'ਹਰ ਇੱਟ ਦੇ ਬਦਲੇ ਪੱਥਰ': ਕੀ ਪਾਕਿਸਤਾਨ ਅਤੇ ਅਫ਼ਗਾਨਿਸਤਾਨ 'ਚ ਤਣਾਅ ਆਪਣੇ ਸਿਖ਼ਰ ’ਤੇ ਹੈ, ਕੀ ਇਨ੍ਹਾਂ ਖਿੱਤਿਆਂ ਨੂੰ ਫਿਕਰਮੰਦ ਹੋਣਾ ਚਾਹੀਦਾ ਹੈ

    • ਲੇਖਕ, ਸਾਰਾ ਹਸਨ
    • ਰੋਲ, ਬੀਬੀਸੀ ਪੱਤਰਕਾਰ

ਹਾਲ ਹੀ ਦੇ ਦਿਨਾਂ ਵਿੱਚ ਪਾਕਿਸਤਾਨ ਅਤੇ ਅਫ਼ਗਾਨਿਸਤਾਨ ਦਰਮਿਆਨ ਤਕਰਾਰ ਕਾਫ਼ੀ ਵੱਧ ਗਈ।

ਇਹ ਸਥਿਤੀ ਤਾਲਿਬਾਨ ਸਰਕਾਰ ਵੱਲੋਂ ਦੋਵਾਂ ਦੇਸ਼ਾਂ ਦੀ ਉੱਤਰੀ ਸਰਹੱਦ 'ਤੇ ਕਈ ਪਹਾੜੀ ਇਲਾਕਿਆਂ 'ਤੇ ਪਾਕਿਸਤਾਨੀ ਫੌਜਾਂ 'ਤੇ ਹਮਲੇ ਦੀ ਪੁਸ਼ਟੀ ਕਰਨ ਤੋਂ ਬਾਅਦ ਆਈ ਹੈ।

ਤਾਲਿਬਾਨ ਦੇ ਇੱਕ ਬੁਲਾਰੇ ਨੇ ਕਿਹਾ ਕਿ 'ਬਦਲੇ ਦੀ ਕਾਰਵਾਈ' ਵਿੱਚ 58 ਪਾਕਿਸਤਾਨੀ ਫ਼ੌਜੀ ਮਾਰੇ ਗਏ ਹਨ। ਉਨ੍ਹਾਂ ਅੱਗੇ ਕਿਹਾ ਕਿ ਪਾਕਿਸਤਾਨ ਨੇ ਪਿਛਲੇ ਹਫ਼ਤੇ ਅਫਗਾਨ ਹਵਾਈ ਖੇਤਰ ਦੀ ਉਲੰਘਣਾ ਕੀਤੀ ਸੀ ਅਤੇ ਦੇਸ਼ ਦੇ ਦੱਖਣ-ਪੂਰਬ ਵਿੱਚ ਇੱਕ ਬਾਜ਼ਾਰ 'ਤੇ ਬੰਬਾਰੀ ਕੀਤੀ ਸੀ।

ਪਾਕਿਸਤਾਨ ਨੇ ਮ੍ਰਿਤਕਾਂ ਦੀ ਗਿਣਤੀ 'ਤੇ ਵਿਵਾਦ ਕੀਤਾ ਹੈ ਅਤੇ ਕਿਹਾ ਹੈ ਕਿ ਉਸ ਦੇ ਹਥਿਆਰਬੰਦ ਬਲਾਂ ਦੇ 23 ਮੈਂਬਰ ਮਾਰੇ ਗਏ ਹਨ ਅਤੇ 200 ਤਾਲਿਬਾਨ ਅਤੇ ਇਸ ਨਾਲ ਜੁੜੇ ਅੱਤਵਾਦੀਆਂ ਨੂੰ ਬੇਅਸਰ ਕਰ ਦਿੱਤਾ ਗਿਆ ਹੈ।

ਪਾਕਿਸਤਾਨ ਦੇ ਗ੍ਰਹਿ ਮੰਤਰੀ ਮੋਹਸਿਨ ਨਕਵੀ ਨੇ ਕਿਹਾ ਕਿ ਅਫਗਾਨ ਹਮਲੇ 'ਉਕਸਾਉਣ ਦਾ ਨਤੀਜਾ' ਨਹੀਂ ਸਨ ਅਤੇ ਨਾਗਰਿਕਾਂ 'ਤੇ ਗੋਲੀਬਾਰੀ ਕੀਤੀ ਗਈ, ਉਨ੍ਹਾਂ ਚੇਤਾਵਨੀ ਦਿੱਤੀ ਕਿ ਉਨ੍ਹਾਂ ਦੇ ਦੇਸ਼ ਦੀਆਂ ਫੌਜਾਂ 'ਹਰ ਇੱਟ ਦੇ ਬਦਲੇ ਪੱਥਰ ਨਾਲ' ਜਵਾਬ ਦੇਣਗੀਆਂ।

ਬੀਬੀਸੀ ਇਨ੍ਹਾਂ ਦਾਅਵਿਆਂ ਦੀ ਪੁਸ਼ਟੀ ਨਹੀਂ ਕਰ ਸਕਿਆ ਹੈ, ਪਰ ਦੋਵਾਂ ਪਾਸਿਆਂ ਦੇ ਚੋਟੀ ਦੇ ਡਿਪਲੋਮੈਟਾਂ ਅਤੇ ਅਧਿਕਾਰੀਆਂ ਵਿਚਕਾਰ ਸ਼ਬਦੀ ਜੰਗ ਜਾਰੀ ਹੈ।

ਪਾਕਿਸਤਾਨ ਦੇ ਰੱਖਿਆ ਮੰਤਰੀ ਖਵਾਜਾ ਆਸਿਫ਼ ਨੇ ਕਿਹਾ, "ਜੇਕਰ ਅਫ਼ਗਾਨਿਸਤਾਨ ਦੀ ਧਰਤੀ ਪਾਕਿਸਤਾਨ ਖ਼ਿਲਾਫ਼ ਵਰਤੀ ਜਾਂਦੀ ਹੈ, ਤਾਂ ਪਾਕਿਸਤਾਨ ਕਾਰਵਾਈ ਕਰਨ ਦਾ ਅਧਿਕਾਰ ਰੱਖਦਾ ਹੈ।"

ਇਸ ਦੌਰਾਨ, ਪਾਕਿਸਤਾਨੀ ਫੌਜ ਦੇ ਇੱਕ ਬੁਲਾਰੇ ਨੇ ਕਿਹਾ, "ਅਫਗਾਨਿਸਤਾਨ ਵਿੱਚ ਸੁਰੱਖਿਅਤ ਪਨਾਹਗਾਹਾਂ ਦੀ ਵਰਤੋਂ ਪਾਕਿਸਤਾਨ ਵਿੱਚ ਅੱਤਵਾਦ ਲਈ ਕੀਤੀ ਜਾ ਰਹੀ ਹੈ।"

ਭਾਰਤ ਦੇ ਇੱਕ ਸਰਕਾਰੀ ਦੌਰੇ 'ਤੇ ਆਏ ਅਫ਼ਗਾਨ ਵਿਦੇਸ਼ ਮੰਤਰੀ ਅਮੀਰ ਖਾਨ ਮੁਤੱਕੀ ਨੇ ਪਾਕਿਸਤਾਨ ਨੂੰ ਚੇਤਾਵਨੀ ਦਿੱਤੀ ਕਿ ਉਹ 'ਅਫਗਾਨਾਂ ਦੇ ਸਬਰ ਦੀ ਪਰਖ ਨਾ ਕਰਨ'।

ਇਸ ਰਿਪੋਰਟ ਵਿੱਚ ਜਾਣਦੇ ਹਾਂ ਕਿ ਦੋਵਾਂ ਦੇਸ਼ਾਂ ਦਰਮਿਆਨ ਤਣਾਅ ਦੀਆਂ ਇਤਿਹਾਸਕ ਜੜ੍ਹਾਂ ਕੀ ਹਨ ਅਤੇ ਕੀ ਦੋਵਾਂ ਵਿਚਕਾਰ ਦੁਸ਼ਮਣੀ ਦਾ ਪੱਧਰ ਬਹੁਤ ਡੂੰਘਾ ਹੈ?

ਇੱਕ ਗੁੰਝਲਦਾਰ ਇਤਿਹਾਸ

ਹਾਲ ਹੀ ਦੇ ਦਿਨਾਂ ਵਿੱਚ ਪਾਕਿਸਤਾਨ ਅਤੇ ਅਫਗਾਨਿਸਤਾਨ ਦੇ ਸਬੰਧਾਂ ਵਿੱਚ ਗੜਬੜ ਚੱਲ ਰਹੀ ਹੈ।

2021 ਵਿੱਚ ਅਫਗਾਨਿਸਤਾਨ ਤੋਂ ਅਮਰੀਕਾ ਦੀ ਵਾਪਸੀ ਤੋਂ ਪਹਿਲਾਂ, ਕਾਬੁਲ ਦੀ ਸਾਬਕਾ ਸਰਕਾਰ ਨਿਯਮਿਤ ਤੌਰ 'ਤੇ ਇਸਲਾਮਾਬਾਦ 'ਤੇ ਉਨ੍ਹਾਂ ਦੀਆਂ ਫੌਜਾਂ ਉੱਤੇ ਤਾਲਿਬਾਨ ਹਮਲਿਆਂ ਦੀ ਤਿਆਰੀ ਕਰਨ ਅਤੇ ਯੋਜਨਾ ਬਣਾਉਣ ਲਈ ਪਾਕਿਸਤਾਨੀ ਧਰਤੀ ਦੀ ਵਰਤੋਂ ਦੇ ਇਲਜ਼ਾਮ ਲਾਉਂਦੀ ਰਹੀ ਸੀ।

ਇਸ ਸਮੇਂ ਦੌਰਾਨ ਪਾਕਿਸਤਾਨ ਨੇ ਤਾਲਿਬਾਨ ਨਾਲ ਸਬੰਧਾਂ ਤੋਂ ਇਨਕਾਰ ਕੀਤਾ, ਉਸ ਸਮੇਂ ਦੇ ਪਾਕਿਸਤਾਨੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਨੇ ਅਜਿਹੇ ਇਲਜ਼ਾਮਾਂ ਨੂੰ "ਹਾਸੋਹੀਣਾ" ਕਰਾਰ ਦਿੱਤਾ ਸੀ।

ਦੋਵੇਂ ਸਮਝੌਤਿਆਂ ਨੂੰ ਸੁਚਾਰੂ ਬਣਾਉਣ ਅਤੇ ਗੱਲਬਾਤ ਕਰਨ ਵਿੱਚ ਪਾਕਿਸਤਾਨ ਦੀ ਮੁੱਖ ਭੂਮਿਕਾ ਸੀ ਜਿਸਨੇ ਅਫ਼ਗਾਨਿਸਤਾਨ ਤੋਂ ਅਮਰੀਕਾ ਦੇ ਜਾਣ ਅਤੇ ਤਾਲਿਬਾਨ ਦੀ ਸੱਤਾ ਵਿੱਚ ਤੇਜ਼ੀ ਨਾਲ ਵਾਪਸੀ ਦਾ ਰਾਹ ਪੱਧਰਾ ਕੀਤਾ।

ਇਹ ਉਨ੍ਹਾਂ ਕੁਝ ਕੁ ਦੇਸ਼ਾਂ ਵਿੱਚੋਂ ਇੱਕ ਸੀ ਜਿਨ੍ਹਾਂ ਨੇ ਅਫਗਾਨਿਸਤਾਨ ਵਿੱਚ ਤਾਲਿਬਾਨ ਦੇ ਸੱਤਾ ਦੇ ਪਹਿਲੇ ਦੌਰ (1996-2001) ਦੌਰਾਨ ਅਧਿਕਾਰਤ ਤੌਰ 'ਤੇ ਤਾਲਿਬਾਨ ਸਰਕਾਰ ਨੂੰ ਮਾਨਤਾ ਦਿੱਤੀ ਸੀ।

ਪਰ ਤਾਜ਼ਾ ਤਣਾਅ ਨੇ ਦਿਖਾਇਆ ਹੈ ਕਿ ਅਫਗਾਨਿਸਤਾਨ ਵਿੱਚ ਤਾਲਿਬਾਨ ਦੇ ਸੱਤਾ ਵਿੱਚ ਆਉਣ ਦੇ ਬਾਵਜੂਦ, ਰਿਸ਼ਤੇ ਅਸਲ ਵਿੱਚ ਬਹੁਤ ਨਾਜ਼ੁਕ ਹਨ।

ਪਾਕਿਸਤਾਨ ਦਾ ਹੁਣ ਕਹਿਣਾ ਹੈ ਕਿ ਤਹਿਰੀਕ-ਏ-ਤਾਲਿਬਾਨ ਪਾਕਿਸਤਾਨ (ਟੀਟੀਪੀ) ਸਮੂਹ ਜਿਸਨੂੰ ਪਾਕਿਸਤਾਨੀ ਤਾਲਿਬਾਨ ਵੀ ਕਿਹਾ ਜਾਂਦਾ ਹੈ, ਅਫਗਾਨਿਸਤਾਨ ਵਿੱਚਲੇ ਆਪਣੇ ਅਧਾਰ ਤੋਂ ਦੇਸ਼ ਉੱਤੇ ਹਮਲੇ ਕਰ ਰਿਹਾ ਹੈ ਅਤੇ ਅਫ਼ਗਾਨ ਤਾਲਿਬਾਨ ਉਨ੍ਹਾਂ ਨੂੰ ਰੋਕਣ ਲਈ ਕੁਝ ਨਹੀਂ ਕਰ ਰਿਹਾ ਹੈ।

ਸਾਬਕਾ ਪਾਕਿਸਤਾਨੀ ਡਿਪਲੋਮੈਟ ਮਸੂਦ ਖ਼ਾਨ ਨੇ ਬੀਬੀਸੀ ਨੂੰ ਦੱਸਿਆ, "ਅਫਗਾਨਿਸਤਾਨ ਵਿੱਚ ਤਾਲਿਬਾਨ ਦੇ ਸੱਤਾ ਵਿੱਚ ਆਉਣ ਤੋਂ ਬਾਅਦ, ਪਾਕਿਸਤਾਨ ਨੂੰ ਉਮੀਦ ਸੀ ਕਿ ਟੀਟੀਪੀ ਵਰਗੇ ਸਮੂਹਾਂ ਨੂੰ ਹੁਣ ਪਹਿਲਾਂ ਵਾਂਗ ਸਮਰਥਨ ਨਹੀਂ ਮਿਲੇਗਾ ਅਤੇ ਸਰਹੱਦੀ ਹਾਲਾਤ ਸੁਧਰ ਜਾਣਗੇ ਪਰ ਅਜਿਹਾ ਨਹੀਂ ਹੋਇਆ।"

ਇਹ ਸ਼ਾਇਦ ਹੈਰਾਨੀ ਵਾਲੀ ਗੱਲ ਨਹੀਂ ਹੈ।

ਵਿਸ਼ਲੇਸ਼ਕ ਅਤੇ ਪੱਤਰਕਾਰ ਸਾਮੀ ਯੂਸਫਜ਼ਈ ਅਫਗਾਨਿਸਤਾਨ-ਪਾਕਿਸਤਾਨ ਸਬੰਧਾਂ 'ਤੇ ਨੇੜਿਓਂ ਨਜ਼ਰ ਰੱਖਦੇ ਹਨ।

ਉਨ੍ਹਾਂ ਨੇ ਬੀਬੀਸੀ ਨੂੰ ਦੱਸਿਆ, "ਹੋਰ ਸਰਕਾਰਾਂ ਦੇ ਉਲਟ, ਅਫਗਾਨ ਤਾਲਿਬਾਨ ਇੱਕ ਰਵਾਇਤੀ ਸਰਕਾਰ ਨਹੀਂ ਹੈ। ਉਹ ਇਤਿਹਾਸਕ ਤੌਰ 'ਤੇ ਟੀਟੀਪੀ ਨਾਲ ਜੁੜੇ ਇੱਕ ਸਮੂਹ ਦੇ ਰੂਪ ਵਿੱਚ ਸੱਤਾ ਵਿੱਚ ਆਏ ਸਨ।"

ਉਨ੍ਹਾਂ ਨੇ ਅੱਗੇ ਕਿਹਾ, "ਜੇਕਰ ਪਾਕਿਸਤਾਨ ਮੰਨਦਾ ਹੈ ਕਿ ਅਫਗਾਨ ਤਾਲਿਬਾਨ ਅਫਗਾਨਿਸਤਾਨ ਤੋਂ ਟੀਟੀਪੀ ਨੂੰ ਖ਼ਤਮ ਕਰ ਦੇਵੇਗਾ ਜਾਂ ਬਾਹਰ ਕੱਢ ਦੇਵੇਗਾ ਤਾਂ ਇਹ ਇੱਕ ਅਜਿਹੀ ਉਮੀਦ ਹੈ, ਜਿਸ ਉੱਤੇ ਵਿਸ਼ਵਾਸ ਨਹੀਂ ਕੀਤਾ ਜਾ ਸਕਦਾ।"

"ਹੁਣ, ਅਫ਼ਗਾਨਿਸਤਾਨ ਦੇ ਅੰਤਰਿਮ ਵਿਦੇਸ਼ ਮੰਤਰੀ ਅਮੀਰ ਖਾਨ ਮੁਤੱਕੀ ਦੀ ਨਵੀਂ ਦਿੱਲੀ ਫੇਰੀ ਨਾਲ ਅਫਗਾਨਿਸਤਾਨ ਅਤੇ ਪਾਕਿਸਤਾਨ ਦੇ ਪੁਰਾਣੇ ਦੁਸ਼ਮਣ ਭਾਰਤ ਵਿਚਕਾਰ ਕੂਟਨੀਤਕ ਸਬੰਧ ਬਹਾਲ ਹੋ ਗਏ ਹਨ ਜੋ ਸੁਭਾਵਿਕ ਹੈ ਕਿ ਇਸਲਾਮਾਬਾਦ ਨੂੰ ਚੰਗਾ ਨਹੀਂ ਲੱਗੇਗਾ।"

"ਇਸ ਨਾਲ ਪਾਕਿਸਤਾਨ ਵਿੱਚ ਇਹ ਡਰ ਵਧੇਗਾ ਕਿ ਅਫਗਾਨਿਸਤਾਨ ਦੀ ਧਰਤੀ ਨੂੰ ਦੁਬਾਰਾ ਦੇਸ਼ ਵਿਰੁੱਧ ਹਮਲੇ ਕਰਨ ਲਈ ਵਰਤਿਆ ਜਾ ਸਕਦਾ ਹੈ।"

ਪਾਕਿਸਤਾਨ ਦੇ ਰੱਖਿਆ ਮੰਤਰੀ ਖਵਾਜਾ ਮੁਹੰਮਦ ਆਸਿਫ਼ ਨੇ ਜੀਓ ਨਿਊਜ਼ ਚੈਨਲ ਨੂੰ ਦੱਸਿਆ, "ਭਾਰਤ ਅਫਗਾਨਿਸਤਾਨ ਰਾਹੀਂ ਪਾਕਿਸਤਾਨ ਤੋਂ ਬਦਲਾ ਲੈਣ ਦੀ ਕੋਸ਼ਿਸ਼ ਕਰ ਰਿਹਾ ਹੈ ਅਤੇ ਅਫਗਾਨਿਸਤਾਨ ਉੱਥੇ ਭਾਰਤ ਦੀ ਮੌਜੂਦਗੀ ਨੂੰ ਯਕੀਨੀ ਬਣਾ ਰਿਹਾ ਹੈ।"

ਭਾਰਤ ਨੇ ਅਫਗਾਨਿਸਤਾਨ ਦੇ ਅੰਦਰ ਕਿਸੇ ਵੀ ਪਾਕਿਸਤਾਨ ਵਿਰੋਧੀ ਤੱਤਾਂ ਦਾ ਸਮਰਥਨ ਕਰਨ ਤੋਂ ਲਗਾਤਾਰ ਇਨਕਾਰ ਕੀਤਾ ਹੈ।

ਪਰ ਭਾਰਤ ਅਤੇ ਅਫਗਾਨਿਸਤਾਨ ਵਿਚਕਾਰ ਕੂਟਨੀਤਕ ਬਦਲਦੇ ਰੁਖ਼ ਨੂੰ ਯੂਸਫ਼ਜ਼ਈ ਵਰਗੇ ਨਿਰੀਖਕਾਂ ਨੇ 'ਪ੍ਰਤੀਕਾਤਮਕ ਹਾਰ' ਕਰਾਰ ਦਿੱਤਾ ਹੈ।

ਨਿਰੀਖਕਾਂ ਦਾ ਕਹਿਣਾ ਹੈ ਕਿ ਭਾਰਤ ਇਸ ਪਾਸੇ ਉਸ ਸਮੇਂ ਕੰਮ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ ਜਦੋਂ ਤਾਲਿਬਾਨ ਇਸ ਖਿੱਤੇ ਦੇ ਦੇਸ਼ਾਂ ਨਾਲ ਸਬੰਧ ਸਥਾਪਤ ਕਰਕੇ ਆਪਣੀ ਅਲੱਗ-ਥਲੱਗਤਾ ਨੂੰ ਖ਼ਤਮ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ।

ਯੂਸਫ਼ਜ਼ਈ ਇਸ ਨੂੰ ਇੱਕ ਔਖਾ ਕੰਮ ਦੱਸਦਿਆਂ ਕਿਹਾ, "ਤਾਲਿਬਾਨ ਸਰਕਾਰ ਨੂੰ ਵਿਹਾਰਕ ਸਹਾਇਤਾ ਪ੍ਰਦਾਨ ਕਰਨ ਦੀ ਭਾਰਤ ਦੀ ਸਮਰੱਥਾ ਸੀਮਤ ਹੈ ਕਿਉਂਕਿ ਕਾਬੁਲ ਇੱਕ ਸਖ਼ਤ ਜੇਹਾਦੀ ਵਿਚਾਰਧਾਰਕ ਪ੍ਰਣਾਲੀ ਅਧੀਨ ਕੰਮ ਕਰਦਾ ਹੈ।"

ਇਹ ਇਸਲਾਮਾਬਾਦ ਲਈ ਕੁਝ ਦਿਲਾਸੇ ਵਾਲਾ ਹੋ ਸਕਦਾ ਹੈ।

ਹੁਣ ਕੀ ਬਦਲ ਹਨ?

ਇਸ ਦੇ ਬਾਵਜੂਦ ਮਾਹਰਾਂ ਦਾ ਮੰਨਣਾ ਹੈ ਕਿ ਪਾਕਿਸਤਾਨ ਕੋਲ ਪੈਂਤੜੇਬਾਜ਼ੀ ਲਈ ਬਹੁਤੀ ਥਾਂ ਨਹੀਂ ਹੈ। ਅਫਗਾਨਿਸਤਾਨ ਦੇ ਅੰਦਰ ਹਮਲੇ ਕਰਨਾ ਜਾਂ ਸਰਹੱਦੀ ਝੜਪਾਂ ਵਿੱਚ ਸ਼ਾਮਲ ਹੋਣਾ ਟਿਕਾਊ ਨਹੀਂ ਹੈ।

ਯੂਸਫ਼ਜ਼ਈ ਨੇ ਕਿਹਾ, "ਕੀ ਪਾਕਿਸਤਾਨ ਖੁੱਲ੍ਹ ਕੇ ਤਾਲਿਬਾਨ ਵਿਰੋਧੀ ਤੱਤਾਂ ਦਾ ਸਮਰਥਨ ਕਰੇਗਾ? ਇਹ ਪਾਕਿਸਤਾਨ ਜਾਂ ਉਨ੍ਹਾਂ ਸਮੂਹਾਂ ਲਈ ਕੋਈ ਸਹੀ ਜਾਂ ਸੌਖਾ ਰਾਹ ਨਹੀਂ ਹੈ।"

ਅਮਰੀਕਾ ਵਿੱਚ ਪਾਕਿਸਤਾਨ ਦੇ ਸਾਬਕਾ ਰਾਜਦੂਤ ਮਸੂਦ ਖਾਨ ਨੇ ਬੀਬੀਸੀ ਨੂੰ ਦੱਸਿਆ ਕਿ ਚੀਨ, ਜੋ ਅਫਗਾਨਿਸਤਾਨ ਅਤੇ ਪਾਕਿਸਤਾਨ ਦੋਵਾਂ ਨਾਲ ਲੱਗਦਾ ਹੈ, ਇੱਥੇ ਬਹੁਤ ਅਹਿਮ ਭੂਮਿਕਾ ਰੱਖਦਾ ਹੈ।

ਉਨ੍ਹਾਂ ਕਿਹਾ, "ਸੰਵਾਦ ਸ਼ੁਰੂ ਕਰਨ ਲਈ ਕੂਟਨੀਤਕ ਜਗ੍ਹਾ ਬਣਾਈ ਜਾਣੀ ਚਾਹੀਦੀ ਹੈ ਅਤੇ ਚੀਨ ਇਸ ਸਬੰਧ ਵਿੱਚ ਮਦਦ ਕਰ ਸਕਦਾ ਹੈ, ਕਿਉਂਕਿ ਇਹ ਦੋਵਾਂ ਨਾਲ ਚੰਗੇ ਸਬੰਧ ਬਣਾਈ ਰੱਖਦਾ ਹੈ।"

ਚੀਨ ਨੇ ਕਿਹਾ ਹੈ ਕਿ ਉਹ ਅਫਗਾਨਿਸਤਾਨ ਅਤੇ ਪਾਕਿਸਤਾਨ ਵਿਚਕਾਰ ਵਧਦੇ ਤਣਾਅ ਬਾਰੇ ਬਹੁਤ ਚਿੰਤਤ ਹੈ, ਪਰ ਗੱਲਬਾਤ ਅਤੇ ਸਹਿਯੋਗ ਨੂੰ ਉਤਸ਼ਾਹਿਤ ਕਰਨ ਲਈ ਤਿੰਨਾਂ ਦੇਸ਼ਾਂ ਵਿਚਕਾਰ ਪਹਿਲਾਂ ਹੀ ਇੱਕ ਤਿਕੋਣਾ ਮੰਚ ਮੌਜੂਦ ਹੈ।

ਕਈ ਹੋਰ ਦੇਸ਼ਾਂ ਨੇ ਕਿਹਾ ਹੈ ਕਿ ਸਾਊਦੀ ਅਰਬ ਅਤੇ ਸੰਯੁਕਤ ਅਰਬ ਅਮੀਰਾਤ ਨੂੰ ਵੀ ਅਫਗਾਨਿਸਤਾਨ 'ਤੇ ਟੀਟੀਪੀ ਵਿਰੁੱਧ ਕਾਰਵਾਈ ਕਰਨ ਲਈ ਦਬਾਅ ਪਾਉਣਾ ਚਾਹੀਦਾ ਹੈ।

ਪਾਕਿਸਤਾਨ ਅਤੇ ਸਾਊਦੀ ਅਰਬ ਨੇ ਹਾਲ ਹੀ ਵਿੱਚ ਇੱਕ ਆਪਸੀ ਰੱਖਿਆ ਸਮਝੌਤੇ 'ਤੇ ਦਸਤਖਤ ਕੀਤੇ ਹਨ, ਜਿਸ ਵਿੱਚ ਕਿਹਾ ਗਿਆ ਹੈ ਕਿ ਦੋਵਾਂ ਵਿੱਚੋਂ ਕਿਸੇ ਵੀ ਦੇਸ਼ ਉੱਤੇ ਹਮਲਾ, ਦੋਵਾਂ ਦੇਸ਼ਾਂ ਖ਼ਿਲਾਫ਼ ਹਮਲਾ ਮੰਨਿਆ ਜਾਵੇਗਾ।

ਪਾਕਿਸਤਾਨ ਦੀ ਅਫਗਾਨਿਸਤਾਨ ਨਾਲ 2,600 ਕਿਲੋਮੀਟਰ ਲੰਬੀ ਸਰਹੱਦ ਲੱਗਦੀ ਹੈ। ਇਸਨੂੰ ਡੂਰੰਡ ਲਾਈਨ ਵੀ ਕਿਹਾ ਜਾਂਦਾ ਹੈ ਅਤੇ ਇਹ 1893 ਵਿੱਚ ਅੰਗਰੇਜ਼ਾਂ ਵੱਲੋਂ ਮਨਮਰਜ਼ੀ ਦਿਖਾਂਦਿਆਂ ਖਿੱਚੀ ਗਈ ਲਾਈਨ ਸੀ ਅਤੇ ਅਫਗਾਨਿਸਤਾਨ ਅਤੇ ਇਸਦੇ ਦੋਵੇਂ ਪਾਸੇ ਰਹਿਣ ਵਾਲੇ ਲੱਖਾਂ ਨਸਲੀ ਪਸ਼ਤੂਨਾਂ ਲਈ ਇਸ ਨੇ ਇੱਕ ਕਦੀ ਨਾ ਮੁੱਕਣ ਵਾਲਾ ਵਿਵਾਦ ਖੜਾ ਕਰ ਦਿੱਤਾ।

ਇਸ ਨਾਲ ਕੁਝ ਨਿਰੀਖਕਾਂ ਨੂੰ ਇਹ ਵੀ ਲੱਗਦਾ ਹੈ ਕਿ ਨਵੇਂ ਤਣਾਅ ਦੀਆਂ ਜੜ੍ਹਾਂ ਖੇਤਰੀ ਮਾਲਕੀਅਤ ਨਾਲ ਵੀ ਜੁੜੀਆਂ ਹੋਈਆਂ ਹਨ।

ਹਜ਼ਾਰਾਂ ਲੋਕ ਰੋਜ਼ਾਨਾ ਸਰਹੱਦ ਪਾਰ ਕਰਦੇ ਹਨ।

ਸਰਕਾਰੀ ਸਬੰਧਾਂ ਦੀ ਤਣਾਅ ਭਰੀ ਸਥਿਤੀ ਦੇ ਬਾਵਜੂਦ ਕਬਾਇਲੀ ਭਾਈਚਾਰੇ ਸਰਹੱਦ ਦੇ ਦੋਵੇਂ ਪਾਸੇ ਰਹਿੰਦੇ ਹਨ। ਇਸ ਦੇ ਚਲਦਿਆਂ ਪਰਿਵਾਰਕ ਅਤੇ ਸਮਾਜਿਕ ਸਬੰਧਾਂ ਦੇ ਨਾਲ ਦੋਵਾਂ ਦੇਸ਼ਾਂ ਵਿਚਕਾਰ ਸਬੰਧਾਂ ਨੂੰ ਆਮ ਬਣਾਉਣ ਦੀ ਲੋੜ ਹੈ।

ਖਾਨ ਕਹਿੰਦੇ ਹਨ, "ਅੱਤਵਾਦ ਦਾ ਖਾਤਮਾ ਸਿਰਫ ਸਹਿਯੋਗ ਅਤੇ ਸੁਧਰੇ ਸਬੰਧਾਂ ਰਾਹੀਂ ਹੀ ਸੰਭਵ ਹੈ, ਬਿਆਨਬਾਜ਼ੀ ਨਾਲ ਅਜਿਹਾ ਨਹੀਂ ਹੋ ਸਕਦਾ।"

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)