ਡੌਨਲਡ ਟਰੰਪ: 7 ਨੁਕਤਿਆਂ ਰਾਹੀਂ ਸਮਝੋ ਸਾਬਕਾ ਰਾਸ਼ਟਰਪਤੀ ਦੀਆਂ ਮੁਸ਼ਕਿਲਾਂ ਕਿਵੇਂ ਵੱਧ ਸਕਦੀਆਂ ਹਨ

ਤਸਵੀਰ ਸਰੋਤ, Reuters
ਡੌਨਲਡ ਟਰੰਪ ਅਜਿਹੇ ਪਹਿਲੇ ਅਮਰੀਕੀ ਸਾਬਕਾ ਰਾਸ਼ਟਰਪਤੀ ਬਣ ਗਏ ਹਨ, ਜਿਨ੍ਹਾਂ 'ਤੇ ਅਪਰਾਧਿਕ ਇਲਜ਼ਾਮ ਲਗਾਏ ਜਾਣਗੇ।
ਨਿਊਯਾਰਕ ਦੀ ਗ੍ਰੈਂਡ ਜਿਊਰੀ ਨੇ ਉਨ੍ਹਾਂ 'ਤੇ ਇਲਜ਼ਾਮ ਤੈਅ ਕਰਨ ਦਾ ਫੈਸਲਾ ਕੀਤਾ ਹੈ।
ਹਾਲਾਂਕਿ, ਟਰੰਪ ਦੇ ਖਿਲਾਫ ਇਲਜ਼ਾਮਾਂ ਨੂੰ ਅਜੇ ਜਨਤਕ ਨਹੀਂ ਕੀਤਾ ਗਿਆ ਹੈ, ਇਸ ਲਈ ਇਹ ਪਤਾ ਨਹੀਂ ਹੈ ਕਿ ਜ਼ਿਲ੍ਹਾ ਅਟਾਰਨੀ ਦੇ ਸਾਹਮਣੇ ਉਨ੍ਹਾਂ ਦੇ ਖ਼ਿਲਾਫ਼ ਕੀ ਇਲਜ਼ਾਮ ਲਾਏ ਜਾਣਗੇ।
ਉਨ੍ਹਾਂ ਖ਼ਿਲਾਫ਼ ਜੋ ਇਲਜ਼ਾਮ ਲਗਾਏ ਗਏ ਹਨ, ਉਹ ਅਜੇ ਸੀਲ-ਬੰਦ ਹਨ। ਮੰਗਲਵਾਰ ਨੂੰ ਅਦਾਲਤੀ ਕਾਰਵਾਈ ਦੌਰਾਨ ਉਨ੍ਹਾਂ ਨੂੰ ਰਸਮੀ ਤੌਰ 'ਤੇ ਅਦਾਲਤ 'ਚ ਪੇਸ਼ ਕੀਤਾ ਜਾਵੇਗਾ।
ਪਰ ਅਜਿਹਾ ਲੱਗਦਾ ਹੈ ਕਿ ਇਹ ਮਾਮਲਾ ਇੱਕ ਪੋਰਨ ਸਟਾਰ ਦਾ ਮੂੰਹ ਬੰਦ ਰੱਖਣ ਲਈ ਟਰੰਪ ਵੱਲੋਂ ਦਿੱਤੇ ਗਏ ਪੈਸਿਆਂ ਨਾਲ ਸਬੰਧਤ ਹੈ।
ਦੱਸਿਆ ਜਾ ਰਿਹਾ ਹੈ ਕਿ 2016 'ਚ ਰਾਸ਼ਟਰਪਤੀ ਚੋਣ ਲਈ ਪ੍ਰਚਾਰ ਦੌਰਾਨ ਟਰੰਪ ਦੇ ਕਹਿਣ 'ਤੇ ਇੱਕ ਪੋਰਨ ਸਟਾਰ ਨੂੰ ਪੈਸੇ ਦਿੱਤੇ ਗਏ ਸਨ।
ਉਸ ਮਹਿਲਾ ਨੇ ਦਾਅਵਾ ਕੀਤਾ ਕਿ ਉਨ੍ਹਾਂ ਦੇ ਟਰੰਪ ਨਾਲ ਸਬੰਧ ਸਨ ਅਤੇ ਇਸ ਮੁੱਦੇ 'ਤੇ ਆਪਣਾ ਮੂੰਹ ਬੰਦ ਰੱਖਣ ਲਈ ਉਨ੍ਹਾਂ ਨੂੰ ਪੈਸੇ ਦਿੱਤੇ ਗਏ ਸਨ।
ਪਰ ਵੱਡਾ ਸਵਾਲ ਇਹ ਹੈ ਕਿ, ਕੀ ਇਹ ਮਾਮਲਾ ਉਨ੍ਹਾਂ ਦੇ ਸਿਆਸੀ ਕਰੀਅਰ ਨੂੰ ਪ੍ਰਭਾਵਿਤ ਕਰੇਗਾ? ਕੀ ਡੌਨਲਡ ਟਰੰਪ ਨੂੰ ਇਸ 'ਚ ਰਾਹਤ ਮਿਲ ਸਕਦੀ ਹੈ?

ਤਸਵੀਰ ਸਰੋਤ, Getty Images
1. ਇਨਡਾਇਟਮੈਂਟ ਕੀ ਹੈ?
ਵੀਰਵਾਰ ਨੂੰ ਨਿਊਯਾਰਕ ਦੀ ਗ੍ਰੈਂਡ ਜਿਊਰੀ ਨੇ ਡੌਨਲਡ ਟਰੰਪ ਨੂੰ ਇਨਡਾਈਟ ਕਰਨ ਲਈ ਵੋਟ ਦਿੱਤੇ।
ਇਨਡਾਈਟਮੈਂਟ ਦਾ ਅਰਥ ਹੈ - ਰਸਮੀ ਤੌਰ 'ਤੇ ਇਲਜ਼ਾਮ ਲਗਾਉਣਾ।
ਸਰਕਾਰੀ ਵਕੀਲ ਕਿਸੇ ਅਜਿਹੇ ਵਿਅਕਤੀ ਦੇ ਖਿਲਾਫ਼ ਇਲਜ਼ਾਮ ਦਾਖ਼ਲ ਕਰਦੇ ਹਨ ਜਿਸ ਬਾਰੇ ਉਹ ਮੰਨਦੇ ਹਨ ਕਿ ਉਸ ਨੇ ਅਪਰਾਧ ਕੀਤਾ ਹੈ।
ਇਨਡਾਈਟਮੈਂਟ ਵਿੱਚ ਇਲਜ਼ਾਮਾਂ ਬਾਰੇ ਮੋਟੀ-ਮੋਟੀ ਜਾਣਕਾਰੀ ਹੁੰਦੀ ਹੈ। ਡੌਨਲਡ ਟਰੰਪ 'ਤੇ ਜੋ ਇਲਜ਼ਾਮ ਲਗਾਏ ਜਾ ਸਕਦੇ ਹਨ, ਉਹ ਗੰਭੀਰ ਅਪਰਾਧ ਦੀ ਸ਼੍ਰੇਣੀ 'ਚ ਆ ਸਕਦੇ ਹਨ।
ਅਮਰੀਕਾ ਵਿੱਚ ਇਸ ਨੂੰ 'ਫੇਲਨੀ' ਕਿਹਾ ਜਾਂਦਾ ਹੈ। ਇਹ ਉਹ ਅਪਰਾਧ ਹਨ ਜਿਨ੍ਹਾਂ ਵਿੱਚ ਇੱਕ ਵਿਅਕਤੀ ਨੂੰ ਇੱਕ ਸਾਲ ਜਾਂ ਇਸ ਤੋਂ ਵੱਧ ਦੀ ਜੇਲ੍ਹ ਹੋ ਸਕਦੀ ਹੈ।
ਜਿੱਥੇ ਸਰਕਾਰੀ ਵਕੀਲ ਆਮ ਤੌਰ 'ਤੇ ਸਾਧਾਰਨ ਇਲਜ਼ਾਮ ਲਾਉਂਦੇ ਹਨ, ਉੱਥੇ ਹੀ ਇਨਡਾਇਟਮੈਂਟ ਇੱਕ ਗ੍ਰੈਂਡ ਜਿਊਰੀ ਦੀ ਗੁਪਤ ਵੋਟਿੰਗ 'ਤੇ ਅਧਾਰਤ ਹੁੰਦੀ ਹੈ।
ਇਸ ਮਾਮਲੇ 'ਚ ਨਿਊਯਾਰਕ ਸਿਟੀ 'ਚ ਮੈਨਹਟਨ ਦੀ ਗ੍ਰੈਂਡ ਜਿਊਰੀ ਨੇ ਟਰੰਪ 'ਤੇ ਇਲਜ਼ਾਮ ਲਗਾਉਣ ਦਾ ਫੈਸਲਾ ਕੀਤਾ ਹੈ।
ਗ੍ਰੈਂਡ ਜਿਊਰੀ ਨਾਗਰਿਕਾਂ ਦਾ ਇੱਕ ਸਮੂਹ ਹੁੰਦੀ ਹੈ ਜੋ ਗਵਾਹਾਂ ਦੇ ਨਾਲ-ਨਾਲ ਪੇਸ਼ ਕੀਤੇ ਗਏ ਸਬੂਤਾਂ 'ਤੇ ਵੀ ਵਿਚਾਰ ਕਰਦੀ ਹੈ।
ਫਿਰ ਇਹ ਫੈਸਲਾ ਕੀਤਾ ਜਾਂਦਾ ਹੈ ਕਿ, ਕੀ ਕਿਸੇ ਵਿਅਕਤੀ 'ਤੇ ਅਪਰਾਧਿਕ ਇਲਜ਼ਾਮ ਲਗਾਉਣ ਲਈ ਲੋੜੀਂਦੇ ਸਬੂਤ ਮੌਜੂਦ ਹਨ।

ਟਰੰਪ ਦੇ ਕੇਸ ਨਾਲ ਜੁੜੀਆਂ ਖਾਸ ਗੱਲਾਂ:
- ਅਮਰੀਕੀ ਸਾਬਕਾ ਰਾਸ਼ਟਰਪਤੀ ਡੌਨਲਡ ਟਰੰਪ 'ਤੇ ਅਪਰਾਧਿਕ ਇਲਜ਼ਾਮ ਲਗਾਏ ਜਾਣਗੇ।
- ਨਿਊਯਾਰਕ ਦੀ ਗ੍ਰੈਂਡ ਜਿਊਰੀ ਨੇ ਉਨ੍ਹਾਂ 'ਤੇ ਇਲਜ਼ਾਮ ਤੈਅ ਕਰਨ ਦਾ ਫੈਸਲਾ ਕੀਤਾ ਹੈ।
- ਲੱਗਦਾ ਹੈ ਮਾਮਲਾ ਇੱਕ ਪੋਰਨ ਸਟਾਰ ਦਾ ਮੂੰਹ ਬੰਦ ਰੱਖਣ ਲਈ ਟਰੰਪ ਵੱਲੋਂ ਦਿੱਤੇ ਗਏ ਪੈਸਿਆਂ ਨਾਲ ਸਬੰਧਤ ਹੈ।
- ਸਾਬਕਾ ਰਾਸ਼ਟਰਪਤੀ ਟਰੰਪ ਖੁਦ ਮੰਗਲਵਾਰ ਨੂੰ ਆਤਮ ਸਮਰਪਣ ਕਰ ਸਕਦੇ ਹਨ।

2. ਕੀ ਟਰੰਪ ਨੂੰ ਗ੍ਰਿਫਤਾਰ ਕੀਤਾ ਜਾਵੇਗਾ?
ਇਹ ਜ਼ਰੂਰੀ ਨਹੀਂ ਹੈ ਕਿ ਇਲਜ਼ਾਮ ਲਗਾਉਣ ਤੋਂ ਬਾਅਦ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਜਾਵੇ।
ਪਰ ਅਜਿਹਾ ਕਿਹਾ ਜਾ ਰਿਹਾ ਹੈ ਕਿ ਜਦੋਂ ਸਰਕਾਰੀ ਵਕੀਲਾਂ ਨੇ ਟਰੰਪ ਦੇ ਵਕੀਲਾਂ ਨਾਲ ਸੰਪਰਕ ਕੀਤਾ ਤਾਂ ਕਥਿਤ ਤੌਰ 'ਤੇ ਇਸ ਮੁੱਦੇ 'ਤੇ ਸੌਦੇਬਾਜ਼ੀ ਹੋਈ।
ਕਿਹਾ ਗਿਆ ਕਿ ਸਾਬਕਾ ਰਾਸ਼ਟਰਪਤੀ ਦੀ ਟੀਮ ਅਤੇ ਹੋਰ ਮਾਹਿਰਾਂ ਨੇ ਕਿਹਾ ਹੈ ਕਿ ਟਰੰਪ ਖੁਦ ਮੰਗਲਵਾਰ ਨੂੰ ਆਤਮ ਸਮਰਪਣ ਕਰ ਦੇਣਗੇ।
ਹੁਣ ਤੱਕ ਇਹ ਜਾਣਕਾਰੀ ਸਾਹਮਣੇ ਨਹੀਂ ਆਈ ਹੈ ਕਿ ਜੇਕਰ ਟਰੰਪ ਖੁਦ ਆਤਮ ਸਮਰਪਣ ਕਰ ਦਿੰਦੇ ਹਨ ਤਾਂ ਉਸ ਤੋਂ ਬਾਅਦ ਅਗਲੀ ਕਾਰਵਾਈ ਕਿਵੇਂ ਹੋਵੇਗੀ।
ਹਾਲਾਂਕਿ ਕਿਹਾ ਜਾ ਰਿਹਾ ਹੈ ਕਿ ਉਨ੍ਹਾਂ ਦੇ ਖ਼ਿਲਾਫ਼ ਸਾਧਾਰਨ ਕਾਰਵਾਈ ਕਰਕੇ ਉਨ੍ਹਾਂ ਨੂੰ ਗ੍ਰਿਫਤਾਰ ਕੀਤਾ ਜਾ ਸਕਦਾ ਹੈ।
ਟਰੰਪ ਨੂੰ ਹੱਥਕੜੀ ਵੀ ਲਗਾਈ ਜਾ ਸਕਦੀ ਹੈ। ਮੰਨਿਆ ਜਾ ਰਿਹਾ ਹੈ ਕਿ ਉਹ 'ਪਰਪ ਵਾਕ' ਕਰਦੇ ਹੋਏ ਅਦਾਲਤ 'ਚ ਜਾਣਗੇ, ਭਾਵ ਪੁਲਿਸ ਅਧਿਕਾਰੀਆਂ ਦੀ ਨਿਗਰਾਨੀ 'ਚ ਉਨ੍ਹਾਂ ਨੂੰ ਪੱਤਰਕਾਰਾਂ ਅਤੇ ਆਮ ਨਾਗਰਿਕਾਂ ਦੀ ਭੀੜ 'ਚੋਂ ਲੰਘ ਕੇ ਅਦਾਲਤ 'ਚ ਲਿਜਾਇਆ ਜਾਵੇਗਾ।
ਹਾਲਾਂਕਿ, ਡੌਨਲਡ ਟਰੰਪ ਦੇ ਵਕੀਲ ਦਾ ਕਹਿਣਾ ਹੈ ਕਿ ਜਦੋਂ ਉਹ ਅਗਲੇ ਹਫਤੇ ਨਿਊਯਾਰਕ ਦੀ ਅਦਾਲਤ 'ਚ ਪੇਸ਼ ਹੋਣਗੇ ਤਾਂ ਉਨ੍ਹਾਂ ਨੂੰ ਹੱਥਕੜੀ ਨਹੀਂ ਲਗਾਈ ਜਾਵੇਗੀ।

ਤਸਵੀਰ ਸਰੋਤ, Getty Images
3. ਪਰਪ ਵਾਕ ਕੀ ਹੈ?
ਹੁਣ ਜਦੋਂ ਡੌਨਲਡ ਟਰੰਪ ਦੇ ਖਿਲਾਫ ਇਨਡਾਇਟਮੈਂਟ ਮਨਜ਼ੂਰ ਹੋ ਗਿਆ ਹੈ ਅਤੇ ਮੰਗਲਵਾਰ ਨੂੰ ਉਹ ਆਪ ਅਦਾਲਤ ਵਿੱਚ ਪੇਸ਼ ਹੋਣ ਵਾਲੇ ਹਨ, ਤਾਂ ਉਨ੍ਹਾਂ ਨੂੰ ਨਿਊਯਾਰਕ ਸਿਟੀ ਕੋਰਟ ਦੇ ਬਾਹਰ ਕੈਮਰੇ ਅਤੇ ਮਾਈਕ੍ਰੋਫੋਨਾਂ ਚੁੱਕੇ ਪੱਤਰਕਾਰਾਂ ਦੀ ਭੀੜ ਵਿੱਚੋਂ ਲੰਘਣਾ ਪਵੇਗਾ।
ਇਸ ਪ੍ਰਕਿਰਿਆ ਨੂੰ 'ਪਰਪ ਵਾਕ' ਕਿਹਾ ਜਾਂਦਾ ਹੈ। (ਇੱਥੇ Perp ਦਾ ਸਬੰਧ ਅੰਗਰੇਜ਼ੀ ਸ਼ਬਦ perpetrator ਨਾਲ ਜੁੜਿਆ ਹੋਇਆ ਹੈ, ਜਿਸਦਾ ਅਰਥ ਹੈ ਅਪਰਾਧ ਨੂੰ ਅੰਜਾਮ ਦੇਣ ਵਾਲਾ)।
ਕੁਝ ਸ਼ੱਕੀ ਵਿਅਕਤੀਆਂ ਨੂੰ ਪੁਲਿਸ ਹੱਥਕੜੀ ਲਗਾ ਕੇ ਲੈ ਜਾਂਦੀ ਹੈ, ਪਰ ਕਈਆਂ ਨੂੰ ਆਪਣੇ ਆਪ ਅੱਗੇ ਤੁਰਦੇ ਹੋਏ ਉਸ ਥਾਂ ਤੱਕ ਜਾਣਾ ਪੈਂਦਾ ਹੈ ਜਿੱਥੇ ਉਨ੍ਹਾਂ ਵਿਰੁੱਧ ਇਲਜ਼ਾਮ ਪੜ੍ਹੇ ਜਾਂਦੇ ਹਨ।
ਕੁਝ ਖਾਸ ਮਾਮਲਿਆਂ ਵਿੱਚ, ਹੱਥਕੜੀਆਂ ਵਿੱਚ ਲਈਆਂ ਤਸਵੀਰਾਂ ਕਦੇ ਨਾ ਭੁੱਲਣ ਵਾਲੀਆਂ ਬਣ ਜਾਂਦੀਆਂ ਹਨ।
ਜਦੋਂ ਹਾਲੀਵੁੱਡ ਦੇ ਮਸ਼ਹੂਰ ਨਿਰਮਾਤਾ ਹਾਰਵੇ ਵਾਈਨਸਟੀਨ 'ਤੇ ਦੋ ਔਰਤਾਂ ਨਾਲ ਬਲਾਤਕਾਰ ਕਰਨ ਅਤੇ ਉਨ੍ਹਾਂ ਨਾਲ ਅਪਰਾਧਿਕ ਸੈਕਸ ਕਰਨ ਦਾ ਇਲਜ਼ਾਮ ਲੱਗਿਆ ਸੀ ਤਾਂ ਉਨ੍ਹਾਂ ਨੂੰ ਨਿਊਯਾਰਕ ਪੁਲਿਸ ਵਿਭਾਗ ਵਿੱਚ ਹੱਥਕੜੀਆਂ ਪਹਿਨਾ ਕੇ 'ਪਰਪ ਵਾਕ' ਕਰਵਾਈ ਗਈ ਸੀ।
ਇਸ ਦੌਰਾਨ ਲਈਆਂ ਗਈਆਂ ਉਨ੍ਹਾਂ ਦੀਆਂ ਤਸਵੀਰਾਂ 'ਮੀ ਟੂ ਮੂਵਮੈਂਟ' ਦੀਆਂ ਪ੍ਰਤੀਕਾਤਮਕ ਤਸਵੀਰਾਂ ਬਣੀਆਂ।

ਤਸਵੀਰ ਸਰੋਤ, Getty Images
'ਪਰਪ ਵਾਕ' ਦੀ ਇੱਕ ਹੋਰ ਚਰਚਿਤ ਘਟਨਾ ਆਈਐਮਐਫ ਦੇ ਮੁਖੀ ਡੋਮਿਨਿਕ ਸਟ੍ਰਾਸ-ਕਾਨ ਨਾਲ ਸਬੰਧਤ ਹੈ। ਉਨ੍ਹਾਂ 'ਤੇ ਘਰੇਲੂ ਮਹਿਲਾ ਸਹਾਇਕ ਨਾਲ ਜਿਨਸੀ ਸ਼ੋਸ਼ਣ ਅਤੇ ਬਲਾਤਕਾਰ ਦੀ ਕੋਸ਼ਿਸ਼ ਦਾ ਇਲਜ਼ਾਮ ਸੀ।
ਜਿਸ ਸਮੇਂ ਉਨ੍ਹਾਂ ਨੂੰ ਹਥਕੜੀਆਂ ਪਾ ਕੇ ਲਿਜਾਇਆ ਜਾ ਰਿਹਾ ਸੀ, ਉਸ ਸਮੇਂ ਉਹ ਪਸੀਨੇ ਨਾਲ ਭਿੱਜੇ ਹੋਏ ਸਨ ਅਤੇ ਬਹੁਤ ਥਕੇ ਹੋਏ ਨਜ਼ਰ ਆ ਰਹੇ ਸਨ।
ਬਾਅਦ ਵਿੱਚ ਉਨ੍ਹਾਂ ਨੇ ਕਿਹਾ ਸੀ ਕਿ ਉਨ੍ਹਾਂ ਨੂੰ ਇਸ ਤਰ੍ਹਾਂ ਹੱਥਕੜੀ ਲਾ ਕੇ ਮੀਡੀਆ ਦੇ ਸਾਹਮਣੇ ਪਰੇਡ ਕਰਾਉਣਾ ਠੀਕ ਨਹੀਂ ਹੈ।
ਸਟ੍ਰਾਸ-ਕਾਨ ਨੇ 2013 ਵਿੱਚ ਇੱਕ ਟੀਵੀ ਇੰਟਰਵਿਊ ਵਿੱਚ ਇਸ ਮਾਮਲੇ 'ਤੇ ਕਿਹਾ ਸੀ, "ਜਦੋਂ ਤੱਕ ਤੁਹਾਡੇ ਖ਼ਿਲਾਫ਼ ਦੋਸ਼ ਸਾਬਤ ਨਾ ਹੋ ਜਾਵੇ, ਉਦੋਂ ਤੱਕ ਤੁਹਾਨੂੰ ਬੇਗੁਨਾਹ ਮੰਨਿਆ ਜਾਣਾ ਚਾਹੀਦਾ ਹੈ। ਪਰ ਤੁਹਾਨੂੰ ਸਾਰਿਆਂ ਦੇ ਸਾਹਮਣੇ ਇਸ ਤਰ੍ਹਾਂ ਪੇਸ਼ ਕੀਤਾ ਜਾਂਦਾ ਹੈ ਜਿਵੇਂ ਕਿ ਤੁਹਾਨੂੰ ਦੋਸ਼ੀ ਮੰਨ ਲਿਆ ਗਿਆ ਹੋਵੇ। ਜਦਕਿ ਕੋਈ ਨਹੀਂ ਜਾਣਦਾ ਕਿ ਸੱਚ ਕੀ ਹੈ।"
ਬਾਅਦ ਵਿੱਚ ਉਨ੍ਹਾਂ ਖ਼ਿਲਾਫ਼ ਲੱਗੇ ਇਲਜ਼ਾਮਾਂ ਨੂੰ ਖਾਰਿਜ ਕਰ ਦਿੱਤਾ ਗਿਆ ਸੀ।
ਹਾਲਾਂਕਿ, ਉਸਨੇ ਆਈਐੱਮਐੱਫ ਵਿੱਚ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਅਤੇ ਉਨ੍ਹਾਂ 'ਤੇ ਇਲਜ਼ਾਮ ਲਗਾਉਣ ਵਾਲੇ ਮਹਿਲਾ ਨੂੰ ਇੱਕ ਗੁਪਤ ਰਾਸ਼ੀ ਦੇਕੇ ਸਮਝੌਤਾ ਕਰ ਲਿਆ।
ਇਹ ਇੱਕ ਸੰਯੋਗ ਹੀ ਹੈ ਕਿ ਟਰੰਪ ਦੇ ਸਾਬਕਾ ਸਲਾਹਕਾਰ ਅਤੇ ਅਮਰੀਕਾ ਦੇ ਅਟਾਰਨੀ ਜਨਰਲ ਰੂਡੀ ਜੂਲਿਆਨੀ ਨੇ 1980 ਅਤੇ 1990 ਦੇ ਦਹਾਕੇ ਵਿੱਚ ਪਰਪ ਵਾਕ ਨੂੰ ਪ੍ਰੋਤਸਾਹਿਤ ਕੀਤਾ ਸੀ।
ਉਹ ਮੁਲਜ਼ਮਾਂ ਨੂੰ ਮੀਡੀਆ ਦੇ ਸਾਹਮਣੇ ਹੱਥਕੜੀਆਂ ਲਾ ਕੇ ਪਰਪ ਵਾਕ ਕਰਾਉਣ ਦੇ ਫਾਇਦਿਆਂ ਤੋਂ ਜਾਣੂ ਸਨ।

ਤਸਵੀਰ ਸਰੋਤ, JUSTIN LANE/EPA-EFE/REX/SHUTTERSTOCK
4. ਅਰੇਨਮੈਂਟ ਕੀ ਹੈ?
ਜੇਕਰ ਬਹੁਤ ਜਲਦੀ ਹੋਇਆ ਤਾਂ ਟਰੰਪ ਖਿਲਾਫ ਇਲਜ਼ਾਮ ਅਗਲੇ ਹਫਤੇ ਦੇ ਮੰਗਲਵਾਰ ਨੂੰ ਲਗਾਏ ਜਾ ਸਕਦੇ ਹਨ।
ਇਹ ਪਹਿਲੀ ਵਾਰ ਹੋਵੇਗਾ ਜਦੋਂ ਟਰੰਪ ਵਿਰੁੱਧ ਲਗਾਏ ਜਾਣ ਵਾਲੇ ਇਲਜ਼ਾਮ ਇੱਕ ਖੁੱਲ੍ਹੀ ਅਦਾਲਤ ਵਿੱਚ ਪੜ੍ਹੇ ਜਾਣਗੇ।
ਟਰੰਪ ਜਾਂ ਉਨ੍ਹਾਂ ਦੇ ਵਕੀਲ ਅਦਾਲਤ 'ਚ ਪੇਸ਼ ਹੋਣਗੇ, ਭਾਵ ਟਰੰਪ ਤੋਂ ਪੁੱਛਿਆ ਜਾਵੇਗਾ ਕਿ ਉਨ੍ਹਾਂ ਨੇ ਅਪਰਾਧ ਕੀਤਾ ਹੈ ਜਾਂ ਨਹੀਂ। ਉਸ ਸਮੇਂ ਬਚਾਅ ਪੱਖ ਅਦਾਲਤ ਨੂੰ ਦੱਸੇਗਾ ਕਿ ਉਹ ਦੋਸ਼ੀ ਹਨ ਜਾਂ ਨਹੀਂ।
ਇਸ ਦੌਰਾਨ ਅਦਾਲਤ ਵਿੱਚ ਕੈਮਰਿਆਂ ਦੀ ਮੌਜੂਦਗੀ ਹੋ ਸਕਦੀ ਹੈ, ਪਰ ਇਹ ਜੱਜ ਦੀ ਇਜਾਜ਼ਤ 'ਤੇ ਨਿਰਭਰ ਕਰਦਾ ਹੈ।
ਉਨ੍ਹਾਂ ਦੇ ਅਰੇਨਮੈਂਟ ਤੋਂ ਬਾਅਦ ਭਾਵ ਉਨ੍ਹਾਂ 'ਤੇ ਇਲਜ਼ਾਮ ਲਗਾਏ ਜਾਣ ਤੋਂ ਬਾਅਦ ਉਹਨਾਂ ਤੋਂ ਉਮੀਦ ਕੀਤੀ ਜਾਵੇਗੀ ਕਿ ਉੱਥੇ ਵਾਪਸ ਆਉਣਦ ਦਾ ਵਾਅਦਾ ਕਰਨ।
ਭਾਵ ਇਹ ਹੈ ਕਿ ਉਨ੍ਹਾਂ ਨੂੰ ਇੱਕ ਬਾਂਡ ਭਰਨਾ ਪੈ ਸਕਦਾ ਹੈ ਅਤੇ ਇਹ ਵਾਅਦਾ ਕਰਨਾ ਪੈ ਸਕਦਾ ਹੈ ਕਿ ਜਦੋਂ ਵੀ ਉਨ੍ਹਾਂ ਨੂੰ ਸੁਣਵਾਈ ਲਈ ਬੁਲਾਇਆ ਜਾਵੇਗਾ ਤਾਂ ਉਹ ਅਦਾਲਤ ਵਿੱਚ ਹਾਜ਼ਰ ਹੋਣਗੇ।
ਅਮਰੀਕੀ ਮੀਡੀਆ ਅਨੁਸਾਰ, ਇਨਡਾਈਟਮੈਂਟ ਵਿੱਚ ਸਿਰਫ ਗ਼ੈਰ-ਹਿੰਸਕ ਅਪਰਾਧਾਂ ਦੇ ਲਈ ਇਲਜ਼ਾਮ ਹੋਣਗੇ।
ਕਾਨੂੰਨ ਮੁਤਾਬਕ, ਸਰਕਾਰੀ ਵਕੀਲ ਇਹ ਨਹੀਂ ਕਹਿ ਸਕਦੇ ਕਿ ਅਜਿਹੇ ਮਾਮਲੇ ਵਿੱਚ ਵਿਅਕਤੀ ਨੂੰ ਜ਼ਮਾਨਤ 'ਤੇ ਰੱਖਿਆ ਜਾਵੇ।

ਤਸਵੀਰ ਸਰੋਤ, Getty Images
5. ਟਰੰਪ 'ਤੇ ਕੀ ਹਨ ਇਲਜ਼ਾਮ?
ਅਧਿਕਾਰਤ ਤੌਰ 'ਤੇ, ਸਾਨੂੰ ਇਹ ਨਹੀਂ ਪਤਾ ਕਿ ਟਰੰਪ ਕਿਹੜੇ ਇਲਜ਼ਾਮਾਂ ਦਾ ਸਾਹਮਣਾ ਕਰ ਰਹੇ ਹਨ।
ਪਰ ਅਸੀਂ ਜਾਣਦੇ ਹਾਂ ਕਿ ਉਨ੍ਹਾਂ ਖ਼ਿਲਾਫ਼ ਆਪਣੇ ਸਾਬਕਾ ਵਕੀਲ ਮਾਈਕਲ ਕੋਹੇਨ ਨੂੰ ਪੈਸੇ ਦੇਣ ਦੇ ਮਾਮਲੇ ਦੀ ਜਾਂਚ ਜਾਰੀ ਹੈ। ਕਿਹਾ ਜਾ ਰਿਹਾ ਹੈ ਕਿ ਕੋਹੇਨ ਨੇ ਇਹ ਪੈਸਾ 2016 ਦੀਆਂ ਰਾਸ਼ਟਰਪਤੀ ਚੋਣਾਂ ਤੋਂ ਪਹਿਲਾਂ ਪੋਰਨ ਸਟਾਰ ਸਟੋਰਮੀ ਡੇਨੀਅਲਸ ਨੂੰ ਦਿੱਤਾ ਸੀ।
ਸਟੋਰਮੀ ਡੇਨੀਅਲਸ ਨੇ ਦਾਅਵਾ ਕੀਤਾ ਸੀ ਕਿ ਟਰੰਪ ਨੇ 2006 ਵਿੱਚ ਉਨ੍ਹਾਂ ਨਾਲ ਸਰੀਰਕ ਸਬੰਧ ਬਣਾਏ ਸਨ।
ਕਿਹਾ ਜਾ ਰਿਹਾ ਹੈ ਕਿ ਇਹ ਪੈਸਾ ਸਟੋਰਮੀ ਡੇਨੀਅਲਸ ਨੂੰ ਆਪਣਾ ਮੂੰਹ ਬੰਦ ਰੱਖਣ ਲਈ ਦਿੱਤਾ ਗਿਆ ਸੀ।
ਇਹ ਭੁਗਤਾਨ ਗੈਰ-ਕਾਨੂੰਨੀ ਨਹੀਂ ਸੀ, ਪਰ ਸਰਕਾਰੀ ਵਕੀਲਾਂ ਦਾ ਕਹਿਣਾ ਹੈ ਕਿ ਜਦੋਂ ਟਰੰਪ ਨੇ ਕੋਹੇਨ ਨੂੰ ਪੈਸੇ ਦਿੱਤੇ ਤਾਂ ਰਿਕਾਰਡ ਵਿੱਚ ਇਸ ਦਾ ਜ਼ਿਕਰ ਕਾਨੂੰਨੀ ਫੀਸ ਵਜੋਂ ਕੀਤਾ ਗਿਆ ਸੀ।
ਇਸ ਦਾ ਮਤਲਬ ਇਹ ਹੈ ਕਿ ਟਰੰਪ ਕਾਰੋਬਾਰੀ ਰਿਕਾਰਡ 'ਚ ਧੋਖਾਧੜੀ ਕਰ ਰਹੇ ਸਨ।
ਕਿਹਾ ਜਾ ਰਿਹਾ ਹੈ ਕਿ ਪਲੇਬੁਆਏ ਮਾਡਲ ਕੈਰਨ ਮੈਕਡੌਗਲ ਨੂੰ ਵੀ ਕਥਿਤ ਤੌਰ 'ਤੇ ਇਕ ਹੋਰ ਮੋਟੀ ਰਕਮ ਦਿੱਤੀ ਗਈ ਸੀ। ਉਨ੍ਹਾਂ ਨੇ ਵੀ ਇਹ ਦਾਅਵਾ ਕੀਤਾ ਸੀ ਕਿ ਟਰੰਪ ਦੇ ਉਨ੍ਹਾਂ ਨਾਲ ਸਬੰਧ ਸਨ।

ਤਸਵੀਰ ਸਰੋਤ, Reuters
6. ਹੋਰ ਸੰਭਾਵਿਤ ਇਲਜ਼ਾਮ ਕੀ ਹੋ ਸਕਦੇ ਹਨ?
ਟਰੰਪ ਦੇ ਖ਼ਿਲਾਫ਼ ਲਗਾਏ ਜਾਣ ਵਾਲੇ ਇਲਜ਼ਾਮ ਫਿਲਹਾਲ ਸੀਲਬੰਦ ਲਿਫ਼ਾਫ਼ੇ ਵਿੱਚ ਹਨ।
ਪਰ ਇਸ ਬਾਰੇ ਕਿਆਸ ਲਗਾਏ ਜਾ ਰਹੇ ਹਨ ਅਤੇ ਕਿਹਾ ਜਾ ਰਿਹਾ ਹੈ ਕਿ ਕੁਝ ਹੋਰ ਮਾਮਲਿਆਂ ਵਿੱਚ ਵੀ ਉਨ੍ਹਾਂ ਖ਼ਿਲਾਫ਼ ਇਲਜ਼ਾਮ ਲਾਏ ਜਾਣ ਦੀ ਸੰਭਾਵਨਾ ਹੈ।
ਰਾਸ਼ਟਰਪਤੀ ਚੋਣਾਂ 'ਚ ਹਾਰ ਤੋਂ ਬਾਅਦ ਟਰੰਪ ਨੇ ਆਪਣੇ ਸਮਰਥਕਾਂ ਨੂੰ 'ਫਾਈਟ ਲਾਈਕ ਹੇਲ' ਦੀ ਅਪੀਲ ਕਰਦੇ ਹੋਏ ਭਾਸ਼ਣ ਦਿੱਤਾ ਸੀ।
ਇਸ ਮਗਰੋਂ, 6 ਜਨਵਰੀ 2021 ਨੂੰ ਉਨ੍ਹਾਂ ਦੇ ਸੈਂਕੜੇ ਸਮਰਥਕ ਕੈਪੀਟਲ ਹਿੱਲ 'ਚ ਦਾਖਲ ਹੋ ਗਏ ਸਨ।
ਅਜੇ ਤੱਕ ਇਹ ਸਪਸ਼ਟ ਨਹੀਂ ਹੈ ਕਿ ਟਰੰਪ ਦੇ ਸਾਹਮਣੇ ਇਹ ਇਲਜ਼ਾਮ ਪੜ੍ਹਿਆ ਜਾਵੇਗਾ ਜਾਂ ਨਹੀਂ।
ਇੱਕ ਹੋਰ ਇਲਜ਼ਾਮ ਟਰੰਪ ਦੇ ਫਲੋਰੀਡਾ ਸਥਿਤ ਘਰ ਤੋਂ ਮਿਲੇ ਕਲਾਸੀਫਾਈਡ ਦਸਤਾਵੇਜ਼ਾਂ ਨਾਲ ਸਬੰਧਤ ਹੋ ਸਕਦਾ ਹੈ। ਇਸ 'ਚ ਜਾਂਚ 'ਚ ਰੁਕਾਵਟ ਪਾਉਣ ਨਾਲ ਜੁੜਿਆ ਇਲਜ਼ਾਮ ਵੀ ਲਗਾਇਆ ਜਾ ਸਕਦਾ ਹੈ।
ਟਰੰਪ 'ਤੇ 2020 ਵਿੱਚ ਜੋਅ ਬਾਇਡਨ ਦੀ ਜਿੱਤ ਨੂੰ ਬਦਲਣ ਲਈ ਦੱਖਣੀ ਸੂਬੇ ਜਾਰਜੀਆ ਵਿੱਚ ਅਧਿਕਾਰੀਆਂ 'ਤੇ ਦਬਾਅ ਬਣਾਉਣ ਦਾ ਵੀ ਇਲਜ਼ਾਮ ਹੈ।
ਕਿਹਾ ਜਾਂਦਾ ਹੈ ਕਿ ਟਰੰਪ ਨੇ ਉਸ ਦੌਰਾਨ ਵਿਦੇਸ਼ ਮੰਤਰੀ ਨੂੰ ਫੋਨ ਕੀਤਾ ਸੀ ਅਤੇ ਉਨ੍ਹਾਂ ਨੂੰ ਕਿਹਾ ਸੀ ਕਿ ਉਹ 'ਨਤੀਜੇ ਨੂੰ ਉਲਟਣ' ਲਈ ਲੋੜੀਂਦੀਆਂ ਵੋਟਾਂ ਦਾ 'ਪ੍ਰਬੰਧ' ਕਰਨ।
ਇਹ ਫ਼ੋਨ ਟੈਪ ਕੀਤਾ ਗਿਆ ਸੀ। ਇਸ ਮਾਮਲੇ 'ਚ ਵੀ ਉਨ੍ਹਾਂ 'ਤੇ ਇਲਜ਼ਾਮ ਲਗਾਏ ਜਾ ਸਕਦੇ ਹਨ।

ਤਸਵੀਰ ਸਰੋਤ, Getty Images
7. ਕੀ ਟਰੰਪ 2024 ’ਚ ਰਾਸ਼ਟਰਪਤੀ ਚੋਣ ਲੜ ਸਕਣਗੇ?
ਇਸ ਸਵਾਲ ਦਾ ਜਵਾਬ ਹੈ- ਹਾਂ, ਉਹ 2024 ਦੀ ਰਾਸ਼ਟਰਪਤੀ ਚੋਣ ਲੜ ਸਕਣਗੇ?
ਇਲਜ਼ਾਮ ਸਾਬਤ ਹੋਣ ਜਾਂ ਇਲਜ਼ਾਮ ਲੱਗਣ ਤੋਂ ਬਾਅਦ ਵੀ ਜੇਕਰ ਉਹ ਚਾਹੁਣ ਤਾਂ ਰਾਸ਼ਟਰਪਤੀ ਚੋਣ ਲੜ ਸਕਦੇ ਹਨ। ਅਮਰੀਕੀ ਸੰਵਿਧਾਨ ਅਨੁਸਾਰ, ਰਾਸ਼ਟਰਪਤੀ ਬਣਨ ਲਈ ਉਮੀਦਵਾਰ ਦਾ ਅਪਰਾਧਿਕ ਰਿਕਾਰਡ ਸਾਫ਼ ਭਾਵ ਬੇਦਾਗ਼ ਹੋਣਾ ਜ਼ਰੂਰੀ ਨਹੀਂ ਹੈ।
ਇਸ ਤੋਂ ਪਹਿਲਾਂ ਵੀ ਅਮਰੀਕੀ ਅਧਿਕਾਰੀਆਂ 'ਤੇ ਮਹਾਦੋਸ਼ ਚਲਾਏ ਗਏ ਹਨ ਅਤੇ ਉਹ ਵੱਡੇ-ਵੱਡੇ ਅਪਰਾਧਾਂ ਦੇ ਦੋਸ਼ੀ ਵੀ ਸਾਬਤ ਹੋਏ ਹਨ।
ਹਾਲਾਂਕਿ, ਉਸ ਤੋਂ ਬਾਅਦ ਉਨ੍ਹਾਂ ਨੂੰ ਅਜਿਹੇ ਅਹੁਦਿਆਂ 'ਤੇ ਵਾਪਸ ਨਹੀਂ ਲਿਆਂਦਾ ਗਿਆ।
ਪਰ ਅਮਰੀਕੀ ਸੀਨੇਟ ਨੇ ਟਰੰਪ ਨੂੰ ਮਹਾਦੋਸ਼ ਦੇ ਦੋ ਮਾਮਲਿਆਂ ਵਿੱਚ ਛੱਡ ਦਿੱਤਾ ਸੀ।
ਬੀਬੀਸੀ ਨਾਰਥ ਅਮਰੀਕਾ ਦੇ ਪੱਤਰਕਾਰ ਐਂਥਨੀ ਜਰਚਰ ਦਾ ਕਹਿਣਾ ਹੈ, "ਅਮਰੀਕੀ ਕਾਨੂੰਨ ਵਿੱਚ ਅਜਿਹਾ ਕੁਝ ਵੀ ਨਹੀਂ ਹੈ ਜੋ ਕਿਸੇ ਉਮੀਦਵਾਰ ਨੂੰ ਰਾਸ਼ਟਰਪਤੀ ਚੋਣ ਮੁਹਿੰਮ ਚਲਾਉਣ ਅਤੇ ਰਾਸ਼ਟਰਪਤੀ ਬਣਨ ਤੋਂ ਰੋਕ ਸਕੇ। ਇੱਥੋਂ ਤੱਕ ਕਿ ਕੋਈ ਵਿਅਕਤੀ ਜੇਲ੍ਹ ਤੋਂ ਵੀ ਇਹ ਕੰਮ ਕਰ ਸਕਦਾ ਹੈ।"












