You’re viewing a text-only version of this website that uses less data. View the main version of the website including all images and videos.
'ਸਰਜਰੀ ਕਾਰਨ ਮੇਰਾ ਅਦਾਕਾਰੀ ਦਾ ਕਰੀਅਰ ਤਬਾਹ ਹੋ ਗਿਆ', ਇੱਥੇ ਕਰਜ਼ਾ ਚੁੱਕ ਕੇ ਪਲਾਸਟਿਕ ਸਰਜਰੀਆਂ ਕਰਵਾਉਂਦੇ ਲੋਕਾਂ ਨੂੰ ਚੁਕਾਉਣੀ ਪੈਂਦੀ ਹੈ ਭਾਰੀ ਕੀਮਤ
- ਲੇਖਕ, ਨਤਾਲੀਆ ਜੋਊ
- ਰੋਲ, ਬੀਬੀਸੀ ਆਈ, ਵਰਲਡ ਸਰਵਿਸ ਇਨਵੈਸਟੀਗੇਸ਼ਨ
ਏਬੀ ਵੂ 14 ਸਾਲ ਦੀ ਸੀ ਜਦੋਂ ਉਨ੍ਹਾਂ ਨੇ ਆਪਣੀ ਪਹਿਲੀ ਕਾਸਮੈਟਿਕ ਸਰਜਰੀ ਕਰਵਾਈ ਸੀ।
ਇੱਕ ਬਿਮਾਰੀ ਲਈ ਹਾਰਮੋਨ ਇਲਾਜ ਲੈਣ ਤੋਂ ਬਾਅਦ, ਏਬੀ ਦਾ ਭਾਰ 42 ਕਿਲੋਗ੍ਰਾਮ ਤੋਂ ਵਧ ਕੇ 62 ਕਿਲੋਗ੍ਰਾਮ ਹੋ ਗਿਆ।
ਏਬੀ ਦੀ ਡਰਾਮਾ ਅਧਿਆਪਕ ਉਸ ਦੇ ਸਰੀਰ ਵਿੱਚ ਆਏ ਇਸ ਬਦਲਾਅ ਨੂੰ ਨਜ਼ਰਅੰਦਾਜ਼ ਨਹੀਂ ਕਰ ਸਕੇ।
ਉਨ੍ਹੀਂ ਦਿਨੀਂ ਏਬੀ ਪ੍ਰੀਖਿਆ ਦੀ ਤਿਆਰੀ ਵਿੱਚ ਰੁੱਝੀ ਹੋਈ ਸੀ।
ਉਸ ਸਮੇਂ ਨੂੰ ਯਾਦ ਕਰਦਿਆਂ, ਉਹ ਦੱਸਦੇ ਹਨ, "ਮੇਰੀ ਡਰਾਮਾ ਅਧਿਆਪਕਾ ਨੇ ਕਿਹਾ - ਤੂੰ ਸਾਡਾ ਸਟਾਰ ਸੀ ਪਰ ਹੁਣ ਤੂੰ ਬਹੁਤ ਮੋਟੀ ਹੋ ਗਈ ਹੈ। ਤੈਨੂੰ ਜਾਂ ਤਾਂ ਅਦਾਕਾਰੀ ਛੱਡ ਦੇਣੀ ਚਾਹੀਦੀ ਹੈ ਜਾਂ ਭਾਰ ਘਟਾਉਣਾ ਚਾਹੀਦਾ ਹੈ।"
ਇਸ ਤੋਂ ਬਾਅਦ, ਏਬੀ ਦੀ ਮਾਂ ਏਬੀ ਦੇ ਪੇਟ ਅਤੇ ਲੱਤਾਂ ਤੋਂ ਚਰਬੀ ਹਟਾਉਣ ਲਈ ਉਸ ਨੂੰ ਲਿਪੋਸਕਸ਼ਨ ਲਈ ਲੈ ਗਈ।
ਏਬੀ ਨੂੰ ਅਜੇ ਵੀ ਉਹ ਸ਼ਬਦ ਯਾਦ ਹਨ ਜੋ ਉਨ੍ਹਾਂ ਦੀ ਮਾਂ ਨੇ ਉਨ੍ਹਾਂ ਨੂੰ ਹਸਪਤਾਲ ਲਿਜਾਂਦੇ ਸਮੇਂ ਕਹੇ ਸਨ।
ਏਬੀ ਕਹਿੰਦੇ ਹਨ, "ਮਾਂ ਨੇ ਮੈਨੂੰ ਕਿਹਾ ਸੀ - ਬਹਾਦਰ ਬਣੋ, ਜਦੋਂ ਤੁਸੀਂ ਬਾਹਰ ਆਓਗੇ ਤਾਂ ਸੁੰਦਰ ਦਿਖੋਗੇ।"
ਏਬੀ ਦੱਸਦੇ ਹਨ ਕਿ ਉਨ੍ਹਾਂ ਦੀ ਸਰਜਰੀ ਦਰਦਨਾਕ ਸੀ। ਉਨ੍ਹਾਂ ਨੂੰ ਸਿਰਫ਼ ਅੰਸ਼ਕ ਅਨੱਸਥੀਸੀਆ ਦਿੱਤਾ ਗਿਆ ਸੀ ਅਤੇ ਸਰਜਰੀ ਦੌਰਾਨ ਉਹ ਪੂਰੀ ਤਰ੍ਹਾਂ ਹੋਸ਼ ਵਿੱਚ ਰਹੀ।
ਉਹ ਕਹਿੰਦੇ ਹਨ, "ਮੈਂ ਦੇਖ ਸਕਦੀ ਸੀ ਕਿ ਮੇਰੇ ਸਰੀਰ ਵਿੱਚੋਂ ਚਰਬੀ ਨੂੰ ਹਟਾਉਂਦੇ ਹੋਏ ਕਿੰਨਾ ਖੂਨ ਵਗ ਰਿਹਾ ਸੀ।"
ਏਬੀ ਹੁਣ 35 ਸਾਲਾਂ ਦੇ ਹਨ ਅਤੇ ਉਨ੍ਹਾਂ ਨੂੰ ਹੁਣ ਤੱਕ ਅਜਿਹੇ 100 ਓਪਰੇਸ਼ਨ ਕਰਵਾਉਣੇ ਪਏ ਹਨ।
ਉਹ ਕਹਿੰਦੇ ਹਨ ਕਿ ਉਨ੍ਹਾਂ ਨੇ ਇਸ ਲਈ ਲਗਭਗ ਪੰਜ ਲੱਖ ਡਾਲਰ ਖਰਚ ਕੀਤੇ ਹਨ।
ਚੀਨ ਵਿੱਚ ਪਲਾਸਟਿਕ ਸਰਜਰੀ ਤੇਜ਼ੀ ਨਾਲ ਮਸ਼ਹੂਰ ਹੋ ਰਹੀ ਹੈ
ਏਬੀ ਬੀਜਿੰਗ ਵਿੱਚ ਇੱਕ ਬਿਊਟੀ ਕਲੀਨਿਕ ਦੇ ਮਾਲਕ ਹਨ ਅਤੇ ਚੀਨ ਵਿੱਚ ਪਲਾਸਟਿਕ ਸਰਜਰੀ ਦੇ ਮਾਮਲਿਆਂ ਵਿੱਚ ਵਾਧੇ ਦਾ ਚਿੰਨ੍ਹ ਵੀ ਹਨ।
ਪਰ ਇਸ ਲਈ ਉਨ੍ਹਾਂ ਨੂੰ ਭਾਰੀ ਕੀਮਤ ਚੁਕਾਉਣੀ ਪਈ।
ਬੀਜਿੰਗ ਵਿੱਚ ਆਪਣੇ ਆਲੀਸ਼ਾਨ ਡੁਪਲੈਕਸ ਵਿੱਚ ਸ਼ੀਸ਼ੇ ਦੇ ਸਾਹਮਣੇ ਬੈਠੀ, ਉਹ ਹਾਲ ਹੀ ਵਿੱਚ ਚਿਹਰੇ ਨੂੰ ਪਤਲਾ ਕਰਨ ਵਾਲੇ ਟੀਕਿਆਂ ਦੁਆਰਾ ਛੱਡੇ ਗਏ ਦਾਗਾਂ 'ਤੇ ਨਾਜ਼ੁਕਤਾ ਨਾਲ ਕੰਸੀਲਰ ਲਗਾਉਂਦੀ ਹੈ।
ਇਹ ਇੱਕ ਅਜਿਹੀ ਪ੍ਰਕਿਰਿਆ ਹੈ ਜਿਸ ਰਾਹੀਂ ਉਹ ਆਪਣੇ ਚਿਹਰੇ ਦੀ ਚਮੜੀ ਨੂੰ 'ਕਸਿਆ ਅਤੇ ਪਤਲਾ' ਦਿਖਾ ਸਕਦੇ ਹਨ।
ਉਹ ਇਹ ਹਰ ਮਹੀਨੇ ਕਰਦੀ ਹੈ ਕਿਉਂਕਿ ਉਨ੍ਹਾਂ ਦੇ ਜਬਾੜੇ ਦੀਆਂ ਤਿੰਨ ਸਰਜਰੀਆਂ ਤੋਂ ਬਾਅਦ, ਉੱਥੋਂ ਕਈ ਹੱਡੀਆਂ ਕੱਢਣੀਆਂ ਪਈਆਂ ਸਨ।
ਪਰ ਉਨ੍ਹਾਂ ਨੂੰ ਸਰਜਰੀ ਕਰਵਾਉਣ ਦਾ ਕੋਈ ਪਛਤਾਵਾ ਨਹੀਂ ਹੈ। ਉਨ੍ਹਾਂ ਦਾ ਮੰਨਣਾ ਹੈ ਕਿ ਉਨ੍ਹਾਂ ਦੀ ਮਾਂ ਨੇ ਉਨ੍ਹਾਂ ਦੇ ਲਈ ਜੋ ਫੈਸਲਾ ਲਿਆ ਸੀ ਉਹ ਸਹੀ ਸੀ।
ਉਹ ਕਹਿੰਦੇ ਹਨ, "ਸਰਜਰੀ ਨੇ ਆਪਣਾ ਕੰਮ ਕੀਤਾ। ਮੇਰਾ ਆਤਮਵਿਸ਼ਵਾਸ ਵਧਿਆ ਅਤੇ ਮੈਂ ਖੁਸ਼ ਹਾਂ। ਮੇਰੀ ਮਾਂ ਨੇ ਸਹੀ ਫੈਸਲਾ ਲਿਆ।"
ਚੀਨ ਵਿੱਚ ਪਹਿਲਾਂ ਪਲਾਸਟਿਕ ਸਰਜਰੀ ਨੂੰ ਟੈਬੂ ਮੰਨਿਆ ਜਾਂਦਾ ਸੀ। ਪਰ ਪਿਛਲੇ ਦੋ ਦਹਾਕਿਆਂ ਵਿੱਚ, ਇੱਥੇ ਪਲਾਸਟਿਕ ਸਰਜਰੀ ਕਾਫ਼ੀ ਮਸ਼ਹੂਰ ਹੋ ਗਈ ਹੈ।
ਚੀਨ ਵਿੱਚ ਹਰ ਸਾਲ, ਲਗਭਗ 20 ਮਿਲੀਅਨ ਲੋਕ ਕਾਸਮੈਟਿਕ ਸਰਜਰੀ ਕਰਵਾਉਂਦੇ ਹਨ।
ਚੀਨੀ ਸੱਭਿਆਚਾਰ ਵਿੱਚ, ਖਾਸ ਕਰਕੇ ਔਰਤਾਂ ਲਈ, ਤੁਸੀਂ ਕਿਵੇਂ ਦਿਖਾਈ ਦਿੰਦੇ ਹੋ, ਨੂੰ ਬਹੁਤ ਮਹੱਤਵ ਦਿੱਤਾ ਜਾਂਦਾ ਹੈ। ਪਰ ਹੁਣ ਚੀਨ ਵਿੱਚ ਸੁੰਦਰਤਾ ਦਾ ਮਿਆਰ ਬਦਲ ਰਿਹਾ ਹੈ।
ਕਈ ਸਾਲ ਪਹਿਲਾਂ, ਪੱਛਮੀ ਦੇਸ਼ਾਂ, ਐਨੀਮੇ ਅਤੇ ਕੋਰੀਆਈ ਪੌਪ ਨਾਲ ਜੁੜੇ ਸੁੰਦਰਤਾ ਮਿਆਰਾਂ ਬਾਰੇ ਚਰਚਾ ਹੁੰਦੀ ਸੀ, ਜਿਵੇਂ ਕਿ ਦੋਹਰੀ ਪਲਕਾਂ, ਤਿੱਖੀ ਠੋਡੀ-ਨੱਕ ਅਤੇ ਸਮਰੂਪਤਾ ਵਾਲਾ ਚਿਹਰਾ।
ਪਰ ਹੁਣ ਉਨ੍ਹਾਂ ਪ੍ਰਕਿਰਿਆਵਾਂ ਬਾਰੇ ਗੱਲ ਹੋ ਰਹੀ ਹੈ ਜੋ ਵਧੇਰੇ ਪਰੇਸ਼ਾਨ ਕਰਨ ਵਾਲੀਆਂ ਹਨ।
ਲੋਕ ਹੁਣ ਡਾਕਟਰਾਂ ਨੂੰ ਕਹਿੰਦੇ ਹਨ ਕਿ 'ਸਾਨੂੰ ਹੋਰ ਜ਼ਿਆਦਾ ਔਰਤਾਂ ਵਾਂਗ ਦੇ ਜਾਂ ਬੱਚਿਆਂ ਵਰਗੇ ਲੁੱਕਸ ਦਿਓ।'
ਬੋਟੌਕਸ ਦਾ ਟੀਕਾ ਹੁਣ ਕੰਨਾਂ ਦੇ ਪਿੱਛੇ ਲਗਾਇਆ ਜਾਂਦਾ ਹੈ ਤਾਂ ਜੋ ਇੱਕ ਜਵਾਨ ਅਤੇ ਸੁੰਦਰ ਚਿਹਰੇ ਦਾ ਭਰਮ ਪੈਦਾ ਕੀਤਾ ਜਾ ਸਕੇ।
ਇਨ੍ਹਾਂ ਵਿੱਚ ਐਨੀਮੇ ਵਿੱਚ ਦਿਖਾਈ ਦੇਣ ਵਾਲੇ ਕਿਰਦਾਰਾਂ ਵਾਂਗ ਵੱਡੀਆਂ ਅੱਖਾਂ ਦੇਣ ਲਈ ਹੇਠਲੀਆਂ ਪਲਕਾਂ ਦੀ ਸਰਜਰੀ, ਨੱਕ ਅਤੇ ਬੁੱਲ੍ਹਾਂ ਵਿਚਕਾਰ ਦੂਰੀ ਘਟਾਉਣ ਲਈ ਉੱਪਰਲੇ ਬੁੱਲ੍ਹਾਂ ਦੀ ਸਰਜਰੀ, ਅਤੇ ਜਵਾਨ ਦਿਖਣ ਲਈ ਨੱਕ ਦੀ ਸਰਜਰੀ ਸ਼ਾਮਲ ਹੈ।
ਪਰ ਇਹ ਸੁੰਦਰਤਾ ਸਕਰੀਨ ਲਈ ਘੜੀ ਜਾ ਰਹੀ ਹੈ।
ਇਹ ਸਰਜਰੀਆਂ ਫਿਲਟਰ ਅਤੇ ਰਿੰਗ ਲਾਈਟਾਂ ਦੇ ਨਾਲ ਸ਼ਾਨਦਾਰ ਨਤੀਜੇ ਦਿੰਦੀਆਂ ਹਨ।
ਪਰ ਅਸਲ ਜ਼ਿੰਦਗੀ ਵਿੱਚ ਅਜਿਹਾ ਚਿਹਰਾ ਮਨੁੱਖੀ ਚਿਹਰੇ ਵਰਗਾ ਘੱਟ ਦਿਖਾਈ ਦਿੰਦਾ ਹੈ।
ਚੀਨ ਵਿੱਚ ਬਹੁਤ ਸਾਰੀਆਂ 'ਬਿਊਟੀ' ਐਪਸ ਮਸ਼ਹੂਰ ਹਨ
ਚੀਨ ਵਿੱਚ, ਸੋਯਾਂਗ (ਨਿਊ ਆਕਸੀਜਨ) ਅਤੇ ਗੇਂਗਮੇਈ (ਮੋਰ ਬਿਊਟੀਫੁੱਲ) ਵਰਗੀਆਂ ਕਾਸਮੈਟਿਕ ਸਰਜਰੀ ਐਪਸ ਦੀ ਪ੍ਰਸਿੱਧੀ ਵੱਧ ਰਹੀ ਹੈ।
ਇਹ ਐਪਸ ਐਲਗੋਰਿਦਮ ਰਾਹੀਂ ਵਿਸ਼ਲੇਸ਼ਣ ਕਰਕੇ ਚਿਹਰੇ ਦੀਆਂ ਕਮੀਆਂ ਨੂੰ ਦੂਰ ਕਰਨ ਦਾ ਦਾਅਵਾ ਕਰਦੇ ਹਨ।
ਉਪਭੋਗਤਾਵਾਂ ਦੇ ਚਿਹਰੇ ਨੂੰ ਸਕੈਨ ਕਰਨ ਤੋਂ ਬਾਅਦ, ਇਹ ਸਰਜਰੀ ਸੰਬੰਧੀ ਸਲਾਹ ਦਿੰਦਾ ਹੈ ਅਤੇ ਨਾਲ ਹੀ ਨੇੜਲੇ ਕਲੀਨਿਕਾਂ ਦਾ ਸੁਝਾਅ ਵੀ ਦਿੰਦਾ ਹੈ।
ਇਹ ਐਪਸ ਹਰ ਕੰਮ ਵਿੱਚ ਆਪਣਾ ਕਮਿਸ਼ਨ ਲੈਂਦੇ ਹਨ।
ਇਨ੍ਹਾਂ ਰੁਝਾਨਾਂ ਨੂੰ ਮਸ਼ਹੂਰ ਹਸਤੀਆਂ ਸੋਸ਼ਲ ਮੀਡੀਆ 'ਤੇ ਪ੍ਰਚਾਰਦੀਆਂ ਹਨ ਅਤੇ ਇਸ ਨੂੰ ਇੱਕ ਆਮ ਪ੍ਰਕਿਰਿਆ ਦੱਸਿਆ ਜਾਂਦਾ ਹੈ।
ਚੀਨ ਦੀ ਮਸ਼ਹੂਰ ਸਰਜਰੀ ਇੰਫਲੂਐਂਸਰ ਏਬੀ ਵੂ ਨੇ ਸੋਸ਼ਲ ਮੀਡੀਆ ਪਲੇਟਫਾਰਮਾਂ 'ਤੇ ਸਰਜਰੀ ਨਾਲ ਸਬੰਧਤ ਸਾਰੀਆਂ ਪ੍ਰਕਿਰਿਆਵਾਂ ਦਾ ਦਸਤਾਵੇਜ਼ੀਕਰਨ ਕੀਤਾ ਹੈ।
ਉਹ ਸੋਯੌਂਗ ਦੇ ਲਾਂਚ ਹੁੰਦੇ ਹੀ ਇਸ ਵਿੱਚ ਸ਼ਾਮਲ ਹੋ ਗਏ ਸਨ।
ਸੌ ਤੋਂ ਵੱਧ ਪ੍ਰਕਿਰਿਆਵਾਂ ਵਿੱਚੋਂ ਲੰਘਣ ਦੇ ਬਾਵਜੂਦ, ਜਦੋਂ ਉਹ ਐਪ ਵਿੱਚ ਸ਼ਾਮਲ ਹੋਏ, ਤਾਂ 'ਮੈਜਿਕ ਮਿਰਰ' ਵਿਸ਼ੇਸ਼ਤਾ ਨੇ ਉਨ੍ਹਾਂ ਨੂੰ ਸਰਜਰੀ ਦੇ ਹੋਰ ਬਹੁਤ ਸਾਰੇ ਸੁਝਾਅ ਦਿੱਤੇ।
ਏਬੀ ਇਸ ਸਭ ਤੋਂ ਹੈਰਾਨ ਸੀ।
ਏਬੀ ਕਹਿੰਦੇ ਹਨ ਕਿ ਐਪ ਨੇ ਉਨ੍ਹਾਂ ਨੂੰ ਠੋਡੀ ਅਤੇ ਨੱਕ ਦੀ ਸਰਜਰੀ ਕਰਵਾਉਣ ਦੀ ਸਲਾਹ ਦਿੱਤੀ। ਉਨ੍ਹਾਂ ਦਾ ਕਹਿਣਾ ਹੈ ਕਿ ਉਹ ਪਹਿਲਾਂ ਹੀ ਠੋਡੀ ਅਤੇ ਨੱਕ ਦੀ ਸਰਜਰੀ ਕਰਵਾ ਚੁੱਕੇ ਹਨ।
ਸਰਜਰੀ ਦੀ ਵੱਧਦੀ ਮੰਗ ਨੂੰ ਪੂਰਾ ਕਰਨ ਲਈ ਚੀਨ ਵਿੱਚ ਅਜਿਹੇ ਕਲੀਨਿਕ ਤੇਜ਼ੀ ਨਾਲ ਖੁੱਲ੍ਹ ਰਹੇ ਹਨ।
ਪਰ ਯੋਗ ਪ੍ਰੈਕਟੀਸ਼ਨਰਾਂ ਦੀ ਘਾਟ ਹੈ ਅਤੇ ਬਹੁਤ ਸਾਰੇ ਕਲੀਨਿਕ ਬਿਨ੍ਹਾਂ ਲਾਇਸੈਂਸ ਦੇ ਚੱਲ ਰਹੇ ਹਨ।
ਮਾਰਕੀਟਿੰਗ ਰਿਸਰਚ ਕੰਪਨੀ ਆਈ ਰਿਸਰਚ ਦੀ 2019 ਦੀ ਰਿਪੋਰਟ ਦੇ ਅਨੁਸਾਰ, ਚੀਨ ਵਿੱਚ ਲਗਭਗ 80 ਹਜ਼ਾਰ ਥਾਵਾਂ ਹਨ ਜਿੱਥੇ ਬਿਨ੍ਹਾਂ ਲਾਇਸੈਂਸ ਦੇ ਕਾਸਮੈਟਿਕ ਸਰਜਰੀ ਕੀਤੀ ਜਾ ਰਹੀ ਹੈ। ਉਨ੍ਹਾਂ ਵਿੱਚ ਲਗਭਗ ਇੱਕ ਲੱਖ ਲੋਕ ਕੰਮ ਕਰ ਰਹੇ ਹਨ ਜਿਨ੍ਹਾਂ ਕੋਲ ਇਹ ਕੰਮ ਕਰਨ ਦੀ ਯੋਗਤਾ ਵੀ ਨਹੀਂ ਹੈ।
ਇਸ ਕਾਰਨ ਕਾਸਮੈਟਿਕ ਸਰਜਰੀ ਕਲੀਨਿਕਾਂ ਵਿੱਚ ਹਰ ਰੋਜ਼ ਸੈਂਕੜੇ ਹਾਦਸੇ ਵਾਪਰ ਰਹੇ ਹਨ।
ਡਾ. ਯੰਗ ਲੂ ਇੱਕ ਪਲਾਸਟਿਕ ਸਰਜਨ ਹਨ ਅਤੇ ਸ਼ੰਘਾਈ ਵਿੱਚ ਇੱਕ ਕਾਸਮੈਟਿਕ ਸਰਜਰੀ ਕਲੀਨਿਕ ਚਲਾਉਂਦੇ ਹਨ।
ਉਹ ਕਹਿੰਦੇ ਹਨ ਕਿ ਹਾਲ ਹੀ ਦੇ ਸਾਲਾਂ ਵਿੱਚ ਸਰਜਰੀ ਦੌਰਾਨ ਹਾਦਸਿਆਂ ਦੀ ਗਿਣਤੀ ਵਧੀ ਹੈ।
ਉਨ੍ਹਾਂ ਅੱਗੇ ਕਿਹਾ, "ਮੈਂ ਬਹੁਤ ਸਾਰੇ ਮਰੀਜ਼ ਦੇਖੇ ਹਨ ਜਿਨ੍ਹਾਂ ਦੀ ਪਹਿਲੀ ਸਰਜਰੀ ਫੇਲ੍ਹ ਹੋ ਗਈ ਕਿਉਂਕਿ ਉਹ ਬਿਨ੍ਹਾਂ ਲਾਇਸੈਂਸ ਵਾਲੀਆਂ ਥਾਵਾਂ 'ਤੇ ਗਏ ਸਨ। ਕੁਝ ਲੋਕਾਂ ਨੇ ਤਾਂ ਘਰ ਵਿੱਚ ਵੀ ਸਰਜਰੀ ਕਰਵਾਈ ਸੀ।"
ਸਰਜਰੀ ਦਾ ਕੀਮਤ ਚੁਕਾ ਰਹੇ ਹਨ ਲੋਕ
28 ਸਾਲਾ ਯੂ ਯੂ ਉਨ੍ਹਾਂ ਵਿੱਚੋਂ ਇੱਕ ਹੈ ਜਿਸਦੀ ਸਰਜਰੀ ਗਲਤ ਹੋ ਗਈ ਸੀ।
2020 ਵਿੱਚ, ਉਨ੍ਹਾਂ ਨੂੰ ਇੱਕ ਨਜ਼ਦੀਕੀ ਦੋਸਤ ਦੇ ਬਿਨਾਂ ਲਾਇਸੈਂਸ ਵਾਲੇ ਕਲੀਨਿਕ ਤੋਂ ਬੇਬੀ ਫੇਸ ਕੋਲੇਜਨ ਟੀਕੇ ਮਿਲੇ। ਇਹ ਚਿਹਰੇ ਨੂੰ ਹੋਰ ਮੋਟਾ ਦਿਖਾਉਣ ਲਈ ਸਨ।
ਪਰ ਇਹ ਫਿਲਰ ਸਖ਼ਤ ਹੋ ਗਏ।
ਯੂ ਯੂ ਨੇ ਦੱਸਦੇ ਹਨ "ਮੈਨੂੰ ਇੰਝ ਲੱਗਾ ਜਿਵੇਂ ਮੇਰੀ ਚਮੜੀ ਦੇ ਹੇਠਾਂ ਸੀਮਿੰਟ ਹੋਵੇ।"
ਆਪਣੇ ਨੁਕਸਾਨ ਦੀ ਭਰਪਾਈ ਕਰਨ ਲਈ, ਯੂ ਯੂ ਇੱਕ ਕਲੀਨਿਕ ਗਈ ਜਿਸ ਬਾਰੇ ਉਨ੍ਹਾਂ ਨੂੰ ਸੋਸ਼ਲ ਮੀਡੀਆ 'ਤੇ ਜਾਣਕਾਰੀ ਮਿਲੀ ਸੀ।
ਪਰ ਉੱਥੇ ਪਹੁੰਚਣ ਤੋਂ ਬਾਅਦ, ਹਾਲਾਤ ਵਿਗੜ ਗਏ।
ਕਲੀਨਿਕ ਵਿੱਚ, ਇੱਕ ਸਰਿੰਜ ਦੀ ਵਰਤੋਂ ਕਰਕੇ ਫਿਲਰ ਨੂੰ ਹਟਾਉਣ ਦੀ ਕੋਸ਼ਿਸ਼ ਕੀਤੀ ਗਈ। ਪਰ ਸਖ਼ਤ ਹਿੱਸੇ ਨੂੰ ਹਟਾਉਣ ਦੀ ਬਜਾਏ, ਉਨ੍ਹਾਂ ਨੇ ਟਿਸ਼ੂ ਹੀ ਹਟਾ ਦਿੱਤਾ। ਇਸ ਨਾਲ ਉਸਦੀ ਚਮੜੀ 'ਤੇ ਅਸਰ ਪਿਆ।
ਇੱਕ ਹੋਰ ਕਲੀਨਿਕ ਨੇ ਉਨ੍ਹਾਂ ਦੇ ਕੰਨਾਂ ਦੇ ਨੇੜੇ ਦੀ ਚਮੜੀ ਨੂੰ ਚੁੱਕ ਕੇ ਫਿਲਰ ਤੱਕ ਪਹੁੰਚਣ ਦੀ ਕੋਸ਼ਿਸ਼ ਕੀਤੀ। ਇਸ ਨਾਲ ਉਨ੍ਹਾਂ ਦੇ ਸਰੀਰ 'ਤੇ ਦੋ ਡੂੰਘੇ ਨਿਸ਼ਾਨ ਰਹਿ ਗਏ ਅਤੇ ਉਨ੍ਹਾਂ ਦਾ ਚਿਹਰਾ ਗੈਰ-ਕੁਦਰਤੀ ਤੌਰ 'ਤੇ ਕਸਿਆ ਦਿਖਾਈ ਦੇਣ ਲੱਗਾ।
ਉਹ ਕਹਿੰਦੇ ਹਨ, "ਮੇਰੀ ਪੂਰੀ ਇਮੇਜ ਖਰਾਬ ਹੋ ਗਈ ਸੀ। ਮੈਂ ਆਪਣੀ ਸ਼ਾਇਨ ਗੁਆ ਦਿੱਤੀ ਅਤੇ ਇਸ ਦਾ ਮੇਰੇ ਕੰਮ 'ਤੇ ਵੀ ਅਸਰ ਪਿਆ।"
ਬਾਅਦ ਵਿੱਚ, ਉਹ ਸੋਯੰਗ ਐਪ ਰਾਹੀਂ ਡਾ. ਯਾਂਗ ਤੱਕ ਪਹੁੰਚੀ ਅਤੇ ਉੱਥੋਂ ਆਪਣਾ ਇਲਾਜ ਕਰਵਾਉਣ ਲੱਗੀ। ਇਸ ਨਾਲ ਉਸ ਨੂੰ ਫਾਇਦਾ ਹੋਇਆ ਹੈ। ਪਰ ਉਹ ਕਹਿੰਦੀ ਹੈ ਕਿ ਪਹਿਲਾਂ ਹੋਏ ਨੁਕਸਾਨ ਦੀ ਭਰਪਾਈ ਕਰਨਾ ਅਸੰਭਵ ਹੈ।
ਉਹ ਕਹਿੰਦੀ ਹੈ, "ਮੇਰੀ ਹੁਣ ਸੁੰਦਰ ਬਣਨ ਦੀ ਕੋਈ ਇੱਛਾ ਨਹੀਂ ਹੈ। ਜੇ ਮੈਨੂੰ ਮੌਕਾ ਮਿਲਦਾ, ਤਾਂ ਮੈਂ ਓਸੇ ਤਰ੍ਹਾਂ ਦਿਖਣਾ ਚਾਹਾਂਗੀ ਜਿਵੇਂ ਮੈਂ ਸਰਜਰੀ ਤੋਂ ਪਹਿਲਾਂ ਦਿਖਦੀ ਸੀ। ਮੈਨੂੰ ਖੁਸ਼ੀ ਹੋਵੇਗੀ।"
ਕਾਸਮੈਟਿਕ ਸਰਜਰੀ ਦਾ ਵੱਧਦਾ ਬਾਜ਼ਾਰ
ਚੀਨ ਵਿੱਚ ਹਰ ਸਾਲ, ਯੂ ਯੂ ਵਰਗੇ ਹਜ਼ਾਰਾਂ ਲੋਕ ਬਿਨ੍ਹਾਂ ਲਾਇਸੈਂਸ ਵਾਲੇ ਕਲੀਨਿਕਾਂ ਕਾਰਨ ਮੁਸੀਬਤ ਵਿੱਚ ਫਸ ਜਾਂਦੇ ਹਨ।
ਪਰ ਬਹੁਤ ਸਾਰੇ ਲਾਇਸੰਸਸ਼ੁਦਾ ਕਲੀਨਿਕ ਵੀ ਨਿਯਮਾਂ ਦੀ ਸਹੀ ਢੰਗ ਨਾਲ ਪਾਲਣਾ ਨਹੀਂ ਕਰ ਰਹੇ ਹਨ।
ਸਾਲ 2020 ਵਿੱਚ, ਅਦਾਕਾਰਾ ਗਾਓ ਲਿਊ ਨੇ ਆਪਣੇ ਨੱਕ ਦੀ ਸਰਜਰੀ ਕਰਵਾਈ ਸੀ ਪਰ ਮਾਮਲਾ ਹੋਰ ਵੀ ਵਿਗੜ ਗਿਆ। ਉਨ੍ਹਾਂ ਦੇ ਨੱਕ ਦਾ ਸਿਰਾ ਕਾਲਾ ਹੋ ਗਿਆ।
ਉਹ ਕਹਿੰਦੇ ਹਨ, "ਮੇਰਾ ਚਿਹਰਾ ਖਰਾਬ ਹੋ ਗਿਆ ਅਤੇ ਇਸ ਕਾਰਨ ਮੇਰਾ ਅਦਾਕਾਰੀ ਕਰੀਅਰ ਤਬਾਹ ਹੋ ਗਿਆ।"
ਉਹ ਕਹਿੰਦੇ ਹਨ ਕਿ ਉਨ੍ਹਾਂ ਨੇ ਆਪਣੀ ਨੱਕ ਦੀ ਸਰਜਰੀ ਡਾਕਟਰ ਹੇਅ ਮਿੰਗ ਦੁਆਰਾ ਸ਼ੀਜ਼ ਟਾਈਮਜ਼, ਇੱਕ ਲਾਇਸੰਸਸ਼ੁਦਾ ਕਲੀਨਿਕ ਵਿੱਚ ਕਰਵਾਈ ਸੀ।
ਡਾਕਟਰ ਹੇਅ ਮਿੰਗ ਨੂੰ ਉੱਥੇ ਦੇ "ਮੁੱਖ ਸਰਜਨ" ਅਤੇ ਨੱਕ ਦੀ ਸਰਜਰੀ ਦਾ ਮਾਹਰ ਦੱਸਿਆ ਗਿਆ ਸੀ।
ਪਰ ਅਸਲੀਅਤ ਵਿੱਚ ਉਹ ਇਸ ਲਈ ਪੂਰੀ ਤਰ੍ਹਾਂ ਯੋਗ ਨਹੀਂ ਸਨ। ਡਾਕਟਰ ਹੇਅ ਨੂੰ ਰਾਜ ਸਿਹਤ ਕਮਿਸ਼ਨ ਤੋਂ ਲਾਇਸੰਸਸ਼ੁਦਾ ਪਲਾਸਟਿਕ ਸਰਜਨ ਦਾ ਦਰਜਾ ਵੀ ਹਾਸਲ ਨਹੀਂ ਸੀ।
ਅਧਿਕਾਰੀਆਂ ਨੇ ਕਲੀਨਿਕ ਨੂੰ ਜੁਰਮਾਨਾ ਲਗਾਇਆ ਅਤੇ ਉਸ ਨੂੰ ਛੇਤੀ ਹੀ ਅਧਿਕਾਰਤ ਤੌਰ 'ਤੇ ਬੰਦ ਕਰ ਦਿੱਤਾ ਗਿਆ।
ਡਾ. ਹੇਅ 'ਤੇ ਵੀ 6 ਮਹੀਨਿਆਂ ਲਈ ਸਰਜਰੀ ਕਰਨ ਦੀ ਰੋਕ ਲੱਗਾ ਦਿੱਤੀ ਗਈ ਸੀ ।
ਪਰ ਕੁਝ ਸਮੇਂ ਬਾਅਦ, ਉਸੇ ਪਤੇ 'ਤੇ ਹੀ ਚਿੰਗਿਆ ਨਾਮ ਦਾ ਇੱਕ ਨਵਾਂ ਕਲੀਨਿਕ ਖੋਲ੍ਹਣ ਲਈ ਅਰਜ਼ੀ ਆਈ।
ਬੀਬੀਸੀ ਆਈ ਨੂੰ ਨਵੇਂ ਕਲੀਨਿਕ ਦੇ ਪੁਰਾਣੇ ਕਲੀਨਿਕ ਨਾਲ ਜੁੜੇ ਹੋਣ ਦੇ ਪੁਖਤਾ ਸਬੂਤ ਮਿਲੇ ਹਨ। ਜ਼ਿਆਦਾਤਰ ਪੁਰਾਣੇ ਸਟਾਫ਼ ਨੂੰ ਉੱਥੇ ਨੌਕਰੀਆਂ ਦਿੱਤੀਆਂ ਗਈਆਂ ਸਨ, ਜਿਨ੍ਹਾਂ ਵਿੱਚ ਡਾ. ਹੇਅ ਵੀ ਸ਼ਾਮਲ ਸਨ।
ਬੀਬੀਸੀ ਨੂੰ ਪਤਾ ਲੱਗਾ ਹੈ ਕਿ ਡਾ. ਹੇਅ ਨੂੰ ਅਪ੍ਰੈਲ 2024 ਵਿੱਚ ਪਲਾਸਟਿਕ ਸਰਜਨ ਵਜੋਂ ਆਪਣਾ ਲਾਇਸੈਂਸ ਮਿਲ ਗਿਆ ਸੀ। ਬਾਵਜੂਦ ਇਸਦੇ ਕਿ 2021 ਵਿੱਚ ਲਗਾਈ ਗਈ ਪਾਬੰਦੀ ਤੋਂ ਬਾਅਦ, ਉਹ ਪੰਜ ਸਾਲਾਂ ਤੱਕ ਇਸ ਲਾਇਸੈਂਸ ਲਈ ਅਰਜ਼ੀ ਨਹੀਂ ਦੇ ਸਕਦੇ ਸਨ।
ਨਵਾਂ ਕਲੀਨਿਕ ਚਿੰਗਿਆ 30 ਤੋਂ ਵੱਧ ਸ਼ਾਖਾਵਾਂ ਦੇ ਹੋਣ ਦਾ ਦਾਅਵਾ ਕਰਦਾ ਹੈ।
ਡਾ.ਹੇਅ, ਚਿੰਗਿਆ ਅਤੇ ਸਿਹਤ ਕਮਿਸ਼ਨ ਨੇ ਇਸ ਮਾਮਲੇ ਬਾਰੇ ਬੀਬੀਸੀ ਦੇ ਸਵਾਲਾਂ ਦੇ ਜਵਾਬ ਨਹੀਂ ਦਿੱਤੇ।
ਬ੍ਰਿਟੇਨ ਵਿੱਚ ਚੀਨੀ ਦੂਤਾਵਾਸ ਨੇ ਕਿਹਾ "ਚੀਨੀ ਸਰਕਾਰ ਹਮੇਸ਼ਾ ਉਦਯੋਗ ਤੋਂ ਰਾਸ਼ਟਰੀ ਕਾਨੂੰਨਾਂ ਅਤੇ ਨਿਯਮਾਂ ਦੀ ਸਖ਼ਤੀ ਨਾਲ ਪਾਲਣਾ ਕਰਨ ਦੀ ਉਮੀਦ ਕਰਦੀ ਹੈ।"
ਨੌਕਰੀ ਲਈ ਅਜਿਹੀਆਂ ਸ਼ਰਤਾਂ ਰੱਖੀਆਂ ਜਾਂਦੀਆਂ ਹਨ
ਚਾਰ ਸਾਲ ਅਤੇ ਦੋ ਆਪਰੇਸ਼ਨਾਂ ਤੋਂ ਬਾਅਦ ਵੀ, ਲਿਊ ਲਿਊ ਦਾ ਨੱਕ ਪੂਰੀ ਤਰ੍ਹਾਂ ਠੀਕ ਨਹੀਂ ਹੋਇਆ ਹੈ। ਉਹ ਕਹਿੰਦੇ ਹਨ, "ਮੈਨੂੰ ਬਹੁਤ ਪਛਤਾਵਾ ਹੈ ਕਿ ਮੈਂ ਇਹ ਫੈਸਲਾ ਕਿਉਂ ਲਿਆ।"
ਹਾਲ ਹੀ ਵਿੱਚ, ਚੀਨ ਦਾ ਕੇਂਦਰੀ ਸਿਹਤ ਕਮਿਸ਼ਨ ਘੱਟ ਯੋਗਤਾ ਪ੍ਰਾਪਤ ਸਿਹਤ ਪ੍ਰੈਕਟੀਸ਼ਨਰਾਂ ਵਿਰੁੱਧ ਕਾਰਵਾਈ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ, ਪਰ ਸਮੱਸਿਆ ਅਜੇ ਵੀ ਬਰਕਰਾਰ ਹੈ।
ਨੌਕਰੀ ਨਾਲ ਸਬੰਧਤ ਪਲੇਟਫਾਰਮ 'ਤੇ ਅਜਿਹੀਆਂ ਬਹੁਤ ਸਾਰੀਆਂ ਉਦਾਹਰਣਾਂ ਮਿਲਦੀਆਂ ਹਨ ਜਿੱਥੇ ਕਿਸੇ ਵਿਅਕਤੀ ਦੇ ਸਰੀਰਕ ਦਿੱਖ 'ਤੇ ਚਰਚਾ ਕੀਤੀ ਗਈ ਹੈ।
ਭਾਵੇਂ ਇਸ ਦਾ ਉਨ੍ਹਾਂ ਦੇ ਕੰਮ ਨਾਲ ਕੋਈ ਲੈਣਾ-ਦੇਣਾ ਨਾ ਵੀ ਹੋਵੇ।
ਰਿਸੈਪਸ਼ਨਿਸਟ ਦੇ ਅਹੁਦੇ ਦੀ ਭਰਤੀ ਲਈ ਇੱਕ ਇਸ਼ਤਿਹਾਰ ਵਿੱਚ ਕਿਹਾ ਗਿਆ ਸੀ, "ਉਮੀਦਵਾਰ 160 ਸੈਂਟੀਮੀਟਰ ਲੰਬਾ ਅਤੇ ਸੁੰਦਰ ਹੋਣਾ ਚਾਹੀਦਾ ਹੈ।"
ਚੀਨ ਦੇ ਕੁਝ ਕਲੀਨਿਕ ਇਸ ਦਬਾਅ ਦਾ ਫਾਇਦਾ ਚੁੱਕ ਰਹੇ ਹਨ। ਉੱਥੇ ਨੌਜਵਾਨ ਔਰਤਾਂ ਨੂੰ ਨੌਕਰੀਆਂ ਦੀ ਪੇਸ਼ਕਸ਼ ਕੀਤੀ ਜਾਂਦੀ ਹੈ, ਪਰ ਉਨ੍ਹਾਂ ਦੇ ਸਾਹਮਣੇ ਇੱਕ ਸ਼ਰਤ ਰੱਖੀ ਜਾਂਦੀ ਹੈ ਕਿ ਉਨ੍ਹਾਂ ਨੂੰ ਮਹਿੰਗੀ ਸਰਜਰੀ ਕਰਵਾਉਣੀ ਪਵੇਗੀ।
ਡਾ ਲੇਨ (ਬਦਲਿਆ ਹੋਇਆ ਨਾਮ) ਨੇ ਮਾਰਚ 2024 ਵਿੱਚ ਇੱਕ ਮਸ਼ਹੂਰ ਨੌਕਰੀ ਖੋਜ ਵੈੱਬਸਾਈਟ ਰਾਹੀਂ "ਬਿਊਟੀ ਕੰਸਲਟੈਂਟ" ਦੀ ਨੌਕਰੀ ਲਈ ਅਰਜ਼ੀ ਦਿੱਤੀ। ਉਸੇ ਸ਼ਾਮ ਨੂੰ ਇੰਟਰਵਿਊ ਤੋਂ ਬਾਅਦ, ਉਨ੍ਹਾਂ ਨੂੰ ਨੌਕਰੀ ਦੀ ਪੇਸ਼ਕਸ਼ ਕੀਤੀ ਗਈ।
ਪਰ ਜਦੋਂ ਉਹ ਅਗਲੀ ਸਵੇਰ ਕੰਮ ਕਰਨ ਲੱਗੀ, ਤਾਂ ਉਨ੍ਹਾਂ ਦਾ ਮੈਨੇਜਰ ਉਸ ਨੂੰ ਇੱਕ ਛੋਟੇ ਜਿਹੇ ਕਮਰੇ ਵਿੱਚ ਲੈ ਗਿਆ ਅਤੇ ਉਸ ਨੂੰ ਉੱਪਰ ਤੋਂ ਹੇਠਾਂ ਤੱਕ ਸਕੈਨ ਕਰਨ ਤੋਂ ਬਾਅਦ, ਉਸ ਨੂੰ ਕਿਹਾ ਕਿ ਜਾਂ ਤਾਂ ਕਾਸਮੈਟਿਕ ਸਰਜਰੀ ਕਰਵਾਓ ਜਾਂ ਆਪਣੀ ਨੌਕਰੀ ਛੱਡ ਦਿਓ।
ਡਾ. ਲੇਨ ਨੂੰ ਇਸ ਬਾਰੇ ਸੋਚਣ ਲਈ ਇੱਕ ਘੰਟੇ ਤੋਂ ਵੀ ਘੱਟ ਸਮਾਂ ਦਿੱਤਾ ਗਿਆ। ਦਬਾਅ ਹੇਠ, ਉਹ ਪਲਕਾਂ ਦੀ ਸਰਜਰੀ ਕਰਵਾਉਣ ਲਈ ਸਹਿਮਤ ਹੋ ਗਿਆ।
ਇਸ ਸਰਜਰੀ ਦੀ ਕੀਮਤ 13 ਹਜ਼ਾਰ ਯੂਆਨ ਸੀ ਅਤੇ ਇਹ ਉਸਦੀ ਮਾਸਿਕ ਤਨਖਾਹ ਤੋਂ ਤਿੰਨ ਗੁਣਾ ਸੀ। ਇਸ 'ਤੇ 30 ਪ੍ਰਤੀਸ਼ਤ ਸਾਲਾਨਾ ਵਿਆਜ ਵੀ ਲਗਾਇਆ ਜਾਂਦਾ ਹੈ।
ਡਾ. ਲੇਨ ਕਹਿੰਦੀ ਹੈ ਕਿ ਸਟਾਫ ਨੇ ਉਸ ਤੋਂ ਉਸਦਾ ਫ਼ੋਨ ਖੋਹ ਲਿਆ ਅਤੇ ਇੱਕ ਅਖੌਤੀ 'ਬਿਊਟੀ ਲੋਨ' ਲਈ ਅਰਜ਼ੀ ਦੇਣ ਲਈ ਕਿਹਾ।
ਇਸ ਵਿੱਚ ਆਮਦਨ ਸੰਬੰਧੀ ਗਲਤ ਜਾਣਕਾਰੀ ਦਿੱਤੀ ਗਈ ਸੀ, ਪਰ ਉਸਨੂੰ ਇੱਕ ਮਿੰਟ ਦੇ ਅੰਦਰ ਕਰਜ਼ਾ ਮਿਲ ਗਿਆ।
ਸ਼ਾਮ ਨੂੰ, ਉਸ ਦੇ ਕੁਝ ਡਾਕਟਰੀ ਟੈਸਟ ਹੋਏ ਅਤੇ ਇੱਕ ਘੰਟੇ ਬਾਅਦ, ਉਸ ਦੀ ਸਰਜਰੀ ਹੋਈ।
24 ਘੰਟਿਆਂ ਦੇ ਅੰਦਰ, ਉਸ ਨੂੰ ਨੌਕਰੀ ਮਿਲਣ ਤੋਂ ਲੈ ਕੇ ਆਪ੍ਰੇਸ਼ਨ ਤੱਕ ਹਰ ਚੀਜ਼ ਵਿੱਚੋਂ ਲੰਘਣਾ ਪਿਆ। ਸਰਜਰੀ ਦਾ ਨੌਕਰੀ ਨਾਲ ਕੋਈ ਲੈਣਾ-ਦੇਣਾ ਨਹੀਂ ਸੀ।
ਡਾ. ਲੇਨ ਕਹਿੰਦੇ ਹਨ ਕਿ ਉਨ੍ਹਾਂ ਦਾ ਮੈਨੇਜਰ ਉਨ੍ਹਾਂ 'ਤੇ ਚੀਕਦਾ ਸੀ ਅਤੇ ਉਨ੍ਹਾਂ ਦਾ ਅਪਮਾਨ ਕਰਦਾ ਸੀ। ਉਨ੍ਹਾਂ ਨੇ ਕੁਝ ਹਫ਼ਤਿਆਂ ਦੇ ਅੰਦਰ-ਅੰਦਰ ਇਹ ਨੌਕਰੀ ਛੱਡ ਦਿੱਤੀ।
ਉਨ੍ਹਾਂ ਦਾ ਮੰਨਣਾ ਹੈ ਕਿ ਇਹ ਨੌਕਰੀ ਕਦੇ ਵੀ ਅਸਲੀ ਨਹੀਂ ਸੀ।
ਉਨ੍ਹਾਂ ਕਿਹਾ "ਸ਼ੁਰੂ ਤੋਂ ਹੀ, ਉਹ ਚਾਹੁੰਦੇ ਸਨ ਕਿ ਮੈਂ ਆਪਣੀ ਨੌਕਰੀ ਛੱਡ ਦੇਵਾਂ।"
10 ਦਿਨਾਂ ਤੋਂ ਵੱਧ ਕੰਮ ਕਰਨ ਤੋਂ ਬਾਅਦ, ਉਨ੍ਹਾਂ ਨੂੰ ਅਸਲ ਵਿੱਚ 303 ਯੂਆਨ ਤਨਖਾਹ ਵਜੋਂ ਮਿਲੇ। ਦੋਸਤਾਂ ਦੀ ਮਦਦ ਨਾਲ, ਡਾ. ਲੇਨ ਨੇ ਲਗਭਗ ਛੇ ਮਹੀਨਿਆਂ ਵਿੱਚ ਸਰਜਰੀ ਦਾ ਖਰਚਾ ਚੁਕਾਇਆ।
ਬਹੁਤ ਸਾਰੇ ਲੋਕ ਕਰਜ਼ੇ ਵਿੱਚ ਫਸੇ
ਬੀਬੀਸੀ ਆਈ ਨੇ ਕਈ ਪੀੜਤਾਂ ਨਾਲ ਗੱਲ ਕੀਤੀ, ਜਿਨ੍ਹਾਂ ਵਿੱਚ ਡਾਕਟਰ ਲੇਨ ਵੀ ਸ਼ਾਮਲ ਸਨ।
ਬਹੁਤ ਸਾਰੇ ਲੋਕਾਂ ਨੇ ਕਿਹਾ ਕਿ ਉਨ੍ਹਾਂ ਨੂੰ ਅਜਿਹੇ ਕਰਜ਼ਿਆਂ ਨੂੰ ਚੁਕਾਉਣ ਵਿੱਚ ਕਈ ਸਾਲ ਲੱਗ ਗਏ।
ਡਾ. ਲੇਨ ਨੇ ਕਿਹਾ ਕਿ ਕਲੀਨਿਕ ਬਾਰੇ ਪਹਿਲਾਂ ਵੀ ਰਿਪੋਰਟਾਂ ਆਈਆਂ ਸਨ ਜਿਸ ਨੇ ਉਨ੍ਹਾਂ ਨਾਲ ਧੋਖਾ ਕੀਤਾ ਸੀ। ਸਥਾਨਕ ਮੀਡੀਆ ਨੇ ਵੀ ਇਸ ਬਾਰੇ ਰਿਪੋਰਟ ਕੀਤੀ ਸੀ।
ਪਰ ਇਹ ਕਲੀਨਿਕ ਅਜੇ ਵੀ ਖੁੱਲ੍ਹਾ ਹੈ ਅਤੇ ਅਜੇ ਵੀ ਉਸੇ ਅਹੁਦੇ ਲਈ ਭਰਤੀ ਕੀਤੀ ਜਾ ਰਹੀ ਹੈ।
ਇਹ ਘੁਟਾਲਾ ਸਿਰਫ਼ ਕਲੀਨਿਕ ਦੀਆਂ ਨੌਕਰੀਆਂ ਨਾਲ ਸਬੰਧਤ ਨਹੀਂ ਹੈ, ਸਗੋਂ ਹੋਰ ਪੇਸ਼ਿਆਂ ਵਿੱਚ ਵੀ ਮੌਜੂਦ ਹੈ।
ਕੁਝ ਲਾਈਵ ਸਟ੍ਰੀਮਿੰਗ ਕੰਪਨੀਆਂ ਨੌਜਵਾਨ ਔਰਤਾਂ 'ਤੇ ਸਰਜਰੀ ਲਈ ਕਰਜ਼ਾ ਲੈਣ ਲਈ ਦਬਾਅ ਪਾਉਂਦੀਆਂ ਹਨ, ਉਨ੍ਹਾਂ ਨੂੰ ਇੰਫਲੂਏਂਸਰ ਬਣਾਉਣ ਦਾ ਵਾਅਦਾ ਕਰਦੀਆਂ ਹਨ।
ਪਰ ਪਰਦੇ ਪਿੱਛੇ ਇਨ੍ਹਾਂ ਕੰਪਨੀਆਂ ਦਾ ਕਲੀਨਿਕ ਨਾਲ ਸਮਝੌਤਾ ਹੁੰਦਾ ਹੈ ਅਤੇ ਹਰ ਆਪ੍ਰੇਸ਼ਨ 'ਤੇ ਉਨ੍ਹਾਂ ਦਾ ਕਮਿਸ਼ਨ ਵੀ ਤੈਅ ਹੁੰਦਾ ਹੈ।
ਏਬੀ ਬੀਜਿੰਗ ਦੇ ਇੱਕ ਕੈਫੇ ਵਿੱਚ ਸੈਲਫੀ ਵਾਲੀ ਥਾਂ 'ਤੇ ਆਪਣੇ ਦੋਸਤਾਂ ਨੂੰ ਮਿਲਦੀ ਹੈ। ਇਹ ਤਿੱਕੜੀ ਆਪਣੇ ਪੋਜ਼ ਐਡਜਸਟ ਕਰਦੇ ਹਨ ਅਤੇ ਆਪਣੇ ਚਿਹਰਿਆਂ ਨੂੰ ਬਹੁਤ ਧਿਆਨ ਨਾਲ ਐਡਿਟ ਕਰਦੇ ਹਨ।
ਜਦੋਂ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਉਨ੍ਹਾਂ ਨੂੰ ਉਨ੍ਹਾਂ ਦੇ ਚਿਹਰੇ ਦਾ ਕਿਹੜਾ ਹਿੱਸਾ ਸਭ ਤੋਂ ਵੱਧ ਪਸੰਦ ਹੈ, ਤਾਂ ਉਹ ਝਿਜਕਦੀ ਹੈ।
ਉਹ ਇੱਕ ਵੀ ਅਜਿਹੇ ਹਿੱਸੇ ਦਾ ਨਾਮ ਲੈਣ ਲਈ ਸੰਘਰਸ਼ ਕਰਦੀ ਹੈ ਜਿਸ ਨੂੰ ਉਨ੍ਹਾਂ ਨੇ ਬਦਲਣ ਬਾਰੇ ਸੋਚਿਆ ਨਾ ਹੋਵੇ।
ਏਬੀ ਕਹਿੰਦੇ ਹਨ ਕਿ ਉਹ ਇੱਕ ਹੋਰ ਨੱਕ ਦੀ ਸਰਜਰੀ ਕਰਵਾਉਣ ਬਾਰੇ ਸੋਚ ਰਹੇ ਹਨ। ਇਸ ਤੋਂ ਪਹਿਲਾਂ ਉਨ੍ਹਾਂ ਦੇ ਨੱਕ ਦੀ ਸਰਜਰੀ ਹੋਏ ਨੂੰ ਛੇ ਸਾਲ ਹੋ ਗਏ ਹਨ।
ਪਰ ਉਨ੍ਹਾਂ ਦਾ ਕਹਿਣਾ ਹੈ ਕਿ ਡਾਕਟਰਾਂ ਨੂੰ ਇਹ ਸਰਜਰੀ ਕਰਨ 'ਚ ਮੁਸ਼ਕਲ ਆ ਰਹੀ ਹੈ।
ਉਹ ਕਹਿੰਦੇ ਹਨ, "ਇੰਨੀਆਂ ਸਰਜਰੀਆਂ ਤੋਂ ਬਾਅਦ, ਮੇਰੀ ਚਮੜੀ ਹੁਣ ਪਹਿਲਾਂ ਵਰਗੀ ਲਚਕੀਲੀ ਨਹੀਂ ਰਹੀ, ਇਸ ਲਈ ਡਾਕਟਰਾਂ ਕੋਲ ਥੋੜੀ ਹੀ ਗੁੰਜਾਇਸ਼ ਬਚਦੀ ਹੈ।"
ਪਰ ਇਸ ਸਭ ਦੇ ਬਾਵਜੂਦ, ਏਬੀ ਵੂ ਦਾ ਰੁਕਣ ਦਾ ਕੋਈ ਇਰਾਦਾ ਨਹੀਂ ਹੈ।
ਉਨ੍ਹਾਂ ਦਾ ਕਹਿਣਾ ਹੈ, "ਮੈਨੂੰ ਨਹੀਂ ਲੱਗਦਾ ਕਿ ਮੈਂ ਹੋਰ ਸੁੰਦਰ ਬਣਨ ਦੀ ਆਪਣੀ ਇਸ ਯਾਤਰਾ ਨੂੰ ਕਦੇ ਵੀ ਰੋਕਾਂਗੀ।"
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ