ਕੀ ਪੰਜਾਬ ਜ਼ਰੀਏ ਅਰਵਿੰਦ ਕੇਜਰੀਵਾਲ ਪਾਰਟੀ ਦੀ ਹੋਂਦ ਬਚਾ ਰਹੇ ਹਨ ਜਾਂ ਭਗਵੰਤ ਮਾਨ ਨੂੰ ਪਾਸੇ ਲਗਾ ਰਹੇ ਹਨ

ਤਸਵੀਰ ਸਰੋਤ, Bhagwant Mann/FB
- ਲੇਖਕ, ਨਵਜੋਤ ਕੌਰ
- ਰੋਲ, ਬੀਬੀਸੀ ਪੱਤਰਕਾਰ
"ਲੁਧਿਆਣਾ ਵਿੱਚ ਹਰ ਪਾਸੇ ਬੋਰਡ ਕੇਜਰੀਵਾਲ ਦੇ ਲੱਗੇ ਹੋਏ ਹਨ, ਸਾਨੂੰ ਇਹੀ ਪਤਾ ਨਹੀਂ ਲੱਗ ਰਿਹਾ ਕਿ ਸਾਡਾ ਮੁੱਖ ਮੰਤਰੀ ਕੌਣ ਹੈ, ਭਗਵੰਤ ਮਾਨ ਜਾਂ ਅਰਵਿੰਦ ਕੇਜਰੀਵਾਲ।"
ਲੁਧਿਆਣਾ ਵਾਸੀ ਜਸਵੀਰ ਸਿੰਘ ਅਰਵਿੰਦ ਕੇਜਰੀਵਾਲ ਦੇ ਦਿੱਲੀ ਚੋਣਾਂ ਹਾਰਨ ਤੋਂ ਬਾਅਦ ਪੰਜਾਬ ਵਿੱਚ ਸਰਗਰਮ ਹੋਣ ਉੱਤੇ ਇਹ ਗੱਲ ਆਖ ਰਹੇ ਹਨ।
ਜਸਵੀਰ ਸਿੰਘ ਸਵਾਲ ਕਰਦੇ ਹਨ ਆਖ਼ਰ ਕੇਜਰੀਵਾਲ ਦਿੱਲੀ ਛੱਡ ਪੰਜਾਬ ਕਿਉਂ ਆ ਗਏ ਹਨ?
ਇਹ ਸਵਾਲ ਸਿਰਫ਼ ਇੱਕ ਜਸਵੀਰ ਸਿੰਘ ਦਾ ਨਹੀਂ ਹੈ, ਪੰਜਾਬ ਦੇ ਕਈ ਲੋਕ ਅੱਜਕੱਲ੍ਹ ਇਹ ਸਵਾਲ ਚੁੱਕ ਰਹੇ ਹਨ।
ਜਿਸ ਦਿਨ ਤੋਂ ਆਮ ਆਦਮੀ ਪਾਰਟੀ ਦਿੱਲੀ ਦੀਆਂ ਵਿਧਾਨ ਸਭਾ ਚੋਣਾਂ ਹਾਰੀ ਹੈ ਉਸ ਦਿਨ ਤੋਂ 'ਆਪ' ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਅਤੇ ਮਨੀਸ਼ ਸਿਸੋਦੀਆ ਪੰਜਾਬ ਬਾਰੇ ਸਰਗਰਮ ਨਜ਼ਰ ਆ ਰਹੇ ਹਨ।

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅੱਜਕੱਲ੍ਹ ਜਿਸ ਪ੍ਰੋਗਰਾਮ ਵਿੱਚ ਸ਼ਿਰਕਤ ਕਰ ਰਹੇ ਹਨ ਉੱਥੇ ਅਰਵਿੰਦ ਕੇਜਰੀਵਾਲ ਜਾਂ ਮਨੀਸ਼ ਸਿਸੋਦੀਆ ਜ਼ਰੂਰ ਹੁੰਦੇ ਹਨ।
ਪੰਜਾਬ ਦੇ ਮੁੱਖ ਮੰਤਰੀ ਨਾਲ ਦਿੱਲੀ ਦਾ ਕੋਈ ਨਾ ਕੋਈ ਸਿਆਸੀ ਆਗੂ ਹਰ ਵੇਲੇ ਘੁੰਮੇ ਤਾਂ ਸਵਾਲ ਉੱਠਣੇ ਵੀ ਸੁਭਾਵਿਕ ਵੀ ਹਨ।
ਸਿਆਸੀ ਗਲਿਆਰਿਆਂ ਵਿੱਚ ਇਹ ਚਰਚਾਵਾਂ ਹਨ ਕਿ ਅਰਵਿੰਦ ਕੇਜਰੀਵਾਲ ਪੰਜਾਬ ਤੋਂ ਰਾਜ ਸਭਾ ਮੈਂਬਰ ਬਣਨ ਦੀ ਤਿਆਰੀ ਕਰ ਰਹੇ ਹਨ ਇਸ ਲਈ ਉਹ ਪੂਰੀ ਤਾਕਤ ਪੰਜਾਬ ਵਿੱਚ ਲਗਾ ਰਹੇ ਹਨ।
ਇਨ੍ਹਾਂ ਚਰਚਾਵਾਂ ਵਿੱਚ ਕਿੰਨਾ ਦਮ ਹੈ ਅਤੇ ਅਰਵਿੰਦ ਕੇਜਰੀਵਾਲ ਦੀ ਅਗਲੀ ਰਣਨੀਤੀ ਕੀ ਹੈ ਜਾਂ ਕਹਿ ਲਓ ਕਿ ਆਖ਼ਰ ਅਰਵਿੰਦ ਕੇਜਰੀਵਾਲ ਪੰਜਾਬ ਵਿੱਚ ਕਰ ਕੀ ਰਹੇ ਹਨ, ਉਨ੍ਹਾਂ ਦਾ ਨਿਸ਼ਾਨਾ ਕੀ ਹੈ, ਇਸ ਦੇ ਬਾਰੇ ਬੀਬੀਸੀ ਪੰਜਾਬੀ ਨੇ ਜ਼ਮੀਨੀ ਹਕੀਕਤ ਜਾਣਨ ਦੀ ਕੋਸ਼ਿਸ਼ ਕੀਤੀ।

ਤਸਵੀਰ ਸਰੋਤ, Bhagwant Mann/FB
ਦਿੱਲੀ ਹਾਰੀ, ਪੰਜਾਬ ਵਿੱਚ ਐਂਟਰੀ ਮਾਰੀ
ਅਰਵਿੰਦ ਕੇਜਰੀਵਾਲ ਦੇ ਪੰਜਾਬ ਆਉਣ ਦੇ ਮਕਸਦ ਨੂੰ ਸਮਝਣ ਲਈ ਉਨ੍ਹਾਂ ਦੀਆਂ ਪੰਜਾਬ ਵਿੱਚ ਕੀਤੀਆਂ ਗਤੀਵਿਧੀਆਂ ਨੂੰ ਸਮਝਣਾ ਜ਼ਰੂਰੀ ਹੈ। ਇਸ ਲਈ ਸਭ ਤੋਂ ਪਹਿਲਾਂ ਨਜ਼ਰ ਅਰਵਿੰਦ ਕੇਜਰੀਵਾਲ ਦੀਆਂ ਗਤੀਵਿਧੀਆਂ ਉੱਤੇ ਮਾਰਦੇ ਹਾਂ।
ਦਿੱਲੀ ਵਿੱਚ ਮਿਲੀ ਕਰਾਰੀ ਹਾਰ ਤੋਂ ਬਾਅਦ ਅਰਵਿੰਦ ਕੇਜਰੀਵਾਲ ਸਿੱਧਾ ਪੰਜਾਬ ਦੇ ਹੁਸ਼ਿਆਰਪੁਰ ਵਿੱਚ ਵਿਪਾਸਨਾ ਕਰਨ ਲਈ ਪਹੁੰਚ ਗਏ।
ਅਰਵਿੰਦ ਕੇਜਰੀਵਾਲ 5 ਮਾਰਚ 2025 ਨੂੰ ਪਰਿਵਾਰ ਸਮੇਤ ਵਿਪਾਸਨਾ ਲਈ ਹੁਸ਼ਿਆਰਪੁਰ ਪਹੁੰਚੇ ਸਨ। ਇੱਥੇ ਉਹ 10 ਦਿਨ ਲਈ ਰਹੇ, ਪਰ ਵਿਰੋਧੀ ਧਿਰਾਂ ਨੇ ਅਰਵਿੰਦ ਕੇਜਰੀਵਾਲ ਦੀ ਵਿਪਾਸਨਾ ਉੱਤੇ ਵੀ ਸਵਾਲ ਚੁੱਕੇ।
ਭਾਜਪਾ ਆਗੂ ਮਨਜਿੰਦਰ ਸਿਰਸਾ ਬੋਲੇ, "ਅਰਵਿੰਦ ਕੇਜਰੀਵਾਲ ਵਿਪਾਸਨਾ ਲਈ ਹੁਸ਼ਿਆਰਪੁਰ ਗਏ ਸਨ, ਪਰ ਉਨ੍ਹਾਂ ਦੇ ਕਾਫ਼ਲੇ ਵਿੱਚ 50 ਤੋਂ ਵੱਧ ਵਾਹਨ ਸਨ, ਜਿਨ੍ਹਾਂ ਵਿੱਚ ਦੋ ਕਰੋੜ ਰੁਪਏ ਦੀਆਂ ਲੈਂਡ ਕਰੂਜ਼ਰ ਵੀ ਸ਼ਾਮਲ ਸਨ।"
"ਇਸ ਤੋਂ ਇਲਾਵਾ 100 ਤੋਂ ਵੱਧ ਪੁਲਿਸ ਕਮਾਂਡੋ ਉਸ ਦੇ ਨਾਲ ਸਨ। ਐਂਬੂਲੈਂਸ ਅਤੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਵੀ ਮੌਜੂਦ ਸਨ। ਇਹ ਕਿਹੋ ਜਿਹੀ ਸ਼ਾਂਤੀ ਹੈ, ਜਿਸ ਲਈ ਪੰਜਾਬ ਦੇ ਲੋਕਾਂ ਦੇ ਖਜ਼ਾਨੇ ਵਿੱਚੋਂ ਲੱਖਾਂ ਰੁਪਏ ਬਰਬਾਦ ਕੀਤੇ ਜਾ ਰਹੇ ਹਨ।"

ਤਸਵੀਰ ਸਰੋਤ, Bhagwant Mann/FB
ਪੰਜਾਬ ਵਿੱਚ ਨਸ਼ਾ ਤਸਕਰਾਂ ਨੂੰ ਕੇਜਰੀਵਾਲ ਦੀ ਚਿਤਾਵਨੀ
ਦਿੱਲੀ ਹਾਰਨ ਮਗਰੋਂ ਅਰਵਿੰਦ ਕੇਜਰੀਵਾਲ ਨੇ ਪੰਜਾਬ ਵਿੱਚ ਉਨ੍ਹਾਂ ਮੁੱਦਿਆਂ ਨੂੰ ਚੁੱਕਿਆ ਜਿਹੜੇ ਮੁੱਦੇ ਹੱਲ ਕਰਨ ਦਾ ਵਾਅਦਾ ਕਰ ਕੇ ਉਹ ਪੰਜਾਬ ਦੀ ਸੱਤਾ ਵਿੱਚ ਆਏ ਸਨ ਜਿਵੇਂ ਕਿ ਨਸ਼ੇ ਅਤੇ ਭ੍ਰਿਸ਼ਟਾਚਾਰ ਦਾ ਖ਼ਾਤਮਾ।
ਪੰਜਾਬ ਵਿੱਚ ਜਦੋਂ ਹੁਣ ਆਮ ਆਦਮੀ ਪਾਰਟੀ ਸਰਕਾਰ ਦੇ ਸਿਰਫ਼ ਦੋ ਸਾਲ ਹੀ ਬਾਕੀ ਬਚੇ ਹਨ ਤਾਂ ਅਰਵਿੰਦ ਕੇਜਰੀਵਾਲ ਨੇ ਐਲਾਨ ਕੀਤਾ ਕਿ ਉਹ ਪੰਜਾਬ ਵਿੱਚ ਨਸ਼ੇ ਨੂੰ ਖ਼ਤਮ ਕਰਨ ਲਈ ਪਿੰਡ-ਪਿੰਡ ਜਾ ਕੇ ਪ੍ਰਚਾਰ ਕਰਨਗੇ।
ਇਸ ਪ੍ਰਚਾਰ ਦੌਰਾਨ ਅਰਵਿੰਦ ਕੇਜਰੀਵਾਲ ਨੇ ਨਸ਼ਾ ਤਸਕਰਾਂ ਨੂੰ ਚਿਤਾਵਨੀ ਦਿੰਦਿਆਂ ਕਿਹਾ, "ਜਾਂ ਤਾਂ ਪੰਜਾਬ 'ਚ ਨਸ਼ਾ ਵੇਚਣਾ ਬੰਦ ਕਰੋ, ਜਾਂ ਪੰਜਾਬ ਛੱਡ ਦਿਓ।"
ਪੰਜਾਬ ਦੇ ਭਾਜਪਾ ਆਗੂਆਂ ਨੂੰ ਮਿਲੇ ਕੇਜਰੀਵਾਲ

ਤਸਵੀਰ ਸਰੋਤ, Fb/ Arvind Kejriwal
ਅਰਵਿੰਦ ਕੇਜਰੀਵਾਲ ਨੇ 15 ਮਾਰਚ ਨੂੰ ਅੰਮ੍ਰਿਤਸਰ ਵਿੱਚ ਭਾਜਪਾ ਆਗੂ ਲਕਸ਼ਮੀ ਕਾਂਤਾ ਚਾਵਲਾ ਨਾਲ ਉਨ੍ਹਾਂ ਦੇ ਘਰ ਜਾ ਕੇ ਮੁਲਾਕਾਤ ਕੀਤੀ। ਇਸ ਮੁਲਾਕਾਤ ਦੀ ਫੋਟੋ ਜਿਵੇਂ ਹੀ ਵਾਇਰਲ ਹੋਈ ਤਾਂ ਪੰਜਾਬ ਤੋਂ ਲੈ ਕੇ ਦਿੱਲੀ ਤੱਕ ਸਿਆਸਤ ਭਖ਼ ਗਈ।
ਦਿੱਲੀ ਦੇ ਮੰਤਰੀ ਮਨਜਿੰਦਰ ਸਿੰਘ ਸਿਰਸਾ ਨੇ ਕਿਹਾ, "ਜੇਕਰ ਕੋਈ ਵਿਅਕਤੀ ਅਸਫ਼ਲ ਹੋ ਜਾਂਦਾ ਹੈ, ਤਾਂ ਉਹ ਬਾਹਰ ਨਿਕਲਣ ਦਾ ਰਸਤਾ ਲੱਭਦਾ ਹੈ। ਜੇਕਰ ਅਰਵਿੰਦ ਕੇਜਰੀਵਾਲ ਲਕਸ਼ਮੀ ਕਾਂਤਾ ਚਾਵਲਾ ਦੇ ਘਰ ਜਾ ਕੇ ਭਾਜਪਾ ਵਿੱਚ ਸ਼ਾਮਲ ਹੋਣ ਬਾਰੇ ਸੋਚ ਰਹੇ ਹਨ, ਤਾਂ ਭਾਜਪਾ ਉਨ੍ਹਾਂ ਨੂੰ ਕਦੇ ਵੀ ਸਵੀਕਾਰ ਨਹੀਂ ਕਰੇਗੀ।"
ਲੁਧਿਆਣਾ ਪੱਛਮੀ ਵਿੱਚ ਵਧਾਈਆਂ ਸਰਗਰਮੀਆਂ
ਆਮ ਆਦਮੀ ਪਾਰਟੀ ਦੇ ਵਿਧਾਇਕ ਗੁਰਪ੍ਰੀਤ ਗੋਗੀ ਦੀ ਮੌਤ ਤੋਂ ਬਾਅਦ ਲੁਧਿਆਣਾ ਪੱਛਮੀ ਦੀ ਸੀਟ ਉੱਤੇ ਥੋੜ੍ਹੇ ਸਮੇਂ ਵਿੱਚ ਹੀ ਜ਼ਿਮਨੀ ਚੋਣ ਹੋਣੀ ਹੈ।
ਅਜੇ ਤੱਕ ਜ਼ਿਮਨੀ ਚੋਣ ਦੀਆਂ ਤਰੀਕਾਂ ਦਾ ਐਲਾਨ ਨਹੀਂ ਹੋਇਆ ਹੈ ਪਰ ਆਮ ਆਦਮੀ ਪਾਰਟੀ ਨੇ ਸਭ ਤੋਂ ਪਹਿਲਾਂ ਇਸ ਸੀਟ ਉੱਤੇ ਆਪਣੇ ਮੌਜੂਦਾ ਰਾਜ ਸਭਾ ਮੈਂਬਰ ਸੰਜੀਵ ਅਰੋੜਾ ਨੂੰ ਚੋਣ ਲੜਾਉਣ ਦਾ ਐਲਾਨ ਕਰ ਦਿੱਤਾ।
ਜਿਸ ਤੋਂ ਬਾਅਦ ਇਹ ਚਰਚਾਵਾਂ ਹੋਰ ਤੇਜ਼ ਹੋ ਗਈਆਂ ਕਿ ਆਮ ਆਦਮੀ ਪਾਰਟੀ ਸੰਜੀਵ ਅਰੋੜਾ ਨੂੰ ਰਾਜ ਸਭਾ ਤੋਂ ਹਟਾ ਕੇ ਪੰਜਾਬ ਵਿਧਾਨ ਸਭਾ ਭੇਜਣ ਦੀ ਤਿਆਰੀ ਕਰ ਰਹੀ ਹੈ ਅਤੇ ਰਾਜ ਸਭਾ ਲਈ ਅਰਵਿੰਦ ਕੇਜਰੀਵਾਲ ਜਾਂ ਮਨੀਸ਼ ਸਿਸੋਦੀਆ ਉੱਤੇ ਦਾਅ ਖੇਡਿਆ ਜਾ ਸਕਦਾ ਹੈ।
ਹਾਲਾਂਕਿ ਲੁਧਿਆਣਾ ਵਾਸੀ ਇੰਦਰਪਾਲ ਸਿੰਘ ਸੋਚਦੇ ਹਨ ਕਿ ਜੇਕਰ ਕੇਜਰੀਵਾਲ ਪੰਜਾਬ ਤੋਂ ਰਾਜ ਸਭਾ ਵਿੱਚ ਜਾਂਦੇ ਵੀ ਹਨ ਤਾਂ ਇਸ ਦੇ ਵਿੱਚ ਕੋਈ ਗ਼ਲਤ ਗੱਲ ਨਹੀਂ ਹੈ। ਇਸ ਤੋਂ ਪਹਿਲਾਂ ਵੀ ਕੁਝ ਰਾਜ ਸਭਾ ਮੈਂਬਰ ਪੰਜਾਬ ਤੋਂ ਬਾਹਰੀ ਹੀ ਹਨ, ਇੱਕ ਹੋਰ ਚਲਾ ਜਾਵੇਗਾ ਤਾਂ ਕੋਈ ਫਰਕ ਨਹੀਂ ਪੈਣਾ।"

ਤਸਵੀਰ ਸਰੋਤ, Bhagwant Mann/FB
ਆਪਣੀ ਲੁਧਿਆਣਾ ਫੇਰੀ ਦੌਰਾਨ ਅਰਵਿੰਦ ਕੇਜਰੀਵਾਲ ਨੇ ਲੁਧਿਆਣਾ ਦੇ ਵਪਾਰੀਆਂ ਨਾਲ ਵਾਅਦਾ ਕੀਤਾ ਕਿ ਪੰਜਾਬ ਸਰਕਾਰ ਜਲਦੀ ਹੀ ਇੱਕ ਨਵੀਂ ਉਦਯੋਗਿਕ ਨੀਤੀ ਲੈ ਕੇ ਆਵੇਗੀ ਜੋ ਪ੍ਰੋਜੈਕਟਾਂ ਦੀ ਪ੍ਰਵਾਨਗੀ ਨੂੰ ਤੇਜ਼ ਕਰੇਗੀ।
ਲੁਧਿਆਣਾ ਵਿੱਚ ਉਦਯੋਗਪਤੀਆਂ ਨਾਲ ਮੁਲਾਕਾਤ ਦੌਰਾਨ ਕੇਜਰੀਵਾਲ ਨੇ ਕਿਹਾ, "ਅਸੀਂ ਤੁਹਾਨੂੰ ਨੀਤੀ ਦੇ ਨਿਰਮਾਣ ਵਿੱਚ ਸ਼ਾਮਲ ਕਰਨ ਦੀ ਜ਼ਿੰਮੇਵਾਰੀ ਦੇ ਰਹੇ ਹਾਂ, ਤੁਸੀਂ ਸਾਰੇ ਇਕੱਠੇ ਬੈਠੋ ਅਤੇ ਆਪਣੇ ਕੀਮਤੀ ਸੁਝਾਵਾਂ ਨਾਲ ਅੱਗੇ ਆਓ ਅਤੇ ਸਾਨੂੰ ਦੱਸੋ ਇਸ ਨਾਲ ਅਸੀਂ ਤੁਹਾਡੀ ਚੰਗੇ ਤਰੀਕੇ ਨਾਲ ਸੇਵਾ ਕਰ ਸਕਾਂਗੇ।"
ਦੂਜੇ ਪਾਸੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿੱਚ ਰਾਜਨੀਤੀ ਦੇ ਪ੍ਰੋਫੈਸਰ ਆਸ਼ੂਤੋਸ਼ ਸਿੰਘ ਅਰਵਿੰਦ ਕੇਜਰੀਵਾਲ ਦੇ ਪੰਜਾਬ ਆਉਣ ਪਿੱਛੇ ਲੁਧਿਆਣਾ ਜ਼ਿਮਨੀਂ ਚੋਣ ਜਿੱਤਣ ਦੇ ਕਾਰਨ ਨੂੰ ਬਹੁਤ ਛੋਟਾ ਮੰਨਦੇ ਹਨ।
ਉਹ ਕਹਿੰਦੇ ਹਨ ਜ਼ਿਮਨੀਂ ਚੋਣ ਜਿੱਤਣ ਤੋਂ ਕਿਤੇ ਜ਼ਿਆਦਾ ਜ਼ੋਰ ਹੁਣ ਅਰਵਿੰਦ ਕੇਜਰੀਵਾਲ ਦਾ ਨਸ਼ਾ ਅਤੇ ਭ੍ਰਿਸ਼ਟਾਚਾਰ ਖ਼ਤਮ ਕਰਨ ਵੱਲ ਲੱਗਿਆ ਹੋਇਆ ਹੈ, ਜਿਸ ਤੋਂ ਇਹ ਲੱਗਦਾ ਹੈ ਕਿ ਉਹ ਲੋਕਾਂ ਨੂੰ ਇਹ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਹਨ ਕਿ ਅਸੀਂ ਆਪਣੇ ਕੀਤੇ ਵਾਅਦੇ ਪੂਰੇ ਕਰ ਰਹੇ ਹਾਂ ਤਾਂ ਜੋ ਪੰਜਾਬ ਵਾਸੀਆਂ ਦਾ ਭਰੋਸਾ ਜਿੱਤ ਸਕਣ ਅਤੇ ਪਾਰਟੀ ਦਿੱਲੀ ਵਾਂਗ ਪੰਜਾਬ ਵਿੱਚੋਂ ਆਪਣੀ ਸੱਤਾ ਨਾ ਗਵਾ ਬੈਠੇ।"

ʻਸਰਕਾਰ ਸਾਡੀ, ਦੂਜਿਆਂ ਦੀ ਚੱਲੇਗੀ ਨਹੀਂʼ
ਪੰਜਾਬ ਵਿੱਚ ਜਿੱਥੇ ਅਰਵਿੰਦ ਕੇਜਰੀਵਾਲ ਦੇ ਦੌਰੇ ਚਰਚਾ ਵਿੱਚ ਹਨ ਉੱਥੇ ਹੀ ਉਨ੍ਹਾਂ ਦੇ ਭਾਸ਼ਣ ਵੀ ਚਰਚਾ ਵਿੱਚ ਆਏ ਹਨ।
ਲੁਧਿਆਣਾ ਵਿੱਚ ਲੋਕਾਂ ਨੂੰ ਸੰਬੋਧਨ ਹੁੰਦਿਆਂ ਅਰਵਿੰਦ ਕੇਜਰੀਵਾਲ ਦੇ ਬਿਆਨ ਉੱਤੇ ਵਿਰੋਧੀ ਧਿਰਾਂ ਨੇ ਵੀ ਇਤਰਾਜ਼ ਜਤਾਇਆ ਸੀ।
ਦਰਅਸਲ ਕੇਜਰੀਵਾਲ ਨੇ ਲੁਧਿਆਣਾ ਵਾਸੀਆਂ ਸੰਬੋਧਨ ਕਰਦਿਆਂ ਕਿਹਾ, "ਜੇਕਰ ਤੁਸੀਂ ਸਾਡੇ ਉਮੀਦਵਾਰ ਨੂੰ ਜਿਤਾਓਗੇ ਤਾਂ ਤੁਹਾਡੇ ਛੋਟੇ ਤੋਂ ਛੋਟੇ ਕੰਮ ਕਰਵਾ ਕੇ ਦਿੱਤੇ ਜਾਣਗੇ ਪਰ ਜੇਕਰ ਤੁਸੀਂ ਕਾਂਗਰਸ ਜਾਂ ਭਾਜਪਾ ਵਾਲਿਆਂ ਨੂੰ ਜਿਤਾ ਦਿੱਤਾ ਤਾਂ ਕੰਮ ਨਹੀਂ ਹੋਣਗੇ, ਉਨ੍ਹਾਂ ਦੀ ਚੱਲੇਗੀ ਨਹੀਂ ਕਿਉਂਕਿ ਸਰਕਾਰ ਤਾਂ ਆਮ ਆਦਮੀ ਪਾਰਟੀ ਦੀ ਹੈ।"
ਇਸ ਦੇ ਉੱਤੇ ਵਿਰੋਧੀ ਧਿਰਾਂ ਨੇ ਕਿਹਾ ਕਿ ਕੇਜਰੀਵਾਲ ਸ਼ਰੇਆਮ ਧਮਕੀ ਦੇ ਰਹੇ ਹਨ ਕਿ ਵਿਰੋਧੀ ਪਾਰਟੀਆਂ ਦੇ ਆਗੂਆਂ ਦੇ ਕੋਈ ਕੰਮ ਪੰਜਾਬ ਵਿੱਚ ਨਹੀਂ ਹੋਣਗੇ, ਸਾਰੀ ਅਫਸਰਸ਼ਾਹੀ ਆਮ ਆਦਮੀ ਪਾਰਟੀ ਮੁਤਾਬਕ ਹੀ ਚੱਲੇਗੀ।

ਤਸਵੀਰ ਸਰੋਤ, Getty Images
ਕੀ ਭਗਵੰਤ ਮਾਨ ਨੂੰ ਪਾਸੇ ਕਰਨ ਦੀ ਤਿਆਰੀ ਹੈ?
ਅਰਵਿੰਦ ਕੇਜਰੀਵਾਲ ਦੇ ਪੰਜਾਬ ਆਉਣ ਤੋਂ ਪਹਿਲਾਂ ਵੀ ਇਹ ਚਰਚਾ ਪੰਜਾਬ ਵਿੱਚ ਹੁੰਦੀ ਸੀ ਕਿ ਭਗਵੰਤ ਮਾਨ ਪੰਜਾਬ ਵਿੱਚ ਲਾਗੂ ਹੁੰਦੇ ਸਾਰੇ ਫ਼ੈਸਲਿਆਂ ਉੱਤੇ ਪਹਿਲਾਂ ਦਿੱਲੀ ਤੋਂ ਮੋਹਰ ਲਗਵਾਉਂਦੇ ਹਨ।
ਇਸ ਬਾਰੇ ਪ੍ਰੋਫੈਸਰ ਆਸ਼ੂਤੋਸ਼ ਸਿੰਘ ਕਹਿੰਦੇ ਹਨ, "ਭਗਵੰਤ ਮਾਨ ਨੂੰ ਪੰਜਾਬ ਦੇ ਲੋਕ ਭਾਵੇਂ ਕਿੰਨਾ ਵੀ ਪਸੰਦ ਕਿਉਂ ਨਾ ਕਰਨ ਪਰ ਇਹ ਸੱਚਾਈ ਹੈ ਕਿ ਅਰਵਿੰਦ ਕੇਜਰੀਵਾਲ ਨੂੰ ਭਗਵੰਤ ਮਾਨ ਉੱਤੇ ਭਰੋਸਾ ਨਹੀਂ ਹੈ, ਅਰਵਿੰਦ ਕੇਜਰੀਵਾਲ ਖ਼ੁਦ ਅੱਗੇ ਹੋ ਕੇ ਫ਼ੈਸਲੇ ਲੈਂਦੇ ਹਨ।"
"ਤਿੰਨ ਸਾਲ ਵਿੱਚ ਨਸ਼ੇ ਅਤੇ ਭ੍ਰਿਸ਼ਟਾਚਾਰ ਖ਼ਤਮ ਕਰਨ ਦੇ ਵਾਅਦੇ ਜਦੋਂ ਆਮ ਆਦਮੀ ਪਾਰਟੀ ਪੂਰੇ ਨਹੀਂ ਕਰ ਸਕੀ ਤਾਂ ਕੇਜਰੀਵਾਲ ਨੇ ਪੰਜਾਬ ਵਿੱਚ ਇੱਕ ਮਹੀਨੇ ਦੇ ਅੰਦਰ-ਅੰਦਰ ਪੁਲਿਸ ਨੂੰ ਫਰੀ ਹੈਂਡ ਕਰ ਦਿੱਤਾ ਗਿਆ, ਲੋਕਾਂ ਦੇ ਘਰਾਂ ਉੱਤੇ ਬੁਲਡੋਜ਼ਰ ਚਲਵਾ ਦਿੱਤੇ ਗਏ ਕਿਉਂਕਿ ਅਰਵਿੰਦ ਕੇਜਰੀਵਾਲ ਨੂੰ ਪਤਾ ਲੱਗ ਗਿਆ ਸੀ ਕਿ ਭਗਵੰਤ ਮਾਨ ਇਨ੍ਹਾਂ ਹਾਲਾਤਾਂ ਨਾਲ ਨਹੀਂ ਨਜਿੱਠ ਸਕਣਗੇ।"

ਹਾਲਾਂਕਿ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਾਬਕਾ ਰਾਜਨੀਤੀ ਦੇ ਪ੍ਰੋਫੈਸਰ ਕੁਲਦੀਪ ਸਿੰਘ ਇਸ ਬਾਰੇ ਵੱਖਰੀ ਦਲੀਲ ਦਿੰਦੇ ਹਨ।
ਉਹ ਕਹਿੰਦੇ ਹਨ, "2017 ਦੀਆਂ ਚੋਣਾਂ ਵੇਲੇ ਆਮ ਆਦਮੀ ਪਾਰਟੀ ਨੇ ਭਗਵੰਤ ਮਾਨ ਨੂੰ ਸੀਐੱਮ ਦਾਅਵੇਦਾਰ ਨਹੀਂ ਐਲਾਨਿਆ ਸੀ ਜਿਸ ਦਾ ਖ਼ਾਮਿਆਜ਼ਾ ਪਾਰਟੀ ਨੇ 2017 ਵਿੱਚ ਭੁਗਤਿਆ ਪਰ 2022 ਵਿੱਚ ਪਾਰਟੀ ਨੇ ਆਪਣੀ ਗ਼ਲਤੀ ਸੁਧਾਰੀ ਅਤੇ ਭਗਵੰਤ ਮਾਨ ਨੂੰ ਸੀਐੱਮ ਐਲਾਨ ਦਿੱਤਾ ਤੇ ਪਾਰਟੀ ਜਿੱਤ ਵੀ ਗਈ।"
"ਇਸ ਤੋਂ ਸਬਕ ਲੈਂਦਿਆਂ ਆਮ ਆਦਮੀ ਪਾਰਟੀ ਦੀ ਦਿੱਲੀ ਲੀਡਰਸ਼ਿਪ ਚੰਗੀ ਤਰ੍ਹਾਂ ਜਾਣਦੀ ਹੈ ਕਿ ਭਗਵੰਤ ਮਾਨ ਤੋਂ ਬਿਨ੍ਹਾਂ ਪੰਜਾਬ 'ਚ ਆਮ ਆਦਮੀ ਪਾਰਟੀ ਦੀ ਹੋਂਦ ਨਹੀਂ ਹੈ, ਇਸ ਕਰਕੇ ਉਹ ਭਗਵੰਤ ਮਾਨ ਨੂੰ ਪਾਸੇ ਕਰਨ ਬਾਰੇ ਸੋਚ ਵੀ ਨਹੀਂ ਸਕਦੇ। ਹਾਂ ਫ਼ੈਸਲੇ ਉਹ ਖ਼ੁਦ ਲੈਂਦੇ ਹਨ ਪਰ ਭਗਵੰਤ ਮਾਨ ਦਾ ਚਿਹਰਾ ਅੱਗੇ ਕਰਨ ਨਹੀਂ ਭੁੱਲਦੇ।"

ਤਸਵੀਰ ਸਰੋਤ, BhagwantMann/FB
ਕੇਜਰੀਵਾਲ ਦੇ ਪੰਜਾਬ ਆਉਣ ਦਾ ਮੁੱਖ ਕਾਰਨ ਰਾਜ ਸਭਾ ਜਾਣਾ ਹੈ?
ਪ੍ਰੋ. ਕੁਲਦੀਪ ਸਿੰਘ ਅਰਵਿੰਦ ਕੇਜਰੀਵਾਲ ਦੇ ਪੰਜਾਬ ਆਉਣ ਪਿੱਛੇ ਮੁੱਖ ਕਾਰਨ ਦੋ ਮੰਨਦੇ ਹਨ।
ਉਹ ਕਹਿੰਦੇ ਹਨ, "ਲੋਕ ਸੋਚਦੇ ਹਨ ਅਰਵਿੰਦ ਕੇਜਰੀਵਾਲ ਰਾਜ ਸਭਾ ਵਿੱਚ ਜਾਣ ਲਈ ਪੰਜਾਬ ਆਏ ਹਨ ਪਰ ਮੈਂ ਮੰਨਦਾ ਹਾਂ ਕਿ ਇਹ ਬਹੁਤ ਛੋਟਾ ਕਾਰਨ ਹੈ। ਇੱਕ ਪਾਰਟੀ ਦੇ ਪ੍ਰਧਾਨ ਲਈ ਪਾਰਟੀ ਬਚਾਉਣੀ ਸਭ ਤੋਂ ਜ਼ਰੂਰੀ ਹੈ ਤੇ ਅਰਵਿੰਦ ਕੇਜਰੀਵਾਲ ਹੁਣ ਆਮ ਆਦਮੀ ਪਾਰਟੀ ਦੀ ਹੋਂਦ ਬਚਾਉਣ ਵਿੱਚ ਲੱਗੇ ਹਨ।"
"ਪੰਜਾਬ ਤੋਂ ਬਿਨ੍ਹਾਂ ਹੋਰ ਕਿਸੇ ਸੂਬੇ ਵਿੱਚ ਆਮ ਆਦਮੀ ਪਾਰਟੀ ਨੂੰ ਭਵਿੱਖ ਨਹੀਂ ਦਿੱਖ ਰਿਹਾ। ਇਸ ਲਈ ਉਹ ਪੂਰੀ ਵਾਹ ਪੰਜਾਬ ਵਿੱਚ ਲਾ ਰਹੇ ਹਨ।"
ਇਸ ਦਲੀਲ ਨਾਲ ਪ੍ਰੋ. ਆਸ਼ੂਤੋਸ਼ ਵੀ ਸਹਿਮਤ ਹਨ, ਉਹ ਕਹਿੰਦੇ ਹਨ "ਅਰਵਿੰਦ ਕੇਜਰੀਵਾਲ ਨੇ ਕੀਤੇ ਵਾਅਦੇ ਪੂਰੇ ਕਰਨ ਲਈ ਹੁਣ ਕਮਾਂਡ ਆਪਣੇ ਹੱਥੀਂ ਲਈ ਹੈ, ਪੰਜਾਬ ਵਿੱਚ ਕੰਮ ਕਰ ਕੇ ਹੀ ਕੇਜਰੀਵਾਲ ਬਾਕੀ ਦੇਸ਼ ਨੂੰ ਦਿਖਾ ਸਕਣਗੇ ਕਿ ਅਸੀਂ ਬਾਕੀ ਦੀਆਂ ਸਰਕਾਰਾਂ ਤੋਂ ਵੱਖਰੇ ਹਾਂ ਅਤੇ ਆਪਣੇ ਕੀਤੇ ਵਾਅਦੇ ਪੂਰੇ ਕਰਦੇ ਹਾਂ।"

ਤਸਵੀਰ ਸਰੋਤ, Getty Images
ਵਿਰੋਧੀਆਂ ਨੇ ਅਰਵਿੰਦ ਕੇਜਰੀਵਾਲ ਦੀ ਮੌਜੂਦਗੀ ਉੱਤੇ ਕੀ ਕਿਹਾ?
ʻਕੇਜਰੀਵਾਲ ਨੇ ਪੰਜਾਬ ਨੂੰ ਕੀਤਾ ਓਵਰ ਟੇਕʼ
ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਦਿੱਲੀ ਦੇ ਆਗੂਆਂ ਦੀ ਪੰਜਾਬ ਵਿੱਚ ਮੌਜੂਦਗੀ ਉੱਤੇ ਸਵਾਲ ਚੁੱਕੇ।
ਬਾਜਵਾ ਨੇ ਕਿਹਾ, "ਕੇਜਰੀਵਾਲ ਨੇ ਪੰਜਾਬ ਨੂੰ ਪੂਰੀ ਤਰ੍ਹਾਂ ਟੇਕ ਓਵਰ ਕਰ ਲਿਆ ਹੈ, ਮਨੀਸ਼ ਸਿਸੋਦੀਆ ਨੂੰ ਚੰਡੀਗੜ੍ਹ ਵਿੱਚ ਕੋਠੀ ਦੇ ਦਿੱਤੀ ਗਈ ਹੈ। ਹਰ ਸੂਬੇ ਦਾ ਮੁੱਖ ਮੰਤਰੀ ਅਹੁਦਾ ਸੰਭਾਲਣ ਮਗਰੋਂ ਇਹ ਸਹੁੰ ਚੁੱਕਦਾ ਹੈ ਕਿ ਮੈਂ ਸਰਕਾਰ ਦੀਆਂ ਗੱਲਾਂ, ਫਾਈਲਾਂ ਗੁਪਤ ਰੱਖਾਂਗਾ ਪਰ ਇੱਥੇ ਤਾਂ ਭਗਵੰਤ ਮਾਨ ਨੇ ਸਾਰਾ ਕੁਝ ਹੀ ਦਿੱਲੀ ਨੂੰ ਸੌਂਪ ਦਿੱਤਾ ਹੈ।"

ਤਸਵੀਰ ਸਰੋਤ, Getty Images
ਉਦਘਾਟਨ ਤਖ਼ਤੀਆਂ ਉੱਤੇ ਕੇਜਰੀਵਾਲ ਦਾ ਨਾਮ
ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਨੇ ਉਦਘਾਟਨ ਬੋਰਡ ਉੱਤੇ ਅਰਵਿੰਦ ਕੇਜਰੀਵਾਲ ਦਾ ਨਾਮ ਹੋਣ ਉੱਤੇ ਸਵਾਲ ਚੁੱਕੇ ਸਨ।
18 ਮਾਰਚ ਨੂੰ ਲੁਧਿਆਣਾ ਵਿੱਚ ਲਾਰਡ ਮਹਾਂਵੀਰ ਸਿਵਲ ਹਸਪਤਾਲ ਦੇ ਨਵੀਨੀਕਰਨ ਮਗਰੋਂ ਕੀਤੇ ਗਏ ਉਦਘਾਟਨੀ ਸਮਾਗ਼ਮ ਤੋਂ ਬਾਅਦ ਬਿਕਰਮ ਮਜੀਠੀਆ ਨੇ ਕਿਹਾ, "ਅਰਵਿੰਦ ਕੇਜਰੀਵਾਲ ਪੰਜਾਬ ਸਰਕਾਰ ਦੇ ਕਿਸੇ ਵੀ ਅਹੁਦੇ 'ਤੇ ਨਹੀਂ ਹਨ। ਨਾ ਵਿਧਾਇਕ ਨਾ ਸੰਸਦ ਮੈਂਬਰ ਹਨ ਤਾਂ ਕਿਸ ਹੈਸੀਅਤ ਨਾਲ ਪੰਜਾਬ ਸਰਕਾਰ ਵੱਲੋਂ ਉਦਘਾਟਨ ਕਰ ਸਕਦੇ ਹਨ, ਸੁਪਰ ਸੀਐੱਮ ਦਾ ਨਾਮ ਦੂਰੋਂ ਦਿਖਾਈ ਦੇ ਰਿਹਾ। ਡੰਮੀ ਸੀਐੱਮ ਖਾਨਾ ਪੂਰਤੀ ਲਈ ਕੋਲ ਖੜ੍ਹੇ ਹਨ।"

ਤਸਵੀਰ ਸਰੋਤ, Bhagwant Mann/FB
ਸੀਐੱਮ ਮਾਨ ਨੂੰ ਰੋਕ ਕੇ ਖ਼ੁਦ ਬੋਲਣ ਲੱਗੇ ਸਿਸੋਦੀਆ
7 ਅਪ੍ਰੈਲ ਨੂੰ ਪੰਜਾਬ ਸਿੱਖਿਆ ਕ੍ਰਾਂਤੀ ਮੁਹਿੰਮ ਨੂੰ ਸ਼ੁਰੂ ਕਰਨ ਮਗਰੋਂ ਜਦੋਂ ਮੁੱਖ ਮੰਤਰੀ ਭਗਵੰਤ ਮਾਨ ਮੀਡੀਆ ਨੂੰ ਸੰਬੋਧਨ ਹੋ ਰਹੇ ਸਨ ਤਾਂ ਇੱਕ ਸਵਾਲ ਦਾ ਜਵਾਬ ਮੁੱਖ ਮੰਤਰੀ ਭਗਵੰਤ ਮਾਨ ਦੇ ਰਹੇ ਪਰ ਕੋਲ ਖੜੇ ਮਨੀਸ਼ ਸਿਸੋਦੀਆ ਅੱਗੇ ਹੋ ਕੇ ਜਵਾਬ ਦੇਣ ਲੱਗੇ।
ਇਸ ਦਾ ਇੱਕ ਵੀਡੀਓ ਕਲਿਪ ਸੋਸ਼ਲ ਮੀਡੀਆ ਉੱਤੇ ਸਾਂਝਾ ਕਰਦਿਆਂ ਜਲੰਧਰ ਕੈਂਟ ਤੋਂ ਕਾਂਗਰਸੀ ਵਿਧਾਇਕ ਪ੍ਰਗਟ ਸਿੰਘ ਨੇ ਕਿਹਾ, "ਪੰਜਾਬ ਦੇ ਲੋਕਾਂ ਨੇ ਇੱਕ ਸਰਕਾਰ ਚੁਣੀ ਹੈ! ਪੰਜਾਬ ਦੇ ਸਰਕਾਰੀ ਨੀਂਹ ਪੱਥਰਾਂ 'ਤੇ ਦਿੱਲੀ ਦੇ ਲੋਕਾਂ ਵੱਲੋਂ ਨਕਾਰੇ ਹੋਏ ਸਾਬਕਾ ਉੱਪ ਮੁੱਖ ਮੰਤਰੀ ਦਾ ਨਾਮ ਥੋਪਣਾ, ਇਹ ਪੰਜਾਬ ਦੇ ਮੰਤਰੀਆਂ ਅਤੇ ਸੰਵਿਧਾਨ ਦੀ ਸਿੱਧੀ ਤੌਹੀਨ ਹੈ!"
"ਅਤੇ ਮੀਡੀਆ ਨੂੰ ਸੰਬੋਧਨ ਕਰਦੇ ਸਮੇਂ ਪੰਜਾਬ ਦੇ ਚੁਣੇ ਹੋਏ ਮੁੱਖ ਮੰਤਰੀ ਦੀ ਗੱਲ ਵਿਚਕਾਰੋਂ ਕੱਟ ਦੇਣਾ, ਇਹ ਨਾ ਸਿਰਫ਼ ਪੰਜਾਬ ਦੇ ਮੁੱਖ ਮੰਤਰੀ ਦੇ ਅਹੁਦੇ ਦਾ ਹੀ ਨਹੀਂ ਸਗੋਂ ਪੰਜਾਬੀਆਂ ਦਾ ਵੀ ਸਿੱਧਾ ਅਪਮਾਨ ਹੈ!"

ਤਸਵੀਰ ਸਰੋਤ, Getty Images
ਆਮ ਆਦਮੀ ਪਾਰਟੀ ਦੇ ਅੰਦਰ ਕੇਜਰੀਵਾਲ ਬਾਰੇ ਕੀ ਚਰਚਾ ਹੋ ਰਹੀ?
ਆਪਣਾ ਨਾਮ ਨਾ ਦੱਸਣ ਦੀ ਸ਼ਰਤ ਉੱਤੇ ਆਮ ਆਦਮੀ ਪਾਰਟੀ ਦੇ ਨਜ਼ਦੀਕੀਆਂ ਨੇ ਬੀਬੀਸੀ ਪੰਜਾਬੀ ਨੂੰ ਦੱਸਿਆ ਕਿ ਅਰਵਿੰਦ ਕੇਜਰੀਵਾਲ ਦੇ ਪੰਜਾਬ ਆਉਂਦਿਆਂ ਹੀ ਪੰਜਾਬ ਕੈਬਨਿਟ ਵਿੱਚ ਫੇਰਬਦਲ ਦੀ ਪੂਰੀ ਸੰਭਾਵਨਾ ਸੀ ਕਿਉਂਕਿ ਕੇਜਰੀਵਾਲ ਦਿੱਲੀ ਵਾਂਗ ਪੰਜਾਬ ਵਿੱਚੋਂ ਆਮ ਆਦਮੀ ਪਾਰਟੀ ਨੂੰ ਕਮਜ਼ੋਰ ਹੁੰਦਿਆਂ ਨਹੀਂ ਦੇਖ ਸਕਦੇ ਸੀ।
ਇਸ ਕਰਕੇ ਉਨ੍ਹਾਂ ਨੇ ਪੰਜਾਬ ਵਿੱਚ ਸਖ਼ਤੀ ਵਰਤਣੀ ਸ਼ੁਰੂ ਕਰ ਦਿੱਤੀ ਅਤੇ ਨਿਸ਼ਾਨੇ ਉੱਤੇ ਕੈਬਨਿਟ ਹੀ ਸੀ, ਕੈਬਨਿਟ ਦਾ ਫੇਰਬਦਲ ਲਗਭਗ ਸੰਭਵ ਸੀ।
ਪਰ ਇਹ ਫੇਰਬਦਲ ਫਿਲਹਾਲ ਟਾਲ ਦਿੱਤਾ ਗਿਆ ਜਿਸ ਦੇ ਬਦਲੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਨੇ ਦਿੱਲੀ ਦੇ ਆਗੂਆਂ ਨੂੰ ਪੰਜਾਬ ਵਿੱਚ ਦਖਲ ਅੰਦਾਜ਼ੀ ਦੀ ਖੁੱਲ੍ਹ ਦੇ ਦਿੱਤੀ ਹੈ।
ਇਸ ਕਰਕੇ ਹੁਣ ਜਿਵੇਂ ਦਿੱਲੀ ਦੇ ਆਗੂ ਚਾਹੁੰਦੇ ਹਨ ਉਸ ਤਰੀਕੇ ਉਹ ਪੰਜਾਬ ਵਿੱਚ ਵਿਚਰ ਰਹੇ ਹਨ, ਪੰਜਾਬ ਦੇ ਵੱਖ-ਵੱਖ ਸਕੂਲਾਂ ਵਿੱਚ ਮਨੀਸ਼ ਸਿਸੋਦੀਆ ਦਾ ਜਾਣਾ ਇਸੇ ਖੁੱਲ੍ਹ ਦਾ ਨਤੀਜਾ ਹੈ।
ਪੰਜਾਬ ਨੂੰ ਅਰਵਿੰਦ ਕੇਜਰੀਵਾਲ ਵੱਲੋਂ ਚਲਾਏ ਜਾਣ ਦੇ ਸਵਾਲ ਸੰਬੰਧੀ ਬੀਬੀਸੀ ਪੰਜਾਬੀ ਨੂੰ ਦਿੱਤੇ ਇੰਟਰਵਿਊ ਵਿੱਚ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਕਿਹਾ, "ਅਸੀਂ ਇੱਕ ਨੈਸ਼ਨਲ ਪਾਰਟੀ ਹਾਂ, ਅਰਵਿੰਦ ਕੇਜਰੀਵਾਲ ਪਾਰਟੀ ਸੁਪਰੀਮੋ ਹਨ, ਅਸੀਂ ਉਨ੍ਹਾਂ ਦੀ ਕਮਾਂਡ ਮੁਤਾਬਕ ਚਲਦੇ ਹਾਂ। ਭਗਵੰਤ ਮਾਨ ਸਾਡੇ ਮੁੱਖ ਮੰਤਰੀ ਹਨ ਅਤੇ ਅਸੀਂ ਉਨ੍ਹਾਂ ਦੇ ਮੰਤਰੀ ਹਾਂ।"
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ












