ਕੈਨੇਡਾ ਵਿੱਚ ਬਿਸ਼ਨੋਈ ਗੈਂਗ ਚਰਚਾ ਵਿੱਚ ਕਿਉਂ ਆਇਆ, ਕੌਣ ਇਸ ਗੈਂਗ ਨੂੰ 'ਦਹਿਸ਼ਤਗਰਦ ਜਥੇਬੰਦੀ' ਐਲਾਨੇ ਜਾਣ ਦੀ ਮੰਗ ਕਰ ਰਿਹਾ

    • ਲੇਖਕ, ਗੁਰਜੋਤ ਸਿੰਘ
    • ਰੋਲ, ਬੀਬੀਸੀ ਪੱਤਰਕਾਰ

ਕੈਨੇਡਾ ਵਿੱਚ ਬਿਸ਼ਨੋਈ ਗੈਂਗ ਨੂੰ ਇੱਕ 'ਦਹਿਸ਼ਤਗਰਦ ਸੰਗਠਨ' ਦਾ ਦਰਜਾ ਦਿੱਤੇ ਜਾਣ ਦੀ ਮੰਗ ਕੀਤੀ ਜਾ ਰਹੀ ਹੈ।

ਇਸ ਮੰਗ ਵਿੱਚ ਇਸ ਗੈਂਗ ਦੇ ਮੈਂਬਰਾਂ ਨੂੰ ਬੈਨ ਕਰਨਾ, ਗ੍ਰਿਫ਼ਤਾਰ ਕਰਨਾ ਅਤੇ ਡਿਪੋਰਟ ਕਰਨਾ ਵੀ ਸ਼ਾਮਲ ਹੈ।

ਇੱਥੋਂ ਤੱਕ ਕਿ ਕੈਨੇਡਾ ਦੀ ਕੰਜ਼ਰਵੇਟਿਵ ਪਾਰਟੀ ਦੇ ਆਗੂਆਂ ਨੇ ਬਿਸ਼ਨੋਈ ਗੈਂਗ ਦੇ ਮੈਂਬਰਾਂ ਨੂੰ 'ਬਿਸ਼ਨੋਈ ਦਹਿਸ਼ਤਗਰਦ' ਵੀ ਕਹਿਣਾ ਸ਼ੁਰੂ ਕਰ ਦਿੱਤਾ ਹੈ।

ਕੰਜ਼ਰਵੇਟਿਵ ਪਾਰਟੀ ਦੇ ਆਗੂ ਫਰੈਂਕ ਕਾਪੂਟੋ ਨੇ ਅਧਿਕਾਰਤ ਤੌਰ ਉੱਤੇ ਕੈਨੇਡਾ ਦੇ ਪਬਲਿਕ ਸੇਫਟੀ ਮੰਤਰੀ ਨੂੰ ਲਾਰੈਂਸ ਬਿਸ਼ਨੋਈ ਗੈਂਗ ਨੂੰ ਕੈਨੇਡੀਆਈ ਕਾਨੂੰਨ ਦੇ ਤਹਿਤ 'ਦਹਿਸ਼ਤਗਰਦ ਗਰੁੱਪ' ਦਾ ਦਰਜਾ ਦੇਣ ਦੀ ਮੰਗ ਕੀਤੀ ਹੈ।

ਫਰੈਂਕ ਕਾਪੂਟੋ ਕੈਂਪਲੂਪਸ-ਥੌਂਪਸਨ-ਨਿਕੋਲਾ ਹਲਕੇ ਤੋਂ ਮੈਂਬਰ ਪਾਰਲੀਮੈਂਟ ਹਨ।

ਕੰਜ਼ਰਵੇਟਿਵ ਪਾਰਟੀ ਤੋਂ ਪਹਿਲਾਂ ਬ੍ਰਿਟਿਸ਼ ਕੋਲੰਬੀਆ ਦੇ ਪ੍ਰੀਮੀਅਰ ਡੇਵਿਡ ਐਬੀ ਅਤੇ ਅਲਬਰਟਾ ਦੇ ਪ੍ਰੀਮੀਅਰ ਡੈਨਿਅਲ ਸਮਿਥ ਤੇ ਸਰੀ ਅਤੇ ਬਰੈਂਪਟਨ ਦੇ ਮੇਅਰਾਂ ਦੇ ਵੱਲੋਂ ਵੀ ਇਹ ਮੰਗ ਕੀਤੀ ਜਾ ਚੁੱਕੀ ਹੈ।

ਸਟੂਡੈਂਟ ਪਾਲਿਟਿਕਸ ਤੋਂ ਅਪਰਾਧਕ ਜਗਤ ਵਿੱਚ ਦਾਖ਼ਲ ਹੋਏ 32 ਸਾਲਾ ਲਾਰੈਂਸ ਬਿਸ਼ਨੋਈ ਭਾਰਤ ਵਿੱਚ ਸਾਲ 2015 ਤੋਂ ਜੇਲ੍ਹ ਵਿੱਚ ਹਨ।

ਉਹ ਫਿਲਹਾਲ ਗੁਜਰਾਤ ਦੀ ਸਾਬਰਮਤੀ ਜੇਲ੍ਹ ਵਿੱਚ ਬੰਦ ਹਨ, ਦਰਜਨਾਂ ਅਪਰਾਧਕ ਮਾਮਲਿਆਂ ਦੇ ਨਾਲ-ਨਾਲ ਲਾਰੈਂਸ ਬਿਸ਼ਨੋਈ ਗੈਂਗ ਉੱਤੇ ਪੰਜਾਬੀ ਪੌਪ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਦੇ ਇਲਜ਼ਾਮ ਵੀ ਹਨ।

ਕੌਮੀ ਜਾਂਚ ਏਜੰਸੀ ਦੇ ਮੁਤਾਬਕ ਬਿਸ਼ਨੋਈ ਗੈਂਗ ਦਾ ਭਾਰਤ ਦੇ ਵੱਖ-ਵੱਖ ਸੂਬਿਆਂ ਤੋਂ ਇਲਾਵਾ ਵਿਦੇਸ਼ਾਂ ਵਿੱਚ ਵੀ ਵੱਡਾ ਨੈੱਟਵਰਕ ਹੈ।

ਸਰੀ ਨਿਊਟਨ ਤੋਂ ਐੱਮਪੀ ਸੁੱਖ ਧਾਲੀਵਾਲ ਨੇ ਬੀਬੀਸੀ ਪੰਜਾਬੀ ਨੂੰ ਈਮੇਲ ਦੇ ਜਵਾਬ ਵਿੱਚ ਦੱਸਿਆ ਕਿ ਉਹ ਬਿਸ਼ਨੋਈ ਗੈਂਗ ਨੂੰ ਅਧਿਕਾਰਤ ਤੌਰ ਉੱਤੇ 'ਦਹਿਸ਼ਤਗਰਦ ਸੰਗਠਨ' ਦਾ ਦਰਜਾ ਦੇਣ ਦੇ ਪੱਖ ਵਿੱਚ ਹਨ।

ਉਨ੍ਹਾਂ ਕਿਹਾ, "ਕੈਨੇਡਾ ਦੇ ਲੋਕਾਂ ਦੀ ਸੁਰੱਖਿਆ ਸਾਡੀ ਸਰਕਾਰ ਦੀ ਤਰਜੀਹ ਹੈ, ਸਰਕਾਰ ਵੱਲੋਂ ਜਥੇਬੰਦਕ ਅਪਰਾਧ ਨੂੰ ਰੋਕਣ ਲਈ ਕਈ ਕਦਮ ਚੁੱਕੇ ਗਏ ਹਨ।"

ਬੀਬੀਸੀ ਪੰਜਾਬੀ ਨੇ ਕੈਨੇਡਾ ਦੇ ਪਬਲਿਕ ਸੇਫਟੀ ਮੰਤਰੀ ਗੈਰੀ ਅਨੰਦਾਸਾਂਗਰੀ ਕੋਲੋਂ ਉਨ੍ਹਾਂ ਦਾ ਪੱਖ ਜਾਣਨ ਦੀ ਕੋਸ਼ਿਸ਼ ਕੀਤੀ ਪਰ ਉਨ੍ਹਾਂ ਵੱਲੋਂ ਕੋਈ ਜਵਾਬ ਨਹੀਂ ਦਿੱਤਾ ਗਿਆ।

ਕੈਨੇਡਾ ਵਿੱਚ ਲਾਰੈਂਸ ਬਿਸ਼ਨੋਈ ਨਾਲ ਜੁੜੇ ਅਪਰਾਧ

ਕੈਨੇਡਾ ਵਿੱਚ ਲਾਰੈਂਸ ਬਿਸ਼ਨੋਈ ਦਾ ਨਾਮ ਉਸ ਵੇਲੇ ਵੱਡੇ ਪੱਧਰ ਉੱਤੇ ਚਰਚਾ ਵਿੱਚ ਆਇਆ ਜਦੋਂ ਬੀਤੇ ਸਾਲ ਅਕਤੂਬਰ 2024 ਵਿੱਚ ਹਰਦੀਪ ਸਿੰਘ ਨਿੱਝਰ ਦੇ ਕਤਲ ਬਾਰੇ ਰੋਇਲ ਕੈਨੇਡੀਅਨ ਮਾਉਂਟਿਡ ਪੁਲਿਸ ਨੇ ਆਪਣੀ ਪ੍ਰੈੱਸ ਕਾਨਫਰੰਸ ਵਿੱਚ ਬਿਸ਼ਨੋਈ ਗਰੁੱਪ ਦਾ ਜ਼ਿਕਰ ਕੀਤਾ ਸੀ।

ਆਰਸੀਐੱਮਪੀ ਨੇ ਭਾਰਤ ਸਰਕਾਰ ਦੇ ਏਜੰਟਾਂ ਦੇ ਬਿਸ਼ਨੋਈ ਗੈਂਗ ਨਾਲ ਸਬੰਧ ਹੋਣ ਦੀ ਗੱਲ ਕਹੀ ਸੀ।

ਇਹ ਵੀ ਦਾਅਵਾ ਕੀਤਾ ਗਿਆ ਕਿ ਇਸ ਵੱਲੋਂ ਦੱਖਣੀ ਏਸ਼ੀਆਈ ਭਾਈਚਾਰੇ ਖ਼ਾਸ ਕਰਕੇ ਖਾਲਿਸਤਾਨ ਹਮਾਇਤੀਆਂ ਨੂੰ ਨਿਸ਼ਾਨਾ ਬਣਾਇਆ ਗਿਆ ਸੀ।

ਭਾਰਤ ਸਰਕਾਰ ਵੱਲੋਂ ਕੈਨੇਡਾ ਦੇ ਇਲਜ਼ਾਮਾਂ ਨੂੰ ਬੇਬੁਨਿਆਦ ਦੱਸਿਆ ਗਿਆ ਸੀ।

ਖਾਲਿਸਤਾਨ ਹਮਾਇਤੀ ਹਰਦੀਪ ਸਿੰਘ ਨਿੱਝਰ ਨੂੰ ਜੂਨ 2023 ਵਿੱਚ ਸਰੀ ਵਿੱਚ ਹਥਿਆਰਬੰਦ ਹਮਲਾਵਰਾਂ ਵੱਲੋਂ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ।

ਸੀਬੀਸੀ ਦੀ ਰਿਪੋਰਟ ਵਿੱਚ ਸੂਤਰਾਂ ਦੇ ਹਵਾਲੇ ਨਾਲ ਇਸ ਕਤਲ ਵਿੱਚ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਦਾ ਕਥਿਤ ਤੌਰ ਉੱਤੇ ਬਿਸ਼ਨੋਈ ਗੈਂਗ ਨਾਲ ਸਬੰਧ ਹੋਣ ਦੀ ਗੱਲ ਕਹੀ ਗਈ ਸੀ।

ਇਸ ਮਾਮਲੇ ਤੋਂ ਇਲਾਵਾ ਵੀ ਕੈਨੇਡਾ ਵਿੱਚ ਬੀਤੇ ਕੁਝ ਮਹੀਨਿਆਂ ਵਿੱਚ ਵਾਪਰੀਆਂ ਕਈ ਅਪਰਾਧਿਕ ਗਤੀਵਿਧੀਆਂ ਨੂੰ ਮੀਡੀਆ ਰਿਪੋਰਟਾਂ ਵਿੱਚ ਬਿਸ਼ਨੋਈ ਗੈਂਗ ਨਾਲ ਜੋੜਿਆ ਜਾ ਚੁੱਕਾ ਹੈ।

ਕਈ ਸੋਸ਼ਲ ਮੀਡੀਆ ਪੋਸਟਾਂ ਵਿੱਚ ਕਾਰੋਬਾਰਾਂ ਉੱਤੇ ਹਮਲੇ, ਕਤਲ, ਹਿੰਸਾ ਦੇ ਨਾਲ-ਨਾਲ ਫ਼ਿਰੌਤੀਆਂ ਦੀ ਜ਼ਿੰਮੇਵਾਰੀ ਕਥਿਤ ਤੌਰ ਇਸ ਗਰੁੱਪ ਵੱਲੋਂ ਜਾਣ ਦੀ ਗੱਲ ਮੀਡੀਆ ਵੱਲੋਂ ਰਿਪੋਰਟ ਕੀਤੀ ਗਈ ਹੈ।

ਹਾਲ ਹੀ ਵਿੱਚ ਕਾਮੇਡੀਅਨ ਕਪਿਲ ਸ਼ਰਮਾ ਦੇ ਕੈਨੇਡਾ ਵਿਚਲੇ ਕੈਫੇ ਉੱਤੇ ਦੋ ਵਾਰੀ ਹਮਲੇ ਹੋਏ, ਇਨ੍ਹਾਂ ਹਮਲਿਆਂ ਦੇ ਸਬੰਧ ਵੀ ਮੀਡੀਆ ਵਿੱਚ ਲਾਰੈਂਸ ਬਿਸ਼ਨੋਈ ਗੈਂਗ ਨਾਲ ਜੁੜੇ ਦੱਸੇ ਗਏ ਸਨ।

ਬੀਬੀਸੀ ਸੁਤੰਤਰ ਤੌਰ ਉੱਤੇ ਇਨ੍ਹਾਂ ਮੀਡੀਆ ਰਿਪੋਰਟਾਂ ਅਤੇ ਸੋਸ਼ਲ ਮੀਡੀਆ ਪੋਸਟਾਂ ਦੀ ਪੁਸ਼ਟੀ ਨਹੀਂ ਕਰਦਾ ਹੈ।

ਅੱਤਵਾਦੀ ਸੰਗਠਨ ਦਾ ਦਰਜਾ ਦਿੱਤੇ ਜਾਣ ਨਾਲ ਕੀ ਹੋਵੇਗਾ?

ਫਰਵਰੀ 2025 ਵਿੱਚ ਕੈਨੇਡੀਆਈ ਸਰਕਾਰ ਵੱਲੋਂ 7- ਕੌਮਾਂਤਰੀ ਅਪਰਾਧਿਕ ਸੰਗਠਨਾਂ ਨੂੰ 'ਦਹਿਸ਼ਤਗਰਦ ਸੰਗਠਨ' ਐਲਾਨਿਆ ਗਿਆ ਸੀ।

ਇਨ੍ਹਾਂ ਗਰੁੱਪਾਂ ਦਾ ਸਬੰਧ ਫੈਂਟਾਨਿਲ ਦੀ ਪ੍ਰੋਡਕਸ਼ਨ ਅਤੇ ਇਸ ਦੀ ਸਪਲਾਈ ਨਾਲ ਜੁੜਿਆ ਹੋਇਆ ਸੀ।

ਇਸ ਵੇਲੇ ਜਾਰੀ ਕੀਤੀ ਗਈ ਜਾਣਕਾਰੀ ਦੇ ਮੁਤਾਬਕ, ਇਸ ਸ਼੍ਰੇਣੀ ਵਿੱਚ ਰੱਖੇ ਜਾਣ ਦਾ ਮਤਲਬ ਹੈ ਕਿ ਇਸ ਸੰਗਠਨ ਨਾਲ ਜੁੜੀ ਕੋਈ ਵੀ ਪ੍ਰਾਪਰਟੀ ਫ੍ਰੀਜ਼ ਕੀਤੀ ਜਾ ਸਕਦੀ ਹੈ, ਅਤੇ ਇਹ ਕੈਨੇਡੀਆਈ ਕਾਨੂੰਨ ਏਜੰਸੀਆਂ ਨੂੰ ਇਨ੍ਹਾਂ ਜੁਰਮਾਂ ਪ੍ਰਤੀ ਕਾਰਵਾਈ ਲਈ ਹੋਰ ਤਾਕਤਾਂ ਵੀ ਦਿੰਦਾ ਹੈ।

ਅਜਿਹਾ ਦਰਜਾ ਦੇਣ ਦੀ ਕੀ ਪ੍ਰਕਿਰਿਆ ਹੈ?

ਕੈਨੇਡਾ ਦੇ ਕ੍ਰਿਮਿਨਲ ਕੋਡ ਦੇ ਸੈਕਸ਼ਨ 83.05 ਮੁਤਾਬਕ ਪਬਲਿਕ ਸੇਫਟੀ ਅਤੇ ਐਮਰਜੈਂਸੀ ਪ੍ਰਿਪੇਅਰਡਨੈੱਸ ਮੰਤਰੀ ਦੀ ਸਿਫ਼ਾਰਿਸ਼ ਉੱਤੇ ਅਜਿਹਾ ਕੀਤਾ ਜਾ ਸਕਦਾ ਹੈ, ਜੇਕਰ ਇਹ ਮੰਨਣ ਲਈ ਤਰਕ ਭਰਪੂਰ ਅਧਾਰ ਹੋਣ ਕਿ ਉਕਤ ਸੰਗਠਨ ਵੱਲੋਂ ਆਪ 'ਦਹਿਸ਼ਤਗਰਦ ਕਾਰਵਾਈ' ਕੀਤੀ ਗਈ ਹੈ ਜਾਂ ਕਿਸੇ ਦੀ ਇਸ ਵਿੱਚ ਮਦਦ ਕੀਤੀ ਗਈ ਹੈ।

ਕੈਨੇਡਾ ਵਿੱਚ ਦਹਿਸ਼ਤਗਰਦ ਸੰਗਠਨ ਐਲਾਨੇ ਜਾ ਚੁੱਕੇ ਸੰਗਠਨਾਂ ਵਿੱਚ ਇੰਟਰਨੈਸ਼ਨਲ ਸਿੱਖ ਯੂਥ ਫੈਡਰੇਸ਼ਨ ਅਤੇ ਵਰਲਡ ਤਮਿਲ ਮੂਵਮੈਂਟਸ ਵੀ ਸ਼ਾਮਲ ਹਨ।

ਕੈਨੇਡਾ ਵਿੱਚ ਫ਼ਿਰੌਤੀਆਂ ਅਤੇ ਬਿਸ਼ਨੋਈ ਗੈਂਗ ਦਾ ਨਾਮ

ਕੈਨੇਡਾ ਰਹਿੰਦੇ ਪੱਤਰਕਾਰ ਜਸਵੀਰ ਸ਼ਮੀਲ ਮੰਨਦੇ ਹਨ ਕਿ ਇਸ ਮੰਗ ਪਿੱਛੇ ਕਾਰਨ ਕੈਨੇਡਾ ਵਿੱਚ ਬੀਤੇ ਸਮੇਂ ਵਿੱਚ ਫ਼ਿਰੌਤੀਆਂ ਦਾ ਵਧਣਾ ਹੈ, ਇਹ ਮੰਨਿਆ ਜਾਂਦਾ ਹੈ ਕਿ ਇਸ ਗੈਂਗ ਨਾਲ ਜੁੜੇ ਲੋਕ ਇਸ ਵਿੱਚ ਸ਼ਾਮਲ ਹਨ।

ਉਨ੍ਹਾਂ ਦੱਸਿਆ, "ਕੈਨੇਡਾ ਵਿੱਚ ਫ਼ਿਰੌਤੀਆਂ ਦੇ ਫੋਨ ਆਉਣੇ ਇੱਕ ਵੱਡੀ ਦਿੱਕਤ ਹਨ, ਇਹ ਮਾਮਲੇ ਜਿੰਨੇ ਰਿਪੋਰਟ ਹੋ ਰਹੇ ਹਨ ਉਸ ਨਾਲੋਂ ਵੱਧ ਹੋ ਸਕਦੇ ਹਨ ਤੇ ਸਿਆਸੀ ਲੋਕ ਇਸੇ ਦਿੱਕਤ ਨੂੰ ਆਵਾਜ਼ ਦੇ ਰਹੇ ਹਨ।"

ਉਹ ਕਹਿੰਦੇ ਹਨ, "ਕੈਨੇਡੀਆਈ ਸਰਕਾਰ ਉੱਤੇ ਨਿਰਭਰ ਕਰਦਾ ਹੈ ਕਿ ਉਹ ਬਿਸ਼ਨੋਈ ਗੈਂਗ ਨੂੰ ਕਿੰਨਾ ਵੱਡਾ ਖ਼ਤਰਾ ਮੰਨਦੇ ਹਨ ਅਤੇ ਕੀ ਇਸ ਨੂੰ ਕਾਨੂੰਨੀ ਤੌਰ ਉੱਤੇ ਇਹ ਦਰਜਾ ਦਿੱਤਾ ਜਾ ਸਕਦਾ ਹੈ ਜਾਂ ਨਹੀਂ।"

ਉਨ੍ਹਾਂ ਅੱਗੇ ਕਿਹਾ, "ਕੈਨੇਡਾ ਵਿੱਚ ਇਹ ਵੀ ਕਿਹਾ ਜਾ ਰਿਹਾ ਹੈ ਕਿ ਜੇਕਰ ਬਿਸ਼ਨੋਈ ਗਰੁੱਪ ਨੂੰ ਇਹ ਦਰਜਾ ਦੇ ਵੀ ਦਿੱਤਾ ਜਾਂਦਾ ਹੈ ਤਾਂ ਫ਼ਿਰੌਤੀ ਦਾ ਅਪਰਾਧ ਕਰਨ ਵਾਲੇ ਲੋਕ ਕਿਸੇ ਹੋਰ ਨਾਮ ਹੇਠ ਵੀ ਕੰਮ ਕਰ ਸਕਦੇ ਹਨ।"

ਉਹ ਕਹਿੰਦੇ ਹਨ ਕਿ ਇਸ ਸਭ ਵਿਚਾਲੇ ਪੁਲਿਸ ਪ੍ਰਸ਼ਾਸਨ ਉੱਤੇ ਸਵਾਲ ਉੱਠਣ ਦੇ ਨਾਲ-ਨਾਲ ਇਹ ਵੀ ਕਿਹਾ ਜਾ ਰਿਹਾ ਹੈ ਕਿ ਅਜਿਹੇ ਅਪਰਾਧਕ ਲੋਕ ਕੈਨੇਡਾ ਵਿੱਚ ਦਾਖ਼ਲ ਕਿਵੇਂ ਹੋਏ।

ਕੀ ਬਿਸ਼ਨੋਈ ਗੈਂਗ ਨੂੰ 'ਦਹਿਸ਼ਤਗਰਦ ਸੰਗਠਨ' ਦਾ ਦਰਜਾ ਦੇਣਾ ਸਹੀ ਹੈ?

ਕੰਜ਼ਰਵੇਟਿਵ ਪਾਰਟੀ ਦੇ ਆਗੂ ਜਸਰਾਜ ਹੱਲਣ ਨੇ ਬੀਬੀਸੀ ਨਾਲ ਗੱਲਬਾਤ ਵਿੱਚ ਕਿਹਾ ਕਿ ਇਸ ਗੈਂਗ ਵੱਲੋਂ ਅਜਿਹੇ ਕਈ ਬਿਆਨ ਦਿੱਤੇ ਗਏ ਹਨ ਕਿ ਜੋ ਕਿ ਸਿਆਸੀ ਤਬੀਅਤ ਦੇ ਹਨ ।

ਜਸਰਾਜ ਕੈਲਗਰੀ ਈਸਟ ਤੋਂ ਮੈਂਬਰ ਪਾਰਲੀਮੈਂਟ ਹਨ।

ਉਹ ਕਹਿੰਦੇ ਹਨ ਕਿ ਕੈਨੇਡਾ ਦੀ ਸਰਕਾਰ ਨੂੰ ਅਜਿਹੇ ਕਦਮ ਚੁੱਕਣ ਦੀ ਲੋੜ ਹੈ ਤਾਂ ਜੋ ਕੈਨੇਡਾ ਦੇ ਲੋਕ ਖ਼ੁਦ ਨੂੰ ਸੁਰੱਖਿਅਤ ਮਹਿਸੂਸ ਕਰ ਸਕਣ।

ਕੰਜ਼ਰਵੇਟਿਵ ਪਾਰਟੀ ਦੇ ਲੀਡਰ ਫਰੈਂਗ ਕਾਪੂਟੋ ਨੇ ਆਪਣੀ ਚਿੱਠੀ ਵਿੱਚ ਲਿਖਿਆ, "ਇਹ ਗੈਂਗ ਅਜਿਹੀਆਂ ਕਾਰਵਾਈਆਂ ਵਿੱਚ ਸਿਆਸੀ, ਧਾਰਮਿਕ ਅਤੇ ਵਿਚਾਰਧਾਰਕ ਕਾਰਨਾਂ ਕਰਕੇ ਸ਼ਾਮਲ ਹੈ।"

ਕੈਨੇਡਾ ਦੀ ਕੁਈਨਜ਼ ਯੂਨੀਵਰਸਿਟੀ ਵਿੱਚ ਸਕੂਲ ਆਫ਼ ਰਿਲਿਜਨ ਐਂਡ ਪੁਲਿਟਿਕਲ ਸਟੱਡੀਜ਼ ਦੇ ਸਹਾਇਕ ਪ੍ਰੋਫੈਸਰ ਅਮਰਨਾਥ ਅਮਾਰਾਸਿੰਗਮ ਕਹਿੰਦੇ ਹਨ, "ਇਸ ਤੋਂ ਪਹਿਲਾਂ ਭਾਰਤ ਦੇ ਕਿਸੇ ਵੀ ਜਥੇਬੰਦਕ ਅਪਰਾਧਕ ਸਮੂਹ ਨੂੰ ਦਹਿਸ਼ਤਗਰਦ ਸੰਗਠਨ ਦਾ ਦਰਜਾ ਨਹੀਂ ਦਿੱਤਾ ਗਿਆ ਹੈ, ਜੇਕਰ ਅਜਿਹਾ ਹੋਵੇਗਾ ਤਾਂ ਇਹ ਭਾਰਤ-ਕੈਨੇਡਾ ਸਬੰਧਾਂ ਵਿੱਚ ਤਣਾਅ ਵਧਾ ਸਕਦਾ ਹੈ।"

ਹਾਲਾਂਕਿ ਪੱਤਰਕਾਰ ਜਸਵੀਰ ਸ਼ਮੀਲ ਇਸ ਗੱਲ ਨਾਲ ਅਸਹਿਮਤ ਹਨ ਕਿ ਇਸ ਕਦਮ ਦਾ ਭਾਰਤ-ਕੈਨੇਡਾ ਸਬੰਧਾਂ ਉੱਤੇ ਮਾੜਾ ਅਸਰ ਪਵੇਗਾ।

ਅਮਰਨਾਥ ਕਹਿੰਦੇ ਹਨ ਕਿ ਬਿਸ਼ਨੋਈ ਗੈਂਗ ਇਸ ਦਰਜੇ ਲਈ ਲੋੜੀਂਦੀਆਂ ਸ਼ਰਤਾਂ ਉੱਤੇ ਪੂਰਾ ਨਹੀਂ ਉੱਤਰਦਾ।

ਉਹ ਕਹਿੰਦੇ ਹਨ, "ਹਾਲਾਂਕਿ ਇਹ ਗੰਭੀਰ ਹੈ ਪਰ ਇਹ ਮੁੱਖ ਤੌਰ ਉੱਤੇ ਪੈਸੇ ਲਈ ਇਹ ਕੰਮ ਕਰਦਾ ਹੈ, ਇਸ ਦੀ ਕੋਈ ਵਿਚਾਰਧਾਰਕ, ਧਾਰਮਿਕ ਜਾਂ ਸਿਆਸੀ ਪ੍ਰੇਰਣਾ ਨਹੀਂ ਹੈ।"

ਉਨ੍ਹਾਂ ਕਿਹਾ, "ਅਜਿਹੇ ਸੰਗਠਨ ਨੂੰ ਇਹ ਦਰਜਾ ਦਿੱਤੇ ਜਾਣ ਨਾਲ 'ਦਹਿਸ਼ਤ ਅਤੇ ਅਪਰਾਧ' ਵਿਚਲੀ ਲਕੀਰ ਧੁੰਦਲੀ ਹੁੰਦੀ ਹੈ।"

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)