ਦੋ ਭਰਾਵਾਂ ਦੀ ਆਪਣੀ ਮਾਂ ਖ਼ਿਲਾਫ਼ 'ਜੰਗ', "ਕੈਂਸਰ ਦੇ ਕੁਦਰਤੀ ਇਲਾਜ ਉੱਤੇ ਮਾਂ ਦੇ 'ਵਿਸ਼ਵਾਸ' ਕਰਕੇ ਸਾਡੀ ਭੈਣ ਦੀ ਜਾਨ ਚਲੀ ਗਈ"

ਪਾਲੋਮਾ

ਤਸਵੀਰ ਸਰੋਤ, BBC/Getty Images

ਤਸਵੀਰ ਕੈਪਸ਼ਨ, ਪਾਲੋਮਾ ਦੇ ਭਰਾਵਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਭੈਣ ਦੀ ਮੌਤ ਉਨ੍ਹਾਂ ਦੀ ਮਾਂ ਦੀਆਂ ਦਵਾਈ-ਵਿਰੋਧੀ ਧਾਰਨਾਵਾਂ ਕਰਕੇ ਹੋਈ
    • ਲੇਖਕ, ਮੈਰੀਆਨ ਸਪ੍ਰਿੰਗ
    • ਰੋਲ, ਸੋਸ਼ਲ ਮੀਡੀਆ ਇਨਵੈਸਟੀਗੇਸ਼ਨ ਕੌਰਸਪੌਂਡੈਂਟ

ਗੈਬਰੀਅਲ ਅਤੇ ਸੇਬੈਸਟੀਅਨ ਸ਼ੇਮੀਰਾਨੀ ਦੀ ਭੈਣ ਪਾਲੋਮਾ ਨੂੰ ਕੈਂਸਰ ਹੋ ਗਿਆ ਸੀ। ਡਾਕਟਰਾਂ ਨੇ ਕਿਹਾ ਕਿ ਉਹ ਕੀਮੋਥੈਰੇਪੀ ਨਾਲ ਕੈਂਸਰ ਤੋਂ ਬਚ ਸਕਦੀ ਹੈ।

ਪਰ 7 ਮਹੀਨਿਆਂ ਬਾਅਦ ਸਾਲ 2024 ਵਿੱਚ ਉਸਦੀ ਮੌਤ ਹੋ ਗਈ ਕਿਉਂਕਿ ਉਸ ਨੇ ਇਲਾਜ ਤੋਂ ਇਨਕਾਰ ਕਰ ਦਿੱਤਾ ਸੀ।

ਦੋਵੇਂ ਭਰਾ ਆਪਣੀ ਭੈਣ ਦੀ 23 ਸਾਲ ਦੀ ਉਮਰ ਵਿੱਚ ਮੌਤ ਲਈ ਉਨ੍ਹਾਂ ਦੀ ਮਾਂ ਦੀਆਂ ਦਵਾਈ ਵਿਰੋਧੀ ਸਾਜਿਸ਼ੀ ਧਾਰਨਾਵਾਂ ਨੂੰ ਕਸੂਰਵਾਰ ਮੰਨਦੇ ਹਨ।

ਕੈਂਸਰ ਡਾਕਟਰਾਂ ਨੇ ਬੀਬੀਸੀ ਨੂੰ ਦੱਸਿਆ ਕਿ ਅਜਿਹੇ ਨਜ਼ਰੀਏ ਮੁੱਖ ਧਾਰਾ ਵਿੱਚ ਆਪਣੀ ਥਾਂ ਬਣਾ ਰਹੇ ਹਨ।

ਪਾਲੋਮਾ ਦੀ ਮਾਂ ਕੇਟ ਸ਼ੇਮੀਰਾਨੀ ਨੇ ਇਲਜ਼ਾਮਾਂ ਦਾ ਸਿੱਧਾ ਜਵਾਬ ਨਹੀਂ ਦਿੱਤਾ ਹੈ ਪਰ ਉਨ੍ਹਾਂ ਵੱਲੋਂ ਜਨਤਕ ਤੌਰ ਉੱਤੇ ਬ੍ਰਿਟੇਨ ਦੀ ਨੈਸ਼ਨਲ ਹੈਲਥ ਸਰਵਿਸ ਨੂੰ ਆਪਣੀ ਧੀ ਦੀ ਮੌਤ ਦਾ ਕਸੂਰਵਾਰ ਦੱਸਿਆ ਗਿਆ ਹੈ।

ਗੈਬਰੀਅਲ ਅਤੇ ਸੇਬੈਸਟੀਅਨ ਸ਼ੇਮੀਰਾਨੀ
ਤਸਵੀਰ ਕੈਪਸ਼ਨ, ਗੈਬਰੀਅਲ ਅਤੇ ਸੇਬੈਸਟੀਅਨ ਸ਼ੇਮੀਰਾਨੀ

ਉਹ ਅਤੇ ਉਨ੍ਹਾਂ ਦੇ ਸਾਬਕਾ ਪਤੀ ਫਾਦਰ ਫਰਾਮਾਰਜ਼ ਸ਼ੇਮੀਰਾਨੀ ਨੇ ਸਾਨੂੰ ਲਿਖ ਕੇ ਭੇਜਿਆ ਕਿ ਉਨ੍ਹਾਂ ਦੇ ਕੋਲ ਸਬੂਤ ਹਨ ਕਿ "ਪਾਲੋਮਾ ਦੀ ਮੌਤ ਕਾਨੂੰਨੀ ਮਨਜ਼ੂਰੀ ਅਤੇ ਰੋਗ ਦੀ ਪਛਾਣ ਦੇ ਬਿਨਾ ਕੀਤੀ ਗਈ ਮੈਡੀਕਲ ਦਖ਼ਲਅੰਦਾਜ਼ੀ ਦੇ ਨਤੀਜੇ ਵਜੋਂ ਹੋਈ।"

ਬੀਬੀਸੀ ਕੋਲ ਇਨ੍ਹਾਂ ਦਾਅਵਿਆਂ ਦੀ ਪੁਸ਼ਟੀ ਕਰਦਾ ਕੋਈ ਸਬੂਤ ਨਹੀਂ ਹੈ।

ਦੋਵਾਂ ਭਰਾਵਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਪਾਲੋਮਾ ਦੇ ਬਾਰੇ ਇਸ ਉਮੀਦ ਨਾਲ ਮੇਰੇ ਨਾਲ ਸੰਪਰਕ ਕੀਤਾ ਤਾਂ ਜੋ ਹੋਰ ਮੌਤਾਂ ਨੂੰ ਰੋਕ ਸਕਣ।

ਉਹ ਕਹਿੰਦੇ ਹਨ ਕਿ ਉਨ੍ਹਾਂ ਦਾ ਮੰਨਣਾ ਹੈ ਕਿ ਸੋਸ਼ਲ ਮੀਡੀਆ ਕੰਪਨੀਆਂ ਨੂੰ ਗੁੰਮਰਾਹਕੁਨ ਮੈਡੀਕਲ ਜਾਣਕਾਰੀ ਬਾਰੇ ਸਖ਼ਤ ਐਕਸ਼ਨ ਲੈਣਾ ਚਾਹੀਦਾ ਹੈ।

ਬੀਬੀਸੀ ਦੇ ਸਾਹਮਣੇ ਆਇਆ ਕਿ ਅਜਿਹੀ ਸੂਚਨਾ ਕਈ ਵੱਡੀਆਂ ਸਾਈਟਾਂ ਉੱਤੇ ਐਕਟਿਵ ਤੌਰ ਉੱਤੇ ਯੂਜ਼ਰਜ਼ ਨੂੰ ਵਿਖਾਈ ਜਾਂਦੀ ਹੈ।

ਗੈਬਰੀਅਲ ਕਹਿੰਦੇ ਹਨ, "ਮੈਂ ਆਪਣੀ ਭੈਣ ਨੂੰ ਮਰਨ ਤੋਂ ਰੋਕ ਨਹੀਂ ਸਕਿਆ ਪਰ ਇਹ ਮੇਰੇ ਲਈ ਬਹੁਤ ਮਾਅਨੇ ਰੱਖਦਾ ਹੈ ਕਿ ਜੇਕਰ ਉਹ ਇਸ ਤਰੀਕੇ ਨਾਲ ਮਰਨ ਵਾਲੇ ਵੱਡੀ ਗਿਣਤੀ ਲੋਕਾਂ ਦੀ ਗਿਣਤੀ ਵਿੱਚ ਨਾ ਹੁੰਦੀ।"

ਪੈਨੋਰਮਾ ਅਤੇ ਬੀਬੀਸੀ ਰੇਡੀਓ 4 ਦੀ ਮੈਰੀਆਨ ਇੰਨ ਕੌਂਸਪੀਰੇਸੀ ਲੈਂਡ 2 ਪੌਡਕਾਸਟ ਲਈ ਮੈਂ(ਰਿਪੋਰਟਰ) ਲਿਖਿਆ ਕਿ ਕਿਵੇਂ ਕੈਂਮਬ੍ਰਿਜ ਤੋਂ ਪੜ੍ਹੀ ਨੌਜਵਾਨ ਕੁੜੀ ਨੇ ਇਲਾਜ ਤੋਂ ਨਾਹ ਕਰ ਦਿੱਤੀ।

ਸਾਡੇ ਸਾਹਮਣੇ ਇਹ ਵੀ ਆਇਆ ਕਿ ਕਿਵੇਂ ਕੇਟ ਸ਼ੇਮੀਰਾਨੀ ਜਿਹੀਆਂ ਸਾਜਿਸ਼ੀ ਸੂਚਨਾ ਫੈਲਾਉਣ ਵਾਲੀਆਂ ਸ਼ਖ਼ਸੀਅਤਾਂ ਦਵਾਈ ਵਿਰੋਧੀ ਨਜ਼ਰੀਏ ਲੋਕਾਂ ਤੱਕ ਪਹੁੰਚਾ ਰਹੀਆਂ ਹਨ ਜੋ ਕਿ ਕਈ ਲੋਕਾਂ ਨੂੰ ਖ਼ਤਰੇ ਵਿੱਚ ਪਾ ਸਕਦੇ ਹਨ।

ਕੇਟ ਸ਼ੇਮੀਰਾਨੀ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਕੇਟ ਸ਼ੇਮੀਰਾਨੀ ਵੱਲੋਂ ਆਪਣੇ ਆਪ ਨੂੰ ਸੋਸ਼ਲ ਮੀਡੀਆ ਉੱਤੇ 'ਦਿ ਨੈਚੂਰਲ ਨਰਸ' ਕਿਹਾ ਜਾਂਦਾ ਹੈ

ਰੋਇਲ ਕਾਲਜ ਆਫ ਰੇਡੀਓਲੌਜਿਸਟਸ ਦੇ ਵਾਈਸ ਪ੍ਰੈਜ਼ੀਡੈਂਟ ਓਨਕਾਲਾਜਿਸਟ ਡਾ ਟੌਮ ਰੋਕਸ ਕਹਿੰਦੇ ਹਨ ਕਿ ਰੌਬਰਟ ਐੱਫ ਕੈਨੇਡੀ ਜੂਨੀਅਰ ਜਿਹੇ ਲੋਕਾਂ ਦੇ ਕਰਕੇ ਗੁੰਮਰਾਹਕੁੰਨ ਜਾਣਕਾਰੀ ਨਾਲ ਲੜਨਾ ਮੁਸ਼ਕਲ ਹੁੰਦਾ ਜਾ ਰਿਹਾ ਹੈ।

ਅਮਰੀਕੀ ਸਰਕਾਰ ਵਿੱਚ ਹੈਲਥ ਸੈਕਰੇਟਰੀ ਰੌਬਰਟ ਵੱਲੋਂ ਅਜਿਹੇ ਵਿਚਾਰ ਪੇਸ਼ ਕੀਤੇ ਜਾ ਚੁੱਕੇ ਹਨ ਜੋ ਕਿ ਵਿਗਿਆਨ ਤੋਂ ਪ੍ਰੇਰਿਤ ਨਹੀਂ ਹਨ।

ਉਹ ਕਹਿੰਦੇ ਹਨ, "ਜਦੋਂ ਤੁਹਾਡੇ ਕੋਲ ਅਜਿਹਾ ਸ਼ਖਸ ਯੂਐੱਸ ਹੈਲਥ ਅਤੇ ਮਨੁੱਖੀ ਸੇਵਾਵਾਂ ਦੇ ਸੈਕ੍ਰੇਟਰੀ ਵਜੋਂ ਹੈ ਜੋ ਕਿ ਵੈਕਸੀਨ ਅਤੇ ਔਟਿਜ਼ਮ ਦੇ ਲਿੰਕ ਜਿਹੇ ਵਿਚਾਰ ਪ੍ਰਗਟਾਉਂਦਾ ਹੈ ਜਿਨ੍ਹਾਂ ਨੂੰ ਰੱਦ ਕੀਤਾ ਜਾ ਚੁੱਕਿਆ ਹੈ ਤਾਂ ਇਸ ਨਾਲ ਲੋਕਾਂ ਲਈ ਗਲਤ ਜਾਣਕਾਰੀ ਫੈਲਾਉਣੀ ਸੌਖੀ ਹੋ ਜਾਂਦੀ ਹੈ।"

ਯੂਐੱਸ ਹੈਲਥ ਅਤੇ ਮਨੁੱਖੀ ਸੇਵਾਵਾਂ ਦੇ ਸੈਕ੍ਰੇਟਰੀ ਬਣਨ ਤੋਂ ਬਾਅਦ ਕੈਨੇਡੀ ਨੇ ਨਹੀਂ ਕਿਹਾ ਕਿ ਉਹ ਵੈਕਸੀਨ ਦੇ ਖ਼ਿਲਾਫ਼ ਹਨ, ਉਨ੍ਹਾਂ ਕਿਹਾ ਕਿ ਉਹ ਬਸ ਹੋਰ ਸੇਫਟੀ ਟੈਸਟ ਚਾਹੁੰਦੇ ਹਨ।

ਪਾਲੋਮਾ ਦੀ ਚੈਟ

ਪਾਲੋਮਾ ਅਤੇ ਉਨ੍ਹਾਂ ਦੇ ਦੋ ਭਰਾ ਅਤੇ ਛੋਟੀ ਭੈਣ ਨਾਲ ਅੱਕਫੀਲਡ ਨਾਮ ਦੇ ਛੋਟੇ ਜਿਹੇ ਕਸਬੇ ਵਿੱਚ ਵੱਡੇ ਹੋਏ। ਭਰਾਵਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਅਜਿਹੀਆਂ ਸਾਜਿਸ਼ੀ ਧਾਰਨਾਵਾਂ ਬਾਰੇ ਘਰ ਵਿੱਚ ਹੀ ਸਿਖਾਇਆ ਜਾਂਦਾ ਸੀ।

ਉਹ ਕਹਿੰਦੇ ਹਨ ਕਿ ਉਸ ਸਕੂਲ ਜਾਂਦੇ ਸਮੇਂ ਸਾਜਿਸ਼ੀ ਧਾਰਨਾਵਾਂ ਬੁਣਨ ਨਾਲੇ ਐਲਕਸ ਜੋਨਸ ਨੂੰ ਸੁਣਦੇ ਸਨ। ਉਸਦਾ ਕਹਿਣਾ ਸੀ ਕਿ ਸੈਂਡੀ ਹੁੱਕ ਸਕੂਲ ਸ਼ੂਟਿੰਗ ਸਟੇਜਡ ਸੀ ਅਤੇ 9/11 ਇੱਕ ਅੰਦਰੂਨੀ ਸਾਜਿਸ਼ ਸੀ।

ਭਰਾਵਾਂ ਦਾ ਕਹਿਣਾ ਹੈ ਕਿ ਪਹਿਲਾਂ ਉਨ੍ਹਾਂ ਦੇ ਪਿਤਾ ਇਨ੍ਹਾਂ ਸਾਜਿਸ਼ੀ ਧਾਰਨਾਵਾਂ ਦਾ ਸ਼ਿਕਾਰ ਹੋਏ, ਜਿਸ ਮਗਰੋਂ ਉਨ੍ਹਾਂ ਦੀ ਮਾਂ ਨੇ ਇਸ ਵਿੱਚ ਦਿਲਚਸਪੀ ਲੈਣੀ ਸ਼ੁਰੀ ਕੀਤੀ।

ਇਸ ਮਗਰੋਂ ਬੱਚਿਆਂ ਨੇ ਕਈ ਵਿਚਾਰ ਗ੍ਰਹਿਣ ਕੀਤੇ ਜਿਨ੍ਹਾਂ ਵਿੱਚ ਇਹ ਵੀ ਸ਼ਾਮਲ ਸੀ ਕਿ ਸ਼ਾਹੀ ਪਰਿਵਾਰ ਦੇ ਲੋਕ ਆਕਾਰ ਬਦਲਣ ਵਾਲੀਆਂ ਕਿਰਲੀਆਂ ਹਨ।

ਗੈਬਰੀਅਲ ਕਹਿੰਦੇ ਹਨ, "ਇੱਕ ਬੱਚੇ ਵਜੋਂ ਤੁਸੀਂ ਆਪਣੇ ਮਾਪਿਆਂ ਉੱਤੇ ਯਕੀਨ ਕਰਦੇ ਹੋ, ਤੁਸੀਂ ਇਸ ਨੂੰ ਸੱਚ ਮੰਨਦੇ ਹੋ।"

ਸਬੈਸਟੀਆਨ ਦਾ ਮੰਨਣਾ ਹੈ ਕਿ ਉਨ੍ਹਾਂ ਦੀ ਮਾਂ ਵਲੋਂ ਆਪਣੇ ਵਿਚਾਰਾਂ ਨੂੰ ਉਨ੍ਹਾਂ ਨੂੰ ਕੰਟਰੋਲ ਕਰਨ ਲਈ ਵਰਤਿਆ ਗਿਆ।

ਕੇਟ ਸ਼ੇਮੀਰਾਨੀ ਨੇ ਇਹ ਫ਼ੈਸਲਾ ਲਿਆ ਕਿ ਵਾਈ-ਫਾਈ ਖ਼ਤਰਨਾਕ ਹੈ ਅਤੇ ਉਨ੍ਹਾਂ ਨੇ ਇਸ ਨੂੰ ਘਰ ਵਿੱਚ ਬੰਦ ਕਰ ਦਿੱਤਾ। ਉਹ ਕਹਿੰਦੇ ਹਨ ਕਿ ਮਾਂ ਨੇ ਇਹ ਵੀ ਨਹੀਂ ਮੰਨਿਆ ਕਿ ਉਸ ਨੇ ਆਪਣਾ ਜੀਸੀਐੱਸਈ ਕੋਰਸਵਰਕ ਪੂਰਾ ਕਰਨਾ ਹੈ। ਉਹ ਕਹਿੰਦੇ ਹਨ, "ਇਸ ਨਾਲ ਉਸ ਨੂੰ ਖੁਸ਼ੀ ਮਿਲਦੀ ਸੀ।"

ਕੇਟ ਦੇ ਬੱਚਿਆਂ ਦੇ ਮੁਤਾਬਕ ਉਨ੍ਹਾਂ(ਮਾਂ) ਦੇ ਦਵਾਈ ਵਿਰੋਧੀ ਵਿਚਾਰ 2012 ਵਿੱਚ ਵਧੇ ਜਦੋਂ ਉਨ੍ਹਾਂ ਨੂੰ ਬ੍ਰੈਸਟ ਕੈਂਸਰ ਹੋ ਗਿਆ ਸੀ।

ਹਾਲਾਂਕਿ ਉਨ੍ਹਾਂ ਨੇ ਆਪਣਾ ਟਿਊਮਰ ਸਰਜਰੀ ਨਾਲ ਕੱਢਵਾ ਲਿਆ ਸੀ। ਉਹ ਆਪਣੇ ਸਿਹਤਯਾਬੀ ਦਾ ਸਿਹਰਾ ਬਦਲਵੇਂ ਇਲਾਜਾਂ ਨੂੰ ਦਿੰਦੇ ਹਨ। ਉਹ ਆਨਲਾਈਨ ਕਹਿੰਦੇ ਹਨ ਕਿ ਉਨ੍ਹਾਂ ਨੇ ਕੈਂਸਰ ਮੁਕਤ ਹੋਣ ਲਈ ਇੱਕ ਪ੍ਰੋਗਰਾਮ ਅਤੇ ਵੱਖ-ਵੱਖ ਜੂਸ ਦੇ ਨਾਲ-ਨਾਲ ਕੌਫੀ ਏਨੇਮਾਸ(ਕੌਫੀ ਨੂੰ ਗੁਦਾ ਵਿੱਚ ਇੰਜੈਕਟ ਕਰਨਾ) ਦੀ ਵਰਤੋਂ ਕੀਤੀ।

ਉਹ 'ਕਿਉਰਡ(ਠੀਕ ਹੋਣਾ)' ਸ਼ਬਦ ਦੀ ਵਰਤੋਂ ਨਹੀਂ ਕਰਦੇ ਹਨ।

ਪਾਲੋਮਾ

ਤਸਵੀਰ ਸਰੋਤ, Ander Harris

ਤਸਵੀਰ ਕੈਪਸ਼ਨ, ਪਾਲੋਮਾ ਨੇ ਉਸ ਵੇਲੇ ਆਪਣੇ ਬੁਆਏਫਰੈਂਡ ਐਂਡਰ ਹੈਰਿਸ ਨੂੰ ਆਪਣੀ ਮਾਂ ਨਾਲ ਆਪਣੀ ਨਾਰਾਜ਼ਗੀ ਬਾਰੇ ਦੱਸਿਆ ਸੀ

ਪਾਲੋਮਾ ਦੀ ਸਕੂਲੀ ਦੋਸਤ ਚੈਂਟੇਲ ਦੱਸਦੇ ਹਨ, "ਪਾਲੋਮਾ ਆਪਣੀ ਮਾਂ ਦੇ ਠੀਕ ਹੋਣ ਬਾਰੇ ਗੱਲ ਕਰਦੀ ਸੀ ਅਤੇ ਉਹ ਮੰਨਦੇ ਸਨ ਕਿ ਸਨਸਕ੍ਰੀਨ ਨਾਲ ਕੈਂਸਰ ਹੋ ਸਕਦਾ ਹੈ, ਮੈਨੂੰ ਯਾਦ ਹੈ ਕਿ ਉਹ ਸਕੂਲ ਵਿੱਚ ਧੁੱਪ ਕਰਕੇ ਸੜ ਜਾਂਦੀ ਸੀ।"

ਜਦੋਂ ਉਨ੍ਹਾਂ ਦੇ ਮਾਪੇ ਵੱਖ ਹੋ ਗਏ ਤਾਂ ਗੈਬਰੀਅਲ ਅਤੇ ਸੈਬੇਸਟੀਅਨ ਦੇ ਆਪਣੀ ਮਾਂ ਨਾਲ ਸਬੰਧ ਚੰਗੇ ਨਾ ਰਹੇ।

ਪਰ ਪਾਲੋਮਾ ਸਾਲ 2019 ਵਿੱਤ ਕੈਂਬਰਿਜ ਵਿੱਚ ਪੜ੍ਹਨ ਜਾਣ ਤੋਂ ਬਾਅਦ ਵੀ ਆਪਣੀ ਮਾਂ ਨਾਲ ਸੰਪਰਕ ਵਿੱਚ ਰਹੀ।

ਸੈਬੇਸਟੀਅਨ ਕਹਿੰਦੇ ਹਨ, "ਪਾਲੋਮਾ ਦੀ ਸਟ੍ਰੈਟਜੀ ਸੀ ਕਿ ਉਹ ਮਿੱਠੀ ਬਣੇ ਅਤੇ ਉਹ ਪਿਆਰ ਲੈ ਸਕੇ ਜੋ ਉਸ ਨੂੰ ਪਹਿਲਾਂ ਨਹੀਂ ਸੀ ਮਿਲਿਆ।"

ਪਾਲੋਮਾ ਨੇ ਆਪਣੇ ਬੁਆਏਫਰੈਂਡ ਨਾਲ ਉਸ ਵੇਲੇ ਜੋ ਮੈਸੇਜ ਸਾਂਝੇ ਕੀਤੇ ਉਹ ਉਸ ਨੇ ਬੀਬੀਸੀ ਨਾਲ ਸਾਂਝੇ ਕੀਤੇ ਹਨ।

ਇਹ ਸੁਨੇਹੇ ਮਾਂ ਅਤੇ ਧੀ ਵਿਚਕਾਰ ਪਿਆਰ ਅਤੇ ਦੇਖਭਾਲ ਦੇ ਰਿਸ਼ਦੇ ਨੂੰ ਜ਼ਾਹਰ ਕਰਦੇ ਹਨ ਪਰ ਉੱਥੇ ਹੀ ਅਜਿਹੇ ਮੌਕੇ ਵੀ ਸਨ ਜਦੋਂ ਪਾਲੋਮਾ ਨੂੰ ਇਹ 'ਟਾਕਸਿਕ' ਲੱਗਿਆ।

ਕ੍ਰਿਸਮਸ 2022 ਵਿੱਚ ਉਸ ਨੇ ਆਪਣੇ ਬੁਆਏਫਰੈਂਡ ਐਂਡਰ ਨੂੰ ਦੱਸਿਆ ਕਿ ਕੇਟ ਵਲੋਂ ਬਾਕੀ ਬੱਚਿਆਂ ਦੇ ਕ੍ਰਿਸਮਸ ਉੱਤੇ ਨਾ ਆਉਣ ਲਈ ਉਸ ਨੂੰ ਕਸੂਰਵਾਰ ਦੱਸਿਆ ਗਿਆ।

ਉਸ ਨੇ ਲਿਖਿਆ, "ਮੈਂ ਇਸ ਤਰੀਕੇ ਦੇ ਮਾੜੇ ਵਤੀਰੇ ਤੋਂ ਬਹੁਤ ਦੁਖੀ ਹਾਂ।"

ਬੀਬੀਸੀ

ਪਾਲੋਮਾ ਨੇ ਆਪਣੇ ਇੱਕ ਮੈਸੇਜ ਵਿੱਚ ਕਿਹਾ ਕਿ ਉਨ੍ਹਾਂ ਦੀ ਮਾਂ ਕਮਰੇ ਵਿੱਚ ਆਉਂਦੀ ਅਤੇ ਮਾੜਾ ਵਿਵਹਾਰ ਕਰਦੀ ਹੈ ਤੇ ਉਸ ਨੇ ਕਿਹਾ ਕਿ ਉਸਦੀ ਮਾਂ ਵਲੋਂ ਉਸ ਨੂੰ ਮਾਰਿਆ ਵੀ ਗਿਆ।

ਇਸ ਮਗਰੋਂ ਉਸ ਨੇ ਆਪਣੀ ਮਾਂ ਨੂੰ ਜਾਣ ਵੇਲੇ ਕੀਤਾ ਮੈਸੇਜ ਵੀ ਐਂਡਰ ਨਾਲ ਸਾਂਝਾ ਕੀਤਾ, "ਇਹ ਆਖ਼ਰ ਹੈ ਤੁਸੀਂ ਹਰ ਵਾਰੀ ਮੈਨੂੰ ਦੁੱਖ ਦਿੰਦੇ ਹੋ ਮੈਂ ਹਰ ਵਾਰੀ ਤੁਹਾਨੂੰ ਆਉਣ ਦਿੰਦੀ ਹਾਂ, ਮੈਂ ਦੁਬਾਰਾ ਨਹੀਂ ਕਰਾਂਗੀ।"

ਕਈ ਵਾਰ ਅਜਿਹਾ ਲੱਗਾ ਕਿ ਯੂਨੀਵਰਸਿਟੀ ਵਿੱਚ ਪਾਲੋਮਾ ਆਪਣੀ ਮਾਂ ਦੇ ਵਿਚਾਰਾਂ ਤੋਂ ਦੂਰ ਹੋ ਰਹੀ ਸੀ। ਚੈਂਟਲ ਕਹਿੰਦੇ ਹਨ ਕਿ ਉਸ ਨੇ ਮੀਟ ਖਾਣਾ ਸ਼ੁਰੂ ਕਰ ਦਿੱਤਾ ਅਤੇ ਫਲੂਰਾਈਡ ਟੁੱਥਪੇਸਟ ਦੀ ਵਰਤੋਂ ਸ਼ੁਰੂ ਕਰ ਦਿੱਤੀ । ਪਰ ਚੈਂਟਲ ਅਤੇ ਐਂਡਰ ਕਹਿੰਦੇ ਹਨ ਕਿ ਉਸ ਨੇ ਕੋਵਿਡ-19 ਵੈਕਸੀਨ ਲੈਣ ਤੋ ਮਨ੍ਹਾ ਕਰ ਦਿੱਤਾ।

ਪਾਲੋਮਾ

'ਮਾਪਿਆਂ ਦੇ ਪ੍ਰਭਾਵ ਬਾਰੇ ਚਿੰਤਾ'

2023 ਦੇ ਅਖੀਰ ਵਿੱਚ ਗ੍ਰੈਜੂਏਟ ਹੋਣ ਤੋਂ ਥੋੜ੍ਹੀ ਦੇਰ ਬਾਅਦ ਪਲੋਮਾ ਨੂੰ ਛਾਤੀ ਵਿੱਚ ਦਰਦ ਅਤੇ ਸਾਹ ਲੈਣ ਵਿੱਚ ਤਕਲੀਫ਼ ਹੋਣ ਲੱਗੀ ਅਤੇ ਉਹ ਹਸਪਤਾਲ ਗਈ।

ਡਾਕਟਰਾਂ ਨੂੰ ਟਿਊਮਰ ਦਾ ਸ਼ੱਕ ਸੀ, ਪਰ ਐਂਡਰ ਕਹਿੰਦੇ ਹਨ ਕਿ ਉਹ ਅਤੇ ਪਾਲੋਮਾ ਪਹਿਲਾਂ ਤਾਂ ਉਮੀਦ ਕਰਦੇ ਸਨ ਕਿ ਇਹ ਘਾਤਕ ਨਹੀਂ ਹੋਵੇਗਾ।

ਪਾਲੋਮਾ ਨੇ ਇਸ ਨੂੰ ਗੰਭੀਰ ਨਹੀਂ ਸਮਝਿਆ ਟਿਊਮਰ ਦਾ ਨਾਮ "ਮਾਰੀਆ ਦ ਲੰਗ ਮਾਸ" ਰੱਖਿਆ ਗਿਆ।

ਪਰ 22 ਦਸੰਬਰ ਨੂੰ ਪਾਲੋਮਾ ਅਤੇ ਐਂਡਰ ਮੇਡਸਟੋਨ ਹਸਪਤਾਲ ਗਏ ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਨਾਨ-ਹੌਜਕਿਨ ਲਿਮਫੋਮਾ ਬਾਰੇ ਦੱਸਿਆ।

ਇਲਾਜ ਨਾ ਕੀਤੇ ਜਾਣ 'ਤੇ, ਇਸ ਕਿਸਮ ਦਾ ਕੈਂਸਰ ਘਾਤਕ ਹੋ ਸਕਦਾ ਹੈ, ਪਰ ਡਾਕਟਰਾਂ ਨੇ ਪਾਲੋਮਾ ਨੂੰ ਦੱਸਿਆ ਕਿ ਕੀਮੋਥੈਰੇਪੀ ਨਾਲ ਉਸਦੇ ਠੀਕ ਹੋਣ ਦੀ 80% ਸੰਭਾਵਨਾ ਹੈ।

ਪਾਲੋਮਾ ਨੇ ਆਪਣੀ ਮਾਂ ਨੂੰ ਇਹ ਖ਼ਬਰ ਦਿੱਤੀ। ਐਂਡਰ ਕਹਿੰਦੇ ਹਨ ਕਿ ਪਾਲੋਮਾ ਅਜੇ ਵੀ ਆਪਣੀ ਮਾਂ ਦੀ ਮਦਦ ਚਾਹੁੰਦੀ ਸੀ।

ਕੇਟ ਸ਼ੇਮੀਰਾਨੀ ਨੇ ਕਿਹਾ ਕਿ ਉਹ ਹਸਪਤਾਲ ਆਵੇਗੀ। ਬੁਆਏਫ੍ਰੈਂਡ ਨੇ ਦੱਸਿਆ ਕਿ ਹਾਲਾਂਕਿ, ਪਾਲੋਮਾ ਉਨ੍ਹਾਂ ਨੂੰ ਮਿਲਣ ਬਾਰੇ ਚਿੰਤਤ ਸੀ, ਅਤੇ ਉਸਨੇ ਆਪਣੀਆਂ ਚਿੰਤਾਵਾਂ ਬਾਰੇ ਮੈਡੀਕਲ ਸਟਾਫ ਨਾਲ ਗੱਲ ਕੀਤੀ।

ਬੀਬੀਸੀ ਵੱਲੋਂ ਦੇਖੇ ਗਏ ਸਬੂਤਾਂ ਤੋਂ ਪਤਾ ਚੱਲਦਾ ਹੈ ਕਿ ਪਲੋਮਾ ਦੀ ਸੋਚ ਉਸਦੀ ਮਾਂ ਦੁਆਰਾ ਪ੍ਰਭਾਵਿਤ ਹੋ ਸਕਦੀ ਹੈ ਜਦੋਂ ਉਹ ਦੋ ਦਿਨਾਂ ਲਈ ਮੇਡਸਟੋਨ ਹਸਪਤਾਲ ਵਿੱਚ ਦਾਖਲ ਸੀ।

ਕੇਟ ਸ਼ੇਮੀਰਾਨੀ ਨੇ ਐਂਡਰ ਨੂੰ ਸੁਨੇਹਾ ਭੇਜ ਕੇ ਕਿਹਾ, "ਪਾਲੋਮਾ ਨੂੰ ਦੱਸੋ ਕਿ ਉਹ ਕੀਮੋ ਜਾਂ ਕਿਸੇ ਵੀ ਇਲਾਜ ਲਈ ਲਿਖਤੀ [ਜਾਂ] ਜ਼ੁਬਾਨੀ ਸਹਿਮਤੀ ਨਾ ਦੇਣ।"

ਐਂਡਰ ਅਤੇ ਉਨ੍ਹਾਂ ਦੀ ਆਪਣੀ ਮਾਂ ਨੇ ਹਸਪਤਾਲ ਦੇ ਸਟਾਫ ਨਾਲ ਕੇਟ ਸ਼ੇਮੀਰਾਨੀ ਦੇ ਵਿਸ਼ਵਾਸਾਂ ਅਤੇ ਪਾਲੋਮਾ ਨਾਲ ਉਸਦੇ ਰਿਸ਼ਤੇ ਬਾਰੇ ਫ਼ਿਕਰਾਂ ਜ਼ਾਹਰ ਕੀਤੀਆਂ।

ਮੈਡੀਕਲ ਸਟਾਫ ਨੇ ਆਪਸ ਵਿੱਚ ਪਾਲੋਮਾ ਬਾਰੇ ਸੁਰੱਖਿਆ ਸੰਬੰਧੀ ਚਿੰਤਾਵਾਂ 'ਤੇ ਚਰਚਾ ਕੀਤੀ ਅਤੇ ਲਿਖਿਆ ਕਿ ਉਨ੍ਹਾਂ ਨੂੰ ਉਸ 'ਤੇ "ਮਾਪਿਆਂ ਦੇ ਪ੍ਰਭਾਵ ਬਾਰੇ ਚਿੰਤਾ" ਸੀ।

ਪਰ ਉਨ੍ਹਾਂ ਨੇ ਇਹ ਵੀ ਸੋਚਿਆ ਕਿ ਉਸ ਕੋਲ ਆਪਣੇ ਫ਼ੈਸਲੇ ਆਪ ਲੈਣ ਦੀ ਸਮਰੱਥਾ ਹੈ।

ਕੈਂਸਰ

ਸਲਾਹ ਲੈਣ ਲਈ ਪਾਲੋਮਾ ਨੇ ਕੇਟ ਸ਼ੇਮੀਰਾਨੀ ਦੇ ਇੱਕ ਸਾਬਕਾ ਸਾਥੀ ਪੈਟ੍ਰਿਕ ਵਿਕਰਸ ਨਾਲ ਸੰਪਰਕ ਕੀਤਾ। ਐਂਡਰ ਕਹਿੰਦੇ ਹਨ ਕਿ ਪਾਲੋਮਾ ਦਾ ਉਸ ਨਾਲ ਚੰਗਾ ਰਿਸ਼ਤਾ ਸੀ। ਉਹ ਇਲਾਜ ਦੇ ਬਦਲਵੇਂ ਤਰੀਕਿਆਂ ਦਾ ਮਾਹਰ ਸੀ।

ਜਦੋਂ ਪਾਲੋਮਾ ਨੇ ਉਸਨੂੰ ਡਾਕਟਰਾਂ ਵਲੋਂ ਕੀਮੋਥੈਰੇਪੀ ਨਾਲ ਮਿਲਣ ਵਾਲੇ 80% ਇਲਾਜ ਦੀ ਸੰਭਾਵਨ ਬਾਰੇ ਪੁੱਛਿਆ ਤਾਂ ਪੈਟਇਕ ਨੇ ਕਿਹਾ ਕਿ ਇਹ ਵਧਾਅ ਚੜ੍ਹਾਅ ਕੇ ਦੱਸਿਆ ਜਾ ਰਿਹਾ ਹੈ।

ਪੈਟ੍ਰਿਕ ਨੇ ਪਾਲੋਮਾ ਨੂੰ ਕਿਹਾ ਕਿ ਉਹ ਗਰਸਨ ਥੈਰੇਪੀ ਸ਼ੁਰੂ ਕਰਨ ਅਤੇ ਛੇ ਹਫ਼ਤਿਆਂ ਬਾਅਦ ਉਸਦੇ ਲੱਛਣਾਂ ਵਿੱਚ ਸੁਧਾਰ ਨਾ ਹੋਣ 'ਤੇ ਕੀਮੋਥੈਰੇਪੀ ਬਾਰੇ ਸੋਚਣ।

ਪੈਟ੍ਰਿਕ ਨੇ ਸਾਨੂੰ ਦੱਸਿਆ ਕਿ ਕੋਈ ਵੀ "ਇਹ ਦਾਅਵਾ ਕਿ ਮੈਂ ਉਸਦੀ (ਪਾਲੋਮਾ ਦੀ) ਮੌਤ ਵਿੱਚ ਭੂਮਿਕਾ ਨਿਭਾਈ ਹੈ, ਕਾਨੂੰਨੀ ਤੌਰ 'ਤੇ ਗਲਤ ਹੈ"।

ਪੈਟ੍ਰਿਕ ਨੇ ਗਰਸਨ ਥੈਰੇਪੀ ਦੇ ਸਮਰਥਨ ਵਿੱਚ ਬੀਬੀਸੀ ਨਾਲ ਦਸਤਾਵੇਜ਼ ਵੀ ਸਾਂਝੇ ਕੀਤੇ।

ਗਰਸਨ ਥੈਰੇਪੀ ਵਿੱਚ ਜੂਸ, ਸਪਲੀਮੈਂਟ ਅਤੇ ਕੌਫੀ ਐਨੀਮਾ ਦੇ ਨਾਲ ਇੱਕ ਸਖ਼ਤ ਪੌਦਿਆਂ-ਅਧਾਰਤ ਖੁਰਾਕ ਸ਼ਾਮਲ ਹੈ। ਕੁਝ ਲੋਕ ਦਾਅਵਾ ਕਰਦੇ ਹਨ ਇਸਦੀ ਵਰਤੋਂ ਕਈ ਤਰ੍ਹਾਂ ਦੇ ਕੈਂਸਰਾਂ ਦੇ ਇਲਾਜ ਲਈ ਕੀਤੀ ਜਾ ਸਕਦੀ ਹੈ। ਪਰ ਇਸ ਬਾਰੇ ਕੋਈ ਵਿਗਿਆਨਕ ਸਬੂਤ ਨਹੀਂ ਹਨ।

ਪਾਲੋਮਾ ਸਮਝਦਾਰ

ਤਸਵੀਰ ਸਰੋਤ, Gabriel & Sebastian Shemirani

ਤਸਵੀਰ ਕੈਪਸ਼ਨ, ਐਂਡਰ ਕਹਿੰਦੇ ਹਨ ਪਾਲੋਮਾ ਸਮਝਦਾਰ ਇਨਸਾਨਾਂ ਵਿੱਚੋਂ ਇੱਕ ਸਨ

ਐਂਡਰ ਦੱਸਦੇ ਹਨ ਪਾਲੋਮਾ ਕੀਮੋਥੈਰੇਪੀ ਦੇ ਮਾੜੇ ਪ੍ਰਭਾਵਾਂ ਬਾਰੇ ਚਿੰਤਤ ਸੀ। ਜਦੋਂ ਉਸ ਨੂੰ ਬਿਮਾਰੀ ਦਾ ਪਤਾ ਲੱਗਿਆ ਤਾਂ ਨਰਸਿੰਗ ਸਟਾਫ ਨੇ ਪਾਲੋਮਾ ਨਾਲ ਐੱਗ-ਫ੍ਰੀਜ਼ਿੰਗ ਅਤੇ ਵਿੱਗ ਬਾਰੇ ਗੱਲ ਕੀਤੀ।

ਪਰ ਚੈਰਿਟੀ ਕੈਂਸਰ ਰਿਸਰਚ ਯੂਕੇ ਦਾ ਕਹਿਣਾ ਹੈ ਕਿ ਗਰਸਨ ਥੈਰੇਪੀ ਦੇ ਗੰਭੀਰ ਮਾੜੇ ਪ੍ਰਭਾਵ ਵੀ ਹੋ ਸਕਦੇ ਹਨ, ਜਿਸ ਵਿੱਚ ਡੀਹਾਈਡਰੇਸ਼ਨ, ਅੰਤੜੀਆਂ ਦੀ ਸੋਜ, ਅਤੇ ਦਿਲ ਅਤੇ ਫੇਫੜਿਆਂ ਦੀਆਂ ਦੱਸਦੇ ਹਨ।

ਐਂਡਰ ਦੱਸਦੇ ਹਨ ਕਿ ਹਸਪਤਾਲ ਵਿੱਚ ਦੋ ਦਿਨਾਂ ਦੌਰਾਨ ਪਾਲੋਮਾ ਨੇ ਫਿਲਹਾਲ ਕੀਮੋਥੈਰੇਪੀ ਨਾ ਕਰਵਾਉਣ ਅਤੇ ਗਰਸਨ ਥੈਰੇਪੀ ਦੀ ਕੋਸ਼ਿਸ਼ ਕਰਨ ਦਾ ਫ਼ੈਸਲਾ ਕੀਤਾ।

ਕੇਟ ਸ਼ੇਮੀਰਾਨੀ ਨੇ 23 ਦਸੰਬਰ ਨੂੰ ਐਂਡਰ ਨੂੰ ਇੱਕ ਵੌਇਸ ਨੋਟ ਭੇਜਿਆ ਜਿਸ ਵਿੱਚ ਉਸਨੂੰ ਪਾਲੋਮਾ ਨੂੰ ਉਸਦੇ ਘਰ ਲਿਜਾਣ ਲਈ ਕਿਹਾ

ਕੇਟ ਨੇ ਕਿਹਾ ਕਿ ਪਾਲੋਮਾ ਲਈ ਡਾਕਟਰਾਂ ਦਾ ਪ੍ਰਬੰਧ ਕੀਤਾ ਹੈ। ਇਹ ਵੀ ਸੁਝਾਅ ਦਿੱਤਾ ਕਿ ਪਾਲੋਮਾ ਦਾ ਇੱਕ ਦੋਸਤ ਨਾਲ ਸਮਾਂ ਕ੍ਰਿਸਮਸ ਵਾਲੇ ਦਿਨ ਸੀਮਤ ਹੋਣਾ ਚਾਹੀਦਾ ਹੈ - ਅਤੇ ਸੁਨੇਹੇ ਵਿੱਚ ਕਿਹਾ ਕਿ ਉਹ "ਉਸਨੂੰ ਅੱਧੇ ਘੰਟੇ ਲਈ ਮਿਲ ਸਕਦੇ ਨੇ ਜਾਂ ਫੇਸਟਾਈਮ ਕਰ ਸਕਦੇ ਹਨ"।

ਐਂਡਰ ਦੱਸਦੇ ਹਨ ਕਿ ਉਨ੍ਹਾਂ ਨੂੰ ਲੱਗਦਾ ਸੀ ਕਿ ਉਹ ਬਹਿਸ ਨਹੀਂ ਕਰ ਸਕਦਾ।

ਉਹ ਕਹਿੰਦੇ ਹਨ ਪਾਲੋਮਾ "ਲੜਾਈ ਜਾਂ ਭੱਜਣ ਦੀ ਸਥਿਤੀ ਵਿੱਚ ਸੀ ਅਤੇ ਅਸਲ ਵਿੱਚ ਸਿਰਫ਼ ਇਹ ਚਾਹੁੰਦੀ ਸੀ ਕਿ ਉਸਦਾ ਧਿਆਨ ਰੱਖਿਆ ਜਾਵੇ ਅਤੇ ਉਸਨੂੰ ਔਖੇ ਫੈਸਲੇ ਨਾ ਲੈਣੇ ਪੈਣ।"

ਕੋਵਿਡ ਦੌਰਾਨ ਕੇਟ ਨੂੰ ਕਾਫੀ ਪ੍ਰਚਾਰ ਮਿਲਿਆ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਕੋਵਿਡ ਦੌਰਾਨ ਕੇਟ ਨੂੰ ਕਾਫੀ ਪ੍ਰਚਾਰ ਮਿਲਿਆ

ਗਲਤ ਜਾਣਕਾਰੀ ਦਾ ਪ੍ਰਚਾਰ

1980 ਦੇ ਦਹਾਕੇ ਐੱਨਐੱਚਐੱਸ ਵਿੱਚ ਨਰਸ ਰਹੇ ਕੇਟ ਵੱਲੋਂ ਸੋਸ਼ਲ ਮੀਡੀਆ 'ਤੇ ਆਪਣੇ ਆਪ ਨੂੰ "ਦਿ ਨੈਚੁਰਲ ਨਰਸ" ਕਿਹਾ ਜਾਂਦਾ ਹੈ।

ਆਪਣੀ ਵੈੱਬਸਾਈਟ 'ਤੇ, ਉਹ ਖੁਰਮਾਨੀ ਦੇ ਦਾਣੇ ਉਨ੍ਹਾਂ ਦੇ " ਸਿਹਤ ਲਾਭਾਂ" ਦੇ ਨਾਲ-ਨਾਲ ਨੈਚੂਰਲ ਸਪਲੀਮੈਂਟ ਵੇਚਦੇ ਹਨ ਅਤੇ ਜਾਣਕਾਰੀ ਅਤੇ ਸਲਾਹ ਦਿੰਦੇ ਹਨ।

ਉਹ ਆਪਣੀ ਸਾਈਟ ਦੀ ਸਾਲਾਨਾ ਮੈਂਬਰਸ਼ਿਪ ਲਈ ਲਗਭਗ £70 ਲੈਂਦੇ ਹਨ, ਅਤੇ ਮਰੀਜ਼ਾਂ ਤੋਂ ਸਲਾਹ-ਮਸ਼ਵਰੇ ਅਤੇ ਵਿਅਕਤੀਗਤ 12-ਹਫ਼ਤੇ ਦੇ ਪ੍ਰੋਗਰਾਮ ਲਈ £195 ਲਏ ਜਾਂਦੇ ਹਨ।

ਸੋਸ਼ਲ ਮੀਡੀਆ 'ਤੇ ਉਹ ਆਪਣੇ ਉਤਪਾਦਾਂ ਦਾ ਪ੍ਰਚਾਰ ਕਰਨ ਵਾਲੇ ਵੀਡੀਓ ਪੋਸਟ ਕਰਦੀ ਹੈ ਅਤੇ ਕਈ ਵਾਰ "ਅਣਜਾਣ ਲੋਕਾਂ" ਦੀ ਕੀਮੋਥੈਰੇਪੀ ਨਾਲ ਕੈਂਸਰ ਦਾ ਇਲਾਜ ਕਰਨ ਦੀ ਨੰਦਾ ਕਰਦੀ ਹੈ।

ਜਦੋਂ 2020 ਵਿੱਚ ਕੋਵਿਡ ਮਹਾਂਮਾਰੀ ਆਈ, ਤਾਂ ਕੇਟ ਸ਼ੇਮੀਰਾਨੀ ਉਨ੍ਹਾਂ ਸਾਜਿਸ਼ੀ ਧਾਰਨਾਵਾਂ ਦੇ ਪ੍ਰਚਾਰਕਾਂ ਵਿੱਚੋਂ ਇੱਕ ਸਨ ਜੋ ਵੱਡੀ ਗਿਣਤੀ ਲੋਕਾਂ ਤੱਕ ਪਹੁੰਚੇ।

ਕੇਟ ਸ਼ੇਮੀਰਾਨੀ

ਉਨ੍ਹਾਂ ਨੇ ਇਨ੍ਹਾਂ ਝੂਠੇ ਵਿਚਾਰਾਂ ਨੂੰ ਅੱਗੇ ਵਧਾਇਆ ਕਿ ਮਹਾਂਮਾਰੀ ਇੱਕ ਧੋਖਾ ਸੀ, ਕਿ ਟੀਕੇ ਬਹੁਤ ਸਾਰੇ ਲੋਕਾਂ ਨੂੰ ਮਾਰਨ ਦੀ ਯੋਜਨਾ ਦਾ ਹਿੱਸਾ ਸਨ, ਅਤੇ ਡਾਕਟਰਾਂ ਅਤੇ ਨਰਸਾਂ ਨੂੰ ਇਸ ਸਭ ਵਿੱਚ ਉਨ੍ਹਾਂ ਦੀ ਭੂਮਿਕਾ ਲਈ ਸਜ਼ਾ ਦਿੱਤੀ ਜਾਣੀ ਚਾਹੀਦੀ ਹੈ।

2021 ਵਿੱਚ, ਇੱਕ ਨਰਸਿੰਗ ਅਤੇ ਮਿਡਵਾਈਫਰੀ ਕੌਂਸਲ ਪੈਨਲ ਨੇ ਫੈਸਲਾ ਕੀਤਾ ਕਿ ਕੇਟ ਸ਼ੇਮੀਰਾਨੀ ਨੂੰ ਮਹਾਂਮਾਰੀ ਬਾਰੇ ਗਲਤ ਜਾਣਕਾਰੀ ਨੂੰ ਉਤਸ਼ਾਹਿਤ ਕਰਨ ਲਈ ਇੱਕ ਨਰਸ ਦੇ ਅਹੁਦੇ ਤੋਂ ਹਟਾ ਦਿੱਤਾ ਜਾਣਾ ਚਾਹੀਦਾ ਹੈ।

ਕਈ ਸੋਸ਼ਲ ਮੀਡੀਆ ਕੰਪਨੀਆਂ ਨੇ ਗਲਤ ਜਾਣਕਾਰੀ ਨੂੰ ਉਤਸ਼ਾਹਿਤ ਕਰਨ ਲਈ ਉਸਦੇ ਪ੍ਰੋਫਾਈਲਾਂ ਨੂੰ ਵੀ ਮੁਅੱਤਲ ਕਰ ਦਿੱਤਾ। ਸੇਬੇਸਟੀਅਨ ਕਹਿੰਦਾ ਹੈ, "ਉਹ ਗੁੰਮਨਾਮੀ ਵਿੱਚ ਚਲੀ ਗਈ।"

ਪਰ ਜਦੋਂ ਈਲੋਨ ਮਸਕ ਨੇ 2022 ਵਿੱਚ ਐਕਸ ਨੂੰ ਖਰੀਦ ਲਿਆ, ਤਾਂ ਬਹੁਤ ਸਾਰੇ ਸਾਜ਼ਿਸ਼ ਸਿਧਾਂਤ ਖਾਤੇ ਮੁੜ ਐਕਟਿਵ ਹੋ ਗਏ, ਜਿਨ੍ਹਾਂ ਵਿੱਚ ਕੇਟ ਸ਼ੇਮੀਰਾਨੀ ਵੀ ਸ਼ਾਮਲ ਸਨ।

ਉਹ ਫੇਸਬੁੱਕ ਉੱਤੇ ਵਾਪਸ ਆਏ ਅਤੇ ਟਿਕ-ਟੌਕ ਉੱਤੇ ਵੀ।

ਉਸ ਦੇ ਦਰਸ਼ਕ ਫਿਰ ਤੋਂ ਵਧੇ ਹਨ - ਪਿਛਲੇ ਛੇ ਮਹੀਨਿਆਂ ਵਿੱਚ ਉਸਦੀ ਸਮੱਗਰੀ ਨੂੰ ਮੁੱਖ ਸੋਸ਼ਲ ਮੀਡੀਆ ਸਾਈਟਾਂ 'ਤੇ ਸਾਢੇ ਚਾਰ ਮਿਲੀਅਨ ਤੋਂ ਵੱਧ ਵਾਰ ਦੇਖਿਆ ਗਿਆ ਹੈ।

ਮੈਨੂੰ ਐਕਸ 'ਤੇ ਦਰਜਨਾਂ ਟਿੱਪਣੀਆਂ ਮਿਲੀਆਂ ਹਨ ਜਿੱਥੇ ਉਹ ਲੋਕਾਂ ਨੂੰ ਸੰਪਰਕ ਕਰਨ ਲਈ ਉਤਸ਼ਾਹਿਤ ਕਰਦੀ ਹੈ, ਜਿਨ੍ਹਾਂ ਵਿੱਚ ਕੈਂਸਰ ਵਾਲੇ ਲੋਕ ਵੀ ਸ਼ਾਮਲ ਹਨ।

ਟਿਕਟੌਕ ਦਾ ਕਹਿਣਾ ਹੈ ਕਿ ਉਸਨੇ ਹੁਣ ਡਾਕਟਰੀ ਗਲਤ ਜਾਣਕਾਰੀ ਨੀਤੀਆਂ ਦੀ ਉਲੰਘਣਾ ਕਰਨ ਲਈ ਕੇਟ ਸ਼ੇਮੀਰਾਨੀ ਦੇ ਖਾਤੇ ਨੂੰ ਬੈਨ ਕਰ ਦਿੱਤਾ ਹੈ। ਮੈਟਾ ਦੇ ਮੁਤਾਬਕ ਇੰਸਟਾਗ੍ਰਾਮ ਅਤੇ ਫੇਸਬੁੱਕ ਨੁਕਸਾਨਦੇਹ ਡਾਕਟਰੀ ਗਲਤ ਜਾਣਕਾਰੀ ਦੀ ਆਗਿਆ ਨਹੀਂ ਦਿੰਦੇ ਹਨ। ਐਕਸ ਨੇ ਕੋਈ ਜਵਾਬ ਨਹੀਂ ਦਿੱਤਾ।

ਲਾਈਫ ਸਪੋਰਟ ਬੰਦ ਕਰ ਦਿੱਤਾ ਗਿਆ

ਪਾਲੋਮਾ ਗਰਸਨ ਥੈਰੇਪੀ 'ਤੇ ਚੱਲਦੀ ਰਹੀ। ਉਸਦੀਆਂ ਕੁਝ ਸਹੇਲੀਆਂ ਨੇ ਦੇਖਿਆ ਕਿ ਉਹ ਕਿਵੇਂ ਹੋਰ ਵੀ ਬਿਮਾਰ ਹੁੰਦੀ ਗਈ।

ਇੱਕ ਵੀਡੀਓ ਕਾਲ 'ਤੇ,ਚੈਂਟੇਲ ਕਹਿੰਦੀ ਹੈ, ਪਲੋਮਾ ਨੇ ਕਿਹਾ ਕਿ ਉਸ ਦੀ ਕੱਛ ਵਿੱਚ ਇੱਕ ਨਵੀਂ ਗੰਢ ਹੈ, ਅਤੇ ਉਸਦੀ ਮਾਂ ਨੇ ਉਸਨੂੰ ਦੱਸਿਆ ਸੀ ਕਿ ਇਸਦਾ ਮਤਲਬ ਹੈ ਕਿ ਕੈਂਸਰ ਉਸਦੇ ਸਰੀਰ ਵਿੱਚੋਂ ਬਾਹਰ ਨਿਕਲ ਰਿਹਾ ਹੈ।

ਉਹ ਕਹਿੰਦੇ ਹਨ, "ਮੈਨੂੰ ਪਤਾ ਸੀ ਕਿ ਉਹ ਸੱਚਮੁੱਚ ਸੰਘਰਸ਼ ਕਰ ਰਹੀ ਸੀ" ਅਤੇ ਅੱਗੇ ਕਿਹਾ ਕਿ ਪਲੋਮਾ ਨੇ ਉਸ ਨੂੰ ਦੱਸਿਆ ਕਿ ਉਸਨੇ ਆਪਣੇ ਸਰੀਰਕ ਕਾਰਜਾਂ 'ਤੇ ਕੰਟਰੋਲ ਗੁਆ ਦਿੱਤਾ ਹੈ।

ਪਰ ਉਹ ਕਹਿੰਦੇ ਹਨ ਕਿ ਪਾਲੋਮਾ ਨੇ ਇਹ ਵੀ ਕਿਹਾ ਕਿ ਉਸ 'ਤੇ ਡਾਕਟਰਾਂ ਅਤੇ ਦੋਸਤਾਂ ਵਲੋਂ ਦਬਾਅ ਮਹਿਸੂਸ ਕੀਤਾ ਗਿਆ ਕਿ ਉਹ ਆਪਣੇ ਆਪ ਬਦਲਵੇਂ ਇਲਾਜਾਂ ਨੂੰ ਅਪਣਾਉਣ ਦੇ ਆਪਣੇ ਫੈਸਲੇ 'ਤੇ ਮੁੜ ਵਿਚਾਰ ਕਰੇ।

ਚੈਂਟੇਲ ਕਹਿੰਦੀ ਹੈ ਕਿ ਉਹ ਬਦਲਵੇਂ ਇਲਾਜ ਨਾਲ ਵੀ ਸਹਿਮਤ ਨਹੀਂ ਸੀ, ਪਰ ਆਪਣੀ ਸਹੇਲੀ ਲਈ ਉੱਥੇ ਰਹਿਣਾ ਚਾਹੁੰਦੀ ਸੀ।

ਪਾਲੋਮਾ ਨੇ ਹੋਰ ਲੋਕਾਂ ਦਾ ਜ਼ਿਕਰ ਕੀਤਾ ਸੀ ਜੋ ਆਪਣਾ ਮਨ ਬਦਲਣ ਦੀ ਕੋਸ਼ਿਸ਼ ਕਰ ਰਹੇ ਸਨ ਅਤੇ "ਉਨ੍ਹਾਂ ਨੂੰ ਕੱਟਣ" ਬਾਰੇ ਚਰਚਾ ਕੀਤੀ ਸੀ। ਚੈਂਟੇਲ ਅੱਗੇ ਕਹਿੰਦੇ ਹਨ, "ਮੈਂ ਸੋਚਿਆ ਸੀ ਕਿ ਮੈਂ ਕੱਟਿਆ ਨਹੀਂ ਜਾਣਾ ਚਾਹੁੰਦੀ, ਖਾਸ ਕਰਕੇ ਜਦੋਂ ਉਹ ਇਸ ਤਰ੍ਹਾਂ ਸੰਘਰਸ਼ ਕਰ ਰਹੀ ਹੋਵੇ।"

ਚੈਂਟੇਲ ਦੱਸਦੇ ਹਨ ਕਿ ਉਨ੍ਹਾਂ ਨੇ ਫ਼ੋਨ 'ਤੇ ਗੱਲ ਕਰਨ ਦੇ ਮਹੀਨਿਆਂ ਦੌਰਾਨ ਦੇਖਿਆ ਕਿ ਕੇਟ ਸ਼ੇਮੀਰਾਨੀ "ਪਲੋਮਾ ਦੀ ਬਹੁਤ ਚੰਗੀ ਦੇਖਭਾਲ ਕਰ ਰਹੀ ਸੀ," ਪਰ ਉਨ੍ਹਾਂ ਨੂੰ ਨਹੀਂ ਲੱਗਦਾ ਕਿ ਪਲੋਮਾ ਆਪਣੀ ਮਾਂ ਤੋਂ ਬਿਨਾਂ ਇਹੀ ਫ਼ੈਸਲੇ ਲੈਂਦੀ।

ਚੈਂਟੇਲ ਕਹਿੰਦੇ ਹਨ, "ਮੈਨੂੰ ਨਹੀਂ ਲੱਗਦਾ ਕਿ ਉਸਦੀ ਵਿਚਾਰਧਾਰਾ ਇੰਨੀ ਮਜ਼ਬੂਤ ਸੀ ਕਿ ਉਹ ਫੈਸਲੇ ਲੈ ਸਕੇ, ਇਹ ਮੇਰਾ ਨਿੱਜੀ ਵਿਸ਼ਵਾਸ ਹੈ। ਇਨ੍ਹਾਂ ਚੀਜ਼ਾਂ ਬਾਰੇ ਲੋਕਾਂ ਦੇ ਵੱਖੋ-ਵੱਖਰੇ ਵਿਚਾਰ ਹਨ, ਪਰ ਮੈਨੂੰ ਲੱਗਦਾ ਹੈ ਕਿ ਉਸਦੀ ਮਾਂ ਨੇ ਇਸ ਵਿੱਚ ਬਹੁਤ ਵੱਡੀ ਭੂਮਿਕਾ ਨਿਭਾਈ।"

ਮਾਰਚ 2024 ਵਿੱਚ, ਪਲੋਮਾ ਨੇ ਐਂਡਰ ਨਾਲ ਆਪਣਾ ਰਿਸ਼ਤਾ ਖਤਮ ਕਰ ਦਿੱਤਾ। ਹੋਰ ਦੋਸਤਾਂ ਅਤੇ ਪਰਿਵਾਰ ਨੂੰ ਲੱਗਿਆ ਕਿ ਕੇਟ ਸ਼ੇਮੀਰਾਨੀ ਪਲੋਮਾ ਨੂੰ ਉਨ੍ਹਾਂ ਤੋਂ ਅਲੱਗ ਕਰ ਰਹੀ ਹੈ।

ਗੈਬਰੀਅਲ ਕਹਿੰਦਾ ਹੈ ਕਿ ਉਸਨੇ ਪਾਲੋਮਾ ਨੂੰ ਬਿਮਾਰੀ ਦਾ ਪਤਾ ਲੱਗਣ ਤੋਂ ਥੋੜ੍ਹੀ ਦੇਰ ਬਾਅਦ ਮਿਲਣ ਲਈ ਕਿਹਾ ਪਰ ਉਸਦੀ ਭੈਣ ਨੇ ਕਿਹਾ ਕਿ ਉਹ "ਖਰਾਬ ਹਵਾ" ਕਾਰਨ ਬਾਹਰ ਨਹੀਂ ਜਾ ਸਕਦੀ।

ਉਹ ਕਹਿੰਦੇ ਹਨ ਕਿ ਉਨ੍ਹਾਂ ਦੀ ਮਾਂ ਨੇ ਉਸਨੂੰ ਯਕੀਨ ਦਿਵਾਇਆ ਸੀ ਕਿ 'ਸਿੱਲ੍ਹੀ ਹਵਾ' ਉਸਨੂੰ ਹੋਰ ਬਿਮਾਰ ਕਰ ਦੇਵੇਗੀ।

ਪਾਲੋਮਾ

ਤਸਵੀਰ ਸਰੋਤ, Gabriel & Sebastian Shemirani

ਤਸਵੀਰ ਕੈਪਸ਼ਨ, ਪਾਲੋਮਾ ਦੀ 23 ਸਾਲ ਦੀ ਉਮਰ ਵਿੱਚ ਟਿਊਮਰ ਕਰਕੇ ਹੋਏ ਹਾਰਟ ਅਟੈਕ ਕਾਰਨ ਮੌਤ ਹੋ ਗਈ

ਸੇਬੇਸਟੀਅਨ ਅਤੇ ਗੈਬਰੀਅਲ ਇੰਨੇ ਚਿੰਤਤ ਸਨ ਕਿ ਗੈਬਰੀਅਲ ਨੇ ਇੱਕ ਕਾਨੂੰਨੀ ਕੇਸ ਸ਼ੁਰੂ ਕਰ ਦਿੱਤਾ। ਉਹ ਇਹ ਦਲੀਲ ਨਹੀਂ ਦੇ ਰਿਹਾ ਸੀ ਕਿ ਪਾਲੋਮਾ ਕੋਲ ਸਮਰੱਥਾ ਨਹੀਂ ਹੈ, ਪਰ ਉਹ ਉਸਦੇ ਲਈ ਢੁੱਕਵੇਂ ਡਾਕਟਰੀ ਇਲਾਜ ਦਾ ਮੁਲਾਂਕਣ ਚਾਹੁੰਦਾ ਸੀ।

ਪਰ ਘਟਨਾਵਾਂ ਉਨ੍ਹਾਂ 'ਤੇ ਹਾਵੀ ਹੋ ਗਈਆਂ ਅਤੇ ਕੇਸ ਜੁਲਾਈ ਵਿੱਚ ਬਿਨਾਂ ਕਿਸੇ ਨਤੀਜੇ ਦੇ ਖਤਮ ਹੋ ਗਿਆ - ਕਿਉਂਕਿ ਪਾਲੋਮਾ ਦੀ ਮੌਤ ਹੋ ਗਈ ਸੀ।

ਗੈਬਰੀਅਲ ਨੂੰ ਆਪਣੀ ਭੈਣ ਦੀ ਮੌਤ ਬਾਰੇ ਉਨ੍ਹਾਂ ਦੇ ਵਕੀਲ ਦੇ ਫ਼ੋਨ ਕਾਲ ਰਾਹੀਂ ਕੁਝ ਦਿਨਾਂ ਬਾਅਦ ਹੀ ਪਤਾ ਲੱਗਾ। ਉਸਨੂੰ ਆਪਣੇ ਭਰਾ ਨੂੰ ਇਹ ਖ਼ਬਰ ਦੇਣੀ ਪਈ।

ਗੈਬਰੀਅਲ ਕਹਿੰਦੇ ਹਨ, "ਇਹ ਜ਼ਿੰਦਾ ਸਾੜਨ ਵਰਗਾ ਹੈ ਅਤੇ ਹਰ ਵਾਰ ਜਦੋਂ ਇਹ ਤੁਹਾਡੇ ਮੂੰਹੋਂ ਨਿਕਲਦਾ ਹੈ ਤਾਂ ਤੁਸੀਂ ਭਿਆਨਕ ਦਰਦ ਮਹਿਸੂਸ ਕਰਦੇ ਹੋ।"

ਸੇਬੇਸਟੀਅਨ ਕਹਿੰਦੇ ਹਨ ਕਿ ਉਨ੍ਹਾਂ ਨੇ ਆਪਣੇ ਨੂੰ ਦੋਸ਼ੀ ਠਹਿਰਾਇਆ।

ਐਂਡਰ ਕਹਿੰਦੇ ਹਨ, "ਮੈਂ ਟੁੱਟ ਗਿਆ, ਮੈਂ ਬਸ, ਜਿਵੇਂ, ਚੀਕ ਰਿਹਾ ਸੀ ਅਤੇ ਆਪਣੇ ਫੇਫੜਿਆਂ ਦੇ ਸਿਖਰ 'ਤੇ ਰੋ ਰਿਹਾ ਸੀ।"

ਪਾਲੋਮਾ ਨੂੰ ਉਸਦੇ ਟਿਊਮਰ ਕਾਰਨ ਦਿਲ ਦਾ ਦੌਰਾ ਪਿਆ ਸੀ। ਉਸ ਨੂੰ ਹਸਪਤਾਲ ਲਿਜਾਇਆ ਗਿਆ, ਪਰ ਕਈ ਦਿਨਾਂ ਬਾਅਦ, ਉਸਦੀ ਲਾਈਫ ਸਪੋਰਟ ਬੰਦ ਹੋ ਗਈ।

ਪਾਲੋਮਾ ਦੀ ਮੌਤ ਦੇ ਆਲੇ ਦੁਆਲੇ ਦੇ ਹਾਲਾਤ ਨੂੰ ਸਥਾਪਤ ਕਰਨ ਲਈ ਅਗਲੇ ਮਹੀਨੇ ਇੱਕ ਜਾਂਚ ਸ਼ੁਰੂ ਹੋਣ ਵਾਲੀ ਹੈ।

ਕੇਟ ਸ਼ੇਮੀਰਾਨੀ ਨੇ ਸੋਸ਼ਲ ਮੀਡੀਆ ਅਤੇ ਰਾਜਨੀਤਿਕ ਪੋਡਕਾਸਟਾਂ 'ਤੇ ਕਈ ਤਰ੍ਹਾਂ ਦੇ ਗੈਰ-ਪ੍ਰਮਾਣਿਤ ਸਿਧਾਂਤਾਂ ਦਾ ਪ੍ਰਚਾਰ ਕੀਤਾ ਹੈ ਕਿ ਉਹ ਕਿਵੇਂ ਮੰਨਦੀ ਹੈ ਕਿ ਪਲੋਮਾ ਦਾ ਕਤਲ ਮੈਡੀਕਲ ਸਟਾਫ ਦੁਆਰਾ ਕੀਤਾ ਗਿਆ ਸੀ ਅਤੇ ਇਸ ਤੋਂ ਬਾਅਦ ਇੱਕ ਪਰਦਾ ਪਾਇਆ ਗਿਆ।

ਬੀਬੀਸੀ ਨੇ ਇਨ੍ਹਾਂ ਦਾਅਵਿਆਂ ਦਾ ਸਮਰਥਨ ਕਰਨ ਲਈ ਕੋਈ ਸਬੂਤ ਨਹੀਂ ਦੇਖਿਆ ਹੈ।

ਪਾਲੋਮਾ ਦੀ ਮੌਤ ਉਸਦੇ ਪਰਿਵਾਰ ਅਤੇ ਅਜ਼ੀਜ਼ਾਂ ਲਈ ਦੁਖਦਾਈ ਸੀ।

ਪਰ ਸੈਬੇਸਟੀਅਨ ਅਤੇ ਗੈਬਰੀਅਲ ਲਈ ਇਹ ਉਨ੍ਹਾਂ ਲੋਕਾਂ ਲਈ ਸੰਭਾਵੀ ਨਤੀਜਿਆਂ ਦੀ ਚੇਤਾਵਨੀ ਵੀ ਹੈ ਜੋ ਉਨ੍ਹਾਂ ਦੀ ਮਾਂ ਵਾਂਗ ਦਵਾਈ-ਵਿਰੋਧੀ ਸਾਜ਼ਿਸ਼ੀ ਧਾਰਨਾਵਾਂ 'ਤੇ ਵਿਸ਼ਵਾਸ ਕਰਦੇ ਹਨ।

ਇਹ ਵੀ ਪੜ੍ਹੋ-

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)