ਦਲਜੀਤ ਚੀਮਾ ਤੇ ਚੰਦੂਮਾਜਰਾ ਸਣੇ ਸ਼੍ਰੋਮਣੀ ਅਕਾਲੀ ਦਲ ਨੇ ਲੋਕ ਸਭਾ ਚੋਣਾਂ ਲਈ ਕਿਹੜੇ ਉਮੀਦਵਾਰਾਂ 'ਤੇ ਦਾਅ ਖੇਡਿਆ

ਸ਼੍ਰੋਮਣੀ ਅਕਾਲੀ ਦਲ ਨੇ ਪੰਜਾਬ ਦੇ 13 ਲੋਕ ਸਭਾ ਹਲਕਿਆਂ ਵਿੱਚੋਂ 11 ਹਲਕਿਆਂ ਤੋਂ ਆਪਣੇ ਉਮੀਦਵਾਰਾਂ ਦੇ ਨਾਮ ਐਲਾਨੇ ਹਨ।

ਜਿਸ ਵਿੱਚ ਬਠਿੰਡਾ ਤੋਂ ਹਰਸਿਮਰਤ ਕੌਰ ਬਾਦਲ, ਹੁਸ਼ਿਆਰਪੁਰ ਤੋਂ ਸੋਹਨ ਲਾਲ ਠੰਡਲ, ਜਲੰਧਰ ਤੋਂ ਮੋਹਿੰਦਰ ਸਿੰਘ ਕੇਪੀ, ਲੁਧਿਆਣਾ ਤੋਂ ਰਣਜੀਤ ਸਿੰਘ ਢਿੱਲੋਂ ਅਤੇ ਫਿਰੋਜ਼ਪੁਰ ਤੋਂ ਨਰਦੇਵ ਸਿੰਘ ਬੌਬੀ ਮਾਨ ਦਾ ਨਾਮ ਸ਼ਾਮਿਲ ਹਨ।

ਗੁਰਦਾਸਪੁਰ ਲੋਕ ਸਭਾ ਹਲਕੇ ਤੋਂ ਪੰਜਾਬ ਦੇ ਸਾਬਕਾ ਸਿੱਖਿਆ ਮੰਤਰੀ ਦਲਜੀਤ ਸਿੰਘ ਚੀਮਾ ਪਾਰਟੀ ਦੇ ਉਮੀਦਵਾਰ ਹੋਣਗੇ ਅਤੇ ਆਨੰਦਪੁਰ ਸਾਹਿਬ ਤੋਂ ਲੋਕ ਸਭਾ ਮੈਂਬਰ ਰਹਿ ਚੁੱਕੇ ਪ੍ਰੇਮ ਸਿੰਘ ਚੰਦੂਮਾਜਰਾ ਅਕਾਲੀ ਦਲ ਦੇ ਉਮੀਦਵਾਰ ਹੋਣਗੇ।

ਇਸ ਤੋਂ ਚੰਡੀਗੜ੍ਹ ਸੀਟ ਤੋਂ ਹਰਦੀਪ ਸਿੰਘ ਬੁਟਰੇਲਾ ਦਾ ਨਾਮ ਐਲਾਨਿਆ ਗਿਆ ਹੈ।

ਇਸ ਲੇਖ ਵਿੱਚ ਅਕਾਲੀ ਦਲ ਦੇ ਉਮੀਦਵਾਰਾਂ ਬਾਰੇ ਸੰਖੇਪ ਜਾਣਕਾਰੀ ਦਿੱਤੀ ਗਈ ਹੈ –

ਹਰਸਿਮਰਤ ਕੌਰ ਬਾਦਲ

ਲੋਕ ਸਭਾ ਚੋਣਾਂ 2024 ਵਿੱਚ ਸ਼੍ਰੋਮਣੀ ਅਕਾਲੀ ਦਲ ਨੇ ਬਠਿੰਡਾ ਹਲਕੇ ਤੋਂ ਤਿੰਨ ਵਾਰ ਸੰਸਦ ਮੈਂਬਰ ਰਹਿ ਚੁੱਕੀ ਹਰਸਿਮਰਤ ਕੌਰ ਬਾਦਲ ਨੂੰ ਹੀ ਮੁੜ ਬਠਿੰਡਾ ਤੋਂ ਆਪਣਾ ਉਮੀਦਵਾਰ ਐਲਾਨਿਆ ਹੈ।

ਹਰਸਿਮਰਤ ਬਾਦਲ ਭਾਜਪਾ ਸਰਕਾਰ 'ਚ ਕੇਂਦਰੀ ਮੰਤਰੀ ਵੀ ਰਹਿ ਚੁੱਕੇ ਹਨ ਅਤੇ ਤਿੰਨ ਖੇਤੀ ਕਾਨੂੰਨਾਂ ਨੂੰ ਲੈ ਕੇ ਕਿਸਾਨਾਂ ਦੇ ਅੰਦੋਲਨ ਦੌਰਾਨ ਉਨ੍ਹਾਂ ਕੇਂਦਰੀ ਮੰਤਰੀ ਦੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਸੀ।

ਮੋਹਿੰਦਰ ਸਿੰਘ ਕੇਪੀ

ਮੋਹਿੰਦਰ ਸਿੰਘ ਦੁਆਬੇ ਦੇ ਦਲਿਤ ਲੀਡਰ ਹਨ। 1992 ਅਤੇ 1995 ਦੀਆਂ ਸਰਕਾਰਾਂ ਵੇਲੇ ਇਹ ਮੰਤਰੀ ਵੀ ਰਹੇ ਹਨ।

ਇਸ ਤੋਂ ਇਲਾਵਾ 2009 ਵਿੱਚ ਲੋਕ ਸਭਾ ਦੀਆਂ ਚੋਣਾਂ ਦੌਰਾਨ ਇਹ ਸੰਸਦ ਮੈਂਬਰ ਵੀ ਚੁਣੇ ਗਏ ਸਨ।

ਕੇਪੀ ਨੇ ਪੰਜਾਬ ਕਾਂਗਰਸ ਦੇ ਕਾਰਜਕਾਰੀ ਪ੍ਰਧਾਨ ਵਜੋਂ ਵੀ ਕੰਮ ਕੀਤਾ ਹੈ ਪਰ ਪਿਛਲੀਆਂ ਚੋਣਾਂ ਵੇਲੇ ਟਿਕਟ ਨਾ ਮਿਲਣ ਕਾਰਨ ਇਹ ਪਾਰਟੀ ਨਰਾਜ਼ ਸਨ।

ਹੁਣ ਇਹ ਕਾਂਗਰਸ ਦਾ ਪੱਲਾ ਛੱਡ ਕੇ ਅਕਾਲੀ ਦਲ ਵਿੱਚ ਸ਼ਾਮਲ ਹੋ ਗਏ ਅਤੇ ਅਕਾਲੀ ਦਲ ਨੇ ਇਨ੍ਹਾਂ ਨੂੰ ਜਲੰਧਰ ਤੋਂ ਟਿਕਟ ਦਿੱਤੀ ਹੈ।

ਸੋਹਣ ਸਿੰਘ ਠੰਡਲ

ਅਕਾਲੀ ਦਲ ਨੇ ਹੁਸ਼ਿਆਰਪੁਰ ਤੋਂ ਸੋਹਣ ਸਿੰਘ ਠੰਡਲ ਦਾ ਨਾਮ ਐਲਾਨਿਆ ਹੈ।

ਠੰਡਲ ਬੀਏ ਕਰਨ ਤੋਂ ਬਾਅਦ 1980 ਵਿੱਚ ਅਕਾਲੀ ਦਲ 'ਚ ਸ਼ਾਮਿਲ ਹੋਏ ਸਨ। ਪਹਿਲੀ ਵਾਰ ਸੋਹਣ ਸਿੰਘ ਠੰਡਲ ਪਿੰਡ ਦੇ ਸਰਪੰਚ ਚੁਣੇ ਗਏ।

ਇਸ ਤੋਂ 1997 ਵਿੱਚ ਪਹਿਲੀ ਵਾਰ 1997 ਵਿੱਚ ਅਕਾਲੀ ਪਾਰਟੀ 'ਚ ਐੱਮਐੱਲਏ ਚੁਣੇ ਗਏ।

1999 ਦੀ ਅਕਾਲੀ ਸਰਕਾਰ ਵੇਲੇ ਉਹ ਖੁਰਾਕ ਤੇ ਸਿਵਲ ਸਪਲਾਈ ਮੰਤਰੀ ਬਣੇ। 2002 ਵਿੱਚ ਉਹ ਮੁੜ ਐੱਮਐਲਏ ਚੁਣੇ ਗਏ ਅਤੇ 2007 ਵਿੱਚ ਉਹ ਖੇਤੀਬਾੜੀ ਮਹਿਕਮੇ ਦੇ ਮੰਤਰੀ ਬਣਾਏ ਗਏ।

2012 ਵਿੱਚ ਸੋਹਣ ਸਿੰਘ ਠੰਡਲ ਨੂੰ ਪਹਿਲਾਂ ਚੀਫ਼ ਪਾਰਲੀਮਾਨੀ ਸਕੱਤਰ ਤੇ ਬਾਅਦ ਕੈਬਨਿਟ ਮੰਤਰੀ ਬਣਾਇਆ ਗਿਆ।

ਰਣਜੀਤ ਸਿੰਘ ਢਿੱਲੋਂ

ਅਕਾਲੀ ਨੇਤਾ ਰਣਜੀਤ ਸਿੰਘ ਢਿੱਲੋ ਨੂੰ ਸ਼੍ਰੋਮਣੀ ਅਕਾਲੀ ਦਲ ਨੇ ਲੁਧਿਆਣਾ ਤੋਂ ਲੋਕ ਸਭਾ ਸੀਟ ਲਈ ਪਾਰਟੀ ਦਾ ਉਮੀਦਵਾਰ ਐਲਾਨਿਆ ਹੈ। ਉਨ੍ਹਾਂ ਦਾ ਜਨਮ 1965 ਵਿੱਚ ਹੋਇਆ ਅਤੇ ਇਸ ਵੇਲੇ ਉਹ ਕਰੀਮ 58 ਸਾਲ ਦੇ ਹਨ।

ਉਹ 2012 ਤੋਂ 2017 ਤੱਕ ਐੱਮਐੱਲਏ ਰਹਿ ਚੁੱਕੇ ਹਨ ਉਹ ਇਸ ਵੇਲੇ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਵੀ ਹਨ।

ਨਰਦੇਵ ਸਿੰਘ ਬੌਬੀ ਮਾਨ

ਨਰਦੇਵ ਸਿੰਘ ਮਾਨ ਉਰਫ ਬੋਬੀ ਮਾਨ ਹਲਕਾ ਫਿਰੋਜ਼ਪੁਰ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਚੁਣੇ ਗਏ ਹਨ।

ਬੌਬੀ ਮਾਨ ਪਿੰਡ ਦੇ ਸਰਪੰਚ ਵੀ ਰਹਿ ਚੁੱਕੇ ਹਨ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਫਿਰੋਜ਼ਪੁਰ ਤੋਂ ਜਿਲ੍ਹਾ ਪ੍ਰਧਾਨ ਵੀ ਰਹਿ ਚੁੱਕੇ ਹਨ।

ਨਰਦੇਵ ਸਿੰਘ ਦੇ ਭਰਾ ਵਰਦੇਵ ਸਿੰਘ ਨੋਨੀ ਮਾਨ ਹਲਕਾ ਗੁਰੂਹਸਾਏ ਤਿੰਨ ਵਾਰ ਅਕਾਲੀ ਦਲ ਦੇ ਉਮੀਦਵਾਰ ਵਜੋਂ ਵਿਧਾਨ ਸਭਾ ਦੀਆਂ ਚੋਣਾਂ ਲੜ ਚੁੱਕੇ ਹਨ।

ਪਰ ਉਨ੍ਹਾਂ ਨੂੰ ਜਿੱਤ ਹਾਸਿਲ ਨਹੀਂ ਹੋਈ ਸੀ। ਪਿਤਾ ਸਰਦਾਰ ਜੋਰਾ ਸਿੰਘ ਮਾਨ ਹਲਕਾ ਫਿਰੋਜ਼ਪੁਰ ਤੋਂ ਤਿੰਨ ਵਾਰ ਸ਼੍ਰੋਮਣੀ ਅਕਾਲੀ ਦਲ ਵੱਲੋਂ ਮੈਂਬਰ ਆਫ ਪਾਰਲੀਮੈਂਟ ਰਹਿ ਚੁੱਕੇ ਸਨ।

ਆਨੰਦਪੁਰ ਸਾਹਿਬ – ਪ੍ਰੇਮ ਸਿੰਘ ਚੰਦੂਮਾਜਰਾ

ਪ੍ਰੇਮ ਸਿੰਘ ਚੰਦੂਮਾਜਰਾ 2014 ਤੋਂ 2019 ਤੱਕ ਸ਼੍ਰੋਮਣੀ ਅਕਾਲੀ ਦਲ ਵੱਲੋਂ ਆਨੰਦਪੁਰ ਸਾਹਿਬ ਹਲਕੇ ਤੋਂ ਲੋਕ ਸਭਾ ਮੈਂਬਰ ਰਹੇ ਸਨ।

ਚੰਦੂਮਾਜਰਾ ਅਕਾਲੀ ਦਲ ਦੇ ਸੀਨੀਅਰ ਆਗੂਆਂ ਵਿੱਚੋਂ ਇੱਕ ਹਨ।

ਲੋਕ ਸਭਾ ਦੀ ਵੈੱਬਸਾਈਟ ਮੁਤਾਬਕ ਉਹ ਸਾਲ 1996 ਅਤੇ ਸਾਲ 1998 ਵਿੱਚ ਪਟਿਆਲਾ ਲੋਕ ਸਭਾ ਹਲਕੇ ਤੋਂ ਚੋਣ ਜਿੱਤੇ ਚੁੱਕੇ ਹਨ।

ਉਹ 1985 ਵਿੱਚ ਪਹਿਲੀ ਵਾਰੀ ਵਿਧਾਇਕ ਬਣੇ ਸਨ।

ਉਨ੍ਹਾਂ ਨੇ ਅਰਥਸ਼ਾਸਤਰ ਅਤੇ ਰਾਜਨੀਤੀ ਸ਼ਾਸਤਰ ਵਿੱਚ ਮਾਸਟਰ ਡਿਗਰੀ ਕੀਤੀ ਹੋਈ ਹੈ।

ਗੁਰਦਾਸਪੁਰ – ਦਲਜੀਤ ਸਿੰਘ ਚੀਮਾ

ਪੰਜਾਬ ਵਿੱਚ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਦੇ ਗਠਜੋੜ ਵਾਲੀ ਸਰਕਾਰ ਦੇ ਦੌਰਾਨ ਸਿੱਖਿਆ ਮੰਤਰੀ ਰਹਿ ਚੁੱਕੇ ਦਲਜੀਤ ਸਿੰਘ ਚੀਮਾ ਗੁਰਦਾਸਪੁਰ ਦੇ ਪਿੰਡ ਮਾੜੀ ਬੁਚੀਆਂ ਨਾਲ ਸਬੰਧ ਰੱਖਦੇ ਹਨ।

ਦਲਜੀਤ ਸਿੰਘ ਰੋਪੜ ਤੋਂ ਐੱਮਐੱਲਏ(2012-2017) ਰਹਿ ਚੁੱਕੇ ਹਨ।

ਉਹ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਹਨ ਅਤੇ 2002 ਤੋਂ ਅਕਾਲੀ ਦਲ ਦੀ ਕੋਰ ਕਮੇਟੀ ਦੇ ਮੈਂਬਰ ਹਨ।

ਉਹ ਸਾਲ 2007 – 2012 ਤੱਕ ਮੁੱਖ ਮੰਤਰੀ ਦੇ ਸਲਾਹਕਾਰ ਵੀ ਰਹਿ ਚੁੱਕੇ ਹਨ, ਇਹ ਅਹੁਦਾ ਕੈਬਿਨਟ ਮੰਤਰੀ ਦੇ ਰੈਂਕ ਦਾ ਸੀ।

ਦਲਜੀਤ ਸਿੰਘ ਚੀਮਾ ਨੇ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਫਰੀਦਕੋਟ ਤੋਂ ਐੱਮਬੀਬੀਐੱਸ ਦੀ ਡਿਗਰੀ ਕੀਤੀ ਹੋਈ ਹੈ।

ਪਟਿਆਲਾ- ਨਰਿੰਦਰ ਕੁਮਾਰ ਸ਼ਰਮਾ

ਨਰਿੰਦਰ ਕੁਮਾਰ ਸ਼ਰਮਾ 2012 ਤੇ 2017 ਵਿੱਚ ਡੇਰਾ ਬੱਸੀ ਤੋਂ ਵਿਧਾਨ ਸਭਾ ਮੈਂਬਰ ਰਹਿ ਚੁੱਕੇ ਹਨ।

ਨਰਿੰਦਰ ਕੁਮਾਰ ਸ਼ਰਮਾ ਰੀਅਲ ਅਸਟੇਟ ਖੇਤਰ ਦੇ ਕਾਰੋਬਾਰੀ ਹਨ।

ਉਹ ਜ਼ੀਰਕਪੁਰ ਨਗਰ ਕੌਂਸਲ ਦੇ ਪ੍ਰਧਾਨ ਦੇ ਅਹੁਦੇ ਉੱਤੇ ਵੀ ਰਹਿ ਚੁੱਕੇ ਹਨ।

ਇਸ ਦੇ ਨਾਲ ਹੀ ਉਹ ਜ਼ਿਲ੍ਹਾ ਪਲੈਨਿੰਗ ਬੋਰਡ ਐਸਏਐੱਸ ਨਗਰ ਦੇ ਚੇਅਰਮੈਨ ਵੀ ਰਹਿ ਚੁੱਕੇ ਹਨ।

ਵਿਧਾਇਕ ਹੁੰਦਿਆਂ ਉਹ ਪੰਜਾਬ ਸਰਕਾਰ ਵਿੱਚ ਮੁੱਖ ਪਾਰਲੀਮਾਨੀ ਸਕੱਤਰ ਵੀ ਰਹੇ ਹਨ।

ਉਨ੍ਹਾਂ ਆਪਣੇ ਜੱਦੀ ਪਿੰਡ ਲੋਹਗੜ੍ਹ ਤੋਂ ਸਰਪੰਚ ਵੀ ਰਹਿ ਚੁੱਕੇ ਹਨ।

ਸੰਗਰੂਰ – ਇਕਬਾਲ ਸਿੰਘ ਝੂੰਦਾਂ

ਇਕਬਾਲ ਸਿੰਘ ਝੂੰਦਾਂ ਧੂਰੀ ਅਤੇ ਅਮਰਗੜ੍ਹ ਵਿਧਾਨ ਸਭਾ ਹਲਕਿਆਂ ਤੋਂ ਵਿਧਾਇਕ ਰਹਿ ਚੁੱਕੇ ਹਨ।

ਉਹ ਧੂਰੀ ਤੋਂ ਸਾਲ 2007-2012 ਤੱਕ ਅਤੇ ਅਮਰਗੜ੍ਹ ਤੋਂ 2012-2017 ਤੱਕ ਵਿਧਾਇਕ ਰਹੇ ਸਨ।

ਇਕਬਾਲ ਸਿੰਘ ਅਕਾਲੀ ਦਲ ਦੀ ਕੋਰ ਕਮੇਟੀ ਦੇ ਮੈਂਬਰ ਹਨ ਅਤੇ ਸੰਗਰੂਰ, ਬਰਨਾਲਾ ਅਤੇ ਮਲੇਰਕੋਟਲਾ ਜ਼ਿਲ੍ਹਿਆਂ ਦੇ ਓਬਜ਼ਰਵਰ ਹਨ।

ਫਰੀਦਕੋਟ - ਰਾਜਵਿੰਦਰ ਸਿੰਘ

ਸ਼੍ਰੋਮਣੀ ਅਕਾਲੀ ਦਲ ਦੇ ਫਰੀਦਕੋਟ ਹਲਕੇ ਤੋਂ ਉਮੀਦਵਾਰ ਰਾਜਵਿੰਦਰ ਸਿੰਘ ਧਰਮਕੋਟ ਅਕਾਲੀ ਪਿਛੋਕੜ ਵਾਲੇ ਪਰਿਵਾਰ ਨਾਲ ਸਬੰਧ ਰੱਖਦੇ ਹਨ।

ਰਾਜਵਿੰਦਰ ਸਿੰਘ ਅਕਾਲੀ ਆਗੂ ਸੀਤਲ ਸਿੰਘ ਧਰਮਕੋਟ ਦੇ ਪੁੱਤਰ ਹਨ।

ਸੀਤਲ ਸਿੰਘ ਧਰਮਕੋਟ 1997 ਤੋਂ 2012 ਤੱਕ ਲਗਾਤਾਰ ਵਿਧਾਇਕ ਰਹੇ। ਉਹ ਬਾਦਲ ਪਰਿਵਾਰ ਦੇ ਨਜ਼ਦੀਕੀ ਰਹੇ ਹਨ।

ਰਾਜਵਿੰਦਰ ਰਿਅਲ ਅਸਟੇਟ ਕਾਰੋਬਾਰੀ ਹਨ। ਉਨ੍ਹਾਂ ਨੇ ਹਿਊਮਨ ਰੀਸੋਰਸ ਵਿਸ਼ੇ ਵਿੱਚ ਐੱਮਬੀਏ ਕੀਤੀ ਹੈ।‌ ਉਨ੍ਹਾਂ ਦੀ ਪਤਨੀ ਰਾਗਨੀ ਸ਼ਰਮਾ ਕਾਲਜ ਪ੍ਰੋਫੈਸਰ ਹਨ।

ਰਾਜਵਿੰਦਰ 2010 ਤੋਂ 2012 ਤੱਕ ਯੂਥ ਅਕਾਲੀ ਦਲ ਦੇ ਸੂਬਾਈ ਵਾਈਸ ਪ੍ਰਧਾਨ ਰਹੇ ਹਨ।

ਫਤਿਹਗੜ੍ਹ ਸਾਹਿਬ - ਬਿਕਰਮਜੀਤ ਸਿੰਘ

ਫਤਿਹਗੜ੍ਹ ਸਾਹਿਬ ਹਲਕੇ ਤੋਂ ਅਕਾਲੀ ਦਲ ਦੇ ਉਮੀਦਵਾਰ ਬਿਕਰਮਜੀਤ ਸਿੰਘ ਖਾਲਸਾ ਸਾਲ 2007 ਵਿੱਚ ਖੰਨਾ ਤੋਂ ਵਿਧਾਇਕ ਰਹਿ ਚੁੱਕੇ ਹਨ।

ਉਨ੍ਹਾਂ ਨੇ ਸਾਲ 2012 ਵਿੱਚ ਵਿਧਾਇਕ ਦੀ ਚੋਣ ਲੜੀ ਸੀ ਪਰ ਉਹ ਹਾਰ ਗਏ ਸਨ।

ਬਿਕਰਮਜੀਤ ਸਿੰਘ ਪੇਸ਼ੇ ਵਜੋਂ ਵਕੀਲ ਹਨ। ਬਿਕਰਮਜੀਤ ਸਿੰਘ ਖਾਲਸਾ ਰੋਪੜ ਲੋਕ ਸਭਾ ਹਲਕੇ ਤੋਂ ਦੋ ਵਾਰੀ ਮੈਂਬਰ ਪਾਰਲੀਮੈਂਟ ਰਹਿ ਚੁੱਕੇ ਬਸੰਤ ਸਿੰਘ ਖਾਲਸਾ ਦੇ ਪੁੱਤਰ ਹਨ।

ਅੰਮ੍ਰਿਤਸਰ - ਅਨਿਲ ਜੋਸ਼ੀ

ਅੰਮ੍ਰਿਤਸਰ ਸਾਹਿਬ ਤੋਂ ਲੋਕ ਸਭਾ ਉਮੀਦਵਾਰ ਅਨਿਲ ਜੋਸ਼ੀ ਅਕਾਲੀ-ਭਾਜਪਾ ਦੀ ਸਰਕਾਰ ਵਿੱਚ ਸਥਾਨਕ ਸਰਕਾਰਾਂ ਅਤੇ ਮੈਡੀਕਲ ਸਿੱਖਿਆ ਅਤੇ ਰਿਸਰਚ ਮੰਤਰਾਲੇ ਦੇ ਮੰਤਰੀ ਰਹਿ ਚੁੱਕੇ ਹਨ।

ਉਨ੍ਹਾਂ ਨੇ ਸਾਲ 2007 ਅਤੇ 2012 ਵਿੱਚ ਭਾਜਪਾ ਵੱਲੋਂ ਅਮ੍ਰਿੰਤਸਰ ਉੱਤਰੀ ਹਲਕੇ ਤੋਂ ਚੋਣ ਜਿੱਤੀ ਸੀ ।

ਅਨਿਲ ਜੋਸ਼ੀ ਅਗਸਤ 2021 ਵਿੱਚ ਭਾਜਪਾ ਛੱਡ ਕੇ ਅਕਾਲੀ ਦਲ ਵਿੱਚ ਸ਼ਾਮਲ ਹੋ ਗਏ ਸਨ।

(ਬੀਬੀਸੀ ਪੰਜਾਬੀ ਨਾਲ FACEBOOK,INSTAGRAM, TWITTER ਅਤੇ YouTube 'ਤੇ ਜੁੜੋ।)