You’re viewing a text-only version of this website that uses less data. View the main version of the website including all images and videos.
ਲਾਰੈਂਸ ਬਿਸ਼ਨੋਈ ਵਰਗੇ ਅਪਰਾਧੀਆਂ 'ਤੇ ਪੁਲਿਸ ਨਕੇਲ ਕਿਉਂ ਨਹੀਂ ਕੱਸ ਪਾਉਂਦੀ, ਸਾਬਕਾ ਆਈਪੀਐੱਸ ਅਫ਼ਸਰ ਮੀਰਾ ਚੱਢਾ ਤੋਂ ਸਮਝੋ
"ਦੇਸ਼ 'ਚ ਅਰਾਜਕਤਾ ਦੀ ਸਥਿਤੀ ਹੈ। ਜੇਕਰ ਅਸੀਂ ਅਨੁਸ਼ਾਸਿਤ ਸਮਾਜ ਚਾਹੁੰਦੇ ਹਾਂ ਤਾਂ ਸਾਨੂੰ ਕੁਸ਼ਲ ਨਿਆਂ ਪ੍ਰਣਾਲੀ ਲਈ ਕੰਮ ਕਰਨ ਦੀ ਲੋੜ ਹੈ। ਇਸ ਦੇ ਨਾਲ ਦੇਸ਼ ਦਾ ਮਾਹੌਲ ਪੂਰੀ ਤਰ੍ਹਾਂ ਬਦਲ ਜਾਵੇਗਾ।"
ਇਹ ਸ਼ਬਦ ਹਨ ਮੀਰਾ ਚੱਢਾ ਬੋਰਕੰਵਰ ਦੇ।
ਫ਼ਾਜ਼ਿਲਕਾ ਦੇ ਜੰਮਪਲ਼ ਮੀਰਾ ਚੱਢਾ ਬੋਰਵੰਕਰ ਨੇ ਮਹਾਰਾਸ਼ਟਰ ਵਿੱਚ ਕਈ ਅਹਿਮ ਪੁਲਿਸ ਅਹੁਦਿਆਂ ਉਪਰ ਕੰਮ ਕੀਤਾ ਹੈ।
ਉਨ੍ਹਾਂ ਨੇ ਬੀਬੀਸੀ ਸਹਿਯੋਗੀ ਅਰਸ਼ਦੀਪ ਅਰਸ਼ੀ ਨਾਲ 'ਸੰਗਠਿਤ ਅਪਰਾਧ' ਅਤੇ ਇਸ ਨੂੰ ਰੋਕਣ ਦੇ ਮੁੱਦੇ ਬਾਰੇ ਖ਼ਾਸ ਗੱਲਬਾਤ ਕੀਤੀ, ਜਿਸਦੇ ਕੁਝ ਅਹਿਮ ਅੰਸ਼ ਤੁਹਾਡੇ ਨਾਲ ਸਾਂਝੇ ਕਰ ਰਹੇ ਹਾਂ।
ਸਵਾਲ: ਤੁਸੀਂ ਮੁੰਬਈ 'ਚ ਸੰਗਠਿਤ ਅਪਰਾਧ ਨੇੜਿਓਂ ਦੇਖਿਆ, ਜਿਹੜਾ ਅੱਜ ਪੰਜਾਬ ਤੋਂ ਕੈਨੇਡਾ ਤੱਕ ਹੋ ਰਿਹਾ ਹੈ। ਇਹ ਕਿਵੇਂ ਕੰਮ ਕਰਦਾ ਹੈ ਅਤੇ ਇਸ ਨਾਲ ਕਿਵੇਂ ਨਿਪਟਿਆ ਜਾ ਸਕਦਾ ਹੈ?
ਜਵਾਬ: ਅਸੀਂ ਮਹਾਰਾਸ਼ਟਰਾ 'ਚ ਕੰਮ ਕਰਦੇ ਅਪਰਾਧਿਕ ਸੰਗਠਨਾਂ ਦਾ ਅਧਿਆਨ ਕੀਤਾ ਸੀ। ਇਹ ਕਾਰਪੋਰੇਟ ਕਲਚਰ ਦੀ ਲੀਹ 'ਤੇ ਕੰਮ ਕਰਦੇ ਹਨ। ਗੈਂਗ ਦਾ ਇੱਕ ਪ੍ਰਧਾਨ ਹੁੰਦਾ ਹੈ, ਜਿਵੇਂ ਕਿ ਬਿਸ਼ਨੋਈ ਜਾਂ ਬਰਾੜ। ਫਿਰ ਅੱਗੇ ਇਨ੍ਹਾਂ ਦੀ ਇੱਕ ਅੰਦਰੂਨੀ ਟੀਮ ਹੁੰਦੀ ਹੈ ਅਤੇ ਫਿਰ ਹੋਰ ਹੇਠਲੇ ਪੱਧਰ 'ਤੇ ਕੰਮ ਕਾਰਨ ਵਾਲੇ ਬੰਦੇ ਹੁੰਦੇ ਹਨ।
ਇਸ ਅਧਿਆਨ ਤੋਂ ਬਾਅਦ ਅਸੀਂ "ਮਕੋਕਾ" - ਮਹਾਰਾਸ਼ਟਰ ਸੰਗਠਿਤ ਅਪਰਾਧ ਕੰਟਰੋਲ ਐਕਟ ਲਾਗੂ ਕੀਤਾ। ਜਿਸਦੇ ਜ਼ਰੀਏ ਸੰਗਠਿਤ ਅਪਰਾਧ ਨਾਲ ਨਿਜੱਠਣ ਲਈ ਖ਼ਾਸ ਅਦਾਲਤਾਂ ਬਣਾਈਆ ਤਾਂ ਜੋ ਇਨ੍ਹਾਂ ਕੇਸਾਂ 'ਚ ਤੁਰੰਤ ਕਾਰਵਾਈ ਹੋਵੇ।
ਸਾਡੇ ਅਫ਼ਸਰਾਂ ਨੇ ਥੋੜੇ ਸਮੇਂ ਲਈ ਐਨਕਾਊਂਟਰ ਦੀ ਨੀਤੀ ਵੀ ਸ਼ੁਰੂ ਕੀਤੀ ਸੀ, ਜੋ ਬਾਅਦ ਵਿੱਚ ਗ਼ੈਰ-ਕਨੂੰਨੀ ਹੋਣ ਕਰਕੇ ਬੰਦ ਕੀਤੀ ਗਈ। ਐਨਕਾਊਂਟਰ ਕਰਨ ਤੋਂ ਮਨਾਹੀ ਕੀਤੀ ਗਈ ਜਦ ਤੱਕ ਅਫ਼ਸਰ ਦੀ ਆਪਣੀ ਜ਼ਿੰਦਗੀ ਖ਼ਤਰੇ 'ਚ ਨਾਂਹ ਹੋਵੇ।
ਮੈਨੂੰ ਨਹੀਂ ਪਤਾ ਪੰਜਾਬ 'ਚ ਵੀ ਅਜਿਹਾ ਕੋਈ ਕਨੂੰਨ ਹੈ ਜਾਂ ਨਹੀਂ। ਪਰ ਜੇਕਰ ਨਹੀਂ ਹੈ ਤਾਂ ਉਹ ਮਹਾਰਾਸ਼ਟਰ ਦਾ ਇਹ ਕਨੂੰਨ ਲਾਗੂ ਕਰਕੇ ਪੰਜਾਬ ਸਣੇ ਉੱਤਰੀ ਭਾਰਤ 'ਚ ਵੀ ਸੰਗਠਿਤ ਅਪਰਾਧ ’ਤੇ ਨੱਥ ਪਾ ਸਕਦੇ ਹਨ।
ਸਵਾਲ: ਲਾਰੈਂਸ ਬਿਸ਼ਨੋਈ ਦਾ ਜ਼ਿਕਰ ਵਾਰ-ਵਾਰ ਹੁੰਦਾ ਹੈ। ਪਿਛਲੇ ਦਿਨੀਂ ਮੁੰਬਈ 'ਚ ਇੱਕ ਸਿਆਸੀ ਆਗੂ ਦਾ ਵੀ ਕਤਲ ਹੋਇਆ। ਇਸ ਸਭ ਨਾਲ ਆਮ ਲੋਕਾਂ 'ਚ ਇੱਕ ਸੁਨੇਹਾ ਜਾਂਦਾ ਹੈ ਕਿ ਇੱਕ ਬੰਦਾ ਜੇਲ 'ਚ ਬੈਠਾ ਇਹ ਸਭ ਆਯੋਜਿਤ ਕਰ ਰਿਹਾ ਹੈ। ਤੁਸੀਂ ਇਸ ਨੂੰ ਕਿਵੇਂ ਦੇਖਦੇ ਹੋ ?
ਜਵਾਬ: ਪਹਿਲਾਂ ਇਸ ਤਰ੍ਹਾਂ ਨਹੀਂ ਸੀ ਹੁੰਦਾ। ਪਰ ਹੁਣ ਜਦੋਂ ਮਹਾਰਾਸ਼ਟਰ ਪੁਲਿਸ ਨੇ ਉਸ ਦੀ ਹਿਰਾਸਤ ਲੈਣ ਦੀ ਕੋਸ਼ਿਸ਼ ਕੀਤੀ ਤੇ ਦੱਸਿਆ ਗਿਆ ਕਿ ਕੇਂਦਰੀ ਗ੍ਰਹਿ ਮੰਤਰਾਲੇ ਨੇ ਬੀਐਨਐਸਐਸ 303 ਦੇ ਅਧੀਨ ਦੂਜੇ ਸੂਬੇ ਦੀ ਪੁਲਿਸ ਨੂੰ ਉਸ ਨੂੰ ਹਿਰਾਸਤ 'ਚ ਲੈਣ ਦੀ ਇਜਾਜ਼ਤ ਨਹੀਂ ਦਿੱਤੀ ਹੈ।
ਜਦੋਂ ਤੱਕ ਪੁਲਿਸ ਅਪਰਾਧੀ ਨੂੰ ਹਿਰਾਸਤ 'ਚ ਨਹੀਂ ਲੈ ਲੈਂਦੀ, ਕਾਰਵਾਈ ਕਰਨਾ ਜਾਂ ਜੁਰਮ ਦੇ ਪਿਛੋਕੜ ਨੂੰ ਸਮਝਣਾ ਬਹੁਤ ਔਖਾ ਹੋ ਜਾਂਦਾ ਹੈ।
ਅਜਿਹੇ ਅਪਰਾਧਾਂ ਨਾਲ ਨਜਿੱਠਣ ਲਈ ਗੈਂਗ ਦੇ ਮੁਖੀ ਤੋਂ ਲੈ ਕੇ ਗੈਂਗ ਦੇ ਸਮਰਥਕ ਤੱਕ, ਪੁਲਿਸ ਦੀ ਪਹੁੰਚ ਹੋਣਾ ਬਹੁਤ ਜ਼ਰੂਰੀ ਹੈ।
ਜੇ ਤੁਹਾਨੂੰ ਅਪਰਾਧ ਸੰਬੰਧੀ ਜਾਣਕਾਰੀ ਚਾਹੀਦੀ ਹੈ ਤਾਂ ਬਿਸ਼ਨੋਈ, ਬਰਾੜ, ਦਾਊਦ, ਛੋਟਾ ਰਾਜਨ ਵਰਗੇ ਅਪਰਾਧੀਆਂ ਦਾ ਪੁੱਛਗਿੱਛ ਕੇਂਦਰ ਤੱਕ ਪਹੁੰਚਣਾ ਬਹੁਤ ਜ਼ਰੂਰੀ ਹੈ।
ਜੋ ਹਾਲ ਹੀ 'ਚ ਬਿਸ਼ਨੋਈ ਦੇ ਮਾਮਲੇ 'ਚ ਔਖਾ ਹੋ ਗਿਆ ਹੈ।
ਸਵਾਲ: ਤੁਸੀਂ ਆਪਣੇ ਲੇਖਾਂ 'ਚ 'ਕ੍ਰਿਮਿਨਲ ਜਸਟਿਸ ਸਿਸਟਮ' ਬਾਰੇ ਕਾਫ਼ੀ ਜ਼ਿਕਰ ਕੀਤਾ ਹੈ। ਤੁਹਾਡੇ ਨਜ਼ਰਾਂ 'ਚ ਇਹ ਕੀ ਹੈ ?
ਜਵਾਬ: ਜਦੋ ਮੈਂ 2004 'ਚ ਕ੍ਰਾਈਮ ਬ੍ਰਾਂਚ ਮੁੰਬਈ ਦੀ ਚੀਫ਼ ਸੀ , ਅਸੀਂ ਉਦੋਂ ਇੱਕ ਕੇਸ ਦਰਜ਼ ਕੀਤਾ।
ਮੁੰਬਈ 'ਚ ਉਦੋਂ ਗੁਟਕਾ ਕਿੰਗ ਹੁੰਦੇ ਸੀ ਰਸਿਕਲਾਲ ਮਾਨਿਕਚੰਦ, ਧਾਰੀਵਾਲ ਅਤੇ ਜੇ.ਐਮ ਜੋਸ਼ੀ।
ਇਨ੍ਹਾਂ ਦਾ ਜਦੋਂ ਆਰਥਿਕ ਵਿਵਾਦ ਹੋਇਆ ਤਾਂ ਇਹ ਦਾਊਦ ਇਬਰਾਹਿਮ ਕੋਲ ਗਏ।
ਇਹ ਸਾਡੀ ਕਿੰਨੀ ਵੱਡੀ ਅਸਫ਼ਲਤਾ ਹੈ। ਆਮ ਲੋਕ ਵੀ ਨਹੀਂ, ਇਨ੍ਹਾਂ ਵਰਗੇ ਵੱਡੇ ਵਪਾਰੀਆਂ ਨੂੰ ਆਪਣਾ ਮਸਲਾ ਹੱਲ ਕਰਾਉਣ ਲਈ ਇੱਕ ਅਪਰਾਧੀ ਦੀ ਮਦਦ ਲੈਣੀ ਪੈਂਦੀ ਹੈ।
ਇੱਥੇ ਪਹਿਲੀ ਅਸਮਰਥਾ ਹੈ ਸਿਵਲ ਅਦਾਲਤ ਦੀ, ਜੋ ਸਾਲ- ਦੋ ਸਾਲ 'ਚ ਵੀ ਫ਼ੈਸਲਾ ਨਹੀਂ ਦਿੰਦੇ।
ਦੂਜਾ, ਜਦੋਂ ਸਾਨੂੰ ਪਤਾ ਲੱਗਿਆ ਅਸੀਂ 2004 'ਚ ਕੇਸ ਦਾਖ਼ਲ ਕਰ ਲਿਆ। ਉਸ 2004 ਦੇ ਕੇਸ ਦੀ ਸੁਣਵਾਈ ਹੁਣ 2023 'ਚ ਹੋਈ ਅਤੇ ਮੁਲਜ਼ਮਾਂ ਨੂੰ ਦੋਸ਼ੀ ਕਰਾਰ ਦਿੱਤਾ ਗਿਆ।
ਜਦੋਂ ਅਸੀਂ ਅਨੁਸ਼ਾਸਿਤ ਸਮਾਜ ਦੀ ਮੰਗ ਕਰਦੇ ਹਾਂ, ਅੱਜ ਫ਼ੈਲੀ ਹੋਈ ਅਰਾਜਕਤਾ ਦੇ ਮਾਹੌਲ ਨਾਲ ਨਜਿੱਠਨ ਦੀ ਗੱਲ ਕਰਦੇ ਹਾਂ ਤਾਂ ਇਸ ਦਾ ਇਕੋ ਹੱਲ ਹੈ -ਮਜਬੂਤ ਨਿਆਂਇਕ ਢਾਂਚਾ।
ਕੀ ਭਾਰਤ 'ਬਨਾਨਾ ਰੀਪਬਲਿਕ' (ਕਮਜ਼ੋਰ ਸਰਕਾਰ ਵਾਲਾ ਇੱਕ ਗਰੀਬ ਦੇਸ਼ ) ਹੈ। ਜੇ ਨਹੀਂ, ਜੇਕਰ ਸਾਡਾ ਦੇਸ਼ ਇੱਕ ਮਜ਼ਬੂਤ ਲੋਕਤੰਤਰ ਹੈ ਤਾਂ ਫਿਰ ਸਾਨੂੰ ਨਿਆਂ ਢਾਂਚੇ 'ਤੇ ਪੈਸੇ ਖਰਚਣੇ ਪੈਣਗੇ।
ਤਾਂ ਜੋ ਵੱਧ ਤੋਂ ਵੱਧ ਇੱਕ ਸਾਲ 'ਚ ਸੈਸ਼ਨ ਅਦਾਲਤ ਆਪਣਾ ਫੈਸਲਾ ਕਰ ਸਕੇ , 6 ਮਹੀਨਿਆਂ ਵਿੱਚ ਅਪੀਲ ਦਾਇਰ ਕਰਨ ਦਾ ਸਮਾਂ ਤੈਅ ਕੀਤਾ ਜਾ ਸਕੇ।
ਸਵਾਲ: ਫਾਜ਼ਿਲਕਾ ਸ਼ਹਿਰ ਤੋਂ ਤੁਸੀਂ ਐਨਸੀਆਰਬੀ-ਡੀਜੀ ਦੇ ਪੱਦ ਤੱਕ ਪਹੁੰਚੇ, ਜੋ ਕੁੜੀਆਂ ਇਹ ਦੇਖ ਰਹੀਆਂ ਹਨ ਉਨ੍ਹਾਂ ਨੂੰ ਕੀ ਸੁਨੇਹਾ ਦੇਣਾ ਚਾਹੋਗੇ?
ਜਵਾਬ: ਇਹ ਮੇਰਾ ਸਭ ਤੋਂ ਮਨਪਸੰਦ ਮੁੱਦਾ ਹੈ।
ਮੈਂ ਇੱਕ ਆਮ ਸਕੂਲ ਤੋਂ ਆਪਣੀ ਸਿੱਖਿਆ ਪ੍ਰਾਪਤ ਕੀਤੀ ਹੈ। ਮੈਂ ਅਤੇ ਮੇਰੀ ਭੈਣ ਹਰ ਰੋਜ਼ 5 ਕਿਲੋਮੀਟਰ ਸਾਈਕਲ 'ਤੇ ਸਕੂਲ ਜਾਂਦੇ ਹੁੰਦੇ ਸੀ।
1981 ਬੈਚ 'ਚ ਮੈਂ ਇਕੱਲੀ ਔਰਤ ਸੀ। ਮੇਰੇ ਬੈਚ ਦੇ ਮੁੰਡੇ ਮਖੌਲ ਕਰਦੇ ਸਨ ਕਿ ਮੀਰਾ ਅੰਗਰੇਜ਼ੀ ਵੀ ਪੰਜਾਬੀ 'ਚ ਬੋਲਦੀ ਹੈ।
ਮੈਨੂੰ ਲੱਗਦਾ ਸਫ਼ਲ ਹੋਣ ਲਈ ਅੰਗਰੇਜ਼ੀ ਆਉਣਾ ਜ਼ਰੂਰੀ ਨਹੀਂ।
ਸਫ਼ਲ ਹੋਣ ਦੀ ਇੱਛਾ ਹੋਣੀ ਚਾਹੀਦੀ ਹੈ। ਮਿਹਨਤ ਕਰਨ ਦਾ ਜਜ਼ਬਾ ਹੋਣਾ ਚਾਹੀਦਾ ਹੈ - ਜੋ ਕਿ ਪੰਜਾਬੀਆਂ 'ਚ ਵੈਸੇ ਹੀ ਬੜਾ ਹੁੰਦਾ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ