂਗਰਸੀ ਆਗੂ ਰਵਨੀਤ ਬਿੱਟੂ ਨਾਲ ਧਰਨਾ ਵੀ ਦਿੱਤਾ ਸੀ।

ਹੁਸ਼ਿਆਰਪੁਰ - ਯਾਮਿਨੀ ਗੋਮਰ

ਹੁਸ਼ਿਆਰਪੁਰ ਤੋਂ ਕਾਂਗਰਸ ਪਾਰਟੀ ਨੇ 2014 ਵਿੱਚ ਆਪ ਦੀ ਟਿਕਟ ਉੱਤੇ ਐੱਮਪੀ ਦੀ ਚੋਣ ਲੜਨ ਵਾਲੇ ਯਾਮਿਨੀ ਗੋਮਰ ਨੂੰ ਟਿਕਟ ਦਿੱਤੀ ਹੈ।

ਗੋਮਰ ਨੇ ਆਮ ਆਦਮੀ ਪਾਰਟੀ ਤੋਂ ਦਸੰਬਰ 2016 ਵਿੱਚ ਅਸਤੀਫ਼ਾ ਦੇ ਦਿੱਤਾ ਸੀ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)