ਕਲੈਕਟਰ ਟੀਨਾ ਡਾਬੀ ਨੂੰ 'ਰੀਲ ਸਟਾਰ' ਕਹਿਣ 'ਤੇ ਵਿਦਿਆਰਥੀਆਂ ਨੂੰ 'ਹਿਰਾਸਤ' 'ਚ ਲੈਣ ਦਾ ਮਾਮਲਾ ਕੀ ਹੈ, ਪੁਲਿਸ ਨੇ ਕੀ ਦੱਸਿਆ?

    • ਲੇਖਕ, ਮੋਹਰ ਸਿੰਘ ਮੀਣਾ
    • ਰੋਲ, ਜੈਪੁਰ ਤੋਂ, ਬੀਬੀਸੀ ਹਿੰਦੀ ਦੇ ਲਈ

ਰਾਜਸਥਾਨ ਦੇ ਬਾੜਮੇਰ ਜ਼ਿਲ੍ਹੇ ਦੀ ਕਲੈਕਟਰ ਟੀਨਾ ਡਾਬੀ ਨਾਲ ਜੁੜਿਆ ਇੱਕ ਵਿਵਾਦ ਚਰਚਾ ਵਿੱਚ ਹੈ। ਜ਼ਿਲ੍ਹੇ ਦੇ ਗਰਲਜ਼ ਪੀਜੀ ਕਾਲਜ ਵਿੱਚ ਵਿਦਿਆਰਥੀਆਂ ਦੇ ਪ੍ਰਦਰਸ਼ਨ ਦੌਰਾਨ ਟੀਨਾ ਡਾਬੀ ਨੂੰ 'ਰੀਲ ਸਟਾਰ' ਕਹੇ ਜਾਣ ਦਾ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਸੋਸ਼ਲ ਮੀਡੀਆ ਤੋਂ ਲੈ ਕੇ ਸਿਆਸੀ ਗਲਿਆਰਿਆਂ ਤੱਕ ਹਲਚਲ ਹੈ।

ਇਸ ਮਾਮਲੇ ਤੋਂ ਬਾਅਦ ਪੁਲਿਸ ਕਾਰਵਾਈ ਅਤੇ ਕੁਝ ਵਿਦਿਆਰਥੀਆਂ ਨੂੰ ਹਿਰਾਸਤ ਵਿੱਚ ਲੈਣ ਮਗਰੋਂ ਮਾਮਲਾ ਹੋਰ ਵੀ ਸੰਵੇਦਨਸ਼ੀਲ ਹੋ ਗਿਆ ਹੈ।

ਬੀਬੀਸੀ ਹਿੰਦੀ ਨੇ ਵਿਦਿਆਰਥੀਆਂ ਦੇ ਇਲਜ਼ਾਮਾਂ 'ਤੇ ਜ਼ਿਲ੍ਹਾ ਕਲੈਕਟਰ ਟੀਨਾ ਡਾਬੀ, ਏਡੀਐੱਮ ਰਾਜੇਂਦਰ ਸਿੰਘ ਅਤੇ ਐੱਸਡੀਐੱਮ ਯਸ਼ਾਰਥ ਸ਼ੇਖਰ ਨਾਲ ਉਨ੍ਹਾਂ ਦਾ ਪੱਖ ਜਾਣਨ ਲਈ ਕਈ ਵਾਰ ਫ਼ੋਨ 'ਤੇ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਪਰ ਖਬਰ ਲਿਖਣ ਤੱਕ ਕਿਸੇ ਵੀ ਅਧਿਕਾਰੀ ਨਾਲ ਸੰਪਰਕ ਨਹੀਂ ਹੋ ਸਕਿਆ।

ਹਾਲਾਂਕਿ, ਟੀਨਾ ਡਾਬੀ ਨੇ ਇੱਕ ਨਿੱਜੀ ਚੈਨਲ ਨੂੰ ਦਿੱਤੇ ਲਿਖਤੀ ਬਿਆਨ ਵਿੱਚ ਕਿਹਾ ਕਿ "ਇਹ ਮੁੱਦਾ ਸਿਰਫ਼ ਸੋਸ਼ਲ ਮੀਡੀਆ 'ਤੇ ਹੀ ਹੈ। ਸੋਸ਼ਲ ਮੀਡੀਆ 'ਤੇ ਜੋ ਹੋ ਰਿਹਾ ਹੈ ਉਹ ਸਿਰਫ਼ ਬਦਨਾਮ ਕਰਨ ਅਤੇ ਸਸਤੀ ਪ੍ਰਸਿੱਧੀ ਹਾਸਲ ਕਰਨ ਦੀ ਕੋਸ਼ਿਸ਼ ਹੈ।"

ਰਾਜਸਥਾਨ ਕੈਡਰ ਦੀ ਆਈਏਐੱਸ ਅਤੇ ਸੰਘ ਲੋਕ ਸੇਵਾ ਕਮਿਸ਼ਨ (ਯੂਪੀਐੱਸਸੀ) 2015 ਦੇ ਟੌਪਰ ਰਹਿਣ ਤੋਂ ਬਾਅਦ ਤੋਂ ਹੀ ਟੀਨਾ ਡਾਬੀ ਲਗਾਤਾਰ ਸੁਰਖੀਆਂ ਵਿੱਚ ਰਹੇ ਹਨ।

ਟੀਨਾ ਡਾਬੀ ਕਦੇ ਪ੍ਰਸ਼ਾਸਕੀ ਫੈਸਲਿਆਂ ਅਤੇ ਕਦੇ ਸੋਸ਼ਲ ਮੀਡੀਆ 'ਤੇ ਉਨ੍ਹਾਂ ਨਾਲ ਜੁੜੀਆਂ ਰੀਲਾਂ ਕਾਰਨ ਚਰਚਾ ਵਿੱਚ ਰਹੇ ਹਨ।

ਪਰ ਇਸ ਵਾਰ ਵਿਦਿਆਰਥੀਆਂ ਦੇ ਟੀਨਾ ਡਾਬੀ ਨੂੰ ਰੋਲ ਮਾਡਲ ਨਾ ਮੰਨਣ ਅਤੇ ਉਨ੍ਹਾਂ ਨੂੰ 'ਰੀਲ ਸਟਾਰ' ਕਹਿਣ ਕਾਰਨ ਸ਼ੁਰੂ ਹੋਏ ਵਿਵਾਦ ਵਿੱਚ ਪੁਲਿਸ ਕਾਰਵਾਈ ਹੋਣ ਨਾਲ ਵਿਵਾਦ ਵੱਧ ਗਿਆ ਹੈ।

ਕੀ ਹੈ ਵਿਵਾਦ?

ਜੋਧਪੁਰ ਯੂਨੀਵਰਸਿਟੀ ਨੇ ਹਾਲ ਹੀ ਵਿੱਚ ਪ੍ਰੀਖਿਆ ਫੀਸਾਂ ਵਿੱਚ ਵਾਧਾ ਕੀਤਾ ਸੀ, ਜਿਸ ਦਾ ਵਿਦਿਆਰਥੀ ਵਿਰੋਧ ਕਰ ਰਹੇ ਸਨ।

ਜੋਧਪੁਰ ਦੇ ਜੈ ਨਾਰਾਇਣ ਵਿਆਸ ਯੂਨੀਵਰਸਿਟੀ ਦੇ ਅਧੀਨ ਆਉਣ ਵਾਲੇ ਬਾੜਮੇਰ ਦੇ ਪੀਜੀ ਗਰਲਜ਼ ਕਾਲਜ ਦੀਆਂ ਵਿਦਿਆਰਥਣਾਂ ਵੀ ਫੀਸ ਵਾਧੇ ਦਾ ਵਿਰੋਧ ਕਰ ਰਹੀਆਂ ਹਨ।

ਇਨ੍ਹਾਂ ਵਿਰੋਧ ਪ੍ਰਦਰਸ਼ਨਾਂ ਵਿੱਚ ਵਿਦਿਆਰਥੀ ਸੰਗਠਨ ਅਖਿਲ ਭਾਰਤੀ ਵਿਦਿਆਰਥੀ ਪਰਿਸ਼ਦ (ਏਬੀਵੀਪੀ) ਦੇ ਅਧਿਕਾਰੀ ਅਤੇ ਸੰਗਠਨ ਨਾਲ ਜੁੜੇ ਵਿਦਿਆਰਥੀ ਸ਼ਾਮਲ ਹਨ।

ਕਾਲਜ ਤੋਂ ਐੱਮਏ ਹਿਸਟਰੀ ਦੀ ਵਿਦਿਆਰਥਣ ਅਤੇ ਵਿਰੋਧ ਪ੍ਰਦਰਸ਼ਨ ਵਿੱਚ ਹਿੱਸਾ ਲੈ ਕੇ ਪੁਲਿਸ ਸਟੇਸ਼ਨ ਪਹੁੰਚੀ, ਦੀਪੂ ਚੌਹਾਨ ਬੀਬੀਸੀ ਹਿੰਦੀ ਨੂੰ ਦੱਸਦੇ ਹਨ, "ਅਸੀਂ ਸਵੇਰੇ 9 ਵਜੇ ਤੋਂ ਹੀ ਕਾਲਜ ਵਿੱਚ ਸ਼ਾਂਤੀਪੂਰਵਕ ਧਰਨਾ ਦੇ ਰਹੇ ਸੀ। ਸਾਡੀ ਮੰਗ ਸੀ ਕਿ ਵਧੀਆਂ ਫੀਸਾਂ ਵਾਪਸ ਲਈਆਂ ਜਾਣ। ਸਾਡਾ ਪ੍ਰਦਰਸ਼ਨ ਲਗਭਗ ਚਾਰ ਘੰਟੇ ਸ਼ਾਂਤੀਪੂਰਵਕ ਜਾਰੀ ਰਿਹਾ। ਇਸ ਤੋਂ ਬਾਅਦ ਐੱਸਡੀਐੱਮ ਮੌਕੇ 'ਤੇ ਪਹੁੰਚੇ ਅਤੇ ਭਰੋਸਾ ਦਿੱਤਾ।"

ਸਾਰੀਆਂ ਪ੍ਰਦਰਸ਼ਨਕਾਰੀ ਵਿਦਿਆਰਥਣਾਂ ਨੇ ਮੰਗ ਕੀਤੀ ਸੀ ਕਿ, "ਸਾਡੀ ਕਲੈਕਟਰ ਇੱਕ ਔਰਤ ਹੈ ਤਾਂ ਉਹ ਸਾਡੇ ਨਾਲ ਗੱਲ ਕਿਉਂ ਨਹੀਂ ਕਰ ਸਕਦੇ? ਉਨ੍ਹਾਂ ਨੂੰ ਆ ਕੇ ਸਾਡੀ ਗੱਲ ਸੁਣਨੀ ਚਾਹੀਦੀ ਹੈ।"

ਉਹ ਦੱਸਦੀਆਂ ਹਨ ਕਿ ਉੱਥੇ ਮੌਜੂਦ ਪ੍ਰਸ਼ਾਸਨਿਕ ਅਧਿਕਾਰੀ ਨੇ ਉਨ੍ਹਾਂ ਨੂੰ ਕਿਹਾ, "ਤੁਹਾਨੂੰ ਅਜਿਹੀਆਂ ਗੱਲਾਂ ਨਹੀਂ ਕਹਿਣੀਆਂ ਚਾਹੀਦੀਆਂ। ਉਹ ਤੁਹਾਡੀ ਰੋਲ ਮਾਡਲ ਹੈ। ਉਨ੍ਹਾਂ ਦਾ ਇੱਕ ਪ੍ਰੋਟੋਕੋਲ ਹੈ। ਉਹ ਆ ਕੇ ਇਸ ਤਰ੍ਹਾਂ ਗੱਲ ਨਹੀਂ ਕਰ ਸਕਦੇ।"

ਦੀਪੂ ਚੌਹਾਨ ਦੱਸਦੇ ਹਨ, "ਸਾਰੇ ਵਿਦਿਆਰਥੀਆਂ ਨੇ ਕਿਹਾ, 'ਤੁਸੀਂ ਉਨ੍ਹਾਂ ਨੂੰ ਸਾਡੇ 'ਤੇ ਇੱਕ ਰੋਲ ਮਾਡਲ ਵਜੋਂ ਨਹੀਂ ਥੋਪ ਸਕਦੇ। ਜੇਕਰ ਉਹ ਇੱਕ ਰੋਲ ਮਾਡਲ ਹੁੰਦੇ ਤਾਂ ਉਹ ਸਾਡੇ ਕੋਲ ਆਉਂਦੇ ਅਤੇ ਸਾਡੀਆਂ ਮੰਗਾਂ ਸੁਣਦੇ। ਇੱਕ ਰੋਲ ਮਾਡਲ ਉਹ ਹੁੰਦਾ ਹੈ ਜੋ ਸਾਨੂੰ ਪ੍ਰੇਰਿਤ ਕਰਦਾ ਹੈ। ਉਹ ਸਾਡੀ ਰੋਲ ਮਾਡਲ ਨਹੀਂ ਹੈ।"

ਧਰਨੇ ਵਿੱਚ ਸ਼ਾਮਲ ਵਿਦਿਆਰਥਣ ਸੁਨੀਤਾ ਜਾਂਗਿੜ ਕਹਿੰਦੇ ਹਨ, "ਵਿਦਿਆਰਥਣਾਂ ਨੇ ਪ੍ਰਸ਼ਾਸਨਿਕ ਅਧਿਕਾਰੀ ਨੂੰ ਕਿਹਾ ਕਿ ਉਹ ਸਾਡੀ ਰੋਲ ਮਾਡਲ ਨਹੀਂ ਹੈ। ਸਾਡੇ ਰੋਲ ਮਾਡਲ ਰਾਣੀ ਅਹਿਲਿਆਬਾਈ, ਰਾਣੀ ਲਕਸ਼ਮੀਬਾਈ, ਰਾਣੀ ਪਦਮਿਨੀ ਅਤੇ ਪੰਨਾ ਢਾਏ ਵਰਗੀਆਂ ਬਹਾਦਰ ਔਰਤਾਂ ਹਨ, ਜਿਨ੍ਹਾਂ ਨੇ ਸਮੇਂ-ਸਮੇਂ 'ਤੇ ਭਾਰਤ ਲਈ ਯੋਗਦਾਨ ਪਾਇਆ ਹੈ।"

ਦੀਪੂ ਚੌਹਾਨ ਕਹਿੰਦੇ ਹਨ, "ਉਨ੍ਹਾਂ ਨੇ ਸਾਡੀ ਗੱਲ ਉਸ ਸਮੇਂ ਸੁਣ ਕੇ ਭਰੋਸਾ ਦੇ ਕੇ ਸ਼ਾਂਤ ਕਰਨ ਦਾ ਯਤਨ ਕੀਤਾ। ਅਸੀਂ ਵਿਦਿਆਰਥਣਾਂ ਨੇ ਵੀ ਭਰੋਸੇ 'ਤੇ ਧਰਨਾ ਸਮਾਪਤ ਕਰ ਦਿੱਤਾ ਅਤੇ ਜਾਣ ਲੱਗੇ।"

ਵਿਦਿਆਰਥਣਾਂ ਮੁਤਾਬਕ, "ਪ੍ਰਸ਼ਾਸਨਿਕ ਅਧਿਕਾਰੀਆਂ ਨੇ ਇਸੀ ਦੌਰਾਨ ਮੌਕੇ 'ਤੇ ਮੌਜੂਦ ਅਧਿਕਾਰੀਆਂ ਅਤੇ ਪੁਲਿਸ ਮੁਲਾਜ਼ਮਾਂ ਨੇ ਭੀੜ ਘੱਟ ਹੁੰਦੀ ਦੇਖ ਸਾਨੂੰ ਕਿਹਾ ਕਿ ਕਲੈਕਟਰ ਲਈ ਤੁਸੀਂ ਇਸ ਤਰ੍ਹਾਂ ਕਿਵੇਂ ਬੋਲ ਦਿੱਤਾ। ਤੁਹਾਨੂੰ ਅਜਿਹਾ ਨਹੀਂ ਬੋਲਣਾ ਚਾਹੀਦਾ ਸੀ।"

ਇਲਜ਼ਾਮ ਲਗਾਉਂਦੇ ਹੋਏ ਵਿਦਿਆਰਥਣ ਬੋਲੀ ਕਿ ਵਿਦਿਆਰਥੀਆਂ ਅਤੇ ਸੰਗਠਨ ਦੇ ਅਧਿਕਾਰੀਆਂ ਪਵਨ ਆਈਚੇਰਾ, ਕਰਨ ਪਾਲ ਸਿੰਘ ਅਤੇ ਵਿਜੇ ਸ਼ਰਮਾ ਨੂੰ ਪੁਲਿਸ ਜੀਪ ਵਿੱਚ ਬਿਠਾ ਕੇ ਕੋਤਵਾਲੀ ਪੁਲਿਸ ਸਟੇਸ਼ਨ ਲਿਜਾਇਆ ਗਿਆ।

ਪੁਲਿਸ ਥਾਣੇ ਪਹੁੰਚੇ ਐੱਸਪੀ

ਵਿਦਿਆਰਥੀਆਂ ਦਾ ਇਲਜ਼ਾਮ ਹੈ ਕਿ ਉਨ੍ਹਾਂ ਨੂੰ ਚਾਰ ਘੰਟੇ ਤੱਕ ਪੁਲਿਸ ਸਟੇਸ਼ਨ ਵਿੱਚ ਰੱਖਿਆ ਗਿਆ ਪਰ ਕੋਈ ਵੀ ਮਹਿਲਾ ਪੁਲਿਸ ਅਧਿਕਾਰੀ ਉੱਥੇ ਮੌਜੂਦ ਨਹੀਂ ਸੀ।

ਵਿਦਿਆਰਥੀਆਂ ਨੇ ਪੁਲਿਸ ਸਟੇਸ਼ਨ ਵਿੱਚ ਹੀ ਧਰਨਾ ਦੇ ਦਿੱਤਾ ਅਤੇ ਮੀਡੀਆ ਦੇ ਸਾਹਮਣੇ ਸਵਾਲ ਚੁੱਕਿਆ ਕਿ ਉਨ੍ਹਾਂ ਦੀ ਗਲਤੀ ਕੀ ਹੈ। ਕੀ ਉਹ ਆਪਣੀ ਗੱਲ ਨਹੀਂ ਰੱਖ ਸਕਦੇ ਅਤੇ ਕੀ ਵਿਦਿਆਰਥੀਆਂ ਨੂੰ ਲੋਕਤੰਤਰ ਵਿੱਚ ਆਪਣੀਆਂ ਮੰਗਾਂ ਲਈ ਧਰਨਾ ਦੇਣ ਦਾ ਅਧਿਕਾਰ ਨਹੀਂ ਹੈ।

ਸਥਿਤੀ ਨੂੰ ਵਿਗੜਦੀ ਦੇਖ ਕੇ ਸੀਨੀਅਰ ਪੁਲਿਸ ਅਧਿਕਾਰੀ, ਏਬੀਵੀਪੀ ਅਧਿਕਾਰੀ ਅਤੇ ਵਿਦਿਆਰਥੀਆਂ ਦੇ ਪਰਿਵਾਰ ਵੀ ਪੁਲਿਸ ਸਟੇਸ਼ਨ ਪਹੁੰਚੇ।

ਇਸ ਦੌਰਾਨ ਬਾੜਮੇਰ ਦੇ ਪੁਲਿਸ ਸੁਪਰਡੈਂਟ ਨਰਿੰਦਰ ਸਿੰਘ ਮੀਣਾ ਨੇ ਸਥਿਤੀ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਕੀਤੀ। ਇਸਦਾ ਇੱਕ ਵੀਡੀਓ ਵੀ ਸਾਹਮਣੇ ਆਇਆ ਹੈ, ਜਿਸ ਵਿੱਚ ਪੁਲਿਸ ਸੁਪਰਡੈਂਟ ਵਿਦਿਆਰਥੀਆਂ ਨੂੰ ਇਹ ਕਹਿੰਦੇ ਹੋਏ ਦਿਖਾਈ ਦੇ ਰਹੇ ਹਨ, "ਅਸੀਂ ਮੰਨਦੇ ਹਾਂ ਕਿ ਗਲਤੀ ਹੋ ਗਈ।"

ਵਿਦਿਆਰਥਣ ਦੀਪੂ ਚੌਹਾਨ ਕਹਿੰਦੇ ਹਨ, "ਚਾਰ ਘੰਟੇ ਤੱਕ ਪੁਲਿਸ ਸਟੇਸ਼ਨ ਵਿੱਚ ਬੈਠਣ ਤੋਂ ਬਾਅਦ ਉੱਥੇ ਐੱਸਡੀਐੱਮ, ਏਡੀਐੱਮ ਅਤੇ ਐੱਸਪੀ ਵੀ ਪਹੁੰਚੇ। ਉਨ੍ਹਾਂ ਨੇ ਸਾਰਿਆਂ ਦੇ ਸਾਹਮਣੇ ਆਪਣੀ ਗਲਤੀ ਮੰਨ ਲਈ ਅਤੇ ਸਾਡੇ ਤੋਂ ਮੁਆਫੀ ਮੰਗੀ।"

ਉਹ ਕਹਿੰਦੇ ਹਨ, "ਪਰ ਸਾਡਾ ਅਜੇ ਵੀ ਸਵਾਲ ਹੈ ਕਿ ਮੁਆਫੀ ਤਾਂ ਮੰਗੀ ਗਈ ਪਰ ਸਾਡੀ ਗਲਤੀ ਕੀ ਹੈ?"

ਇੱਕ ਨਿੱਜੀ ਟੀਵੀ ਚੈਨਲ ਨੂੰ ਦਿੱਤੇ ਲਿਖਤੀ ਬਿਆਨ ਵਿੱਚ ਟੀਨਾ ਡਾਬੀ ਨੇ ਕਿਹਾ ਕਿ ਕਿਸੇ ਨੂੰ ਵੀ ਗ੍ਰਿਫ਼ਤਾਰ ਜਾਂ ਹਿਰਾਸਤ ਵਿੱਚ ਨਹੀਂ ਲਿਆ ਗਿਆ।

ਉਨ੍ਹਾਂ ਨੇ ਕਿਹਾ, "ਫ਼ੀਸ ਵਾਧੇ ਦੇ ਮੁੱਦੇ ਦੇ ਹੱਲ ਹੋਣ ਦੇ ਬਾਵਜੂਦ ਕੁਝ ਵਿਦਿਆਰਥੀ ਸੜਕ ਰੋਕ ਰਹੇ ਸਨ ਅਤੇ ਹਫੜਾ-ਦਫੜੀ ਮਚਾਉਣ ਦੀ ਕੋਸ਼ਿਸ਼ ਕਰ ਰਹੇ ਸਨ। ਸਾਡੇ ਅਧਿਕਾਰੀ ਉਨ੍ਹਾਂ ਨੂੰ ਗੱਲਬਾਤ ਕਰਨ ਅਤੇ ਸਥਿਤੀ ਨੂੰ ਸ਼ਾਂਤ ਕਰਨ ਲਈ ਪੁਲਿਸ ਸਟੇਸ਼ਨ ਲੈ ਗਏ। ਉਹ ਲਗਭਗ ਦੋ ਘੰਟੇ ਬਾਅਦ ਚਲੇ ਗਏ।"

ਪੁਲਿਸ ਨੇ ਕੀ ਦੱਸਿਆ?

ਇਸ ਦੌਰਾਨ ਕੋਤਵਾਲੀ ਪੁਲਿਸ ਸਟੇਸ਼ਨ ਦੇ ਇੰਚਾਰਜ ਮਨੋਜ ਕੁਮਾਰ ਨੇ ਬੀਬੀਸੀ ਹਿੰਦੀ ਨੂੰ ਫ਼ੋਨ 'ਤੇ ਦੱਸਿਆ, "ਇਸ ਮਾਮਲੇ ਵਿੱਚ ਕੋਈ ਸ਼ਿਕਾਇਤ ਦਰਜ ਨਹੀਂ ਕਰਵਾਈ ਗਈ ਹੈ। ਵਿਰੋਧ ਪ੍ਰਦਰਸ਼ਨ ਵਾਲੀ ਥਾਂ 'ਤੇ ਅਸੀਂ ਵਿਦਿਆਰਥੀਆਂ ਨੂੰ ਅਜਿਹੀ ਭਾਸ਼ਾ ਦੀ ਵਰਤੋਂ ਨਾ ਕਰਨ ਲਈ ਕਿਹਾ ਸੀ। ਅਸੀਂ ਵਿਦਿਆਰਥਣਾਂ ਨੂੰ ਤਾਂ ਲਿਆਏ ਵੀ ਨਹੀਂ ਸੀ। ਅਸੀਂ ਉਨ੍ਹਾਂ ਨੂੰ ਸਮਝਾ ਕੇ ਉੱਥੋਂ ਹੀ ਵਾਪਸ ਭੇਜ ਦਿੱਤਾ ਸੀ।"

ਉਹ ਕਹਿੰਦੇ ਹਨ, "ਵਿਦਿਆਰਥੀਆਂ ਨੇ ਇਹ ਮੁੱਦਾ ਬਣਾਇਆ ਕਿ ਪ੍ਰਸ਼ਾਸਨ ਉਨ੍ਹਾਂ ਤੋਂ ਮੁਆਫ਼ੀ ਮੰਗੇ, ਜਦੋਂ ਕਿ ਅਜਿਹਾ ਬਿਲਕੁਲ ਨਹੀਂ ਹੈ ਕਿ ਉਨ੍ਹਾਂ ਨੂੰ ਜ਼ਬਰਦਸਤੀ ਲਿਆਂਦਾ ਗਿਆ ਜਾਂ ਹਿਰਾਸਤ ਵਿੱਚ ਰੱਖਿਆ ਗਿਆ ਹੋਵੇ।"

ਉਹ ਅੱਗੇ ਕਹਿੰਦੇ ਹਨ, "ਐੱਸਪੀ ਵੀ ਥਾਣੇ ਵਿੱਚ ਆਏ ਸਨ, ਜੋ ਵੀਡੀਓ ਵਿੱਚ ਨਜ਼ਰ ਆ ਰਹੇ ਹਨ। ਵਿਦਿਆਰਥੀਆਂ ਨੂੰ ਸਮਝਾਇਆ ਗਿਆ ਕਿ ਉਨ੍ਹਾਂ ਦਾ ਮੁੱਦਾ ਫੀਸ ਨਾਲ ਸਬੰਧਤ ਹੈ। ਫੀਸ ਵਾਧੇ ਜਾਂ ਇਸ ਘਟਨਾ ਵਿੱਚ ਪ੍ਰਸ਼ਾਸਨ ਦੀ ਕੋਈ ਭੂਮਿਕਾ ਨਹੀਂ ਹੈ।"

ਕਾਲਜ ਤੋਂ ਪੁਲਿਸ ਸਟੇਸ਼ਨ ਪਹੁੰਚੇ ਏਬੀਵੀਪੀ ਦੇ ਅਧਿਕਾਰੀ ਪਵਨ ਆਈਚੇਰਾ ਨੇ ਬੀਬੀਸੀ ਨੂੰ ਦੱਸਿਆ, "ਪੀਜੀ ਕਾਲਜ ਅਤੇ ਗਰਲਜ਼ ਕਾਲਜ ਦੋ ਵੱਡੇ ਕਾਲਜ ਹਨ। ਇੱਥੇ ਕਈ ਮੁੱਦਿਆਂ 'ਤੇ ਵਿਰੋਧ ਪ੍ਰਦਰਸ਼ਨ ਕੀਤੇ ਗਏ ਹਨ, ਜਿਨ੍ਹਾਂ ਵਿੱਚ ਖੰਡਰ ਇਮਾਰਤਾਂ, ਖੇਡ ਦੇ ਮੈਦਾਨ ਅਤੇ ਹੋਸਟਲ ਸ਼ਾਮਲ ਹਨ। ਮੈਮੋਰੰਡਮ ਸੌਂਪੇ ਗਏ ਹਨ ਅਤੇ ਕਲੈਕਟਰ ਰਾਹੀਂ ਮੁੱਦਿਆਂ ਨੂੰ ਵਧਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਪਰ ਉਨ੍ਹਾਂ ਨੇ ਕਦੇ ਵੀ ਵਿਦਿਆਰਥੀਆਂ ਨਾਲ ਮੁਲਾਕਾਤ ਕਰਨ ਵਿੱਚ ਕੋਈ ਦਿਲਚਸਪੀ ਨਹੀਂ ਦਿਖਾਈ।"

ਟੀਨਾ ਡਾਬੀ ਪਹਿਲਾਂ ਵੀ ਕਈ ਵਾਰ ਖ਼ਬਰਾਂ ਵਿੱਚ ਰਹੇ ਹਨ।

ਹਾਲ ਹੀ ਵਿੱਚ, ਬਾੜਮੇਰ ਦਿਸ਼ਾ ਕਮੇਟੀ ਦੀ ਇੱਕ ਮੀਟਿੰਗ ਦੌਰਾਨ ਸੰਸਦ ਮੈਂਬਰ ਅਤੇ ਵਿਧਾਇਕ ਉਨ੍ਹਾਂ ਦੇ ਜਵਾਬਾਂ ਤੋਂ ਅਸੰਤੁਸ਼ਟ ਸਨ। ਇਸ ਦੌਰਾਨ ਕਲੈਕਟਰ ਨੂੰ ਕਿਹਾ ਗਿਆ ਕਿ ਇਹ ਮੀਟਿੰਗ ਸਮੋਸੇ ਖਾਣ ਲਈ ਬੁਲਾਈ ਗਈ ਸੀ।

ਇਸ ਤੋਂ ਪਹਿਲਾਂ, ਬਾੜਮੇਰ ਵਿੱਚ ਨਮੋ ਬਾੜਮੇਰ ਮੁਹਿੰਮ ਲਈ ਦਿੱਲੀ ਵਿੱਚ ਰਾਸ਼ਟਰਪਤੀ ਦੁਆਰਾ ਟੀਨਾ ਡਾਬੀ ਨੂੰ ਸਨਮਾਨਿਤ ਕੀਤਾ ਗਿਆ ਸੀ, ਜਿਸ ਤੋਂ ਬਾਅਦ ਉਹ ਆਪਣੇ ਯਤਨਾਂ ਲਈ ਚਰਚਾ ਵਿੱਚ ਰਹੇ ਸਨ।

ਸਫਾਈ ਮੁਹਿੰਮ ਦੌਰਾਨ, ਟੀਨਾ ਡਾਬੀ ਨਾਲ ਜੁੜੀਆਂ ਕਈ ਵੀਡੀਓ ਅਤੇ ਰੀਲ ਸੋਸ਼ਲ ਮੀਡੀਆ 'ਤੇ ਵਾਇਰਲ ਹੋਈਆਂ, ਜਿਨ੍ਹਾਂ ਨੂੰ ਲੱਖਾਂ ਵਾਰ ਦੇਖਿਆ ਗਿਆ। ਸਥਾਨਕ ਦੁਕਾਨਦਾਰਾਂ ਅਤੇ ਲੋਕਾਂ ਨੂੰ ਸਫਾਈ ਬਣਾਈ ਰੱਖਣ ਦੀ ਸਲਾਹ ਦੇਣ ਦੇ ਉਨ੍ਹਾਂ ਦੇ ਵੀਡੀਓ ਵੀ ਸਾਂਝੇ ਕੀਤੇ ਗਏ।

ਇਸ ਤੋਂ ਪਹਿਲਾਂ ਉਹ ਆਪਣੇ ਕਈ ਪ੍ਰਸ਼ਾਸਕੀ ਫੈਸਲਿਆਂ ਲਈ ਵੀ ਸੁਰਖੀਆਂ ਵਿੱਚ ਰਹੇ ਸਨ, ਜਿਸ ਵਿੱਚ ਪਾਕਿਸਤਾਨੀ ਵਿਸਥਾਪਿਤ ਵਿਅਕਤੀਆਂ ਦੀ ਅਸਥਾਈ ਬਸਤੀਆਂ 'ਤੇ ਬੁਲਡੋਜ਼ਰ ਕਾਰਵਾਈ ਅਤੇ ਗੈਰ-ਕਾਨੂੰਨੀ ਕਬਜ਼ੇ ਹਟਾਉਣ ਨਾਲ ਸਬੰਧਤ ਫੈਸਲੇ ਸ਼ਾਮਲ ਸਨ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)