ਚੀਨ ਧਰਤੀ ਵਿੱਚ 11 ਕਿਲੋਮੀਟਰ ਡੂੰਘਾ ਟੋਆ ਕਿਉਂ ਪੁੱਟ ਰਿਹਾ ਹੈ

ਤਸਵੀਰ ਸਰੋਤ, Getty Images
- ਲੇਖਕ, ਏਤਹਾਲਪਾ ਯੈਮੇਰੀਸ
- ਰੋਲ, ਬੀਬੀਸੀ ਨਿਊਜ਼
ਚੀਨ ਆਪਣੇ ਉੱਤਰੀ ਪੱਛਮੀ ਸੂਬੇ ਸਿੰਕਯਾਂਗ ਵਿੱਚ ਸਥਿਤ ਟਕਲਾਮਕਾਨ ਰੇਗਿਸਤਾਨ ਵਿੱਚ 11 ਕਿਲੋਮੀਟਰ ਤੋਂ ਜ਼ਿਆਦਾ (11100 ਮੀਟਰ) ਡੂੰਘਾ ਟੋਆ ਪੁੱਟ ਰਿਹਾ ਹੈ।
ਇਸ ਯੋਜਨਾ ’ਤੇ ਕੰਮ ਦੀ ਸ਼ੁਰੂਆਤ ਪਿਛਲੇ ਹਫ਼ਤੇ ਕੀਤੀ ਗਈ।
ਚੀਨ ਦੀ ਸਰਕਾਰੀ ਖ਼ਬਰ ਏਜੰਸੀ ਸ਼ਿਨਹੂਆ ਦੀ ਇੱਕ ਰਿਪੋਰਟ ਦੇ ਅਨੁਸਾਰ, ਇਹ ਡੂੰਘਾ ਟੋਆ ਧਰਤੀ ਦੀਆਂ ਸਭ ਤੋਂ ਪ੍ਰਾਚੀਨ ਕ੍ਰੀਟੇਸੀਅਸ ਦੌਰ ਦੀਆਂ ਪਰਤਾਂ ਤੱਕ ਪਹੁੰਚੇਗਾ।
ਕ੍ਰੀਟੇਸੀਅਸ ਇੱਕ ਭੂ-ਗਰਭੀ (ਵਿਗਿਆਨਕ) ਕਾਲ ਮੰਨਿਆ ਜਾਂਦਾ ਹੈ, ਜੋ 145 ਤੋਂ 66 ਮਿਲੀਅਨ ਸਾਲ ਦੇ ਵਿਚਕਾਰ ਦੀ ਗੱਲ ਹੈ।
ਇਸ ਯੋਜਨਾ ਦੇ 457 ਦਿਨਾਂ ਵਿੱਚ ਪੂਰਾ ਹੋਣ ਦੀ ਉਮੀਦ ਹੈ।
ਇਸ ਦੌਰਾਨ ਇੱਥੇ ਕੰਮ ਕਰਨ ਵਾਲੇ ਅਪਰੇਟਰ ਦਿਨ-ਰਾਤ ਭਾਰੀ ਮਸ਼ੀਨਰੀ ਨਾਲ ਕੰਮ ਵਿੱਚ ਲੱਗੇ ਰਹਿਣਗੇ।
ਇਹ ਦੁਨੀਆਂ ਦਾ ਸਭ ਤੋਂ ਡੂੰਘਾ ਟੋਆ ਨਹੀਂ

ਤਸਵੀਰ ਸਰੋਤ, Getty Images
ਇਸ ਯੋਜਨਾ ਨੂੰ ਚੀਨ ਵਿੱਚ ਖੁਦਾਈ ਦੀ ਸਭ ਤੋਂ ਵੱਡੀ ਯੋਜਨਾ ਦੱਸਿਆ ਜਾ ਰਿਹਾ ਹੈ। ਇਸ ਤੋਂ ਪਹਿਲਾਂ ਚੀਨ ਵਿੱਚ ਇਸ ਤਰ੍ਹਾਂ ਦੇ ਸਭ ਤੋਂ ਡੂੰਘੇ ਖੂਹ ਦੀ ਗਹਿਰਾਈ 10 ਹਜ਼ਾਰ ਮੀਟਰ ਦਰਜ ਕੀਤੀ ਗਈ ਸੀ।
ਹਾਲਾਂਕਿ ਚੀਨ ਵੱਲੋਂ ਪੁੱਟਿਆ ਜਾਣ ਵਾਲਾ ਇਹ ਟੋਆ ਇਨਸਾਨਾਂ ਦਾ ਬਣਾਇਆ ਹੋਇਆ ਸਭ ਤੋਂ ਡੂੰਘਾ ਟੋਆ ਨਹੀਂ ਹੋਵੇਗਾ।
ਇਹ ਰਿਕਾਰਡ ਰੂਸ ਵਿੱਚ ਪੁੱਟੇ ਗਏ ‘ਕੋਲਾ’ ਡ੍ਰਿਲਿੰਗ ਖੂਹ ਦੇ ਕੋਲ ਹੈ ਜਿਸ ਦੀ ਖੁਦਾਈ ਲਗਭਗ ਦੋ ਦਹਾਕਿਆਂ ਤੱਕ ਜਾਰੀ ਰਹਿਣ ਦੇ ਬਾਅਦ ਸੰਨ 1989 ਵਿੱਚ 12,262 ਮੀਟਰ ਭਾਵ 12 ਕਿਲੋਮੀਟਰ ਤੋਂ ਜ਼ਿਆਦਾ ਤੱਕ ਪਹੁੰਚ ਗਈ ਸੀ, ਇਸ ਤੋਂ ਬਾਅਦ ਇਸ ’ਤੇ ਕੰਮ ਰੋਕ ਦਿੱਤਾ ਗਿਆ।
ਚੀਨ ਵੱਲੋਂ ਇਸ ਵੱਡੀ ਯੋਜਨਾ ਦਾ ਐਲਾਨ ਅਜਿਹੇ ਸਮੇਂ ਵਿੱਚ ਸਾਹਮਣੇ ਆਇਆ ਹੈ ਜਦੋਂ ਇਹ ਦੇਸ਼ ਵਿਸ਼ਵ ਦੀ ਤਕਨੀਕੀ ਅਤੇ ਵਿਗਿਆਨਕ ਸ਼ਕਤੀ ਦੇ ਰੂਪ ਵਿੱਚ ਆਪਣੀ ਸਥਿਤੀ ਮਜ਼ਬੂਤ ਕਰਨ ਲਈ ਮਹੱਤਵਪੂਰਨ ਕਦਮ ਚੁੱਕ ਰਿਹਾ ਹੈ।
ਦਿਲਚਸਪ ਗੱਲ ਇਹ ਹੈ ਕਿ ਜਿਸ ਦਿਨ ਇਸ ਨਵੀਂ ਯੋਜਨਾ ’ਤੇ ਕੰਮ ਸ਼ੁਰੂ ਹੋਇਆ, ਉਸੇ ਦਿਨ ਚੀਨ ਨੇ ਆਪਣੇ ਤਿੰਨ ਯਾਤਰੀਆਂ ਨੂੰ ਪੁਲਾੜ ਵਿੱਚ ਸਪੇਸ ਸਟੇਸ਼ਨ ਲਈ ਰਵਾਨਾ ਕੀਤਾ।
ਪੁਲਾੜ ਯਾਤਰੀਆਂ ਨੂੰ ਸਪੇਸ ਸਟੇਸ਼ਨ ਭੇਜਣ ਦਾ ਇਹ ਕਦਮ ਚੀਨ ਦੇ ਉਸ ਵੱਡੇ ਪੁਲਾੜ ਪ੍ਰਾਜੈਕਟ ਦਾ ਹਿੱਸਾ ਹੈ ਜਿਸ ਤਹਿਤ ਉਹ ਸੰਨ 2030 ਤੋਂ ਪਹਿਲਾਂ ਚੰਦ ’ਤੇ ਕਦਮ ਰੱਖਣ ਦੀ ਕੋਸ਼ਿਸ਼ ਕਰ ਰਿਹਾ ਹੈ।
ਪਰ ਸਵਾਲ ਇਹ ਹੈ ਕਿ ਚੀਨ ਇੰਨਾ ਗਹਿਰਾ ਟੋਆ ਕਿਉਂ ਪੁੱਟ ਰਿਹਾ ਹੈ ਜਿਸ ਦੀ ਡੂੰਘਾਈ ਦੁਨੀਆਂ ਦੀ ਸਭ ਤੋਂ ਉੱਚੀ ਚੋਟੀ ਯਾਨੀ ਮਾਊਂਟ ਐਵਰੈਸਟ ਦੀ ਕੁੱਲ ਉੱਚਾਈ ਤੋਂ ਵੀ ਜ਼ਿਆਦਾ ਹੈ?

ਇਸ ਪਿੱਛੇ ਦੋ ਮਕਸਦ ਹਨ

ਤਸਵੀਰ ਸਰੋਤ, Getty Images
ਇਸ ਯੋਜਨਾ ਦੀ ਅਗਵਾਈ ਸਰਕਾਰੀ ਸਰਪ੍ਰਸਤੀ ਵਿੱਚ ਚੱਲਣ ਵਾਲੀ ਪੈਟਰੋ ਕੈਮੀਕਲ ਕਾਰਪੋਰੇਸ਼ਨ ‘ਸੀਨੋਪੈਕ’ ਕਰ ਰਹੀ ਹੈ।
ਹਾਲ ਹੀ ਵਿੱਚ ‘ਸੀਨੋਪੈਕ’ ਨੇ ਭੂ-ਵਿਗਿਆਨਕ ਖੋਜ ਵਿੱਚ ਗਹਿਰਾਈ ਦੀਆਂ ਹੱਦਾਂ ਨੂੰ ਵਧਾਉਣ ਦੇ ਆਪਣੇ ਟੀਚੇ ਦਾ ਐਲਾਨ ਕੀਤਾ ਹੈ।
ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਲਗਭਗ ਦੋ ਸਾਲ ਪਹਿਲਾਂ ਦੇਸ਼ ਦੇ ਵਿਗਿਆਨਕ ਭਾਈਚਾਰੇ ’ਤੇ ਦਬਾਅ ਦਿੱਤਾ ਸੀ ਕਿ ਉਹ ਜ਼ਮੀਨ ਦੀਆਂ ਸਭ ਤੋਂ ਜ਼ਿਆਦਾ ਡੂੰਘਾਈਆਂ ਵਿੱਚ ਮੌਜੂਦ ਸਰੋਤਾਂ ਦੀ ਤਲਾਸ਼ ਦੇ ਕੰਮ ਵਿੱਚ ਅੱਗੇ ਵਧਣ।
ਚੀਨ ਦੇ ਰਾਸ਼ਟਰਪਤੀ ਵੱਲੋਂ ਵਿਗਿਆਨਕ ਭਾਈਚਾਰੇ ਨੂੰ ਦਿੱਤੇ ਗਏ ਉਸ ਨਿਰਦੇਸ਼ ਦੇ ਲਗਭਗ ਦੋ ਸਾਲ ਬਾਅਦ, ਹੁਣ ਇਸ ਯੋਜਨਾ ਦਾ ਕੰਮ ਸ਼ੁਰੂ ਕੀਤਾ ਗਿਆ ਹੈ।
ਚੀਨ ਵਿੱਚ ਤੇਲ ਅਤੇ ਗੈਸ ਦੀ ਖੋਜ ’ਤੇ ਕੰਮ ਕਰਨ ਵਾਲੀ ਦੇਸ਼ ਦੀ ਸਭ ਤੋਂ ਵੱਡੀ ਕੰਪਨੀ ਚਾਈਨਾ ਨੈਸ਼ਨਲ ਪੈਟਰੋਲੀਅਮ ਦੇ ਪ੍ਰਤੀਨਿਧੀ ਲਯੂ ਜ਼ਿਆਗਾਂਗ ਨੇ ਦੱਸਿਆ ਕਿ ਇਸ ਖੂਹ ਦੀ ਖੁਦਾਈ ਦੇ ਦੋ ਮਕਸਦ ਹਨ: ਵਿਗਿਆਨਕ ਖੋਜ ਅਤੇ ਤੇਲ ਤੇ ਗੈਸ ਦੀ ਭਾਲ਼।
ਚੇਤੇ ਰਹੇ ਕਿ ਚਾਈਨਾ ਨੈਸ਼ਨਲ ਪੈਟਰੋਲੀਅਮ ਕਾਰਪੋਰੇਸ਼ਨ ਨਾ ਸਿਰਫ਼ ਚੀਨ ਦੀ ਸਭ ਤੋਂ ਵੱਡੀ ਕੰਪਨੀ ਹੈ, ਬਲਕਿ ਇਹ ਦੁਨੀਆਂ ਦੀਆਂ ਤੇਲ ਅਤੇ ਗੈਸ ਦੀਆਂ ਵੱਡੀਆਂ ਕੰਪਨੀਆਂ ਵਿੱਚੋਂ ਇੱਕ ਹੈ।
ਇਸ ਯੋਜਨਾ ਬਾਰੇ ਜਾਣਕਾਰੀ ’ਤੇ ਆਧਾਰਿਤ ਵੀਡਿਓ ਸੰਦੇਸ਼ ਵਿੱਚ ਲਯੂ ਜ਼ਿਆਗਾਂਗ ਨੇ ਵਿਸ਼ਵਾਸ ਦਿਵਾਇਆ ਕਿ ਇਹ ਯੋਜਨਾ ਪੈਟਰੋ ਚਾਈਨਾ ਦੀਆਂ ਤਕਨੀਕੀ ਸਮਰੱਥਾਵਾਂ ਨੂੰ ਮਜ਼ਬੂਤ ਅਤੇ ਸਸ਼ਕਤ ਕਰਨ ਦੀਆਂ ਕੋਸ਼ਿਸ਼ਾਂ ਵਿੱਚ ਮਦਦ ਕਰੇਗੀ।
ਪੈਟਰੋ ਚਾਈਨਾ, ਚਾਈਨਾ ਨੈਸ਼ਨਲ ਪੈਟਰੋਲੀਅਮ ਕਾਰਪੋਰੇਸ਼ਨ ਤਹਿਤ ਵਪਾਰਕ ਸੰਸਥਾਨ ਹੈ ਜੋ ਹਾਂਗਕਾਂਗ ਸਟਾਕ ਐਕਸਚੇਂਜ ਵਿੱਚ ਰਜਿਸਟਰਡ ਹੈ।
ਉਨ੍ਹਾਂ ਇਹ ਵੀ ਕਿਹਾ ਕਿ ਇਸ ਯੋਜਨਾ ਦੌਰਾਨ ਖੁਦਾਈ ਦੀ ਨਵੀਂ ਅਤੇ ਆਧੁਨਿਕ ਮਸ਼ੀਨਰੀ ਦੀ ਤਿਆਰੀ ਵਿੱਚ ਵੀ ਮਦਦ ਮਿਲੇਗੀ।

ਤਸਵੀਰ ਸਰੋਤ, Reuters
ਭੂ-ਵਿਗਿਆਨਕ ਸ਼ਾਸਤਰ ਦੇ ਮਾਹਿਰ ਕ੍ਰਿਸਟਿਯਾਨ ਫ਼ਾਰਿਆਸ ਨੇ ਬੀਬੀਸੀ ਨੂੰ ਦੱਸਿਆ ਕਿ ਜ਼ਮੀਨ ਦੀਆਂ ਵੱਧ ਤੋਂ ਵੱਧ ਗਹਿਰਾਈਆਂ ਦਾ ਅਧਿਐਨ ਕਰਨ ਲਈ ਦੁਨੀਆਂ ਦਾ ਵਿਗਿਆਨਕ ਭਾਈਚਾਰਾ ਆਮਤੌਰ ’ਤੇ ਸੀਸਮਿਕ ਟੋਮੋਗ੍ਰਾਫੀ ਅਤੇ ਦੂਜੀਆਂ ਤਕਨੀਕਾਂ ਦੀ ਵਰਤੋਂ ਕਰਦਾ ਹੈ।
‘‘ਇਸ ਤਰ੍ਹਾਂ ਦੀਆਂ ਯੋਜਨਾਵਾਂ ਬਹੁਤ ਕੰਮ ਦੀਆਂ ਹਨ ਕਿਉਂਕਿ ਇਨ੍ਹਾਂ ਨਾਲ ਖੋਜ ਵਿੱਚ ਮਦਦ ਲਈ ਭੌਤਿਕ ਸਬੂਤ ਮੌਜੂਦ ਹੋਣਗੇ।’’
ਕ੍ਰਿਸਟਿਯਾਨ ਫ਼ਾਰਿਆਸ ਕੈਥੋਲਿਕ ਯੂਨੀਵਰਸਿਟੀ ਆਫ ਟੇਮੇਕੋ ਵਿੱਚ ਸਿਵਲ ਵਰਕਸ ਐਂਡ ਜਿਓਲੌਜੀ ਦੇ ਡਾਇਰੈਕਟਰ ਵੀ ਹਨ।
ਉਹ ਕਹਿੰਦੇ ਹਨ, ‘‘ਚੀਨ ਦੀ ਯੋਜਨਾ ਹੁਣ ਤੱਕ ਬਣਾਏ ਗਏ ਆਧੁਨਿਕ ਯੰਤਰਾਂ ਅਤੇ ਤਕਨੀਕੀ ਵਿਕਾਸ ਨੂੰ ਟੈਸਟ ਕਰਨ ਦਾ ਮੌਕਾ ਦੇਵੇਗੀ ਅਤੇ ਦੁਨੀਆਂ ਲਈ ਕੁਝ ਨਵਾਂ ਕਰਨ ਦੇ ਦਰਵਾਜ਼ੇ ਖੋਲ੍ਹੇਗੀ।
ਗੈਸ ਅਤੇ ਤੇਲ

ਤਸਵੀਰ ਸਰੋਤ, Getty Images
ਚਾਈਨਾ ਨੈਸ਼ਨਲ ਪੈਟਰੋਲੀਅਮ ਕਾਰਪੋਰੇਸ਼ਨ ਨੇ ਇਸ ਗੱਲ ਦਾ ਇਸ਼ਾਰਾ ਵੀ ਕੀਤਾ ਹੈ ਕਿ ਇਸ ਯੋਜਨਾ ਦਾ ਮਕਸਦ ਇਹ ਵੀ ਹੈ ਕਿ ਇਸ ਖੇਤਰ ਵਿੱਚ ਤੇਲ ਅਤੇ ਗੈਸ ਦੇ ਬੇਹੱਦ ਗਹਿਰੇ ਨਵੇਂ ਭੰਡਾਰ ਤਲਾਸ਼ਣ ਦੀ ਕੋਸ਼ਿਸ਼ ਕੀਤੀ ਜਾਵੇ।
ਧਰਤੀ ਦੀਆਂ ਵੱਧ ਤੋਂ ਵੱਧ ਗਹਿਰਾਈਆਂ ਵਿੱਚ ਹਾਈਡਰੋਕਾਰਬਨ ਦੇ ਭੰਡਾਰ ਆਮਤੌਰ ’ਤੇ ਪੰਜ ਹਜ਼ਾਰ ਮੀਟਰ ਜਾਂ ਪੰਜ ਕਿਲੋਮੀਟਰ ਦੀ ਗਹਿਰਾਈ ਤੋਂ ਹੇਠ ਸਮੁੰਦਰੀ ਖੇਤਰਾਂ ਵਿੱਚ ਸਥਿਤ ਹੁੰਦੇ ਹਨ, ਜਿੱਥੇ ਚੱਟਾਨ ਅਤੇ ਤਲਛਟ ਦੀਆਂ ਪਰਤਾਂ ਜ਼ਿਆਦਾ ਮੋਟੀਆਂ ਹੁੰਦੀਆਂ ਹਨ।
ਪਰ ਕਦੇ-ਕਦੇ ਇਹ ਜ਼ਮੀਨੀ ਇਲਾਕਿਆਂ ਵਿੱਚ ਵੀ ਪਾਏ ਜਾਂਦੇ ਹਨ।
ਟਕਲਾਮਕਾਨ ਰੇਗਿਸਤਾਨ ਦੇ ਬਾਰੇ ਕਿਹਾ ਜਾ ਰਿਹਾ ਹੈ ਕਿ ਇਹ ਅਜਿਹਾ ਖੇਤਰ ਹੋ ਸਕਦਾ ਹੈ ਜਿੱਥੇ ਤੇਲ ਅਤੇ ਕੁਦਰਤੀ ਗੈਸ ਦੇ ਵੱਡੇ ਭੰਡਾਰ ਮੌਜੂਦ ਹੋਣ।
ਪਰ ਮਾਹਿਰਾਂ ਅਨੁਸਾਰ, ਇਸ ਯੋਜਨਾ ’ਤੇ ਕੰਮ ਕਰਨ ਦੇ ਦੌਰਾਨ ਇਸ ਰੇਗਿਸਤਾਨ ਦੀ ਸਤਿਹ ਦੀ ਬਣਾਵਟ, ਜਿਵੇਂ ਕਿ ਜ਼ਿਆਦਾ ਤਾਪਮਾਨ ਅਤੇ ਉੱਚ ਦਬਾਅ ਦੀ ਵਜ੍ਹਾ ਨਾਲ ਮਹੱਤਵਪੂਰਨ ਤਕਨੀਕੀ ਚੁਣੌਤੀਆਂ ਆ ਸਕਦੀਆਂ ਹਨ।
ਪ੍ਰੋਫੈਸਰ ਕ੍ਰਿਸਟਿਯਾਨ ਫ਼ਾਰਿਆਸ ਕਹਿੰਦੇ ਹਨ ਕਿ ਇੰਨੇ ਡੂੰਘੇ ਟੋਏ ਨੂੰ ਕਾਇਮ ਰੱਖਣਾ ਵੀ ਇੱਕ ਬਹੁਤ ਵੱਡੀ ਚੁਣੌਤੀ ਹੈ।
ਹਾਲਾਂਕਿ ਅਤੀਤ ਵਿੱਚ ਰੂਸ 12 ਕਿਲੋਮੀਟਰ ਦੀ ਗਹਿਰਾਈ ਨੂੰ ਪਾਰ ਕਰਨ ਵਿੱਚ ਸਫਲ ਰਿਹਾ ਸੀ, ਪਰ ਮਾਹਿਰਾਂ ਦਾ ਕਹਿਣਾ ਹੈ ਕਿ ਜ਼ਮੀਨ ਦੀ ਪਰਤ ਦੇ ਇੰਨੇ ਹੇਠਲੇ ਪੱਧਰ ਤੱਕ ਪਹੁੰਚਣਾ ਅੱਜ ਵੀ ਬਹੁਤ ਪੇਚੀਦਾ ਮਾਮਲਾ ਹੋ ਸਕਦਾ ਹੈ।
ਚੀਨੀ ਅਕੈਡਮੀ ਆਫ਼ ਇੰਜਨੀਅਰਿੰਗ ਦੇ ਇੱਕ ਵਿਗਿਆਨਕ ਸੁਨ ਜਿਨ ਨੇ ਸਰਕਾਰੀ ਖ਼ਬਰ ਏਜੰਸੀ ਸ਼ਿਨਹੂਆ ਨੂੰ ਦੱਸਿਆ ਕਿ ਇਸ ਡ੍ਰਿਲਿੰਗ ਪ੍ਰਾਜੈਕਟ ਦਾ ਨਿਰਮਾਣ, ਸਟੀਲ ਦੀਆਂ ਦੋ ਪਤਲੀਆਂ ਤਾਰਾਂ ਉੱਤੇ ਇੱਕ ਵੱਡੇ ਟਰੱਕ ਨੂੰ ਚਲਾਉਣ ਵਾਂਗ ਹੈ, ਜਿਸ ਦਾ ਮਤਲਬ ਹੈ ਕਿ ਇਹ ਬੇਹੱਦ ਮੁਸ਼ਕਿਲ ਯੋਜਨਾ ਹੋਵੇਗੀ।
ਇਸ ਦੇ ਇਲਾਵਾ, ਟਕਲਾਮਕਾਨ ਰੇਗਿਸਤਾਨ ਨੂੰ ਕੰਮ ਕਰਨ ਲਈ ਮੁਸ਼ਕਿਲ ਖੇਤਰ ਸਮਝਿਆ ਜਾਂਦਾ ਹੈ ਜਿੱਥੇ ਸਰਦੀਆਂ ਵਿੱਚ ਤਾਪਮਾਨ ਮਾਈਨਸ 20 ਡਿਗਰੀ ਸੈਂਟੀਗ੍ਰੇਡ ਤੱਕ ਡਿੱਗ ਜਾਂਦਾ ਹੈ, ਜਦਕਿ ਗਰਮੀਆਂ ਵਿੱਚ ਇਹ ਤਾਪਮਾਨ 40 ਡਿਗਰੀ ਸੈਂਟੀਗ੍ਰੇਡ ਤੱਕ ਪਹੁੰਚ ਜਾਂਦਾ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)












