ਮਿਸ ਯੂਨੀਵਰਸ : ਇੱਕ ਸਵਾਲ ਜਿਸ ਦੇ ਜਵਾਬ ਨੇ ਕੀਤਾ ਜਿੱਤ ਹਾਰ ਦਾ ਫ਼ੈਸਲਾ

ਅਮਰੀਕਾ ਦੀ ਆਰ'ਬੋਨੀ ਗੈਬਰੀਅਲ ਨੇ ਇਸ ਸਾਲ ਮਿਸ ਯੂਨੀਵਰਸ ਦਾ ਖਿਤਾਬ ਜਿੱਤਿਆ ਹੈ।

ਗੈਬਰੀਅਲ ਨੇ ਆਖਰੀ ਰਾਉਂਡ ਵਿੱਚ ਵੈਨੇਜ਼ੁਏਲਾ ਅਤੇ ਡੋਮਿਨਿਕਨ ਰੀਪਬਲਿਕ ਦੀਆਂ ਪ੍ਰਤੀਯੋਗੀਆਂ ਨੂੰ ਹਰਾ ਕੇ ਇਹ ਤਾਜ ਆਪਣੇ ਨਾਮ ਕੀਤਾ ਹੈ।

ਇਹ 71ਵਾਂ ਮਿਸ ਯੂਨੀਵਰਸ ਮੁਕਾਬਲਾ ਸੀ ਜੋ ਸ਼ਨੀਵਾਰ ਨੂੰ ਅਮਰੀਕਾ ਦੇ ਲੁਈਸਿਆਨਾ ਵਿੱਚ ਨਿਊ ਓਰਲੀਨਜ਼ ਸ਼ਹਿਰ ’ਚ ਰੱਖਿਆ ਗਿਆ ਸੀ।

ਇਸ ਮੁਕਾਬਲੇ ਵਿੱਚ ਲਗਭਗ 90 ਉਮੀਦਵਾਰਾਂ ਨੇ ਭਾਗ ਲਿਆ ਸੀ।

ਇਹਨਾਂ ਨੂੰ ਇੰਟਰਵਿਊ ਅਤੇ ਕਈ ਹੋਰ ਸ਼੍ਰੇਣੀਆਂ ਦੀ ਪ੍ਰਕਿਰਿਆ ਤੋਂ ਬਾਅਦ ਚੁਣਿਆ ਗਿਆ ਸੀ।

ਪਰ ਇਨ੍ਹਾਂ ਵਿੱਚੋਂ ਸਿਰਫ਼ ਤਿੰਨ ਕੁੜੀਆਂ ਹੀ ਅੰਤ ਤੱਕ ਪਹੁੰਚ ਸਕੀਆਂ ਸਨ।

ਇਨ੍ਹਾਂ 'ਚ ਅਮਰੀਕਾ ਤੋਂ ਇਲਾਵਾ ਵੈਨੇਜ਼ੁਏਲਾ ਦੀ ਅਮਾਂਡਾ ਦੂਦਾਮੇਲ ਅਤੇ ਡੋਮਿਨਿਕਨ ਰੀਪਬਲਿਕ ਦੀ ਐਂਡਰੀਨਾ ਮਾਰਟੀਨੇਜ਼ ਸ਼ਾਮਲ ਹਨ।

ਵੈਨੇਜ਼ੁਏਲਾ ਦੀ ਅਮਾਂਡਾ ਦੂਦਾਮੇਲ ਦੂਜੇ ਅਤੇ ਡੋਮਿਨਿਕਨ ਰੀਪਬਲਿਕ ਦੀ ਐਂਡਰੀਨਾ ਤਾਜੇ ਸਥਾਨ ਉਪਰ ਰਹੀਆਂ।

ਭਾਰਤ ਦੀ ਦਿਵਿਤਾ ਰਾਏ ਨੇ ਮਿਸ ਯੂਨੀਵਰਸ ਮੁਕਾਬਲੇ ਵਿੱਚ ਹਿੱਸਾ ਲਿਆ।

ਉਹ ਟੌਪ-16 ਤੱਕ ਹੀ ਪਹੁੰਚ ਸਕੀ ਸੀ।

ਮੁਕਾਬਲੇ ’ਚ ਕਿਹੜਾ ਸਵਾਲ ਪੁੱਛਿਆ ਗਿਆ ?

ਆਖਰੀ ਗੇੜ ਵਿੱਚ ਤਿੰਨੋਂ ਉਮੀਦਵਾਰਾਂ ਤੋਂ ਇੱਕੋ ਸਵਾਲ ਪੁੱਛਿਆ ਗਿਆ ਸੀ।

ਸਵਾਲ ਇਹ ਸੀ - ਜੇਕਰ ਤੁਸੀਂ ਮਿਸ ਯੂਨੀਵਰਸ ਬਣਦੇ ਹੋ ਤਾਂ ਤੁਸੀਂ ਇਸਨੂੰ ਇੱਕ ਮਜ਼ਬੂਤ ​​ਅਤੇ ਪ੍ਰਗਤੀਸ਼ੀਲ ਸੰਸਥਾ ਦਿਖਾਉਣ ਲਈ ਕਿਵੇਂ ਕੰਮ ਕਰੋਗੇ?

ਗੈਬਰੀਅਲ ਨੇ ਜਵਾਬ ਦਿੱਤਾ, “ਮੈਂ ਇਸ ਦੀ ਵਰਤੋਂ ਇੱਕ ਪਰਿਵਰਤਨਸ਼ੀਲ ਨੇਤਾ ਦੇ ਰੂਪ ਵਿੱਚ ਕਰਾਂਗੀ। ਪਿਛਲੇ 13 ਸਾਲਾਂ ਤੋਂ ਇੱਕ ਜਨੂੰਨੀ ਡਿਜ਼ਾਈਨਰ ਦੇ ਤੌਰ ’ਤੇ ਮੈਂ ਫੈਸ਼ਨ ਦੀ ਵਰਤੋਂ ਚੰਗੇ ਕੰਮ ਲਈ ਕਰਦੀ ਰਹੀ ਹਾਂ। ਮੈਂ ਰੀਸਾਈਕਲ ਕੀਤੀ ਸਮੱਗਰੀ ਤੋਂ ਕੱਪੜੇ ਬਣਾਉਂਦੀ ਹਾਂ ਤਾਂ ਜੋ ਪ੍ਰਦੂਸ਼ਣ ਨੂੰ ਘੱਟ ਕੀਤਾ ਜਾ ਸਕੇ। ਮੈਂ ਔਰਤਾਂ ਨੂੰ ਸਿਲਾਈ ਦਾ ਕੰਮ ਸਿਖਾਉਂਦੀ ਹਾਂ ਤਾਂ ਜੋ ਉਹ ਮਨੁੱਖੀ ਤਸਕਰੀ ਅਤੇ ਘਰੇਲੂ ਹਿੰਸਾ ਤੋਂ ਬਚ ਸਕਣ।”

“ਮੈਂ ਇਹ ਇਸ ਲਈ ਕਹਿ ਰਹੀ ਹਾਂ ਕਿਉਂਕਿ ਦੂਜਿਆਂ ਨੂੰ ਯਾਨੀ ਭਾਈਚਾਰੇ ਨੂੰ ਵਾਪਸ ਕੁਝ ਦੇਣਾ ਮਹੱਤਵਪੂਰਨ ਹੈ। ਫਰਕ ਲਿਆਉਣ ਲਈ ਆਪਣੇ ਹੁਨਰ ਦੀ ਵਰਤੋਂ ਕਰਨਾ ਚੰਗਾ ਹੁੰਦਾ ਹੈ।

ਸਾਡੇ ਸਾਰਿਆਂ ਵਿਚ ਕੁਝ ਨਾ ਕੁਝ ਖਾਸ ਹੁੰਦਾ ਹੈ। ਜਦੋਂ ਅਸੀਂ ਇਹ ਬੀਜ ਦੂਜਿਆਂ ਵਿਚ ਬੀਜਦੇ ਹਾਂ ਤਾਂ ਅਸੀਂ ਉਨ੍ਹਾਂ ਨੂੰ ਵੀ ਬਦਲਦੇ ਹਾਂ। ਅਸੀਂ ਇਸ ਨੂੰ ਬਦਲਾਅ ਰਾਂਹੀ ਹੀ ਵਰਤਦੇ ਹਾਂ।”

ਮਿਸ ਯੂਨੀਵਰਸ ਮੁਕਾਬਲਾ

  • ਅਮਰੀਕਾ ਦੀ ਆਰ'ਬੋਨੀ ਗੈਬਰੀਅਲ ਬਣੀ ਮਿਸ ਯੂਨੀਵਰਸ
  • ਇਸ ਮੁਕਾਬਲੇ ਵਿੱਚ ਲਗਭਗ 90 ਉਮੀਦਵਾਰਾਂ ਨੇ ਭਾਗ ਲਿਆ ਸੀ
  • ਵੈਨੇਜ਼ੁਏਲਾ ਅਤੇ ਡੋਮਿਨਿਕਨ ਰੀਪਬਲਿਕ ਦੀਆਂ ਕੁੜੀਆਂ ਦੂਜੇ ਤੇ ਤੀਜੇ ਨੰਬਰ ’ਤੇ ਰਹੀਆਂ
  • ਪਿਛਲੇ ਸਾਲ ਭਾਰਤ ਦੀ ਹਰਨਾਜ਼ ਸੰਧੂ ਨੇ ਜਿੱਤਿਆ ਸੀ ਤਾਜ

ਇਹ ਵੀ ਪੜ੍ਹੋ-

ਤਿੰਨੋਂ ਉਮੀਦਵਾਰਾਂ ਨੂੰ ਇੱਕੋ ਸਵਾਲ

ਤਿੰਨਾਂ ਉਮੀਦਵਾਰਾਂ ਨੂੰ ਇੱਕੋ ਸਵਾਲ ਪੁੱਛਿਆ ਗਿਆ ਸੀ ਅਤੇ ਤਿੰਨਾਂ ਨੇ ਵੱਖੋ-ਵੱਖਰੇ ਜਵਾਬ ਦਿੱਤੇ ਸਨ।

ਇਕ ਦੇ ਜਵਾਬ ਦੇਣ ਸਮੇਂ ਦੂਜੀ ਨੂੰ ਉਸ ਦੀ ਗੱਲ ਨਹੀਂ ਸੁਣਨ ਦੀ ਆਗਿਆ ਨਹੀਂ ਸੀ।

ਵੈਨੇਜ਼ੁਏਲਾ ਦੀ ਅਮਾਂਡਾ ਦੂਦਾਮੇਲ ਨੇ ਜਵਾਬ ਦਿੱਤਾ, "ਜੇ ਮੈਂ ਮਿਸ ਯੂਨੀਵਰਸ ਬਣਦੀ ਹਾਂ ਤਾਂ ਮੈਂ ਇਸ ਸੰਸਥਾ ਨਾਲ ਜੁੜ ਕੇ ਪੂਰੀ ਦੁਨੀਆ ਵਿੱਚ ਮਰਦ ਅਤੇ ਔਰਤਾਂ ਵੱਲੋਂ ਦਿਖਾਈ ਗਈ ਵਿਰਾਸਤ ਦੀ ਨਕਲ ਕਰਾਂਗੀ। ਕਿਉਂਕਿ ਮਿਸ ਯੂਨੀਵਰਸ ਨੇ ਦਿਖਾਇਆ ਹੈ ਕਿ ਇਹ ਉਨ੍ਹਾਂ ਔਰਤਾਂ ਨੂੰ ਚੁਣਦੇ ਹਨ ਜੋ ਆਪਣੇ ਸੰਦੇਸ਼ਾਂ ਰਾਹੀਂ ਲੋਕਾਂ ਨੂੰ ਪ੍ਰੇਰਿਤ ਕਰਦੀਆਂ ਹਨ। ਉਹ ਆਪਣੇ ਕੰਮਾਂ ਨਾਲ ਇੱਕ ਬਦਲਾਅ ਲਿਆਉਂਦੀਆਂ ਹਨ। ਮੈਂ ਵੀ ਬਿਲਕੁਲ ਇਹੋ ਕਰਨਾ ਚਾਹੁੰਦੀ ਹਾਂ।”

“ਮੈਂ ਇੱਕ ਡਿਜ਼ਾਈਨਰ ਹਾਂ ਪਰ ਇੱਕ ਔਰਤ ਹੋਣ ਦੇ ਨਾਤੇ ਮੈਂ ਸੁਪਨਿਆਂ ਦੀ ਡਿਜ਼ਾਈਨਰ ਹਾਂ।”

ਐਂਡਰੀਨਾ ਮਾਰਟੀਨੇਜ਼ ਨੇ ਕਿਹਾ, "ਮੈਂ ਸਮਝਦੀ ਹਾਂ ਕਿ ਮਿਸ ਯੂਨੀਵਰਸ ਸੰਸਥਾ ਅਜਿਹੇ ਦੂਤ ਨੂੰ ਲੱਭ ਰਹੀ ਹੈ ਜੋ ਇੱਕ ਸੰਦੇਸ਼ ਦੇਣ ਦੇ ਸਮਰੱਥ ਹੋਵੇ। ਜਿੱਥੋਂ ਤੱਕ ਮੈਨੂੰ ਯਾਦ ਹੈ, ਮੈਂ ਔਰਤਾਂ ਦੇ ਅਧਿਕਾਰਾਂ ਲਈ ਕੰਮ ਕਰ ਰਹੀ ਹਾਂ। ਇਹ ਮੇਰਾ ਰੋਜ਼ਾਨਾ ਦਾ ਕੰਮ ਹੈ। ਮੈਂ ਇੱਥੇ ਇਹ ਦਿਖਾਉਣ ਲਈ ਆਈ ਹਾਂ ਕਿ ਇਹ ਮਾਇਨੇ ਨਹੀਂ ਰੱਖਦਾ ਕਿ ਤੁਸੀਂ ਕਿੱਥੋਂ ਆਏ ਹੋ, ਤੁਹਾਡਾ ਪਿਛੋਕੜ ਤੁਹਾਨੂੰ ਪਰਿਭਾਸ਼ਿਤ ਨਹੀਂ ਕਰਦਾ ਸਗੋਂ ਇਹ ਤੁਹਾਡੀ ਹਿੰਮਤ ਅਤੇ ਦ੍ਰਿੜਤਾ ਹਨ ਜੋ ਮਾਇਨੇ ਰੱਖਦੇ ਹਨ। ਮੈਂ ਅਗਵਾਈ ਕਰਕੇ ਦ੍ਰਿੜ ਇਰਾਦੇ ਨਾਲ ਹਰ ਰੋਜ਼ ਕੰਮ ਕਰਕੇ ਇਹ ਸਾਬਿਤ ਕਰਾਂਗੀ।”

ਪਿਛਲੇ ਸਾਲ ਭਾਰਤ ਨੂੰ ਮਿਲਿਆ ਸੀ ਤਾਜ

ਇਸ ਸਾਲ ਦੀ ਮਿਸ ਯੂਨੀਵਰਸ ਨੂੰ ਪਿਛਲੇ ਸਾਲ ਦੀ ਜੇਤੂ ਹਰਨਾਜ਼ ਸੰਧੂ ਨੇ ਤਾਜ ਸਜਾਇਆ।

ਭਾਰਤ ਦੀ ਹਰਨਾਜ਼ ਸੰਧੂ ਨੇ ਸਾਲ 2021 ਵਿੱਚ ਇਹ ਮੁਕਾਬਲਾ ਜਿੱਤਿਆ ਸੀ।

ਭਾਰਤ ਨੇ ਇਹ ਤਾਜ 21 ਸਾਲ ਬਾਅਦ ਜਿੱਤਿਆ ਸੀ।

ਆਖਰੀ ਵਾਰ ਸਾਲ 2000 ਵਿੱਚ ਲਾਰਾ ਦੱਤਾ ਨੇ ਇਹ ਖਿਤਾਬ ਜਿੱਤਿਆ ਸੀ।

ਉਸ ਸਾਲ ਹਰਨਾਜ਼ ਸੰਧੂ ਦਾ ਜਨਮ ਹੋਇਆ ਸੀ।

ਸੰਧੂ ਮੁਕਾਬਲਾ ਜਿੱਤਣ ਤੋਂ ਬਾਅਦ ਪੇਟ ਦੀ ਇੱਕ ਬਿਮਾਰੀ ਨਾਲ ਪੀੜ੍ਹਤ ਹੋ ਗਏ ਸਨ।

ਉਹਨਾਂ ਦਾ ਭਾਰ ਵੱਧ ਗਿਆ ਸੀ।

ਹਰਨਾਜ਼ ਮਿਸ ਯੂਨੀਵਰਸ ਦੇ ਮੰਚ ਉਪਰ ਆਉਂਦੇ ਹੀ ਭਾਵੁਕ ਹੋ ਗਏ ਸਨ।

(ਬੀਬੀਸੀ ਪੰਜਾਬੀ ਨਾਲ FACEBOOKINSTAGRAMTWITTERਅਤੇ YouTube 'ਤੇ ਜੁੜੋ।)