ਮੋਹਨ ਅਤੇ ਮੁਹੰਮਦ: ਦੋ ਵੱਖਰੇ ਸੁਪਨੇ ਰੱਖਣ ਵਾਲੇ ਆਗੂ ਜਿਨ੍ਹਾਂ ਨੇ ਇਤਿਹਾਸ ਰਚਿਆ, ਮੁਲਾਕਾਤਾਂ ਅਤੇ ਦੂਰੀਆਂ ਦੀ ਕਹਾਣੀ

ਮੋਹਨ ਦਾਸ ਕਰਮਚੰਦ ਗਾਂਧੀ ਅਤੇ ਮੁਹੰਮਦ ਅਲੀ ਜਿਨਾਹ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਮੋਹਨ ਦਾਸ ਕਰਮਚੰਦ ਗਾਂਧੀ ਅਤੇ ਮੁਹੰਮਦ ਅਲੀ ਜਿਨਾਹ
    • ਲੇਖਕ, ਰੇਹਾਨ ਫ਼ਜ਼ਲ
    • ਰੋਲ, ਬੀਬੀਸੀ ਸਹਿਯੋਗੀ

ਆਮ ਤੌਰ 'ਤੇ ਉਨ੍ਹਾਂ ਨੂੰ ਮੋਹਨ ਦਾਸ ਕਰਮਚੰਦ ਗਾਂਧੀ ਅਤੇ ਮੁਹੰਮਦ ਅਲੀ ਜਿਨਾਹ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਦੋਵਾਂ 'ਤੇ ਅਣਗਿਣਤ ਕਿਤਾਬਾਂ ਲਿਖੀਆਂ ਗਈਆਂ ਹਨ। ਦੋਵਾਂ ਨੇ ਆਪਣੀ ਜ਼ਿੰਦਗੀ ਦਾ ਵੱਡਾ ਹਿੱਸਾ ਬ੍ਰਿਟਿਸ਼ ਬਸਤੀਵਾਦੀ ਸ਼ਾਸਨ ਵਿਰੁੱਧ ਲੜਦਿਆਂ ਬਿਤਾਇਆ।

ਹਾਲ ਹੀ ਵਿੱਚ, ਪ੍ਰਸਿੱਧ ਅਰਥਸ਼ਾਸਤਰੀ ਲਾਰਡ ਮੇਘਨਾਦ ਦੇਸਾਈ ਦੀ ਇੱਕ ਕਿਤਾਬ 'ਮੋਹਨ ਐਂਡ ਮੁਹੰਮਦ: ਗਾਂਧੀ, ਜਿਨਾਹ ਐਂਡ ਦਿ ਬ੍ਰੇਕਅੱਪ ਆਫ਼ ਬ੍ਰਿਟਿਸ਼ ਇੰਡੀਆ' ਪ੍ਰਕਾਸ਼ਿਤ ਹੋਈ ਹੈ।

ਦੇਸਾਈ ਲਿਖਦੇ ਹਨ, "ਮੈਂ ਜਾਣਬੁੱਝ ਕੇ ਇਨ੍ਹਾਂ ਦੋਵਾਂ ਸ਼ਖਸੀਅਤਾਂ ਦੇ ਪਹਿਲੇ ਨਾਵਾਂ ਦੀ ਵਰਤੋਂ ਕੀਤੀ ਹੈ। ਇਸ ਦਾ ਮਕਸਦ ਉਨ੍ਹਾਂ ਨੂੰ ਬੇਇੱਜਤ ਕਰਨਾ ਨਹੀਂ ਹੈ, ਸਗੋਂ ਉਨ੍ਹਾਂ ਦੇ ਜੀਵਨ ਦੇ ਉਨ੍ਹਾਂ ਹਿੱਸਿਆਂ 'ਤੇ ਰੌਸ਼ਨੀ ਪਾਉਣਾ ਹੈ ਜਦੋਂ ਉਹ ਇੰਨੇ ਮਸ਼ਹੂਰ ਨਹੀਂ ਸਨ।"

"ਹਾਲਾਂਕਿ ਇਹ ਗੱਲ ਲੁਕੀ ਨਹੀਂ ਰਹਿ ਸਕੀ, ਪਰ ਬਹੁਤ ਘੱਟ ਲੋਕ ਜਾਣਦੇ ਹਨ ਕਿ ਇਹ ਦੋਵੇਂ ਨਾ ਸਿਰਫ਼ ਲੰਬੇ ਸਮੇਂ ਤੱਕ ਸਮਾਨਾਂਤਰ ਜ਼ਿੰਦਗੀ ਜੀਉਂਦੇ ਰਹੇ, ਸਗੋਂ ਕਈ ਮਾਮਲਿਆਂ ਵਿੱਚ ਉਨ੍ਹਾਂ ਵਿੱਚ ਬਹੁਤ ਸਾਰੀਆਂ ਇੱਕੋ ਜਿਹੀਆਂ ਗੱਲਾਂ ਵੀ ਸਨ।"

ਇਹ ਦੋਵੇਂ ਗੁਜਰਾਤੀ ਬੋਲਣ ਵਾਲੇ ਪਰਿਵਾਰਾਂ ਤੋਂ ਆਏ ਸਨ ਜਿਨ੍ਹਾਂ ਦੀਆਂ ਜੜ੍ਹਾਂ ਗੁਜਰਾਤ ਦੇ ਕਾਠੀਆਵਾੜ ਇਲਾਕੇ ਵਿੱਚ ਸਨ।

ਮੋਹਨ ਦੇ ਪਿਤਾ, ਕਰਮਚੰਦ, ਪੋਰਬੰਦਰ ਦੇ ਰਾਜਕੁਮਾਰ ਦੇ ਦੀਵਾਨ ਸਨ। ਜਦੋਂ ਮੋਹਨ ਪੰਜ ਸਾਲ ਦੇ ਸਨ, ਤਾਂ ਉਨ੍ਹਾਂ ਦੇ ਪਿਤਾ ਰਾਜਕੋਟ ਚਲੇ ਗਏ ਅਤੇ ਉੱਥੇ ਦੀਵਾਨ ਬਣ ਗਏ।

ਮੁਹੰਮਦ ਦੇ ਦਾਦਾ ਜੀ, ਪੂੰਜਾਭਾਈ, ਵੀ ਰਾਜਕੋਟ ਤੋਂ ਸਨ। ਗੁਜਰਾਤੀ ਵਿੱਚ 'ਪੂੰਜਾਭਾਈ' ਨਾਮ ਥੋੜ੍ਹਾ ਅਜੀਬ ਲੱਗਦਾ ਹੈ, ਕਿਉਂਕਿ ਇਸਦਾ ਸ਼ਾਬਦਿਕ ਅਰਥ ਹੈ "ਕੂੜਾ" ਹੈ, ਪਰ ਗੁਜਰਾਤ ਵਿੱਚ ਅਤੇ ਅਸਲ ਵਿੱਚ ਉਸ ਸਮੇਂ ਪੂਰੇ ਭਾਰਤ ਵਿੱਚ, ਨਵਜੰਮੇ ਬੱਚਿਆਂ ਨੂੰ ਬੁਰੀ ਨਜ਼ਰ ਤੋਂ ਬਚਣ ਲਈ ਜਾਣਬੁੱਝ ਕੇ ਉਨ੍ਹਾਂ ਦੇ ਅਜਿਹੇ ਨਾਮ ਰੱਖੇ ਸਨ।

ਮੋਹਨ ਦੀ ਭੈਣ ਵੀ ਉਨ੍ਹਾਂ ਨੂੰ 'ਮੁਨਿਆ' ਕਹਿ ਕੇ ਬੁਲਾਉਂਦੀ ਸੀ।

ਮੋਹਨ ਅਤੇ ਮੁਹੰਮਦ ਬੈਰਿਸਟਰ ਬਣਨ ਲਈ ਲੰਡਨ ਗਏ ਸਨ

ਮੋਹਨ ਦਾਸ ਕਰਮਚੰਦ ਗਾਂਧੀ ਅਤੇ ਮੁਹੰਮਦ ਅਲੀ ਜਿਨਾਹ

ਤਸਵੀਰ ਸਰੋਤ, Universal History Archive/Universal Images Group via Getty Images

ਤਸਵੀਰ ਕੈਪਸ਼ਨ, ਮੋਹਨ ਦਾਸ ਕਰਮਚੰਦ ਗਾਂਧੀ ਅਤੇ ਮੁਹੰਮਦ ਅਲੀ ਜਿਨਾਹ ਦੀਆਂ ਜ਼ਿੰਦਗੀਆਂ ਵਿੱਚ ਬਹੁਤ ਕੁਝ ਇੱਕੋ ਜਿਹਾ ਸੀ

ਮੁਹੰਮਦ ਦਾ ਜਨਮ 1876 ਵਿੱਚ ਕ੍ਰਿਸਮਸ ਵਾਲੇ ਦਿਨ ਕਰਾਚੀ ਵਿੱਚ ਹੋਇਆ ਸੀ। ਉਹ ਮੋਹਨ ਤੋਂ ਸੱਤ ਸਾਲ ਛੋਟੇ ਸਨ। ਹਾਲਾਂਕਿ ਮੁਹੰਮਦ ਦੇ ਪਿਤਾ ਦੇ ਸੱਤ ਬੱਚੇ ਸਨ, ਪਰ ਉਨ੍ਹਾਂ ਦੇ ਭੈਣ-ਭਰਾਵਾਂ ਵਿੱਚੋਂ ਸਭ ਤੋਂ ਮਸ਼ਹੂਰ ਉਨ੍ਹਾਂ ਦੀ ਛੋਟੀ ਭੈਣ ਫਾਤਿਮਾ ਸੀ, ਜੋ ਸਾਰੀ ਉਮਰ ਉਨ੍ਹਾਂ ਦੇ ਨਾਲ ਰਹੀ।

ਮੇਘਨਾਦ ਦੇਸਾਈ ਲਿਖਦੇ ਹਨ, "ਦੋਹਾਂ ਨੇ 16 ਸਾਲ ਦੀ ਉਮਰ ਵਿੱਚ ਦਸਵੀਂ ਦੀ ਪ੍ਰੀਖਿਆ ਪਾਸ ਕੀਤੀ ਸੀ। ਦੋਵੇਂ ਬੈਰਿਸਟਰ ਵਜੋਂ ਪੜ੍ਹਾਈ ਕਰਨ ਲਈ ਲੰਡਨ ਗਏ ਸਨ। ਮੋਹਨ ਨੇ ਇਨਰ ਟੈਂਪਲ ਵਿੱਚ ਪੜ੍ਹਾਈ ਕੀਤੀ ਜਦੋਂ ਕਿ ਮੁਹੰਮਦ ਨੇ ਲਿੰਕਨ ਇਨ ਵਿੱਚ ਪੜ੍ਹਾਈ ਕੀਤੀ।"

"ਮੋਹਨ ਜਦੋਂ ਲੰਡਨ ਲਈ ਰਵਾਨਾ ਹੋਏ ਤਾਂ ਉਹ 19 ਸਾਲ ਦੇ ਹੋਣ ਵਾਲੇ ਸਨ, ਜਦੋਂ ਕਿ ਮੁਹੰਮਦ 1891 ਵਿੱਚ ਲੰਡਨ ਪਹੁੰਚੇ ਉਹ ਉਸ ਸਮੇਂ ਮਹਿਜ਼ 16 ਸਾਲ ਦੇ ਸਨ।"

ਮੋਹਨ ਨੂੰ ਉਨ੍ਹਾਂ ਦੇ ਪਰਿਵਾਰਕ ਦੋਸਤ ਮਾਵਜੀ ਡੇਵ ਦੀ ਸਲਾਹ 'ਤੇ ਲੰਡਨ ਭੇਜਿਆ ਗਿਆ ਸੀ, ਜਦੋਂ ਕਿ ਮੁਹੰਮਦ ਨੂੰ ਉਨ੍ਹਾਂ ਦੇ ਪਿਤਾ ਦੇ ਅੰਗਰੇਜ਼ ਦੋਸਤ ਸਰ ਫਰੈਡਰਿਕ ਕ੍ਰਾਫਟ ਨੇ ਲੰਡਨ ਪੜ੍ਹਨ ਲਈ ਜਾਣ ਦੀ ਪ੍ਰੇਰਣਾ ਦਿੱਤੀ ਸੀ।

ਮੋਹਨ ਅਤੇ ਮੁਹੰਮਦ ਦੋਵਾਂ ਦੇ ਬਾਲ ਵਿਆਹ ਹੋਏ ਸਨ। ਮੋਹਨ ਦਾ ਵਿਆਹ 13 ਸਾਲ ਦੀ ਉਮਰ ਵਿੱਚ ਹੋਇਆ ਸੀ, ਜਦੋਂ ਕਿ ਮੁਹੰਮਦ ਦਾ ਵਿਆਹ 15 ਸਾਲ ਦੀ ਉਮਰ ਵਿੱਚ ਹੋਇਆ ਸੀ। ਹਾਲਾਂਕਿ, ਕੁਝ ਦਿਨਾਂ ਬਾਅਦ ਉਨ੍ਹਾਂ ਪਤਨੀ ਦੀ ਮੌਤ ਹੋ ਗਈ ਜਦੋਂ ਉਹ ਵਿਦੇਸ਼ ਵਿੱਚ ਹੀ ਸਨ।

ਮੁਹੰਮਦ ਮੋਹਨ ਤੋਂ ਪਹਿਲਾਂ ਕਾਂਗਰਸ ਵਿੱਚ ਸ਼ਾਮਲ ਹੋਏ ਸਨ

 ਗਾਂਧੀ ਅਤੇ ਮੁਹੰਮਦ ਅਲੀ ਜਿਨਾਹ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਗਾਂਧੀ ਅਤੇ ਮੁਹੰਮਦ ਅਲੀ ਜਿਨਾਹ ਦੋਵੇਂ ਹੀ ਬੈਰਿਸਟਰੀ ਦੀ ਪੜ੍ਹਾਈ ਕਰਨ ਲਈ ਲੰਡਨ ਗਏ ਸਨ

ਮੋਹਨ ਅਤੇ ਮੁਹੰਮਦ ਦੋਵੇਂ ਹੀ ਲੰਡਨ ਵਿੱਚ ਆਪਣੇ ਠਹਿਰਾਅ ਨੂੰ ਹਮੇਸ਼ਾ ਇੱਕ ਪਿਆਰੀ ਯਾਦ ਵਜੋਂ ਯਾਦ ਰੱਖਦੇ ਸਨ।

ਮੁਹੰਮਦ 1930 ਦੇ ਦਹਾਕੇ ਵਿੱਚ ਬਰਤਾਨਵੀਂ ਭਾਰਤ ਦੀ ਸਿਆਸਤ ਤੋਂ ਅਸੰਤੁਸ਼ਟ ਹੋਣ ਤੋਂ ਬਾਅਦ ਲੰਡਨ ਚਲੇ ਗਏ ਸਨ।

ਉਨ੍ਹਾਂ ਨੇ ਬਾਅਦ ਵਿੱਚ ਕਿਹਾ ਕਿ ਜੇਕਰ ਉਹ ਭਾਰਤੀ ਰਾਜਨੀਤੀ ਵਿੱਚ ਨਾ ਆਏ ਹੁੰਦੇ, ਤਾਂ ਉਹ ਲੰਡਨ ਵਿੱਚ ਰਹਿਣਾ ਪਸੰਦ ਕਰਦੇ। ਮੁਹੰਮਦ ਨੇ ਆਪਣੀ ਕਾਨੂੰਨ ਦੀ ਪੜ੍ਹਾਈ ਤਿੰਨ ਸਾਲਾਂ ਵਿੱਚ ਪੂਰੀ ਕਰ ਲਈ ਸੀ।

ਹੈਕਟਰ ਬੋਲਿਥੋ ਨੇ ਆਪਣੀ ਕਿਤਾਬ 'ਜਿਨਾਹ: ਪਾਕਿਸਤਾਨ ਦਾ ਸਿਰਜਣਹਾਰ' ਵਿੱਚ ਲਿਖਿਆ ਹੈ, "ਲੰਡਨ ਵਿੱਚ ਆਪਣੇ ਸਮੇਂ ਦੌਰਾਨ, ਜਿਨਾਹ ਨੇ ਥੀਏਟਰ ਵੀ ਅਪਣਾਇਆ।"

"ਉਨ੍ਹਾਂ ਨੇ ਇੱਕ ਅੰਗਰੇਜ਼ ਵਾਂਗ ਪਹਿਰਾਵਾ ਪਾਉਣਾ ਸ਼ੁਰੂ ਕਰ ਦਿੱਤਾ। ਉਹ ਅਕਸਰ ਸਿਆਸੀ ਬਹਿਸਾਂ ਦੇਖਣ ਲਈ ਹਾਊਸ ਆਫ਼ ਕਾਮਨਜ਼ ਦੀ ਵਿਜ਼ਟਰ ਗੈਲਰੀ ਵਿੱਚ ਜਾਂਦੇ ਸਨ। ਜਦੋਂ ਦਾਦਾਭਾਈ ਨੌਰੋਜੀ ਨੇ ਬਰਤਾਨਵੀਂ ਸੰਸਦ ਵਿੱਚ ਆਪਣਾ ਪਹਿਲਾ ਭਾਸ਼ਣ ਦਿੱਤਾ ਤਾਂ ਜਿਨਾਹ ਉੱਥੇ ਮੌਜੂਦ ਸਨ।"

ਉਸ ਸਮੇਂ, ਉਹ ਲਿਬਰਲ ਪਾਰਟੀ ਤੋਂ ਪ੍ਰਭਾਵਿਤ ਸਨ ਅਤੇ ਜੋਸਫ਼ ਚੈਂਬਰਲੇਨ ਉਨ੍ਹਾਂ ਦਾ ਹੀਰੋ ਸੀ। ਲੰਡਨ ਵਿੱਚ ਪੜ੍ਹਾਈ ਕਰਨ ਤੋਂ ਬਾਅਦ, ਮੋਹਨ ਦੱਖਣੀ ਅਫਰੀਕਾ ਚਲੇ ਗਏ, ਜਦੋਂ ਕਿ ਮੁਹੰਮਦ ਕਾਨੂੰਨ ਦੀ ਪ੍ਰੈਕਟਿਸ ਕਰਨ ਲਈ ਬੰਬਈ ਵਾਪਸ ਆ ਗਏ।

ਮੇਘਨਾਦ ਦੇਸਾਈ

ਲੰਡਨ ਤੋਂ ਵਾਪਸ ਆਉਣ ਤੋਂ ਤੁਰੰਤ ਬਾਅਦ ਦੋਵਾਂ ਵਿਅਕਤੀਆਂ ਨੂੰ ਆਪਣੇ ਪੇਸ਼ੇ ਵਿੱਚ ਕਾਫ਼ੀ ਸੰਘਰਸ਼ਾਂ ਦਾ ਸਾਹਮਣਾ ਕਰਨਾ ਪਿਆ। ਸ਼ੁਰੂ ਵਿੱਚ ਕੋਈ ਵੀ ਗਾਹਕ ਉਨ੍ਹਾਂ ਦੇ ਕੇਸਾਂ ਨੂੰ ਲੈ ਕੇ ਉਨ੍ਹਾਂ ਕੋਲ ਨਹੀਂ ਆਇਆ।

ਮੁਹੰਮਦ 1905 ਵਿੱਚ ਕਾਂਗਰਸ ਦਾ ਮੈਂਬਰ ਬਣੇ।

ਉੱਥੇ, ਉਹ ਗੋਪਾਲ ਕ੍ਰਿਸ਼ਨ ਗੋਖਲੇ ਅਤੇ ਤਿਲਕ ਵਰਗੇ ਆਗੂਆਂ ਨੂੰ ਮਿਲਿਆ। ਉਨ੍ਹਾਂ ਨੇ ਤਿਲਕ ਦੇ ਕੇਸ ਵਿੱਚ ਵੀ ਉਨ੍ਹਾਂ ਦੀ ਨੁਮਾਇੰਦਗੀ ਕੀਤੀ। ਜਦੋਂ ਬੰਗਾਲ ਦੀ ਵੰਡ ਨੂੰ ਲੈ ਕੇ ਕਾਂਗਰਸ ਵੰਡੀ ਗਈ, ਤਾਂ ਉਨ੍ਹਾਂ ਨੇ ਉਦਾਰਵਾਦੀ ਧੜੇ ਦਾ ਸਮਰਥਨ ਕੀਤਾ।

ਉਨ੍ਹਾਂ ਦਿਨਾਂ ਵਿੱਚ, ਕਾਂਗਰਸ ਵਿੱਚ ਮੁਸਲਿਮ ਮੈਂਬਰਾਂ ਦੀ ਗਿਣਤੀ ਬਹੁਤ ਘੱਟ ਸੀ।

1896 ਵਿੱਚ, ਕੁੱਲ 709 ਮੈਂਬਰਾਂ ਵਿੱਚੋਂ ਸਿਰਫ਼ 17 ਮੁਸਲਮਾਨ ਸਨ। ਜਿਨਾਹ ਕਾਂਗਰਸ ਦਾ ਮੈਂਬਰ ਬਣਨ ਤੋਂ ਸੱਤ ਸਾਲ ਬਾਅਦ, 1913 ਤੱਕ ਮੁਸਲਿਮ ਲੀਗ ਦੇ ਮੈਂਬਰ ਨਹੀਂ ਬਣੇ ਸਨ।

ਮੁਸਲਿਮ ਲੀਗ ਦਾ ਮੈਂਬਰ ਬਣਨ ਤੋਂ ਬਾਅਦ ਵੀ, ਉਨ੍ਹਾਂ ਨੇ ਲੀਗ ਨੂੰ ਕਾਂਗਰਸ ਨਾਲ ਸਹਿਯੋਗ ਕਰਨ ਦੀ ਅਪੀਲ ਕੀਤੀ। ਆਪਣੇ ਸ਼ੁਰੂਆਤੀ ਸਿਆਸੀ ਜੀਵਨ ਵਿੱਚ ਉਹ ਹਿੰਦੂ-ਮੁਸਲਿਮ ਏਕਤਾ ਦੇ ਇੱਕ ਮਜ਼ਬੂਤ ਸਮਰਥਕ ਸਨ।

ਮੋਹਨ ਅਤੇ ਮੁਹੰਮਦ ਪਹਿਲੀ ਵਾਰ 1915 ਵਿੱਚ ਮਿਲੇ ਸਨ

ਮੁਹੰਮਦ ਅਲੀ ਜਿਨਾਹ

ਤਸਵੀਰ ਸਰੋਤ, FRANCE/Gamma-Rapho via Getty Images

ਤਸਵੀਰ ਕੈਪਸ਼ਨ, ਮੁਹੰਮਦ ਅਲੀ ਜਿਨਾਹ 1905 ਵਿੱਚ ਕਾਂਗਰਸ ਦੇ ਮੈਂਬਰ ਬਣੇ

ਦੋਵੇਂ ਪਹਿਲੀ ਵਾਰ 1915 ਵਿੱਚ ਮੋਹਨ ਦੇ ਦੱਖਣੀ ਅਫਰੀਕਾ ਤੋਂ ਭਾਰਤ ਵਾਪਸ ਆਉਣ ਤੋਂ ਬਾਅਦ ਮਿਲੇ ਸਨ।

ਇਸ ਤੋਂ ਪਹਿਲਾਂ, 16 ਅਗਸਤ 1914 ਨੂੰ ਮੁਹੰਮਦ ਲੰਡਨ ਵਿੱਚ ਇੱਕ ਮੀਟਿੰਗ ਵਿੱਚ ਮੌਜੂਦ ਸੀ ਜਿੱਥੇ ਮੋਹਨ ਨੂੰ ਸਨਮਾਨਿਤ ਕੀਤਾ ਗਿਆ ਸੀ। ਹਾਲਾਂਕਿ, ਉਸ ਸਮੇਂ ਦੋਵਾਂ ਵਿਚਕਾਰ ਆਹਮੋ-ਸਾਹਮਣੇ ਗੱਲਬਾਤ ਨਹੀਂ ਹੋਈ ਸੀ।

1915 ਵਿੱਚ ਦੋਵੇਂ ਅਹਿਮਦਾਬਾਦ ਵਿੱਚ ਮਿਲੇ, ਜਿਸਦਾ ਆਯੋਜਨ ਮਸ਼ਹੂਰ ਵਕੀਲ ਅਤੇ ਕਾਂਗਰਸ ਆਗੂ ਕੇਐੱਮ ਮੁਨਸ਼ੀ ਨੇ ਕੀਤਾ ਸੀ।

1916 ਵਿੱਚ ਕਾਂਗਰਸ ਦੇ ਲਖਨਊ ਸੈਸ਼ਨ ਵਿੱਚ ਜਿਨਾਹ ਨੇ ਮੋਹਨ ਨੂੰ ਐਨੀ ਬੇਸੈਂਟ ਨਾਲ ਸਟੇਜ 'ਤੇ ਬੈਠਣ ਲਈ ਸੱਦਾ ਦਿੱਤਾ।

ਰਾਮਚੰਦਰ ਗੁਹਾ ਆਪਣੀ ਕਿਤਾਬ 'ਗਾਂਧੀ: ਦਿ ਯੀਅਰਜ਼ ਦੈਟ ਚੇਂਜਡ ਦ ਵਰਲਡ' ਵਿੱਚ ਲਿਖਦੇ ਹਨ, "ਜਦੋਂ ਅਕਤੂਬਰ 1916 ਵਿੱਚ ਅਹਿਮਦਾਬਾਦ ਵਿੱਚ ਗੁਜਰਾਤ ਸੂਬਾਈ ਕਾਨਫਰੰਸ ਹੋਈ, ਤਾਂ ਮੋਹਨ ਨੇ ਮੀਟਿੰਗ ਦੀ ਪ੍ਰਧਾਨਗੀ ਲਈ ਮੁਹੰਮਦ ਦਾ ਨਾਮ ਪ੍ਰਸਤਾਵਿਤ ਕੀਤਾ ਸੀ।"

"ਉਨ੍ਹਾਂ ਨੇ ਮੁਹੰਮਦ ਬਾਰੇ ਕਿਹਾ ਕਿ ਉਹ ਸਾਡੇ ਸਮੇਂ ਦੇ ਵਿਦਵਾਨ ਮੁਸਲਮਾਨ ਵਿਅਕਤੀ ਸਨ। ਦੋਵਾਂ ਧਿਰਾਂ ਦੀਆਂ ਨਜ਼ਰਾਂ ਵਿੱਚ ਉਨ੍ਹਾਂ ਦਾ ਇੱਕ ਸਤਿਕਾਰਯੋਗ ਸਥਾਨ ਸੀ।"

ਇਸ ਮੀਟਿੰਗ ਵਿੱਚ ਮੋਹਨ ਨੇ ਮੁਹੰਮਦ ਨੂੰ ਗੁਜਰਾਤੀ ਵਿੱਚ ਮੀਟਿੰਗ ਨੂੰ ਸੰਬੋਧਨ ਕਰਨ ਦੀ ਬੇਨਤੀ ਕੀਤੀ। ਮੁਹੰਮਦ ਗਾਂਧੀ ਦੀ ਬੇਨਤੀ ਨਾਲ ਸਹਿਮਤ ਹੋ ਗਏ। ਚਾਹੇ ਗੁਜਰਾਤੀ ਭਾਸ਼ਾ ਵਿੱਚ ਮੁਹਾਰਤ ਨਹੀਂ ਵੀ ਸੀ, ਉਨ੍ਹਾਂ ਨੇ ਮੀਟਿੰਗ ਵਿੱਚ ਗੁਜਰਾਤੀ ਵਿੱਚ ਸੰਬੋਧਿਤ ਕੀਤਾ।

ਬਾਅਦ ਵਿੱਚ ਗਾਂਧੀ ਨੇ ਇੱਕ ਦੋਸਤ ਨੂੰ ਇੱਕ ਪੱਤਰ ਲਿਖਿਆ, "ਉਸ ਦਿਨ ਤੋਂ ਜਿਨਾਹ ਮੈਨੂੰ ਨਾਪਸੰਦ ਕਰਨ ਲੱਗ ਪਿਆ।"

ਇਸ ਦੇ ਬਾਵਜੂਦ, ਉਨ੍ਹਾਂ ਨੇ ਅਗਲੇ ਦਸ ਸਾਲਾਂ ਲਈ ਇੱਕੋ ਪਲੇਟਫਾਰਮ 'ਤੇ ਇਕੱਠੇ ਕੰਮ ਕੀਤਾ।

ਭਾਰਤ ਵਾਪਸ ਆਉਣ 'ਤੇ, ਮੋਹਨ ਨੇ ਪਹਿਲੀ ਵਿਸ਼ਵ ਜੰਗ ਵਿੱਚ ਲੜ ਰਹੀ ਬਰਤਾਨਵੀਂ ਫੌਜ ਲਈ ਭਾਰਤੀ ਫੌਜੀਆਂ ਦੀ ਭਰਤੀ ਲਈ ਇੱਕ ਮੁਹਿੰਮ ਸ਼ੁਰੂ ਕੀਤੀ।

ਮੁਹੰਮਦ ਨੇ ਇਸ ਮੁਹਿੰਮ ਵਿੱਚ ਉਨ੍ਹਾਂ ਦਾ ਸਾਥ ਨਹੀਂ ਦਿੱਤਾ। ਮੋਹਨ ਨੂੰ ਬਰਤਾਨਵੀਂ ਸਰਕਾਰ ਨੇ ਕੈਸਰ-ਏ-ਹਿੰਦ ਦਾ ਖ਼ਿਤਾਬ ਦਿੱਤਾ ਸੀ, ਪਰ ਉਨ੍ਹਾਂ ਨੇ 1919 ਵਿੱਚ ਜਲ੍ਹਿਆਂਵਾਲਾ ਬਾਗ ਕਤਲੇਆਮ ਤੋਂ ਬਾਅਦ ਇਸ ਖ਼ਿਤਾਬ ਨੂੰ ਵਾਪਸ ਕਰ ਦਿੱਤਾ ਸੀ।

1920 ਦੇ ਦਹਾਕੇ ਵਿੱਚ, ਉਨ੍ਹਾਂ ਦੇ ਰਸਤੇ ਵੱਖੋ-ਵੱਖਰੇ ਹੋਣੇ ਸ਼ੁਰੂ ਹੋ ਗਏ। ਮੋਹਨ ਕਾਂਗਰਸ ਦੇ ਨਿਰਵਿਵਾਦ ਆਗੂ ਬਣ ਗਏ ਅਤੇ ਇਸ ਨੂੰ ਇੱਕ ਸੰਵਿਧਾਨਵਾਦੀ ਪਾਰਟੀ ਤੋਂ ਆਮ ਭਾਰਤੀਆਂ ਦੀ ਪਾਰਟੀ ਵਿੱਚ ਬਦਲ ਦਿੱਤਾ।

ਮੁਹੰਮਦ ਲੰਡਨ ਤੋਂ ਭਾਰਤ ਪਰਤਿਆ

ਕਿਤਾਬ

ਤਸਵੀਰ ਸਰੋਤ, Penguin Random House India

ਤਸਵੀਰ ਕੈਪਸ਼ਨ, ਮੁਹੰਮਦ ਕਾਂਗਰਸ ਵਿੱਚ ਗਾਂਧੀ ਦੇ ਦਬਦਬੇ ਤੋਂ ਇੰਨਾ ਨਿਰਾਸ਼ ਹੋ ਗਏ ਸਨ ਕਿ ਉਨ੍ਹਾਂ ਨੇ ਲੰਡਨ ਵਾਪਸ ਜਾਣ ਦਾ ਫ਼ੈਸਲਾ ਕੀਤਾ।

ਇੱਥੋਂ ਹੀ ਮੁਹੰਮਦ ਦੇ ਮੋਹਨ ਨਾਲ ਮਤਭੇਦ ਸ਼ੁਰੂ ਹੋ ਗਏ। ਉਨ੍ਹਾਂ ਨੇ ਮੋਹਨ ਨੂੰ 'ਮਹਾਤਮਾ' ਕਹਿਣ ਤੋਂ ਇਨਕਾਰ ਕਰ ਦਿੱਤਾ ਅਤੇ ਕਾਂਗਰਸ ਤੋਂ ਅਸਤੀਫਾ ਦੇ ਦਿੱਤਾ।

ਮੋਹਨ ਕਾਂਗਰਸ ਦੇ ਆਗੂ ਰਹੇ। ਸਾਲ 1930 ਦੇ ਦਹਾਕੇ ਵਿੱਚ ਕਾਂਗਰਸ ਛੱਡਣ ਤੋਂ ਬਾਅਦ ਵੀ ਭਾਰਤ ਦੀ ਆਜ਼ਾਦੀ ਤੱਕ ਪਾਰਟੀ ਮਾਮਲਿਆਂ ਵਿੱਚ ਗਾਂਧੀ ਦੀ ਰਾਇ ਨੂੰ ਅੰਤਿਮ ਫੈਸਲਾ ਮੰਨਿਆ ਜਾਂਦਾ ਸੀ।

ਮੁਹੰਮਦ ਕਾਂਗਰਸ ਵਿੱਚ ਗਾਂਧੀ ਦੇ ਦਬਦਬੇ ਤੋਂ ਇੰਨਾ ਨਿਰਾਸ਼ ਹੋ ਗਏ ਸਨ ਕਿ ਉਨ੍ਹਾਂ ਨੇ ਲੰਡਨ ਵਾਪਸ ਜਾਣ ਦਾ ਫ਼ੈਸਲਾ ਕੀਤਾ। ਉਨ੍ਹਾਂ ਨੇ ਇੱਕ ਬੈਰਿਸਟਰ ਵਜੋਂ ਆਪਣਾ ਕਰੀਅਰ ਦੁਬਾਰਾ ਸ਼ੁਰੂ ਕੀਤਾ ਅਤੇ ਬ੍ਰਿਟਿਸ਼ ਪ੍ਰੀਵੀ ਕੌਂਸਲ ਦੇ ਸਾਹਮਣੇ ਅਭਿਆਸ ਕਰਨ ਦੇ ਯੋਗ ਹੋ ਗਏ।

ਜਦੋਂ ਨਵੰਬਰ 1930 ਵਿੱਚ ਲੰਡਨ ਵਿੱਚ ਭਾਰਤ ਬਾਰੇ ਪਹਿਲੀ ਗੋਲਮੇਜ਼ ਕਾਨਫਰੰਸ ਹੋਈ, ਤਾਂ ਮੁਹੰਮਦ ਨੂੰ ਇੱਕ ਮੁਸਲਿਮ ਆਗੂ ਵਜੋਂ ਸੱਦਾ ਦਿੱਤਾ ਗਿਆ ਸੀ। ਕਾਂਗਰਸ ਨੇ ਇਸ ਆਧਾਰ 'ਤੇ ਹਿੱਸਾ ਲੈਣ ਤੋਂ ਇਨਕਾਰ ਕਰ ਦਿੱਤਾ ਕਿ ਇਸ ਨੂੰ ਪੂਰੇ ਭਾਰਤ ਦੇ ਇਕਲੌਤੇ ਪ੍ਰਤੀਨਿਧੀ ਵਜੋਂ ਸੱਦਾ ਦਿੱਤਾ ਜਾਣਾ ਚਾਹੀਦਾ ਸੀ।

ਇਹ ਵੀ ਪੜ੍ਹੋ-

ਮੋਹਨ 1931 ਵਿੱਚ ਦੂਜੀ ਗੋਲਮੇਜ਼ ਕਾਨਫਰੰਸ ਵਿੱਚ ਸ਼ਾਮਲ ਹੋਣ ਲਈ ਲੰਡਨ ਗਏ ਸਨ, ਪਰ ਮੁਹੰਮਦ ਨੇ ਹਿੱਸਾ ਨਹੀਂ ਲਿਆ। ਤੀਜੀ ਗੋਲਮੇਜ਼ ਕਾਨਫਰੰਸ ਵੀ ਲੰਡਨ ਵਿੱਚ ਹੋਈ ਸੀ, ਪਰ ਨਾ ਤਾਂ ਮੋਹਨ ਅਤੇ ਨਾ ਹੀ ਮੁਹੰਮਦ ਨੇ ਹਿੱਸਾ ਲਿਆ।

ਜਦੋਂ 1935 ਵਿੱਚ ਭਾਰਤ ਵਿੱਚ ਭਾਰਤ ਸਰਕਾਰ ਐਕਟ ਲਾਗੂ ਹੋਇਆ, ਤਾਂ ਜਿਨਾਹ ਨੂੰ ਭਾਰਤ ਵਾਪਸ ਆਉਣ ਦੀ ਬੇਨਤੀ ਕੀਤੀ ਗਈ। ਉਹ ਸਹਿਮਤ ਹੋ ਗਏ। ਉਨ੍ਹਾਂ ਨੇ 1937 ਦੀਆਂ ਚੋਣਾਂ ਵਿੱਚ ਮੁਸਲਮਾਨਾਂ ਦੀ ਅਗਵਾਈ ਕੀਤੀ।

ਮੁਸਲਿਮ ਲੀਗ ਨੇ ਉਮੀਦ ਨਾਲੋਂ ਕਿਤੇ ਘੱਟ ਸੀਟਾਂ ਜਿੱਤੀਆਂ, ਜਿਸ ਨਾਲ ਮੁਸਲਮਾਨਾਂ ਦੇ ਇਕਲੌਤੇ ਪ੍ਰਤੀਨਿਧੀ ਹੋਣ ਦੇ ਇਸ ਦੇ ਦਾਅਵੇ ਨੂੰ ਵੱਡਾ ਝਟਕਾ ਲੱਗਿਆ।

ਕਾਂਗਰਸ ਕਈ ਸੂਬਿਆਂ ਵਿੱਚ ਸਭ ਤੋਂ ਵੱਡੀ ਪਾਰਟੀ ਵਜੋਂ ਉਭਰੀ, ਪਰ ਇਸਨੇ ਮੁਸਲਿਮ ਲੀਗ ਨਾਲ ਗੱਠਜੋੜ ਸਰਕਾਰ ਬਣਾਉਣ ਦੇ ਵਿਚਾਰ ਨੂੰ ਰੱਦ ਕਰ ਦਿੱਤਾ।

ਇਹੀ ਉਹ ਥਾਂ ਸੀ ਜਿੱਥੇ ਮੁਹੰਮਦ ਨੂੰ ਸਭ ਤੋਂ ਪਹਿਲਾਂ ਇੱਕ ਵੱਖਰਾ ਦੇਸ਼, ਪਾਕਿਸਤਾਨ ਬਣਾਉਣ ਦਾ ਵਿਚਾਰ ਆਇਆ। ਉਹ ਲੰਡਨ ਛੱਡ ਕੇ ਬੰਬਈ ਵਿੱਚ ਆਪਣੇ ਮਾਲਾਬਾਰ ਹਿੱਲ ਘਰ ਵਿੱਚ ਵਸ ਗਏ।

ਪਾਕਿਸਤਾਨ ਦੇ ਸੰਕਲਪ ਦਾ ਜਨਮ

ਮੁਹੰਮਦ ਅਲੀ ਜਿਨਾਹ

ਤਸਵੀਰ ਸਰੋਤ, Keystone/Getty Images

ਤਸਵੀਰ ਕੈਪਸ਼ਨ, ਮੁਸਲਿਮ ਲੀਗ ਦੇ ਆਗੂ ਮੁਹੰਮਦ ਅਲੀ ਜਿਨਾਹ ਦਿੱਲੀ ਵਿੱਚ ਇੱਕ ਕਾਨਫਰੰਸ ਵਿੱਚ ਲੀਗ ਡੈਲੀਗੇਟਾਂ ਨੂੰ ਸੰਬੋਧਨ ਕਰਦੇ ਹੋਏ

ਮੋਹਨ ਅਤੇ ਮੁਹੰਮਦ ਨੇ ਫਿਰ ਆਪਣੀ ਪੂਰੀ ਜ਼ਿੰਦਗੀ ਆਪਣੇ ਮਤਭੇਦਾਂ ਨੂੰ ਸੁਲਝਾਉਣ ਦੀ ਕੋਸ਼ਿਸ਼ ਵਿੱਚ ਬਿਤਾਈ, ਪਰ ਉਹ ਕਦੇ ਸਫਲ ਨਹੀਂ ਹੋਏ। ਉਨ੍ਹਾਂ ਦੀ ਅਸਹਿਮਤੀ ਇਸ ਗੱਲ 'ਤੇ ਕੇਂਦ੍ਰਿਤ ਸੀ ਕਿ ਭਾਰਤ ਇੱਕ ਰਾਸ਼ਟਰ ਹੈ ਜਾਂ ਦੋ।

ਮੇਘਨਾਦ ਦੇਸਾਈ ਲਿਖਦੇ ਹਨ, "ਜ਼ਿਆਦਾਤਰ ਕਾਂਗਰਸੀਆਂ ਦਾ ਮੰਨਣਾ ਸੀ ਕਿ ਭਾਰਤ ਇੱਕ ਅਜਿਹਾ ਰਾਸ਼ਟਰ ਹੈ ਜਿਸਦਾ ਸਦੀਆਂ ਤੋਂ ਸਾਂਝਾ ਇਤਿਹਾਸ ਹੈ, ਜਵਾਹਰ ਲਾਲ ਨਹਿਰੂ ਅਤੇ ਮੌਲਾਨਾ ਆਜ਼ਾਦ ਉਨ੍ਹਾਂ ਲੋਕਾਂ ਵਿੱਚੋਂ ਸਨ ਜੋ ਇਸ ਵਿੱਚ ਵਿਸ਼ਵਾਸ ਕਰਦੇ ਸਨ।"

"ਭਾਰਤ ਸਪੱਸ਼ਟ ਤੌਰ 'ਤੇ ਨਾ ਤਾਂ ਹਿੰਦੂ ਰਾਸ਼ਟਰ ਸੀ ਅਤੇ ਨਾ ਹੀ ਮੁਸਲਿਮ, ਪਰ ਦੋਵਾਂ ਭਾਈਚਾਰਿਆਂ ਦੇ ਲੋਕ ਇਸ ਵਿੱਚ ਰਹਿੰਦੇ ਸਨ।"

ਦੂਜੇ ਪਾਸੇ, ਮੁਹੰਮਦ ਦਾ ਮੰਨਣਾ ਸੀ ਕਿ ਕਿਉਂਕਿ ਮੁਸਲਮਾਨ ਇੱਕ ਸੰਖਿਆਤਮਕ ਤੌਰ ਉੱਤੇ ਘੱਟ ਗਿਣਤੀ ਸਨ, ਇਸ ਲਈ ਉਨ੍ਹਾਂ ਦੇ ਹਿੱਤਾਂ ਨੂੰ ਹਿੰਦੂ ਬਹੁਗਿਣਤੀ ਦੇ ਦਬਦਬੇ ਤੋਂ ਬਚਾਉਣ ਦੀ ਲੋੜ ਸੀ।"

"ਜੇਕਰ ਸਰਕਾਰ ਦੇ ਗਠਨ ਦਾ ਫ਼ੈਸਲਾ ਵੋਟਿੰਗ ਰਾਹੀਂ ਕੀਤਾ ਜਾਂਦਾ ਹੈ, ਤਾਂ ਉਹ ਸਪੱਸ਼ਟ ਤੌਰ 'ਤੇ ਕਦੇ ਵੀ ਸੱਤਾ ਵਿੱਚ ਨਹੀਂ ਆ ਸਕਣਗੇ, ਇਸ ਲਈ ਮੁਸਲਮਾਨਾਂ ਨੂੰ ਆਪਣੇ ਹਿੱਤਾਂ ਦੀ ਰੱਖਿਆ ਲਈ ਇੱਕ ਵੱਖਰਾ ਦੇਸ਼ ਸਥਾਪਤ ਕਰਨਾ ਪਵੇਗਾ।

ਦੇਸਾਈ ਲਿਖਦੇ ਹਨ, "ਮੁਹੰਮਦ ਧਾਰਮਿਕ ਆਦਮੀ ਨਹੀਂ ਸੀ, ਨਾ ਹੀ ਉਹ ਨਿਯਮਿਤ ਤੌਰ 'ਤੇ ਮਸਜਿਦ ਜਾਂਦੇ ਸਨ, ਪਰ ਉਹ ਘੱਟ ਗਿਣਤੀ ਵਜੋਂ ਮੁਸਲਮਾਨਾਂ ਦੇ ਅਧਿਕਾਰਾਂ ਬਾਰੇ ਚਿੰਤਤ ਸੀ।"

ਮੋਹਨ ਅਤੇ ਮੁਹੰਮਦ ਦੀ ਮੁਲਾਕਾਤ

ਮੋਹਨਦਾਸ ਕਰਮਚੰਦ ਗਾਂਧੀ ਅਤੇ ਮੁਹੰਮਦ ਅਲੀ ਜਿਨਾਹ

ਤਸਵੀਰ ਸਰੋਤ, Kulwant Roy/Topical Press Agency/Hulton Archive/Getty Images

ਤਸਵੀਰ ਕੈਪਸ਼ਨ, ਮੋਹਨਦਾਸ ਕਰਮਚੰਦ ਗਾਂਧੀ 24 ਨਵੰਬਰ 1939 ਨੂੰ ਮੁਹੰਮਦ ਅਲੀ ਜਿਨਾਹ ਦਾ ਘਰ ਤੋਂ ਜਾਂਦੇ ਹੋਏ

ਮੋਹਨ ਅਤੇ ਮੁਹੰਮਦ ਦੀ ਆਖਰੀ ਅਹਿਮ ਮੁਲਾਕਾਤ ਸਤੰਬਰ 1944 ਵਿੱਚ ਬੰਬਈ ਵਿੱਚ ਹੋਈ ਸੀ। ਮੋਹਨ ਦਾ ਮੰਨਣਾ ਸੀ ਕਿ ਜੇਕਰ ਕਾਂਗਰਸ ਅਤੇ ਮੁਸਲਿਮ ਲੀਗ ਵਿਚਕਾਰ ਕੋਈ ਸਮਝੌਤਾ ਹੋ ਜਾਂਦਾ ਹੈ, ਤਾਂ ਅੰਗਰੇਜ਼ਾਂ ਕੋਲ ਭਾਰਤ ਛੱਡਣ ਤੋਂ ਇਲਾਵਾ ਕੋਈ ਚਾਰਾ ਨਹੀਂ ਹੋਵੇਗਾ।

ਮੋਹਨ 9 ਸਤੰਬਰ, 1944 ਨੂੰ ਪਹਿਲੀ ਮੁਲਾਕਾਤ ਲਈ ਮੁਹੰਮਦ ਦੇ ਘਰ ਪਹੁੰਚੇ। ਮੁਹੰਮਦ ਨੇ ਜ਼ੋਰ ਦੇ ਕੇ ਕਿਹਾ ਸੀ ਕਿ ਮੀਟਿੰਗ ਉਨ੍ਹਾਂ ਦੇ ਘਰ ਹੀ ਹੋਵੇ।

ਪ੍ਰਮੋਦ ਕਪੂਰ ਆਪਣੀ ਕਿਤਾਬ 'ਗਾਂਧੀ: ਐਨ ਇਲਸਟ੍ਰੇਟਿਡ ਬਾਇਓਗ੍ਰਾਫੀ' ਵਿੱਚ ਲਿਖਦੇ ਹਨ, "9 ਸਤੰਬਰ ਤੋਂ 27 ਸਤੰਬਰ ਦੇ ਵਿਚਕਾਰ, ਗਾਂਧੀ ਬਿਰਲਾ ਹਾਊਸ ਤੋਂ ਜਿਨਾਹ ਦੇ ਨਿਵਾਸ ਤੱਕ ਚੌਦਾਂ ਵਾਰ ਤੁਰ ਕੇ ਗਏ, ਜੋ ਕਿ ਨੇੜੇ ਹੀ ਸੀ। ਉਨ੍ਹਾਂ ਨੇ ਇੱਕ ਦੂਜੇ ਨਾਲ ਅੰਗਰੇਜ਼ੀ ਵਿੱਚ ਗੱਲ ਕੀਤੀ।"

"ਇਸ ਦੌਰਾਨ, ਮੋਹਨ ਨੇ ਮੁਹੰਮਦ ਨੂੰ ਆਪਣੇ ਡਾਕਟਰ ਕੋਲ ਭੇਜਿਆ। ਇਸ ਦੌਰਾਨ, ਜਦੋਂ ਈਦ ਦਾ ਤਿਉਹਾਰ ਆਇਆ, ਮੋਹਨ ਨੇ ਉਨ੍ਹਾਂ ਨੂੰ ਦਲੀਏ ਦੇ ਪੈਕੇਟ ਭੇਜੇ। ਜਦੋਂ ਪੱਤਰਕਾਰਾਂ ਨੇ ਮੋਹਨ ਨੂੰ ਪੁੱਛਿਆ ਕਿ ਮੁਹੰਮਦ ਨੇ ਉਨ੍ਹਾਂ ਨੂੰ ਕੀ ਦਿੱਤਾ ਸੀ, ਤਾਂ ਮੋਹਨ ਨੇ ਜਵਾਬ ਦਿੱਤਾ, 'ਸਿਰਫ਼ ਫੁੱਲ।'"

ਮੀਟਿੰਗ ਤੋਂ ਬਾਅਦ, ਮੁਹੰਮਦ ਨੇ ਇੱਕ ਬਿਆਨ ਜਾਰੀ ਕਰਦਿਆਂ ਕਿਹਾ, "ਮੈਨੂੰ ਇਹ ਕਹਿੰਦੇ ਹੋਏ ਅਫਸੋਸ ਹੈ ਕਿ ਮੈਂ ਸ਼੍ਰੀ ਗਾਂਧੀ ਨੂੰ ਮਨਾਉਣ ਦੇ ਆਪਣੇ ਮਕਸਦ ਵਿੱਚ ਅਸਫਲ ਰਿਹਾ।"

ਵਾਇਸਰਾਏ ਲਾਰਡ ਵੇਵਲ ਨੇ ਆਪਣੀ ਡਾਇਰੀ ਵਿੱਚ ਲਿਖਿਆ, "ਮੈਂ ਯਕੀਨ ਨਾਲ ਕਹਿ ਸਕਦਾ ਹਾਂ ਕਿ ਮੈਨੂੰ ਇਸ ਗੱਲਬਾਤ ਤੋਂ ਕੁਝ ਬਿਹਤਰ ਹੋਣ ਦੀ ਉਮੀਦ ਸੀ।"

"ਦੋ ਵੱਡੇ ਪਹਾੜ ਜ਼ਰੂਰ ਪਹੁੰਚੇ ਸਨ, ਪਰ ਇਸ ਤੋਂ ਕੁਝ ਵੀ ਨਹੀਂ ਨਿਕਲਿਆ। ਇਸ ਨਾਲ ਇੱਕ ਆਗੂ ਵਜੋਂ ਗਾਂਧੀ ਦੀ ਸਾਖ ਨੂੰ ਜ਼ਰੂਰ ਨੁਕਸਾਨ ਹੋਵੇਗਾ। ਮੈਨੂੰ ਲੱਗਦਾ ਹੈ ਕਿ ਇਸ ਨਾਲ ਜਿਨਾਹ ਦਾ ਉਨ੍ਹਾਂ ਦੇ ਪੈਰੋਕਾਰਾਂ ਵਿੱਚ ਰੁਤਬਾ ਜ਼ਰੂਰ ਵਧੇਗਾ, ਪਰ ਇਹ ਇੱਕ ਸਮਝਦਾਰ ਆਦਮੀ ਵਜੋਂ ਉਨ੍ਹਾਂ ਦੇ ਅਕਸ ਨੂੰ ਨਹੀਂ ਵਧਾਏਗਾ।"

ਮੋਹਨ ਅਤੇ ਮੁਹੰਮਦ ਦਾ ਦੇਹਾਂਤ

ਜਵਾਹਰ ਲਾਲ ਨਹਿਰੂ, ਲਾਰਡ ਇਸਮੇ, ਲਾਰਡ ਮਾਊਂਟਬੈਟਨ ਅਤੇ ਮੁਹੰਮਦ ਅਲੀ ਜਿਨਾਹ

ਤਸਵੀਰ ਸਰੋਤ, Keystone-France/Gamma-Rapho via Getty Images

ਤਸਵੀਰ ਕੈਪਸ਼ਨ, 3 ਜੂਨ, 1947 ਨੂੰ ਦਿੱਲੀ ਵਿੱਚ ਇੱਕ ਕਾਨਫਰੰਸ ਦੌਰਾਨ ਜਵਾਹਰ ਲਾਲ ਨਹਿਰੂ, ਲਾਰਡ ਇਸਮੇ, ਲਾਰਡ ਮਾਊਂਟਬੈਟਨ ਅਤੇ ਮੁਹੰਮਦ ਅਲੀ ਜਿਨਾਹ (ਖੱਬੇ ਤੋਂ ਸੱਜੇ)

ਭਾਰਤ-ਪਾਕਿਸਤਾਨ ਵੰਡ ਦਾ ਰਸਮੀ ਐਲਾਨ 3 ਜੂਨ, 1947 ਦੀ ਰਾਤ ਨੂੰ ਹੋਇਆ। ਉਸ ਮੌਕੇ 'ਤੇ, ਜਵਾਹਰ ਲਾਲ ਨਹਿਰੂ, ਮੁਹੰਮਦ ਅਤੇ ਲਾਰਡ ਮਾਊਂਟਬੈਟਨ ਨੇ ਰੇਡੀਓ 'ਤੇ ਭਾਰਤ ਦੇ ਲੋਕਾਂ ਨੂੰ ਸੰਬੋਧਨ ਕੀਤਾ।

ਸਟੈਨਲੀ ਵੁਲਪਰਟ ਨੇ ਆਪਣੀ ਕਿਤਾਬ 'ਜਿਨਾਹ ਆਫ਼ ਪਾਕਿਸਤਾਨ' ਵਿੱਚ ਲਿਖਿਆ ਹੈ, "ਉਸ ਦਿਨ ਨਹਿਰੂ ਦੇ ਭਾਸ਼ਣ ਦੇ ਆਖਰੀ ਸ਼ਬਦ 'ਜੈ ਹਿੰਦ' ਸਨ, ਜਦੋਂ ਕਿ ਜਿਨਾਹ ਨੇ ਆਪਣਾ ਭਾਸ਼ਣ 'ਪਾਕਿਸਤਾਨ ਜ਼ਿੰਦਾਬਾਦ' ਕਹਿ ਕੇ ਖ਼ਤਮ ਕੀਤਾ।"

"ਪਰ ਇਹ ਕਹਿੰਦੇ ਸਮੇਂ ਜਿਨਾਹ ਦਾ ਸੁਰ ਅਜਿਹਾ ਸੀ ਕਿ ਇੰਝ ਲੱਗ ਰਿਹਾ ਸੀ ਜਿਵੇਂ ਉਹ ਕਹਿ ਰਹੇ ਹੋਣ, ਪਾਕਿਸਤਾਨ ਹੁਣ ਸਾਡੇ ਹੱਥਾਂ ਵਿੱਚ ਹੈ।"

7 ਅਗਸਤ, 1947 ਦੀ ਸਵੇਰ ਨੂੰ ਮੁਹੰਮਦ ਨੇ ਦਿੱਲੀ ਨੂੰ ਹਮੇਸ਼ਾ ਲਈ ਅਲਵਿਦਾ ਕਹਿ ਦਿੱਤਾ ਅਤੇ ਆਪਣੀ ਭੈਣ ਦੇ ਨਾਲ ਉਹ ਵਾਇਸਰਾਏ ਦੇ ਡਕੋਟਾ ਜਹਾਜ਼ ਵਿੱਚ ਸਵਾਰ ਹੋ ਕੇ ਦਿੱਲੀ ਤੋਂ ਕਰਾਚੀ ਪਹੁੰਚ ਗਏ।

ਜਿਵੇਂ ਹੀ ਉਹ ਕਰਾਚੀ ਦੇ ਗਵਰਨਰ ਹਾਊਸ ਦੀਆਂ ਪੌੜੀਆਂ ਚੜ੍ਹ ਰਹੇ ਸਨ, ਉਨ੍ਹਾਂ ਨੇ ਆਪਣੇ ਏਡੀਸੀ ਐੱਸਐੱਮ ਅਹਿਸਾਨ ਨੂੰ ਕਿਹਾ, "ਮੈਂ ਕਦੇ ਵੀ ਆਪਣੇ ਜੀਵਨ ਕਾਲ ਵਿੱਚ ਪਾਕਿਸਤਾਨ ਨੂੰ ਬਣਦਾ ਦੇਖਣ ਦੀ ਉਮੀਦ ਨਹੀਂ ਕੀਤੀ ਸੀ।"

ਮੇਘਨਾਦ ਦੇਸਾਈ ਨੇ ਲਿਖਿਆ, "ਇਸ ਤਰ੍ਹਾਂ ਦੋ ਗੁਜਰਾਤੀਆਂ ਨੇ ਜੋ ਇੰਗਲੈਂਡ ਤੋਂ ਪੜ੍ਹਾਈ ਕਰਨ ਤੋਂ ਬਾਅਦ ਵਾਪਸ ਆਏ, ਆਪਣੀ ਜ਼ਿੰਦਗੀ ਦਾ ਜ਼ਿਆਦਾਤਰ ਹਿੱਸਾ ਭਾਰਤ ਲਈ ਸਵੈ-ਸ਼ਾਸਨ ਦੀ ਮੁਹਿੰਮ ਲਈ ਸਮਰਪਿਤ ਕਰ ਦਿੱਤਾ। ਪਰ ਇਸ ਕੋਸ਼ਿਸ਼ ਵਿੱਚ, ਉਨ੍ਹਾਂ ਨੂੰ ਉਹ ਨਹੀਂ ਮਿਲਿਆ ਜਿਸਦੀ ਉਨ੍ਹਾਂ ਨੂੰ ਉਮੀਦ ਸੀ।"

"ਗਾਂਧੀ ਨੂੰ ਭਾਰਤ ਦੇ ਰਾਸ਼ਟਰ ਪਿਤਾ ਮੰਨਿਆ ਜਾਂਦਾ ਸੀ, ਪਰ ਇਹ ਉਹ ਰਾਸ਼ਟਰ ਨਹੀਂ ਸੀ ਜਿਸਨੂੰ ਉਹ ਆਪਣੀ ਸਾਰੀ ਜ਼ਿੰਦਗੀ ਜਾਣਦੇ ਸਨ। ਜਿਨਾਹ ਨੂੰ ਉਹ ਰਾਸ਼ਟਰ ਵੀ ਨਹੀਂ ਮਿਲਿਆ ਜਿਸਦੀ ਆਜ਼ਾਦੀ ਲਈ ਉਹ ਸ਼ੁਰੂ ਵਿੱਚ ਲੜੇ ਸਨ। ਉਹ ਇੱਕ ਨਵਾਂ ਦੇਸ਼ ਬਣਾਉਣ ਵਿੱਚ ਸਫ਼ਲ ਹੋਏ।"

ਭਾਰਤ ਦੀ ਆਜ਼ਾਦੀ ਦੇ 13 ਮਹੀਨਿਆਂ ਦੇ ਅੰਦਰ, ਦੋਵਾਂ ਆਗੂਆਂ ਨੇ ਹਮੇਸ਼ਾ ਲਈ ਆਪਣੀਆਂ ਅੱਖਾਂ ਬੰਦ ਕਰ ਲਈਆਂ।

ਪਹਿਲਾਂ, ਮੋਹਨ ਦਾ ਕਤਲ 31 ਜਨਵਰੀ ਨੂੰ ਕੀਤਾ ਗਿਆ ਸੀ ਅਤੇ 8 ਮਹੀਨੇ ਬਾਅਦ, 11 ਸਤੰਬਰ ਨੂੰ ਮੁਹੰਮਦ ਨੇ ਵੀ ਇਸ ਦੁਨੀਆ ਨੂੰ ਅਲਵਿਦਾ ਕਹਿ ਦਿੱਤਾ।

ਇਹ ਵੀ ਪੜ੍ਹੋ-

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)