ਅਮਰੀਕਾ ਤੋਂ ਡਿਪੋਰਟ ਹੋਏ 54 ਭਾਰਤੀ, 'ਦੁਕਾਨ ਤੇ ਪਲਾਟ ਵੇਚ ਕੇ 45 ਲੱਖ ਰੁਪਏ ਲਾਏ, ਔਖੇ ਰਸਤੇ ਵੀ ਟੱਪੇ ਪਰ ਹੁਣ ਹਲਵਾਈ ਦਾ ਕੰਮ...'

    • ਲੇਖਕ, ਅਵਤਾਰ ਸਿੰਘ
    • ਰੋਲ, ਬੀਬੀਸੀ ਪੱਤਰਕਾਰ
    • ਲੇਖਕ, ਕਮਲ ਸੈਣੀ
    • ਰੋਲ, ਬੀਬੀਸੀ ਸਹਿਯੋਗੀ

"ਮੈਂ ਬਹੁਤ ਸੋਹਣੇ ਸੁਪਨੇ ਸਜਾਏ ਸੀ ਕਿ ਬੱਚਿਆਂ ਲਈ ਕੁਝ ਵਧੀਆ ਕਰਾਂਗਾ। ਮੈਂ 35 ਲੱਖ ਰੁਪਏ ਲਗਾ ਕੇ ਅਮਰੀਕਾ ਗਿਆ ਅਤੇ ਉੱਥੇ ਕੁਕਿੰਗ ਦੀ ਵਧੀਆ ਨੌਕਰੀ ਕਰਦਾ ਸੀ ਪਰ ਟਰੰਪ ਪ੍ਰਸ਼ਾਸਨ ਨੇ ਮੈਨੂੰ ਫੜ ਕੇ ਭਾਰਤ ਭੇਜ ਦਿੱਤਾ।"

ਅਮਰੀਕਾ ਦੀ ਚਮਕ-ਦਮਕ ਭਰੀ ਜ਼ਿੰਦਗੀ 'ਚੋਂ ਭਾਰਤ ਡਿਪੋਰਟ ਕੀਤੇ ਹਰਿਆਣਾ ਦੇ 54 ਲੋਕਾਂ ਵਿੱਚੋਂ ਇੱਕ ਹਰਜਿੰਦਰ ਸਿੰਘ ਅੰਬਾਲਾ ਦੇ ਪਿੰਡ ਜਗੋਲੀ ਵਿੱਚ ਰਾਤ ਦੇ ਹਨੇਰੇ ਵਿੱਚ ਆਪਣੇ ਪਰਿਵਾਰ ਨਾਲ ਬੈਠੇ ਇਨ੍ਹਾਂ ਬੋਲਾਂ ਨਾਲ ਅਮਰੀਕੀ ਸਰਕਾਰ ਨੂੰ ਕੋਸ ਰਹੇ ਹਨ।

ਭਾਵੁਕ ਹੁੰਦਿਆਂ ਹਰਜਿੰਦਰ ਸਿੰਘ ਕਹਿੰਦੇ ਹਨ ਕਿ ਉਹਨਾਂ ਨੇ ਖੇਤੀ ਕਰਕੇ ਇਹ ਪੈਸੇ ਕਮਾਏ ਸਨ ਅਤੇ ਉਨ੍ਹਾਂ ਦੇ ਬੱਚੇ ਜਵਾਨ ਹੋ ਰਹੇ ਹਨ ਪਰ ਉਨ੍ਹਾਂ ਦੇ 35 ਲੱਖ ਰੁਪਏ ਡੁੱਬ ਗਏ।

ਕਰੀਬ ਚਾਰ ਸਾਲ ਪਹਿਲਾ ਅਮਰੀਕਾ ਗਏ ਹਰਜਿੰਦਰ ਸਿੰਘ ਕਹਿੰਦੇ ਹਨ, "ਉਮੀਦਾਂ 'ਤੇ ਪਾਣੀ ਫਿਰ ਗਿਆ, ਦੁੱਖ ਹੈ ਕਿ ਮੈਂ ਕੁਝ ਨਹੀਂ ਕਰ ਪਾਇਆ।''

ਡਿਪੋਰਟ ਹੋਣ ਸਮੇਂ ਲਗਾਈਆਂ ਬੇੜੀਆਂ ਬਾਰੇ ਉਹ ਗਿਲਾ ਕਰਦੇ ਕਹਿੰਦੇ ਹਨ, "ਉਨ੍ਹਾਂ ਨੂੰ ਇਹ ਨਹੀਂ ਕਰਨਾ ਚਾਹੀਦਾ ਸੀ, ਮੈਨੂੰ ਵੀ ਬੁਰਾ ਲੱਗਾ, ਮੇਰੇ 25 ਘੰਟਿਆਂ ਤੱਕ ਬੇੜੀਆਂ ਲੱਗੀਆਂ ਰਹੀਆਂ।"

'ਡੰਕੀ ਰੂਟ ਰਾਹੀਂ ਗਏ ਸੀ ਅਮਰੀਕਾ'

ਪੁਲਿਸ ਅਧਿਕਾਰੀਆਂ ਮੁਤਾਬਕ ਡੰਕੀ ਰੂਟ ਰਾਹੀਂ ਅਮਰੀਕਾ ਗਏ ਇਨ੍ਹਾਂ ਲੋਕਾਂ ਨੂੰ ਸ਼ਨੀਵਾਰ ਦਿੱਲੀ ਦੇ ਇੰਦਰਾ ਗਾਂਧੀ ਇੰਟਰਨੈਸ਼ਨਲ ਏਅਰਪੋਰਟ 'ਤੇ ਉਤਾਰਿਆ ਗਿਆ।

ਡਿਪੋਰਟ ਕੀਤੇ ਇਹ ਲੋਕ ਹਰਿਆਣਾ ਦੇ ਕਰਨਾਲ, ਕੈਥਲ, ਅੰਬਾਲਾ, ਯਮੁਨਾਨਗਰ, ਕਰੂਕਸ਼ੇਤਰ, ਜੀਂਦ, ਸੋਨੀਪਤ ਅਤੇ ਪੰਚਕੁਲਾ ਨਾਲ ਸਬੰਧਤ ਹਨ।

ਕੈਥਲ ਦੇ ਡਿਪਟੀ ਸੁਪਰੀਡੈਂਟ ਆਫ਼ ਪੁਲਿਸ ਲਲਿਤ ਯਾਦਵ ਮੁਤਾਬਕ ਗੈਰ-ਕਾਨੂੰਨੀ ਤਰੀਕੇ ਨਾਲ ਅਮਰੀਕਾ ਪਹੁੰਚੇ ਕੈਥਲ ਜ਼ਿਲ੍ਹੇ ਦੇ 14 ਨੌਜਵਾਨਾਂ ਨੂੰ ਡਿਰੋਪਟ ਕੀਤਾ ਗਿਆ ਹੈ ਜੋ ਸਾਰੇ ਡੰਕੀ ਰੂਟ ਰਾਹੀਂ ਅਮਰੀਕਾ ਪਹੁੰਚੇ ਸਨ।

ਐਤਵਾਰ ਨੂੰ ਸਵੇਰੇ ਕੈਥਲ ਪੁਲਿਸ ਦੀ ਇੱਕ ਟੀਮ ਨੇ ਇਨ੍ਹਾਂ ਲੋਕਾਂ ਨੂੰ ਦਿੱਲੀ ਏਅਰਪੋਰਟ ਤੋਂ ਰਿਸੀਵ ਕੀਤਾ ਸੀ ਜਿਸ ਤੋਂ ਬਾਅਦ ਉਨ੍ਹਾਂ ਨੂੰ ਕੈਥਲ ਪੁਲਿਸ ਲਾਈਨ ਵਿੱਚ ਲਿਆਂਦਾ ਗਿਆ।

ਇੱਥੇ ਇਨ੍ਹਾਂ ਤੋਂ ਪੁੱਛਗਿੱਛ ਕੀਤੀ ਗਈ ਅਤੇ ਉਨ੍ਹਾਂ ਦੇ ਦਸਤਾਵੇਜ਼ਾਂ ਦੀ ਜਾਂਚ ਕੀਤੀ ਗਈ।

ਪੁਲਿਸ ਮੁਤਾਬਕ ਇਸ ਜਾਂਚ ਦੌਰਾਨ ਤਾਰਾਗੜ੍ਹ ਵਾਸੀ ਨਰੇਸ਼ ਕੁਮਾਰ ਦਾ ਅਪਰਾਧਿਕ ਪਿਛੋਕੜ ਪਾਇਆ ਗਿਆ ਅਤੇ ਉਸ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ।

ਜਾਣਕਾਰੀ ਅਨੁਸਾਰ ਨਰੇਸ਼ ਕੁਮਾਰ ਚੈੱਕ ਬਾਉਂਸ ਅਤੇ ਐਕਸਾਈਜ਼ ਐਕਟ ਸਬੰਧੀ ਮਾਮਲੇ ਵਿੱਚ ਭਗੌੜਾ ਚੱਲ ਰਿਹਾ ਸੀ। ਹਾਲਾਂਕਿ ਬਾਕੀ 13 ਲੋਕਾਂ ਦਾ ਕੋਈ ਅਪਰਾਧਿਕ ਪਿਛੋਕੜ ਨਹੀਂ ਸੀ ਅਤੇ ਉਨ੍ਹਾਂ ਨੂੰ ਪੁੱਛਗਿੱਛ ਤੋਂ ਬਾਅਦ ਪਰਿਵਾਰਾਂ ਨੂੰ ਸੌਂਪ ਦਿੱਤਾ ਗਿਆ।

ਏਜੰਟਾ ਖ਼ਿਲਾਫ਼ ਨਹੀਂ ਕੀਤੀ ਸ਼ਿਕਾਇਤ

ਪੁਲਿਸ ਮੁਤਾਬਕ ਇਨ੍ਹਾਂ ਵਿੱਚੋਂ ਬਹੁਤ ਸਾਰੇ ਕਈ ਸਾਲਾਂ ਤੋਂ ਅਮਰੀਕਾ ਰਹਿ ਰਹੇ ਸਨ ਅਤੇ ਬਾਕੀ ਕੁਝ ਹੀ ਮਹੀਨੇ ਪਹਿਲਾਂ ਅਮਰੀਕਾ ਗਏ ਸਨ। ਇਨ੍ਹਾਂ ਲੋਕਾਂ ਦੀ ਉਮਰ 25 ਤੋਂ 40 ਸਾਲ ਦੇ ਵਿਚਕਾਰ ਦੱਸੀ ਜਾ ਰਹੀ ਹੈ।

ਲਲਿਤ ਯਾਦਵ ਨੇ ਕਿਹਾ ਕਿ ਹਾਲੇ ਤੱਕ ਕਿਸੇ ਵੀ ਨੌਜਵਾਨ ਨੇ ਉਨ੍ਹਾਂ ਏਜੰਟਾਂ ਖ਼ਿਲਾਫ਼ ਕੋਈ ਸ਼ਿਕਾਇਤ ਦਰਜ ਨਹੀਂ ਕਰਵਾਈ, ਜਿਨ੍ਹਾਂ ਨੇ ਉਨ੍ਹਾਂ ਨੂੰ ਗਲਤ ਤਰੀਕੇ ਨਾਲ ਵਿਦੇਸ਼ ਭੇਜਿਆ ਸੀ।

ਉਨ੍ਹਾਂ ਕਿਹਾ ਕਿ ਜੇਕਰ ਕੋਈ ਸ਼ਿਕਾਇਤ ਕਰਦਾ ਹੈ ਤਾਂ ਪੁਲਿਸ ਉਸ ਅਨੁਸਾਰ ਕਾਰਵਾਈ ਕਰੇਗੀ।

ਡਿਪੋਰਟ ਹੋਏ ਕਈ ਨੌਜਵਾਨਾਂ ਨੇ ਕਿਹਾ ਕਿ ਪਹਿਲਾਂ ਉਹ ਆਪਣੇ ਪਰਿਵਾਰ ਨਾਲ ਗੱਲਬਾਤ ਕਰਨਗੇ ਅਤੇ ਫਿਰ ਉਸ ਤੋਂ ਬਾਅਦ ਹੀ ਅੱਗੇ ਕੋਈ ਫੈਸਲਾ ਲੈਣਗੇ।

ਇਸੇ ਸਾਲ ਫ਼ਰਵਰੀ ਮਹੀਨੇ ਹਰਿਆਣਾ ਦੇ ਕੈਥਲ ਜ਼ਿਲ੍ਹੇ ਦੇ 18 ਨੌਜਵਾਨਾਂ ਨੂੰ ਅਮਰੀਕਾ ਤੋਂ ਡਿਪੋਰਟ ਕੀਤਾ ਗਿਆ ਸੀ।

'ਜ਼ਮੀਨ ਵੇਚੀ, ਜੇਲ੍ਹ ਕੱਟੀ ਪਰ ਵਾਪਸ ਆਉਣਾ ਪਿਆ'

ਅਮਰੀਕਾ ਤੋਂ ਡਿਪੋਰਟ ਹੋ ਕੇ ਆਏ ਨਰੇਸ਼ ਕੁਮਾਰ ਦੱਸਦੇ ਹਨ ਕਿ ਉਨ੍ਹਾਂ ਨੇ ਆਪਣੀ ਜ਼ਮੀਨ ਵੇਚ ਕੇ ਏਜੰਟਾਂ ਨੂੰ 57 ਲੱਖ 50 ਹਜ਼ਾਰ ਰੁਪਏ ਦਿੱਤੇ ਸਨ ਪਰ ਫਿਰ ਵੀ ਉਹ ਅਮਰੀਕਾ ਵਿੱਚ ਵਸ ਨਹੀਂ ਪਾਏ।

ਨਰੇਸ਼ ਕੁਮਾਰ ਨੇ ਕਿਹਾ, "ਮੈਂ 9 ਜਨਵਰੀ 2024 ਨੂੰ ਭਾਰਤ ਤੋਂ ਬ੍ਰਾਜ਼ੀਲ ਗਿਆ ਸੀ। ਮੈਂ ਜ਼ਮੀਨ ਵੇਚ ਕੇ ਦੋ ਏਜੰਟਾਂ ਨੂੰ ਪਹਿਲਾਂ 42 ਲੱਖ ਰੁਪਏ ਦਿੱਤੇ ਅਤੇ ਰਸਤੇ ਵਿੱਚ ਵੀ ਸਮੇਂ-ਸਮੇਂ ਮੇਰੇ ਰਿਸ਼ਤੇਦਾਰ ਪੈਸੇ ਦਿੰਦੇ ਰਹੇ। ਮੈਂ 14 ਮਹੀਨੇ ਜੇਲ੍ਹ ਕੱਟੀ ਪਰ ਵਾਪਸ ਭਾਰਤ ਭੇਜ ਦਿੱਤਾ ਗਿਆ।"

ਉਹ ਕਹਿੰਦੇ ਹਨ, "ਮੈਂ ਹੱਥ ਜੋੜ ਕੇ ਸਭ ਨੂੰ ਬੇਨਤੀ ਕਰਦਾ ਹਾਂ ਕਿ ਕਦੇ ਵੀ ਡੰਕੀ ਵਾਲੇ ਰੂਟ ਰਾਹੀਂ ਅਮਰੀਕਾ ਜਾਣ ਦਾ ਨਾ ਸੋਚਣਾ।"

ਇਸੇ ਤਰ੍ਹਾਂ ਡਿਪੋਰਟ ਹੋਏ ਕਰਨਾਲ ਜ਼ਿਲ੍ਹੇ ਨਾਲ ਸਬੰਧਤ ਰਜਤ ਪਾਲ ਕਹਿੰਦੇ ਹਨ ਕਿ ਉਹ 45 ਲੱਖ ਰੁਪਏ ਲਗਾ ਕੇ ਪਨਾਮਾ ਦੇ ਰਸਤੇ ਅਮਰੀਕਾ ਗਏ ਸਨ ਅਤੇ ਇਸ ਲਈ ਉਨ੍ਹਾਂ ਨੇ ਦੁਕਾਨ ਤੇ ਪਲਾਟ ਵੀ ਵੇਚਿਆ ਸੀ।

ਉਹ 26 ਮਈ, 2024 ਨੂੰ ਘਰੋਂ ਅਮਰੀਕਾ ਲਈ ਨਿਕਲੇ ਸਨ ਅਤੇ ਉਹ ਪਨਾਮਾ ਵਿੱਚ 12-13 ਮੁੰਡਿਆਂ ਦੇ ਗਰੁੱਪ ਦਾ ਹਿੱਸਾ ਸਨ।

ਰਜਤ ਪਾਲ ਦੱਸਦੇ ਹਨ, "ਮੈਂ 2 ਦਸੰਬਰ(2024) ਨੂੰ ਅਮਰੀਕਾ ਦਾ ਬਾਰਡਰ ਟੱਪ ਗਿਆ ਸੀ। ਅਸੀਂ ਪਨਾਮਾ ਰਾਹੀਂ ਅਮਰੀਕਾ ਗਏ ਅਤੇ ਇਹ ਕਾਫ਼ੀ ਖ਼ਤਰੇ ਵਾਲਾ ਰਸਤਾ ਸੀ। ਮੈਨੂੰ ਕਰੀਬ 20 ਅਕਤੂਬਰ ਨੂੰ ਪਤਾ ਲੱਗਾ ਗਿਆ ਸੀ ਕਿ ਮੈਨੂੰ ਵਾਪਸ ਭੇਜਿਆ ਜਾਵੇਗਾ। ਮੇਰੇ ਪਿਤਾ ਹਲਵਾਈ ਦਾ ਕੰਮ ਕਰਦੇ ਹਨ, ਹੁਣ ਮੈਂ ਵੀ ਉਹਨਾਂ ਨਾਲ ਦੁਕਾਨ 'ਤੇ ਕੰਮ ਕਰਨ ਬਾਰੇ ਸੋਚ ਰਿਹਾ ਹੈ। "

ਡੰਕੀ ਰੂਟ ਕੀ ਹੈ?

ਗ਼ੈਰਕਾਨੂੰਨੀ ਤਰੀਕੇ ਨਾਲ ਅਮਰੀਕਾ ਜਾਣ ਵਾਲੇ ਨੌਜਵਾਨ ਨੂੰ ਏਜੰਟ ਕਈ ਰਸਤਿਆਂ ਰਾਹੀਂ ਅਮਰੀਕਾ ਲੈ ਕੇ ਜਾਂਦੇ ਹਨ।

ਸਭ ਤੋਂ ਪਹਿਲਾਂ ਇਨ੍ਹਾਂ ਨੂੰ ਲਾਤੀਨੀ ਅਮਰੀਕੀ ਦੇਸ਼ਾਂ ਤੱਕ ਪਹੁੰਚਾਇਆ ਜਾਂਦਾ ਹੈ, ਇਸ ਦਾ ਕਾਰਨ ਹੈ ਇਹਨਾਂ ਦੇ ਦੇਸ਼ਾਂ ਦੀ ਸੌਖੀ ਵੀਜ਼ਾ ਪ੍ਰਣਾਲੀ। ਏਜੰਟ ਕੁਝ ਨੂੰ ਪਹਿਲਾਂ ਏਕਵਾਡੋਰ ਲੈ ਕੇ ਜਾਂਦੇ ਹਨ, ਉੱਥੋਂ ਡੰਕੀ ਰਾਹੀਂ ਕੋਲੰਬੀਆ ਅਤੇ ਫਿਰ ਪਨਾਮਾ।

ਪਨਾਮਾ ਦਾ ਖ਼ਤਰਨਾਕ ਜੰਗਲ ਪਾਰ ਕਰਨ ਤੋਂ ਬਾਅਦ ਕੋਸਟਾ ਰੀਕਾ ਅਤੇ ਇੱਥੋਂ ਨਿਕਾਰਾਗੁਆ ਪਹੁੰਚਿਆ ਜਾਂਦਾ ਹੈ।

ਨਿਕਾਰਾਗੁਆ ਤੋਂ ਹੌਂਡੂਰਸ ਵਿੱਚ ਐਂਟਰੀ ਕਰਵਾਈ ਜਾਂਦੀ ਹੈ। ਇੱਥੋਂ ਫਿਰ ਗੁਆਟੇਮਾਲਾ ਤੇ ਮੈਕਸੀਕੋ ਪਹੁੰਚਿਆ ਜਾਂਦਾ ਹੈ।

ਮੈਕਸੀਕੋ ਪਹੁੰਚਣ ਤੋਂ ਬਾਅਦ ਸਰਹੱਦ ਪਾਰ ਕਰਕੇ ਨੌਜਵਾਨ ਅਮਰੀਕਾ ਵਿੱਚ ਦਾਖਲ ਹੁੰਦੇ ਹਨ।

ਕੁਝ ਏਜੰਟ ਬ੍ਰਾਜ਼ੀਲ ਅਤੇ ਵੈਨੇਜ਼ੁਏਲਾ ਰਾਹੀਂ ਵੀ ਨੌਜਵਾਨਾਂ ਨੂੰ ਮੈਕਸੀਕੋ ਲੈ ਕੇ ਜਾਂਦੇ ਹਨ।

ਡੰਕੀ ਦਾ ਪੈਂਡਾ ਇਸ ਗੱਲ ਉੱਤੇ ਵੀ ਨਿਰਭਰ ਕਰਦਾ ਹੈ ਕਿ ਡੌਂਕਰ ਦੀ ਸੈਟਿੰਗ ਅਤੇ ਉਸ ਦਾ ਨੈੱਟਵਰਕ ਕਿਸ ਦੇਸ਼ ਵਿੱਚ ਚੰਗਾ ਹੈ।

ਡੌਂਕਰ ਸ਼ਬਦ ਉਸ ਵਿਅਕਤੀ ਲਈ ਵਰਤਿਆ ਜਾਂਦਾ ਹੈ ਜੋ ਨੌਜਵਾਨਾਂ ਨੂੰ ਗ਼ੈਰਕਾਨੂੰਨੀ ਤਰੀਕੇ ਨਾਲ ਇੱਕ ਦੇਸ਼ ਤੋਂ ਦੂਜੇ ਦੇਸ਼ ਵਿੱਚ ਪਹੁੰਚਾਉਣ ਵਿੱਚ ਮਦਦ ਕਰਦਾ ਹੈ।

2400 ਤੋਂ ਵੱਧ ਭਾਰਤੀ ਇਸ ਸਾਲ ਡਿਪੋਰਟ ਹੋਏ

ਭਾਰਤੀ ਵਿਦੇਸ਼ ਮੰਤਰਾਲੇ ਅਨੁਸਾਰ ਇਸ ਸਾਲ ਜਨਵਰੀ ਤੋਂ 26 ਸਤੰਬਰ 2025 ਤੱਕ 2417 ਭਾਰਤੀਆਂ ਨੂੰ ਅਮਰੀਕਾ ਤੋਂ ਡਿਪੋਰਟ ਕੀਤਾ ਗਿਆ ਹੈ।

ਸਾਲ 2020 ਤੋਂ 2024 ਤੱਕ 5541 ਭਾਰਤੀਆਂ ਨੂੰ ਅਮਰੀਕਾ ਤੋਂ ਡਿਪੋਰਟ ਕੀਤਾ ਗਿਆ।

20 ਜਨਵਰੀ ਤੋਂ 22 ਜੁਲਾਈ 2025 ਤੱਕ 1703 ਭਾਰਤੀਆਂ ਨੂੰ ਅਮਰੀਕਾ ਤੋਂ ਡਿਪੋਰਟ ਕੀਤਾ ਗਿਆ ਸੀ। ਇਹਨਾਂ ਵਿੱਚ 1562 ਮਰਦ ਅਤੇ 141 ਔਰਤਾਂ ਸ਼ਾਮਲ ਸਨ।

ਡਿਪੋਰਟ ਕੀਤੇ ਗਏ ਇਹਨਾਂ ਭਾਰਤੀਆਂ ਵਿੱਚ 620 ਪੰਜਾਬ, 604 ਹਰਿਆਣਾ, 245 ਗੁਜਰਾਤ ਅਤੇ 38 ਉੱਤਰ ਪ੍ਰਦੇਸ਼ ਤੋਂ ਸਨ।

ਅਮਰੀਕਾ ਵਿੱਚ ਡੌਨਲਡ ਟਰੰਪ ਦੀ ਸਰਕਾਰ ਬਣਨ ਤੋਂ ਬਾਅਦ ਗੈਰ-ਕਾਨੂੰਨੀ ਭਾਰਤੀਆਂ ਨੂੰ ਡਿਪੋਰਟ ਕੀਤਾ ਜਾਣਾ ਸ਼ੁਰੂ ਹੋ ਗਿਆ ਸੀ।

ਇਸੇ ਤਹਿਤ ਡਿਪੋਰਟ ਕੀਤੇ ਲੋਕਾਂ ਨੂੰ ਲੈ ਕੇ ਪਹਿਲਾ ਜਹਾਜ਼ 5 ਫਰਵਰੀ ਨੂੰ ਅਤੇ ਦੂਸਰਾ, 15 ਫਰਵਰੀ ਨੂੰ ਅੰਮ੍ਰਿਤਸਰ ਹਵਾਈ ਅੱਡੇ 'ਤੇ ਉਤਰਿਆ ਸੀ।

ਯੂਐੱਸ ਬਾਰਡਰ ਪੈਟਰੋਲ (ਯੂਐੱਸਬੀਪੀ) ਚੀਫ਼ ਮਾਈਕਲ ਡਬਲਿਊ ਬੈਂਕਸ ਨੇ 5 ਫ਼ਰਵਰੀ ਨੂੰ ਭਾਰਤ ਵਾਪਸ ਭੇਜੇ ਗਏ ਭਾਰਤੀਆਂ ਦੀ ਇੱਕ ਵੀਡੀਓ ਸੋਸ਼ਲ ਮੀਡੀਆ ਪਲੇਟਫ਼ਾਰਮ ਐਕਸ ਉੱਤੇ ਸਾਂਝੀ ਕੀਤੀ ਸੀ।

ਇਸ ਵੀਡੀਓ ਦੇ ਨਾਲ ਬੈਂਕਸ ਨੇ ਐਕਸ 'ਤੇ ਲਿਖੀ ਆਪਣੀ ਪੋਸਟ ਵਿੱਚ ਅਮਰੀਕਾ ਤੋਂ ਬਾਹਰ ਕੀਤੇ ਗਏ ਗ਼ੈਰ-ਕਾਨੂੰਨੀ ਪਰਵਾਸੀਆਂ ਬਾਰੇ ਅਮਰੀਕਾ ਦੇ ਰੁਖ਼ ਵੀ ਸਪੱਸ਼ਟ ਕੀਤਾ ਸੀ।

ਉਨ੍ਹਾਂ ਲਿਖਿਆ ਸੀ,"ਯੂਐੱਸਬੀਪੀ ਅਤੇ ਭਾਈਵਾਲਾਂ ਨੇ ਸਫਲਤਾਪੂਰਵਕ ਗ਼ੈਰ-ਕਾਨੂੰਨੀ ਪਰਵਾਸੀ ਭਾਰਤ ਨੂੰ ਵਾਪਸ ਕਰ ਦਿੱਤੇ ਹਨ, ਹੁਣ ਤੱਕ ਦੀ ਸਭ ਤੋਂ ਦੂਰ ਦੇਸ਼ ਨਿਕਾਲੇ ਦੀ ਇਸ ਉਡਾਣ ਲਈ ਫ਼ੌਜੀ ਆਵਾਜਾਈ ਸਾਧਨ ਦੀ ਵਰਤੋਂ ਕੀਤੀ ਗਈ ਹੈ।"

ਹਾਲਾਂਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੰਮ੍ਰਿਤਸਰ ਵਿੱਚ ਮੀਡੀਆ ਨੂੰ ਸੰਬੋਧਨ ਕਰਦਿਆਂ, ਅਮਰੀਕਾ ਤੋਂ ਵਾਪਸ ਭੇਜੇ ਜਾ ਰਹੇ ਗ਼ੈਰ-ਕਾਨੂੰਨੀ ਪਰਵਾਸੀਆਂ ਦੇ ਦੂਜੇ ਜਹਾਜ਼ ਨੂੰ ਵੀ ਅੰਮ੍ਰਿਤਸਰ ਵਿੱਚ ਉਤਾਰੇ ਜਾਣ ਉੱਤੇ ਸਵਾਲ ਚੁੱਕੇ ਸਨ।

ਸੀਐੱਮ ਨੇ ਕਿਹਾ ਸੀ, "ਸਾਡੇ ਪਵਿੱਤਰ ਸ਼ਹਿਰ (ਅੰਮ੍ਰਿਤਸਰ) ਨੂੰ ਡਿਟੈਂਸ਼ਨ ਸੈਂਟਰ ਜਾਂ ਡਿਪੋਰਟ ਸੈਂਟਰ ਨਾ ਬਣਾਓ। ਦਰਬਾਰ ਸਾਹਿਬ, ਦੁਰਗਿਆਣਾ ਮੰਦਰ, ਜਲ੍ਹਿਆਂਵਾਲਾ ਬਾਗ ਤੇ ਟੈਕਸਟਾਈਲ ਲਈ ਅੰਮ੍ਰਿਤਸਰ ਜਾਣਿਆ ਜਾਂਦਾ ਹੈ ਤੇ ਤੁਸੀਂ ਸਾਨੂੰ ਕਿਹੜੇ ਕੰਮਾਂ ਲਈ ਮਸ਼ਹੂਰ ਕਰ ਰਹੇ ਹੋ।"

"ਮੈਂ ਕੇਂਦਰ ਮੁਹਰੇ ਇਤਰਾਜ਼ ਜਤਾ ਰਿਹਾ ਹਾਂ ਕਿ ਤੁਹਾਡੇ ਕੋਲ ਹੋਰ ਏਅਰਪੋਰਟ ਨੇ, ਏਅਰਬੇਸ ਹਨ, ਉੱਥੇ ਜਹਾਜ਼ ਨੂੰ ਉਤਾਰ ਲਓ...ਅੰਮ੍ਰਿਤਸਰ ਨੂੰ ਕਿਉਂ ਬਦਨਾਮ ਕਰ ਰਹੇ ਹੋ।"

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)