You’re viewing a text-only version of this website that uses less data. View the main version of the website including all images and videos.
ਲਾਰੈਂਸ ਬਿਸ਼ਨੋਈ: ਅਬੋਹਰ ਦਾ ਮੁੰਡਾ ਚੰਡੀਗੜ੍ਹ ਦੀ ਸਟੂਡੈਂਟ ਪੌਲਿਟਿਕਸ ਤੇ ਅਪਰਾਧ ਦੀ ਦੁਨੀਆਂ 'ਚ ਇੰਝ ਸਰਗਰਮ ਹੋਇਆ
- ਲੇਖਕ, ਅਵਤਾਰ ਸਿੰਘ
- ਰੋਲ, ਬੀਬੀਸੀ ਪੱਤਰਕਾਰ
“ਮੈਂ ਜਦੋਂ ਪਹਿਲੀ ਵਾਰ ਜੇਲ੍ਹ ਗਿਆ ਤਾਂ ਵਿਦਿਆਰਥੀ ਸੀ, ਬਾਅਦ ਵਿੱਚ ਜੇਲ੍ਹ ਅੰਦਰ ਹੀ ‘ਗੈਂਗਸਟਰ ਬਣ’ ਗਿਆ..ਸਾਡੇ ਭਰਾਵਾਂ ਦੇ ਕਤਲ ਹੋਏ, ਅਸੀਂ ਸਿਰਫ਼ ਪ੍ਰਤੀਕਿਰਿਆ ਦਿੱਤੀ...ਇਨਸਾਨ ਜੋ ਵੀ ਹੁੰਦਾ ਹੈ, ਉਹ ਆਪਣੇ ਆਲੇ-ਦੁਆਲੇ ਦੇ ਮਾਹੌਲ ਵਿੱਚੋਂ ਬਣਦਾ ਹੈ।”
ਕਰੀਬ 50 ਅਪਰਾਧਿਕ ਕੇਸਾਂ ਦਾ ਸਾਹਮਣਾ ਕਰ ਰਹੇ ਕਥਿਤ ਗੈਂਗਸਟਰ ਲਾਰੈਂਸ ਬਿਸ਼ਨੋਈ ਨੇ ਇੱਕ ਨਿੱਜੀ ਚੈਨਲ ਨੂੰ ‘ਜੇਲ੍ਹ’ ਵਿੱਚੋਂ ਦਿੱਤੀ ਇੰਟਰਵਿਊ ਵਿੱਚ ਇਹ ਗੱਲਾਂ ਕਹੀਆਂ ਹਨ।
ਪੁਲਿਸ ਮੁਤਾਬਕ ਲਾਰੈਂਸ ਬਿਸ਼ਨੋਈ ਨੇ ਜਿਆਦਾਤਰ ਅਪਰਾਧਕ ਘਟਨਾਵਾਂ ਨੂੰ ਜੇਲ੍ਹ ਅੰਦਰੋਂ ਅੰਜਾਮ ਦਿੱਤੀਆਂ ਹਨ।
31 ਸਾਲਾ ਲਾਰੈਂਸ ਬਿਸ਼ਨੋਈ ਖ਼ਿਲਾਫ਼ ਕਤਲ, ਲੁੱਟ ਅਤੇ ਮਾਰ-ਕੁੱਟ ਸਣੇ ਕਈ ਮਾਮਲਿਆਂ ਦੇ ਇਲਜ਼ਾਮ ਹਨ।
ਬਿਸ਼ਨੋਈ ਖ਼ਿਲਾਫ਼ ਇਹ ਮਾਮਲੇ ਪੰਜਾਬ, ਦਿੱਲੀ ਅਤੇ ਰਾਜਸਥਾਨ ਵਿਖੇ ਦਰਜ ਹਨ।
ਲਾਰੈਂਸ ਬਿਸ਼ਨੋਈ ਦੇ ਵਕੀਲ ਵਿਸ਼ਾਲ ਚੋਪੜਾ ਨੇ ਬੀਬੀਸੀ ਸਹਿਯੋਗੀ ਸੁਚਿੱਤਰਾ ਮੁਹੰਤੀ ਨੂੰ ਕਿਹਾ, “ਮੇਰਾ ਮੁਵੱਕਿਲ ਬੇਕਸੂਰ ਹੈ ਅਤੇ ਉਹ ਅਪਰਾਧੀ ਨਹੀਂ ਹੈ।”
ਵਿਦਿਆਰਥੀ ਜੀਵਨ ਅਤੇ ਅਪਰਾਧ ਦੀ ਦੁਨੀਆਂ
ਲਾਰੈਂਸ ਬਿਸ਼ਨੋਈ ਫ਼ਾਜ਼ਿਲਕਾ ਜ਼ਿਲ੍ਹੇ ਦੇ ਅਬੋਹਰ ਦਾ ਰਹਿਣ ਵਾਲੇ ਹਨ। ਉਹਨਾਂ ਦੇ ਪਰਿਵਾਰ ਕੋਲ ਕਾਫ਼ੀ ਜ਼ਮੀਨ ਹੈ। ਲਾਰੈਂਸ ਦਾ ਇੱਕ ਹੋਰ ਭਰਾ ਅਨਮੋਲ ਬਿਸ਼ਨੋਈ ਹੈ।
ਲਾਰੈਂਸ ਬਿਸ਼ਨੋਈ ਦੇ ਮਾਤਾ ਸੁਨੀਤਾ ਬਿਸ਼ਨੋਈ ਨੇ ਇੱਕ ਵਾਰ ਸਰਪੰਚੀ ਦੀ ਚੋਣ ਲਈ ਕਾਗਜ ਦਾਖ਼ਲ ਕੀਤੇ ਸਨ ਪਰ ਬਾਅਦ ਵਿੱਚ ਉਨ੍ਹਾਂ ਨੇ ਚੋਣ ਨਹੀਂ ਲੜੀ।
ਲਾਰੈਂਸ ਬਿਸ਼ਨੋਈ ਨੇ ਆਪਣੀ ਸ਼ੁਰੂਆਤੀ ਪੜ੍ਹਾਈ ਅਬੋਹਰ ਦੇ ਇੱਕ ਨਿੱਜੀ ਕਾਨਵੈਂਟ ਸਕੂਲ ਵਿੱਚੋਂ ਕੀਤੀ।
ਲਾਰੈਂਸ ਨੇ ਸਾਲ 2011 ਵਿੱਚ ਡੀਏਵੀ ਕਾਲਜ ਚੰਡੀਗੜ੍ਹ ਦਾਖ਼ਲਾ ਲਿਆ ਸੀ ਜਿੱਥੇ ਉਸ ਨੇ ਵਿਦਿਆਰਥੀ ਰਾਜਨੀਤੀ ਵਿੱਚ ਕਦਮ ਰੱਖਿਆ।
ਲਾਰੈਂਸ ਬਿਸ਼ਨੋਈ ਦੇ ਸਕੂਲ ਅਤੇ ਕਾਲਜ ਸਮੇਂ ਦੇ ਵਿਦਿਆਰਥੀ ਦੱਸਦੇ ਹਨ ਕਿ ਉਹ ਪੰਜਾਬੀ, ਬਾਗੜੀ ਅਤੇ ਹਰਿਆਣਵੀ ਭਾਸ਼ਾਵਾਂ ਜਾਣਦਾ ਹੈ।
ਉਹ ਪੰਜਾਬ ਦੇ ਜਿਸ ਇਲਾਕੇ ਅਬੋਹਰ ਤੋਂ ਆਉਂਦਾ ਹੈ, ਉਹ ਸਰਹੱਦੀ ਇਲਾਕਾ ਹੈ।
ਇਸ ਇਲਾਕੇ ’ਚ ਪੰਜਾਬ, ਹਰਿਆਣਾ ਅਤੇ ਰਾਜਸਥਾਨ ਦਾ ਸਾਂਝਾ ਸੱਭਿਆਚਾਰ ਹੈ।
ਲਾਰੈਂਸ ਬਿਸ਼ਨੋਈ ਵਿਦਿਆਰਥੀ ਜਥੇਬੰਦੀ ‘ਸੋਪੂ’ ਵਿੱਚ ਸਰਗਰਮ ਰਿਹਾ ਪਰ ਉਸ ਦਾ ਪੰਜਾਬ ਯੂਨੀਵਰਸਿਟੀ ਵਿੱਚ ਕਦੇ ਦਾਖ਼ਲਾ ਨਹੀਂ ਹੋਇਆ ਸੀ।
ਹਾਲਾਂਕਿ, ਉਹ ਵਿਦਿਆਰਥੀ ਰਾਜਨੀਤੀ ਨਾਲ ਜੁੜਿਆ ਜ਼ਰੂਰ ਰਿਹਾ ਸੀ।
ਜਿਸ ਸਮੇਂ ਲਾਰੈਂਸ ਬਿਸ਼ਨੋਈ ਵਿਦਿਆਰਥੀਆਂ ਵਿੱਚ ਸਰਗਰਮ ਸੀ, ਉਸ ਸਮੇਂ ਚੰਡੀਗੜ੍ਹ ਦੇ ਕਾਲਜਾਂ ਅਤੇ ਯੂਨੀਵਰਸਿਟੀ ਵਿੱਚ ਸਥਾਨਕ ਜਥੇਬੰਦੀਆਂ 'ਸੋਪੂ' ਅਤੇ 'ਪੂਸੂ' ਦਾ ਬੋਲਬਾਲਾ ਸੀ।
ਪਰ ਉਸ ਤੋਂ ਬਾਅਦ ਰਾਜਨੀਤਿਕ ਪਾਰਟੀਆਂ ਨਾਲ ਜੁੜੀਆਂ ਜਥੇਬੰਦੀਆਂ ਐੱਨਐੱਸਯੂਆਈ ਅਤੇ ਐੱਸਓਆਈ ਨੇ ਰਾਜਨੀਤੀ ਸ਼ੁਰੂ ਕੀਤੀ। ਇਹ ਜਥੇਬੰਦੀਆਂ ਪਾਰਟੀਆਂ ਦੇ ਅਨੁਸ਼ਾਸ਼ਨ ਵਿੱਚ ਕੰਮ ਕਰਦੀਆਂ ਹਨ।
ਲਾਰੈਂਸ ਬਿਸ਼ਨੋਈ ਖਿਲਾਫ਼ ਕੇਸ
ਲਾਰੈਂਸ ਬਿਸ਼ਨੋਈ ਪਹਿਲੀ ਵਾਰ ਸਾਲ 2014 ਵਿੱਚ ਜੇਲ੍ਹ ਗਿਆ ਸੀ।
ਸਿੱਧੂ ਮੂਸੇਵਾਲਾ ਦੀ ਹੱਤਿਆ ਤੋਂ ਪਹਿਲਾਂ ਲਾਰੈਂਸ ਦਿੱਲੀ ਦੀ ਤਿਹਾੜ ਜੇਲ੍ਹ ਵਿੱਚ ਬੰਦ ਸੀ।
ਲਾਰੈਂਸ ਬਿਸ਼ਨੋਈ ਨੂੰ ਹਾਲੇ 10 ਮਾਰਚ ਨੂੰ ਹੀ ਰਾਜਸਥਾਨ ਤੋਂ ਪੰਜਾਬ ਦੀ ਬਠਿੰਡਾ ਕੇਂਦਰੀ ਜੇਲ੍ਹ ਲਿਆਂਦਾ ਗਿਆ ਸੀ।
ਪੁਲਿਸ ਮੁਤਾਬਕ ਲਾਰੈਂਸ 'ਏ' ਸ਼੍ਰੇਣੀ ਦਾ ਗੈਂਗਸਟਰ ਹੈ, ਪੰਜਾਬ ਪੁਲਿਸ ਨੇ ਗੈਂਗਸਟਰਾਂ ਦੀ ਸ਼੍ਰੇਣੀ ਬਣਾਈ ਹੋਈ ਹੈ ਤੇ 'ਏ' ਸ਼੍ਰੇਣੀ ਦਾ ਮਤਲਬ ਹੈ ਕਿ ਜੋ ਜ਼ਿਆਦਾ ਸੰਗੀਨ ਅਪਰਾਧਾਂ ਵਿੱਚ ਕਥਿਤ ਤੌਰ 'ਤੇ ਸ਼ਾਮਲ ਹਨ।
ਲਾਰੈਂਸ ਬਿਸ਼ਨੋਈ 'ਤੇ ਕਤਲ, ਲੁੱਟ ਅਤੇ ਮਾਰ-ਕੁੱਟ ਸਣੇ ਕਈ ਮਾਮਲਿਆਂ ਦੇ ਇਲਜ਼ਾਮ ਹਨ।
ਬਿਸ਼ਨੋਈ ਖ਼ਿਲਾਫ਼ ਪੰਜਾਬ, ਦਿੱਲੀ ਅਤੇ ਰਾਜਸਥਾਨ ਵਿਖੇ ਕਈ ਮਾਮਲੇ ਦਰਜ ਹਨ।
ਪੁਲਿਸ ਰਿਕਾਰਡ ਮੁਤਾਬਕ ਲਾਰੈਂਸ ਬਿਸ਼ਨੋਈ ਚਾਰ ਕੇਸਾਂ ਨੂੰ ਵਿੱਚ ਦੋਸ਼ੀ ਸਾਬਤ ਹੋ ਚੁੱਕਾ ਹੈ।
ਲਾਰੈਂਸ ਬਿਸ਼ਨੋਈ ਖਿਲਾਫ਼ 22 ਕੇਸ ਇਸ ਵੇਲੇ ਚੱਲ ਰਹੇ ਹਨ।
ਉਸਦੇ ਖਿਲਾਫ਼ 7 ਕੇਸਾਂ ਵਿੱਚ ਜਾਂਚ ਜਾਰੀ ਹੈ।
ਲਾਰੈਂਸ ਬਿਸ਼ਨੋਈ ਦਾ ਗੈਂਗ ਅਤੇ ‘ਦਰਦ’
ਬਿਸ਼ਨੋਈ ਗਰੁੱਪ ਦੇ ਕਰੀਬ 700 ਦੇ ਮੈਂਬਰ ਦੱਸੇ ਜਾਂਦੇ ਹਨ। ਅੱਜ-ਕੱਲ੍ਹ ਇਸ ਗਰੁੱਪ ਨੂੰ ਕਥਿਤ ਤੌਰ ’ਤੇ ਕੈਨੇਡਾ ਤੋਂ ਗੋਲਡੀ ਬਰਾੜ ਚਲਾ ਰਿਹਾ ਹੈ।
ਗੋਲਡੀ ਬਰਾੜ ਪੰਜਾਬ ਪੁਲਿਸ ਨੂੰ ਸਿੱਧੂ ਮੂਸੇਵਾਲਾ ਦੇ ਕਤਲ ਦੇ ਪ੍ਰਮੁੱਖ ਸਾਜ਼ਿਸਕਰਤਾ ਦੇ ਨਾਲ-ਨਾਲ ਕਈ ਹੋਰ ਮਾਮਲਿਆਂ ਵਿੱਚ ਲੋੜੀਂਦਾ ਹੈ।
ਪੰਜਾਬ ਪੁਲਿਸ ਦੇ ਮੁਤਾਬਕ 29 ਮਈ ਨੂੰ ਹੋਏ ਸਿੱਧੂ ਮੂਸੇਵਾਲ ਦੇ ਕਤਲ ਦੀ ਜ਼ਿੰਮੇਵਾਰੀ ਗੋਲਡੀ ਬਰਾੜ ਨੇ ਹੀ ਲਈ ਸੀ।
ਲਾਰੈਂਸ ਬਿਸ਼ਨੋਈ ਦੇ ਗਰੁੱਪ ਵਿੱਚ ਪੰਜਾਬ, ਹਰਿਆਣਾ ਅਤੇ ਰਾਜਸਥਾਨ ਨਾਲ ਸਬੰਧਤ ਲੋਕ ਸ਼ਾਮਿਲ ਦੱਸੇ ਜਾਂਦੇ ਹਨ।
ਯਾਨੀ ਇਹ ਤਿੰਨ ਸੂਬਿਆਂ ਵਿੱਚ ਸਰਗਰਮ ਹੈ।
ਨਿੱਜੀ ਚੈਨਲ ਨੂੰ ਦਿੱਤੀ ਇੰਟਰਵਿਊ ਵਿੱਚ ਲਾਰੈਂਸ ਬਿਸ਼ਨੋਈ ਆਪਣੇ ਗਰੁੱਪ ਬਾਰੇ ਕਹਿੰਦਾ ਹੈ, “ਇਹ ਕੋਈ ਗੈਂਗ ਨਹੀਂ ਸਗੋਂ ਇਕੋ ਹੀ ਦਰਦ ਵਾਲੇ ਲੋਕ ਇਕੱਠੇ ਹੋਏ ਹਨ।”
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ)