ਹਮਾਸ ਦੀ ਕੈਦ 'ਚੋਂ ਰਿਹਾਅ ਹੋਈਆਂ ਮਹਿਲਾਵਾਂ ਨੇ ਸੁਣਾਈ ਹੱਡਬੀਤੀ, ਸੁਰੰਗਾਂ ਵਿੱਚ ਕਿਵੇਂ ਰੱਖਿਆ ਜਾਂਦਾ ਸੀ ਤੇ ਕਿਉਂ ਬਣਾਉਂਦੇ ਸੀ ਵੀਡੀਓ

ਤਸਵੀਰ ਸਰੋਤ, Reuters
- ਲੇਖਕ, ਏਲਿਸ ਕਡੀ
- ਰੋਲ, ਬੀਬੀਸੀ ਪੱਤਰਕਾਰ
ਹਮਾਸ ਨੇ ਗਜ਼ਾ ਵਿੱਚ ਕੈਦ ਚਾਰ ਨੌਜਵਾਨ ਮਹਿਲਾਵਾਂ ਨੂੰ ਛੱਡਿਆ ਹੈ। ਹਮਾਸ ਵੱਲੋਂ ਬੰਦੀ ਬਣਾ ਕੇ ਰੱਖੀਆਂ ਗਈਆਂ ਇਨ੍ਹਾਂ ਮੁਟਿਆਰਾਂ ਦੇ ਮਾਪਿਆਂ ਨੇ ਦੱਸਿਆ ਹੈ ਕਿ ਕਿਵੇਂ ਉਨ੍ਹਾਂ ਦੀਆਂ ਬੇਟੀਆਂ ਦੇ ਨਾਲ ਬਦਸਲੂਕੀ ਕੀਤੀ ਗਈ। ਉਨ੍ਹਾਂ ਨੂੰ ਭੁੱਖਿਆ ਰੱਖਿਆ ਗਿਆ ਅਤੇ ਧਮਕਾਇਆ ਗਿਆ।
ਹਮਾਸ ਦੀ ਕੈਦ ਤੋਂ ਰਿਹਾਅ ਹੋਈਆਂ ਇਨ੍ਹਾਂ ਮਹਿਲਾਵਾਂ ਦੇ ਮਾਪਿਆਂ ਨੇ ਦੱਸਿਆ ਕਿ ਹਥਿਆਰਬੰਦ ਲੋਕਾਂ ਨੇ ਉਨ੍ਹਾਂ ਨੂੰ ਚਿਤਾਵਨੀ ਦਿੱਤੀ। ਉਨ੍ਹਾਂ ਦੀਆਂ ਬੇਟੀਆਂ ਤੋਂ ਜਬਰਦਸਤੀ ਖਾਣਾ ਬਣਵਾਇਆ ਗਿਆ ਅਤੇ ਬਰਤਨ ਧੁਆਏ ਗਏ।
ਇਨ੍ਹਾਂ ਬੰਦੀਆਂ ਨੇ ਦੱਸਿਆ ਕਿ ਕਿਵੇਂ ਉਨ੍ਹਾਂ ਨੂੰ ਸੁਰੰਗਾਂ ਅਤੇ ਇਮਾਰਤਾਂ ਵਿੱਚ ਰੱਖਿਆ ਗਿਆ ਸੀ। ਉਨ੍ਹਾਂ ਦੇ ਨਾਲ ਕੁੱਟਮਾਰ ਕੀਤੀ ਗਈ ਅਤੇ ਹਮਾਸ ਦੇ ਪ੍ਰੋਪੇਗੰਡਾ ਵੀਡੀਓ ਵਿੱਚ ਕੰਮ ਕਰਵਾਇਆ ਗਿਆ।
ਇਨ੍ਹਾਂ ਮੁਟਿਆਰਾਂ ਦੇ ਮਾਪਿਆਂ ਨੇ ਦੱਸਿਆ ਕਿ ਉਨ੍ਹਾਂ ਦੀਆਂ ਬੇਟੀਆਂ ਇਸ ਦੌਰਾਨ ਆਪਬੀਤੀ ਸਾਂਝਾ ਕਰਦੀਆਂ ਸਨ। ਉਹ ਇੱਕ ਡਾਇਰੀ ਰੱਖਦੀਆਂ ਸਨ, ਜਿਸ ਵਿੱਚ ਚਿੱਤਰ ਬਣਾਏ ਜਾਂਦੇ ਸੀ।

ਰਿਹਾਅ ਹੋਣ ਤੋਂ ਬਾਅਦ ਉਨ੍ਹਾਂ ਵਿੱਚੋਂ ਕਿਸੇ ਵੀ ਮਹਿਲਾ ਨੇ ਮੀਡੀਆ ਨੂੰ ਇੰਟਰਵਿਊ ਨਹੀਂ ਦਿੱਤਾ ਹੈ। ਉਨ੍ਹਾਂ ਦੇ ਮਾਪਿਆਂ ਦਾ ਕਹਿਣਾ ਹੈ ਕਿ ਹਾਲੇ ਵੀ ਉਨ੍ਹਾਂ ਦੇ ਨਾਲ ਹੋਏ ਦੁਰਵਿਹਾਰ ਦੇ ਬਿਓਰੋ ਆ ਹੀ ਰਹੇ ਹਨ।
ਕਈ ਅਜਿਹੀਆਂ ਵੀ ਗੱਲਾਂ ਹਨ, ਜਿਨ੍ਹਾਂ ਬਾਰੇ ਉਹ ਗੱਲਾਂ ਨਹੀਂ ਕਰ ਸਕਦੇ ਹਨ। ਕਿਉਂਕਿ ਉਨ੍ਹਾਂ ਨੂੰ ਡਰ ਹੈ ਕਿ ਇਸ ਨਾਲ ਗਜ਼ਾ ਵਿੱਚ ਹਮਾਸ ਦੀ ਕੈਦ ਵਿੱਚ ਰਹਿ ਰਹੇ ਦੂਜੇ ਬੰਦੀਆਂ ਲਈ ਜੋਖ਼ਮ ਵੱਧ ਸਕਦਾ ਹੈ।
ਚਾਰ ਮੁਟਿਆਰਾਂ ਵਿੱਚੋਂ ਤਿੰਨ ਦੇ ਮਾਪਿਆਂ ਨੇ ਬੀਬੀਸੀ ਨੂੰ ਦੱਸਿਆ ਕਿ ਉਹ ਸੈਨਿਕ ਸਨ।
7 ਅਕਤੂਬਰ 2023 ਨੂੰ ਹਮਾਸ ਨੇ ਉਨ੍ਹਾਂ ਨੂੰ ਨਾਹਲ ਓਜ਼ ਆਰਮੀ ਬੇਸ ਤੋਂ ਅਗਵਾ ਕਰ ਲਿਆ ਸੀ। ਇਸ ਦਿਨ ਹਮਾਸ ਨੇ ਲੜਾਕਿਆਂ ਨੇ ਇਜ਼ਰਾਇਲ ਉਪਰ ਹਮਲਾ ਕੀਤਾ ਸੀ।
ਇਨ੍ਹਾਂ ਲੋਕਾਂ ਨੂੰ ਪਿਛਲੇ 15 ਮਹੀਨਿਆਂ ਤੋਂ ਬੰਦੀ ਬਣਾ ਕੇ ਰੱਖਿਆ ਗਿਆ ਸੀ। ਪਰ ਇਸ ਦੌਰਾਨ ਉਨ੍ਹਾਂ ਤੱਕ ਭੋਜਨ ਦੀ ਉਪਲਬਧਤਾ ਅਤੇ ਉਨ੍ਹਾਂ ਦੇ ਨਾਲ ਕੀਤੇ ਜਾਣ ਵਾਲੇ ਪੁਰਸ਼ ਗਾਰਡ ਦੇ ਵਿਵਹਾਰ ਦਾ ਪੈਟਰਨ ਵੀ ਬਦਲਦਾ ਰਿਹਾ।
ਹਮਾਸ ਦੇ ਲੋਕ ਉਨ੍ਹਾਂ ਨੂੰ ਇੱਕ ਥਾਂ ਤੋਂ ਦੂਜੀ ਥਾਂ ਲੈ ਜਾਂਦੇ ਰਹੇ। ਇਸ ਦੌਰਾਨ ਸ਼ਾਇਦ ਹੀ ਇਨ੍ਹਾਂ ਮਹਿਲਾਵਾਂ ਨੇ ਸੂਰਜ ਦੀ ਰੋਸ਼ਨੀ ਦੇਖੀ ਹੋਵੇਗੀ।
'ਹਮਾਸ ਨੇ ਮੇਰੀ ਬੇਟੀ ਨੂੰ ਅਜਿਹਾ ਦਿਖਾਇਆ ਜਿਵੇਂ ਉਹ ਮਰ ਗਈ ਹੋਵੇ'

ਤਸਵੀਰ ਸਰੋਤ, GPO/Reuters
20 ਸਾਲ ਦੀ ਅਗਮ ਬਰਜਰ ਦੇ ਪਿਤਾ ਨੇ ਦੱਸਿਆ, "ਇਹ ਮਹਿਲਾਵਾਂ ਜਿਨ੍ਹਾਂ ਥਾਵਾਂ ਉਪਰ ਲਿਆਂਦੀਆਂ ਗਈਆਂ ਉਹ ਬਿਲਕੁਲ ਵੱਖਰੀਆਂ-ਵੱਖਰੀਆਂ ਸਨ। ਇਨ੍ਹਾਂ ਵਿੱਚ ਖਰਾਬ ਤੋਂ ਵਧੀਆ ਸੁਰੰਗ ਤੋਂ ਲੈ ਕੇ ਖਰਾਬ ਤੋਂ ਵਧੀਆ ਘਰ ਸ਼ਾਮਲ ਸਨ। ਅਗਮ ਬਰਜਰ ਨਾਹਲ ਓਜ਼ ਵਿੱਚ ਸੈਨਿਕ ਦੀ ਡਿਊਟੀ ਨਿਭਾਅ ਰਹੇ ਸਨ।"
ਸ਼ਲੇਮੀ ਬਰਜਰ ਨੇ ਕਿਹਾ, "ਕੁਝ ਥਾਵਾਂ ਉਪਰ ਖਾਣਾ ਬਹੁਤ ਚੰਗਾ ਸੀ ਪਰ ਕੁਝ ਥਾਵਾਂ 'ਤੇ ਕਾਫੀ ਬੇਕਾਰ। ਸਿਰਫ ਕਿਸੇ ਤਰ੍ਹਾਂ ਖਾ ਕੇ ਜਿੰਦਾ ਰਿਹਾ ਜਾ ਸਕਦਾ ਸੀ।"
ਓਰਲੀ ਗਿਲਬੋਆ ਦੀ ਬੇਟੀ ਡੇਨਿਅਲਾ ਨੂੰ ਵੀ ਅਗਵਾ ਕੀਤਾ ਗਿਆ ਸੀ। ਉਨ੍ਹਾਂ ਨੂੰ ਵੀ ਆਰਮੀ ਬੇਸ ਤੋਂ ਅਗਵਾ ਕੀਤਾ ਗਿਆ ਸੀ।
ਗਿਲਬੋਆ ਨੇ ਦੱਸਿਆ, "ਜਿਹੜੇ ਲੋਕਾਂ ਨੇ ਉਨ੍ਹਾਂ ਨੂੰ ਬੰਦੀ ਬਣਾ ਕੇ ਰੱਖਿਆ ਸੀ, ਉਨ੍ਹਾਂ ਦੇ ਨਾਲ ਉਹ ਇੱਕ ਜਗ੍ਹਾ ਤੋਂ ਦੂਜੀ ਥਾਂ 'ਤੇ ਭੱਜਦੇ ਰਹੇ। ਉਥੇ ਉਹ ਵਾਰ ਜ਼ੋਨ ਵਿੱਚ ਸਨ। ਅਜਿਹਾ ਕਰਨਾ ਬੇਹੱਦ ਖਤਰਨਾਕ ਸੀ।"
ਜਦੋਂ ਡੇਨਿਅਲਾ ਨੇ ਪਿਛਲੇ ਹਫ਼ਤੇ ਛੱਡੇ ਗਏ ਤਿੰਨ ਬੰਦੀਆਂ ਨੂੰ ਬੇਹੱਦ ਕਮਜ਼ੋਰ ਅਤੇ ਦੁਬਲਾ-ਪਤਲਾ ਦੇਖਿਆ ਤਾਂ ਆਪਣੀ ਮਾਂ ਨੂੰ ਕਿਹਾ, "ਜੇ ਮੈਨੂੰ ਦੋ ਮਹੀਨੇ ਪਹਿਲਾਂ ਛੱਡਿਆ ਜਾਂਦਾ ਤਾਂ ਮੈਂ ਵੀ ਇਸੇ ਤਰ੍ਹਾਂ ਦਿਖਦੀ।"
ਗਿਲਬੋਆ ਕਹਿੰਦੇ ਹਨ, "ਮੇਰੀ ਬੇਟੀ ਬੇਹੱਦ ਦੁਬਲੀ ਹੋ ਗਈ ਹੈ। ਕੈਦ ਵਿੱਚ ਰਹਿਣ ਦੀ ਵਜ੍ਹਾ ਨਾਲ ਉਨ੍ਹਾਂ ਦਾ ਵਜ਼ਨ ਕਾਫੀ ਘੱਟ ਗਿਆ ਹੈ। ਪਰ ਪਿਛਲੇ ਦੋ ਮਹੀਨਿਆਂ ਵਿੱਚ ਉਨ੍ਹਾਂ ਦਾ ਵਜ਼ਨ ਵਧਾਉਣ ਦੇ ਲਈ ਉਨ੍ਹਾਂ ਨੂੰ ਕਾਫੀ ਖਾਣਾ ਦਿੱਤਾ ਜਾ ਰਿਹਾ ਸੀ।"
ਦੂਜੀਆਂ ਮਹਿਲਾਵਾਂ ਦੇ ਮਾਪਿਆਂ ਨੇ ਵੀ ਵਜ਼ਨ ਘੱਟਣ ਦੀ ਗੱਲ ਕਹੀ ਹੈ। ਮਿਰੇਵ ਲੇਸ਼ਮ ਗੋਨੇਨ ਦੀ ਬੇਟੀ ਨੂੰ ਹਮਾਸ ਦੇ ਲੋਗ ਨੋਵਾ ਮਿਊਜ਼ਿਕ ਫੈਸਟੀਵਲ ਤੋਂ ਲੈ ਗਏ ਸੀ।
ਜਨਵਰੀ ਵਿੱਚ ਜੰਗਬੰਦੀ ਦੇ ਪਹਿਲੇ ਹਫ਼ਤੇ ਦੌਰਾਨ 24 ਸਾਲ ਦੀ ਰੋਮੀ ਨੂੰ ਛੱਡਿਆ ਗਿਆ ਹੈ। ਉਨ੍ਹਾਂ ਦੀ ਮਾਂ ਨੇ ਦੱਸਿਆ ਕਿ ਰੋਮੀ ਦਾ ਵਜ਼ਨ 20 ਫ਼ੀਸਦੀ ਘੱਟ ਗਿਆ ਹੈ।
ਗਿਲਬੋਆ ਦਾ ਕਹਿਣਾ ਸੀ ਕਿ ਉਨ੍ਹਾਂ ਦੇ ਲਈ ਸਭ ਤੋਂ ਸਖ਼ਤ ਉਹ ਵੀਡੀਓ ਦੇਖਣਾ ਸੀ, ਜੋ ਇਹ ਦੱਸ ਰਿਹਾ ਸੀ ਕਿ ਉਨ੍ਹਾਂ ਦੀ ਬੇਟੀ ਦੀ ਮੌਤ ਹੋ ਗਈ ਹੈ।
ਉਸ ਨੂੰ ਬੰਦੀ ਬਣਾਉਣ ਵਾਲਿਆਂ ਨੇ ਉਸ 'ਤੇ ਪਾਊਡਰ ਛਿੜਕ ਦਿੱਤਾ ਸੀ ਤਾਂਕਿ ਉਹ ਪਲਾਸਟਰ ਨਾਲ ਢਕੀ ਦਿਖੇ। ਅਜਿਹਾ ਲੱਗਾ ਜਿਵੇਂ ਉਹ ਇਜ਼ਰਾਈਲੀ ਫੌਜੀ ਹਮਲੇ ਵਿੱਚ ਮਾਰੀ ਗਈ ਹੈ।
ਉਨ੍ਹਾਂ ਨੇ ਬੀਬੀਸੀ ਨੂੰ ਦੱਸਿਆ, "ਜਿਸ ਨੇ ਵੀ ਇਸ ਨੂੰ ਦੇਖਿਆ, ਉਸ ਨੇ ਇਸ ਨੂੰ ਸੱਚ ਮੰਨਿਆ। ਪਰ ਮੈਂ ਖੁਦ ਨੂੰ ਇਹ ਕਹਿੰਦੀ ਰਹੀ ਕਿ ਅਜਿਹਾ ਨਹੀਂ ਹੋ ਸਕਦਾ।"
ਹਰ ਸਮੇਂ ਬੰਦੂਕਾਂ ਦਾ ਪਰਛਾਵਾਂ ਅਤੇ ਧਮਕੀ ਦਾ ਦੌਰ

ਇਜ਼ਰਾਇਲ 'ਤੇ 7 ਅਕਤੂਬਰ 2023 ਨੂੰ ਹਮਾਸ ਦੇ ਹਮਲੇ ਬਾਅਦ ਗਜ਼ਾ ਵਿੱਚ ਇਜ਼ਰਾਈਲੀ ਸੈਨਿਕ ਕਾਰਵਾਈ ਸ਼ੁਰੂ ਹੋਈ।
ਹਮਾਸ ਦੇ ਹਮਲੇ ਵਿੱਚ 1200 ਲੋਕਾਂ ਦੀ ਮੌਤ ਹੋ ਗਈ ਸੀ। ਹਮਲੇ ਦੇ ਦੌਰਾਨ ਉਨ੍ਹਾਂ ਨੇ 251 ਲੋਕਾਂ ਨੂੰ ਬੰਦੀ ਬਣਾ ਲਿਆ ਸੀ।
ਹਮਾਸ ਸੰਚਾਲਿਤ ਸਿਹਤ ਮੰਤਰਾਲਾ ਦਾ ਕਹਿਣਾ ਹੈ ਇਜ਼ਰਾਈਲੀ ਕਾਰਵਾਈ ਵਿੱਚ ਹੁਣ ਤੱਕ 48,230 ਲੋਕਾਂ ਦੀ
ਮੌਤ ਹੋਈ ਹੈ। ਸੰਯੁਕਤ ਰਾਸ਼ਟਰ ਦਾ ਅਨੁਮਾਨ ਹੈ ਕਿ ਇਸ ਕਾਰਵਾਈ ਵਿੱਚ ਗਜ਼ਾ ਦੀ ਦੋ ਤਿਹਾਈ ਇਮਾਰਤਾਂ ਢਹਿ-ਢੇਰੀ ਹੋ ਗਈਆਂ ਹਨ।
ਅਗਮ ਦੇ ਪਿਤਾ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਬੇਟੀ ਨੂੰ ਬੰਦੀ ਬਣਾਉਣ ਵਾਲੇ ਅਕਸਰ ਉਨ੍ਹਾਂ ਨੂੰ ਧਮਕੀ ਦਿੰਦੇ ਰਹਿੰਦੇ ਸਨ। ਕੈਦ ਵਿੱਚ ਰਹਿਣ ਤੋਂ ਬਾਅਦ ਉਨ੍ਹਾਂ ਦੇ ਨਾਲ ਸਰੀਰਕ ਛੇੜਛਾੜ ਵੀ ਹੋਈ।
ਨਵੰਬਰ 2023 ਵਿੱਚ ਰਿਹਾਅ ਕੀਤੇ ਗਏ ਸਾਬਕਾ ਬੰਦੀ ਅਮਿਤ ਮੌਸਾਨਾ 'ਤੇ ਖਾਸ ਤੌਰ 'ਤੇ ਜ਼ਿਕਰ ਕਰਦੇ ਹੋਏ ਉਨ੍ਹਾਂ ਕਿਹਾ, "ਕਦੇ-ਕਦੇ ਉਸ ਦੀਆਂ ਅੱਖਾਂ ਦੇ ਸਾਹਮਣੇ ਦੂਜੀਆਂ ਮਹਿਲਾਵਾਂ ਬੰਦੀਆਂ ਉਪਰ ਵੀ ਤਸ਼ੱਦਦ ਕੀਤਾ ਜਾਂਦਾ ਸੀ।"
ਬਰਜਰ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਬੇਟੀ ਨੇ ਉਨ੍ਹਾਂ ਨੂੰ ਦੱਸਿਆ ਕਿ ਕਿਵੇਂ ਹਥਿਆਰਬੰਦ ਲੋਕ ਉਨ੍ਹਾਂ 'ਤੇ ਲਗਾਤਾਰ ਨਜ਼ਰ ਰੱਖਦੇ ਸੀ। ਉਹ ਹਰ ਸਮੇਂ ਬੰਦੂਕ ਅਤੇ ਗਰੇਨੇਡ ਚੁੱਕੀ ਫਿਰਦੇ ਸਨ।
ਉਨ੍ਹਾਂ ਦਾ ਕਹਿਣਾ ਹੈ ਕਿ ਬੰਦੀ ਬਣਾਉਣ ਵਾਲੇ ਪੁਰਸ਼ਾਂ ਨੇ ਮਹਿਲਾਵਾਂ ਨੂੰ ਕਾਫੀ ਅਪਮਾਨਿਤ ਕੀਤਾ। ਉਨ੍ਹਾਂ ਨੂੰ ਸਾਫ਼-ਸਫ਼ਾਈ ਕਰਨ ਅਤੇ ਖਾਣਾ ਬਣਾਉਣ ਦੇ ਲਈ ਮਜਬੂਰ ਕੀਤਾ ਜਾਂਦਾ ਸੀ।
ਉਹ ਕਹਿੰਦੇ ਹਨ, "ਇਹ ਚੀਜ਼ਾਂ ਮੇਰੀ ਬੇਟੀ ਨੂੰ ਕਾਫੀ ਪਰੇਸ਼ਾਨ ਕਰਦੀਆਂ ਸੀ। ਉਹ ਅਜਿਹੀ ਕੁੜੀ ਹੈ ਕਿ ਜੇਕਰ ਉਸ ਨੂੰ ਕੁਝ ਕਰਨ ਲਈ ਕਿਹਾ ਜਾਵੇ ਤਾਂ ਉਹ ਜ਼ਰੂਰ ਕਰੇਗੀ। ਉਹ ਸ਼ਰਮੀਲੀ ਨਹੀਂ ਹੈ। ਅਤੇ ਕਈ ਵਾਰ ਉਹ ਉਹਨਾਂ ਨੂੰ ਦੱਸਦੀ ਹੈ ਕਿ ਉਹ ਉਹਨਾਂ ਦੇ ਵਿਹਾਰ ਬਾਰੇ ਕੀ ਸੋਚਦੀ ਹੈ।"
ਉਨ੍ਹਾਂ ਨੇ ਕਿਹਾ ਕਿ ਵਿਰੋਧ ਵਿੱਚ ਅਗਮ ਨੇ ਯਹੂਦੀਆਂ ਦੇ ਵਿਸ਼ਰਾਮ ਦੇ ਦਿਨ ਕੋਈ ਕੰਮ ਕਰਨ ਤੋਂ ਇਨਕਾਰ ਕਰ ਦਿੱਤਾ ਸੀ। ਹਾਲਾਂਕਿ, ਜਿਨ੍ਹਾਂ ਨੇ ਉਸਨੂੰ ਹਿਰਾਸਤ ਵਿੱਚ ਰੱਖਿਆ ਸੀ, ਉਨ੍ਹਾਂ ਨੇ ਇਸ ਨੂੰ ਸਵੀਕਾਰ ਕਰ ਲਿਆ ਸੀ।
ਉਨ੍ਹਾਂ ਨੂੰ ਉੱਚੀ ਆਵਾਜ਼ ਵਿੱਚ ਬੋਲਣ ਦੀ ਵੀ ਇਜਾਜ਼ਤ ਨਹੀਂ ਸੀ।
'ਸੋਚਿਆ ਨਹੀਂ ਸੀ ਬੇਟੀ ਨੂੰ ਬੰਦੀ ਬਣਾ ਲਿਆ ਜਾਵੇਗਾ'
ਅਗਮ ਦੇ ਪਿਤਾ ਕਹਿੰਦੇ ਹਨ, "ਜਦੋਂ ਅਗਮ ਵਾਪਿਸ ਆਈ ਤਾਂ ਉਹ ਹਰ ਸਮੇਂ ਗੱਲ ਕਰਨਾ ਚਾਹੁੰਦੀ ਸੀ। ਇੱਕ ਦਿਨ ਬਾਅਦ ਇੰਝ ਲੱਗਾ ਜਿਵੇਂ ਉਸਦੀ ਆਵਾਜ਼ ਬੰਦ ਹੋ ਗਈ ਸੀ ਕਿਉਂਕਿ ਉਹ ਬਹੁਤ ਜ਼ਿਆਦਾ ਬੋਲ ਚੁੱਕੀ ਸੀ।"
ਯੋਨੀ ਲੇਵੀ ਦੀ 20 ਸਾਲ ਦੀ ਬੇਟੀ ਨਾਮਾ ਨੂੰ ਵੀ ਆਰਮੀ ਬੇਸ ਤੋਂ ਲੈ ਗਏ ਸਨ।
ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਬੇਟੀ ਨੂੰ ਕਦੇ-ਕਦੇ ਅਜਿਹੀਆਂ ਥਾਵਾਂ ਉਪਰ ਰੱਖਿਆ ਜਾਂਦਾ ਸੀ, ਜਿਥੇ ਟੀਵੀ ਜਾਂ ਰੇਡੀਓ ਚੱਲ ਰਿਹਾ ਹੁੰਦਾ ਸੀ।
ਇਕ ਵਾਰ ਨਾਮਾ ਨੇ ਆਪਣੇ ਪਿਤਾ ਨੂੰ ਟੀਵੀ 'ਤੇ ਗੱਲ ਕਰਦੇ ਹੋਏ ਦੇਖਿਆ।

ਤਸਵੀਰ ਸਰੋਤ, Reuters
ਲੇਵੀ ਨੇ ਕਿਹਾ, "ਇਸ ਨਾਲ ਉਸ ਨੂੰ ਬਹੁਤ ਉਮੀਦ ਮਿਲੀ। ਉਸ ਨੂੰ ਲੱਗਿਆ ਕਿ ਹੁਣ ਉਸ ਨੂੰ ਕੋਈ ਭੁੱਲ ਨਹੀਂ ਪਾਵੇਗਾ। ਉਹ ਲੋਕ ਜ਼ਰੂਰ ਇਸ ਨਰਕ 'ਚੋਂ ਨਿਕਲ ਜਾਣਗੇ।"
ਉਹ ਕਹਿੰਦੀ ਹੈ ਕਿ ਸੈਨਾ ਅੱਡੇ 'ਤੇ ਹਮਾਸ ਦਾ ਹਮਲਾ ਉਨ੍ਹਾਂ ਨੂੰ ਕੈਦ ਵਿੱਚ ਰੱਖਣ ਤੋਂ ਜ਼ਿਆਦਾ ਬੇਰਿਹਮ ਸੀ।
ਉਨ੍ਹਾਂ ਦੀ ਗ਼ੁਲਾਮੀ ਦੇ ਦਿਨ ਦੀ ਫੁਟੇਜ ਵਿੱਚ ਨਾਮਾ ਅਤੇ ਹੋਰ ਮਹਿਲਾ ਸਿਪਾਹੀਆਂ ਨੂੰ ਖੂਨ ਨਾਲ ਲੱਥਪੱਥ ਕੱਪੜਿਆਂ ਵਿੱਚ ਫੌਜੀ ਅੱਡੇ ਦੇ ਇੱਕ ਕਮਰੇ ਵਿੱਚ ਹਥਿਆਰਬੰਦ ਵਿਅਕਤੀਆਂ ਦੁਆਰਾ ਘਿਰੇ ਹੋਏ ਦਿਖਾਇਆ ਗਿਆ ਸੀ। ਇਸ ਤੋਂ ਬਾਅਦ ਉਨ੍ਹਾਂ ਨੂੰ ਜ਼ਬਰਦਸਤੀ ਗਾਜ਼ਾ ਲਿਜਾਇਆ ਗਿਆ।
ਬੀਬੀਸੀ ਨਾਲ ਜਿਨ੍ਹਾਂ ਤਿੰਨ ਮਹਿਲਾ ਸਿਪਾਹੀਆਂ ਦੇ ਮਾਪਿਆਂ ਨੇ ਗੱਲਬਾਤ ਕੀਤੀ, ਉਨ੍ਹਾਂ ਨੂੰ ਨਾਹਲ ਓਜ਼ ਤੋਂ ਅਗਵਾ ਕੀਤਾ ਗਿਆ ਸੀ।
ਉਸ ਸਮੇਂ ਉਨ੍ਹਾਂ ਦੇ ਕੋਲ ਹਥਿਆਰ ਨਹੀਂ ਸਨ। ਇਹ ਉਨ੍ਹਾਂ ਪੰਜ ਮਹਿਲਾਵਾਂ ਵਿਚੋਂ ਹਨ, ਜਿਨ੍ਹਾਂ ਨੂੰ ਜੰਗਬੰਦੀ ਦੇ ਪਹਿਲੇ ਦੌਰ ਵਿੱਚ ਛੱਡਿਆ ਗਿਆ ਸੀ।
7 ਅਕਤੂਬਰ ਦੇ ਹਮਲੇ ਤੋਂ ਕੁਝ ਦਿਨ ਪਹਿਲਾਂ ਡੇਨੀਏਲਾ ਇੱਕ ਦਿਨ ਦੀ ਛੁੱਟੀ ਲੈ ਕੇ ਘਰ ਗਈ ਸੀ। ਉਸ ਨੇ ਆਪਣੀ ਮਾਂ ਨੂੰ ਕਿਹਾ ਸੀ, "ਜਦੋਂ ਅਸੀਂ ਵਾਪਸ ਜਾਵਾਂਗੇ ਤਾਂ ਜੰਗ ਸ਼ੁਰੂ ਹੋ ਜਾਵੇਗੀ।"
ਗਿਲਬੋਆ ਕਹਿੰਦੇ ਹਨ, ''ਮੈਂ ਕਦੇ ਨਹੀਂ ਸੋਚਿਆ ਸੀ ਕਿ ਅਜਿਹੀ ਜੰਗ ਹੋਵੇਗੀ ਕਿ ਮੇਰੀ ਬੇਟੀ ਨੂੰ ਬੰਧਕ ਬਣਾ ਲਿਆ ਜਾਵੇਗਾ।"
ਵਾਪਸ ਆਈਆਂ ਔਰਤਾਂ ਦੇ ਮਾਪਿਆਂ ਨੇ ਕਿਹਾ ਕਿ ਉਨ੍ਹਾਂ ਦੀਆਂ ਧੀਆਂ ਅਜੇ ਵੀ ਗਾਜ਼ਾ ਵਿੱਚ ਲੋਕਾਂ ਨੂੰ ਲੈ ਕੇ ਚਿੰਤਤ ਹਨ। ਉਨ੍ਹਾਂ ਨੇ ਜੰਗਬੰਦੀ ਜਾਰੀ ਰੱਖਣ ਦੀ ਅਪੀਲ ਕੀਤੀ ਹੈ।
ਇਸ ਦੌਰਾਨ ਲੇਸ਼ੇਮ ਗੋਨੇਨ ਦਾ ਕਹਿਣਾ ਹੈ ਕਿ ਉਹ ਅਜੇ ਵੀ ਇਹ ਨਹੀਂ ਸਮਝ ਆ ਰਿਹਾ ਕਿ ਉਨ੍ਹਾਂ ਦੀ ਧੀ ਰੋਮੀ ਨਾਲ ਕੀ ਹੋਇਆ ਸੀ।
ਉਨ੍ਹਾਂ ਨੂੰ ਨੋਵਾ ਮਿਊਜ਼ਿਕ ਫੈਸਟੀਵਲ ਵਿੱਚ ਗੋਲੀ ਮਾਰ ਦਿੱਤੀ ਗਈ ਸੀ। ਉਸ ਦੀ ਮਾਂ ਦਾ ਕਹਿਣਾ ਹੈ ਕਿ ਉਸ ਦੀ ਸੱਟ ਦਾ ਸਹੀ ਢੰਗ ਨਾਲ ਇਲਾਜ ਨਹੀਂ ਕੀਤਾ ਗਿਆ। ਉਸ ਦਾ ਜ਼ਖ਼ਮ ਖੁੱਲ੍ਹਾ ਸੀ ਜਿੱਥੋਂ ਹੱਡੀ ਦਿਖਾਈ ਦੇ ਰਹੀ ਸੀ।
ਲੇਸ਼ੇਮ ਗੋਨੇਨ ਦਾ ਕਹਿਣਾ ਹੈ ਕਿ ਰੋਮੀ ਨੇ ਕੈਦ ਨੂੰ ਬੇਹੱਦ ਡਰਾਵਨਾ ਦੱਸਿਆ। ਉਹ ਬੰਦੂਕਧਾਰੀਆਂ ਅਤੇ ਭੀੜ ਨਾਲ ਘਿਰੀ ਹੋਈ ਸੀ।

ਤਸਵੀਰ ਸਰੋਤ, GPO
ਰਿਹਾਅ ਹੋਈਆਂ ਔਰਤਾਂ ਦੇ ਮਾਪਿਆਂ ਨੇ ਦੱਸਿਆ ਕਿ ਉਨ੍ਹਾਂ ਦੀਆਂ ਧੀਆਂ ਨੇ ਬੰਦੀ ਵਿੱਚ ਦਿਨ ਕੱਟਣ ਲਈ ਕਈ ਤਰੀਕੇ ਲੱਭੇ।
ਇਹਨਾਂ ਵਿੱਚ ਤਸਵੀਰਾਂ ਖਿੱਚਣ ਤੋਂ ਲੈ ਕੇ ਨੋਟਸ ਲੈਣ ਅਤੇ ਇੱਕ ਦੂਜੇ ਨਾਲ ਆਪਣੇ ਅਨੁਭਵ ਸਾਂਝੇ ਕਰਨ ਦੇ ਤਰੀਕੇ ਸ਼ਾਮਲ ਹਨ।
ਬਰਜਰ ਕਹਿੰਦੇ ਹਨ, "ਉਹ ਹਰ ਰੋਜ਼ ਜਿੰਨਾ ਹੋ ਸਕੇ ਲਿਖਦੇ ਸਨ। ਉਸਨੇ ਲਿਖਿਆ ਕਿ ਕੀ ਹੋ ਰਿਹਾ ਹੈ, ਉਹ ਕਿੱਥੇ ਜਾ ਰਹੇ ਹਨ, ਗਾਰਡ ਕੌਣ ਹਨ, ਆਦਿ।"
ਕੈਦ ਵਿੱਚ ਰਹਿੰਦੇ ਹੋਏ ਲੜਕੀਆਂ ਨੇ ਉਨ੍ਹਾਂ ਚੀਜ਼ਾਂ ਦੇ ਸੁਪਨੇ ਦੇਖੇ ਜੋ ਉਹ ਘਰ ਵਾਪਸ ਆਉਣ 'ਤੇ ਕਰਨਾ ਚਾਹੁੰਦੀਆਂ ਸਨ। ਜਿਵੇਂ ਵਾਲ ਕੱਟਣਾ ਅਤੇ ਸੁਸ਼ੀ ਖਾਣਾ।
ਡੇਨਿਅਲਾ ਨੇ ਕੈਦ ਵਿੱਚ ਰਹਿੰਦੇ ਹੋਏ "ਆਜ਼ਾਦੀ ਲਿਖ ਕੇ" ਆਪਣੀ ਬਾਂਹ 'ਤੇ ਤਿੱਤਲੀ ਦਾ ਟੈਟੂ ਬਣਾਇਆ ਸੀ।
ਹੁਣ ਇਜ਼ਰਾਈਲ ਪਰਤਣ ਤੋਂ ਬਾਅਦ ਉਹ ਆਪਣੀ ਜ਼ਿੰਦਗੀ ਨੂੰ ਪਟੜੀ 'ਤੇ ਲਿਆਉਣ ਦੀ ਕੋਸ਼ਿਸ਼ ਕਰ ਰਹੀਆਂ ਹਨ। ਉਨ੍ਹਾਂ ਦੇ ਪਰਿਵਾਰਾਂ ਦਾ ਕਹਿਣਾ ਹੈ ਕਿ ਹੌਲੀ-ਹੌਲੀ ਪਰ ਯਕੀਨਨ ਉਨ੍ਹਾਂ ਨੂੰ ਇਸ ਕੋਸ਼ਿਸ਼ 'ਚ ਸਫਲਤਾ ਮਿਲ ਰਹੀ ਹੈ।
ਲੇਵੀ ਦਾ ਕਹਿਣਾ ਹੈ ਕਿ ਉਸਦੀ ਧੀ ਨਾਮਾ ਨਾਲ ਦੁਬਾਰਾ ਮਿਲਣ ਦਾ ਪਲ ਅਜੇ ਵੀ ਉਸਦੇ ਦਿਮਾਗ ਵਿੱਚ ਧੁੰਦਲਾ ਹੈ। ਪਰ ਉਹ ਉਸ ਭਾਵਨਾ ਨੂੰ ਯਾਦ ਰੱਖ ਸਕਦੇ ਹਨ।
ਇਹ ਭਾਵਨਾ ਇਹ ਸੀ, "ਮੈਂ ਹੁਣ ਤੁਹਾਡਾ ਖਿਆਲ ਰੱਖਾਂਗਾ ਅਤੇ ਸਭ ਕੁਝ ਠੀਕ ਹੋ ਜਾਵੇਗਾ। ਤੁਹਾਡਾ ਪਿਤਾ ਹੁਣ ਇੱਥੇ ਹਨ। ਹੁਣ ਸਭ ਕੁਝ ਠੀਕ ਹੋ ਜਾਵੇਗਾ।"
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ












