ਟ੍ਰੇਨ-ਪਸ਼ੂਆਂ ਵਿਚਾਲੇ ਟੱਕਰ ਆਰਥਿਕਤਾ ਤੇ ਸੁਰੱਖਿਆ ਲਈ ਕਿੰਨਾ ਖ਼ਤਰਾ, ਆਰਟੀਆਈ 'ਚ ਖੁਲਾਸਾ

ਤਸਵੀਰ ਸਰੋਤ, Getty Images
- ਲੇਖਕ, ਅਰਜੁਨ ਪਰਮਾਰ
- ਰੋਲ, ਵੀਜ਼ੂਅਲ ਜਰਨਾਲਿਜ਼ਮ ਟੀਮ, ਬੀਬੀਸੀ
ਵੰਦੇ ਭਾਰਤ ਵਰਗੀਆਂ ਤੇਜ਼ ਰਫ਼ਤਾਰ ਰੇਲ ਗੱਡੀਆਂ ਹੁਣ ਭਾਰਤੀ ਰੇਲਵੇ ਦੀਆਂ ਪ੍ਰਮੁੱਖ ਯਾਤਰੀ ਰੇਲਗੱਡੀਆਂ ਹਨ।
ਇਨ੍ਹਾਂ ਹਾਈ ਸਪੀਡ ਟਰੇਨਾਂ ਨੂੰ ਦੇਸ਼ ਵਿੱਚ ਰੇਲ ਯਾਤਰਾ ਦੇ 'ਨਵੇਂ ਅਤੇ ਆਧੁਨਿਕ ਯੁੱਗ' ਵਜੋਂ ਪੇਸ਼ ਕੀਤਾ ਗਿਆ ਹੈ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਖ਼ੁਦ ਕਈ ਮੌਕਿਆਂ 'ਤੇ ਇਨ੍ਹਾਂ ਚਮਕਦੀਆਂ ਟਰੇਨਾਂ ਨੂੰ ਹਰੀ ਝੰਡੀ ਦੇ ਕੇ ਰਵਾਨਾ ਕਰ ਚੁੱਕੇ ਹਨ।
ਇਨ੍ਹਾਂ ਰੇਲਗੱਡੀਆਂ ਬਾਰੇ ਉਨ੍ਹਾਂ ਨੇ ਅਕਸਰ ਕਿਹਾ ਹੈ, "ਇਹ ਭਾਰਤ ਦਾ ਪ੍ਰਤੀਕ ਹਨ ਜੋ ਤੇਜ਼ੀ ਨਾਲ ਤਬਦੀਲੀ ਦੇ ਰਾਹ 'ਤੇ ਚੱਲ ਪਈਆਂ ਹਨ।"
ਦੇਸ਼ 'ਚ ਅਹਿਮਦਾਬਾਦ ਤੋਂ ਮੁੰਬਈ ਵਿਚਾਲੇ ਬੁਲੇਟ ਟਰੇਨ ਸ਼ੁਰੂ ਕਰਨ ਦਾ ਕੰਮ ਵੀ ਤੇਜ਼ੀ ਨਾਲ ਚੱਲ ਰਿਹਾ ਹੈ।
ਪਰ ਭਾਰਤ ਦੇ ਰੇਲ ਮਾਰਗਾਂ 'ਤੇ ਦੌੜਨ ਵਾਲੀਆਂ ਵੰਦੇ ਭਾਰਤ ਵਰਗੀਆਂ ਆਧੁਨਿਕ ਰੇਲ ਗੱਡੀਆਂ ਦਾ ਪਸ਼ੂਆਂ ਨਾਲ ਟਕਰਾਉਣਾ ਕਿੰਨੀ ਵੱਡੀ ਸਮੱਸਿਆ ਹੈ?
ਕੀ ਇਸ ਨਾਲ ਯਾਤਰੀਆਂ ਦੀ ਸੁਰੱਖਿਆ ਖ਼ਤਰੇ ਵਿੱਚ ਪੈਂਦੀ ਹੈ ਅਤੇ ਕੀ ਇਸ ਨਾਲ ਟ੍ਰੈਕਾਂ ਅਤੇ ਰੇਲਗੱਡੀਆਂ ਦੀ ਮੁਰੰਮਤ ਦਾ ਖਰਚ ਕਾਫੀ ਵਧ ਜਾਂਦਾ ਹੈ?
ਵੰਦੇ ਭਾਰਤ ਐਕਸਪ੍ਰੈਸ ਟਰੇਨ ਦੀ ਵਧੇਰੇ ਸਪੀਡ 160 ਕਿਲੋਮੀਟਰ ਪ੍ਰਤੀ ਘੰਟਾ ਹੈ। ਇਹ ਰੇਲ ਗੱਡੀ ਕਈ ਵਾਰ ਪਸ਼ੂਆਂ ਨਾਲ ਟਕਰਾ ਚੁੱਕੀ ਹੈ। ਇਸ ਕਾਰਨ ਟਰੇਨ ਦੇ ਨਿਰਧਾਰਤ ਸਮੇਂ 'ਚ ਦੇਰੀ ਅਤੇ ਨੁਕਸਾਨ ਦੋਵੇਂ ਹੀ ਹੋਏ ਹਨ।

ਸਰਕਾਰ ਤੋਂ ਪ੍ਰਾਪਤ ਅੰਕੜੇ
- 2022 ਵਿੱਚ ਰੇਲ-ਪਸ਼ੂਆਂ ਦੀ ਟੱਕਰ ਦੀਆਂ ਕੁੱਲ 13,160 ਘਟਨਾਵਾਂ ਹੋਈਆਂ।
- ਇਹ 2019 ਦੇ ਮੁਕਾਬਲੇ 24 ਫੀਸਦੀ ਜ਼ਿਆਦਾ ਹਨ।
- 2019 ਵਿੱਚ 10,609 ਪਸ਼ੂ ਰੇਲਗੱਡੀਆਂ ਨਾਲ ਟਕਰਾ ਗਏ।
- ਭਾਰਤੀ ਰੇਲਵੇ ਦੇ ਨੌਂ ਜ਼ੋਨਾਂ ਵਿੱਚ ਪਿਛਲੇ ਚਾਰ ਸਾਲਾਂ ਵਿੱਚ 49,000 ਤੋਂ ਵੱਧ ਪਸ਼ੂ ਰੇਲਗੱਡੀਆਂ ਦੇ ਰਾਹ ਵਿੱਚ ਆ ਕੇ ਟਕਰਾ ਗਏ ਹਨ।
- ਉੱਤਰੀ ਮੱਧ ਰੇਲਵੇ ਵਿੱਚ ਲਗਭਗ 4,500 ਅਜਿਹੀਆਂ ਘਟਨਾਵਾਂ ਵਾਪਰੀਆਂ ਜੋ 2022 ਵਿੱਚ ਸਾਰੇ ਜ਼ੋਨਾਂ ਵਿੱਚੋਂ ਸਭ ਤੋਂ ਵੱਧ ਹਨ।

ਵੰਦੇ ਭਾਰਤ ਦੇ ਅੱਗੇ ਆਈਆਂ ਗਾਵਾਂ-ਮੱਝਾਂ
30 ਸਤੰਬਰ 2022 ਨੂੰ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਗਾਂਧੀਨਗਰ ਅਤੇ ਮੁੰਬਈ ਵਿਚਕਾਰ ਵੰਦੇ ਭਾਰਤ ਐਕਸਪ੍ਰੈਸ ਨੂੰ ਹਰੀ ਝੰਡੀ ਦਿਖਾਈ ਸੀ।
6 ਅਕਤੂਬਰ ਨੂੰ, ਗੁਜਰਾਤ ਦੇ ਅਹਿਮਦਾਬਾਦ ਵਿੱਚ ਵਟਵਾ ਅਤੇ ਮਨੀਨਗਰ ਰੇਲਵੇ ਸਟੇਸ਼ਨਾਂ ਦੇ ਵਿਚਕਾਰ ਮੁੰਬਈ ਤੋਂ ਗਾਂਧੀਨਗਰ ਜਾ ਰਹੀ ਇੱਕ ਵੰਦੇ ਭਾਰਤ ਰੇਲਗੱਡੀ ਮੱਝਾਂ ਨਾਲ ਟਕਰਾ ਗਈ।
ਅਗਲੇ ਹੀ ਦਿਨ 7 ਅਕਤੂਬਰ ਨੂੰ ਇਕ ਵਾਰ ਫਿਰ ਗੁਜਰਾਤ ਦੇ ਆਨੰਦ ਨੇੜੇ ਵੰਦੇ ਭਾਰਤ ਟਰੇਨ ਨਾਲ ਗਾਂ ਦੀ ਟੱਕਰ ਹੋ ਗਈ।
ਇਸ ਵੰਦੇ ਭਾਰਤ ਟਰੇਨ ਦੀ ਤੀਜੀ ਟੱਕਰ 29 ਅਕਤੂਬਰ ਨੂੰ ਗੁਜਰਾਤ ਦੇ ਅਤੁਲ ਸਟੇਸ਼ਨ ਨੇੜੇ ਹੋਈ ਸੀ। ਜਿਸ ਕਾਰਨ ਟਰੇਨ 15 ਮਿੰਟ ਲੇਟ ਹੋ ਗਈ।

ਤਸਵੀਰ ਸਰੋਤ, ANI
ਬੀਬੀਸੀ ਨੂੰ ਮਿਲੀ ਆਰਟੀਆਈ ਤੋਂ ਜਾਣਕਾਰੀ
ਬੀਬੀਸੀ ਨੇ ਇੱਕ ਆਰਟੀਆਈ ਦਾਇਰ ਕਰਕੇ ਰੇਲਵੇ ਮੰਤਰਾਲੇ ਤੋਂ ਪੁੱਛਿਆ ਹੈ ਕਿ ਆਖ਼ਰ ਕਿੰਨੀ ਵਾਰ ਰੇਲ ਗੱਡੀ ਪਸ਼ੂਆਂ ਨਾਲ ਟਕਰਾਈ ਹੈ ਅਤੇ ਸਰਕਾਰ ਨੂੰ ਇਸ ਦੀ ਮੁਰੰਮਤ ਵਿੱਚ ਕਿੰਨਾ ਨੁਕਸਾਨ ਝੱਲਣਾ ਪਿਆ ਹੈ।
ਬੀਬੀਸੀ ਨੇ ਰੇਲਵੇ ਦੇ ਨਾਈਨ ਡਵੀਜ਼ਨ ਤੋਂ ਜਾਣਕਾਰੀ ਹਾਸਲ ਕੀਤੀ। ਉਸ ਵਿੱਚ ਵੀ 2019 ਤੋਂ ਪਹਿਲਾਂ ਕੁਝ ਜ਼ੋਨਾਂ ਦਾ ਡਾਟਾ ਉਪਲਬਧ ਨਾ ਹੋਣ ਕਾਰਨ, ਬੀਬੀਸੀ ਨੇ 2019 ਅਤੇ ਉਸ ਤੋਂ ਬਾਅਦ ਦੇ ਅੰਕੜਿਆਂ ਦਾ ਵਿਸ਼ਲੇਸ਼ਣ ਕਰ ਕੇ ਇਨ੍ਹਾਂ ਸਵਾਲਾਂ ਦੇ ਜਵਾਬ ਲੱਭਣ ਦੀ ਕੋਸ਼ਿਸ਼ ਕੀਤੀ।

ਤਸਵੀਰ ਸਰੋਤ, Getty Images
ਸਰਕਾਰ ਤੋਂ ਪ੍ਰਾਪਤ ਅੰਕੜਿਆਂ ਅਨੁਸਾਰ 2022 ਵਿੱਚ ਰੇਲ-ਪਸ਼ੂਆਂ ਦੀ ਟੱਕਰ ਦੀਆਂ ਕੁੱਲ 13,160 ਘਟਨਾਵਾਂ ਹੋਈਆਂ।
ਇਹ 2019 ਦੇ ਮੁਕਾਬਲੇ 24 ਫੀਸਦੀ ਜ਼ਿਆਦਾ ਹਨ। 2019 ਵਿੱਚ, 10,609 ਪਸ਼ੂ ਰੇਲਗੱਡੀਆਂ ਨਾਲ ਟਕਰਾ ਗਏ।
ਭਾਰਤੀ ਰੇਲਵੇ ਦੇ ਨੌਂ ਜ਼ੋਨਾਂ ਵਿੱਚ ਪਿਛਲੇ ਚਾਰ ਸਾਲਾਂ ਵਿੱਚ 49,000 ਤੋਂ ਵੱਧ ਪਸ਼ੂ ਰੇਲਗੱਡੀਆਂ ਦੇ ਰਾਹ ਵਿੱਚ ਆ ਕੇ ਟਕਰਾ ਗਏ ਹਨ।
ਉੱਤਰੀ ਮੱਧ ਰੇਲਵੇ ਵਿੱਚ ਲਗਭਗ 4,500 ਅਜਿਹੀਆਂ ਘਟਨਾਵਾਂ ਵਾਪਰੀਆਂ ਜੋ 2022 ਵਿੱਚ ਸਾਰੇ ਜ਼ੋਨਾਂ ਵਿੱਚੋਂ ਸਭ ਤੋਂ ਵੱਧ ਹਨ।

ਭਾਰਤੀ ਰੇਲਵੇ ਨੂੰ ਕਿੰਨਾ ਨੁਕਸਾਨ ਹੋਇਆ?
ਦਸੰਬਰ 2021 ਵਿੱਚ, ਦੇਸ਼ ਦੇ ਰੇਲ ਮੰਤਰੀ ਅਸ਼ਵਿਨੀ ਵੈਸ਼ਨਵ ਨੇ ਸੰਸਦ ਵਿੱਚ ਪੁੱਛੇ ਗਏ ਇੱਕ ਸਵਾਲ ਦੇ ਲਿਖਤੀ ਜਵਾਬ ਵਿੱਚ ਪਸ਼ੂਆਂ ਨਾਲ ਰੇਲ ਦੀ ਟੱਕਰ ਨੂੰ ਰੋਕਣ ਲਈ ਚੁੱਕੇ ਜਾ ਰਹੇ ਕਦਮਾਂ ਬਾਰੇ ਜਾਣਕਾਰੀ ਦਿੱਤੀ ਸੀ।
ਉਨ੍ਹਾਂ ਕਿਹਾ ਕਿ ਇਸ ਵਿੱਚ ਵਾੜਾਂ ਜਾਂ ਪਟੜੀਆਂ ਨਾਲ ਹੱਦਾਂ ਬਣਾਉਣਾ, ਵੱਡੇ ਸ਼ਹਿਰਾਂ ਦੇ ਰੇਲ ਮਾਰਗਾਂ ਵਿੱਚ ਸੁਧਾਰ ਕਰਨਾ ਅਤੇ ਉਨ੍ਹਾਂ ਖੇਤਰਾਂ ਤੋਂ ਕੂੜਾ ਹਟਾਉਣਾ ਜਿੱਥੇ ਪਸ਼ੂਆਂ ਨੂੰ ਵਾਰ-ਵਾਰ ਚਾਰਾ ਅਤੇ ਭੋਜਨ ਮਿਲਣ ਦੀ ਸੰਭਾਵਨਾ ਹੁੰਦੀ ਹੈ ਤੇ ਪਟੜੀਆਂ ਦੇ ਨੇੜੇ ਉੱਗੀ ਹਰੇ ਘਾਹ, ਝਾੜੀਆਂ ਦੀ ਛਾਂਟੀ ਕਰਨਾ ਸ਼ਾਮਲ ਹਨ।
ਮਹੱਤਵਪੂਰਨ ਗੱਲ ਇਹ ਹੈ ਕਿ ਰੇਲ ਮੰਤਰੀ ਨੇ ਕਿਹਾ ਕਿ ਇਨ੍ਹਾਂ ਘਟਨਾਵਾਂ ਵਿੱਚ ਰੇਲਵੇ ਦਾ ਕੋਈ ਜਾਨੀ ਮਾਲੀ ਨੁਕਸਾਨ ਨਹੀਂ ਹੋਇਆ ਹੈ।
ਪਰ ਬੀਬੀਸੀ ਨੂੰ ਰੇਲਵੇ ਤੋਂ ਮਿਲੇ ਆਰਟੀਆਈ ਜਵਾਬਾਂ ਤੋਂ ਪਤਾ ਲੱਗਦਾ ਹੈ ਕਿ ਉੱਤਰੀ ਰੇਲਵੇ ਅਤੇ ਦੱਖਣੀ-ਕੇਂਦਰੀ ਰੇਲਵੇ ਦੇ ਦੋਵੇਂ ਜ਼ੋਨਾਂ ਨੇ ਮਿਲ ਕੇ 2022 ਵਿੱਚ ਪਟੜੀਆਂ ਅਤੇ ਰੇਲਗੱਡੀਆਂ ਦੀ ਮੁਰੰਮਤ 'ਤੇ ਇੱਕ ਕਰੋੜ ਤੇ 30 ਲੱਖ ਰੁਪਏ ਤੋਂ ਵੱਧ ਖਰਚ ਕੀਤੇ।
ਜਿਸ ਵਿੱਚ ਉੱਤਰੀ ਰੇਲਵੇ ਨੇ ਇੱਕ ਕਰੋੜ 28 ਲੱਖ ਅਤੇ ਦੱਖਣੀ-ਕੇਂਦਰੀ ਰੇਲਵੇ ਨੇ ਦੋ ਲੱਖ ਰੁਪਏ ਤੋਂ ਥੋੜ੍ਹਾ ਵੱਧ ਖਰਚ ਕੀਤਾ ਹੈ।
ਉੱਥੇ ਹੀ 2019 ਵਿੱਚ, ਦੱਖਣੀ ਮੱਧ ਰੇਲਵੇ ਨੇ ਮੁਰੰਮਤ 'ਤੇ 2 ਲੱਖ 40 ਹਜ਼ਾਰ ਰੁਪਏ ਖਰਚ ਕੀਤੇ।

ਅਜਿਹੀਆਂ ਘਟਨਾਵਾਂ ਤੋਂ ਕਿੰਨਾ ਹੈ ਖ਼ਤਰਾ ?
ਪਸ਼ੂਆਂ ਨਾਲ ਰੇਲਵੇ ਟਰੈਕ 'ਤੇ ਹੋਣ ਵਾਲੀਆਂ ਟੱਕਰਾਂ 'ਚ ਜ਼ਿਆਦਾ ਨੁਕਸਾਨ ਵੰਦੇ ਭਾਰਤ ਟਰੇਨ ਦੇ ਇੰਜਣ ਦੇ ਨੋਜ਼ ਕਵਰ ਦਾ ਹੁੰਦਾ ਹੈ, ਜੋ ਪਸ਼ੂਆਂ ਦੇ ਟਕਰਾਉਣ 'ਤੇ ਟੁੱਟ ਜਾਂਦਾ ਹੈ।
ਫਾਈਬਰ ਪਲਾਸਟਿਕ ਦੇ ਬਣੇ ਹੋਣ ਦੇ ਬਾਵਜੂਦ, ਇਹ ਨੋਜ਼ ਕਵਰ ਤੇਜ਼ ਰਫ਼ਤਾਰ ਨਾਲ ਟਕਰਾ ਕੇ ਟੁੱਟ ਜਾਂਦਾ ਹੈ। ਪਰ ਉਨ੍ਹਾਂ ਨੂੰ ਆਸਾਨੀ ਨਾਲ ਬਦਲਿਆ ਵੀ ਜਾ ਸਕਦਾ ਹੈ।
29 ਅਕਤੂਬਰ 2022 ਨੂੰ, ਪੱਛਮੀ ਰੇਲਵੇ ਨੇ ਟਵੀਟ ਕਰ ਕੇ ਜਾਣਕਾਰੀ ਦਿੱਤੀ, "ਕੈਲਟ-ਰਨ-ਓਵਰ ਦੀਆਂ ਘਟਨਾਵਾਂ ਨੇ ਰੇਲ ਆਵਾਜਾਈ ਨੂੰ ਪ੍ਰਭਾਵਿਤ ਕੀਤਾ ਹੈ, ਜਿਸ ਨਾਲ ਰੇਲ ਹਾਦਸਿਆਂ ਦੀ ਸੰਭਾਵਨਾ ਵਧ ਜਾਂਦੀ ਹੈ।"
"ਜਿਸ ਵਿੱਚ ਰੇਲਗੱਡੀ ਦੇ ਪਟੜੀ ਤੋਂ ਉਤਰਨਾ ਵੀ ਸ਼ਾਮਲ ਹੈ। ਇਹ ਯਾਤਰੀਆਂ ਦੀਆਂ ਸੁਰੱਖਿਆ ਨੂੰ ਵੀ ਖਤਰੇ ਵਿੱਚ ਪਾਉਂਦਾ ਹੈ ਅਤੇ ਰੇਲ ਆਵਾਜਾਈ ਵਿੱਚ ਵਿਘਨ ਪਾ ਸਕਦਾ ਹੈ ਅਤੇ ਰੇਲਵੇ ਜਾਇਦਾਦ ਨੂੰ ਨੁਕਸਾਨ ਪਹੁੰਚਾ ਸਕਦਾ ਹੈ।"
ਪਰ ਰੇਲਵੇ ਦੇ ਇੱਕ ਸਾਬਕਾ ਸੀਨੀਅਰ ਅਦਿਕਾਰੀ ਰਾਕੇਸ਼ ਚੋਪੜਾ ਕਹਿੰਦੇ ਹਨ, "ਪਹਿਲਾ ਟਰੇਨ ਇੰਨੀ ਤੇਜ਼ ਗਤੀ ਨਾਲ ਨਹੀਂ ਚੱਲਦੀ ਸੀ। ਇਹ ਕਹਿਣ ਵਿੱਚ ਕੋਈ ਅਤਿ-ਕਥਨੀ ਨਹੀਂ ਹੋਵੇਗੀ ਕਿ ਇਸ ਤਰ੍ਹਾਂ ਦੀਆਂ ਘਟਨਾਵਾਂ ਨਾਲ ਟਰੇਨ ਦਾ ਪਟੜੀ ਤੋਂ ਉਤਰਨ ਦੀ ਸੰਭਾਵਨਾ ਵਧ ਜਾਂਦੀ ਹੈ ਅਤੇ ਯਾਤਰੀਆਂ ਦੀ ਸੁਰੱਖਿਆ ਖ਼ਤਰੇ ਵਿੱਚ ਪੈ ਜਾਂਦੀ ਹੈ।"

ਤਸਵੀਰ ਸਰੋਤ, ani
ਸਜ਼ਾ ਅਤੇ ਜ਼ੁਰਮਾਨੇ?
ਰੇਲਵੇ ਐਕਟ 1989 ਦੇ ਤਹਿਤ ਪਸ਼ੂਆਂ ਦੇ ਮਾਲਕਾਂ ਨੂੰ "ਜਾਣ-ਬੁੱਝ ਕੇ ਕੀਤੇ ਕੰਮਾਂ ਜਾਂ ਭੁੱਲਾਂ ਲਈ ਲਈ ਸਜ਼ਾ ਦਿੱਤੀ ਜਾ ਸਕਦੀ ਹੈ, ਜੋ ਰੇਲਵੇ ਯਾਤਰੀਆਂ ਦੀ ਸੁਰੱਖਿਆ ਨੂੰ ਖ਼ਤਰੇ ਵਿੱਚ ਪਾਉਂਦੇ ਹਨ।"
ਦੋਸ਼ੀ ਪਾਏ ਜਾਣ 'ਤੇ ਪਸ਼ੂ ਮਾਲਕਾਂ ਨੂੰ ਇਕ ਸਾਲ ਦੀ ਕੈਦ ਅਤੇ ਜੁਰਮਾਨਾ ਵੀ ਹੋ ਸਕਦਾ ਹੈ।
ਮਵੇਸ਼ੀਆਂ ਮਾਲਕਾਂ 'ਤੇ ਅਣ-ਅਧਿਕਾਰਤ ਪ੍ਰਵੇਸ਼ ਅਤੇ ਅਣ-ਅਧਿਕਾਰਤ ਪ੍ਰਵੇਸ਼ ਨੂੰ ਨਾ ਰੋਕਣ ਲਈ ਮੁਕੱਦਮਾ ਚਲਾਇਆ ਜਾ ਸਕਦਾ ਹੈ ਅਤੇ ਦੋਸ਼ੀ ਪਾਏ ਜਾਣ 'ਤੇ ਛੇ ਮਹੀਨੇ ਦੀ ਕੈਦ ਅਤੇ 1000 ਰੁਪਏ ਤੱਕ ਦਾ ਜੁਰਮਾਨਾ ਹੋ ਸਕਦਾ ਹੈ।
ਉਦਾਹਰਨ ਲਈ, ਆਰਟੀਆਈ ਜਵਾਬ ਰਾਹੀਂ ਮਿਲੀ ਜਾਣਕਾਰੀ ਤੋਂ ਪਤਾ ਲੱਗਦਾ ਹੈ ਕਿ ਪੱਛਮੀ ਰੇਲਵੇ ਨੇ 2019-2022 ਦੌਰਾਨ ਪਸ਼ੂ ਮਾਲਕਾਂ ਵਿਰੁੱਧ ਕੁੱਲ 191 ਕੇਸ ਦਰਜ ਕੀਤੇ ਅਤੇ 9100 ਰੁਪਏ ਦਾ ਜੁਰਮਾਨਾ ਲਗਾਇਆ।

ਕੀ ਵਾੜ ਇਕਲੌਤਾ ਹੱਲ ਹੈ?
23 ਜਨਵਰੀ, 2023 ਨੂੰ ਪੋਸਟ ਕੀਤੇ ਗਏ ਟਵੀਟ ਮੁਤਾਬਕ, ਪੱਛਮੀ ਰੇਲਵੇ ਮੁੰਬਈ-ਅਹਿਮਦਾਬਾਦ ਸੈਕਸ਼ਨ 'ਤੇ ਮਵੇਸ਼ੀਆਂ ਦੀ ਰੇਲਗੱਡੀ ਨਾਲ ਟਕਰਾਉਣ ਵਾਲੀਆਂ ਘਟਨਾਵਾਂ ਨੂੰ ਰੋਕਣ ਅਤੇ ਆਵਾਜਾਈ ਲਈ ਲਗਭਗ 622 ਕਿਲੋਮੀਟਰ ਲੰਬੇ "ਮੈਟਲ ਬੀਮ ਫੈਂਸ" ਦਾ ਨਿਰਮਾਣ ਕਰ ਰਿਹਾ ਹੈ। ਟਵੀਟ ਮੁਤਾਬਕ ਸਾਰੇ ਟੈਂਡਰ ਜਾਰੀ ਕਰ ਦਿੱਤੇ ਗਏ ਹਨ ਅਤੇ ਕੰਮ ਤੇਜ਼ੀ ਨਾਲ ਚੱਲ ਰਿਹਾ ਹੈ।
ਟ੍ਰੈਕ 'ਤੇ ਕੰਡਿਆਲੀ ਤਾਰ ਲਗਾਉਣ ਬਾਰੇ ਰੇਲਵੇ ਦੇ ਸਾਬਕਾ ਅਧਿਕਾਰੀ ਰਾਕੇਸ਼ ਚੋਪੜਾ ਅੱਗੇ ਕਹਿੰਦੇ ਹਨ, "ਰੇਲਵੇ ਦੀਆਂ ਪਟੜੀਆਂ 'ਤੇ ਬੈਰੀਕੇਡਿੰਗ-ਵਾੜ ਸਮੱਸਿਆ ਦਾ ਆਸਾਨ ਹੱਲ ਨਹੀਂ ਹੈ ਅਤੇ ਰੇਲਵੇ ਵੀ ਇਹ ਜਾਣਦਾ ਹੈ। ਜੇਕਰ ਅਸੀਂ ਅਜਿਹੀਆਂ ਘਟਨਾਵਾਂ ਨੂੰ ਰੋਕਣਾ ਹੈ ਤਾਂ ਸਾਨੂੰ ਕੁਝ ਵੱਖਰਾ ਸੋਚਣਾ ਹੋਵੇਗਾ।"
2022 ਵਿੱਚ ਵੰਦੇ ਭਾਰਤ ਰੇਲਗੱਡੀਆਂ ਨਾਲ ਹੋਈਆਂ ਟੱਕਰਾਂ ਤੋਂ ਬਾਅਦ ਮਹਾਰਸ਼ਟਰ ਵਿੱਚ ਰੇਲਵੇ ਸੁਰੱਖਿਆ ਬਲ ਨੇ ਸੂਬੇ ਵਿੱਚ ਸੰਵੇਦਨਸ਼ੀਲ ਸਥਾਨਾਂ ਕੋਲ ਸਰਪੰਚਾਂ ਨੂੰ ਰੋਕਣ ਦੇ ਮਕਸਦ ਨਾਲ ਨੋਟਿਸ ਵੀ ਜਾਰੀ ਕੀਤੇ ਹਨ।
ਰੇਲਵੇ ਬੋਰਡ ਦੇ ਸਾਬਕਾ ਚੇਅਰਮੈਨ ਅਰੁਣੇਂਦਰ ਕੁਮਾਰ ਮੰਨਦੇ ਹਨ ਕਿ ਮਵੇਸ਼ੀਆਂ ਦੀ ਟੱਕਰ ਤੋਂ ਬਚਣ ਦਾ ਇੱਕ ਬਿਹਤਰ ਤਰੀਕਾ ਇਹ ਹੈ ਕਿ ਰੇਲਵੇ ਪਟੜੀਆਂ ਕੋਲ ਵਸੇ ਲੋਕਾਂ ਨਾਲ ਕੰਮ ਕਰਨਾ ਅਤੇ ਅਜਿਹੀਆਂ ਘਟਨਾਵਾਂ ਨੂੰ ਰੋਕਣ ਵਿੱਚ ਉਨ੍ਹਾਂ ਦੀ ਭੂਮਿਕਾ ਤੋਂ ਜਾਣੂ ਕਰਵਾਉਣਾ ਚਾਹੀਦਾ ਹੈ।
ਉਹ ਕਹਿੰਦੇ ਹਨ, "ਮਵੇਸ਼ੀ-ਰੇਲਗੱਡੀਆਂ ਨੂੰ ਰੋਕਣ ਲਈ ਅਸੀਂ ਥਾਂ ਚਿੰਨਤ ਕਰ ਕੇ ਗਾਵਾਂ-ਮੱਝਾਂ ਲਈ ਕੋਰੀਡੋਰ ਵੀ ਬਣਾ ਸਕਦੇ ਹਨ। ਰੇਲਵੇ ਲਾਈਨ ਦੀ ਫੈਨਸਿੰਗ (ਵਾੜ) ਕੀਤੀ ਜਾ ਸਕਦਾ ਹੈ ਪਰ ਇਸ ਦੇ ਨਾਲ ਹੀ ਇਹ ਕਾਫੀ ਮਹਿੰਦਾ ਵੀ ਹੈ।"












