ਗੁਰਦੁਆਰੇ-ਮੰਦਰਾਂ ’ਚ ਕੀਰਤਨ ਕਰਕੇ ਸੰਗੀਤ ਸਿੱਖਣ ਵਾਲੇ ਰਿਸ਼ੀ ਸਿੰਘ ਨੂੰ ਜਾਣੋ ਜੋ ਬਣੇ ਇੰਡੀਅਨ ਆਈਡਲ ਦੇ ਜੇਤੂ

ਤਸਵੀਰ ਸਰੋਤ, SONYTVPR
- ਲੇਖਕ, ਸੁਪਰਿਆ ਸੋਗਲੇ
- ਰੋਲ, ਬੀਬੀਸੀ ਲਈ
ਗੁਰਦੁਆਰਿਆਂ ਤੇ ਮੰਦਰਾਂ ਵਿੱਚ ਕੀਰਤਨ ਕਰਕੇ ਸੰਗੀਤ ਸਿੱਖਣ ਵਾਲੇ ਅਯੁਧਿਆ ਰਿਸ਼ੀ ਸਿੰਘ ਨੇ ਇੰਡੀਅਨ ਆਈਡਲ-13 ਦਾ ਖਿਤਾਬ ਆਪਣੇ ਨਾਮ ਕਰ ਲਿਆ ਹੈ।
ਮੁਕਾਬਲਾ ਜਿੱਤਣ ਤੋਂ ਬਾਅਦ ਰਿਸ਼ੀ ਸਿੰਘ ਨੂੰ ਸੋਨੀ ਟੀਵੀ ਵਲੋਂ ਇਨਾਮ ਵਜੋਂ 25 ਲੱਖ ਰੁਪਏ ਦਾ ਚੈੱਕ ਮਿਲਿਆ ਤੇ ਤੋਹਫ਼ੇ ਵਿੱਚ ਇੱਕ ਨਵੀਂ ਕਾਰ ਵੀ ਮਿਲੀ।
ਮਸ਼ਹੂਰ ਸਿੰਗਿੰਗ ਰਿਐਲਿਟੀ ਸ਼ੋਅ ਇੰਡੀਅਨ ਆਈਡਲ ਦੇ 13ਵੇਂ ਸੀਜ਼ਨ ਦਾ ਫ਼ਾਈਨਲ ਐਤਵਾਰ ਨੂੰ ਮੁੰਬਈ ਵਿੱਚ ਹੋਇਆ।
ਸ਼ੋਅ ਦੇ ਜੱਜ ਹਿਮੇਸ਼ ਰੇਸ਼ਮੀਆ, ਵਿਸ਼ਾਲ ਡਡਲਾਨੀ ਅਤੇ ਨੇਹਾ ਕੱਕੜ ਸਨ।
ਸ਼ੋਅ ਵਿੱਚ ਭਾਰਤ ਦੇ ਵੱਖ-ਵੱਖ ਸੂਬਿਆਂ ਤੋਂ ਆਏ ਜਿਨ੍ਹਾ ਪ੍ਰਤੀਯੋਗੀਆਂ ਨੇ ਹਿੱਸਾ ਲਿਆ ਉਨ੍ਹਾਂ ਵਿੱਚੋਂ ਸਿਰਫ਼ 6 ਪ੍ਰਤੀਯੋਗੀ ਹੀ ਆਖ਼ਰੀ ਪੜਾਅ ਤੱਕ ਪਹੁੰਚ ਸਕੇ ਸਨ।

ਤਸਵੀਰ ਸਰੋਤ, sony tv/twitter
ਇੰਡੀਅਨ ਆਈਡਲ ਫ਼ਾਈਨਲ ਵਿੱਚ ਆਪਣੀ ਥਾਂ ਬਣਾਉਣ ਵਾਲਿਆਂ ਵਿੱਚ ਰਿਸ਼ੀ ਸਿੰਘ (ਅਯੁੱਧਿਆ), ਬਿਦਿਪਤਾ ਚੱਕਰਵਰਤੀ (ਕੋਲਕਾਤਾ), ਚਿਰਾਗ ਕੋਤਵਾਲ (ਜੰਮੂ), ਸੋਨਾਕਸ਼ੀ ਕਾਰ (ਕੋਲਕਾਤਾ), ਸ਼ਿਵਮ ਸਿੰਘ (ਵਡੋਦਰਾ) ਅਤੇ ਦੇਬੋਸਮਿਤਾ ਰਾਏ (ਕੋਲਕਾਤਾ) ਸ਼ਾਮਿਲ ਸਨ।
ਮੁਕਾਬਲਾ ਜ਼ਬਰਦਸਤ ਰਿਹਾ ਰਿਸ਼ੀ ਸਿੰਘ ਨੇ ਇੰਡੀਅਨ ਆਈਡਲ-13 ਦਾ ਖ਼ਿਤਾਬ ਜਿੱਤ ਕੇ ਟਰਾਫੀ ਆਪਣੇ ਨਾਮ ਕੀਤੀ ਤੇ
ਦੇਬੋਸਮਿਤਾ ਰਾਏ ਅਤੇ ਚਿਰਾਗ ਕੋਤਵਾਲ ਕ੍ਰਮਵਾਰ ਪਹਿਲੇ ਅਤੇ ਦੂਜੇ ਰਨਰ ਅੱਪ ਰਹੇ।
ਪਹਿਲੇ ਰਨਰ ਅੱਪ ਰਹੇ ਦੇਬੋਸਮਿਤਾ ਰਾਏ ਨੂੰ ਪੰਜ ਲੱਖ ਤੇ ਦੂਜੇ ਰਨਰ ਅੱਪ ਚਿਰਾਗ ਕੋਤਵਾਲ ਨੂੰ ਤਿੰਨ ਲੱਖ ਰੁਪਏ ਇਨਾਮ ਵਜੋਂ ਦਿੱਤੇ ਗਏ ਹਨ।
ਇਸ ਤੋਂ ਇਲਾਵਾ ਫ਼ਾਈਨਲ ਤੱਕ ਪਹੁੰਚਣ ਵਾਲੇ ਬਾਕੀ ਪ੍ਰਤੀਯੋਗੀਆਂ ਨੂੰ ਇੱਕ-ਇੱਕ ਲੱਖ ਦਾ ਚੈੱਕ ਦਿੱਤਾ ਗਿਆ।

ਤਸਵੀਰ ਸਰੋਤ, SETINDIA
ਕੌਣ ਹੈ ਰਿਸ਼ੀ ਸਿੰਘ?
2 ਜੁਲਾਈ 2003 ਨੂੰ ਅਯੁੱਧਿਆ, ਉੱਤਰ ਪ੍ਰਦੇਸ਼ ਵਿੱਚ ਜਨਮੇ, 19 ਸਾਲਾ ਰਿਸ਼ੀ ਸਿੰਘ ਨੇ ਆਪਣੀ ਪ੍ਰਾਇਮਰੀ ਅਤੇ ਸੈਕੰਡਰੀ ਸਕੂਲ ਦੀ ਪੜ੍ਹਾਈ ਦਿ ਕੈਮਬ੍ਰੀਅਨ ਸਕੂਲ ਤੋਂ ਹਾਸਿਲ ਕੀਤੀ ਹੈ।
ਉਹ ਦੇਹਰਾਦੂਨ ਤੋਂ ਏਵੀਏਸ਼ਨ ਮੈਨੇਜਮੈਂਟ ਵਿੱਚ ਗ੍ਰੈਜੂਏਸ਼ਨ ਕਰ ਰਹੇ ਹਨ।
ਇੱਕ ਮੱਧ-ਵਰਗੀ ਪਰਿਵਾਰ ਨਾਲ ਤਾਲੁਕ ਰੱਖਣ ਵਾਲੇ ਰਿਸ਼ੀ ਦੇ ਪਿਤਾ ਰਾਜਿੰਦਰ ਸਿੰਘ ਇੱਕ ਸਰਕਾਰੀ ਕਰਮਚਾਰੀ ਹਨ।
ਉਨ੍ਹਾਂ ਦੀ ਮਾਂ ਅੰਜਲੀ ਸਿੰਘ ਇੱਕ ਘਰੇਲੂ ਔਰਤ ਹੈ।
ਸ਼ੋਅ ਦੌਰਾਨ ਇੱਕ ਐਪੀਸੋਡ 'ਚ ਰਿਸ਼ੀ ਨੇ ਦੱਸਿਆ ਸੀ ਕਿ ਉਹ ਆਪਣੇ ਮਾਤਾ-ਪਿਤਾ ਦਾ ਇਕਲੌਤਾ ਪੁੱਤਰ ਹੈ। ਇੰਨਾਂ ਹੀ ਨਹੀਂ ਰਿਸ਼ੀ ਮੁਤਾਬਕ ਉਨ੍ਹਾਂ ਨੂੰ ਬਚਪਨ 'ਚ ਗੋਦ ਲਿਆ ਗਿਆ ਸੀ।
ਰਿਸ਼ੀ ਸਿੰਘ ਦਾ ਕਹਿਣਾ ਹੈ ਕਿ ਮਾਤਾ-ਪਿਤਾ ਉਨ੍ਹਾਂ ਦੇ ਸੰਗੀਤ ਕਰੀਅਰ ਤੋਂ ਖੁਸ਼ ਨਹੀਂ ਸਨ ਅਤੇ ਚਾਹੁੰਦੇ ਸਨ ਕਿ ਰਿਸ਼ੀ ਪੜ੍ਹਾਈ ਤੋਂ ਬਾਅਦ ਕੋਈ ਚੰਗੀ ਨੌਕਰੀ ਕਰਨ।
ਪਰ ਆਪਣੇ ਬੇਟੇ ਦੀ ਸੰਗੀਤ ਵਿੱਚ ਰੁਚੀ ਦੇਖ ਕੇ ਉਨ੍ਹਾਂ ਨੇ ਸਹਿਯੋਗ ਪੂਰਾ ਦਿੱਤਾ ਸੀ।

ਤਸਵੀਰ ਸਰੋਤ, SETINDIA
ਗੁਰਦੁਆਰਿਆਂ ਅਤੇ ਮੰਦਰਾਂ ਵਿੱਚ ਭਜਨ ਗਾਉਣਾ
ਰਿਸ਼ੀ ਨੇ ਸੰਗੀਤ ਦੀ ਕੋਈ ਸਿੱਖਿਆ ਨਹੀਂ ਲਈ, ਪਰ ਉਹ ਬਚਪਨ ਤੋਂ ਹੀ ਆਪਣੇ ਘਰ ਦੇ ਨੇੜਲੇ ਗੁਰਦੁਆਰੇ ਅਤੇ ਇੱਕ ਮੰਦਰ ਵਿੱਚ ਭਜਨ ਗਾਉਂਦੇ ਸਨ।
2019 ਵਿੱਚ, ਰਿਸ਼ੀ ਨੇ ਇੰਡੀਅਨ ਆਈਡਲ ਦੇ 11ਵੇਂ ਸੀਜ਼ਨ ਵਿੱਚ ਵੀ ਹਿੱਸਾ ਲਿਆ ਸੀ ਪਰ ਚੌਥੇ ਦੌਰ ਤੋਂ ਬਾਅਦ ਬਾਹਰ ਹੋ ਗਏ ਸਨ।
ਭਾਰਤੀ ਕ੍ਰਿਕਟ ਖਿਡਾਰੀ ਵਿਰਾਟ ਕੋਹਲੀ ਨੇ ਵੀ ਹਾਲ ਹੀ 'ਚ ਉਨ੍ਹਾਂ ਦੀ ਗਾਇਕੀ ਦੀ ਤਾਰੀਫ਼ ਕੀਤੀ ਹੈ।
ਕੋਹਲੀ ਨੇ ਇਹ ਵੀ ਦੱਸਿਆ ਸੀ ਕਿ ਉਹ ਰਿਸ਼ੀ ਨੂੰ ਇੰਸਟਾਗ੍ਰਾਮ 'ਤੇ ਫ਼ਾਲੋ ਕਰਦੇ ਹਨ।
ਨਿਰਦੇਸ਼ਕ ਨਿਰਮਾਤਾ ਰਾਕੇਸ਼ ਰੋਸ਼ਨ ਨੇ ਰਿਸ਼ੀ ਸਿੰਘ ਨੂੰ ਰਿਤਿਕ ਰੋਸ਼ਨ ਦੀ ਅਗਲੀ ਫ਼ਿਲਮ ਵਿੱਚ ਗਾਉਣ ਦੀ ਪੇਸ਼ਕਸ਼ ਵੀ ਕੀਤੀ ਹੈ।

ਤਸਵੀਰ ਸਰੋਤ, SONYTVPR
ਮਈ 2022 ਨੂੰ ਰਿਸ਼ੀ ਸਿੰਘ ਨੇ ਆਪਣਾ ਪਹਿਲਾ ਗੀਤ 'ਇਲਤੇਜ਼ਾ ਮੇਰੀ' ਰਿਲੀਜ਼ ਕੀਤਾ ਸੀ। ਇਹ ਗੀਤ ਮੇਲੋਡੀਅਸ ਰਿਕਾਰਡਸ ਵਲੋਂ ਤਿਆਰ ਕੀਤਾ ਗਿਆ ਸੀ।
ਇੰਡੀਅਨ ਆਈਡਲ ਵਿੱਚ ਫ਼ਿਲਮ 'ਕਬੀਰ ਸਿੰਘ' ਦਾ ਗੀਤ 'ਪਹਿਲਾ ਪਿਆਰ' ਗਾਉਣ ਤੋਂ ਬਾਅਦ, ਜੱਜਾਂ ਨੇ ਖੜ੍ਹੇ ਹੋ ਕੇ ਉਨ੍ਹਾਂ ਦੀ ਤਾਰੀਫ਼ ਕੀਤੀ ਸੀ।
ਇਸ ਗਾਣੇ ਲਈ ਉਨ੍ਹਾਂ ਨੂੰ ਗੋਲਡਨ ਮਾਈਕ ਵੀ ਦਿੱਤਾ ਗਿਆ ਸੀ। ਇਸ ਤੋਂ ਬਾਅਦ ਕਿਸੇ ਪ੍ਰਤੀਯੋਗੀ ਨੂੰ ਕੁਆਲੀਫਾਈਂਗ ਰਾਊਂਡ ਦੀ ਲੋੜ ਨਹੀਂ ਰਹਿੰਦੀ ਹੈ।
2019 ਵਿੱਚ, ਰਿਸ਼ੀ ਸਿੰਘ ਨੇ ਅਯੁੱਧਿਆ ਵਿੱਚ ਰਾਮ ਕਥਾ ਅਜਾਇਬ ਘਰ ਵਿੱਚ ਹੋਏ ਇੱਕ ਸੰਗੀਤ ਸਮਾਰੋਹ ਵਿੱਚ ਵੀ ਹਿੱਸਾ ਲਿਆ ਸੀ।
ਰਿਸ਼ੀ ਯੂਟਿਊਬ 'ਤੇ ਹਿੰਦੀ ਸਿਨੇਮਾ ਦੇ ਕਈ ਮਸ਼ਹੂਰ ਗੀਤਾਂ ਦੇ ਕਵਰ ਵੀ ਗਾ ਚੁੱਕੇ ਹਨ।
‘ਦਿ ਕਪਿਲ ਸ਼ਰਮਾ ਸ਼ੋਅ’ ਦੇ ਇੰਡੀਅਨ ਆਈਡਲ ਸਪੈਸ਼ਲ ਐਪੀਸੋਡ ਵਿੱਚ ਕਪਿਲ ਸ਼ਰਮਾ ਨੇ ਵੀ ਰਿਸ਼ੀ ਦੀ ਗਾਇਕੀ ਦੀ ਤਾਰੀਫ਼ ਕੀਤੀ ਸੀ।












