ਅਫਗਾਨਿਸਤਾਨ-ਪਾਕਿਸਤਾਨ ਸਰਹੱਦ 'ਤੇ ਗੋਲੀਬਾਰੀ, 'ਪਾਕਿਸਤਾਨ ਦੇ 23 ਸੈਨਿਕ ਮਾਰੇ ਗਏ', ਹੁਣ ਤੱਕ ਕੀ-ਕੀ ਪਤਾ ਹੈ

ਪਾਕਿਸਤਾਨ ਨੇ ਅਫਗਾਨ ਸਰਹੱਦ ਦੇ ਨੇੜੇ ਤਾਲਿਬਾਨ ਦੇ ਟਿਕਾਣਿਆਂ 'ਤੇ "ਵੱਡੇ ਜਵਾਬੀ ਹਮਲੇ" ਕਰਨ ਦਾ ਦਾਅਵਾ ਕੀਤਾ ਹੈ।

ਸਰਹੱਦੀ ਸੂਬੇ ਵਿੱਚ ਪਾਕਿਸਤਾਨ ਦੇ ਹਮਲੇ ਤੋਂ ਬਾਅਦ, ਅਫਗਾਨਿਸਤਾਨ ਨੇ ਵੀ ਜਵਾਬੀ ਕਾਰਵਾਈ ਕੀਤੀ, ਜਿਸ ਵਿੱਚ 58 ਪਾਕਿਸਤਾਨੀ ਸੈਨਿਕ ਮਾਰਨ ਦਾ ਦਾਅਵਾ ਕੀਤਾ ਗਿਆ।

ਪਾਕਿਸਤਾਨੀ ਫੌਜ ਦੇ ਇੱਕ ਬਿਆਨ ਵਿੱਚ ਕਿਹਾ ਗਿਆ ਹੈ ਕਿ ਇਹ ਹਮਲਾ "ਬਿਨਾਂ ਭੜਕਾਹਟ" ਸੀ ਅਤੇ ਇਸਦਾ ਮਕਸਦ ਸਰਹੱਦੀ ਖੇਤਰਾਂ ਨੂੰ ਅਸਥਿਰ ਕਰਨਾ ਸੀ।

ਫੌਜ ਦੇ ਅਨੁਸਾਰ, ਜਵਾਬੀ ਹਮਲਿਆਂ ਵਿੱਚ ਹਵਾਈ ਹਮਲੇ, ਤੋਪਖਾਨੇ ਦੀ ਗੋਲੀਬਾਰੀ ਅਤੇ ਜ਼ਮੀਨੀ ਛਾਪੇਮਾਰੀ ਸ਼ਾਮਲ ਸੀ, ਜਿਸ ਵਿੱਚ ਕਈ ਤਾਲਿਬਾਨ ਚੌਕੀਆਂ, ਕੈਂਪਾਂ ਅਤੇ ਸਹਾਇਤਾ ਨੈੱਟਵਰਕਾਂ ਨੂੰ ਨਿਸ਼ਾਨਾ ਬਣਾਇਆ ਗਿਆ।

ਪਾਕਿਸਤਾਨ ਦਾ ਦਾਅਵਾ ਹੈ ਕਿ ਇਸ ਕਾਰਵਾਈ ਦੇ ਨਤੀਜੇ ਵਜੋਂ 200 ਤੋਂ ਵੱਧ ਸ਼ੱਕੀ ਮਾਰੇ ਗਏ, ਕਈ ਟਿਕਾਣਿਆਂ ਨੂੰ ਤਬਾਹ ਕਰ ਦਿੱਤਾ ਗਿਆ ਅਤੇ ਕੁਝ ਅਫਗਾਨ ਚੌਕੀਆਂ 'ਤੇ ਅਸਥਾਈ ਤੌਰ 'ਤੇ ਕਬਜ਼ਾ ਕਰ ਲਿਆ ਗਿਆ। ਹਾਲਾਂਕਿ, ਪਾਕਿਸਤਾਨੀ ਫੌਜ ਨੇ ਇਹ ਵੀ ਸਵੀਕਾਰ ਕੀਤਾ ਕਿ ਝੜਪਾਂ ਵਿੱਚ ਉਸਦੇ 23 ਸੈਨਿਕ ਮਾਰੇ ਗਏ ਅਤੇ 29 ਜ਼ਖਮੀ ਹੋਏ।

ਪਾਕਿਸਤਾਨ-ਅਫਗਾਨਿਸਤਾਨ ਸਰਹੱਦ 'ਤੇ ਸ਼ਨੀਵਾਰ ਦੇਰ ਰਾਤ ਗੋਲੀਬਾਰੀ ਹੋਈ ਸੀ, ਜਦੋਂ ਅਫਗਾਨ ਤਾਲਿਬਾਨ ਬਲਾਂ ਨੇ ਪਾਕਿਸਤਾਨੀ ਚੌਕੀਆਂ 'ਤੇ ਹਮਲਾ ਕੀਤਾ ਸੀ। ਇਹ ਘਟਨਾ ਇਸ ਹਫ਼ਤੇ ਕਾਬੁਲ ਵਿੱਚ ਹੋਏ ਹਵਾਈ ਹਮਲੇ ਤੋਂ ਬਾਅਦ ਵਾਪਰੀ ਹੈ।

ਤਾਲਿਬਾਨ ਦੇ ਰੱਖਿਆ ਮੰਤਰਾਲੇ ਦਾ ਕਹਿਣਾ ਹੈ ਕਿ ਅਫਗਾਨ ਧਰਤੀ 'ਤੇ ਹਾਲ ਹੀ ਵਿੱਚ ਪਾਕਿਸਤਾਨੀ ਫੌਜੀ ਕਾਰਵਾਈਆਂ ਦੇ ਜਵਾਬ ਵਿੱਚ ਉਨ੍ਹਾਂ ਦੀ ਫੌਜ ਨੇ ਸਰਹੱਦ ਪਾਰ ਪਾਕਿਸਤਾਨੀ ਫੌਜਾਂ ਵਿਰੁੱਧ ਵੱਡੇ ਪੱਧਰ 'ਤੇ ਜਵਾਬੀ ਹਮਲੇ ਕੀਤੇ ਹਨ।

ਬੀਬੀਸੀ ਉਰਦੂ ਦੇ ਅਨੁਸਾਰ, ਪਾਕਿਸਤਾਨ ਵਿੱਚ ਫੌਜੀ ਸੂਤਰਾਂ ਨੇ ਇਸ ਕਾਰਵਾਈ ਦੀ ਪੁਸ਼ਟੀ ਕੀਤੀ ਹੈ ਅਤੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਨੇ ਅਫਗਾਨ ਹਮਲਿਆਂ ਦਾ ਜ਼ੋਰਦਾਰ ਜਵਾਬ ਦਿੱਤਾ ਅਤੇ ਕਈ ਚੌਕੀਆਂ ਨੂੰ ਤਬਾਹ ਕਰ ਦਿੱਤਾ।

ਇਸ ਮਾਮਲੇ 'ਤੇ ਪਾਕਿਸਤਾਨ ਵੱਲੋਂ ਅਜੇ ਤੱਕ ਕੋਈ ਅਧਿਕਾਰਤ ਬਿਆਨ ਨਹੀਂ ਆਇਆ ਹੈ। ਹਾਲਾਂਕਿ, ਪਾਕਿਸਤਾਨ ਨੇ ਤਾਲਿਬਾਨ ਦੇ ਵਿਦੇਸ਼ ਮੰਤਰੀ ਦੀ ਭਾਰਤ ਫੇਰੀ ਅਤੇ ਪਾਕਿਸਤਾਨ ਸੰਬੰਧੀ ਉਨ੍ਹਾਂ ਦੇ ਬਿਆਨ 'ਤੇ ਪ੍ਰਤੀਕਿਰਿਆ ਦਿੱਤੀ ਹੈ।

ਭਾਰਤ ਦੇ ਦੌਰੇ 'ਤੇ ਆਏ ਤਾਲਿਬਾਨ ਸਰਕਾਰ ਦੇ ਵਿਦੇਸ਼ ਮੰਤਰੀ ਅਮੀਰ ਖਾਨ ਮੁਤਕੀ ਨੇ ਕਿਹਾ ਸੀ ਕਿ ਦੇਸ਼ ਦੇ ਸਰਹੱਦੀ ਖੇਤਰਾਂ ਵਿੱਚ ਹਮਲੇ ਹੋਏ ਹਨ ਅਤੇ ਪਾਕਿਸਤਾਨ ਨੂੰ ਇਹ ਗਲਤੀ ਨਹੀਂ ਦੁਹਰਾਉਣੀ ਚਾਹੀਦੀ।

ਪਾਕਿਸਤਾਨੀ ਅਤੇ ਅਫਗਾਨ ਅਧਿਕਾਰੀਆਂ ਨੇ ਬੀਬੀਸੀ ਨੂੰ ਕੀ ਦੱਸਿਆ?

ਕਾਬੁਲ ਵਿੱਚ ਤਾਲਿਬਾਨ ਦੇ ਰੱਖਿਆ ਮੰਤਰਾਲੇ ਨੇ ਬੀਬੀਸੀ ਨੂੰ ਦੱਸਿਆ ਕਿ ਸ਼ਨੀਵਾਰ ਰਾਤ ਨੂੰ ਅਫਗਾਨਿਸਤਾਨ ਦੇ ਪੂਰਬੀ ਕੁਨਾਰ ਸੂਬੇ, ਦੱਖਣ-ਪੂਰਬੀ ਖੋਸਤ, ਪਕਤੀਆ ਅਤੇ ਦੱਖਣੀ ਹੇਲਮੰਦ ਵਿੱਚ ਡੁਰੰਡ ਰੇਖਾ ਦੇ ਨਾਲ ਪਾਕਿਸਤਾਨੀ ਫੌਜੀ ਚੌਕੀਆਂ 'ਤੇ ਹਮਲੇ ਕੀਤੇ ਗਏ।

ਚਸ਼ਮਦੀਦਾਂ ਨੇ ਬੀਬੀਸੀ ਨੂੰ ਦੱਸਿਆ ਕਿ ਤਾਲਿਬਾਨ ਫੌਜਾਂ ਨੇ ਸ਼ਾਮ ਨੂੰ ਹਲਕੇ ਅਤੇ ਭਾਰੀ ਹਥਿਆਰਾਂ ਨਾਲ ਹਮਲਾ ਕੀਤਾ ਅਤੇ ਇਸ ਤੋਂ ਬਾਅਦ ਦੋਵਾਂ ਧਿਰਾਂ ਵਿਚਕਾਰ ਭਿਆਨਕ ਲੜਾਈ ਹੋਈ।

ਪਾਕਿਸਤਾਨ ਵਿੱਚ ਵੀ ਫੌਜੀ ਸੂਤਰਾਂ ਨੇ ਅਫਗਾਨਿਸਤਾਨ ਤੋਂ ਹਮਲਿਆਂ ਦੀ ਪੁਸ਼ਟੀ ਕੀਤੀ ਹੈ ਅਤੇ ਕਿਹਾ ਹੈ ਕਿ ਤਾਲਿਬਾਨ ਫੌਜਾਂ ਨੇ ਅੰਗੂਰ ਅੱਡਾ, ਬਾਜੌਰ, ਕੁਰਰਮ, ਦੀਰ, ਚਿਤਰਾਲ ਅਤੇ ਬਲੋਚਿਸਤਾਨ ਦੇ ਬਾਰਮ ਚਾਹ ਵਰਗੀਆਂ ਥਾਂਵਾਂ 'ਤੇ ਬਿਨ੍ਹਾਂ ਕਿਸੇ ਭੜਕਾਹਟ ਦੇ ਗੋਲੀਬਾਰੀ ਕੀਤੀ।

ਸਰਹੱਦ ਤੋਂ ਕੁਝ ਕਿਲੋਮੀਟਰ ਦੂਰ ਪਾਕਿਸਤਾਨ ਦੇ ਕੁਰਰਮ ਜ਼ਿਲ੍ਹੇ ਦੇ ਇੱਕ ਪੁਲਿਸ ਅਧਿਕਾਰੀ ਨੇ ਬੀਬੀਸੀ ਉਰਦੂ ਦੇ ਅਜ਼ੀਜ਼ਉੱਲ੍ਹਾ ਖਾਨ ਨੂੰ ਦੱਸਿਆ ਕਿ ਦੋਵਾਂ ਪਾਸਿਆਂ ਤੋਂ ਭਾਰੀ ਹਥਿਆਰਾਂ ਨਾਲ ਗੋਲੀਬਾਰੀ ਹੋ ਰਹੀ ਹੈ, ਜਿਸ ਵਿੱਚ ਹੁਣ ਤੱਕ ਦੋ ਲੋਕਾਂ ਦੇ ਜ਼ਖਮੀ ਹੋਣ ਦੀ ਖ਼ਬਰ ਹੈ।

ਸਾਊਦੀ ਅਰਬ ਅਤੇ ਕਤਰ ਨੇ ਜਤਾਈ ਚਿੰਤਾ

ਸ਼ੁੱਕਰਵਾਰ ਨੂੰ, ਅਫਗਾਨਿਸਤਾਨ ਵਿੱਚ ਤਾਲਿਬਾਨ ਰੱਖਿਆ ਮੰਤਰਾਲੇ ਨੇ ਪਾਕਿਸਤਾਨ 'ਤੇ ਆਪਣੇ ਹਵਾਈ ਖੇਤਰ ਦੀ ਉਲੰਘਣਾ ਕਰਨ ਅਤੇ ਕਾਬੁਲ ਸਣੇ ਦੋ ਥਾਵਾਂ 'ਤੇ ਹਵਾਈ ਹਮਲੇ ਕਰਨ ਦਾ ਇਲਜ਼ਾਮ ਲਗਾਇਆ ਸੀ।

ਤਾਲਿਬਾਨ ਦੇ ਰੱਖਿਆ ਮੰਤਰਾਲੇ ਨੇ ਕਿਹਾ ਕਿ ਜੇਕਰ ਇਸ ਤੋਂ ਬਾਅਦ ਸਥਿਤੀ ਹੋਰ ਵਿਗੜਦੀ ਹੈ ਤਾਂ ਇਸ ਦੇ ਨਤੀਜਿਆਂ ਲਈ ਪਾਕਿਸਤਾਨੀ ਫੌਜ ਜ਼ਿੰਮੇਵਾਰ ਹੋਵੇਗੀ।

ਬਿਆਨ ਵਿੱਚ ਕਿਹਾ ਗਿਆ ਹੈ, "ਇੱਕ ਵਾਰ ਫਿਰ ਪਾਕਿਸਤਾਨ ਨੇ ਅਫਗਾਨਿਸਤਾਨ ਦੇ ਹਵਾਈ ਖੇਤਰ ਦੀ ਉਲੰਘਣਾ ਕੀਤੀ ਹੈ। ਪਾਕਿਸਤਾਨੀ ਫੌਜ ਨੇ ਡੁਰੰਡ ਰੇਖਾ ਦੇ ਨੇੜੇ ਪਕਤਿਕਾ ਸੂਬੇ ਦੇ ਮਰਘਾ ਖੇਤਰ ਵਿੱਚ ਇੱਕ ਬਾਜ਼ਾਰ ਨੂੰ ਨਿਸ਼ਾਨਾ ਬਣਾਇਆ ਅਤੇ ਰਾਜਧਾਨੀ ਕਾਬੁਲ ਦੇ ਹਵਾਈ ਖੇਤਰ ਦੀ ਵੀ ਉਲੰਘਣਾ ਕੀਤੀ।"

ਤਾਲਿਬਾਨ ਦੇ ਰੱਖਿਆ ਮੰਤਰਾਲੇ ਨੇ ਪਾਕਿਸਤਾਨੀ ਫੌਜ ਨੂੰ ਚੇਤਾਵਨੀ ਦਿੰਦੇ ਹੋਏ ਕਿਹਾ, "ਸਥਿਤੀ ਕਿੰਨੀ ਵੀ ਗੰਭੀਰ ਕਿਉਂ ਨਾ ਹੋ ਜਾਵੇ, ਪਾਕਿਸਤਾਨੀ ਫੌਜ ਨੂੰ ਇਸ ਦੇ ਨਤੀਜੇ ਭੁਗਤਣੇ ਪੈਣਗੇ।"

ਹਾਲਾਂਕਿ, ਪਾਕਿਸਤਾਨ ਨੇ ਕੋਈ ਸਪੱਸ਼ਟ ਜਵਾਬ ਨਹੀਂ ਦਿੱਤਾ।

ਬੀਬੀਸੀ ਉਰਦੂ ਦੇ ਅਨੁਸਾਰ, ਸ਼ੁੱਕਰਵਾਰ ਨੂੰ ਪੇਸ਼ਾਵਰ ਵਿੱਚ ਇੱਕ ਪ੍ਰੈਸ ਕਾਨਫਰੰਸ ਵਿੱਚ ਇਸ ਬਾਰੇ ਪੁੱਛੇ ਜਾਣ 'ਤੇ ਪਾਕਿਸਤਾਨੀ ਫੌਜ ਦੇ ਬੁਲਾਰੇ ਲੈਫਟੀਨੈਂਟ ਜਨਰਲ ਅਹਿਮਦ ਸ਼ਰੀਫ ਚੌਧਰੀ ਨੇ ਕੋਈ ਸਪਸ਼ਟ ਜਵਾਬ ਨਹੀਂ ਦਿੱਤਾ।

ਉਨ੍ਹਾਂ ਨੇ ਸਿਰਫ਼ ਇਹ ਕਿਹਾ, "ਅਫਗਾਨਿਸਤਾਨ ਦੀ ਧਰਤੀ ਨੂੰ ਪਾਕਿਸਤਾਨ ਵਿਰੁੱਧ ਅੱਤਵਾਦ ਲਈ ਵਰਤਿਆ ਜਾ ਰਿਹਾ ਹੈ। ਪਾਕਿਸਤਾਨ ਦੇ ਲੋਕਾਂ ਦੀ ਸੁਰੱਖਿਆ ਲਈ ਜ਼ਰੂਰੀ ਕਦਮ ਚੁੱਕੇ ਗਏ ਅਤੇ ਚੁੱਕੇ ਜਾਂਦੇ ਰਹਿਣਗੇ।"

ਇਸ ਤੋਂ ਪਹਿਲਾਂ ਕੀ ਹੋਇਆ ਸੀ?

ਅਫ਼ਗ਼ਾਨਿਸਤਾਨ ਅਤੇ ਪਾਕਿਸਤਾਨ ਵਿਚਕਾਰ ਚੱਲ ਰਹੇ ਇਸ ਤਣਾਅ ਨੂੰ ਲੈ ਕੇ ਸਾਊਦੀ ਅਰਬ ਅਤੇ ਕਤਰ ਨੇ ਚਿੰਤਾ ਜਤਾਈ ਹੈ ਅਤੇ ਦੋਵਾਂ ਦੇਸ਼ਾਂ ਨੂੰ ਸ਼ਾਂਤੀ ਦੀ ਅਪੀਲ ਕੀਤੀ ਹੈ।

ਸਾਊਦੀ ਅਰਬ ਅਤੇ ਕਤਰ ਵੱਲੋਂ ਜਾਰੀ ਵੱਖਰੇ-ਵੱਖਰੇ ਬਿਆਨ ਵਿੱਚ, ਦੋਵੇਂ ਧਿਰਾਂ ਨੂੰ ਸੰਜਮ ਵਰਤਣ, ਹੋਰ ਅੱਗੇ ਵਧਣ ਤੋਂ ਬਚਣ, ਤਣਾਅ ਘਟਾਉਣ ਅਤੇ ਖੇਤਰੀ ਸੁਰੱਖਿਆ ਅਤੇ ਸਥਿਰਤਾ ਬਣਾਈ ਰੱਖਣ ਲਈ ਗੱਲਬਾਤ ਅਤੇ ਕੂਟਨੀਤੀ ਨੂੰ ਤਰਜੀਹ ਦੇਣ ਲਈ ਕਿਹਾ ਹੈ।

ਜ਼ਿਕਰਯੋਗ ਹੈ ਕਿ ਪਿਛਲੇ ਮਹੀਨੇ ਹੀ ਪਾਕਿਸਤਾਨ ਅਤੇ ਸਾਊਦੀ ਅਰਬ ਨੇ ਰੱਖਿਆ ਮਾਮਲਿਆਂ ਅਤੇ ਸੁਰੱਖਿਆ ਵਿੱਚ ਸਹਿਯੋਗ ਸਬੰਧੀ ਇੱਕ ਸਮਝੌਤੇ 'ਤੇ ਦਸਤਖਤ ਕੀਤੇ ਹਨ, ਜਿਸ ਦੇ ਤਹਿਤ ਇਨ੍ਹਾਂ ਦੋਵਾਂ ਦੇਸ਼ਾਂ ਵਿੱਚੋਂ ਕਿਸੇ ਵੀ ਦੇਸ਼ ਵਿਰੁੱਧ ਬਾਹਰੀ ਹਮਲਾ ਦੋਵਾਂ ਦੇਸ਼ਾਂ ਵਿਰੁੱਧ ਹਮਲਾ ਮੰਨਿਆ ਜਾਵੇਗਾ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)