You’re viewing a text-only version of this website that uses less data. View the main version of the website including all images and videos.
ਫੈਬਰਜੇ ਆਂਡੇ ਕੀ ਹੁੰਦੇ ਹਨ ਜਿਨ੍ਹਾਂ ਨੂੰ ਨਿਗਲਣ ’ਤੇ ਇੱਕ ਆਦਮੀ ਉੱਤੇ ਲੱਗਿਆ ਚੋਰੀ ਦਾ ਇਲਜ਼ਾਮ
ਆਂਡੇ ਖਾਣ ਲਈ ਹੁੰਦੇ ਹਨ ਪਰ ਕੁਝ ਅਜਿਹੇ ਵੀ ਹਨ ਜੋ ਸਿਰਫ਼ ਦੇਖਣ ਲਈ ਹੁੰਦੇ ਹਨ।
ਨਿਊਜ਼ੀਲੈਂਡ ਵਿੱਚ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਇੱਕ ਵਿਅਕਤੀ 'ਤੇ ਚੋਰੀ ਦਾ ਇਲਜ਼ਾਮ ਲਗਾਇਆ ਗਿਆ ਹੈ ਕਿਉਂਕਿ ਉਸ ਨੇ ਕਥਿਤ ਤੌਰ 'ਤੇ ਹੀਰੇ ਨਾਲ ਜੜੇ ਆਂਡੇ ਨੂੰ ਨਿਗਲ ਲਿਆ।
ਉਸ ਨੇ ਰੂਸੀ ਜਵੈਲਰ ਹਾਊਸ ਆਫ਼ ਫੈਬਰਜੇ ਦਾ ਬਣਾਇਆ ਇੱਕ ਆਂਡੇ ਦਾ ਲਾਕੇਟ ਨਿਗਲਿਆ, ਜਿਸਦੀ ਕੀਮਤ 19,300 ਡਾਲਰ ਹੈ।
ਪੁਲਿਸ ਨੇ ਜਾਣਕਾਰੀ ਦਿੱਤੀ ਹੈ ਕਿ ਹੁਣ ਇਹ ਆਂਡਾ ਬਰਾਮਦ ਕਰ ਲਿਆ ਗਿਆ ਹੈ।
ਪੁਲਿਸ ਨੇ ਬੀਬੀਸੀ ਨੂੰ ਦੱਸਿਆ ਕਿ ਫੈਬਰਜੇ ਆਂਡੇ ਦਾ ਲਾਕੇਟ ‘ਕੁਦਰਤੀ ਤੌਰ 'ਤੇ’ ਬਰਾਮਦ ਕੀਤਾ ਗਿਆ ਹੈ। ਅਤੇ ਇਸ ਦੇ ਲਈ ‘ਕਿਸੇ ਡਾਕਟਰੀ ਮਦਦ ਦੀ ਲੋੜ ਨਹੀਂ ਪਈ’।
ਪੁਲਿਸ ਨੇ ਕੇਂਦਰੀ ਆਕਲੈਂਡ ਦੇ ਪੈਟਰਿਜ ਜਵੈਲਰਜ਼ ਵਿਖੇ ਇੱਕ 32 ਸਾਲਾ ਵਿਅਕਤੀ ਨੂੰ ਕਥਿਤ ਤੌਰ 'ਤੇ ਲਾਕੇਟ ਨਿਗਲਣ ਤੋਂ ਕੁਝ ਮਿੰਟਾਂ ਬਾਅਦ ਹੀ ਗ੍ਰਿਫ਼ਤਾਰ ਕਰ ਲਿਆ ਸੀ ਅਤੇ ਉਸ ਤੋਂ ਤਕਰੀਬਨ ਹਫਤੇ ਬਾਅਦ ਆਂਡੇ ਵਾਲੇ ਲਾਕੇਟ ਨੂੰ ਬਰਾਮਦ ਕਰ ਲਿਆ ਗਿਆ ਹੈ।
ਫੈਬਰਜੇ ਆਂਡਿਆਂ ਨੂੰ ਕਿਹੜੀ ਚੀਜ਼ ਇੰਨਾ ਖਾਸ ਬਣਾਉਂਦੀ ਹੈ?
ਨਿਗਲਿਆ ਗਿਆ ਆਂਡਾ
ਸੁਨਿਆਰੇ ਦੀ ਵੈੱਬਸਾਈਟ ਮੁਤਾਬਕ ਕਥਿਤ ਤੌਰ 'ਤੇ ਚੋਰੀ ਹੋਇਆ ਫੈਬਰਜੇ ਆਂਡਾ 60 ਚਿੱਟੇ ਹੀਰਿਆਂ ਅਤੇ 15 ਨੀਲੇ ਨੀਲਮਾਂ ਨਾਲ ਜੜਿਆ ਹੋਇਆ ਹੈ ਅਤੇ ਜਦੋਂ ਇਸ ਨੂੰ ਖੋਲ੍ਹਿਆ ਜਾਂਦਾ ਹੈ ਤਾਂ ਇੱਕ ਛੋਟਾ 18-ਕੈਰੇਟ ਸੋਨੇ ਦਾ ਓਕਟੋਪਸ ਨਿਕਲਦਾ ਹੈ।
‘ਦਿ ਓਕਟੋਪਸੀ ਐੱਗ’ ਜਿਵੇਂ ਕਿ ਇਸ ਦੇ ਨਾਮ ਤੋਂ ਪਤਾ ਲੱਗਦਾ ਹੈ , 1983 ਦੀ ਉਸੇ ਨਾਮ ਦੀ ਜੇਮਜ਼ ਬਾਂਡ ਫਿਲਮ ਤੋਂ ਪ੍ਰੇਰਿਤ ਸੀ, ਜੋ ਕਿ ਫੈਬਰਜੇ ਆਂਡੇ ਦੀ ਇੱਕ ਵੱਡੀ ਚੋਰੀ 'ਤੇ ਅਧਾਰਤ ਹੈ।
ਸੋਨੇ, ਲੈਕਰ ਅਤੇ ਯੂਰਾਲ ਅਤੇ ਅਲਤਾਈ ਰਤਨ ਨਾਲ ਬਣੇ, ਫੈਬਰਜੇ ਆਂਡੇ ਕਲੀਅਰ ਮਾਡਲਾਂ ਤੋਂ ਲੈ ਕੇ ਸ਼ਾਨਦਾਰ ਰਤਨ ਜੜ੍ਹੀਆਂ ਕਲੀਕ੍ਰਿਤੀਆਂ ਤੱਕ ਹੁੰਦੇ ਹਨ।
4,500 ਹੀਰਿਆਂ ਨਾਲ ਸਜਾਇਆ ਗਿਆ ਵਿੰਟਰ ਐੱਗ, 2 ਦਸੰਬਰ ਨੂੰ ਲੰਡਨ ਵਿੱਚ ਰਿਕਾਰਡ 2.29 ਕਰੋੜ ਵਿੱਚ ਵਿਕਿਆ। ਫੈਬਰਜੇ ਆਂਡੇ ਦਾ ਪਿਛਲਾ ਰਿਕਾਰਡ 2007 ਵਿੱਚ ਹੋਈ ਨਿਲਾਮੀ ਵਿੱਚ 89 ਲੱਖ ਪੌਂਡ ਦਾ ਸੀ।
ਇਹ ਕਿੱਥੋਂ ਆਉਂਦੇ ਹਨ?
1885 ਵਿੱਚ, ਰੂਸੀ ਜ਼ਾਰ ਅਲੈਗਜ਼ੈਂਡਰ ਤੀਜੇ ਨੇ ਆਪਣੀ ਪਤਨੀ, ਜ਼ਾਰੀਨਾ ਮਾਰੀਆ ਫੀਓਡੋਰੋਵਨਾ ਨੂੰ ਈਸਟਰ ਦੇ ਤੋਹਫ਼ੇ ਵਜੋਂ ਵ੍ਹਾਈਟ ਇਨੈਮਲ ਦਾ ਇੱਕ ਲਾਈਫ-ਸਾਈਜ਼ (ਅਸਲ ਆਂਡੇ ਦਾ ਆਕਾਰ) ਦਾ ਅੰਡਾ ਦਿੱਤਾ।
ਉਸ ਦੇ ਅੰਦਰ ਇੱਕ ਸੁਨਹਿਰੀ ਜ਼ਰਦੀ ਸੀ, ਜਿਸ ਨੂੰ ਖੋਲ੍ਹਣ 'ਤੇ ਇੱਕ ਸੁਨਹਿਰੀ ਮੁਰਗੀ ਨਿਕਲੀ ਅਤੇ ਮੁਰਗੀ ਦੇ ਅੰਦਰ ਦੋ ਆਖ਼ਰੀ ਹੈਰਾਨ ਕਰਨ ਵਾਲੀਆਂ ਚੀਜ਼ਾਂ ਸਨ, ਸ਼ਾਹੀ ਤਾਜ ਦਾ ਇੱਕ ਹੀਰੇ ਨਾਲ ਜੜਿਆ ਹੋਇਆ ਛੋਟਾ ਰੂਪ ਅਤੇ ਇੱਕ ਛੋਟਾ ਜਿਹਾ ਰੂਬੀ ਆਂਡਾ।
ਇਸ ਨੂੰ "ਦਿ ਫਰਸਟ ਹੈੱਨ" ਨਾਮ ਦਿੱਤਾ ਗਿਆ ਸੀ।
ਉਹ 50 ਸਜਾਵਟੀ ਈਸਟਰ ਆਂਡਿਆਂ ਵਿੱਚੋਂ ਪਹਿਲਾ ਸੀ ਜਿਨ੍ਹਾਂ ਨੂੰ ਪੀਟਰ ਕਾਰਲ ਫੈਬਰਜੇ ਨੇ 1885 ਅਤੇ 1917 ਦੇ ਵਿਚਕਾਰ ਆਪਣੀ ਸੇਂਟ ਪੀਟਰਸਬਰਗ ਵਰਕਸ਼ਾਪ ਵਿੱਚ ਰੂਸੀ ਸ਼ਾਹੀ ਪਰਿਵਾਰ, ਜਿਸ ਨੂੰ ਰੋਮਾਨੋਵ ਕਿਹਾ ਜਾਂਦਾ ਹੈ, ਲਈ ਤਿਆਰ ਕੀਤਾ ਸੀ।
ਰੂਸ ਦੇ ਜੰਮਪਲ਼ ਇਸ ਸੁਨਿਆਰੇ ਨੇ ਰੋਮਾਨੋਵ ਤੋਂ ਇਲਾਵਾ ਸਿਰਫ਼ ਪੰਦਰਾਂ ਪਰਿਵਾਰਾਂ ਲਈ ਸੋਨੇ ਦੇ ਆਂਡੇ ਡਿਜ਼ਾਈਨ ਕੀਤੇ ਸਨ। ਜਿੱਥੇ ਉਸ ਦੇ ਕੰਮ ਦੀ ਬਹੁਤ ਪ੍ਰਸ਼ੰਸਾ ਕੀਤੀ ਗਈ ਸੀ ਉੱਥੇ ਹੀ ਕੁਝ ਲੋਕਾਂ ਨੇ ਇਸ ਦੀ ਬਹੁਤ ਜ਼ਿਆਦਾ ਅਤੇ ਸ਼ਾਨਦਾਰ ਦਿੱਖ ਲਈ ਆਲੋਚਨਾ ਵੀ ਕੀਤੀ।
ਜਦੋਂ 1917 ਵਿੱਚ ਬੋਲਸ਼ੇਵਿਕ ਸੱਤਾ ਵਿੱਚ ਆਏ ਤਾਂ ਜ਼ਾਰ ਨਿਕੋਲਸ ਦੂਜੇ, ਜ਼ਾਰੀਨਾ ਅਲੈਗਜ਼ੈਂਡਰਾ ਅਤੇ ਉਨ੍ਹਾਂ ਦੇ ਪੰਜ ਬੱਚਿਆਂ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ, ਜਿਸ ਨਾਲ ਆਂਡੇ ਭੇਟ ਕਰਨ ਦੀ ਪਰਿਵਾਰਕ ਪਰੰਪਰਾ ਖ਼ਤਮ ਹੋ ਗਈ।
ਬੋਲਸ਼ੇਵਿਕ ਆਗੂ ਵਲਾਦੀਮੀਰ ਲੈਨਿਨ ਨੇ 1918 ਵਿੱਚ ਫੈਬਰਜੇ ਹਾਊਸ ਦਾ ਰਾਸ਼ਟਰੀਕਰਨ ਕਰ ਦਿੱਤਾ ਅਤੇ ਪੀਟਰ ਕਾਰਲ ਸਵਿਟਜ਼ਰਲੈਂਡ ਵਿੱਚ ਜਲਾਵਤਨੀ ਵਿੱਚ ਚਲੇ ਗਏ, ਜਿੱਥੇ ਦੋ ਸਾਲ ਬਾਅਦ ਉਨ੍ਹਾਂ ਦੀ ਮੌਤ ਹੋ ਗਈ।
ਸੋਨੇ ਦੇ ਆਂਡਿਆਂ ਦਾ ਉਤਪਾਦਨ ਹਮੇਸ਼ਾ ਲਈ ਬੰਦ ਹੋ ਗਿਆ ਅਤੇ ਕੰਪਨੀ ਗਾਇਬ ਹੋ ਗਈ।
ਲੈਨਿਨ ਦੇ ਹੁਕਮਾਂ 'ਤੇ ਚੋਰੀ ਕੀਤੇ ਅਤੇ ਜ਼ਬਤ ਕੀਤੇ ਗਏ ਫੈਬਰਜੇ ਆਂਡਿਆਂ ਨੂੰ ਹੋਰ ਰੋਮਾਨੋਵ ਖਜ਼ਾਨਿਆਂ ਦੇ ਨਾਲ ਕ੍ਰੇਮਲਿਨ ਸ਼ਸਤਰਖਾਨੇ ਵਿੱਚ ਸੁਰੱਖਿਅਤ ਕਮਰਿਆਂ ਵਿੱਚ ਪੈਕ ਕੀਤੇ ਗਏ ਸਨ।
1920 ਅਤੇ 1930 ਦੇ ਦਹਾਕੇ ਦੇ ਵਿਚਕਾਰ ਸਟਾਲਿਨ ਨੇ "ਟਰੈਜ਼ਰਜ਼ ਇੰਟੂ ਟਰੈਕਟਰਜ਼" ਡਾਇਰੈਕਟਿਵ ਦੀ ਸ਼ੁਰੂਆਤ ਕੀਤੀ।
ਇਹ ਸੋਵੀਅਤ ਸਰਕਾਰ ਦਾ ਰੂਸ ਦੇ ਕੀਮਤੀ ਸੱਭਿਆਚਾਰਕ ਵਿਰਸੇ ਨੂੰ ਜ਼ਬਰਦਸਤੀ ਵੇਚਣਾ ਸੀ ਤਾਂ ਜੋ ਦੇਸ਼ ਵਿੱਚ ਉਦਯੋਗੀਕਰਨ ਅਤੇ ਖੇਤੀ ਨੂੰ ਉਤਸ਼ਾਹਿਤ ਕਰਨ ਲਈ ਵਿਦੇਸ਼ੀ ਕਰੰਸੀ ਨੂੰ ਇਕੱਠਾ ਕੀਤਾ ਜਾ ਸਕੇ।
ਇਸ ਦੌਰ ਵਿੱਚ, ਉਨ੍ਹਾਂ ਨੇ ਵਿਦੇਸ਼ਾਂ ਵਿੱਚ 14 ਫੈਬਰਜੇ ਆਂਡੇ ਵੇਚੇ।
ਗਾਇਬ ਹੋਏ ਆਂਡੇ
ਅੱਜ ਰੋਮਾਨੋਵਜ਼ ਲਈ ਤਿਆਰ ਕੀਤੇ ਗਏ 50 ਇੰਪੀਰੀਅਲ ਫੈਬਰਜੇ ਆਂਡਿਆਂ ਵਿੱਚੋਂ 43 ਮਿਊਜ਼ੀਅਮ ਅਤੇ ਨਿੱਜੀ ਸੰਗ੍ਰਹਿ (ਪ੍ਰਾਈਵੇਟ ਕਲੈਕਸ਼ਨ) ਵਿੱਚ ਰੱਖੇ ਗਏ ਹਨ।
ਹਾਲਾਂਕਿ, ਬਾਕੀ ਸੱਤ ਅਜੇ ਵੀ ਗਾਇਬ ਹਨ ਅਤੇ ਉਨ੍ਹਾਂ ਦੀ ਭਾਲ ਜਾਰੀ ਹੈ।
2015 ਵਿੱਚ ਯੂਐੱਸ ਮਿਡਵੈਸਟ ਦੇ ਇੱਕ ਅਣਜਾਣ ਆਦਮੀ ਨੇ ਫੈਬਰਜੇ ਹਾਊਸ ਨਾਲ ਸੰਪਰਕ ਕੀਤਾ ਅਤੇ ਜਾਣਕਾਰੀ ਦਿੱਤੀ ਕਿ ਉਸ ਨੂੰ ਤੀਜਾ ਇੰਪੀਰੀਅਲ ਈਸਟਰ ਐੱਗ ਮਿਲ ਗਿਆ ਹੈ।
ਇਹ ਇੱਕ ਸਕ੍ਰੈਪ ਮੈਟਲ ਵਪਾਰੀ (ਕਬਾੜ ਦਾ ਕੰਮ ਕਰਨ ਵਾਲਾ) ਸੀ ਅਤੇ ਉਸ ਨੇ ਆਂਡੇ ਦੀ ਕੀਮਤ ਬਾਰੇ ਪਹਿਲਾਂ ਬਿਨ੍ਹਾਂ ਜਾਣਕਾਰੀ ਲਈ ਆਂਡਾ ਖਰੀਦ ਲਿਆ ਸੀ ਅਤੇ ਉਸ ਨੂੰ ਆਸ ਸੀ ਕਿ ਇਹ ਪਿਘਲਣ ਵਾਲਾ ਹੈ।
8.2 ਸੈਂਟੀਮੀਟਰ ਦਾ ਇਹ ਟੁਕੜਾ ਸ਼ੇਰ ਦੇ ਪੰਜੇ ਵਰਗੇ ਪੈਰਾਂ ਵਾਲੇ ਸਜਾਵਟੀ ਸੋਨੇ ਦੇ ਅਧਾਰ 'ਤੇ ਰੱਖਿਆ ਹੋਇਆ ਹੈ, ਇਸਦੀ ਸਤ੍ਹਾ ਸੋਨੇ ਨਾਲ ਜੜੀ ਹੋਈ ਹੈ ਅਤੇ ਤਿੰਨ ਨੀਲਮ ਤੇ ਇੱਕ ਹੀਰੇ ਨਾਲ ਟਿਕੀ ਹੋਈ ਹੈ, ਜਿਸ ਨਾਲ ਅੰਦਰ ਲੁਕੀ ਵੈਸ਼ੇਰੌਨ ਕਾਂਸਟੈਂਟਿਨ ਘੜੀ ਨਜ਼ਰ ਆਉਂਦੀ ਹੈ।
ਕਈ ਸਾਲਾਂ ਦੇ ਮਾਲੀਕਾਨਾ ਹੱਕ ਬਦਲਣ ਤੋਂ ਬਾਅਦ, 2007 ਵਿੱਚ ਫੈਬਰਜੇ ਨਾਮ ਨੂੰ ਮੁੜ ਸ਼ੁਰੂ ਕੀਤਾ ਗਿਆ, ਜਿਸ ਨਾਲ ਆਖ਼ਰਕਾਰ ਬ੍ਰਾਂਡ ਪਰਿਵਾਰ ਨਾਲ ਮੁੜ ਜੁੜ ਗਿਆ।
ਸੰਸਥਾਪਕ ਦੀਆਂ ਪੜਪੋਤੀਆਂ, ਤਾਤੀਆਨਾ ਅਤੇ ਸਾਰਾਹ ਫੈਬਰਜੇ, ਕੰਪਨੀ ਦੀ ਅਗਵਾਈ ਕਰਨ ਦੇ ਨਾਲ-ਨਾਲ ਉਨ੍ਹਾਂ ਨੇ ਲਗਜ਼ਰੀ ਸਮਾਨ ਬਣਾਉਣਾ ਵੀ ਮੁੜ ਸ਼ੁਰੂ ਕਰ ਦਿੱਤਾ ਹੈ।
ਫੈਬਰਜੇ ਨੇ ਹਾਲ ਹੀ ਵਿੱਚ 2015 ਵਿੱਚ ਪਰਲ ਐੱਗ ਡਿਜ਼ਾਈਨ ਕਰ ਕੇ ਆਪਣੇ ਸ਼ਾਹੀ ਆਂਡੇ ਦੀ ਰਵਾਇਤ ਨੂੰ ਮੁੜ ਸੁਰਜੀਤ ਕੀਤਾ।
ਸਾਊਦੀ ਅਲ-ਫਰਦਾਨ ਪਰਿਵਾਰ ਲਈ ਬਣਾਇਆ ਗਿਆ ਪਰਲ ਐੱਗ 139 ਵਧੀਆ ਚਿੱਟੇ ਮੋਤੀਆਂ, 3305 ਹੀਰਿਆਂ ਅਤੇ ਚਿੱਟੇ ਤੇ ਪੀਲੇ ਸੋਨੇ ਦੇ ਅਧਾਰ 'ਤੇ ਨਕਾਸ਼ੀ ਹੋਏ ਕ੍ਰਿਸਟਲ ਤੋਂ ਬਣਿਆ ਹੈ।
2021 ਵਿੱਚ ਫੈਬਰਜੇ ਅਤੇ ਸ਼ੋਅ ਦੇ ਕਾਸਟਿਊਮ ਡਿਜ਼ਾਈਨਰ ਨੇ ਗੇਮ ਆਫ਼ ਥ੍ਰੋਨਸ-ਥੀਮ ਵਾਲਾ ਇੱਕ ਆਂਡਾ ਡਿਜ਼ਾਈਨ ਕੀਤਾ ਸੀ। ਆਂਡਾ ਖੁੱਲ੍ਹਣ 'ਤੇ ਇੱਕ ਚਮਕਦੇ ਹੋਏ ਕ੍ਰਿਸਟਲ ਬੇਸ ਦੇ ਉੱਪਰ ਰੱਖੇ ਤਾਜ ਦੇ ਰੂਪ ਵਿੱਚ ਸਰਪ੍ਰਾਈਜ਼ ਮੌਜੂਦ ਸੀ।
ਜਿੱਥੇ ਤੱਕ ਨਿਊਜ਼ੀਲੈਂਡ ਵਿੱਚ ਨਿਗਲੇ ਗਏ ਆਕਟੋਪਸੀ ਆਂਡੇ ਦੇ ਲਾਕੇਟ ਦੀ ਗੱਲ ਹੈ, ਤਾਂ ਇਹ ਤਾਂ ਕੁਦਰਤ ਹੀ ਤੈਅ ਕਰ ਸਕਦੀ ਹੈ ਕਿ ਉਹ ਕਦੋਂ ਵਾਪਸ ਆਵੇਗਾ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ