You’re viewing a text-only version of this website that uses less data. View the main version of the website including all images and videos.
ਪੰਜਾਬ ਮੌਸਮ: ਹੜ੍ਹ ਕਿਉਂ ਬਣ ਗਏ ਵੱਡੀ ਆਫ਼ਤ ਤੇ ਮਾਹਰ ਕੀ ਦੱਸਦੇ ਹਨ ਬਚਾਅ ਦਾ ਤਰੀਕਾ
- ਲੇਖਕ, ਗਗਨਦੀਪ ਸਿੰਘ ਜੱਸੋਵਾਲ
- ਰੋਲ, ਬੀਬੀਸੀ ਪੱਤਰਕਾਰ
ਪੰਜਾਬ ਵਿੱਚ ਹੜ੍ਹਾਂ ਦੀ ਮਾਰ ਹੇਠ 11 ਜ਼ਿਲ੍ਹੇ ਆਏ ਹਨ, ਜਿਨ੍ਹਾਂ ਵਿੱਚੋਂ 5 ਜਿਲ੍ਹਿਆਂ ਵਿੱਚ ਪਾਣੀ ਨੇ ਜ਼ਿਆਦਾ ਨੁਕਸਾਨ ਕੀਤਾ ਹੈ।
ਹਾਲਾਂਕਿ, ਸੂਬਾ ਸਰਕਾਰ ਦਾ ਕਹਿਣਾ ਹੈ ਕਿ 14000 ਤੋਂ ਵੱਧ ਲੋਕਾਂ ਨੂੰ ਹੜ੍ਹ ਪ੍ਰਭਾਵਿਤ ਇਲਾਕਿਆਂ ’ਚੋਂ ਸੁਰੱਖਿਅਤ ਬਾਹਰ ਕੱਢਿਆ ਗਿਆ ਹੈ।
ਪੰਜਾਬ ਸਰਕਾਰ ਨੇ ਰਾਹਤ ਕਾਰਜਾਂ ਲਈ ਐੱਨਡੀਆਰਐੱਫ ਦੀਆਂ 14 ਟੀਮਾਂ ਅਤੇ ਐੱਸਡੀਆਰਐੱਫ ਦੀਆਂ 2 ਟੀਮਾਂ ਹੜ੍ਹ ਪ੍ਰਭਾਵਿਤ ਖੇਤਰਾਂ ਵਿੱਚ ਭੇਜੀਆਂ ਹਨ।
ਹੜ੍ਹ ਪ੍ਰਭਾਵਿਤ ਜ਼ਿਲ੍ਹਿਆਂ ਵਿੱਚ ਮੋਹਾਲੀ, ਰੂਪਨਗਰ, ਪਟਿਆਲਾ, ਜਲੰਧਰ, ਫਤਿਹਗੜ੍ਹ ਸਾਹਿਬ, ਫਿਰੋਜ਼ਪੁਰ, ਮੋਗਾ, ਕਪੂਰਥਲਾ, ਸੰਗਰੂਰ, ਤਰਨਤਾਰਨ ਅਤੇ ਸ਼ਹੀਦ ਭਗਤ ਸਿੰਘ ਨਗਰ ਸ਼ਾਮਿਲ ਹਨ।
ਜਲੰਧਰ ਤੇ ਕਪੂਰਥਲਾ ਦੇ ਕੁਝ ਪਿੰਡਾਂ ਸਮੇਤ ਰੂਪਨਗਰ, ਪਟਿਆਲਾ ਅਤੇ ਸੰਗਰੂਰ ਜ਼ਿਲ੍ਹੇ ਸਭ ਤੋਂ ਵੱਧ ਹੜ੍ਹ ਪ੍ਰਭਾਵਿਤ ਖੇਤਰਾਂ ਵਿੱਚ ਸ਼ਾਮਲ ਹਨ।
2019 ਵਿੱਚ ਵੀ ਜਲੰਧਰ ਦੇ ਗਿੱਦੜਪਿੰਡੀ ਨੇੜੇ ਸਤਲੁਜ ਦਰਿਆ ਵਿੱਚ ਪਾੜ ਪੈਣ ਕਾਰਨ ਜਲੰਧਰ ਦੀ ਸ਼ਾਹਕੋਟ ਸਬ-ਡਵੀਜ਼ਨ ਅਤੇ ਕਪੂਰਥਲਾ ਜ਼ਿਲ੍ਹੇ ਦੀ ਸਬ ਡਿਵੀਜ਼ਨ ਸੁਲਤਾਨਪੁਰ ਲੋਧੀ ਦੇ ਪਿੰਡ ਹੜ੍ਹਾਂ ਨਾਲ ਪ੍ਰਭਾਵਿਤ ਹੋਏ ਸਨ।
ਪੰਜਾਬ ਦੇ ਮਾਲ ਵਿਭਾਗ ਨੇ ਵੀ ਹੜ੍ਹਾਂ ਦੀ ਸਥਿਤੀ ਨਾਲ ਨਜਿੱਠਣ ਲਈ ਸਾਰੇ ਡਿਪਟੀ ਕਮਿਸ਼ਨਰਾਂ ਨੂੰ 33.50 ਕਰੋੜ ਰੁਪਏ ਜਾਰੀ ਕਰ ਦਿੱਤੇ ਹਨ।
ਹੜ੍ਹਾਂ ਪਿੱਛੇ ਕਾਰਨ ਕੀ ਹਨ?
ਸੇਵਾਮੁਕਤ ਆਈਏਐੱਸ ਅਧਿਕਾਰੀ ਕਾਹਨ ਸਿੰਘ ਪੰਨੂ ਸਿੰਚਾਈ ਅਤੇ ਖੇਤੀਬਾੜੀ ਵਿਭਾਗ ਦੇ ਸਕੱਤਰ ਵਜੋਂ ਸੇਵਾ ਨਿਭਾਅ ਚੁੱਕੇ ਹਨ।
ਕਾਹਨ ਸਿੰਘ ਪੰਨੂ ਦੱਸਦੇ ਕਿ ਦੇਸ਼ ਭਰ ਵਿੱਚ ਡਰੇਨੇਜ ਸਿਸਟਮ ਨੂੰ 24 ਘੰਟਿਆਂ ਵਿੱਚ 100 ਮਿਲੀਮੀਟਰ ਮੀਂਹ ਤੱਕ ਡਿਜ਼ਾਇਨ ਕੀਤਾ ਗਿਆ ਹੈ। ਪੰਜਾਬ ਵਿੱਚ ਸਾਲ ਭਰ ਵਿੱਚ ਲਗਭਗ 600 ਮਿਲੀਮੀਟਰ ਮੀਂਹ ਪੈਂਦਾ ਹੈ।
ਪੰਨੂੰ ਕਹਿੰਦੇ ਹਨ, “ਹੁਣ 24 ਘੰਟਿਆਂ ਵਿੱਚ 300 ਮਿਲੀਮੀਟਰ ਬਾਰਿਸ਼ ਹੋਈ ਹੈ ਅਤੇ ਕੋਈ ਵੀ ਨਦੀਆਂ ਜਾਂ ਨਾਲਿਆਂ ਦਾ ਸਿਸਟਮ, ਇਸ ਨਾਲ ਨਜਿੱਠ ਨਹੀਂ ਸਕੇਗਾ।”
ਸੇਵਾਮੁਕਤ ਆਈਏਐੱਸ ਅਧਿਕਾਰੀ ਕਹਿੰਦੇ ਹਨ ਕਿ ਪਿਛਲੇ ਹਫ਼ਤੇ ਤੋਂ ਪਹਾੜਾਂ ਵਿੱਚ ਬਹੁਤ ਬਾਰਿਸ਼ ਹੋ ਰਹੀ ਹੈ, ਜਿਸ ਕਾਰਨ ਸਾਡੇ ਤਿੰਨ ਡੈਮ, ਪੌਂਗ ਡੈਮ, ਰਣਜੀਤ ਸਾਗਰ ਡੈਮ ਅਤੇ ਭਾਖੜਾ ਡੈਮ ਭਰ ਗਏ ਹਨ। ਇਸ ਦੇ ਨਾਲ ਹੀ ਲੋੜ ਤੋਂ ਵੱਧ ਪਾਣੀ ਛੱਡਿਆ ਗਿਆ ਹੈ।
ਪੰਨੂੰ ਮੁਤਾਬਕ, “ਡੈਮ ਵਿੱਚ ਖ਼ਤਰੇ ਦੇ ਨੇੜੇ ਪਾਣੀ ਦਾ ਪੱਧਰ ਪਹੁੰਚਣ 'ਤੇ ਪਾਣੀ ਨੂੰ ਰੋਕਿਆ ਨਹੀਂ ਜਾ ਸਕਦਾ ਕਿਉਂਕਿ ਜੇਕਰ ਕਿਸੇ ਡੈਮ ਦਾ ਨੁਕਸਾਨ ਹੋ ਜਾਂਦਾ ਹੈ ਤਾਂ ਉਹ ਸੂਬੇ ਲਈ ਘਾਤਕ ਹੋਵੇਗਾ।”
ਉਨ੍ਹਾਂ ਅੱਗੇ ਕਿਹਾ ਕਿ ਪੰਜਾਬ ਨੇ ਪਹਿਲਾਂ 1988 ਅਤੇ 1993 ਵਿੱਚ ਹੜ੍ਹਾਂ ਦੀ ਮਾਰ ਝੱਲੀ ਸੀ ਅਤੇ ਹੁਣ 30 ਸਾਲਾਂ ਬਾਅਦ ਵੀ ਇਹੀ ਸਥਿਤੀ ਬਣੀ ਹੈ। ਹਾਲਾਂਕਿ, ਜਲੰਧਰ ਵਿੱਚ ਸਾਲ 2019 ਵਿੱਚ ਹੜ੍ਹ ਛੋਟੇ ਪੱਧਰ ’ਤੇ ਆਏ ਸਨ।
ਪੰਨੂੰ ਨੇ ਦੱਸਿਆ ਕਿ ਜਲੰਧਰ ਜ਼ਿਲ੍ਹੇ ਦੇ ਗਿੱਦੜਪਿੰਡੀ ਖੇਤਰ ਵਿੱਚ ਸਤਲੁਜ ਦਰਿਆ ਦੇ ਉੱਪਰ ਰੇਲਵੇ ਲਾਈਨ ਹੈ ਅਤੇ ਸਤਲੁਜ ਦਰਿਆ ਅਤੇ ਰੇਲਵੇ ਪੁਲ ਵਿਚਕਾਰ ਪਾੜਾ ਮਿੱਟੀ ਜਮਾਂ ਹੋਣ ਕਰਕੇ ਬਹੁਤ ਘੱਟ ਰਹਿ ਜਾਂਦਾ ਹੈ ਜੋ ਪਾਣੀ ਦੇ ਵਹਾਅ ਵਿੱਚ ਰੁਕਾਵਟ ਕਰਦਾ ਹੈ ਤੇ ਦਰਿਆ ਦੇ ਬੰਨਾਂ ਵਿੱਚ ਪਾੜ ਪੈ ਜਾਂਦੇ ਹਨ।
ਹੜ੍ਹਾਂ ਤੋਂ ਬਚਣ ਲਈ ਕੀ ਕੀਤਾ ਜਾਵੇ?
ਸੇਵਾਮੁਕਤ ਆਈਏਐੱਸ ਅਧਿਕਾਰੀ ਕਾਹਨ ਸਿੰਘ ਪੰਨੂ ਕਹਿੰਦੇ ਹਨ ਕਿ ਉੱਤਰੀ ਰੇਲਵੇ ਨੂੰ ਗਿੱਦੜਪਿੰਡੀ ਖੇਤਰ ਵਿਖੇ ਸਤਲੁਜ ਦਰਿਆ 'ਤੇ ਬਣੇ ਪੁਲ ਨੂੰ ਨਵਾਂ ਰੂਪ ਦੇਣ ਦੀ ਲੋੜ ਹੈ।
ਉਨ੍ਹਾਂ ਸੁਝਾਅ ਦਿੱਤਾ ਕਿ ਸਮੇਂ ਦੀ ਲੋੜ ਹੈ ਕਿ ਨੰਗਲ ਤੋਂ ਹੁਸੈਨੀਵਾਲਾ ਤੱਕ ਸਤਲੁਜ ਦਰਿਆ ਨੂੰ ਇੱਕ ਨੀਤੀ ਤਹਿਤ ਸਾਫ਼ ਕੀਤਾ ਜਾਵੇ ਜਦਕਿ ਬਾਕੀ ਦਰਿਆਵਾਂ ਰਾਵੀ, ਬਿਆਸ ਅਤੇ ਘੱਗਰ ਨੂੰ ਵੀ ਸਾਫ਼ ਕੀਤਾ ਜਾਵੇ।
ਉੱਤਰ-ਪੱਛਮੀ ਸੂਬਿਆਂ ਵਿੱਚ ਮੀਂਹ:
- ਭਾਰਤ ਦੇ ਉੱਤਰ-ਪੱਛਮੀ ਸੂਬਿਆਂ ਵਿੱਚ ਪਿਛਲੇ ਕਈ ਦਿਨਾਂ ਦੇ ਭਾਰੀ ਮੀਂਹ ਕਾਰਨ ਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ
- ਪੰਜਾਬ ਸਣੇ ਪਹਾੜੀ ਇਲਾਕਿਆਂ ਵਿੱਚ ਭਾਰੀ ਮੀਂਹ ਪੈਣ ਕਾਰਨ ਸੂਬੇ ਦੇ ਸਾਰੇ ਡੈਮ ਪਾਣੀ ਨਾਲ ਭਰ ਗਏ ਹਨ
- ਪੰਜਾਬ ਦੇ 11 ਜਿਲ੍ਹਿਆਂ ਵਿੱਚ ਹੜ੍ਹ ਕਾਰਨ ਜਾਨੀ ਤੇ ਮਾਲੀ ਨੁਕਸਾਨ ਹੋਇਆ ਹੈ
- ਮਾਹਰ ਦੱਸਦੇ ਹਨ ਕਿ ਪੱਛਮੀ ਗੜਬੜ, ਭਾਰੀ ਮੀਂਦ ਦਾ ਕਾਰਨ ਹੈ
- ਚੰਡੀਗੜ੍ਹ ਤੇ ਡੇਰਾਬੱਸੀ ਦੀਆਂ ਕਈ ਰਿਹਾਇਸ਼ੀ ਇਮਾਰਤਾਂ ਵਿੱਚ ਵੀ ਪਾਣੀ ਭਰ ਗਿਆ ਹੈ
- ਪੰਜਾਬ ਦੇ 5 ਜ਼ਿਲ੍ਹਿਆਂ 'ਚ ਸਕੂਲ ਕਾਲਜ ਬੰਦ, ਰਾਜਪੂਰਾ ਸਣੇ 30 ਪਿੰਡਾਂ 'ਚ ਅਲਰਟ ਤੇ ਮੁਹਾਲੀ 'ਚ ਫੌਜੀ ਮਦਦ ਦੀ ਮੰਗ
ਪੰਨੂੰ ਨੇ ਕਿਹਾ, “ਸਾਲ 1947 ਅਤੇ 1955 ਦੇ ਹੜ੍ਹਾਂ ਤੋਂ ਬਾਅਦ ਤਤਕਾਲੀ ਮੁੱਖ ਮੰਤਰੀ ਪ੍ਰਤਾਪ ਸਿੰਘ ਕੈਰੋਂ ਨੇ ਡਰੇਨੇਜ ਸਿਸਟਮ ਤਿਆਰ ਕੀਤਾ ਸੀ ਜਿਵੇਂ ਕੇ ਕਾਲਾ ਸੰਘਿਆਂ ਡਰੇਨ ਅਤੇ ਬੁੱਢਾ ਨਾਲਾ। ਸਤਲੁਜ ਦਰਿਆ ਦੇ ਬੰਨ੍ਹ 4 ਲੱਖ ਕਿਊਸਿਕ ਪਾਣੀ ਨੂੰ ਨਿਪਟਾਉਣ ਦੀ ਸਮਰੱਥਾ ਵਾਲਾ ਬਣਾਇਆ ਗਿਆ ਸੀ। ਇਸ ਗੱਲ ਦਾ ਮੁਲਾਂਕਣ ਕਰਨ ਦੀ ਲੋੜ ਹੈ ਕਿ ਸਤਲੁਜ ਦਰਿਆ ਹੁਣ 2 ਲੱਖ ਕਿਊਸਿਕ ਪਾਣੀ ਨੂੰ ਕਿਉਂ ਨਹੀਂ ਸੰਭਾਲ ਸਕਦਾ।”
ਉਨ੍ਹਾਂ ਕਿਹਾ ਕਿ ਸਾਡੇ ਡਰੇਨੇਜ ਸਿਸਟਮ ਨੂੰ ਪ੍ਰਤਾਪ ਸਿੰਘ ਕੈਰੋਂ ਦੀ ਤਰਜ਼ 'ਤੇ ਨਵੇਂ ਸਿਰਿਓਂ ਡਿਜ਼ਾਇਨ ਕਰਨ ਦੀ ਲੋੜ ਹੈ।
ਪੰਨੂੰ ਨੇ ਕਿਹਾ ਕਿ ਪੰਜਾਬ ਨੇ ਪਿਛਲੇ ਤਿੰਨ ਦਹਾਕਿਆਂ ਤੋਂ ਗੈਰ-ਯੋਜਨਾਬੱਧ ਅਤੇ ਅਨਿਯਮਿਤ ਸ਼ਹਿਰੀ ਵਿਕਾਸ ਦੇਖਿਆ ਹੈ ਜਿਸ ਨੇ ਮੋਹਾਲੀ ਅਤੇ ਪਟਿਆਲਾ ਵਿੱਚ ਵੀ ਹੜ੍ਹਾਂ ਵਾਲੀ ਸਥਿਤੀ ਪੈਦਾ ਹੋਈ ਹੈ।
ਸਟਾਫ਼ ਤੇ ਫੰਡਾਂ ਦੀ ਘਾਟ ਦਾ ਮਾਮਲਾ
ਡਰੇਨੇਜ ਵਿਭਾਗ ਦੇ ਇੱਕ ਸੀਨੀਅਰ ਅਧਿਕਾਰੀ ਨੇ ਆਪਣਾ ਨਾਂ ਗੁਪਤ ਰੱਖਣ ਦੀ ਮੰਗ ਕਰਦਿਆਂ ਦੱਸਿਆ ਕਿ ਡਰੇਨੇਜ ਵਿਭਾਗ ਵਿੱਚ ਸਟਾਫ ਦੀ ਘਾਟ ਹੈ ਜਦੋਂਕਿ ਹੜ੍ਹਾਂ ਦੀ ਪਹਿਲਾਂ ਤੋਂ ਤਿਆਰੀ ਲਈ ਉਹਨਾਂ ਕੋਲ ਲੋੜੀਂਦੇ ਫੰਡ ਨਹੀਂ ਹੁੰਦੇ ਹਨ।
ਸੋਸ਼ਲ ਮੀਡੀਆ 'ਤੇ ਬਹੁਤ ਸਾਰੇ ਲੋਕ ਇਹ ਸਵਾਲ ਉਠਾ ਰਹੇ ਹਨ ਕਿ ਹੜ੍ਹ ਦਾ ਪਾਣੀ ਰਾਜਸਥਾਨ ਨਹਿਰ ਵਿੱਚ ਕਿਉਂ ਨਹੀਂ ਛੱਡਿਆ ਗਿਆ?
ਡਰੇਨੇਜ ਵਿਭਾਗ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਉਹਨਾਂ ਤਕਨੀਕੀ ਕਾਰਨ ਹਰੀਕੇ ਵਾਟਰ ਹੈੱਡਾਂ ਤੋਂ ਸਰਹਿੰਦ ਫੀਡਰ ਜਾਂ ਰਾਜਸਥਾਨ ਫੀਡਰ ਨਹਿਰ ਵਿੱਚ ਪਾਣੀ ਨਹੀਂ ਛੱਡ ਸਕਦੇ। ਜੇਕਰ ਪਾਣੀ ਨੂੰ ਛੱਡਿਆ ਗਿਆ ਤਾਂ ਤਰਨਤਾਰਨ ਜ਼ਿਲ੍ਹੇ ਦੇ ਕਈ ਪਿੰਡ ਪਾਣੀ ਵਿੱਚ ਡੁੱਬ ਜਾਣਗੇ।
ਟਾਊਨ ਪਲਾਨਿੰਗ ਵਿਭਾਗ ਦੇ ਸੇਵਾਮੁਕਤ ਸੀਨੀਅਰ ਆਰਕੀਟੈਕਟ ਰਜਿੰਦਰ ਸਿੰਘ ਕਲਸੀ ਨੇ ਕਿਹਾ ਕਿ ਸ਼ਹਿਰਾਂ ਦੇ ਡਰੇਨੇਜ ਸਿਸਟਮ ਨੂੰ ਬਰਸਾਤ ਤੋਂ ਪਹਿਲਾਂ ਸਾਫ਼ ਕਰ ਲੈਣਾ ਚਾਹੀਦਾ ਹੈ।
ਉਹਨਾਂ ਕਿਹਾ, “ਡਰੇਨੇਜ ਸਿਸਟਮ ਪੁਰਾਣਾ ਹੈ ਅਤੇ ਇਸ ਨੂੰ ਨਵੇਂ ਸਿਰੇ ਤੋਂ ਡਿਜ਼ਾਇਨ ਕਰਨ ਦੀ ਲੋੜ ਹੈ।”
ਕਲਸੀ ਨੇ ਸ਼ਹਿਰੀ ਖੇਤਰ ਵਿੱਚ ਬਾਰਿਸ਼ ਕਾਰਨ ਹੋਏ ਨੁਕਸਾਨ ਦਾ ਮੁੱਖ ਕਾਰਨ ਸ਼ਹਿਰੀ ਖੇਤਰ ਵਿੱਚ ਅਨਿਯਮਿਤ ਬੁਨਿਆਦੀ ਢਾਂਚੇ ਨੂੰ ਵੀ ਜ਼ਿੰਮੇਵਾਰ ਠਹਿਰਾਇਆ।
ਪੰਜਾਬ ਵਿੱਚ 11 ਲੋਕਾਂ ਦੀ ਮੌਤ: ਮਾਲ ਮੰਤਰੀ
ਪੰਜਾਬ ਦੇ ਮਾਲ ਮੰਤਰੀ ਬ੍ਰਹਮ ਸ਼ੰਕਰ ਜਿੰਪਾ ਨੇ ਏਐਨਆਈ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਹੁਣ ਤੱਕ ਕੁੱਲ 11 ਲੋਕਾਂ ਦੀ ਮੌਤ ਦੀ ਖ਼ਬਰ ਹੈ ਪਰ ਇਹ ਵੱਖ-ਵੱਖ ਕਾਰਨਾਂ ਕਰਕੇ ਹੋਇਆ ਹੈ।
ਉਨ੍ਹਾਂ ਦੱਸਿਆ ਕਿ ਫਿਰੋਜ਼ਪੁਰ ਜ਼ਿਲ੍ਹੇ ਵਿੱਚ ਫੌਜ ਦੀਆਂ ਕੁੱਲ 20 ਯੂਨਿਟਾਂ ਕੰਮ ਕਰ ਰਹੀਆਂ ਹਨ। ਪੰਜਾਬ ਦੇ ਮੁੱਖ ਮੰਤਰੀ ਜਲਦੀ ਹੀ ਰਾਹਤ ਲਈ 71 ਕਰੋੜ ਜਾਰੀ ਕਰਨਗੇ।
ਉਨ੍ਹਾਂ ਅੱਗੇ ਕਿਹਾ, “ਅਸੀਂ ਉਮੀਦ ਕਰਦੇ ਹਾਂ ਕਿ ਕੇਂਦਰ ਸਰਕਾਰ ਆਪਣੀ ਭੂਮਿਕਾ ਨਿਭਾਏਗੀ ਅਤੇ ਹੋਏ ਨੁਕਸਾਨ ਦੇ ਆਧਾਰ 'ਤੇ ਰਾਹਤ ਦੇਵੇਗੀ।”
ਬਰਸਾਤ ਕਾਰਨ ਨੁਕਸਾਨ ਦਾ ਮੁਆਵਜ਼ਾ ਦਿੱਤਾ ਜਾਵੇਗਾ: ਮੁੱਖ ਮੰਤਰੀ
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸੂਬੇ ਭਰ ਵਿੱਚ ਮੀਂਹ ਕਾਰਨ ਲੋਕਾਂ ਦੇ ਹੋਏ ਨੁਕਸਾਨ ਦੇ ਹਰ ਪੈਸੇ ਦਾ ਮੁਆਵਜ਼ਾ ਦੇਣ ਲਈ ਸੂਬਾ ਸਰਕਾਰ ਦੀ ਵਚਨਬੱਧਤਾ ਨੂੰ ਦੁਹਰਾਇਆ ਹੈ।
ਇੱਕ ਬਿਆਨ ਵਿੱਚ ਮੁੱਖ ਮੰਤਰੀ ਨੇ ਕਿਹਾ ਕਿ ਉਹ ਪਲ-ਪਲ ਸਥਿਤੀ 'ਤੇ ਨਜ਼ਰ ਰੱਖ ਰਹੇ ਹਨ ਅਤੇ ਸੂਬੇ ਭਰ ਤੋਂ ਲਗਾਤਾਰ ਰਿਪੋਰਟਾਂ ਲੈ ਰਹੇ ਹਨ।
ਉਨ੍ਹਾਂ ਕਿਹਾ ਕਿ ਸੂਬੇ ਭਰ ਦੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਜ਼ਿਲ੍ਹਿਆਂ ਵਿੱਚ ਚੱਲ ਰਹੇ ਰਾਹਤ ਕਾਰਜਾਂ ਅਤੇ ਪਾਣੀ ਦੇ ਪੱਧਰ 'ਤੇ ਨਜ਼ਰ ਰੱਖੀ ਜਾ ਰਹੀ ਹੈ।
ਭਗਵੰਤ ਮਾਨ ਨੇ ਕਿਹਾ ਕਿ ਇਸ ਔਖੀ ਘੜੀ ਵਿੱਚ ਲੋਕਾਂ ਦੀ ਮਦਦ ਕਰਨਾ ਸੂਬਾ ਸਰਕਾਰ ਦਾ ਫਰਜ਼ ਹੈ ਅਤੇ ਇਸ ਕਾਰਜ ਨੂੰ ਨੇਪਰੇ ਚਾੜ੍ਹਨ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ।
ਉਨ੍ਹਾਂ ਕਿਹਾ ਕਿ ਸੂਬੇ ਦੇ ਸਭ ਤੋਂ ਵੱਧ ਪ੍ਰਭਾਵਿਤ ਖੇਤਰਾਂ ਤੱਕ ਰਾਹਤ ਪਹੁੰਚਾਉਣ ਨੂੰ ਯਕੀਨੀ ਬਣਾਉਣ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾ ਰਿਹਾ ਹੈ ਤਾਂ ਜੋ ਲੋਕਾਂ ਨੂੰ ਕਿਸੇ ਕਿਸਮ ਦੀ ਮੁਸ਼ਕਿਲ ਦਾ ਸਾਹਮਣਾ ਨਾ ਕਰਨਾ ਪਵੇ।
ਭਗਵੰਤ ਮਾਨ ਨੇ ਕਿਹਾ ਕਿ ਸੂਬੇ ਦੇ ਸਭ ਤੋਂ ਵੱਧ ਪ੍ਰਭਾਵਿਤ ਇਲਾਕਿਆਂ ਵਿੱਚ ਰਾਹਤ ਅਤੇ ਬਚਾਅ ਕਾਰਜ ਕਰਨ ਲਈ ਪਹਿਲਕਦਮੀ ਕੀਤੀ ਜਾ ਰਹੀ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਸੂਬੇ ਦੇ ਸਾਰੇ ਡੈਮ ਸੁਰੱਖਿਅਤ ਹਨ ਅਤੇ ਪਾਣੀ ਖਤਰੇ ਦੇ ਨਿਸ਼ਾਨ ਤੋਂ ਹੇਠਾਂ ਵਹਿ ਰਿਹਾ ਹੈ।
ਉਨ੍ਹਾਂ ਉਮੀਦ ਪ੍ਰਗਟਾਈ ਕਿ ਬੁੱਧਵਾਰ ਸ਼ਾਮ ਤੱਕ ਸੂਬੇ ਵਿੱਚ ਸਥਿਤੀ ਸੁਧਰ ਜਾਵੇਗੀ।
ਮੁੱਖ ਮੰਤਰੀ ਨੇ ਕਿਹਾ ਕਿ ਪਾਣੀ ਦੇ ਪੱਧਰ ਨੂੰ ਦੇਖਦੇ ਹੋਏ ਲੋਕਾਂ ਦੀ ਜਾਨ-ਮਾਲ ਦੀ ਸੁਰੱਖਿਆ ਲਈ ਪੁਖਤਾ ਮਸ਼ੀਨਰੀ ਦੇ ਪ੍ਰਬੰਧ ਕੀਤੇ ਗਏ ਹਨ।