You’re viewing a text-only version of this website that uses less data. View the main version of the website including all images and videos.
ਕੀ ਜੌੜੇ ਬੱਚਿਆਂ ਨੂੰ ਇੱਕੋ ਚੀਜ਼ ਤੋਂ ਐਲਰਜੀ ਹੋ ਸਕਦੀ ਹੈ?
- ਲੇਖਕ, ਬ੍ਰੇਨ ਹੇਅਸ ਹੈਨੀ
- ਰੋਲ, ਬੀਬੀਸੀ ਨਿਊਜ਼
ਐਲਰਜੀ, ਭਾਵੇਂ ਬਸੰਤ ਰੁੱਤ ਵਿੱਚ ਆਉਣ ਵਾਲੀਆਂ ਛਿੱਕਾਂ ਦੀ ਹੋਵੇ ਜਾਂ ਕਿਸੇ ਖ਼ਾਸ ਭੋਜਨ ਕਾਰਨ ਸਾਹ ਲੈਣ ਵਿੱਚ ਮੁਸ਼ਕਲ ਦੀ ਹੋਵੇ, ਇਹ ਕਿਸੇ ਵਿਅਕਤੀ ਦੇ ਜੀਨਾਂ ਅਤੇ ਉਸ ਵਾਤਾਵਰਣ ਦੇ ਸੁਮੇਲ ਕਾਰਨ ਹੁੰਦੀ ਹੈ ਜਿਸ ਵਿੱਚ ਉਹ ਰਹਿੰਦੇ ਹਨ।
ਦੋ ਲੋਕਾਂ ਵਿੱਚ ਜਿੰਨੀਆਂ ਜ਼ਿਆਦਾ ਇਹ ਚੀਜ਼ਾਂ ਹੁੰਦੀਆਂ ਹਨ, ਉਨ੍ਹਾਂ ਨੂੰ ਉਨ੍ਹਾਂ ਚੀਜ਼ਾਂ ਤੋਂ ਐਲਰਜੀ ਹੋਣ ਦੀ ਸੰਭਾਵਨਾ ਓਨੀ ਹੀ ਜ਼ਿਆਦਾ ਹੁੰਦੀ ਹੈ।
ਜੌੜੇ ਬੱਚਿਆਂ ਵਿੱਚ ਐਲਰਜੀ ਹੋਣ ਦੀ ਸੰਭਾਵਨਾ ਜ਼ਿਆਦਾ ਹੁੰਦੀ ਹੈ ਕਿਉਂਕਿ ਉਨ੍ਹਾਂ ਵਿੱਚ ਹਰ ਚੀਜ਼ ਇੱਕੋ ਜਿਹੀ ਹੁੰਦੀ ਹੈ, ਪਰ ਕਹਾਣੀ ਇੱਥੇ ਹੀ ਖ਼ਤਮ ਨਹੀਂ ਹੁੰਦੀ।
ਐਲਰਜੀ ਅਸਲ ਵਿੱਚ ਗੁੰਝਲਦਾਰ ਹੁੰਦੀ ਹੈ ਅਤੇ ਬਹੁਤ ਸਾਰੇ ਕਾਰਕ ਇਸ ਗੱਲ ਵਿੱਚ ਭੂਮਿਕਾ ਨਿਭਾਉਂਦੇ ਹਨ ਕਿ ਇਹ ਕਿਸ ਨੂੰ ਹੁੰਦੀ ਹੈ ਅਤੇ ਕਿਸ ਨੂੰ ਨਹੀਂ।
ਐਲਰਜੀ ਸੱਚਮੁੱਚ ਗੁੰਝਲਦਾਰ ਹੁੰਦੀ ਹੈ ਅਤੇ ਬਹੁਤ ਸਾਰੇ ਕਾਰਕ ਇਸ ਵਿੱਚ ਭੂਮਿਕਾ ਨਿਭਾਉਂਦੇ ਹਨ ਕਿ ਇਹ ਕਿਸ ਨੂੰ ਹੁੰਦੀ ਹੈ ਅਤੇ ਕਿਸ ਨੂੰ ਨਹੀਂ ਹੁੰਦੀ।
ਐਲਰਜੀ ਕੀ ਹੈ?
ਤੁਹਾਡਾ ਇਮਿਊਨ ਸਿਸਟਮ ਰੱਖਿਆ ਪ੍ਰੋਟੀਨ, ਐਂਟੀਬਾਡੀਜ਼ ਬਣਾਉਂਦਾ ਹੈ, ਜਿਨ੍ਹਾਂ ਦਾ ਕੰਮ ਤੁਹਾਡੇ ਸਰੀਰ ਵਿੱਚ ਦਾਖ਼ਲ ਹੋਣ ਵਾਲੇ ਕਿਸੇ ਵੀ ਹਮਲਾਵਰ ਕੀਟਾਣੂ ਜਾਂ ਹੋਰ ਖ਼ਤਰਨਾਕ ਪਦਾਰਥਾਂ 'ਤੇ ਨਜ਼ਰ ਰੱਖਣਾ ਅਤੇ ਤੁਹਾਨੂੰ ਬਿਮਾਰ ਕਰਨ ਤੋਂ ਪਹਿਲਾਂ ਉਨ੍ਹਾਂ 'ਤੇ ਹਮਲਾ ਕਰਨਾ ਹੈ।
ਐਲਰਜੀ ਉਦੋਂ ਹੁੰਦੀ ਹੈ ਜਦੋਂ ਤੁਹਾਡਾ ਸਰੀਰ ਕਿਸੇ ਆਮ ਤੌਰ 'ਤੇ ਨੁਕਸਾਨ ਰਹਿਤ ਪਦਾਰਥ ਨੂੰ ਨੁਕਸਾਨਦੇਹ ਘੁਸਪੈਠੀਏ ਸਮਝ ਲੈਂਦਾ ਹੈ। ਇਹ ਟ੍ਰਿਗਰ ਅਣੂ ਐਲਰਜੈੱਸ ਹੁੰਦੇ ਹਨ।
ਐਂਟੀਬਾਡੀਜ਼ ਐਲਰਜੈੱਸ ਨਾਲ ਸਕਸ਼ਨ ਕੱਪਾਂ ਵਾਂਗ ਚਿਪਕ ਜਾਂਦੇ ਹਨ, ਜਿਸ ਨਾਲ ਇਮਿਊਨ ਸਿਸਟਮ ਪ੍ਰਤੀਕਿਰਿਆ ਸ਼ੁਰੂ ਹੋ ਜਾਂਦੀ ਹੈ।
ਇਸ ਪ੍ਰਕਿਰਿਆ ਕਾਰਨ ਐਲਰਜੀ ਦੇ ਆਮ ਲੱਛਣ ਹੁੰਦੇ ਹਨ ਜਿਵੇਂ ਕਿ ਛਿੱਕਾਂ ਆਉਣਾ, ਨੱਕ ਵਗਣਾ ਜਾਂ ਬੰਦ ਹੋਣਾ, ਖਾਰਸ਼, ਅੱਖਾਂ ਵਿੱਚੋਂ ਪਾਣੀ ਆਉਣਾ ਅਤੇ ਖੰਘ। ਇਹ ਲੱਛਣ ਪਰੇਸ਼ਾਨ ਕਰਨ ਵਾਲੇ ਹੋ ਸਕਦੇ ਹਨ ਪਰ ਮਾਮੂਲੀ ਹੁੰਦੇ ਹਨ।
ਐਲਰਜੀ ਇੱਕ ਜਾਨਲੇਵਾ ਪ੍ਰਤੀਕ੍ਰਿਆ ਦਾ ਕਾਰਨ ਵੀ ਬਣ ਸਕਦੀ ਹੈ, ਜਿਸਨੂੰ ਐਨਾਫਾਈਲੈਕਸਿਸ ਕਿਹਾ ਜਾਂਦਾ ਹੈ, ਜਿਸ ਲਈ ਤੁਰੰਤ ਡਾਕਟਰੀ ਸਹਾਇਤਾ ਦੀ ਲੋੜ ਹੁੰਦੀ ਹੈ।
ਉਦਾਹਰਨ ਲਈ, ਜੇਕਰ ਕੋਈ ਅਜਿਹਾ ਭੋਜਨ ਖਾਂਦਾ ਹੈ ਜਿਸ ਤੋਂ ਉਸ ਨੂੰ ਐਲਰਜੀ ਹੈ ਅਤੇ ਫਿਰ ਉਸ ਦੇ ਗਲੇ ਵਿੱਚ ਸੋਜ਼ਿਸ਼ ਅਤੇ ਧੱਫੜ ਹੋ ਜਾਂਦੇ ਹਨ, ਤਾਂ ਇਸ ਨੂੰ ਐਨਾਫਾਈਲੈਕਸਿਸ ਮੰਨਿਆ ਜਾਵੇਗਾ।
ਐਨਾਫਾਈਲੈਕਸਿਸ ਦਾ ਰਵਾਇਤੀ ਇਲਾਜ ਲੱਤ ਦੀਆਂ ਮਾਸਪੇਸ਼ੀਆਂ ਵਿੱਚ ਹਾਰਮੋਨ ਐਪੀਨੇਫ੍ਰਾਈਨ (ਜਿਸਨੂੰ ਐਡਰੇਨਾਲੀਨ ਵੀ ਕਿਹਾ ਜਾਂਦਾ ਹੈ) ਦਾ ਇੱਕ ਸ਼ੌਟ ਹੈ।
ਐਲਰਜੀ ਪੀੜਤ ਐਨਾਫਾਈਲੈਕਸਿਸ ਦੇ ਜਾਨਲੇਵਾ ਮਾਮਲੇ ਦੀ ਸਥਿਤੀ ਵਿੱਚ ਐਮਰਜੈਂਸੀ ਟੀਕਾ ਲਗਾਉਣ ਲਈ ਇੱਕ ਆਟੋ-ਇੰਜੈਕਟਰ ਵੀ ਨਾਲ ਰੱਖ ਸਕਦੇ ਹਨ। ਐਪੀਨੇਫ੍ਰਾਈਨ ਨੇਜ਼ਲ ਸਪਰੇਅ ਵੀ ਹੁਣ ਉਪਲਬਧ ਹੈ, ਜੋ ਬਹੁਤ ਜਲਦੀ ਕੰਮ ਕਰਦਾ ਹੈ।
ਕਿਸੇ ਵਿਅਕਤੀ ਨੂੰ ਬਾਹਰਲੀਆਂ ਚੀਜ਼ਾਂ ਤੋਂ ਐਲਰਜੀ ਹੋ ਸਕਦੀ ਹੈ, ਜਿਵੇਂ ਕਿ ਘਾਹ ਜਾਂ ਰੁੱਖਾਂ ਦੇ ਪਰਾਗ (ਇੱਕ ਤਰ੍ਹਾਂ ਦੀ ਧੂੜ) ਅਤੇ ਮਧੂ-ਮੱਖੀ ਦੇ ਡੰਗ ਜਾਂ ਘਰ ਦੇ ਅੰਦਰਲੀਆਂ ਚੀਜ਼ਾਂ ਤੋਂ, ਜਿਵੇਂ ਕਿ ਪਾਲਤੂ ਜਾਨਵਰਾਂ ਅਤੇ ਛੋਟੇ ਕੀੜੇ ਜਿਨ੍ਹਾਂ ਨੂੰ ਧੂੜ ਦੇ ਕਣ ਕਿਹਾ ਜਾਂਦਾ ਹੈ ਜੋ ਕਾਰਪੇਟਾਂ ਅਤੇ ਗੱਦਿਆਂ ਵਿੱਚ ਰਹਿੰਦੇ ਹਨ।
ਕਿਸੇ ਵਿਅਕਤੀ ਨੂੰ ਭੋਜਨ ਤੋਂ ਵੀ ਐਲਰਜੀ ਹੋ ਸਕਦੀ ਹੈ। ਭੋਜਨ ਐਲਰਜੀ 4 ਤੋਂ 5 ਫੀਸਦ ਆਬਾਦੀ ਨੂੰ ਪ੍ਰਭਾਵਿਤ ਕਰਦੀ ਹੈ। ਸਭ ਤੋਂ ਆਮ ਐਲਰਜੀ ਗਾਂ ਦੇ ਦੁੱਧ, ਆਂਡੇ, ਕਣਕ, ਸੋਇਆ, ਮੂੰਗਫਲੀ, ਗਿਰੀਦਾਰ, ਮੱਛੀ, ਸ਼ੈਲਫਿਸ਼ ਅਤੇ ਤਿਲ ਤੋਂ ਹਨ।
ਕਈ ਵਾਰ ਲੋਕਾਂ ਦੀ ਐਲਰਜੀ ਹੌਲੀ-ਹੌਲੀ ਠੀਕ ਹੋ ਜਾਂਦੀ ਹੈ ਅਤੇ ਕਈ ਵਾਰ ਇਹ ਜ਼ਿੰਦਗੀ ਭਰ ਰਹਿੰਦੀਆਂ ਹਨ।
ਐਲਰਜੀ ਕਿਸ ਨੂੰ ਹੁੰਦੀ ਹੈ?
ਹਰੇਕ ਐਂਟੀਬਾਡੀ ਦਾ ਇੱਕ ਖ਼ਾਸ ਟੀਚਾ ਹੁੰਦਾ ਹੈ, ਇਸੇ ਕਰ ਕੇ ਕੁਝ ਲੋਕਾਂ ਨੂੰ ਸਿਰਫ਼ ਇੱਕ ਚੀਜ਼ ਤੋਂ ਐਲਰਜੀ ਹੋ ਸਕਦੀ ਹੈ।
ਐਲਰਜੀ ਲਈ ਜ਼ਿੰਮੇਵਾਰ ਐਂਟੀਬਾਡੀਜ਼ ਤੁਹਾਡੇ ਸਰੀਰ ਵਿੱਚ ਦਾਖ਼ਲ ਹੋਣ ਵਾਲੇ ਕਿਸੇ ਵੀ ਪਰਜੀਵੀ ਨੂੰ ਸਾਫ਼ ਕਰਨ ਦਾ ਵੀ ਧਿਆਨ ਰੱਖਦੇ ਹਨ। ਆਧੁਨਿਕ ਦਵਾਈ ਦੇ ਕਾਰਨ, ਸੰਯੁਕਤ ਰਾਜ ਅਮਰੀਕਾ ਵਿੱਚ ਲੋਕਾਂ ਨੂੰ ਪਰਜੀਵੀਆਂ ਨਾਲ ਘੱਟ ਹੀ ਨਜਿੱਠਣਾ ਪੈਂਦਾ ਹੈ।
ਹਾਲਾਂਕਿ, ਉਹ ਐਂਟੀਬਾਡੀਜ਼ ਅਜੇ ਵੀ ਲੜਨ ਲਈ ਤਿਆਰ ਹਨ ਅਤੇ ਕਈ ਵਾਰ ਉਹ ਪਰਾਗ ਜਾਂ ਭੋਜਨ ਵਰਗੀਆਂ ਚੀਜ਼ਾਂ 'ਤੇ ਅਸਫ਼ਲ ਹੋ ਜਾਂਦੇ ਹਨ।
ਸਫਾਈ ਅਤੇ ਤੁਹਾਡੇ ਆਲੇ ਦੁਆਲੇ ਦਾ ਵਾਤਾਵਰਣ ਵੀ ਤੁਹਾਨੂੰ ਐਲਰਜੀ ਹੋਣ ਦੀ ਸੰਭਾਵਨਾ ਵਿੱਚ ਭੂਮਿਕਾ ਨਿਭਾ ਸਕਦਾ ਹੈ।
ਤੁਸੀਂ ਆਪਣੀ ਜ਼ਿੰਦਗੀ ਵਿੱਚ ਜਿੰਨੇ ਜ਼ਿਆਦਾ ਕਿਸਮਾਂ ਦੇ ਬੈਕਟੀਰੀਆ ਦੇ ਸੰਪਰਕ ਵਿੱਚ ਆਉਂਦੇ ਹੋ, ਤੁਹਾਨੂੰ ਓਨੀ ਹੀ ਘੱਟ ਐਲਰਜੀ ਹੋਣ ਦੀ ਸੰਭਾਵਨਾ ਹੁੰਦੀ ਹੈ।
ਅਧਿਐਨਾਂ ਤੋਂ ਇਹ ਵੀ ਪਤਾ ਲੱਗਾ ਹੈ ਕਿ ਜਿਹੜੇ ਬੱਚੇ ਖੇਤਾਂ ਵਿੱਚ ਵੱਡੇ ਹੁੰਦੇ ਹਨ, ਜਿਨ੍ਹਾਂ ਬੱਚਿਆਂ ਕੋਲ ਪੰਜ ਸਾਲ ਦੀ ਉਮਰ ਤੋਂ ਪਹਿਲਾਂ ਪਾਲਤੂ ਜਾਨਵਰ ਹੁੰਦੇ ਹਨ ਅਤੇ ਜਿਨ੍ਹਾਂ ਬੱਚਿਆਂ ਦੇ ਬਹੁਤ ਸਾਰੇ ਭੈਣ-ਭਰਾ ਹੁੰਦੇ ਹਨ, ਉਨ੍ਹਾਂ ਨੂੰ ਐਲਰਜੀ ਹੋਣ ਦੀ ਸੰਭਾਵਨਾ ਘੱਟ ਹੁੰਦੀ ਹੈ।
ਬੱਚੇ ਨੂੰ ਮਾਂ ਦਾ ਦੁੱਧ ਪਿਆਉਣਾ ਐਲਰਜੀ ਨੂੰ ਰੋਕਣ ਵਿੱਚ ਵੀ ਮਦਦ ਕਰ ਸਕਦਾ ਹੈ।
ਸ਼ਹਿਰਾਂ ਵਿੱਚ ਪਲ਼ ਰਹੇ ਬੱਚਿਆਂ ਵਿੱਚ ਐਲਰਜੀ ਹੋਣ ਦੀ ਸੰਭਾਵਨਾ ਜ਼ਿਆਦਾ ਹੁੰਦੀ ਹੈ, ਜੋ ਕਿ ਹਵਾ ਪ੍ਰਦੂਸ਼ਣ ਕਾਰਨ ਹੁੰਦੀ ਹੈ, ਜਿਵੇਂ ਕਿ ਉਹ ਬੱਚੇ ਜਿਹੜੇ ਅਕਸਰ ਸਿਗਰਟਨੋਸ਼ੀ ਕਰਨ ਵਾਲੇ ਲੋਕਾਂ ਦੇ ਆਲੇ-ਦੁਆਲੇ ਰਹਿੰਦੇ ਹਨ।
ਜੇਕਰ ਬੱਚੇ ਵੱਡੇ ਹੋਣ ਦੀ ਉਡੀਕ ਕਰਨ ਦੀ ਬਜਾਏ ਛੋਟੇ ਹੁੰਦਿਆਂ ਹੀ ਭੋਜਨ ਖਾਣ ਦੀ ਕੋਸ਼ਿਸ਼ ਕਰਦੇ ਹਨ ਤਾਂ ਉਨ੍ਹਾਂ ਨੂੰ ਭੋਜਨ ਸੰਬੰਧੀ ਐਲਰਜੀ ਹੋਣ ਦੀ ਸੰਭਾਵਨਾ ਘੱਟ ਹੁੰਦੀ ਹੈ।
ਕਈ ਵਾਰ ਕੋਈ ਖ਼ਾਸ ਚੀਜ਼ ਕਿਸੇ ਬਾਲਗ਼ ਨੂੰ ਵਾਤਾਵਰਣ ਸੰਬੰਧੀ ਐਲਰਜੀਆਂ ਦੇ ਵਿਕਾਸ ਵਿੱਚ ਯੋਗਦਾਨ ਪਾ ਸਕਦਾ ਹੈ।
ਉਦਾਹਰਣ ਵਜੋਂ, ਹੇਅਰ ਡ੍ਰੈਸਰ, ਬੇਕਰ ਅਤੇ ਕਾਰ ਮਕੈਨਿਕ ਉਨ੍ਹਾਂ ਰਸਾਇਣਾਂ ਕਾਰਨ ਐਲਰਜੀ ਪੈਦਾ ਕਰ ਸਕਦੇ ਹਨ ਜਿਨ੍ਹਾਂ ਨਾਲ ਉਹ ਕੰਮ ਕਰਦੇ ਹਨ।
ਕੁਝ ਲੋਕਾਂ ਨੂੰ ਐਲਰਜੀ ਕਿਉਂ ਹੁੰਦੀ ਹੈ, ਇਸ ਵਿੱਚ ਜੈਨੇਟਿਕਸ ਵੀ ਵੱਡੀ ਭੂਮਿਕਾ ਨਿਭਾ ਸਕਦਾ ਹੈ। ਜੇਕਰ ਕਿਸੇ ਮਾਤਾ-ਪਿਤਾ ਨੂੰ ਵਾਤਾਵਰਣ ਜਾਂ ਭੋਜਨ ਤੋਂ ਐਲਰਜੀ ਹੈ, ਤਾਂ ਉਨ੍ਹਾਂ ਦੇ ਬੱਚੇ ਨੂੰ ਵੀ ਐਲਰਜੀ ਹੋਣ ਦੀ ਸੰਭਾਵਨਾ ਵੱਧ ਹੁੰਦੀ ਹੈ।
ਖਾਸ ਤੌਰ 'ਤੇ ਮੂੰਗਫਲੀ ਦੀ ਐਲਰਜੀ ਲਈ, ਜੇਕਰ ਤੁਹਾਡੇ ਮਾਤਾ-ਪਿਤਾ ਜਾਂ ਭੈਣ-ਭਰਾ ਨੂੰ ਮੂੰਗਫਲੀ ਦੀ ਐਲਰਜੀ ਹੈ, ਤਾਂ ਤੁਹਾਨੂੰ ਮੂੰਗਫਲੀ ਤੋਂ ਐਲਰਜੀ ਹੋਣ ਦੀ ਸੰਭਾਵਨਾ ਸੱਤ ਗੁਣਾ ਜ਼ਿਆਦਾ ਹੁੰਦੀ ਹੈ।
ਜੌੜਿਆਂ ਵਿੱਚ ਐਲਰਜੀ
ਜੌੜੇ ਬੱਚਿਆਂ ਦੀ ਗੱਲ ਵੱਲ ਵਾਪਸ ਆਉਂਦੇ ਹਾਂ। ਹਾਂ, ਉਨ੍ਹਾਂ ਨੂੰ ਇੱਕੋ ਜਿਹੀਆਂ ਚੀਜ਼ਾਂ ਤੋਂ ਐਲਰਜੀ ਹੋ ਸਕਦੀ ਹੈ, ਪਰ ਹਮੇਸ਼ਾ ਨਹੀਂ।
ਆਸਟ੍ਰੇਲੀਆ ਦੇ ਖੋਜਕਾਰਾਂ ਨੇ ਦੇਖਿਆ ਹੈ ਕਿ ਇੱਕ ਅਧਿਐਨ ਵਿੱਚ 60 ਤੋਂ 70 ਫੀਸਦ ਜੌੜਿਆਂ ਨੂੰ ਵਾਤਾਵਰਣ ਸੰਬੰਧੀ ਐਲਰਜੀ ਸੀ ਅਤੇ ਇੱਕੋ ਜਿਹੇ ਜੌੜਿਆਂ ਵਿੱਚ ਭਰਾਤਰੀ (ਗ਼ੈਰ-ਸਮਾਨ) ਜੌੜਿਆਂ ਨਾਲੋਂ ਐਲਰਜੀ ਸਾਂਝੀ ਕਰਨ ਦੀ ਜ਼ਿਆਦਾ ਸੰਭਾਵਨਾ ਸੀ।
ਇੱਕੋ ਜਿਹੇ ਜੌੜੇ ਬੱਚੇ ਆਪਣੇ ਜੀਨਾਂ ਦਾ 100 ਫੀਸਦ ਸਾਂਝਾ ਕਰਦੇ ਹਨ, ਜਦਕਿ ਭਰਾਤਰੀ ਜੌੜੇ ਆਪਣੇ ਜੀਨਾਂ ਦਾ ਸਿਰਫ਼ 50 ਫੀਸਦ ਸਾਂਝਾ ਕਰਦੇ ਹਨ, ਜੋ ਕਿ ਕਿਸੇ ਵੀ ਭੈਣ-ਭਰਾ ਦੇ ਜੋੜੇ ਵਾਂਗ ਹੀ ਹੁੰਦਾ ਹੈ।
ਭੋਜਨ ਐਲਰਜੀ ਦੇ ਜੈਨੇਟਿਕਸ 'ਤੇ ਬਹੁਤ ਖੋਜ ਕੀਤੀ ਗਈ ਹੈ। ਮੂੰਗਫਲੀ ਦੀ ਐਲਰਜੀ ਬਾਰੇ ਇੱਕ ਅਧਿਐਨ ਵਿੱਚ ਸਾਹਮਣੇ ਆਇਆ ਹੈ ਕਿ ਇੱਕੋ ਜਿਹੇ ਜੌੜਿਆਂ ਨੂੰ ਭਰਾਤਰੀ ਜੌੜਿਆਂ ਨਾਲੋਂ ਮੂੰਗਫਲੀ ਤੋਂ ਐਲਰਜੀ ਹੋਣ ਦੀ ਜ਼ਿਆਦਾ ਸੰਭਾਵਨਾ ਹੁੰਦੀ ਹੈ।
ਇਸ ਲਈ, ਜੌੜਿਆਂ ਨੂੰ ਇੱਕੋ ਜਿਹੀਆਂ ਚੀਜ਼ਾਂ ਤੋਂ ਐਲਰਜੀ ਹੋ ਸਕਦੀ ਹੈ ਅਤੇ ਅਜਿਹਾ ਹੋਣ ਦੀ ਸੰਭਾਵਨਾ ਜ਼ਿਆਦਾ ਹੁੰਦੀ ਹੈ ਕਿਉਂਕਿ ਉਨ੍ਹਾਂ ਦੇ ਜੈਨੇਟਿਕਸ ਇੱਕੋ ਜਿਹੇ ਹਨ ਅਤੇ ਉਹ ਇਕੱਠੇ ਵੱਡੇ ਹੋਏ ਹਨ। ਪਰ ਜੌੜਿਆਂ ਨੂੰ ਇੱਕੋ ਜਿਹੀਆਂ ਚੀਜ਼ਾਂ ਤੋਂ ਆਪਣੇ ਆਪ ਐਲਰਜੀ ਨਹੀਂ ਹੁੰਦੀ।
ਕਲਪਨਾ ਕਰੋ ਕਿ ਜੇਕਰ ਦੋ ਜੌੜੇ ਜਨਮ ਵੇਲੇ ਵੱਖ ਹੋ ਗਏ ਹੋਣ ਅਤੇ ਵੱਖ-ਵੱਖ ਘਰਾਂ ਵਿੱਚ ਵੱਡੇ ਹੋਏ ਹੋਣ, ਇੱਕ ਪਾਲਤੂ ਜਾਨਵਰਾਂ ਵਾਲੇ ਫਾਰਮ 'ਤੇ ਅਤੇ ਦੂਜਾ ਸ਼ਹਿਰ ਵਿੱਚ।
ਇੱਕੇ ਦੇ ਮਾਪੇ ਸਿਗਰਟ ਪੀਂਦੇ ਹੋਣ ਅਤੇ ਦੂਜੇ ਦੇ ਨਹੀਂ ? ਕੀ ਹੋਵੇਗਾ ਜੇਕਰ ਇੱਕ ਕਈ ਭੈਣ-ਭਰਾਵਾਂ ਨਾਲ ਰਹਿੰਦਾ ਹੈ ਅਤੇ ਦੂਜਾ ਇਕਲੌਤਾ ਬੱਚਾ ਹੋਵੇ? ਉਨ੍ਹਾਂ ਨੂੰ ਜ਼ਰੂਰ ਵੱਖ-ਵੱਖ ਤਰ੍ਹਾਂ ਦੀਆਂ ਐਲਰਜੀਆਂ ਹੋ ਸਕਦੀਆਂ ਹਨ, ਜਾਂ ਹੋ ਸਕਦਾ ਹੈ ਕਿ ਉਨ੍ਹਾਂ ਨੂੰ ਬਿਲਕੁਲ ਵੀ ਐਲਰਜੀ ਨਾ ਹੋਵੇ।
ਮੇਰੇ ਵਰਗੇ ਵਿਗਿਆਨੀ ਐਲਰਜੀ ਬਾਰੇ ਖੋਜ ਕਰਨਾ ਜਾਰੀ ਰੱਖਦੇ ਹਨ ਅਤੇ ਸਾਨੂੰ ਭਵਿੱਖ ਵਿੱਚ ਹੋਰ ਜਵਾਬ ਮਿਲਣ ਦੀ ਉਮੀਦ ਹੈ।
ਬ੍ਰੇਨ ਹੇਅਸ ਹੀਨੀ ਅਮਰੀਕਾ ਦੀ ਵੈਸਟ ਵਰਜੀਨੀਆ ਯੂਨੀਵਰਸਿਟੀ ਵਿੱਚ ਐਲਰਜੀ ਵਿੱਚ ਮਾਹਰ ਇੱਕ ਇਮਯੂਨੋਲੋਜਿਸਟ ਹੈ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ