You’re viewing a text-only version of this website that uses less data. View the main version of the website including all images and videos.
ਫਾਰਮੂਲਾ ਉਤਪਾਦਾਂ ਲਈ ਨੈਸਲੇ ਨੇ ਕਿਉਂ ਮੰਗੀ ਮਾਫ਼ੀ? ਨਿੱਕੇ ਬੱਚਿਆਂ ਲਈ ਕਿਹੜਾ ਦੁੱਧ ਵਧੀਆ ਹੈ?
- ਲੇਖਕ, ਸ਼ੁੱਭ ਰਾਣਾ
- ਰੋਲ, ਬੀਬੀਸੀ ਹਿੰਦੀ ਲਈ
ਕੁਝ ਸਮਾਂ ਪਹਿਲਾਂ ਨੈਸਲੇ ਨੇ ਦੁਨੀਆ ਭਰ ਵਿੱਚ ਆਪਣੇ ਕੁਝ ਬੇਬੀ ਫ਼ਾਰਮੂਲਾ (ਸ਼ਿਸ਼ੂ ਦੁੱਧ) ਉਤਪਾਦ ਵਾਪਸ ਲੈ ਲਏ ਹਨ। ਇਨ੍ਹਾਂ ਵਿੱਚ ਇੱਕ ਸੰਭਾਵੀ ਜ਼ਹਿਰੀਲਾ ਤੱਤ ਹੋਣ ਦਾ ਖ਼ਦਸ਼ਾ ਪਰਗਟ ਕੀਤਾ ਗਿਆ ਸੀ, ਜੋ ਫ਼ੂਡ ਪੋਆਇਜ਼ਨਿੰਗ ਦਾ ਕਾਰਨ ਬਣ ਸਕਦਾ ਹੈ।
ਨੈਸਲੇ ਕੰਪਨੀ ਨੇ ਕਿਹਾ ਕਿ ਉਸ ਦੇ SMA ਬ੍ਰਾਂਡ ਦੇ ਕੁਝ ਖ਼ਾਸ ਬੈਚ ਦੇ ਇਨਫੈਂਟ ਫ਼ਾਰਮੂਲਾ ਅਤੇ ਫੋਲੋ-ਆਨ ਫ਼ਾਰਮੂਲਾ ਬੱਚਿਆਂ ਨੂੰ ਖਵਾਉਣਾ ਸੁਰੱਖਿਅਤ ਨਹੀਂ ਹੈ। ਇਹ ਬੈਚ ਦੁਨੀਆ ਭਰ ਵਿੱਚ ਵੇਚੇ ਗਏ ਸਨ।
ਇਨ੍ਹਾਂ ਵਿੱਚ ਸੇਰੂਲਿਡ ਨਾਂ ਦਾ ਟਾਕਸਿਨ ਹੋ ਸਕਦਾ ਹੈ, ਜਿਸ ਨਾਲ ਉਲਟੀ ਜਾਂ ਜੀਅ ਕੱਚਾ ਹੋਣ ਵਰਗੀਆਂ ਸਮੱਸਿਆਵਾਂ ਪੈਦਾ ਹੋ ਸਕਦੀਆਂ ਹਨ। ਇਹ ਉਤਪਾਦ ਫਰਾਂਸ, ਜਰਮਨੀ, ਇਟਲੀ, ਆਸਟ੍ਰੇਲੀਆ, ਸਾਊਥ ਅਫਰੀਕਾ ਸਮੇਤ ਕਈ ਦੇਸ਼ਾਂ ਵਿੱਚ ਸਾਵਧਾਨੀ ਵਰਤਦੇ ਹੋਏ ਵਾਪਸ ਲੈ ਲਏ ਗਏ ਹਨ।
ਨੈਸਲੇ ਦੇ ਮੁਖੀ ਫ਼ਿਲਿਪ ਨਾਵਰਾਤਿਲ ਨੇ ਇੱਕ ਵੀਡੀਓ ਜਾਰੀ ਕਰਕੇ ਮਾਫ਼ੀ ਮੰਗੀ ਅਤੇ ਕਿਹਾ, "ਪਿਛਲੇ ਹਫ਼ਤੇ, ਅਸੀਂ ਕੁਝ ਇਨਫੈਂਟ ਫ਼ਾਰਮੂਲਾ ਦੇ ਬੈਚ ਵਾਪਸ ਮੰਗਵਾਉਣ ਦਾ ਐਲਾਨ ਕੀਤਾ ਸੀ। ਇਹ ਅਸੀਂ ਸਾਵਧਾਨੀ ਵਜੋਂ ਕੀਤਾ ਹੈ, ਕਿਉਂਕਿ ਸਾਨੂੰ ਕੁਝ ਉਤਪਾਦਾਂ ਵਿੱਚ ਵਰਤੀ ਜਾਣ ਵਾਲੀ ਸਮੱਗਰੀ ਦੀ ਗੁਣਵੱਤਾ ਵਿੱਚ ਸਮੱਸਿਆ ਮਿਲੀ ਸੀ।"
ਨੈਸਲੇ ਇੰਡੀਆ ਨੇ ਇੱਕ ਪ੍ਰੈਸ ਬਿਆਨ ਜਾਰੀ ਕਰਕੇ ਕਿਹਾ, "ਜਿਨ੍ਹਾਂ ਉਤਪਾਦਾਂ ਨੂੰ ਵਾਪਸ ਲਿਆ ਗਿਆ ਹੈ, ਉਹ ਭਾਰਤ ਵਿੱਚ ਨਾ ਤਾਂ ਦਰਾਮਦ ਕੀਤੇ ਜਾਂਦੇ ਹਨ ਅਤੇ ਨਾ ਹੀ ਵੇਚੇ ਜਾਂਦੇ ਹਨ। ਸਾਡੇ ਸਾਰੇ ਉਤਪਾਦ ਐਫਐਸਐਸਏਆਈ ਅਤੇ ਹੋਰ ਸਾਰੇ ਨਿਯਮਾਂ ਤੇ ਕਾਨੂੰਨਾਂ ਮੁਤਾਬਕ ਹੀ ਹੁੰਦੇ ਹਨ।"
ਹਾਲਾਂਕਿ, ਮਾਰਕੀਟਿੰਗ ਰਿਸਰਚ ਕੰਪਨੀ ਆਈਐਮਏਆਰਸੀ ਗਰੁੱਪ ਦੇ ਅਨੁਸਾਰ, ਭਾਰਤ ਵਿੱਚ ਬੇਬੀ ਫ਼ੂਡ ਅਤੇ ਇਨਫੈਂਟ ਫ਼ਾਰਮੂਲਾ ਬਾਜ਼ਾਰ ਦਾ ਆਕਾਰ 2024 ਵਿੱਚ 5.99 ਅਰਬ ਅਮਰੀਕੀ ਡਾਲਰ ਸੀ।
ਇਸ ਵਿੱਚ ਫ਼ਾਰਮੂਲਾ ਮਿਲਕ ਦੀ ਸਭ ਤੋਂ ਵੱਡੀ ਹਿੱਸੇਦਾਰੀ 54% ਸੀ। ਇਸ ਬਾਜ਼ਾਰ ਦਾ ਆਕਾਰ 2033 ਤੱਕ 9.27 ਅਰਬ ਅਮਰੀਕੀ ਡਾਲਰ ਹੋਣ ਦੀ ਸੰਭਾਵਨਾ ਹੈ।
ਹਾਲਾਂਕਿ, ਇਸ ਘਟਨਾ ਤੋਂ ਬਾਅਦ ਹੁਣ ਇਹ ਸਵਾਲ ਉੱਠਣ ਲੱਗੇ ਹਨ ਕਿ ਫ਼ਾਰਮੂਲਾ ਮਿਲਕ ਕਿੰਨਾ ਸੁਰੱਖਿਅਤ ਹੈ ਅਤੇ ਨਿੱਕੇ ਨਿਆਣਿਆਂ ਲਈ ਸਭ ਤੋਂ ਵਧੀਆ ਦੁੱਧ ਕਿਹੜਾ ਹੈ? ਇਨ੍ਹਾਂ ਸਵਾਲਾਂ ਦੇ ਮੱਦੇ ਨਜ਼ਰ ਬੀਬੀਸੀ ਹਿੰਦੀ ਨੇ ਸਿਹਤ ਮਾਹਿਰਾਂ ਨਾਲ ਗੱਲਬਾਤ ਕੀਤੀ।
ਬੱਚਿਆਂ ਨੂੰ ਫਾਰਮੂਲਾ ਦੁੱਧ ਕਦੋਂ ਦਿੱਤਾ ਜਾਂਦਾ ਹੈ?
ਵਿਸ਼ਵ ਸਿਹਤ ਸੰਗਠਨ ਛੇ ਮਹੀਨਿਆਂ ਤੱਕ ਦੇ ਨਿਆਣਿਆਂ ਨੂੰ ਸਿਰਫ਼ ਅਤੇ ਸਿਰਫ਼ ਮਾਂ ਦਾ ਦੁੱਧ ਹੀ ਪਿਲਾਉਣ ਦੀ ਸਿਫ਼ਾਰਿਸ਼ ਕਰਦਾ ਹੈ।
ਸੰਗਠਨ ਦੀ ਸਾਬਕਾ ਮੁੱਖ ਸਾਇੰਸਦਾਨ ਅਤੇ ਐਮ.ਐਸ. ਸਵਾਮੀਨਾਥਨ ਰਿਸਰਚ ਫਾਊਂਡੇਸ਼ਨ ਦੀ ਚੇਅਰਪਰਸਨ, ਡਾਕਟਰ ਸੌਮਿਆ ਸਵਾਮੀਨਾਥਨ ਕਹਿੰਦੇ ਹਨ, "ਨਿਓਨੈਟਲ ਇੰਟੈਂਸਿਵ ਕੇਅਰ ਯੂਨਿਟ (ਐਨਆਈਸੀਯੂ) ਵਿੱਚ ਜਿਨ੍ਹਾਂ ਬੱਚਿਆਂ ਨੂੰ ਨਲਕੀ ਜ਼ਰੀਏ ਦੁੱਧ ਦੇਣਾ ਪੈਂਦਾ ਹੈ, ਉਨ੍ਹਾਂ ਨੂੰ ਡਾਕਟਰ ਫ਼ਾਰਮੂਲਾ ਮਿਲਕ ਦੇ ਸਕਦੇ ਹਨ। ਲੇਕਿਨ ਹੁਣ ਕਈ ਸਰਕਾਰੀ ਅਤੇ ਨਿੱਜੀ ਹਸਪਤਾਲਾਂ ਵਿੱਚ 'ਹਿਊਮਨ ਮਿਲਕ ਬੈਂਕ' (ਇਨਸਾਨੀ ਦੁੱਧ ਦੇ ਬੈਂਕ) ਸ਼ੁਰੂ ਹੋ ਗਏ ਹਨ।"
ਡਾਕਟਰ ਸਵਾਮੀਨਾਥਨ ਦੱਸਦੇ ਹਨ ਕਿ ਕਈ ਸਿਹਤਮੰਦ ਮਾਂਵਾਂ ਵਾਧੂ ਦੁੱਧ ਮਿਲਕ ਬੈਂਕ ਵਿੱਚ ਦਾਨ ਕਰਦੀਆਂ ਹਨ, ਜਿਸ ਨਾਲ ਐਨਆਈਸੀਯੂ ਦੇ ਬੱਚਿਆਂ ਨੂੰ ਫ਼ਾਰਮੂਲਾ ਦੀ ਥਾਂ ਮਾਂ ਦਾ ਦੁੱਧ ਮਿਲਦਾ ਹੈ। ਜਿਨ੍ਹਾਂ ਹਸਪਤਾਲਾਂ ਨੇ ਅਜਿਹੇ ਮਿਲਕ ਬੈਂਕ ਸ਼ੁਰੂ ਕੀਤੇ ਹਨ, ਉਨ੍ਹਾਂ ਅਨੁਸਾਰ ਬ੍ਰੈਸਟ ਮਿਲਕ (ਮਾਂ ਦਾ ਦੁੱਧ) ਪੀਣ ਵਾਲੇ ਐਨਆਈਸੀਯੂ ਬੱਚਿਆਂ ਦਾ ਹਸਪਤਾਲ ਵਿੱਚ ਰਹਿਣ ਦਾ ਸਮਾਂ ਲਗਭਗ ਇੱਕ ਹਫ਼ਤਾ ਘੱਟ ਹੋ ਜਾਂਦਾ ਹੈ।
ਉੱਥੇ ਹੀ, ਕਈ ਵਾਰ ਅਜਿਹੇ ਹਾਲਾਤ ਬਣ ਜਾਂਦੇ ਹਨ ਜਦੋਂ ਮਾਂ ਆਪਣੇ ਬੱਚਿਆਂ ਨੂੰ ਦੁੱਧ ਨਹੀਂ ਚੁੰਘਾ ਸਕਦੀ।
ਇਸ ਬਾਰੇ ਨਵੀਂ ਦਿੱਲੀ ਦੇ ਸੀਤਾਰਾਮ ਭਾਰਤੀਆ ਇੰਸਟੀਚਿਊਟ ਆਫ਼ ਸਾਇੰਸ ਐਂਡ ਰਿਸਰਚ ਦੇ ਬਾਲ ਰੋਗ ਵਿਭਾਗ ਦੇ ਮੁਖੀ ਅਤੇ ਡਿਪਟੀ ਮੈਡੀਕਲ ਨਿਰਦੇਸ਼ਕ ਡਾਕਟਰ ਜਤਿੰਦਰ ਨਾਗਪਾਲ ਦੱਸਦੇ ਹਨ, "ਫ਼ਾਰਮੂਲਾ ਮਿਲਕ ਆਮ ਤੌਰ 'ਤੇ ਤਿੰਨ ਸੂਰਤਾਂ ਵਿੱਚ ਦਿੱਤਾ ਜਾਂਦਾ ਹੈ। ਪਹਿਲਾ, ਉਦੋਂ ਜਦੋਂ ਮਾਂ ਦਾ ਦੁੱਧ ਬੱਚੇ ਦੀ ਪੂਰੀ ਲੋੜ ਅਨੁਸਾਰ ਕਾਫ਼ੀ ਨਾ ਹੋਵੇ। ਦੂਜੀ ਸਥਿਤੀ ਵਿੱਚ ਜਦੋਂ ਮਾਤਾ-ਪਿਤਾ ਦੋਵੇਂ ਕੰਮਕਾਜੀ ਹੋਣ, ਅਤੇ ਉਨ੍ਹਾਂ ਕੋਲ ਲੋੜੀਂਦਾ ਸਮਾਂ ਨਾ ਹੋਵੇ ਤਾਂ ਉਹ ਆਪਣੀ ਸਹੂਲਤ ਅਨੁਸਾਰ ਫ਼ਾਰਮੂਲਾ ਮਿਲਕ ਦਿੰਦੇ ਹਨ। ਤੀਜੀ ਸਥਿਤੀ ਵਿੱਚ ਡਾਕਟਰ ਖ਼ੁਦ ਸਲਾਹ ਦਿੰਦੇ ਹਨ, ਪਰ ਅਜਿਹਾ ਬਹੁਤ ਘੱਟ ਮਾਮਲਿਆਂ ਵਿੱਚ ਹੁੰਦਾ ਹੈ।"
ਡਾਕਟਰ ਨਾਗਪਾਲ ਕਹਿੰਦੇ ਹਨ ਕਿ ਮਾਂ ਦੇ ਦੁੱਧ ਨੂੰ 'ਤਰਲ ਸੋਨਾ' ਵੀ ਕਿਹਾ ਜਾਂਦਾ ਹੈ, ਕਿਉਂਕਿ ਇਸ ਵਿੱਚ ਕਈ ਅਜਿਹੇ ਤੱਤ ਹੁੰਦੇ ਹਨ ਜੋ ਅਸੀਂ ਜਿੰਨੀ ਮਰਜ਼ੀ ਕੋਸ਼ਿਸ਼ ਕਰੀਏ ਫ਼ਾਰਮੂਲਾ ਦੁੱਧ ਵਿੱਚ ਨਹੀਂ ਪਾ ਸਕਦੇ, ਜਿਵੇਂ ਕਿ ਡਿਫੈਂਸ ਸੈੱਲਜ਼ (ਰੋਗ ਰੋਕੂ ਕੋਸ਼ਿਕਾਵਾਂ) ਜੋ ਬੱਚੇ ਦੇ ਪੋਸ਼ਣ ਅਤੇ ਵਿਕਾਸ 'ਤੇ ਡੂੰਘਾ ਅਸਰ ਪਾਉਂਦੇ ਹਨ।
ਲੇਕਿਨ ਉਹ ਦਾਅਵਾ ਕਰਦੇ ਹਨ ਕਿ ਗਾਂ ਅਤੇ ਮੱਝ ਦੇ ਦੁੱਧ ਦੀ ਤੁਲਨਾ ਵਿੱਚ ਫ਼ਾਰਮੂਲਾ ਮਿਲਕ ਥੋੜ੍ਹਾ ਬਿਹਤਰ ਨਜ਼ਰ ਆਉਂਦਾ ਹੈ।
ਦਰਅਸਲ, ਫ਼ਾਰਮੂਲਾ ਮਿਲਕ ਵਿੱਚ ਅਜਿਹੇ ਕਈ ਮਾਈਕ੍ਰੋਨਿਊਟ੍ਰੀਐਂਟਸ (ਸੂਖਮ ਪੋਸ਼ਕ ਤੱਤ) ਹੁੰਦੇ ਹਨ ਜੋ ਬੱਚਿਆਂ ਦੀਆਂ ਲੋੜਾਂ ਨੂੰ ਧਿਆਨ ਵਿੱਚ ਰੱਖ ਕੇ ਪਾਏ ਜਾਂਦੇ ਹਨ।
ਫਰਕ ਕੀ ਹੈ?
ਡਾਕਟਰ ਸਵਾਮੀਨਾਥਨ ਕਹਿੰਦੇ ਹਨ, "ਜੇਕਰ ਦੁੱਧ ਚੁੰਘਾਉਣ ਦੀ ਥਾਂ ਬੱਚਿਆਂ ਨੂੰ ਬੋਤਲ ਰਾਹੀਂ ਫ਼ਾਰਮੂਲਾ ਮਿਲਕ ਪਿਲਾਇਆ ਜਾਵੇ ਅਤੇ ਬੋਤਲ ਦੀ ਸਾਫ਼-ਸਫ਼ਾਈ ਦਾ ਧਿਆਨ ਨਾ ਰੱਖਿਆ ਜਾਵੇ, ਤਾਂ ਇਸ ਵਿੱਚ ਕੀਟਾਣੂ ਪੈਦਾ ਹੋ ਸਕਦੇ ਹਨ। ਬੱਚੇ ਨੂੰ ਦਸਤ ਅਤੇ ਹੋਰ ਬਿਮਾਰੀਆਂ ਹੋ ਸਕਦੀਆਂ ਹਨ, ਜੋ ਕੁਪੋਸ਼ਣ ਦਾ ਕਾਰਨ ਬਣਦੀਆਂ ਹਨ।"
"ਉੱਥੇ ਹੀ ਕਈ ਵਾਰ ਪੈਸਿਆਂ ਦੀ ਕਮੀ ਕਰਕੇ ਫ਼ਾਰਮੂਲਾ ਮਿਲਕ ਵਿੱਚ ਬਹੁਤ ਜ਼ਿਆਦਾ ਪਾਣੀ ਮਿਲਾ ਕੇ ਬੱਚਿਆਂ ਨੂੰ ਦਿੱਤਾ ਜਾਂਦਾ ਹੈ, ਜਿਸ ਨਾਲ ਬੱਚੇ ਨੂੰ ਪੂਰਾ ਪੋਸ਼ਣ ਨਹੀਂ ਮਿਲਦਾ।"
ਦਿੱਲੀ ਸਥਿਤ ਬੱਚਿਆਂ ਦੇ ਮਾਹਿਰ ਡਾਕਟਰ ਦਿਨੇਸ਼ ਮਿੱਤਲ ਦੇ ਅਨੁਸਾਰ, "ਜੇਕਰ ਬੱਚੇ ਨੂੰ ਇਨਫੈਕਸ਼ਨ ਹੁੰਦੀ ਹੈ, ਤਾਂ ਮਾਂ ਦਾ ਸਰੀਰ ਆਪਣੇ ਆਪ ਅਜਿਹੀਆਂ ਐਂਟੀਬਾਡੀਜ਼ ਬਣਾਉਂਦਾ ਹੈ, ਜੋ ਦੁੱਧ ਰਾਹੀਂ ਬੱਚੇ ਤੱਕ ਪਹੁੰਚਦੀਆਂ ਹਨ। ਜਦਕਿ ਫ਼ਾਰਮੂਲਾ ਮਿਲਕ ਪੀਣ ਵਾਲੇ ਬੱਚਿਆਂ ਵਿੱਚ ਕਬਜ਼ ਦੀ ਸਮੱਸਿਆ ਜ਼ਿਆਦਾ ਦੇਖੀ ਜਾਂਦੀ ਹੈ। ਅਜਿਹੇ ਬੱਚਿਆਂ ਦਾ ਭਾਰ ਵੀ ਜਲਦੀ ਵਧਦਾ ਹੈ, ਜਿਸ ਨਾਲ ਅੱਗੇ ਚੱਲ ਕੇ ਮੋਟਾਪੇ ਦਾ ਖ਼ਤਰਾ ਵਧ ਸਕਦਾ ਹੈ।"
ਯੂਨੀਸੈਫ਼ ਦੇ ਅਨੁਸਾਰ, ਜਿਸ ਬੱਚੇ ਨੂੰ ਪਹਿਲੇ ਛੇ ਮਹੀਨਿਆਂ ਤੱਕ ਮਾਂ ਦਾ ਦੁੱਧ ਨਹੀਂ ਪਿਲਾਇਆ ਜਾਂਦਾ, ਉਨ੍ਹਾਂ ਦੇ ਦਸਤ ਜਾਂ ਨਿਮੋਨੀਆ ਨਾਲ ਮਰਨ ਦਾ ਖ਼ਤਰਾ ਕਾਫ਼ੀ ਜ਼ਿਆਦਾ ਹੁੰਦਾ ਹੈ।
ਇਸ ਤੋਂ ਇਲਾਵਾ, ਮਾਂ ਦਾ ਦੁੱਧ ਬੱਚੇ ਦੀ ਰੋਗਾਂ ਨਾਲ ਲੜਨ ਦੀ ਸਮਰੱਥਾ ਨੂੰ ਮਜ਼ਬੂਤ ਕਰਦਾ ਹੈ ਅਤੇ ਜ਼ਿੰਦਗੀ ਵਿੱਚ ਮੋਟਾਪਾ ਅਤੇ ਡਾਇਬੀਟੀਜ਼ ਵਰਗੀਆਂ ਲੰਬੀਆਂ ਬਿਮਾਰੀਆਂ ਤੋਂ ਬਚਾਅ ਕਰ ਸਕਦਾ ਹੈ।
ਫਿਰ ਵੀ, ਦੁਨੀਆ ਭਰ ਵਿੱਚ ਸਿਫ਼ਰ ਤੋਂ ਪੰਜ ਮਹੀਨੇ ਦੇ ਬੱਚਿਆਂ ਵਿੱਚੋਂ ਅੱਧੇ ਤੋਂ ਵੀ ਘੱਟ (ਸਿਰਫ਼ 47 ਫ਼ੀਸਦੀ) ਨੂੰ ਹੀ ਪਹਿਲੇ ਛੇ ਮਹੀਨਿਆਂ ਤੱਕ ਸਿਰਫ਼ ਮਾਂ ਦਾ ਦੁੱਧ ਮਿਲਦਾ ਹੈ। (ਇਹ ਡੇਟਾ ਯੂਨੀਸੈਫ਼ ਦਾ ਹੀ ਹੈ)।
ਦੁੱਧ ਚੁੰਘਾਉਣ ਅਤੇ ਫ਼ਾਰਮੂਲਾ ਮਿਲਕ ਦੇਣ ਵਾਲੀਆਂ ਮਾਂਵਾਂ ਦੇ ਸਰੀਰਕ ਅਤੇ ਮਾਨਸਿਕ ਸਿਹਤ 'ਤੇ ਅਸਰ ਬਾਰੇ ਡਾਕਟਰ ਸਵਾਮੀਨਾਥਨ ਕਹਿੰਦੇ ਹਨ ਕਿ ਦੁੱਧ ਚੁੰਘਾਉਣ ਵਾਲੀਆਂ ਮਾਂਵਾਂ ਦਾ ਬੱਚੇ ਨਾਲ ਜ਼ਿਆਦਾ ਡੂੰਘਾ ਰਿਸ਼ਤਾ ਬਣਦਾ ਹੈ ਕਿਉਂਕਿ ਚਮੜੀ ਨਾਲ ਚਮੜੀ ਦਾ ਸੰਪਰਕ ਹੁੰਦਾ ਹੈ, ਜਿਸ ਨਾਲ ਬੱਚੇ ਨੂੰ ਜ਼ਿਆਦਾ ਸੰਤੁਸ਼ਟੀ ਮਿਲਦੀ ਹੈ।
ਬੱਚੇ ਦਾ ਚਿਹਰਾ ਮਾਂ ਦੇ ਚਿਹਰੇ ਤੋਂ ਸਹੀ ਦੂਰੀ 'ਤੇ ਹੁੰਦਾ ਹੈ, ਜਿਸ ਨਾਲ ਬੱਚਾ ਆਸਾਨੀ ਨਾਲ ਮਾਂ ਨੂੰ ਦੇਖ ਅਤੇ ਪਛਾਣ ਸਕਦਾ ਹੈ।
ਲੇਕਿਨ ਇਹ ਉਦੋਂ ਹੀ ਸੰਭਵ ਹੈ ਜਦੋਂ ਮਾਂ ਨੂੰ ਪੂਰਾ ਸਹਿਯੋਗ ਮਿਲੇ। ਬੱਚੇ ਨੂੰ ਲੋੜ ਅਨੁਸਾਰ ਦੁੱਧ ਪਿਲਾਉਣਾ ਪੈਂਦਾ ਹੈ, ਇਸ ਲਈ ਮਾਂ ਨੂੰ ਹਮੇਸ਼ਾ ਉਪਲਬਧ ਰਹਿਣਾ ਪੈਂਦਾ ਹੈ।
'ਬੱਚੇ ਦਾ ਪਹਿਲਾ ਟੀਕਾ'
ਦੁੱਧ ਚੁੰਘਾਉਣ ਨੂੰ ਇੱਕ ਸੁਖਾਵਾਂ ਅਨੁਭਵ ਬਣਾਉਣ ਲਈ ਮਾਂ ਨੂੰ ਪੂਰਾ ਆਰਾਮ, ਸੰਤੁਲਿਤ ਭੋਜਨ, ਘਰ ਦੇ ਕੰਮਾਂ ਵਿੱਚ ਮਦਦ, ਸੰਗਠਿਤ ਖੇਤਰ ਵਿੱਚ ਕੰਮ ਕਰਨ ਵਾਲੀਆਂ ਔਰਤਾਂ ਲਈ ਤਨਖ਼ਾਹ ਸਮੇਤ ਛੁੱਟੀ ਜਾਂ ਗੈਰ-ਸੰਗਠਿਤ ਖੇਤਰ ਵਿੱਚ ਮਾਵਾਂ ਨੂੰ ਮਿਲਣ ਵਾਲੇ ਸਰਕਾਰੀ ਲਾਭ ਅਤੇ ਪਰਿਵਾਰ ਦੇ ਲੋਕਾਂ ਦੀ ਸਮਝ ਤੇ ਅਪਣੱਤ ਜ਼ਰੂਰੀ ਹੁੰਦੀ ਹੈ।
ਫ਼ਾਰਮੂਲਾ ਮਿਲਕ ਚੁਣਨ ਵਾਲੀਆਂ ਮਾਂਵਾਂ ਨੂੰ ਕਸੂਰਵਾਰ ਨਹੀਂ ਠਹਿਰਾਉਣਾ ਚਾਹੀਦਾ ਜਾਂ ਉਨ੍ਹਾਂ ਨੂੰ ਇਸ ਬਾਰੇ ਗਿਲਟ ਮਹਿਸੂਸ ਨਹੀਂ ਕਰਵਾਉਣਾ ਚਾਹੀਦਾ। ਅਕਸਰ ਉਹ ਅਜਿਹਾ ਇਸ ਲਈ ਕਰਦੀਆਂ ਹਨ ਕਿਉਂਕਿ ਉਨ੍ਹਾਂ ਕੋਲ ਦੁੱਧ ਚੁੰਘਾਉਣ ਲਈ ਲੋੜੀਂਦਾ ਸਮਾਂ ਨਹੀਂ ਹੁੰਦਾ।
ਡਾਕਟਰ ਮਿੱਤਲ ਦੱਸਦੇ ਹਨ, "ਦੁੱਧ ਚੁੰਘਾਉਣਾ ਮਾਂ ਲਈ ਵੀ ਬਹੁਤ ਫਾਇਦੇਮੰਦ ਹੈ। ਇਸ ਨਾਲ ਬ੍ਰੈਸਟ ਕੈਂਸਰ ਅਤੇ ਓਵੇਰੀਅਨ ਕੈਂਸਰ ਦਾ ਖ਼ਤਰਾ ਘੱਟ ਹੁੰਦਾ ਹੈ। ਦੁੱਧ ਚੁੰਘਾਉਣ ਦੌਰਾਨ ਆਕਸੀਟੋਸਿਨ ਹਾਰਮੋਨ ਨਿਕਲਦਾ ਹੈ, ਜੋ ਭਾਵਨਾਤਮਕ ਸਾਂਝ ਵਧਾਉਂਦਾ ਹੈ ਅਤੇ ਪੋਸਟਪਾਰਟਮ ਡਿਪਰੈਸ਼ਨ (ਜਣੇਪੇ ਤੋਂ ਬਾਅਦ ਦੀ ਉਦਾਸੀ) ਦਾ ਖ਼ਤਰਾ ਘੱਟ ਕਰਦਾ ਹੈ। ਇਸ ਨਾਲ ਮਾਂ ਦੀ ਮਾਨਸਿਕ ਸਿਹਤ ਬਿਹਤਰ ਰਹਿੰਦੀ ਹੈ।"
ਮਾਂ ਦੇ ਦੁੱਧ ਦੇ ਫਾਇਦੇ ਬੱਚੇ ਅਤੇ ਮਾਂ ਦੋਵਾਂ ਲਈ ਹੁੰਦੇ ਹਨ।
ਡਾਕਟਰ ਸਵਾਮੀਨਾਥਨ ਕਹਿੰਦੇ ਹਨ ਕਿ ਮਾਂ ਦਾ ਦੁੱਧ ਬੱਚੇ ਦੀ ਲੋੜ ਅਨੁਸਾਰ ਬਦਲਦਾ ਰਹਿੰਦਾ ਹੈ। ਮਾਂ ਦਾ ਸਰੀਰ ਬੱਚੇ ਦੀ ਪੋਸ਼ਣ ਦੀ ਲੋੜ ਨੂੰ ਸਮਝ ਕੇ ਦੁੱਧ ਦੀ ਮਾਤਰਾ ਅਤੇ ਗੁਣਵੱਤਾ ਵਿੱਚ ਬਦਲਾਅ ਕਰਦਾ ਰਹਿੰਦਾ ਹੈ।
ਪਹਿਲਾ ਦੁੱਧ ਜੋ ਬੱਚੇ ਦੇ ਜਨਮ ਤੋਂ ਤੁਰੰਤ ਬਾਅਦ ਆਉਂਦਾ ਹੈ, ਉਸ ਨੂੰ ਕੋਲੋਸਟ੍ਰਮ (ਬਹੁਲੀ) ਕਹਿੰਦੇ ਹਨ। ਇਹ ਬਹੁਤ ਪੌਸ਼ਟਿਕ ਅਤੇ ਇਮਿਊਨਿਟੀ ਵਧਾਉਣ ਵਾਲੇ ਤੱਤਾਂ ਨਾਲ ਭਰਭੂਰ ਹੁੰਦਾ ਹੈ, ਇਸ ਲਈ ਇਸ ਨੂੰ ਬੱਚੇ ਦਾ 'ਪਹਿਲਾ ਟੀਕਾ' ਵੀ ਕਿਹਾ ਜਾਂਦਾ ਹੈ। ਇਹ ਪਚਣ ਵਿੱਚ ਵੀ ਆਸਾਨ ਹੁੰਦਾ ਹੈ।
ਖੋਜ ਵਿੱਚ ਪਤਾ ਲੱਗਾ ਹੈ ਕਿ ਇਸ ਵਿੱਚ ਲੰਬੇ ਸਮੇਂ ਤੱਕ ਸਿਹਤ ਲਈ ਫਾਇਦੇਮੰਦ ਨਵੇਂ ਬਾਇਓਐਕਟਿਵ ਕੰਪਾਊਂਡ ਵੀ ਹੁੰਦੇ ਹਨ।
ਫ਼ਾਰਮੂਲਾ ਦੁੱਧ ਵਿੱਚ ਇਹ ਬਾਇਓਐਕਟਿਵ ਅਤੇ ਇਮਿਊਨ ਤੱਤ ਨਹੀਂ ਹੁੰਦੇ। ਇਸ ਲਈ ਫ਼ਾਰਮੂਲਾ ਮਿਲਕ ਪੀਣ ਵਾਲੇ ਬੱਚਿਆਂ ਵਿੱਚ ਬਿਮਾਰੀਆਂ ਜ਼ਿਆਦਾ ਹੁੰਦੀਆਂ ਹਨ।
ਮਾਂ ਦਾ ਦੁੱਧ ਬੱਚੇ ਅਤੇ ਮਾਂ ਦੋਵਾਂ ਲਈ ਲਾਹੇਵੰਦ
ਡਾਕਟਰ ਨਾਗਪਾਲ ਦੱਸਦੇ ਹਨ ਕਿ ਜਿਹੜੀਆਂ ਮਾਂਵਾਂ ਆਪਣੇ ਬੱਚਿਆਂ ਨੂੰ ਦੁੱਧ ਚੁੰਘਾਉਂਦੀਆਂ ਹਨ, ਉਨ੍ਹਾਂ ਨੂੰ ਭਾਰ ਘਟਾਉਣ ਵਿੱਚ ਮਦਦ ਮਿਲਦੀ ਹੈ। ਇਸ ਦੇ ਨਾਲ ਹੀ ਗਰਭ ਅਵਸਥਾ ਤੋਂ ਬਾਅਦ ਰਿਕਵਰੀ ਵੀ ਤੇਜ਼ ਹੁੰਦੀ ਹੈ ਅਤੇ ਬੱਚੇਦਾਨੀ ਜਲਦੀ ਆਪਣੀ ਸਾਧਾਰਨ ਸਥਿਤੀ ਵਿੱਚ ਵਾਪਸ ਆ ਜਾਂਦੀ ਹੈ।
ਮਾਂ ਦਾ ਦੁੱਧ ਵਾਲੇ ਬੱਚੇ ਬੁੱਧੀਮਾਨੀ ਦੇ ਮਾਮਲੇ ਵਿੱਚ ਬਿਹਤਰ ਹੁੰਦੇ ਹਨ। ਉਨ੍ਹਾਂ ਦੀ ਬੀਮਾਰੀਆਂ ਨਾਲ ਲੜਨ ਦੀ ਸਮਰੱਥਾ ਯਾਨੀ ਇਮਿਊਨਿਟੀ ਵੀ ਬਹੁਤ ਵਧੀਆ ਹੁੰਦੀ ਹੈ।"
ਡਾਕਟਰ ਸਵਾਮੀਨਾਥਨ ਕਹਿੰਦੇ ਹਨ, "ਮਾਤਾ-ਪਿਤਾ ਲਈ ਗਰਭ ਅਵਸਥਾ ਦਾ ਪਤਾ ਲੱਗਦਿਆਂ ਹੀ ਦੁੱਧ ਚੁੰਘਾਉਣ ਬਾਰੇ ਕਾਊਂਸਲਿੰਗ ਸ਼ੁਰੂ ਹੋ ਜਾਣੀ ਚਾਹੀਦੀ ਹੈ। ਪੂਰੇ ਪਰਿਵਾਰ ਨੂੰ ਇਸ ਵਿੱਚ ਸ਼ਾਮਲ ਕਰਨਾ ਚਾਹੀਦਾ ਹੈ, ਖ਼ਾਸ ਕਰਕੇ ਮਾਂ ਨੂੰ ਸਹਿਯੋਗ ਦੇਣ 'ਤੇ ਜ਼ੋਰ ਹੋਣਾ ਚਾਹੀਦਾ ਹੈ।"
"ਮਾਂ ਨੂੰ ਸਹੀ ਪੋਜੀਸ਼ਨ ਅਤੇ ਦੁੱਧ ਚੁੰਘਾਉਣ ਦਾ ਤਰੀਕਾ ਸਮਝਾਉਣਾ ਚਾਹੀਦਾ ਹੈ ਤਾਂ ਜੋ ਨਿੱਪਲ ਵਿੱਚ ਤਰੇੜਾਂ ਜਾਂ ਦਰਦ ਨਾ ਹੋਵੇ। ਕਾਊਂਸਲਿੰਗ ਅਤੇ ਸਹਿਯੋਗ ਬੱਚੇ ਦੀ ਪੂਰਕ ਖ਼ੁਰਾਕ ਸ਼ੁਰੂ ਹੋਣ ਤੋਂ ਬਾਅਦ ਵੀ ਜਾਰੀ ਰਹਿਣਾ ਚਾਹੀਦਾ ਹੈ, ਤਾਂ ਜੋ ਸਮੱਸਿਆਵਾਂ ਦਾ ਹੱਲ ਹੋ ਸਕੇ।"
ਡਾਕਟਰ ਨਾਗਪਾਲ ਸੁਝਾਅ ਦਿੰਦੇ ਹਨ ਕਿ ਦੁੱਧ ਚੁੰਘਾਉਣਾ ਸ਼ੁਰੂ ਵਿੱਚ ਮੁਸ਼ਕਲ ਲੱਗ ਸਕਦਾ ਹੈ, ਪਰ ਅਜਿਹੀ ਸਥਿਤੀ ਵਿੱਚ ਹਾਰ ਨਾ ਮੰਨੋ। ਆਪਣਾ ਰੋਜ਼ਾਨਾ ਦਾ ਕਾਰ-ਵਿਹਾਰ ਬੱਚੇ ਦੇ ਸੌਣ-ਜਾਗਣ ਦੇ ਹਿਸਾਬ ਨਾਲ ਕਰੋ।
ਮਨ ਵਿੱਚ ਇਹ ਧਾਰ ਲਓ ਕਿ ਫ਼ਾਰਮੂਲਾ ਮਿਲਕ ਕੋਈ ਬਦਲ ਨਹੀਂ ਹੈ। ਜਦੋਂ ਤੱਕ ਡਾਕਟਰ ਸਪੱਸ਼ਟ ਸਲਾਹ ਨਾ ਦੇਣ, ਮਾਂ ਦਾ ਦੁੱਧ ਹੀ ਚੁਣੋ।
ਘੜੀ ਦੇਖ ਕੇ ਨਹੀਂ, ਬਲਕਿ ਬੱਚੇ ਦੀ ਭੁੱਖ ਦੇ ਅਨੁਸਾਰ ਦੁੱਧ ਚੁੰਘਾਓ । ਇਸ ਨਾਲ ਤੁਹਾਨੂੰ ਚਿੰਤਾ ਘੱਟ ਹੋਵੇਗੀ ਅਤੇ ਬੱਚੇ ਨੂੰ ਬਿਹਤਰ ਪੋਸ਼ਣ ਮਿਲੇਗਾ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ