You’re viewing a text-only version of this website that uses less data. View the main version of the website including all images and videos.
ਸਿੱਧੂ ਮੂਸੇਵਾਲਾ ਕਤਲ ਕੇਸ: ਕੀ ਲਾਰੈਂਸ ਬਿਸ਼ਨੋਈ ਵਰਗੇ ਮੁਲਜ਼ਮਾਂ ਨਾਲ ਸ਼ੂਟਰ ਕੇਵਲ ਪੈਸੇ ਲਈ ਕੰਮ ਕਰਦੇ ਹਨ
- ਲੇਖਕ, ਅਰਵਿੰਦ ਛਾਬੜਾ
- ਰੋਲ, ਬੀਬੀਸੀ ਪੱਤਰਕਾਰ
ਗੋਲਡੀ ਬਰਾੜ ਦੇ ਅਮਰੀਕਾ ਵਿੱਚ ਡਿਟੇਨ ਕੀਤੇ ਜਾਣ ਤੋਂ ਪਹਿਲਾਂ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਵਿੱਚ ਹੁਣ ਤੱਕ 27 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ।
ਸਵਾਲ ਇਹ ਪੈਦਾ ਹੁੰਦਾ ਹੈ ਕਿ ਇੰਨੇ ਲੋਕਾਂ ਨੂੰ ਕੀ ਲਾਲਚ ਸੀ ਜਾਂ ਕੀ ਕਾਰਨ ਸੀ ਕਿ ਉਨ੍ਹਾਂ ਨੇ ਸਿੱਧੂ ਮੂਸੇਵਾਲਾ ਦੇ ਕਤਲ ਵਿੱਚ ਲਾਰੈਂਸ ਦੀ ਅਤੇ ਗੋਲਡੀ ਦੀ ਮਦਦ ਕੀਤੀ।
ਮੁਲਜ਼ਮਾਂ ਦੀ ਪੁੱਛਗਿੱਛ ਵਿੱਚ ਸ਼ਾਮਲ ਅਤੇ ਗੈਂਗਸਟਰਾਂ ਤੇ ਅਪਰਾਧੀਆਂ ਨਾਲ ਨਜਿੱਠ ਰਹੇ ਪੰਜਾਬ ਦੇ ਪੁਲਿਸ ਅਫ਼ਸਰ ਦੱਸਦੇ ਹਨ ਕਿ ਇਹ ਜ਼ਰੂਰੀ ਨਹੀਂ ਹੈ ਕਿ ਇਹ ਲੋਕ ਸਿਰਫ਼ ਪੈਸੇ ਲਈ ਜੁਰਮ ਕਰਦੇ ਹਨ।
ਕੀ ਪੈਸੇ ਲਈ ਕੀਤਾ ਗਿਆ ਕਤਲ
ਦਰਅਸਲ ਸਿੱਧੂ ਮੂਸੇਵਾਲਾ ਦੇ ਕਤਲ ਵਿੱਚ ਸਾਹਮਣੇ ਆਇਆ ਕਿ ਮੁਲਜ਼ਮਾਂ ਨੇ ਮਦਦ ਪੈਸੇ ਦੇ ਲਾਲਚ ਲਈ ਨਹੀਂ ਕੀਤੀ ਸੀ। ਇਸ ਪਿੱਛੇ ਕਿਤੇ ਦੋਸਤੀ ਸੀ ਤੇ ਕਿਤੇ ਪੁਰਾਣੇ ਸੰਬੰਧ ਤੇ ਕਿਤੇ ਇੱਕ ਸੰਗਠਨ ਜਾਂ ਵਿਅਕਤੀ ਨਾਲ ਦੁਸ਼ਮਣੀ ਇਸ ਦੇ ਕਾਰਨ ਸਨ।
ਪੰਜਾਬ ਪੁਲਿਸ ਦੇ ਏਆਈਜੀ ਗੌਰਵ ਤੁਰਾ, ਜੋ ਮੂਸੇਵਾਲਾ ਦੇ ਕਤਲ ਦੀ ਜਾਂਚ ਕਰ ਰਹੀ ਖ਼ਾਸ ਟੀਮ ਦੇ ਮੈਂਬਰ ਵੀ ਰਹੇ, ਉਹ ਦੱਸਦੇ ਹਨ ਕਿ ਇਸ ਮਾਮਲੇ ਵਿੱਚ ਸਾਹਮਣੇ ਆਇਆ ਹੈ ਕਿ ਬਹੁਤ ਸਾਰੇ ਮੁਲਜ਼ਮਾਂ ਨੇ ਗੋਲਡੀ ਬਰਾੜ ਤੇ ਲਾਰੈਂਸ ਬਿਸ਼ਨੋਈ ਦਾ ਸਾਥ ਪੈਸਿਆਂ ਲਈ ਨਹੀਂ ਦਿੱਤਾ ਸੀ।
ਪੁਲਿਸ ਅਨੁਸਾਰ ਤਫ਼ਤੀਸ਼ ਵਿੱਚ ਸਾਹਮਣੇ ਆਇਆ ਕਿ ਗੋਲਡੀ ਤੇ ਲਾਰੈਂਸ ਸਿੱਧੂ ਮੂਸੇਵਾਲਾ ਨੂੰ ਇਸ ਕਾਰਨ ਖ਼ਤਮ ਕਰਨਾ ਚਾਹੁੰਦੇ ਸਨ ਕਿਉਂਕਿ ਉਹ ਵਿੱਕੀ ਮਿੱਡੂਖੇੜਾ ਦਾ ਬਦਲਾ ਲੈਣਾ ਚਾਹੁੰਦੇ ਸਨ।
ਪੁਲਿਸ ਸੂਤਰਾਂ ਮੁਤਾਬਿਕ, ਉਨ੍ਹਾਂ ਨੇ ਜਿੰਨਾ ਲੋਕਾਂ ਨੂੰ ਇਸ ਸਾਜ਼ਿਸ਼ ਵਿੱਚ ਸ਼ਾਮਲ ਕੀਤਾ, ਉਨ੍ਹਾਂ ਨੂੰ ਇਸ ਗੱਲ ਦਾ ਵਿਸ਼ਵਾਸ ਦੁਆਇਆ ਕਿ ਸਿੱਧੂ ਨੂੰ ਮਾਰ ਕੇ ਉਹ ਆਪਣੇ ਦੁਸ਼ਮਣ ਗੈਂਗ ਤੋਂ ਵਿੱਕੀ ਮਿੱਡੂਖੇੜਾ ਦਾ ਬਦਲਾ ਹੀ ਲੈ ਰਹੇ ਹਨ।
- ਸਿੱਧੂ ਮੂਸੇਵਾਲਾ ਮਾਮਲੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਗੋਲਡੀ ਬਰਾੜ ਨੂੰ ਅਮਰੀਕਾ ’ਚ ਹਿਰਾਸਤ 'ਚ ਲੈਣ ਦਾ ਦਾਅਵਾ ਕੀਤਾ ਗਿਆ।
- ਗੋਲਡੀ ਬਰਾੜ ਤੋਂ ਪਹਿਲਾਂ ਇਸ ਮਾਮਲੇ ਵਿੱਚ ਹੁਣ ਤੱਕ 27 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਜਾ ਚੁੱਕਿਆ ਹੈ।
- ਪੁਲਿਸ ਮੁਤਾਬਕ, ਬਹੁਤ ਸਾਰੇ ਮੁਲਜ਼ਮਾਂ ਨੇ ਗੋਲਡੀ ਤੇ ਲਾਰੈਂਸ ਦਾ ਸਾਥ ਪੈਸੇ ਕਾਰਨ ਨਹੀਂ ਦਿੱਤਾ ਸੀ।
- ਪੁਲਿਸ ਨੇ ਇਸ ਕਤਲ 'ਚ ਬਿਸ਼ਨੋਈ ਤੇ ਗੋਲਡੀ ਦੇ ਨਾਲ ਜੱਗੂ ਭਗਵਾਨਪੁਰੀਆ ਦਾ ਵੀ ਅਹਿਮ ਰੋਲ ਦੱਸਿਆ ਹੈ।
- 29 ਮਈ 2022 ਨੂੰ ਸਿੱਧੂ ਮੂਸੇਵਾਲਾ ਦਾ ਮਾਨਸਾ ਦੇ ਪਿੰਡ ਜਵਾਹਰਕੇ ਵਿੱਚ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਸੀ।
ਜੇਲ੍ਹ ਦੀ ਦੋਸਤੀ
ਪੁਲਿਸ ਦੁਆਰਾ ਅਦਾਲਤ ਵਿੱਚ ਦਾਇਰ ਕੀਤੇ ਚਲਾਨ ਮੁਤਾਬਿਕ, ਲਾਰੈਂਸ ਬਿਸ਼ਨੋਈ ਤੇ ਗੋਲਡੀ ਬਰਾੜ ਤੋਂ ਇਲਾਵਾ ਜੱਗੂ ਭਗਵਾਨਪੁਰੀਆ ਦੀ ਇਸ ਕਤਲ ਵਿੱਚ ਖਾਸ ਭੂਮਿਕਾ ਸੀ।
ਲਾਰੈਂਸ ਨੇ ਪੁਲਿਸ ਦੀ ਪੁੱਛਗਿੱਛ ਦੌਰਾਨ ਦੱਸਿਆ ਕਿ ਜੱਗੂ ਉਨ੍ਹਾਂ ਨਾਲ ਇਸ ਸਮੇਂ ਦੌਰਾਨ ਤਿਹਾੜ ਜੇਲ੍ਹ ਵਿਚ ਬੰਦ ਸੀ।
ਜੱਗੂ ਨੇ ਉਸ ਨੂੰ ਕਿਹਾ ਕਿ ਉਸ ਦੀ ਦੁਸ਼ਮਣੀ ਅੰਮ੍ਰਿਤਸਰ ਵਾਸੀ ਰਣਬੀਰ ਸਿੰਘ ਨਾਲ ਹੈ ਤੇ ਉਹ ਉਸ ਨੂੰ ਮਰਵਾਉਣਾ ਚਾਹੁੰਦਾ ਹੈ।
ਜੱਗੂ ਨੇ ਲਾਰੈਂਸ ਨੂੰ ਇਸ ਲਈ ਸ਼ੂਟਰਾਂ ਦਾ ਪ੍ਰਬੰਧ ਕਰਨ ਲਈ ਕਿਹਾ ਸੀ। ਲਾਰੈਂਸ ਨੇ ਉਸ ਲਈ ਕਥਿਤ ਤੌਰ ’ਤੇ ਹਰਿਆਣਾ ਦੇ ਦੋ ਸ਼ੂਟਰਾਂ ਦਾ ਪ੍ਰਬੰਧ ਕਰਵਾਇਆ ਸੀ ਤੇ ਉਨ੍ਹਾਂ ਨੇ ਫਿਰ ਇਸ ਕਤਲ ਨੂੰ ਕਥਿਤ ਤੌਰ ’ਤੇ ਅੰਜਾਮ ਦਿੱਤਾ ਸੀ।
ਪੁਲਿਸ ਮੁਤਾਬਕ, ਜੱਗੂ ਤੇ ਲਾਰੈਂਸ ਦੇ ਇਹ ਪੁਰਾਣੇ ਸੰਬੰਧ ਸਿੱਧੂ ਮੂਸੇਵਾਲਾ ਦੇ ਕਤਲ ਲਈ ਕੰਮ ਆਏ।
ਜੱਗੂ ਨੇ ਗੋਲਡੀ ਤੇ ਲਾਰੈਂਸ ਦੇ ਨਾਲ ਮਿਲ ਕੇ ਮੂਸੇਵਾਲਾ ਨੂੰ ਕਤਲ ਕਰਨ ਦਾ ਪਲਾਨ ਤਿਆਰ ਕੀਤਾ ਤੇ ਸ਼ੂਟਰਾਂ ਦੀ ਮਦਦ ਕੀਤੀ ਤੇ ਰੇਕੀ ਕਰਵਾਈ ਸੀ।
ਜੱਗੂ ਦੇ ਕਹਿਣ ‘ਤੇ ਉਸ ਦੇ ਸਾਥੀ ਮਨਮੋਹਨ ਸਿੰਘ ਮੋਹਨਾ ਨੇ ਲਾਰੈਂਸ ਬਿਸ਼ਨੋਈ ਦੇ ਭੇਜੇ ਗਏ ਸ਼ੂਟਰਾਂ ਦੀ ਰਿਹਾਇਸ਼ ਦਾ ਪ੍ਰਬੰਧ ਕੀਤਾ ਸੀ।
ਕਿਵੇਂ ਜੁੜੇ ਬਾਕੀ ਮੁਲਜ਼ਮ
ਪੁਲਿਸ ਅਧਿਕਾਰੀ ਮਿਸਾਲ ਦੇ ਤੌਰ ’ਤੇ ਪਵਨ ਕੁਮਾਰ ਬਿਸ਼ਨੋਈ ਦੀ ਗੱਲ ਕਰਦੇ ਹਨ। ਪਵਨ ਕੁਮਾਰ ਬਿਸ਼ਨੋਈ ‘ਤੇ ਸਿੱਧੂ ਮੂਸੇਵਾਲਾ ਦੇ ਕਤਲ ਵਿੱਚ ਸਿੱਧੇ ਤੌਰ ‘ਤੇ ਮੁੱਖ ਮੁਲਜ਼ਮਾਂ ਦੀ ਮਦਦ ਕਰਨ ਦਾ ਇਲਜ਼ਾਮ ਹੈ।
ਪੁਲਿਸ ਪੁੱਛਗਿੱਛ ਵਿੱਚ ਸਾਹਮਣੇ ਆਇਆ ਕਿ ਉਸ ਦੇ ਰਿਸ਼ਤੇਦਾਰ ਦੇ ਹੱਥੋਂ ਲਾਰੈਂਸ ਬਿਸ਼ਨੋਈ ਦੇ ਰਿਸ਼ਤੇਦਾਰ ਦੀ ਮੌਤ ਹੋ ਗਈ ਸੀ। ਇਸ ਕਰ ਕੇ ਲਾਰੈਂਸ ਬਿਸ਼ਨੋਈ ਨੇ ਕਥਿਤ ਤੌਰ ਉੱਤੇ ਇਸ ਨੂੰ ਕਿਹਾ ਸੀ ਕਿ ਤੂੰ ਸਾਡੀ ਮਦਦ ਕਰ ਤੇ ਮੈਂ ਤੇਰੇ ਨਾਲ ਸਮਝੌਤਾ ਕਰ ਲਵਾਂਗਾ।
ਪਵਨ ਕੁਮਾਰ ਨੇ ਗੋਲਡੀ ਦੇ ਕਹਿਣ ਉੱਤੇ ਆਪਣੇ ਇੱਕ ਦੋਸਤ ਨੂੰ ਬੋਲੈਰੋ ਗੱਡੀ ਲਿਆਉਣ ਲਈ ਕਿਹਾ ਸੀ। ਪਵਨ ਕੁਮਾਰ ਨੇ ਹੀ ਇਹ ਗੱਡੀ ਆਪਣੇ ਘਰ ਰੱਖੀ ਤੇ ਸ਼ੂਟਰਾਂ ਨੂੰ ਵਾਰਦਾਤ ਕਰਨ ਲਈ ਦਿੱਤੀ।
ਪੰਜਾਬ ਪੁਲਿਸ ਨੂੰ ਤਫ਼ਤੀਸ਼ ਦੌਰਾਨ ਇਹ ਵੀ ਜਾਣਕਾਰੀ ਮਿਲੀ ਕਿ ਕਈ ਨੌਜਵਾਨ ਇਨਾਂ ਲਈ ਖ਼ਤਰਨਾਕ ਕੰਮ ਕਰਨ ਲਈ ਇਸ ਲਈ ਵੀ ਤਿਆਰ ਹੁੰਦੇ ਹਨ ਕਿਉਂਕਿ ਉਹ ਮੰਨਦੇ ਹਨ ਕਿ ਇਸ ਨਾਲ ਉਨ੍ਹਾਂ ਦੀ ਗੈਂਗ ਵਿੱਚ ਜਲਦੀ ਚੜ੍ਹਾਈ ਹੋਏਗੀ।
ਕਿੱਥੋਂ ਆਉਂਦਾ ਹੈ ਪੈਸਾ
ਚੜ੍ਹਾਈ ਦੀ ਗੱਲ ਤਾਂ ਵੱਖਰੀ ਹੈ ਪਰ ਇਨ੍ਹਾਂ ਜੁਰਮਾਂ ਲਈ ਪੈਸੇ ਦੀ ਵੀ ਲੋੜ ਹੁੰਦੀ ਹੈ।
ਕਹਿਣ ਨੂੰ ਤਾਂ ਗੋਲਡੀ ਸਟੱਡੀ ਵੀਜ਼ਾ ਉੱਤੇ ਕੈਨੇਡਾ ਗਿਆ ਸੀ ਤੇ ਲਾਰੈਂਸ ਜੇਲ੍ਹ ਵਿੱਚ ਬੰਦ ਹੈ, ਤਾਂ ਫੇਰ ਇਨ੍ਹਾਂ ਸਾਰੇ ਕੰਮਾਂ ਲਈ ਪੈਸਾ ਕਿੱਥੋਂ ਆਉਂਦਾ ਹੈ।
ਬੀਬੀਸੀ ਨਾਲ ਗੱਲਬਾਤ ਕਰਦਿਆਂ ਇੱਕ ਪੁਲਿਸ ਅਧਿਕਾਰੀ ਦੱਸਦੇ ਹਨ ਕਿ ਇਹ ਲੋਕ ਆਪਸੀ ਦੁਸ਼ਮਣੀ ਕਾਰਨ ਬਹੁਤੇ ਕਤਲਾਂ ਨੂੰ ਅੰਜਾਮ ਦਿੰਦੇ ਹਨ।
ਇਨ੍ਹਾਂ ਕਤਲਾਂ ਕਾਰਨ ਉਨ੍ਹਾਂ ਦਾ ਨਾਮ ਤੇ ਡਰ ਫੈਲਦਾ ਹੈ। ਇਸ ਦਾ ਫ਼ਾਇਦਾ ਚੁੱਕ ਕੇ ਇਹ ਲੋਕ ਫਿਰੌਤੀਆਂ ਮੰਗਦੇ ਹਨ।
ਸਿੱਧੂ ਮੂਸੇਵਾਲਾ ਕਤਲ
29 ਮਈ 2022 ਦਿਨ ਐਤਵਾਰ ਨੂੰ ਬਾਅਦ ਦੁਪਹਿਰ ਮਾਨਸਾ ਜ਼ਿਲ੍ਹੇ ਦੇ ਆਪਣੇ ਪਿੰਡ ਮੂਸਾ ਤੋਂ ਗਾਇਕ ਸਿੱਧੂ ਮੂਸੇਵਾਲਾ ਨਿਕਲੇ ਹੀ ਸਨ ਕਿ ਕੁਝ ਦੂਰ ਜਾਂਦਿਆਂ ਹੀ ਪਿੰਡ ਜਵਾਹਰਕੇ ਵਿੱਚ ਉਨ੍ਹਾਂ ਦੀ ਥਾਰ ਗੱਡੀ ਨੂੰ ਘੇਰ ਲਿਆ ਗਿਆ।
ਅਣਪਛਾਤੇ ਹਮਲਾਵਰਾਂ ਨੇ ਘੇਰ ਕੇ ਕਈ ਰਾਊਂਡ ਫਾਇਰਿੰਗ ਕੀਤੇ।
ਇਸ ਘਟਨਾ ਵਿੱਚ ਮੂਸੇਵਾਲਾ ਨੂੰ ਕਈ ਗੋਲੀਆਂ ਲੱਗੀਆਂ ਅਤੇ ਹਸਪਤਾਲ ਲਿਜਾਇਆ ਗਿਆ ਪਰ ਹਸਤਪਾਲ ਪਹੁੰਚਣ ਤੋਂ ਪਹਿਲਾਂ ਹੀ ਮੂਸੇਵਾਲਾ ਦੀ ਮੌਤ ਹੋ ਚੁੱਕੀ ਸੀ।